ਵਤਨ ਤੋਂ ਦੂਰੀ ਦੀ ਗਾਥਾ ਦਰਸਾਉਂਦੀ
ਫਿਲਮ ਵਤਨਾਂ ਤੋਂ ਦੂਰ
....................................................................................................................
ਆਈ.ਐਮ.ਪਨੂੰ
ਨਿਰਮਾਤਾ ਗੌਰਵ ਸੇਠੀ ਇਨ੍ਹੀਂ ਦਿਨੀਂ ਪੰਜਾਬੀ ਫਿਲਮ ‘ਵਤਨਾਂ ਤੋਂ ਦੂਰ’ ਦੇ ਨਿਰਮਾਣ ਵਿੱਚ ਰੁਝੇ ਹੋਏ ਹਨ। ਨਿਰਮਾਤਾ ਦੇ ਤੌਰ ਤੇ ਇਹ ਉਨ੍ਹਾਂ ਦੀ ਪਹਿਲੀ ਫਿਲਮ ਹੈ। ਜਿਵੇਂ ਕਿ ਇਸ ਫਿਲਮ ਦੇ ਟਾਈਟਲ ਤੋਂ ਪਤਾ ਲਗਦਾ ਹੈ ਕਿ ਇਸ ਫਿਲਮ ਵਿੱਚ ਉਨ੍ਹਾਂ ਲੋਕਾਂ ਦੀ ਗਾਥਾ ਤੇ ਵੇਦਨਾ ਦਿਖਾਈ ਹੈ ਜੋ ਆਪਣੇ ਵਤਨ ਤੋਂ ਦੂਰ ਗਏ ਹੋਏ ਹਨ। ਫਿਲਮ ਦੇ ਤਿੰਨ ਨਾਇਕ ਰਾਹੁਲ ਰਾਏ, ਅਵਿਨਾਸ਼ ਵਧਾਵਨ ਅਤੇ ਵਿਵੇਕ ਸ਼ੌਕ ਨੂੰ ਪੰਜਾਬ ਦਾ ਵਾਸੀ ਦਿਖਾਇਆ ਗਿਆ ਹੈ। ਅੱਜ ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾ ਵੱਸਣ ਦਾ ਮੋਹ ਪ੍ਰਚਲਿਤ ਹੈ। ਇਹ ਤਿੰਨੇ ਵੀ ਇਸੇ ਮੋਹ ਦੇ ਸ਼ਿਕਾਰ ਹਨ। ਤਿੰਨੇ ਵਿਆਹੇ ਹੋਏ ਹਨ। ਫਿਲਮ ਵਿੱਚ ਰਾਹੁਲ ਰਾਏ ਦੀ ਪਤਨੀ ਦੀ ਭੂਮਿਕਾ ਸੰਦੀਪ ਕੌਰ ਅਤੇ ਅਵਿਨਾਸ਼ ਵਧਾਵਨ ਦੀ ਪਤਨੀ ਦੀ ਭੂਮਿਕਾ ਉਪਾਸਨਾ ਸਿੰਘ ਨਿਭਾ ਰਹੀ ਹੈ। ਵਿਵੇਕ ਸ਼ੌਕ ਦੀ ਪਤਨੀ ਦੀ ਭੂਮਿਕਾ ਏਕਤਾ ਤ੍ਰਿਵੇਦੀ ਵਲੋਂ ਨਿਭਾਈ ਜਾ ਰਹੀ ਹੈ। ਫਿਲਮ ਦੀ ਕਹਾਣੀ ਦੇ ਅਨੁਸਾਰ ਜਿਥੇ ਵਿਵੇਕ ਆਪਣਾ ਮਕਾਨ ਵੇਚ ਕੇ, ਉਥੇ ਅਵਿਨਾਸ਼ ਵਧਾਵਨ ਕਰਜ਼ ਲੈ ਕੇ ਵਿਦੇਸ਼ ਜਾਂਦਾ ਹੈ। ਰਾਹੁਲ ਰਾਏ ਨੂੰ ਨੌਕਰੀ ਦੇ ਸਿਲਸਿਲੇ ਵਿੱਚ ਵਿਦੇਸ਼ ਜਾਣਾ ਪੈਂਦਾ ਹੈ ਅਤੇ ਵਿਦੇਸ਼ ਦੀ ਧਰਤੀ ਤੇ ਤਿੰਨੇ ਇੱਕ-ਦੂਜੇ ਦੀ ਪਹਿਚਾਣ ਵਿੱਚ ਆਉਂਦੇ ਹਨ ਅਤੇ ਦੋਸਤ ਬਣ ਜਾਂਦੇ ਹਨ। ਤਿੰਨਾ ਨੂੰ ਘਰ ਦੀ ਯਾਦ ਬਹੁਤ ਸਤਾਉਂਦੀ ਰਹਿੰਦੀ ਹੈ ਅਤੇ ਵਿਦੇਸ਼ ਵਿੱਚ ਤਿੰਨੇ ਇੱਕ ਦੂਜੇ ਦਾ ਸਹਾਰਾ ਬਣਦੇ ਹਨ। ਫਿਲਮ ਦੇ ਨਿਰਮਾਤਾ ਗੌਰਵ ਸੇਠੀ ਦੇ ਅਨੁਸਾਰ ਉਨ੍ਹਾਂ ਦੀ ਇਸ ਫਿਲਮ ਦੀ ਕਹਾਣੀ ਅਸਲ ਘਟਨਾਵਾਂ ਤੋਂ ਪ੍ਰੇਰਿਤ ਹੈ ਅਤੇ ਫਿਲਮ ਦੀ ਕਹਾਣੀ ਨੂੰ ਹੋਰ ਅਸਲੀ ਰੰਗ ’ਚ ਢਾਲਣ ਲਈ ਇਮੀਗ੍ਰੇਸ਼ਨ ਕਾਨੂੰਨ ਦੀਆਂ ਵੱਖ-ਵੱਖ ਸ਼ਰਤਾਂ ਦਾ ਵੀ ਅਧਿਐਨ ਕੀਤਾ ਗਿਆ ਹੈ। ਇਹ ਫਿਲਮ ਰਾਜਨ ਲਾਇਲਪੁਰੀ ਵਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਹੈ। ਨਾਮੀ ਗੀਤਕਾਰ ਨਕਸ਼ ਲਾਇਲਪੁਰੀ ਦੇ ਉਹ ਬੇਟੇ ਹਨ ਅਤੇ ਖ਼ੁਦ ਨਕਸ਼ ਲਾਇਲਪੁਰੀ ਨੇ ਵੀ ਇਸ ਫਿਲਮ ਦੇ ਕੁਝ ਗੀਤ ਲਿਖੇ ਹਨ। ਖ਼ੁਦ ਰਾਜਨ ਲਾਇਲਪੁਰੀ ਨੇ ਇਸ ਦੀ ਕਹਾਣੀ ਲਿਖੀ ਹੈ ਅਤੇ ਕਹਾਣੀ ਲਿਖਣ ਤੋਂ ਪਹਿਲਾਂ ਉਨ੍ਹਾਂ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਫਲਾਣੇ ਦੇਸ਼ ਵਿੱਚ ਰਾਜਨੀਤੀਕ ਸ਼ਰਣ ਹਾਸਲ ਕਰਨ ਲਈ ਕੀ ਕੀ ਕਰਨਾ ਪੈਂਦਾ ਹੈ ਅਤੇ ਵੀਜ਼ਾ ਕਾਨੂੰਨ ਤੋਡ਼ਣ ’ਤੇ ਕਿਸ ਦੇਸ਼ ਵਿੱਚ ਕਿੰਨੀ ਸਜ਼ਾ ਦਾ ਕਾਨੂੰਨ ਹੈ। ਇਸ ਫਿਲਮ ਦੀ ਸ਼ੂਟਿੰਗ ਚੰਡੀਗਡ਼੍ਹ, ਯੂ.ਕੇ. ਅਤੇ ਆਸਟ੍ਰੇਲਿਆ ਵਿੱਚ ਹੋ ਰਹੀ ਹੈ। ਇਹ ਫਿਲਮ ਛੇਤੀ ਹੀ ਮਾਰਕੀਟ ਵਿੱਚ ਧੂੰਮਾ ਪਾਉਣ ਆ ਰਹੀ ਹੈ।
