ਸਰਬਜੀਤ ਚੀਮਾ ਦੀ
‘ਨੱਚੋ
ਨੱਚੋ’
....................................................................................................................
ਸਵਰਨ ਸਿੰਘ ਟਹਿਣਾ
‘ਸੋਨੇ ਦੀ ਚਿਡ਼ੀ’ ਤੋਂ ਬਾਅਦ ਹੁਣ ਜਦ ਤੋਂ ਸਰਬਜੀਤ ਚੀਮਾ ਦੀ ਨਵੀਂ ਕੈਸੇਟ ‘ਨੱਚੋ ਨੱਚੋ’ ਦੀ ਚੈਨਲਾਂ ਤੇ ਐਡ ਸ਼ੁਰੂ ਹੋਈ ਹੈ, ਉਸ ਦੇ ਗੀਤ ਦੇ ਬੋਲ ਅਤੇ ਚਮਤਕਾਰੀ ਫਿਲਮਾਂਕਣ ਮੁਡ਼ ਤੋਂ ਚਰਚਾ ’ਚ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਚਾਲੂ ਸੀਜ਼ਨ ਵਿੱਚ ‘ਨੱਚੋ ਨੱਚੋ’ ਰਾਹੀਂ ਚੀਮਾ ਨੇ ਸੰਗੀਤ ਪ੍ਰੇਮੀਆਂ ਨੂੰ ਨਚਾਉਣ ਦਾ ਸਫਲ ਯਤਨ ਕੀਤਾ ਹੈ। ਚੈਨਲਾਂ ਤੇ ਦਿਸਣ ਵਾਲਾ ਗੀਤ ਵਿਆਹਾਂ-ਸ਼ਾਦੀਆਂ ਦੇ ਮਸਤ ਮਾਹੌਲ ਮੌਕੇ ਹੋਰ ਮਸਤੀ ਚਾਡ਼੍ਹਣ ਵਾਲਾ ਹੈ। ਗੀਤ ਦੇ ਬੋਲ ਹਨ.......
ਪਿਆਰ ਤੇਰੇ ਵਿੱਚ ਪਾਗਲ ਹੋਇਆ
ਕਰਦਾ ਉਲਟੇ ਕਾਰੇ।
ਨੀਂ ਗੱਬਰੂ ਨੂੰ ਝਿਡ਼ਕੀਂ ਨਾ,
ਨਾ ਝਿਡ਼ਕੀਂ ਮੁਟਿਆਰੇ।
‘ਨੱਚੋ ਨੱਚੋ’ ਦੇ ਛੇ ਗੀਤ ਸਰਬਜੀਤ ਚੀਮਾ ਨੇ ਖੁਦ ਲਿਖੇ ਹਨ, ਜਦ ਕਿ ਇੱਕ ਗੀਤ ਜਸਬੀਰ ਗੁਣਾਚੌਰੀਆ ਦੀ ਕਲਮ ਦੀ ਦੇਣ ਹੈ ਅਤੇ ਇੱਕ ’ਤੇ ਸੋਖੀ ਸੁਨੰਡ਼ਾਂ ਵਾਲਾ ਨੇ ਕਲਮ ਅਜ਼ਮਾਈ ਕੀਤੀ ਹੈ। ਕੈਸੇਟ ਦਾ ਸੰਗੀਤ ਚੀਮਾ ਦੇ ਮੁੱਢ ਤੋਂ ਖਾਸਮ-ਖਾਸ ਚੱਲੇ ਆਉਂਦੇ ਸੁਖਪਾਲ ਸੁੱਖ ਨੇ ਬਡ਼ੀ ਮਿਹਨਤ ਨਾਲ ਤਿਆਰ ਕੀਤਾ ਹੈ। ਟੀ. ਸੀਰੀਜ਼ ਨੇ ‘ਨੱਚੋ ਨੱਚੋ’ ਨੂੰ ਜਿੰਨੇ ਵੱਡੇ ਪੱਧਰ ’ਤੇ ਚੈਨਲ ਪਬਲੀਸਿਟੀ ਨਾਲ ਰਿਲੀਜ਼ ਕੀਤਾ ਹੈ, ਸੁਮੀਤ ਦੱਤ ਨੇ ਓਨੇ ਹੀ ਵੱਡੇ ਬਜਟ ਨਾਲ ‘ਨਾ ਝਿਡ਼ਕੀਂ ਮੁਟਿਆਰੇ’ ਵਾਲਾ ਵੀਡੀਓ ਤਿਆਰ ਕੀਤਾ ਹੈ। ‘ਨੱਚੋ ਨੱਚੋ ਰੁੱਤ ਨੱਚਣੇ ਦੀ ਆਈ ਐ’ ਵੀ ਕਮਾਲ ਦੀਆਂ ਲੋਕੇਸ਼ਨਾ ਤੇ ਫਿਲਮਾਇਆ ਗਿਆ ਹੈ।
‘ਨੱਚੋ ਨੱਚੋ’ ਵਿੱਚ ਵੀ ਸਰਬਜੀਤ ਚੀਮਾ ਨੇ ਸਿਰਫ਼ ਵਪਾਰਕ ਪੱਖ ਨੂੰ ਧਿਆਨ ਗੋਚਰੇ ਨਹੀ ਰੱਖਿਆ, ਸਗੋਂ ਇਸ ਵਿੱਚ ਇੱਕ ਗੀਤ ‘ਕੁਦਰਤ ਤੋਂ ਡਰ ਬੰਦਿਆ’ ਕੁਦਰਤ ਦੀ ਲੀਲਾ ਨਾਲ ਸੰਬਧਿਤ ਦਰਜ ਕੀਤਾ ਗਿਆ ਹੈ ਅਤੇ ਇੱਕ ਗੀਤ ਮਾਂ ਦੀ ਮਮਤਾ ਨਾਲ ਸੰਬਧਿਤ ਹੈ, ਜਿਸ ਦੇ ਬੋਲ ਹਨ ‘ਮਾਵਾਂ ਸਦਾ ਰਹਿਣ ਜਿਊਂਦੀਆਂ, ਇਹੋ ਅਰਜ਼ ਰੱਬਾ ਹੈ ਮੇਰੀ’। ਕੈਸੇਟ ਵਿਚਲੇ ‘ਤੇਰੇ ਦਿਲ ਤੋਂ ਵਾਰ ਹੋ ਗਿਆ’, ‘ਮੁੰਡੇ ਕੁਡ਼ੀਆਂ ਦਾ ਮੁਕਾਬਲਾ’, ‘ਭੰਗਡ਼ੇ ਵਾਲੇ ਫੱਟੇ ਚੱਕ ਦਿਓ’ ਤੇ ‘ਵੇਲਾ ਮੁਡ਼ ਮੁਡ਼ ਆਉਣਾ ਨਹੀਂ’ ਆਪਣੇ ਆਪ ਪੈਰ ਥਿਰਕਾਉਣ ਦੇ ਸਮਰੱਥ ਹਨ।
ਆਪਣੀ ਇਸ ਗਿਆਰਵੀਂ ਕੈਸੇਟ ਬਾਰੇ ਸਰਬਜੀਤ ਚੀਮਾ ਦਾ ਕਹਿਣਾ ਹੈ ਕਿ ਇਸ ਵਿੱਚ ਉਸ ਨੇ ਦਿਨ ਭਰ ਦੇ ਕੰਮਾ-ਕਾਜਾਂ ਨਾਲ ਥੱਕ ਕੇ ਚੂਰ ਹੋਏ ਲੋਕਾਂ ਦਾ ਥਕੇਵਾਂ ਲਾਹੁਣ ਵਾਲਾ ਉਪਰਾਲਾ ਕੀਤਾ ਹੈ ਅਤੇ ਉਸ ਨੂੰ ਉਮੀਦ ਹੀ ਨਹੀਂ, ਸਗੋਂ ਪੂਰਾ ਯਕੀਨ ਵੀ ਹੈ ਕਿ ਸੰਗੀਤ ਪ੍ਰੇਮੀ ਉਸ ਦੀਆਂ ਪਿਛਲੀਆਂ ਕੈਸੇਟਾਂ ਵਾਂਗ ਇਸ ਨੂੰ ਵੀ ਬਣਦਾ ਮਾਣ-ਸਤਿਕਾਰ ਦੇਣਗੇ।
