ਅਮ੍ਰਿਤ ਬੋਲ

ਵਿਸ਼ੇਸ਼


ਸਪਤਵਾਰ ਵਰਤ ਕਥਾ

ਐਤਵਾਰ ਵਰਤ ਕਥਾ
ਵਿਧੀ


ਸਭ ਇੱਛਾਵਾਂ ਦੀ ਪੂਰਤੀ, ਉਮਰ ਵਿਚ ਵਾਧਾ ਅਤੇ ਸਾਰੇ ਕਸ਼ਟ ਦੂਰ ਕਰਨ ਲਈ ਐਤਵਾਰ ਦਾ ਵਰਤ ਉੱਤਮ ਹੈ। ਜਿਸ ਵਿਚ ਭਗਵਾਨ ਸੂਰਜ ਦੀ ਪੂਜਾ ਕੀਤੀ ਜਾਂਦੀ ਹੈ। ਵਰਤ ਦਾ ਪ੍ਰਾਰੰਭ ਖਾਸ ਤੌਰ ਤੇ ਵੈਸਾਖ, ਮਾਘ ਅਤੇ ਮੱਘਰ ਮਹੀਨਿਆਂ ਦੇ ਸੁਦੀ ਪੱਖ ਤੋਂ ਕਰਨਾ ਚਾਹੀਦਾ ਹੈ। ਸਵੇਰੇ ਇਸ਼ਨਾਨ ਵਗੈਰਾ ਕਰਕੇ ਸ਼ੁੱਧ ਕੱਪਡ਼ੇ ਪਾ ਕੇ ਸੂਰਜ ਦੇਵ ਦਾ ਜਾਪ ਕਰੋ। ਸ਼ਾਂਤ ਅਤੇ ਪ੍ਰਸੰਨ ਚਿੱਤ ਹੋ ਕੇ ਵਰਤ ਕਰੋ। ਵਰਤ ਵਾਲੇ ਦਿਨ ਇਕੋ ਹੀ ਵੇਲੇ ਭੋਜਨ ਖਾਉ। ਭੋਜਨ ਅਤੇ ਫਲਾਹਾਰ ਸੂਰਜ ਛਿਪਣ ਤੋਂ ਪਹਿਲਾਂ ਹੀ ਕਰ ਲਵੋ। ਜੇ ਕਰ ਸੂਰਜ ਛਿਪ ਜਾਵੇ ਤਾਂ ਦੂਜੇ ਦਿਨ ਸੂਰਜ ਭਗਵਾਨ ਨੂੰ ਅਰਗ ਦੇ ਕੇ ਹੀ ਅੰਨ-ਜਲ ਗ੍ਰਹਿਣ ਕਰੋ। ਵਰਤ ਦੀ ਸਮਾਪਤੀ ਤੋਂ ਪਹਿਲਾਂ ਐਤਵਾਰ ਦੀ ਕਥਾ ਜਰੂਰ ਸੁਣੋ ਜਾਂ ਪਡ਼੍ਹੋ। ਵਰਤ ਵਾਲੇ ਦਿਨ ਨਮਕੀਨ ਅਤੇ ਤੇਲ ਵਾਲਾ ਭੋਜਨ ਭੁੱਲ ਕੇ ਵੀ ਨਾ ਖਾਉ। ਇਹ ਵਰਤ ਰੱਖਣ ਨਾਲ ਅੱਖਾਂ ਦਾ ਰੋਗ ਛੱਡ ਕੇ ਸਾਰੇ ਰੋਗ ਦੂਰ ਹੁੰਦੇ ਹਨ। ਰਾਜ ਸਭਾ ਵਿਚ ਸਨਮਾਨ ਵੱਧਦਾ ਹੈ ਅਤੇ ਦੁਸ਼ਮਨਾਂ ਦਾ ਨਾਸ਼ ਹੁੰਦਾ ਹੈ।

ਇਸ ਤਰ੍ਹਾਂ ਬਾਰਾਂ ਮਹੀਨੇ ਤੱਕ ਭਰਤੀ ਭਾਵ ਨਾਲ ਵਰਤ ਕਰਕੇ ਮੱਘਰ ਜਾਂ ਚੇਤ ਮਹੀਨੇ ਵਿਚ ਉਦਾਪਨ ਕਰੋ। ਬ੍ਰਾਹਮਣਾ ਨੂੰ ਭੋਜਨ ਆਦਿ ਕਰਾ ਕੇ ਸਮਾਪਤੀ ਕਰੋ। ਇਸ ਨਾਲ ਅਤਿ-ਉੱਤਮ ਫਲ ਦੀ ਪ੍ਰਾਪਤੀ ਹੋਵੇਗੀ।

।।ਇਤਿ ਐਤਵਾਰ ਵਰਤ ਵਿਧੀ ਸਮਾਪਤ।। 

ਕਥਾ

ਬਹੁਤ ਹੀ ਪੁਰਾਣੇ ਸਮੇ ਦੀ ਗੱਲ ਹੈ1 ਇਕ ਨਗਰ ਵਿਚ ਇਕ ਬੁੱਢੀ ਮਾਂ ਰਹਿਂਦੀ ਸੀ। ਉਸ ਦਾ ਨਿਯਮ ਸੀ ਕਿ ਹਰ ਐਤਵਾਰ ਨੂੰ ਸਵੇਰੇ ਬ੍ਰਹਮ ਮਹੂਰਤ ਵਿਚ ਉੱਠ ਕੇ ਇਸ਼ਨਾਨ ਆਦਿ ਕਰਕੇ ਘਰ ਨੂੰ ਗੋਹੇ ਨਾਲ ਲਿੱਪਿਆ ਕਰਦੀ ਸੀ, ਫੇਰ ਭੋਜਨ ਬਣਾ ਕੇ ਭਗਵਾਨ ਨੂੰ ਭੋਜਨ ਲਗਾ ਕੇ ਆਪ ਭੋਜਨ ਕਰਦੀ ਸੀ। ਇਸ ਤਰ੍ਹਾਂ ਕਰਨ ਨਾਲ ਉਸ ਦੇ ਘਰ ਵਿਚ ਧਨ-ਦੌਲਤ ਦੇ ਭੰਡਾਰ ਭਰਦੇ ਚਲੇ ਗਏ। ਉਸ ਘਰ ਵਿਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਜਾਂ ਦੁੱਖ ਨਹੀਂ ਸੀ ਆਉਂਦਾ ਸੀ। ਹਰ ਤਰ੍ਹਾਂ ਨਾਲ ਘਰ ਵਿਚ ਸ਼ਾਂਤੀ ਰਹਿੰਦੀ ਸੀ। ਇਸ ਤਰ੍ਹਾਂ ਕੁਝ ਸਮਾਂ ਬੀਤ ਜਾਣ ਤੇ ਇਕ ਦਿਨ ਇਸ ਦੀ ਗੁਆਂਢਣ, ਜਿਸ ਦੀ ਗਊ ਦਾ ਗੋਹਾ ਇਹ ਲੈ ਕੇ ਆਉਂਦੀ ਸੀ, ਵਿਚਾਰ ਕਰਨ ਲੱਗੀ ਕਿ ਇਹ ਬੁੱਢੀ ਹਮੇਸ਼ਾ ਮੇਰੀ ਗਾਂ ਦਾ ਗੋਹਾ ਚੁੱਕ ਕੇ ਲੈ ਜਾਂਦੀ ਹੈ, ਇਸ ਲਈ ਆਪਣੀ ਗਾਂ ਨੂੰ ਘਰ ਦੇ ਅੰਦਰ ਬੰਨ੍ਹਣ ਲੱਗ ਪਈ। ਗੋਹਾ ਨਾ ਮਿਲਣ ਤੇ ਉਹ ਬੁੱਢੀ ਮਾਂ ਐਤਵਾਰ ਦੇ ਦਿਨ ਆਪਣੇ ਘਰ ਨੂੰ ਨਾ ਲਿੱਪ ਸਕੀ। ਉਸਨੇ ਨਾ ਭੋਜਨ ਬਣਾਇਆ, ਨਾ ਭਗਵਾਨ ਨੂੰ ਭੋਗ ਲਗਾਇਆ ਅਤੇ ਨਾ ਹੀ ਆਪ ਭੋਜਨ ਕੀਤਾ। ਇਸ ਲਈ ਉਹ ਭੁੱਖੀ ਹੀ ਸੋਂ ਗਈ। ਰਾਤ ਨੂੰ ਭਗਵਾਨ ਨੇ ਉਸ ਨੂੰ ਸੁਪਨੇ ਵਿਚ ਭੋਜਨ ਨਾ ਬਨਾਉਣ ਅਤੇ ਭੋਗ ਨਾ ਲਗਾਉਣ ਦਾ ਕਾਰਨ ਪੁਛਿੱਆ, ਬੁੱਢੀ ਮਾਂ ਨੇ ਗੋਹਾ ਨਾ ਮਿਲਣ ਦਾ ਕਾਰਨ ਦੱਸਿਆ ਤਾਂ ਭਗਵਾਨ ਨੇ ਕਿਹਾ ਮਾਤਾ! ਤੂੰ ਸੱਚੇ ਮਨ ਅਤੇ ਨਿਸ਼ਕਾਮ ਭਾਵ ਨਾਲ ਮੇਰਾ ਵਰਤ ਰੱਖਦੀ ਹੈਂ, ਇਸ ਲਈ ਮੈਂ ਤੇਰੇ ਤੋਂ ਪ੍ਰਸੰਨ ਹਾਂ। ਮੈਂ ਤੈਨੂੰ ਇਕ ਇਸ ਤਰ੍ਹਾਂ ਦੀ ਗਾਂ ਦਿੰਦਾ ਹਾਂ ਜਿਹਡ਼ੀ ਤੇਰੀਆਂ ਸਾਰੀਆਂ ਕਾਮਨਾਵਾਂ ਦੀ ਪੂਰਤੀ ਕਰੇਗੀ, ਕਿਉਂਕਿ ਮੇਰਾ ਵਰਤ ਭਗਤਾਂ ਦੇ ਸਾਰੇ ਕਸ਼ਟ ਅਤੇ ਦੁੱਖਾਂ ਨੂੰ ਦੂਰ ਕਰਦਾ ਹੈ।” 

ਸਵਰੇ ਉੱਠਦੇ ਹੀ ਬੁੱਢੀ ਮਾਂ ਨੇ ਆਪਣੇ ਵਿਹਡ਼ੇ ਵਿਚ ਇਕ ਸੁੰਦਰ ਗਾਂ ਅਤੇ ਵੱਛਾ ਵੇਖਿਆ ਤਾਂ ਉਸ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਉਸ ਨੇ ਗਾਂ ਅਤੇ ਵੱਛੇ ਨੂੰ ਘਰ ਦੇ ਬਾਹਰ ਬੰਨ੍ਹ ਦਿੱਤਾ, ਅਤੇ ਉੱਥੇ ਹੀ ਚਾਰਾ ਆਦਿ ਪਾ ਦਿੱਤਾ। ਜਦੋਂ ਉਸ ਦੀ ਗੁਆਂਢਣ ਨੇ ਬੁੱਢੀ ਮਾਂ ਦੇ ਘਰ ਦੇ ਬਾਹਰ ਸੁੰਦਰ ਗਾਂ ਅਤੇ ਵੱਛੇ ਨੂੰ ਵੇਖਿਆ ਤਾਂ ਉਸ ਦਾ ਕਲੇਜਾ ਈਰਖਾ ਨਾਲ ਭਡ਼ਕ ਉੱਠਿਆ ਅਤੇ ਜਦੋਂ ਉਸ ਨੇ ਇਹ ਵੇਖਿਆ ਕਿ ਗਾਂ ਨੇ ਸੋਨੇ ਦਾ ਗੋਹਾ ਦਿੱਤਾ ਹੈ, ਉਹ ਗਾਂ ਦਾ ਗੋਹਾ ਚੁੱਕ ਕੇ ਲੈ ਗਈ ਅਤੇ ਆਪਣੀ ਗਾਂ ਦਾ ਗੋਹਾ ਉਸ ਥਾਂ ਤੇ ਰੱਖ ਗਈ। ਉਹ ਹਰ ਰੋਜ਼ ਇਸੇ ਤਰ੍ਹਾਂ ਕਰਦੀ ਰਹੀ ਅਤੇ ਬੁੱਢੀ ਮਾਂ ਨੂੰ ਇਸ ਦੀ ਖਬਰ ਨਾ ਹੋਣ ਦਿੱਤੀ। 

ਸੂਰਜ ਭਗਵਾਨ ਨੇ ਚਲਾਕ ਗੁਆਂਢਣ ਦੀ ਇਸ ਚਲਾਕੀ ਤੋਂ ਬੁੱਢੀ ਮਾਂ ਦੀ ਰੱਖਿਆ ਕਰਨ ਦਾ ਢੰਗ ਸੋਚਿਆ। ਸ਼ਾਮ ਦੇ ਸਮੇਂ ਉਸ ਦੇ ਆਪਣੀ ਮਾਇਆ ਨਾਲ ਬਡ਼ੀ ਜ਼ੋਰ ਦੀ ਹਨੇਰੀ ਚਲਾਈ। ਬੁੱਢੀ ਮਾਂ ਨੇ ਗਾਂ ਨੂੰ ਆਪਣੇ ਅੰਦਰ ਬੰਨ੍ਹ ਦਿੱਤਾ। ਸਵੇਰੇ ਉੱਠ ਕੇ ਜਦੋਂ ਬੁੱਢੀ ਨੇ ਵੇਖਿਆ ਕਿ ਗਾਂ ਨੇ ਸੋਨੇ ਦਾ ਗੋਹਾ ਦਿੱਤਾ ਹੈ ਤਾਂ ਉਸ ਦੇ ਆਨੰਦ ਅਤੇ ਹੈਰਾਨੀ ਦੀ ਹੱਦ ਨਾ ਰਹੀ। ਹੁਣ ਉਹ ਸ਼ਾਮ ਵੇਲੇ ਗਾਂ ਨੂੰ ਘਰ ਦੇ ਅੰਦਰ ਹੀ ਬੰਨ੍ਹਣ ਲੱਗੀ।

 ਜਦੋਂ ਗੁਆਂਢਣ ਨੇ ਵੇਖਿਆ ਕਿ ਗਾਂ ਘਰ ਦੇ ਅੰਦਰ ਬੰਨ੍ਹੀ ਜਾਣ ਲੱਗੀ ਹੈ ਅਤੇ ਸੋਨੇ ਦਾ ਗੋਹਾ ਚੁੱਕਣ ਦਾ ਕੋਈ ਰਸਤਾ ਨਾ ਵੇਖ ਕੇ ਈਰਖਾ ਵਜੋਂ ਉਸ ਨੇ ਦੇਸ਼ ਦੇ ਰਾਜੇ ਕੋਲ ਜਾ ਕੇ ਕਿਹਾ - ਮਹਾਰਾਜ! ਮੇਰੇ ਗਵਾਂਢ ਵਿਚ ਇਕ ਬੁੱਢੀ ਦੇ ਕੋਲ ਅਜਿਹੀ ਗਾਂ ਹੈ ਜਿਹਡ਼ੀ ਤੁਹਾਡੇ ਵਰਗੇ ਮਹਾਰਾਜਿਆਂ ਦੇ ਹੀ ਯੋਗ ਹੈ, ਕਿਉਂਕਿ ਉਹ ਹਰ ਰੋਜ਼ ਸੋਨੇ ਦਾ ਗੋਹਾ ਦਿੰਦੀ ਹੈ। ਤੁਸੀਂ ਉਸ ਸੋਨੇ ਦੇ ਨਾਲ ਆਪਣੀ ਰਿਆਇਆ ਦੀ ਪਾਲਣਾ ਕਰੋ। ਉਹ ਬੁੱਢੀ ਏਨੇ ਜ਼ਿਆਦਾ ਸੋਨੇ ਦਾ ਕੀ ਕਰੇਗੀ?”  

ਰਾਜੇ ਨੇ ਉਸੇ ਵੇਲੇ ਸਿਪਾਹੀਆਂ ਨੂੰ ਭੇਜ ਕੇ ਗਾਂ ਮੰਗਵਾ ਲਈ। ਬੁੱਢੀ ਦੇ ਰੋਣ ਧੋਣ ਦਾ ਰਾਜ-ਕਰਮਚਾਰੀਆਂ ਤੇ ਕੋਈ ਅਸਰ ਨਾ ਹੋਇਆ। ਉਹ ਸ਼ਨੀਵਾਰ ਦੀ ਸ਼ਾਮ ਸੀ। ਦੂਜੇ ਦਿਨ ਐਤਵਾਰ ਸੀ, ਬੁੱਢੀ ਮਾਂ ਨੇ ਗਾਂ ਦੇ ਵਿਛੋਡ਼ੇ ਅਤੇ ਗੋਹੇ ਦੇ ਨਾ ਹੋਣ ਕਾਰਨ ਉਸ ਦਿਨ ਘਰ ਨਾ ਲਿੱਪਿਆ ਅਤੇ ਨਾ ਭੋਜਨ ਬਣਾਇਆ ਅਤੇ ਨਾ ਹੀ ਭਗਵਾਨ ਨੂੰ ਭੋਗ ਲਗਾ ਸਕੀ। ਦਿਆਲੂ ਭਗਵਾਨ ਨੂੰ ਬੁੱਢੀ ਉੱਤੇ ਦਇਆ ਆ ਗਈ। ਉਸ ਰਾਤ ਪ੍ਰਭੂ ਨੇ ਰਾਜੇ ਨੂੰ ਰਾਜ ਮਹਿਲ ਨੂੰ ਇਸ ਤਰ੍ਹਾਂ ਗੋਹੇ ਨਾਲ ਭਰ ਦਿੱਤਾ ਕਿ ਰਾਜੇ ਦੇ ਨੱਕ ਵਿਚ ਦਮ ਕਰ ਦਿੱਤਾ ਅਤੇ ਰਾਤ ਨੂੰ ਸੁਪਨੇ ਵਿਚ ਰਾਜੇ ਨੂੰ ਆਦੇਸ਼ ਦਿੱਤਾ ਕਿ ਉਹ ਸਵੇਰ ਹੁੰਦੇ ਹੀ ਬੁੱਢੀ ਮਾਂ ਦੀ ਗਾਂ ਉਸ ਕੋਲ ਭਿਜਵਾ ਦੇਵੇ ਨਹੀਂ ਤਾਂ ਰਾਜੇ ਅਤੇ ਉਸ ਦੇ ਰਾਜ ਨੂੰ ਤਬਾਹ ਕਰ ਦਿੱਤਾ ਜਾਵੇਗਾ।

ਸਵੇਰ ਹੁੰਦੇ ਹੀ ਰਾਜੇ ਨੇ ਸਨਮਾਨ ਨਾਲ ਗਾਂ ਬੁੱਢੀ ਮਾਂ ਕੋਲ ਭੇਜ ਦਿੱਤੀ ਅਤੇ ਬੁੱਢੀ ਮਾਤਾ ਦਾ ਆਦਰ ਸਤਿਕਾਰ ਕੀਤਾ। ਗੁਆਂਢਣ ਨੂੰ ਸੱਦ ਕੇ ਉਸ ਨੂੰ ਉਚਿਤ ਸਜ਼ਾ ਦਿੱਤੀ ਅਤੇ ਉਸ ਨੇ ਆਪ ਇਸ ਨਿਯਮ ਪਾਲਣ ਦੀ ਪ੍ਰਤਿਗਿਆ ਕੀਤੀ। ਉਸ ਨੇ ਜਨਤਾ ਨੂੰ ਐਤਵਾਰ ਨੂੰ ਸੂਰਜ ਭਗਵਾਨ ਦਾ ਵਰਤ ਰੱਖਣ ਦਾ ਹੁਕਮ ਦਿੱਤਾ। ਵਰਤ ਦੇ ਫਲ-ਸਰੂਪ ਰਾਜੇ ਅਤੇ ਜਨਤਾ ਦੀਆਂ ਮਨੋਕਾਮਨਾਵਾਂ ਪੂਰੀਆਂ ਹੋ ਗਈਆਂ। ਰਾਜ ਦੀ ਜਨਤਾ ਅਤੇ ਰਾਜਾ ਅੰਨਦ ਨਾਲ ਭਗਵਾਨ ਦੀ ਕਿਰਪਾ ਦਾ ਬਖਾਨ ਕਰਦੇ ਹੋਏ ਲੰਬੇ ਸਮੇਂ ਤੱਕ ਸੁਖੀ ਅਤੇ ਸੰਤੁਸ਼ਟ ਰਹਿ ਕੇ ਸਵਰਗ-ਲੋਕ ਸਿਧਾਰ ਗਏ।

।।ਇਤਿ ਐਤਵਾਰ ਵਰਤ ਕਥਾ ਸਮਾਪਤ।। 

ਆਰਤੀ

ਕਹੂੰ ਲਗਿ ਆਰਤੀ ਦਾਸ ਕਰੇਂਗੇ, ਸਕਲ ਜਗਤ ਜਾਕੀ ਜੋਤ ਵਿਰਾਜੇ ।। ਟੇਕ ।।
ਸਾਤ ਸਮੁੰਦਰ ਜਾ ਕੇ ਚਰਣਨਿ ਬਸੇ, ਕਹਾ ਭਏ ਜਲ ਕੁੰਭ ਭਰੇ ਹੋ ਰਾਮ ।।
ਕੋਟਿ ਭਾਨੁ ਜਾਕੇ ਨਖ ਕੀ ਸ਼ੋਭਾ, ਕਹਾ ਭਯੋ ਮੰਦਰ ਦੀਪ ਧਰੇ ਹੋ ਰਾਮ ।।
ਭਾਰ ਅਠਾਰਹ ਰਾਮਾ ਬਲਿ ਜਾਕੇ, ਕਹਾ ਭਯੋ ਸ਼ਿਰ ਪੁਸ਼ਪ ਧਰੇ ਹੋ ਰਾਮ ।।
ਛੱਪਣ ਭੋਗ ਜਾਕੇ ਨਿਤ ਪ੍ਰਤਿ ਲਾਗੇ, ਕਹਾ ਭਯੋ ਨੈਵੇਧ ਧਰੇ ਹੋ ਰਾਮ ।।
ਅਮਿਤ ਕੋਟਿ ਜਾਕੇ ਬਾਜਾ ਬਾਜੇ, ਕਹਾ ਭਯੋ ਝਨਕਾਰ ਕਰੇ ਹੋ ਰਾਮ ।।
ਚਾਰ ਵੇਦ ਜਾਕੇ ਮੁਖ ਕੀ ਸ਼ੋਭਾ, ਕਹਾ ਭਯੋ ਬ੍ਰਹਮਾ ਵੇਦ ਪਡ਼੍ਹੇ ਹੋ ਰਾਮ ।।
ਸ਼ਿਵ ਸ਼ਨਕਾਦਿਕ ਆਦਿ ਬ੍ਰਹਮਾਦਿਕ, ਨਾਰਦ ਮੁਨਿ ਜਾਕੋ ਧਿਆਨ ਧਰੇ ਹੋ ਰਾਮ ।।
ਹਿਮ ਮੰਦਾਰ ਜਾਕੋ ਪਵਨ ਝਕੋਰੇਂ, ਕਹਾ ਭਯੋ ਸ਼ਿਰ ਚੰਵਰ ਢੁਰੇ ਹੋ ਰਾਮ ।।
ਲੱਖ ਚੌਰਾਸੀ ਬੰਧੇ ਛੁਡ਼ਾਏ, ਕੇਵਲ ਹਰਿ ਯਸ਼ ਨਾਮਦੇਵ ਗਾਏ ।।

।।ਇਤਿ ਐਤਵਾਰ ਵਰਤ ਆਰਤੀ ਸਮਾਪਤ।।

 

ਤੁਸੀਂ ਇਸ ਪੰਨੇ ਲਈ ਸੂਚਨਾ ਅਤੇ ਸਲਾਹ ਭੇਜ ਸਕਦੇ ਹੋ।

ਅਸੀਂ ਆਪ ਜੀ ਦੇ ਇਸ ਉਪਰਾਲੇ ਲਈ ਸਦਾ ਰਿਣੀ ਰਹਾਂਗੇ।

 

098766 86555 ਤੇ ਸੰਪਰਕ ਕਰੋ

ਜਾਂ

info.punjab@gmail.com ਤੇ ਈ ਮੇਲ ਕਰੋ

 

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
             
Challengers Software Technologies (Pioneers in publishing web-content in Hindi & Punjabi)
              SCO 64, First Floor, Sector 40-C, CHANDIGARH (UT) INDIA
              Phone: 91-172-2699064, 4633064, 091-98766 86555
              contact: info.punjab@gmail.com