ਗੀਤ
ਬੱਦਲ, ਪੰਛੀ, ਕੀਡ਼ੀ ਤੇ ਹਾਥੀ
ਆ ਗਏ ਬੱਦਲ, ਆ ਗਏ ਬੱਦਲ
ਵਿਚ ਅਸਮਾਨੀਂ ਛਾ ਗਏ ਬੱਦਲ।
ਅਹੁ ਦੇਖੋ ਕਿੰਞ ਭੱਜਦੇ ਬੱਦਲ
ਇਕ ਦੂਜੇ ਗਲ ਲੱਗਦੇ ਬੱਦਲ।
ਜ਼ੋਰ-ਜ਼ੋਰ ਟਕਰਾਉਂਦੇ ਬੱਦਲ
ਬਿਜਲੀ ਕਿਤੇ ਗਿਰਾਉਂਦੇ ਬੱਦਲ।
ਗਡ਼-ਗਡ਼ ਸ਼ੋਰ ਮਚਾਉਂਦੇ ਬੱਦਲ
ਬਾਗੀਂ ਮੋਰ ਨਚਾਉਂਦੇ ਬੱਦਲ।
ਭੂਰੇ, ਚਿੱਟੇ, ਕਾਲੇ ਬੱਦਲ
ਇਹ ਤਾਂ ਵਰਖਾ ਵਾਲੇ ਬੱਦਲ।
ਕੁਝ ਹਲਕੇ ਕੁਝ ਭਾਰੇ ਬੱਦਲ
ਲੱਗਦੇ ਬਡ਼ੇ ਪਿਆਰੇ ਬੱਦਲ।
ਛਮ-ਛਮ ਕਰਦੇ ਵਰ੍ਹਦੇ ਬੱਦਲ
ਛੱਪਡ਼-ਟੋਭੇ ਭਰਦੇ ਬੱਦਲ।
ਗਰਮੀ ਦੂਰ ਭਜਾਉਂਦੇ ਬੱਦਲ
ਥਾਂ-ਥਾਂ ਠੰਢ ਵਰਤਾਉਂਦੇ ਬੱਦਲ।
ਹਰ ਇਕ ਮਨ ਨੂੰ ਭਾਉਂਦੇ ਬੱਦਲ
ਸਭ ਦੀ ਪਿਆਸ ਬੁਝਾਉਂਦੇ ਬੱਦਲ।
ਚਿਡ਼ੀਆਂ ਤੇ ਗੁਟਾਰਾਂ, ਰਲ ਗੀਤ ਗਾਉਂਦੀਆਂ।
ਬੱਤਖਾਂ ਤਲਾਅ ਦੇ ਵਿਡ, ਵੇਖੋ ਨਹਾਉਂਦੀਆਂ।
ਕਾਵਾਂ ਕੱਠੇ ਹੋ ਕੇ, ਕਾਵਾਂ ਰੌਲੀ ਪਾਈ ਏ।
ਕੋਇਲ ਨੇ ਮਿੱਠੀ ਜਿਹੀ, ਕੂਕ ਲਾਈ ਏ।
ਬੱਦਲਾਂ ਨੂੰ ਵੇਖ, ਮੋਰ ਪੈਲ ਪਾਈ ਏ।
ਤੋਤਿਆਂ ਦੀ ਡਾਰ, ਅੰਬੀਆਂ ਤੇ ਆਈ ਏ।
ਸੋਹਣੇ ਕਬੂਤਰਾਂ ਨੇ, ਉਡਾਰੀ ਲਾਈ ਏ।
ਇਲ੍ਹਾਂ ਖੋਲੇ ਖੰਭ, ਮਾਰ ਕੇ ਉਡਾਰੀਆਂ।
ਗਿਰਝਾਂ ਅਕਾਸ਼ ਵਿਚ, ਲਾਉਣ ਤਾਰੀਆਂ।
ਉੱਲੂ ਬੈਠਾ ਖੋਡ਼ ਵਿਚ, ਖੰਭ ਝਾਡ਼ਦਾ।
ਚੱਕੀਰਾਹਾ ਚੁੰਝ ਨਾਲ, ਕੀਡ਼ੇ ਭਾਲਦਾ।
ਹੰਸਾਂ ਦੀ ਟੋਲੀ, ਮੋਤੀਆਂ ਨੂੰ ਟੋਲਦੀ।
ਘੁੱਗੀ ਬੈਠੀ ਦੂਰ, ਤੂੰ ਹੀ ਤੂੰ ਬੋਲਦੀ।
ਆਲਾ-ਦੁਆਲਾ ਸਾਡਾ, ਇਹਨਾਂ ਨਾਲ ਸਜਦਾ।
ਪੰਛੀਆਂ ਦੇ ਨਾਲ,ਜੱਗ ਚੰਗਾ ਲੱਗਦਾ।
ਕੀਡ਼ੀ ਦੇ ਘਰ ਹਾਥੀ ਆਇਆ,
ਲੱਡੂਆਂ ਦਾ ਭਰ ਥਾਲ ਲਿਆਇਆ।
ਪੀਲੇ-ਪੀਲੇ ਲੱਡੂ ਮਿੱਠੇ,
ਐਨਕ ਲਾ ਕੇ ਕੀਡ਼ੀ ਡਿੱਠੇ।
ਥਾਲ ਨੂੰ ਲੈ ਕੇ ਕੀਡ਼ੀ ਨੱਸੀ,
ਕੀਡ਼ੀਆਂ ਨੂੰ ਉਸ ਗੱਲ ਜਾ ਦੱਸੀ।
ਕਾਡ਼ੀਆਂ ਰਲ ਕੇ, ਖਾਧੇ ਲੱਡੂ,
ਤੱਕਦੇ ਰਹਿ ਗਏ ਬੈਠੇ ਡੱਡੂ।
ਲੱਡੂ ਖਾ ਕੇ ਥਾਲੀ ਮੋਡ਼ੀ,
ਕੀਡ਼ੀ ਨੇ ਇਕ ਕਵਿਤਾ ਜੋਡ਼ੀ।
“ਘਰ ਅਸਾਡੇ ਜਦ ਵੀ ਆਉ,
ਮਿੱਠੇ-ਮਿੱਠੇ ਲੱਡੂ ਲਿਆਉ।”
ਕਵਿਤਾ ਸੁਣ ਕੇ ਹਾਥੀ ਹੱਸੇ,
ਇੱਧਰ-ਉਧਰ ਕੀਡ਼ੀ ਨੱਸੇ।
ਹਾਥੀ ਸੁੰਡ ਹਿਲਾਈ ਜਾਏ,
ਕੀਡ਼ੀ ਗਿੱਧਾ ਪਾਈ ਜਾਏ।




