ਅਮ੍ਰਿਤ ਬੋਲ

ਵਿਸ਼ੇਸ਼


ਸਪਤਵਾਰ ਵਰਤ ਕਥਾ

ਸੋਮਵਾਰ ਵਰਤ ਕਥਾ
ਵਿਧੀ


ਸੋਮਵਾਰ ਦੇ ਵਰਤ ਵਿਚ ਸ਼ਿਵ-ਪਾਰਬਤੀ ਦੀ ਪੂਜਾ ਕਰਨੀ ਚਾਹੀਦੀ ਹੈ। ਭੋਜਨ ਦਿਨ-ਰਾਤ ਵਿਚ ਇਕ ਸਮੇਂ ਹੀ ਕਰਨਾ ਚਾਹੀਦਾ ਹੈ। ਸੋਮਵਾਰ ਦੇ ਵਰਤ ਤਿੰਨ ਪ੍ਰਕਾਰ ਦੇ ਹੁੰਦੇ ਹਨ, ਸਧਾਰਨ ਹਰ ਸੋਮਵਾਰ, ਸੋਮ ਪ੍ਰਦੋਸ਼ ਅਤੇ ਸੋਲਹ ਸੋਮਵਾਰ। ਢੰਗ ਤਿੰਨਾਂ ਦਾ ਇਕੋ ਜਿਹਾ ਹੈ, ਸ਼ਿਵ ਪੂਜਨ ਤੋਂ ਬਾਅਦ ਕਥਾ ਸੁਣਨੀ ਜਾਂ ਕਰਨੀ ਚਾਹੀਦੀ ਹੈ, ਕਥਾਵਾਂ ਤਿੰਨਾ ਦੀਆਂ ਅਲੱਗ-ਅਲੱਗ ਹਨ।

ਅਥ ਸੋਲਹ ਸੋਮਵਾਰ ਵਰਤ ਕਥਾ

ਇਕ ਸਮੇਂ ਮਹਾਂਦੇਵ ਜੀ ਪਾਰਬਤੀ ਦੇ ਨਾਲ ਘੁੰਮਦੇ ਹੋਏ ਹੋਏ ਮ੍ਰਿਤੂ ਲੋਕ ਦੇ ਵਿਦਰਭ ਦੇਸ਼ ਅੰਦਰ ਅਮਰਾਵਤੀ ਨਗਰੀ ਵਿਚ ਆਏ। ਉਥੇ ਰਾਜਾ ਨੇ ਸੁੰਦਰ ਸ਼ਿਵ ਮੰਦਰ ਬਣਾਇਆ ਹੋਇਆ ਸੀ ਅਤੇ ਸ਼ੰਕਰ ਜੀ ਉਥੇ ਹੀ ਰਹਿਣ ਲੱਗੇ। ਇਕ ਦਿਨ ਪਾਰਬਤੀ ਜੀ ਸ਼ਿਵਜੀ ਨੂੰ ਕਹਿਣ ਲੱਗੇ ਨਾਥ! ਅੱਜ ਅਸੀ ਚੌਸਰ ਖੇਡੀਏ। ਖੇਡ ਸ਼ੁਰੂ ਹੋਇਆ। ਉਸੇ ਸਮੇਂ ਪੁਜਾਰੀ ਜੀ ਪੂਜਨ ਕਰਨ ਆਏ। ਪਾਰਬਤੀ ਨੇ ਪੁੱਛਿਆ ਪੁਜਾਰੀ ਜੀ! ਦੱਸੋ ਜਿੱਤ ਕਿਸ ਦੀ ਹੋਵੇਗੀ? ਉਹ ਬੋਲੇ ਸ਼ੰਕਰ ਜੀ ਦੀ, ਪਰ ਅੰਤ ਵਿਚ ਜਿੱਤ ਪਾਰਬਤੀ ਜੀ ਦੀ ਹੋਈ। ਪਾਰਬਤੀ ਜੀ ਨੇ ਝੂਠ ਬੋਲਣ ਕਾਰਨ ਪੁਜਾਰੀ ਨੂੰ ਕੋਡ਼੍ਹੀ ਹੋਣ ਦਾ ਸਰਾਪ ਦਿੱਤਾ, ਪੁਜਾਰੀ ਜੀ ਕੋਡ਼੍ਹੀ ਹੋ ਗਏ। ਕੁਝ ਸਮੇਂ ਬਾਅਦ ਅਪਸਰਾਵਾਂ ਪੂਜਨ ਦੇ ਲਈ ਆਈਆਂ, ਪੂਜਾਰੀ ਜੀ ਤੋਂ ਕੋਡ਼੍ਹੀ ਹੋਣ ਦਾ ਕਾਰਨ ਪੁੱਛਿਆ। ਪੁਜਾਰੀ ਜੀ ਨੇ ਸਭ ਗੱਲਾਂ ਦੱਸ ਦਿੱਤੀਆਂ। ਅਪਸਰਾਵਾਂ ਬੋਲੀਆਂ ਪੁਜਾਰੀ ਜੀ! ਤੁਸੀਂ ਸੋਲਹ ਸੋਮਵਾਰ ਦਾ ਵਰਤ ਕਰੋ। ਮਹਾਂਦੇਵ ਜੀ ਤੁਹਾਡਾ ਦੁੱਖ ਦੂਰ ਕਰਨਗੇ। ਪੁਜਾਰੀ ਜੀ ਨੇ ਵਰਤ ਦਾ ਢੰਗ ਪੁੱਛਿਆ। ਅਪਸਰਾ ਬੋਲੀ ਸੋਮਵਾਰ ਨੂੰ ਵਰਤ ਕਰੋ। ਅੱਧਾ ਕਿੱਲੋ ਕਣਕ ਦੇ ਆਟੇ ਦਾ ਚੂਰਮਾ ਬਣਾਓ ਅਤੇ ਉਸਦੇ ਤਿੰਨ ਭਾਗ ਕਰੋ ਅਤੇ ਘਿਓ, ਗੁਡ਼, ਦੀਪ ਨੇਵੈਦ, ਬੇਲ ਪੱਤਰ ਆਦਿ ਪੂਜਨ ਸਮੱਗਰੀ ਲੈ ਕੇ ਪ੍ਰਦੋਸ਼ ਕਾਲ ਵਿਚ ਪੂਜਨ ਕਰੋ। ਬਾਅਦ ਵਿਚ ਇਕ ਭਾਗ ਅਰਪਣ ਕਰੋ, ਬਾਕੀ ਦੋ ਭਾਗਾਂ ਨੂੰ ਪ੍ਰਸ਼ਾਦ ਸਮਝ ਕੇ ਵੰਡ ਦੇਵੋ ਅਤੇ ਆਪ ਪ੍ਰਸ਼ਾਦ ਲਵੋ। ਇਸ ਢੰਗ ਨਾਲ ਸੋਲਹ ਸੋਮਵਾਰ ਕਰਕੇ ਸਤਾਰ੍ਹਵੇਂ ਸੋਮਵਾਰ ਨੂੰ ਪੰਜ ਕਿਲੋ ਕਣਕ ਦੇ ਆਟੇ ਦਾ ਚੂਰਮਾ ਬਣਾ ਕੇ ਭੋਗ ਲਗਾ ਕੇ ਵੰਡ ਦਿਓ। ਇਸ ਤਰ੍ਹਾਂ ਕਰਨ ਨਾਲ ਸ਼ਿਵਜੀ ਤੁਹਾਡੀ ਮਨੋਕਾਮਨਾ ਪੂਰੀ ਕਰਨਗੇ। ਇਹ ਕਹਿ ਕੇ ਅਪਸਰਾਵਾਂ ਚਲੀਆਂ ਗਈਆਂ। ਪੁਜਾਰੀ ਜੀ ਦੱਸੇ ਹੋਏ ਢੰਗ ਨਾਲ ਵਰਤ ਰੱਖਕੇ ਰੋਗ ਮੁਕਤ ਹੋ ਗਏ ਅਤੇ ਅਨੰਦ ਨਾਲ ਰਹਿਣ ਲੱਗੇ।

ਕੁਝ ਦਿਨਾਂ ਬਾਅਦ ਸ਼ੰਕਰ ਜੀ ਅਤੇ ਪਾਰਬਤੀ ਜੀ ਦੁਬਾਰਾ ਉਥੇ ਆਏ। ਪੁਜਾਰੀ ਜੀ ਨੂੰ ਅਰੋਗ ਦੇਖ ਕੇ ਪਾਰਬਤੀ ਜੀ ਨੇ ਰੋਗ ਮੁਕਤੀ ਦਾ ਕਾਰਨ ਪੁੱਛਿਆ, ਤਾਂ ਪੁਜਾਰੀ ਨੇ ਸੋਲਹ ਸੋਮਵਾਰ ਦੀ ਕਥਾ ਦੱਸੀ। ਪੁਜਾਰੀ ਦੇ ਕਹਿਣ ਅਨੁਸਾਰ ਪਾਰਬਤੀ ਨੇ ਵਰਤ ਕੀਤਾ, ਫਲਸਰੂਪ ਅਪ੍ਰਸੰਨ ਕਾਰਤੀਕੇ ਜੀ ਮਾਤਾ ਦੇ ਆਗਿਆਕਾਰੀ ਹੋਏ। ਕਾਰਤੀਕੇ ਜੀ ਨੇ ਵੀ ਪਾਰਬਤੀ ਨੂੰ ਪੁੱਛਿਆ ਕਿ ਕੀ ਕਾਰਣ ਹੈ ਕਿ ਮੇਰਾ ਮਨ ਤੁਹਾਡੇ ਚਰਨਾਂ ਵਿਚ ਲੱਗਿਆ। ਪਾਰਬਤੀ ਜੀ ਨੇ ਉਹੀ ਵਰਤ ਦੱਸਿਆ। ਕਾਰਤੀਕੇ ਜੀ ਨੇ ਵੀ ਉਹੀ ਵਰਤ ਕੀਤਾ। ਫਲਸਰੂਪ ਵਿਛਡ਼ਿਆ ਹੋਇਆ ਮਿੱਤਰ ਮਿਲਿਆ। ਉਸ ਨੇ ਵੀ ਕਾਰਣ ਪੁੱਛਿਆ, ਦੱਸਣ ਤੇ ਵਿਆਹ ਦੀ ਇਛਿੱਆ ਕਰਕੇ ਉਸੇ ਢੰਗ ਨਾਲ ਵਰਤ ਕੀਤਾ। ਇਸ ਦੇ ਫਲਸਰੂਪ ਉਹ ਵਿਦੇਸ਼ ਗਿਆ, ਉਥੋਂ ਦੇ ਰਾਜਾ ਦੀ ਲਡ਼ਕੀ ਦਾ ਵਿਆਹ ਸੀ। ਰਾਜੇ ਦੀ ਸ਼ਰਤ ਸੀ ਕਿ ਇਹ ਸ਼ਿੰਗਾਰੀ ਹੋਈ ਹਥਨੀ ਜਿਸਦੇ ਗਲੇ ਵਿਚ ਮਾਲਾ ਪਾਵੇਗੀ ਉਸਦੇ ਨਾਲ ਮੇਰੀ ਪੁੱਤਰੀ ਦਾ ਵਿਆਹ ਹੋਵੇਗਾ। ਉਹ ਬ੍ਰਾਹਮਣ ਵੀ ਵਿਆਹ ਵੇਖਣ ਚਲਾ ਗਿਆ। ਹਥਨੀ ਨੇ ਮਾਲਾ ਬ੍ਰਾਹਮਣ ਦੇ ਗਲ ਵਿਚ ਪਾ ਦਿੱਤੀ। ਧੂਮ-ਧਾਮ ਨਾਲ ਵਿਆਹ ਹੋਇਆ ਅਤੇ ਦੋਨੋ ਸੁਖ ਨਾਲ ਰਹਿਣ ਲੱਗੇ।

ਇਕ ਦਿਨ ਰਾਜ ਕੰਨਿਆ ਨੇ ਪੁੱਛਿਆ ਸਵਾਮੀ, ਤੁਸੀਂ ਕਿਹਡ਼ਾ ਪੁੰਨ ਕੀਤਾ ਜਿਹਡ਼ਾ ਕਿ ਰਾਜਕੁਮਾਰਾਂ ਨੂੰ ਛੱਡ ਕੇ ਹਥਨੀ ਨੇ ਤੁਹਾਨੂੰ ਚੁਣਿਆ। ਬ੍ਰਾਹਮਣ ਨੇ ਸੋਮਵਾਰ ਦੇ ਵਰਤ ਦਾ ਢੰਗ ਦੱਸਿਆ। ਰਾਜ ਕੰਨਿਆ ਨੇ ਪੁੱਤਰ ਪ੍ਰਾਪਤੀ ਲਈ ਵਰਤ ਕੀਤੇ ਅਤੇ ਗੁਣਵਾਨ ਪੁੱਤਰ ਪ੍ਰਾਪਤ ਹੋਇਆ। ਵੱਡੇ ਹੋਣ ਤੇ ਪੁੱਤਰ ਨੇ ਪੁੱਛਿਆ ਮਾਤਾ ਜੀ, ਕਿਸ ਪੁੰਨ ਨਾਲ ਮੇਰੀ ਪ੍ਰਾਪਤੀ ਆਪ ਜੀ ਨੂੰ ਹੋਈ ਤਾਂ ਮਾਤਾ ਨੇ ਵਿਧੀ ਅਨੁਸਾਰ ਵਰਤ ਦੱਸਿਆ। ਪੱਤਰ ਰਾਜ ਪ੍ਰਾਪਤ ਕਰਨ ਦੀ ਇੱਛਿਆ ਨਾਲ ਵਰਤ ਕਰਨ ਲੱਗਿਆ। ਉਸ ਸਮੇਂ ਕਿਸੇ ਦੇਸ਼ ਦੇ ਰਾਜੇ ਦੇ ਦੂਤਾਂ ਨੇ ਆਕੇ ਉਸ ਨੂੰ ਰਾਜ ਕੰਨਿਆ ਦੇ ਵਰ ਲਈ ਚੁਣਿਆ ਅਤੇ ਉਨ੍ਹਾਂ ਦਾ ਵਿਆਹ ਹੋ ਗਿਆ। ਰਾਜਾ ਦੇ ਸਵਰਗਵਾਸ ਹੋਣ ਤੋਂ ਬਾਅਦ ਬ੍ਰਾਹਮਣ ਬਾਲਕ ਨੂੰ ਗੱਦੀ ਮਿਲੀ ਤਾਂ ਵੀ ਉਹ ਇਸ ਵਰਤ ਨੂੰ ਕਰਦਾ ਰਿਹਾ।

ਜਦੋਂ ਸਤਾਰ੍ਹਵਾਂ ਵਰਤ ਆਇਆ ਤਾਂ ਉਸ ਨੇ ਆਪਣੀ ਪਤਨੀ ਨੂੰ ਪੂਜਨ-ਸਾਮਗ੍ਰੀ ਸ਼ਿਵਾਲਿਆ ਵਿਚ ਲੈ ਕੇ ਜਾਣ ਲਈ ਕਿਹਾ ਪਰ ਉਸ ਨੇ ਦਾਸੀਆਂ ਰਾਹੀਂ ਭਿਜਵਾ ਦਿੱਤੀ। ਜਦੋਂ ਰਾਜੇ ਨੇ ਪੂਜਾ ਸਮਾਪਤ ਕੀਤੀ ਤਾਂ ਆਕਾਸ਼ਵਾਨੀ ਹੋਈ ਕਿ ਹੇ ਰਾਜਨ, ਇਸ ਰਾਣੀ ਨੂੰ ਘਰੋਂ ਕੱਢ ਦੇ ਨਹੀਂ ਤਾਂ ਇਸ ਤੇਰਾ ਸੱਤਿਆਨਾਸ਼ ਕਰ ਦੇਵੇਗੀ। ਪ੍ਰਮਾਤਮਾ ਦਾ ਹੁਕਮ ਮੰਨ ਕੇ ਉਸਨੇ ਰਾਣੀ ਨੂੰ ਘਰੋਂ ਬਾਹਰ ਕੱਢ ਦਿੱਤਾ। ਰਾਣੀ ਕਿਸਮਤ ਨੂੰ ਕੋਸਦੀ ਰਹਿ ਗਈ ਅਤੇ ਇਕ ਸ਼ਹਿਰ ਵਿਚ ਇਕ ਬੁਢੀ ਔਰਤ ਦੇ ਕੋਲ ਚਲੀ ਗਈ। ਦੁਖੀ ਦੇਖ ਕੇ ਬੁੱਢੀ ਨੇ ਇਸ ਦੇ ਸਿਰ ਤੇ ਸੂਤ ਦੀ ਪੰਡ ਰੱਖ ਕੇ ਬਾਜ਼ਾਰ ਭੇਜ ਦਿੱਤਾ, ਰਸਤੇ ਵਿਚ ਹਨੇਰੀ ਆ ਗਈ ਅਤੇ ਪੰਡ ਉੱਡ ਗਈ। ਬੁੱਢੀ ਨੇ ਉਸ ਨੂੰ ਫਿਟਕਾਰ ਕੇ ਘਰੋਂ ਕੱਢ ਦਿੱਤਾ। ਫਿਰ ਉਹ ਇਕ ਤੇਲੀ ਦੇ ਘਰ ਗਈ ਤਾਂ ਉਸਦੇ ਸਾਰੇ ਮਟਕੇ ਸ਼ਿਵਜੀ ਦੇ ਪ੍ਰਕੋਪ ਕਾਰਣ ਚਟਕ ਗਏ ਅਤੇ ਤੇਲੀ ਨੇ ਵੀ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਉਹ ਪਾਣੀ ਪੀਣ ਲਈ ਨਦੀ ਤੇ ਗਈ ਤਾਂ ਨਦੀ ਸੁੱਕ ਗਈ, ਸਰੋਵਰ ਤੇ ਪੁੱਜੀ ਤਾਂ ਪਾਣੀ ਨੂੰ ਹੱਥ ਲਾਉਂਦਿਆਂ ਹੀ ਪਾਣੀ ਵਿਚ ਕੀਡ਼ੇ ਪੈ ਗਏ। ਉਸੇ ਪਾਣੀ ਨੂੰ ਹੀ ਪੀ ਕੇ ਆਰਾਮ ਕਰਨ ਲਈ ਉਹ ਜਿਸ ਦਰਖਤ ਦੇ ਵੀ ਹੇਠਾਂ ਜਾਂਦੀ ਉਹ ਵੀ ਸੁੱਕ ਜਾਂਦਾ। ਜੰਗਲ ਅਤੇ ਸਰੋਵਰ ਦੀ ਇਹ ਹਾਲਤ ਵੇਖ ਕੇ ਗਵਾਲੇ ਇਸ ਨੂੰ ਫਡ਼ ਕੇ ਮੰਦਰ ਦੇ ਗੋਸਾਂਈ ਜੀ ਕੋਲ ਲੈ ਗਏ। ਇਸ ਨੂੰ ਵੇਖ ਕੇ ਗੋਸਾਂਈ ਜੀ ਸਮਝ ਗਏ ਕਿ ਇਹ ਕਲੀਨ ਅਬਲਾ ਮੁਸੀਬਤ ਦੀ ਮਾਰੀ ਹੋਈ ਹੈ। ਗੋਸਾਂਈ ਜੀ ਨੇ ਕਿਹਾ ਪੁੱਤਰੀ, ਤੂੰ ਮੇਰੇ ਕੋਲ ਰਹਿ ਅਤੇ ਕਿਸੇ ਗੱਲ ਦੀ ਚਿੰਤਾ ਨਾ ਕਰ। ਰਾਣੀ ਆਸ਼ਰਮ ਵਿਚ ਰਹਿਣ ਲੱਗੀ, ਪਰੰਤੂ ਜਿਸ ਵਸਤੂ ਨੂੰ ਉਸ ਦਾ ਹੱਥ ਲੱਗੇ ਉਹੀ ਨਸ਼ਟ ਹੋ ਜਾਵੇ। ਦੁਖੀ ਹੋ ਕੇ ਗੋਸਾਂਈ ਜੀ ਨੇ ਪੁੱਛਿਆ ਪੁੱਤਰੀ ਕਿਸ ਦੇਵ ਦੇ ਅਪਰਾਧ ਨਾਲ ਤੇਰੀ ਇਹ ਹਾਲਤ ਹੋਈ, ਤਾਂ ਰਾਣੀ ਨੇ ਦੱਸਿਆ ਕਿ ਮੈਂ ਪਤੀ ਦੀ ਆਗਿਆ ਦਾ ਉਲੰਘਣ ਕਰਕੇ ਮਹਾਂਦੇਵ ਜੀ ਦੇ ਪੂਜਨ ਨੂੰ ਨਹੀਂ ਗਈ। ਗੋਸਾਂਈ ਜੀ ਸ਼ਿਵ ਜੀ ਅੱਗੇ ਪ੍ਰਾਰਥਨਾ ਕਰਦੇ ਹੋਏ ਕਹਿਣ ਲੱਗੇ ਪੁੱਤਰੀ ਤੂੰ ਸੋਲਹ ਸੋਮਵਾਰ ਦਾ ਵਰਤ ਕਰ, ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ। ਰਾਣੀ ਨੇ ਵਿਧੀ ਅਨੁਸਾਰ ਵਰਤ ਪੂਰੇ ਕੀਤੇ। ਵਰਤ ਦੇ ਪ੍ਰਭਾਵ ਨਾਲ ਰਾਜੇ ਨੂੰ ਰਾਣੀ ਦੀ ਯਾਦ ਆਈ ਅਤੇ ਦੂਤਾਂ ਨੂੰ ਉਸ ਦੀ ਖੋਜ ਲਈ ਭੇਜਿਆ। ਆਸ਼ਰਮ ਵਿਚ ਰਾਣੀ ਨੂੰ ਦੇਖ ਕੇ ਦੂਤਾਂ ਨੇ ਜਾ ਕੇ ਰਾਜੇ ਨੂੰ ਰਾਣੀ ਬਾਰੇ ਦੱਸਿਆ। ਰਾਜੇ ਨੇ ਆਕੇ ਗੋਸਾਂਈ ਜੀ ਨੂੰ ਕਿਹਾ ਮਹਾਰਾਜ ਇਹ ਮੇਰੀ ਪਤਨੀ ਹੈ। ਸ਼ਿਵਜੀ ਦੇ ਰੁਸ਼ਟ ਹੋਣ ਤੇ ਮੈਂ ਇਸ ਨੂੰ ਤਿਆਗ ਦਿੱਤਾ ਸੀ, ਹੁਣ ਸ਼ਿਵ ਜੀ ਦੀ ਕਿਰਪਾ ਨਾਲ ਮੈਂ ਇਸ ਨੂੰ ਲੈਣ ਆਇਆ ਹਾਂ। ਕਿਰਪਾ ਕਰਕੇ ਇਸਨੂੰ ਜਾਣ ਦੀ ਆਗਿਆ ਦਿਓ। ਗੋਸਾਂਈ ਜੀ ਨੇ ਆਗਿਆ ਦੇ ਦਿੱਤੀ। ਰਾਜਾ ਰਾਣੀ ਨਗਰ ਵਿਚ ਆ ਗਏ। ਨਗਰ ਵਾਸੀਆਂ ਨੇ ਨਗਰ ਸਜਾਇਆ, ਵਾਜੇ ਵੱਜਣ ਲੱਗੇ, ਮੰਗਲਾਚਾਰ ਹੋਇਆ। ਸ਼ਿਵ ਜੀ ਦੀ ਕਿਰਪਾ ਨਾਲ ਹਰ ਸਾਲ ਸੋਲਹ ਸੋਮਵਾਰ ਵਰਤ ਕਰਕੇ ਰਾਜਾ ਰਾਣੀ ਆਨੰਦ ਨਾਲ ਰਹਿਣ ਲੱਗੇ। ਅੰਤ ਵਿਚ ਸ਼ਿਵ ਲੋਕ ਨੂੰ ਪ੍ਰਾਪਤ ਹੋਏ। ਇਸ ਪ੍ਰਕਾਰ ਜੋ ਮਨੁੱਖ ਭਗਤੀ ਸਹਿਤ ਅਤੇ ਵਿਧੀ ਪੂਰਵਕ ਸੋਲਹ ਸੋਮਵਾਰ ਦਾ ਵਰਤ ਕਰਦਾ ਹੈ ਅਤੇ ਕਥਾ ਸੁਣਦਾ ਹੈ, ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰਨ ਹੁੰਦੀਆਂ ਹਨ ਅਤੇ ਅੰਤ ਵਿਚ ਸ਼ਿਵਲੋਕ ਨੂੰ ਪ੍ਰਾਪਤ ਹੁੰਦਾ ਹੈ।

।।ਇਤਿ ਮੋਸਵਾਰ ਵਰਤ ਕਥਾ ਸਮਾਪਤ।।

ਆਰਤੀ

ਆਰਤੀ ਕਰਤ ਜਨਕ ਕਰ ਜੋਰੇ। ਬਡ਼ੇ ਭਾਗਯ ਰਾਮ ਜੀ ਘਰ ਆਏ ਮੋਰੇ।। ਟੇਕ।।
ਜੀਤ ਕਰਤ ਸਵੰਬਰ ਧਨੁਖ ਚਡ਼ਾਏ। ਸਭ ਭੂਪਨ ਕੇ ਗਰਵ ਮਿਟਾਏ।। ਆਰਤੀ ਕਰਤ ।।
ਤੋਰਿ ਪਿਨਾਕ ਕਿਏ ਦੂਈ ਖੰਡਾ। ਰਘੂਕੁਲ ਹਰਸ਼ ਰਾਵਣ ਭਯ ਸ਼ੰਕਾ।। ਆਰਤੀ ਕਰਤ ।।
ਆਈ ਹੈ ਲੀਏ ਸੰਗ ਸਹੇਲੀ। ਹਰਸ਼ਿ ਨਿਰਖ ਵਰਮਾਲਾ ਮੇਲੀ।। ਆਰਤੀ ਕਰਤ ।।
ਗਜ ਮੋਤਿਨ ਕੇ ਚੌਕ ਪੁਰਾਏ। ਕਨਕ ਕਲਸ਼ ਭਰ ਮੰਗਲ ਗਾਏ।। ਆਰਤੀ ਕਰਤ ।।
ਕੰਚਨ ਥਾਰ ਕਪੂਰ ਕੀ ਬਾਤੀ। ਸੁਰ ਨਰ ਮੁਨਿ ਜਨ ਆਏ ਬਰਾਤੀ।। ਆਰਤੀ ਕਰਤ ।।
ਫਿਰਤ ਭਾਂਵਰੀ ਬਾਜਾ ਬਾਜੇ। ਸਿਆ ਸਹਿਤ ਰਘੂਵੀਰ ਬਿਰਾਜੇ।। ਆਰਤੀ ਕਰਤ ।।
ਧਨਿ ਧਨਿ ਰਾਮ ਲਖਣ ਦੋਓ ਭਾਈ। ਧਨਿ ਧਨਿ ਦਸ਼ਰਥ ਕੋਸ਼ਲਿਆ ਮਾਈ।। ਆਰਤੀ ਕਰਤ ।।
ਰਾਜਾ ਦਸ਼ਰਥ ਜਨਕ ਵਿਦੇਹੀ। ਭਰਤ ਸ਼ਤਰੂਘਨ ਪਰਮ ਸਨੇਹੀ।। ਆਰਤੀ ਕਰਤ ।।
ਮਿਥਿਲਾਪੁਰ ਮੇਂ ਬਜਤ ਵਧਾਈ। ਦਾਸ ਮੁਰਾਰੀ ਸਵਾਮੀ ਆਰਤੀ ਗਾਈ।। ਆਰਤੀ ਕਰਤ ।।

ਆਰਤੀ

ਜੈ ਸ਼ਿਵ ਉਂਕਾਰਾ ਪ੍ਰਭੂ ਹਰ ਸ਼ਿਵ ਉਂਕਾਰਾ। ਬ੍ਰਹਮਾ ਵਿਸ਼ਨੂੰ ਸਦਾ ਸ਼ਿਵ ਅਰਧਾਂਗੀ ਧਾਰਾ।। ਟੇਕ ।।
ਇਕਾਨਨ ਚਤੁਰਾਨਨ ਪੰਚਾਨਨ ਰਾਜੇ। ਹੰਸਾਨਨ ਗਰੁਡ਼ਾਸਨ ਬ੍ਰਸ਼ਵਾਹਨ ਸਾਜੇ।। ਜੈ ।।
ਦੋ ਭੁਜ ਚਾਰ ਚਤੁਰਭੁਜ ਦਸ ਭੁਜ ਤੇ ਸੋਹੇ। ਤੀਨੋਂ ਰੂਪ ਨਿਰਖਤਾ ਤ੍ਰਿਭੁਵਨ ਜਨ ਮੋਹੇ।। ਜੈ ।।
ਅਕਸ਼ਮਾਲਾ ਵਨਮਾਲਾ ਮੁੰਡਮਾਲਾ ਧਾਰੀ। ਤ੍ਰਿਪੁਰਾਰੀ ਕੰਸਾਰੀ ਵਰਮਾਲਾ ਧਾਰੀ।। ਜੈ ।।
ਸ਼ਵੇਤਾਂਬਰ ਪੀਤਾਂਬਰ ਬਾਘੰਬਰ ਅੰਗੇ। ਸਨਕਾਦਿਕ ਬ੍ਰਹਮਾਦਿਕ ਭੂਤਾਦਿਕ ਸੰਗੇ।। ਜੈ ।।
ਕਰਕੇ ਮਧਯ ਕਮੰਡਲ ਚਕ੍ਰ ਤ੍ਰਿਸ਼ੂਲ ਧਰਤਾ। ਸੁਖਕਰਤਾ ਦੁਖਹਰਤਾ ਜਗਪਾਲਨ ਕਰਤਾ।। ਜੈ ।।
ਬ੍ਰਹਮਾ ਵਿਸ਼ਨੂੰ ਸਦਾਸ਼ਿਵ ਜਾਨਤ ਅਵਿਵੇਕਾ। ਪ੍ਰਣਾਵਾਕਸ਼ਰ ਕੇ ਮਧਯ ਯੇ ਤੀਨੋ ਏਕਾ।। ਜੈ ।।
ਤ੍ਰਿਗੁਣ ਸ਼ਿਵ ਕੀ ਆਰਤੀ ਜੋ ਕੋਈ ਜਨ ਗਾਵੇ। ਕਹਤ ਸ਼ਿਵਾਨੰਦ ਸਵਾਮੀ ਸੁਖ ਸੰਪਤੀ ਪਾਵੇ।। ਜੈ ।।

।।ਇਤਿ ਸੋਮਵਾਰ ਵਰਤ ਆਰਤੀ ਸਮਾਪਤ।।

 

ਤੁਸੀਂ ਇਸ ਪੰਨੇ ਲਈ ਸੂਚਨਾ ਅਤੇ ਸਲਾਹ ਭੇਜ ਸਕਦੇ ਹੋ।

ਅਸੀਂ ਆਪ ਜੀ ਦੇ ਇਸ ਉਪਰਾਲੇ ਲਈ ਸਦਾ ਰਿਣੀ ਰਹਾਂਗੇ।

 

098766 86555 ਤੇ ਸੰਪਰਕ ਕਰੋ

ਜਾਂ

info.punjab@gmail.com ਤੇ ਈ ਮੇਲ ਕਰੋ

 

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
             
Challengers Software Technologies (Pioneers in publishing web-content in Hindi & Punjabi)
              SCO 64, First Floor, Sector 40-C, CHANDIGARH (UT) INDIA
              Phone: 91-172-2699064, 4633064, 091-98766 86555
              contact: info.punjab@gmail.com