ਮੁੱਖ ਪੰਨਾ    ਰਾਜ ਸਰਕਾਰ    ਸਿੱਖਿਆ    ਸਿਹਤ    ਸਾਹਿਤ    ਖੇਤੀਬਾਡ਼ੀ    ਵਾਤਾਵਰਨ    ਰੁਜਗਾਰ    ਤਸਵੀਰਾਂ    ਅਮ੍ਰਿਤ ਬੋਲ    ਰੇਡੀਉ   ਮੌਸਮ


ਇਕ ਅਣਜਨਮੀ ਬੱਚੀ ਦਾ ਆਪਣੀ ਮੰਮੀ ਦੇ ਨਾਂ ਖਤ

ਅੰਮੀਏ ਨਾ ਮਾਰ ਲਾਡਲੀ
ਕੰਨਿਆ ਭਰੂਣ ਹੱਤਿਆ ਨੂੰ ਰੋਕਨ ਲਈ ਸੁਝਾਅ



 

ਇਕ ਅਣਜਨਮੀ ਬੱਚੀ ਦਾ ਆਪਣੀ ਮੰਮੀ ਦੇ ਨਾਂ ਖਤ

ਸਥਾਨ: ਨਿੱਘੀ-ਨਿੱਘੀ ਕੁੱਖ
ਸਮਾਂ
: ਇੱਕੀਵੀਂ ਸਦੀ ਦੀ ਸਵੇਰ

ਮੇਰੇ ਪਿਆਰੇ ਪਿਆਰੇ ਮੰਮੀ ਜੀਓ !

          ਨਿੱਕੀ ਜਿਹੀ ਮਿੱਠੀ ਪਰਵਾਨ ਕਰਿਓ !

ਮੈਂ ਹਾਲ ਦੀ ਘਡ਼ੀ ਰਾਜ਼ੀ ਖੁਸ਼ੀ ਹਾਂ ਅਤੇ ਰੱਬ ਜੀ ਅੱਗੇ ਅਰਦਾਸ ਕਰਦੀ ਹਾਂ ਕਿ ਉਹ ਤੁਹਾਨੂੰ ਬਹੁਤ-ਬਹੁਤ ਖੁਸ਼ ਅਤੇ ਸੁਖੀ ਰੱਖੇ। ਮੈਂ ਹਾਲ ਦੀ ਘਡ਼ੀ ਦੀ ਇਸ ਲਈ ਲਿਖਿਆ ਹੈ ਮੰਮੀ ਕਿ ਮੈਂ ਇਕ  ਸਨਸਨੀਖੇਜ਼ ਖਬਰ ਸੁਣੀ ਹੈ ਕਿ ਤੁਹਾਨੂੰ ਮੇਰੇ ਧੀ ਹੋਣ ਦਾ ਪਤਾ ਲੱਗ ਗਿਆ ਹੈ ਤੇ ਹੁਣ ਤੁਸੀਂ ਮੈਨੂੰ ਇਸ ਕੱਚੀ ਉਮਰੇ ਹੀ ਆਪਣੀ ਨਿੱਘੀ-ਨਿੱਘੀ ਕੁੱਖ ਵਿਚੋਂ ਕੱਢ ਕੇ ਇਸ ਬੇਦਰਦ ਧਰਤੀ ਉਤੇ ਪਟਕਾ ਮਾਰੋਗੇ । ਸੱਚ ਮੰਮੀ ! ਮੈਨੂੰ ਤਾਂ ਇਸ ਗੱਲ ਦਾ ਯਕੀਨ ਹੀ ਨਹੀਂ ਆਇਆ। ਮੈਂ ਕਿਹਾ, ਮੇਰੀ ਮੰਮੀ ਤਾਂ ਏਦਾਂ ਕਰ ਹੀ ਨਹੀਂ ਸਕਦੀ। ਉਹ ਆਪਣੀ ਨਾਜ਼ੁਕ ਜਿਹੀ ਬੱਚੀ ਦੇ ਸ਼ਰੀਰ ਉਤੇ ਨਸ਼ਤਰਾਂ ਦੀ ਚੋਭ ਕਿਵੇਂ ਸਹੇਗੀ ? ਇਂਝ ਤਾਂ ਹੋ ਹੀ ਨਹੀਂ ਸਕਦਾ ! ਮੈਂ ਠੀਕ ਕਿਹਾ ਨਾ ਮੰਮੀ ? ਬੱਸ ਤੁਸੀਂ ਇਕ ਵਾਰੀ ਕਹਿ ਦਿਓ ਕਿ ਇਹ ਖਬਰ ਝੂਠ ਹੈ ਤਾਂ ਕਿ ਮੇਰੇ ਕੰਬਦੇ ਹੋਏ ਨਿੱਕੇ ਜਿਹੇ ਦਿਲ ਨੂੰ ਧਰਵਾਸਾ ਆ ਜਾਵੇ। ਮੈਂ ਤਾਂ ਇਹ ਸੁਣ ਕੇ ਬਹੁਤ ਦਹਿਲ ਗਈ ਹਾਂ ਮੰਮੀ ?  ਮੇਰੇ ਤਾਂ ਹੱਥ ਵੀ ਨਿੱਕੇ-ਨਿੱਕੇ ਨੇ, ਛੋਟੇ ਛੋਟੇ ਪਤਾਸਿਆਂ ਵਰਗੇ ਕਿ ਮੈਂ ਡਾਕਟਰ ਦੀ ਕਲੀਨਿਕ ਵੱਲ ਜਾਂਦਿਆਂ ਦੀ ਤੁਹਾਡੀ ਚੁੰਨੀ ਵੀ ਜ਼ੋਰ ਦੀ ਨਹੀਂ ਖਿੱਚ ਸਕਦੀ ! ਮੇਰੀਆਂ ਤਾਂ ਬਾਹਾਂ ਵੀ ਏਨੀਆਂ ਪਤਲੀਆਂ-ਪਤਲੀਆਂ ਨੇ, ਸਰ੍ਹੋਂ ਦੀ ਲੈਰੀ ਜਿਹੀ ਗੰਦਲ ਵਰਗੀਆਂ ਏਡੀਆਂ ਕਮਜ਼ੋਰ ਕਿ ਇਨ੍ਹਾਂ ਨੂੰ ਤੁਹਾਡੇ ਗਲ ਵਿਚ ਪਾ ਕੇ ਐਨੀ ਜ਼ੋਰ ਦੀ ਨਹੀਂ ਚੁੰਬਡ਼ ਸਕਦੀ ਕਿ ਤੁਸੀਂ ਚਾਹੋ ਤਾਂ ਵੀ ਮੈਨੂੰ ਆਪਣੇ ਨਾਲੋਂ ਲਾਹ ਨਾ ਸਕੋ। ਮੈਂ ਤਾ ਆਪਣੇ ਆਲੇ ਦੁਆਲੇ ਵਿਚ ਆ ਗਈ ਦਵਾਈ ਨਾਲ ਤੁਹਾਡੇ ਸਰੀਰ ਵਿਚੋਂ ਨਾ ਚਾਹੁੰਦਿਆਂ ਹੋਇਆਂ ਵੀ ਇੰਞ ਤਿਲਕ ਜਾਵਾਂਗੀ ਮੰਮੀ! ਜਿਵੇਂ ਗਿੱਲੇ ਹੱਥਾਂ ਵਿਚੋਂ ਸਾਬਣ ਦੀ ਟਿੱਕੀ ਤਿਲਕ ਜਾਂਦੀ ਐ। ਨਾ ਮੰਮੀ ਨਾ! ਇੰਞ ਨਾ ਕਰਿਓ!

 

ਮੇਰੀ ਤਾਂ ਆਵਾਜ਼ ਵੀ ਐਨੀ ਬਰੀਕ ਐ ਮੰਮੀ! ਕਿ ਮੇਰੀ ਕੋਈ ਮਿੰਨਤ, ਕੋਈ ਅਰਜ਼ੋਈ ਮੇਰੇ ਪਾਪਾ ਤੱਕ ਨਹੀਂ ਪਹੁੰਚ ਸਕਦੀ। ਮੈਂ ਤਾਂ ਬਸ ਅਰਦਾਸ ਹੀ ਕਰ ਸਕਦੀ ਆਂ ਮੰਮੀ! ਮੈਂ ਤਾਂ ਬਸ ਇਹ ਖਤ ਹੀ ਲਿਖ ਸਕਦੀ ਆਂ, ਜੇ ਕਿਤੇ ਇਸਨੂੰ ਤੁਸੀਂ ਪਡ਼੍ਹ ਸਕੋ! ਪਲੀਜ਼ ਮੰਮੀ! ਇਹ ਖਤ ਜ਼ਰੂਰ ਪਡ਼੍ਹਨਾ!

 

ਮੇਰੀ ਗੱਲ ਮੰਨ ਲੈਣਾ ਮੰਮੀ! ਮੇਰਾ ਜਿਉਣ ਨੂੰ ਬਹੁਤ ਜੀਅ ਕਰਦੈ! ਅਜੇ ਤਾਂ ਤੁਹਾਡੇ ਵਿਹਡ਼ੇ ਵਿਚ ਨਿੱਕੇ-ਨਿੱਕੇ ਪੈਰਾਂ ਨਾਲ ਛਮ-ਛਮ ਨੱਚਣੈ ਮੈਂ! ਨਾ ਲੈ ਕੇ ਦਿਓ ਮੈਨੂੰ ਨਵੀਆਂ ਝਾਂਜਰਾਂ, ਮੈਂ ਤਾਂ ਦੀਦੀ ਦੀਆਂ ਛੋਟੀਆਂ ਹੋ ਚੁੱਕੀਆਂ ਝਾਂਜਰਾਂ ਹੀ ਪਾ ਲਉਂਗੀ! ਨਾ ਲੈ ਕੇ ਦੇਣਾ ਮੈਨੂੰ ਨਵੇਂ-ਨਵੇਂ ਕਪੱਡ਼ੇ! ਮੈਂ ਤਾਂ ਵੀਰੇ ਦੇ ਤੰਗ ਹੋਏ ਕਪਡ਼ੇ ਹੀ ਪਾ ਲਉਂਗੀ! ਪਰ ਮੈਂ ਇਹ ਧਰਤੀ-ਅੰਬਰ-ਪਾਣੀ-ਚੰਨ ਤਾਰੇ ਤਾਂ ਦੇਖ ਲਉਂਗੀ। ਇਹ ਤਾਂ ਨਹੀਂ ਨਾ ਮੁੱਕਦੇ।

 

ਮੈਂ ਤੇਰੀ ਧੀ ਆਂ! ਤੇਰੀ ਮੁਹੱਬਤ ਦੀ ਸ਼ਹਿਜ਼ਾਦੀ-ਮੈਨੂੰ ਘਰ ਵਿਚ ਉੱਤਰ ਲੈਣ ਦੇ ਮਾਂ! ਇਹਦੇ ਵਿਚ ਐਡੀ ਕੀ ਗੱਲ ਹੋ ਗਈ ਕਿ ਸਕੈਨਿੰਗ ਕਰਾ ਕੇ ਜਿਉਂ ਹੀ ਤੈਨੂੰ ਮੇਰੇ ਧੀ ਹੋਣ ਦਾ ਪਤਾ ਲੱਗਿਆ ਤੂੰ ਕੰਬਣ ਲੱਗ ਪਈ? ਜੇ ਪੁੱਤ ਹੁੰਦਾ ਤਾਂ ਤੂੰ ਪਾਲ ਲੈਂਦੀ, ਜੇ ਧੀ ਹੈ ਤਾਂ ਨਹੀਂ! ਨਾ ਮੰਮੀ ਨਾ! ਮੈਂ ਏਡਾ ਨਹੀਂ ਤੇਰੇ ਤੇ ਬੋਝ ਬਣਨ ਵਾਲੀ! ਤੇ ਇਹ ਜਿਹਡ਼ੀ ਦਾਜ ਦੀ ਤੇ ਧੀ ਦੇ ਦੁੱਖ ਦੀ ਗੱਲ ਕਰਕੇ ਤੂੰ ਆਪਣੇ ਫੈਸਲੇ ਨੂੰ ਠੀਕ ਸਮਝ ਰਹੀ ਐਂ ਨਾ ਮਾਂ, ਇਹ ਤਾਂ ਨਿਰਾ ਧੋਖਾ ਹੀ ਦੇ ਰਹੀ ਐਂ ਆਪਣੇ ਆਪ ਨੂੰ। ਕੋਈ ਹੋਰ ਗੱਲ ਸੋਚੋ! ਕਿਉਂ ਨਹੀਂ ਤੂੰ ਵੀਰ ਦੇ ਵਿਆਹ ਤੇ ਇਹੋ ਜਿਹੀ ਉਦਾਹਰਣ ਪੇਸ਼ ਕਰਦੀ ਕਿ ਕਿਸੇ ਗਰੀਬ ਦੀ ਧੀ ਨੂੰ ਜਿੰਦਗੀ ਦੀਆਂ ਸਭ ਖੁਸ਼ੀਆਂ ਮਿਲਣ? ਕਿਉਂ ਨਹੀਂ ਦੂਜੀਆਂ ਆਂਟੀਆਂ ਵੀ ਇਵੇਂ ਕਰਦੀਆਂ? ਆਖਿਰ ਜਿਨ੍ਹਾਂ ਦੇ ਧੀਆਂ ਨੇ, ਪੁੱਤ ਵੀ ਤਾਂ ਉਨ੍ਹਾਂ ਦੇ ਈ ਨੇ! ਇਹ ਕੀ ਹੋਇਆ ਕਿ ਆਪਣੀ ਧੀ ਨੂੰ ਮਾਰ ਦਿਓ ਤੇ ਪੁੱਤ ਲਈ ਮੂੰਹ ਮੰਗਿਆ ਦਾਜ਼ ਲੈ ਆਓ। ਇਹ ਤਾਂ ਨਿਰਾ ਬਹਾਨਾ ਹੈ, ਆਪਣੇ ਆਪ ਨੂੰ ਗੁਨਾਹ ਤੋਂ ਮੁਕਤ ਮਹਿਸੂਸ ਕਰਨ ਦਾ। ਪਰ ਦਰਗਾਹ ਵਿਚ ਬਹਾਨਾ ਕਰ ਕੇ ਥੋਡ਼ਾ ਮੁਕਤੀ ਮਿਲਦੀ ਐ? ਨਾਲੇ ਮੰਮੀ! ਇੱਕ ਪੁੱਤ ਲਈ ਜਿੰਨੀਆਂ ਧੀਆਂ ਮਾਰੋਗੇ ਨਾ! ਉਨ੍ਹਾਂ ਸਾਰਿਆਂ ਦਾ ਪਾਪ ਉਸ ਵਿਚਾਰੇ ਬੇਕਸੂਰ ਦੇ ਸਿਰ ਚਡ਼੍ਹੇਗਾ! ਫਿਰ ਉਹ ਇੰਨਾ ਪਾਪ ਆਪਣੇ ਸਿਰ ਤੇ ਲੈਕੇ ਕਿੰਜ ਜੀਏਗਾ? ਨਾ ਮੇਰੀ ਮੰਮੀ! ਤੂੰ ਪਾਪਣ ਨਾ ਬਣੀਂ। ਤੂੰ ਹਤਿਆਰੀ ਨਾ ਬਣੀ। ਕੁਝ ਹਿੰਮਤ ਤੂੰ ਕਰੇਂਗੀ ਤੇ ਕੁਝ ਹਿੰਮਤ ਮੈਂ ਕਰੂੰਗੀ ਤਾਂ ਮੈਂ ਆਪਣੇ ਪੈਰਾਂ ਤੇ ਖਡ਼੍ਹੀ ਹੋ ਜਾਉਂਗੀ। ਫਿਰ ਮੇਰੇ ਹੱਥਾਂ ਉਤੇ ਵੀ ਮਹਿੰਦੀ ਚਮਕੂਗੀ-ਮੇਰੇ ਵੀ ਸ਼ਗਨਾਂ ਵਾਲੀ ਡੋਲੀ ਤੁਰੂਗੀ। ਮੈਂ ਵੀ ਤੇਰੇ ਵਿਹਡ਼ੇ ਵਿਚੋਂ ਚਿਡ਼ੀਆਂ ਦਾ ਚੰਬਾ ਬਣ ਕੇ ਉਡੂੰਗੀ। ਤੂੰ ਮੈਨੂੰ ਇੰਜ ਨਾ ਉਡਾ! ਸਿਰਫ ਵਿਆਹ ਹੀ ਨਹੀਂ ਮੰਮੀ! ਇਹ ਵੀ ਕੀ ਪਤੈ ਕਿ ਮੈਂ ਜੱਗ ਤੇ ਕੋਈ ਮਹਾਨ ਕਾਰਨਾਮਾ ਕਰ ਜਾਵਾਂ। 

 

ਮੈਂ ਤੇਰੇ ਪਿਆਰ ਦਾ ਬੀਜ ਆਂ ਮਾਂ! ਮੈਨੂੰ ਆਪਣੀ ਵੱਖੀ ਦੀ ਡਾਲ ਤੇ ਫੁੱਲ ਬਣ ਕੇ ਖ੍ਡ਼ ਲੈਣ ਦੇ! ਦੇਖ ਮੈਂ ਤੇਰੇ ਅੱਗੇ ਨਿੱਕੇ-ਨਿੱਕੇ ਪਤਾਸਿਆਂ ਵਰਗੇ ਹੱਥ ਬੰਨ੍ਹਦੀ ਆਂ ਪਈ, ਮੈਨੂੰ ਮਹਿਸੂਸ ਕਰ ਮਾਂ! ਮੈਨੂੰ ਬਚਾ ਲੈ ਅੰਮੀਏ! ਤੇ ਹੁਣ ਜਦੋਂ ਪਾਪਾ ਤੈਨੂੰ ਕਿਸੇ ਕਲੀਨਿਕ ਲੈ ਜਾਣ ਤਾਂ ਤੂੰ ਅਡ਼ ਜਾਈਂ ਮਾਂ! ਮੇਰਾ ਵਾਸਤਾ ਪਾ ਦਈਂ! ਉਨ੍ਹਾਂ ਨੂੰ ਸਮਝਾ ਦਈਂ ਮਾਂ! ਪਰ ਮੈਨੂੰ ਕਤਲ ਕਰਵਾਉਣ ਲਈ ਕਿਤੇ ਨਾ ਜਾਵੀਂ! ਜੇ ਤੈਨੂੰ ਕਿਸੇ ਕਲੀਨਿਕ ਲੈ ਵੀ ਜਾਣ ਤਾਂ ਤੂੰ ਉਨ੍ਹਾਂ ਨੂੰ ਮਨਾ ਕੇ ਘਰ ਵਾਪਸ ਲੈ ਆਵੀਂ ਮਾਂ! ਕਿਤੇ ਉਥੇ ਹੀ ਮੈਨੂੰ ਲਾਸ਼ ਨਾ ਬਣਵਾ ਦੇਵੀਂ! ਤੂੰ ਮੈਥੋਂ ਨਿੱਕੇ-ਨਿੱਕੇ ਸਾਹ ਲੈਂਦੀ ਤੋਂ ਜਿੰਦਗੀ ਨਾ ਖੋਹੀਂ! ਨਾ ਮੰਮੀ ਨਾ! ਮੈਨੂੰ ਇੰਜ ਬੇ-ਰਹਿਮੀ ਨਾਲ ਨਾ ਮਾਰੀਂ। ਨਾ ਮੰਮੀ ਨਾ! ਨਾ ਮੰਮੀ ਨਾ!

 

ਤੇਰੀ ਨਿੱਕੀ ਜਿਹੀ

ਅਣਜਨਮੀ ਬੱਚੀ

ਡਾ. ਗੁਰਮਿੰਦਰ ਸਿੱਧੂ
ਡਾ. ਬਲਦੇਵ ਸਿੰਘ
ਸੀਨੀਅਰ ਮੈਡੀਕਲ ਅਫਸਰ
658, ਫੇਜ਼ 3 ਬੀ-1, ਮੋਹਾਲੀ 160059
0172-22273728

 

ਅੰਮੀਏ ਨਾ ਮਾਰ ਲਾਡਲੀ

ਰੋਜ਼ੀ ਸਿੰਘ

ਵਿਗਿਆਨ ਦੁਨੀਆ ਦੇ ਹਰ ਖੇਤਰ ਵਿਚ ਆਪਣੀਆਂ ਲੀਹਾਂ ਛੱਡਦਾ ਜਾ ਰਿਹਾ ਹੈ। ਲੋਕ ਹੁਣ ਚੰਨ ਅਤੇ ਵਸਣ ਦੀ ਤਿਆਰੀ ਕਰ ਰਹੇ ਹਨ। ਜੀਵਨ ਦੇ ਹਰ ਪਹਿਲੂ ਦੀ ਜਾਣਕਾਰੀ ਅੱਜ ਹਰ ਮਨੁੱਖ ਰੱਖਦਾ ਹੈ। ਮਨੁੱਖਤਾ ਦੀ ਟੀਸੀ ਤੇ ਪਹੁੰਚਣ ਲਈ ਅੱਜ ਹਰ ਵਿਅਕਤੀ ਆਪਣੇ ਸਰੀਰਿਕ ਅਤੇ ਮਾਨਸਿਕ ਸੰਤੁਲਣ ਨੂੰ ਅਰੋਗ ਅਤੇ ਸੁਡੋਲ ਰੱਖਦਾ ਹੈ। ਜਿਥੇ ਵਿਗਿਆਨ ਨੇ ਜਿੰਦਗੀ ਦੇ ਹਰ ਖੇਤਰ ਵਿਚ ਮਨੁੱਖ ਨੂੰ ਸਹੂਲਤਾਵਾਂ ਪ੍ਰਦਾਨ ਕੀਤੀਆਂ ਹਨ ਅਤੇ ਉਸ ਦੀ ਸੋਚ ਦਾ ਦਾਇਰਾ ਵਿਸ਼ਾਲ ਕੀਤਾ ਹੈ, ਉਥੇ ਇਸ ਦੇ ਬਹੁਤ ਸਾਰੇ ਮਾਡ਼ੇ ਪ੍ਰਭਾਵ ਵੀ ਪਏ ਹਨ। ਮੈਡੀਕਲ ਖੇਤਰ ਵਿਚ ਭਰੂਣ ਟੈਸਟ ਤਕਨਾਲੋਜੀ ਵਿਗਿਆਨ ਦੀ ਇਕ ਕਾਢ ਹੈ ਪਰ ਇਹ ਉਨ੍ਹਾਂ ਸਾਰੀਆਂ ਅਭਾਗਣ ਕੁਡ਼ੀਆਂ ਲਈ ਮੌਤ ਦਾ ਸੁਨੇਹਾਂ ਸਾਬਤ ਹੋਈ ਜਿਨ੍ਹਾਂ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ। ਇਸ ਥਾਂ ਆ ਕੇ ਮਨੁੱਖ ਦੀ ਸੋਚ ਅਤੇ ਮਾਨਸਿਕਤਾ ਕੋਝੀ ਨਜ਼ਰ ਆਉਂਦੀ ਹੈ। ਕੁਡ਼ੀਆਂ ਨੂੰ ਕੁੱਖ ਚ ਹੀ ਮਾਰਨ ਦਾ ਰੁਝਾਨ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ ਜੋ ਕਿ ਪੂਰੇ ਭਾਰਤ ਲਈ ਇਕ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਵੱਡੇ-ਵੱਡੇ ਬੁੱਧੀ ਜੀਵੀਆਂ, ਨਾਵਲਕਾਰਾਂ, ਨੇਤਾਵਾਂ ਅਤੇ ਕਾਨੂੰਨ ਦੇ ਉਪਰਾਲੇ ਇਸ ਰੁਝਾਨ ਨੂੰ ਘੱਟ ਕਰਨ ਵਿਚ ਅਸਫਲ ਰਹੇ ਹਨ। ਇਥੇ ਆ ਕੇ ਸਾਡਾ ਕਾਨੂੰਨ ਵੀ ਮਹਿਜ ਦਰਸ਼ਕ ਬਣ ਕੇ ਰਹਿ ਜਾਂਦਾ ਹੈ।

ਇਸ ਵਿਚ ਕਸੂਰ ਕਿਸੇ ਇਕ ਦਾ ਨਹੀਂ ਹੈ। ਸਗੋਂ ਸਾਡਾ ਸਾਰਾ ਸਮਾਜ ਇਸ ਵਿਚ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸ ਵਿਚ ਮਾਂ, ਪਿਉ, ਘਰ ਦੇ ਸਾਰੇ ਮੈਂਬਰ, ਡਾਕਟਰ, ਅਤੇ ਉਹ ਸਾਰੇ ਲੋਕ ਜਿੰਮੇਵਾਰ ਹਨ ਜਿਹਡ਼ੇ ਉਪਰੋਕਤ ਕਾਰਵਾਈ ਨੂੰ ਅੱਖੀਂ ਵੇਖ ਕੇ ਕੁਝ ਬੋਲਦੇ ਨਹੀਂ ਹਨ।

ਸਾਹੂਕਾਰ, ਅਮੀਰ ਲੋਕਾਂ ਵਲੋਂ ਆਪਣੀਆਂ ਲਡ਼ਕੀਆਂ ਦੇ ਵਿਆਹਾਂ ਵਿਚ ਕੀਤੇ ਜਾਂਦੇ  ਰਾਜੇ ਮਹਾਰਾਜਿਆਂ ਵਾਲੇ ਖਰਚੇ ਕਰਕੇ ਅੱਜ ਸਮਾਜ ਵਿਚ ਲਡ਼ਕੀ ਇਕ ਹਊਆ ਬਣ ਕੇ ਰਹਿ ਗਈ ਹੈ। ਕਿਉਂਕਿ ਆਮ ਆਦਮੀ ਅੱਜ ਆਪਣੀ ਲਡ਼ਕਾ ਨੂੰ ਪਹਿਲਾਂ ਤਾਂ ਮਹਿੰਗੀ ਵਿਦਿਆ ਦੇ ਨਹੀਂ ਸਕਦਾ ਦੂਸਰਾ ਉਹ ਆਪਣੀ ਲਡ਼ਕੀ ਦੇ ਵਿਆਹ ਵਿਚ ਅਮੀਰਾਂ ਵਾਲੇ ਖਰਚੇ ਕਰਦਾ ਕਰਦਾ ਆਪਣਾ ਝੁੱਗਾ ਚੌਡ਼ ਕਰਾ ਲੈਂਦਾ ਹੈ ਅਤੇ ਸਾਰੀ ਉਮਰ ਉਹ ਆਪਣੇ ਸਿਰ ਚਡ਼੍ਹਿਆ ਕਰਜ਼ਾ ਉਤਾਰਦਾ ਮਰ ਜਾਂਦਾ ਹੈ। ਇਸ ਤਰ੍ਹਾਂ ਅਮੀਰ ਲੋਕਾਂ ਵੱਲੋਂ ਸਮਾਜ ਵਿਚ ਫੈਲਾਈ ਜਿਆਦਾ ਖਰਚ ਕਰਨ ਦੀ ਰੂਚੀ ਅਤੇ ਦਾਜ਼ ਵਿਚ ਅੱਤ ਮਹਿੰਗੀਆਂ ਵਸਤਾਂ ਆਪਣੀਆਂ ਕੁਡ਼ੀਆਂ ਨੂੰ ਦੇਣਾ ਵੀ ਕੁਡ਼ੀਆਂ ਨੂੰ ਜਨਮ ਤੋਂ ਪਹਿਲਾਂ ਮਾਰਨ ਲਈ ਪ੍ਰੇਰਨਾ ਦਾ ਸਰੋਤ ਬਣਦੇ ਹਨ। 

ਇਕ ਰਿਪੋਰਟ ਮੁਤਾਬਕ ਕੁਡ਼ੀਆਂ ਨੂੰ ਜਨਮ ਤੋਂ ਪਹਿਲਾਂ ਹੀ ਮਾਰਨ ਵਾਲਿਆਂ ਵਿਚ ਮੱਧ ਵਰਗ ਦੇ ਲੋਕ ਜਿਆਦਾ ਹਨ। ਇਹ ਲੋਕ ਆਪਣੀ ਲਡ਼ਕੀ ਦੇ ਵਿਆਹ ਸਮੇਂ ਦਾਜ਼ ਦੇਣ ਤੋਂ ਅਸਮਰੱਥ ਹਨ ਕਿਉਂਕਿ ਉਹ ਆਪਣੀ  ਹੀ ਰੋਟੀ-ਟੁੱਕ ਦਾ ਪ੍ਰਬੰਧ ਕਰਨ ਦੇ ਮਸਾਂ ਯੋਗ ਹੁੰਦੇ ਹਨ। ਬੇਰੁਜ਼ਗਾਰੀ ਵੀ ਇਕ ਅਜਿਹਾ ਕੋਹਡ਼ ਹੈ ਜਿਹਡ਼ਾ ਭਰੂਣ ਹੱਤਿਆ ਵਿਚ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ।

ਵਿਕਾਸ ਅਤੇ ਤਰੱਕੀ ਦੀ ਇਸ ਸਿਖਰ ਤੇ ਪਹੁੰਚ ਕੇ ਅੱਜ ਅਸੀਂ ਬਹੁਤ ਪਿੱਛੇ ਛੱਡਦੇ ਜਾ ਰਹੇ ਹਨ। ਅੱਜ ਔਰਤ ਜਿਹਡ਼ੀ ਆਪਣੀ ਧੀ ਨੂੰ ਕੁੱਖ ਵਿਚ ਹੀ ਮਾਰ ਰਹੀ ਹੈ ਉਹ ਇਹ ਵੀ ਭੁੱਲ ਰਹੀ ਹੈ ਕਿ ਉਹ ਵੀ ਕਿਸੇ ਦੀ ਧੀ ਹੈ। ਅੱਜ ਅਸੀਂ ਔਰਤਾਂ ਵਲੋਂ ਦੇਸ ਦੀ ਆਜ਼ਾਦੀ ਵੇਲੇ ਦੇ ਪਾਏ ਗਏ ਯੋਗਦਾਨ ਨੂੰ ਅੱਖੋਂ-ਪਰੋਖੇ ਕਰਕੇ ਉਸ ਨੂੰ ਜਨਮ ਤੋਂ ਪਹਿਲਾਂ ਹੀ ਮਾਰਨ ਦੀ ਵਿਉਂਤ ਬਣਾਈ ਬੈਠੇ ਹਾਂ। ਹਾਲਾਂ ਕਿ ਬਹੁਤੀਆਂ ਔਰਤਾਂ ਕਿਸੇ ਤੇ ਨਿਰਭਰ ਨਹੀਂ ਹਨ, ਅੱਜ ਦੀ ਔਰਤਾਂ ਆਪਣੇ ਪੈਰਾਂ ਤੇ ਆਪ ਖਡ਼੍ਹੀ ਹੈ ਅਤੇ ਵੱਡੇ-ਵੱਡੇ ਸਰਕਾਰੀ ਅਤੇ ਨਿਜੀ ਅਹੁਦਿਆਂ ਤੇ ਬਿਰਾਜਮਾਨ ਹਨ।

ਲੋਡ਼ ਹੈ ਅੱਜ ਸਮਾਜ ਵਿਚ ਫੈਲੀ ਇਸ ਬੀਮਾਰੀ ਨੂੰ ਨੱਥ ਪਾਉਣ ਦੀ, ਅੱਜ ਉਹ ਹਰ ਅਣਜੰਮੀ ਧੀ ਆਪਣੀ ਮਾਂ ਨੂੰ ਇਹੀ ਕਹਿ ਰਹੀ ਹੈ।

ਜੋਡ਼ੀ,
ਅੰਮੀਏ ਨਾ ਮਾਰ ਲਾਡ਼ਲੀ
ਕੌਣ ਗਾਉਗਾ ਵੀਰੇ ਦੀ ਦੱਸ ਘੋਡ਼ੀ ।

ਇਹਨਾਂ ਅਣਜੰਮੀਆਂ ਧੀਆਂ ਦਾ ਵੀ ਤਾਂ ਕੋਈ ਸੁਪਨਾ ਹੋਵੇਗਾ। ਜਿਹਡ਼ਾ ਪੂਰਾ ਹੋਣ ਤੋਂ ਪਹਿਲਾਂ ਹੀ ਦਫਨਾ ਦਿੱਤਾ ਜਾਂਦਾ ਹੈ। ਉਹਨਾਂ ਦੀਆਂ ਰੂਹਾਂ ਚਿੱਲਾ-ਚਿੱਲਾ ਕੇ ਸਮਾਜ ਨੂੰ ਇਹੀ ਕਹਿ ਰਹੀਆਂ ਹਨ

 “ਆਖੋਂ ਮੇਂ ਸਪਨਾ ਸਾ ਹੈ, ਜੋ ਮੇਰਾ ਅਪਣਾ ਸਾ ਹੈ,
ਛੂ ਲੂੰ ਮੈਂ ਆਸਮਾਨ, ਐਸੀ ਹੋ ਮੇਰੀ ਉਡਾਨ।

ਰੋਜ਼ੀ ਸਿੰਘ
ਸੋ-ਫਾਇਨ ਕੰਪਿਉਟਰ ਇੰਸਟੀਚਿਊਟ

ਫਤਿਹਗੜ੍ਹ ਚੂੜੀਆਂ ਗੁਰਦਾਸਪੁਰ

9815755184

ਕੰਨਿਆ ਭਰੂਣ ਹੱਤਿਆ ਨੂੰ ਰੋਕਨ ਲਈ ਸਮੁੱਚੇ ਸਿੱਖ ਜਗਤ ਦੇ ਵਿਚਾਰ ਲਈ ਸੁਝਾਅ 

  1. ਪੰਜਾਬੀ ਦੀਵਾਨਾਂ, ਇਕੱਠਾਂ ਦੌਰਾਨ ਕੰਨਿਆ ਭਰੂਣ ਹੱਤਿਆਅਤੇ  “ਦਹੇਜਵਿਰੁੱਧ ਗੁਰੂ ਸਾਹਿਬਾਨ ਦੀ ਸਿੱਖਿਆ ਅਤੇ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਬਾਰੇ ਦੱਸਿਆ ਜਾਵੇ। ਇਹ ਕਾਰਜ ਧਰਮ ਪ੍ਰਚਾਰਕ ਸੱਜਣ ਜਾਂ ਗ੍ਰੰਥੀ ਸਾਹਿਬਾਨ ਕਰ ਸਕਦੇ ਹਨ।
  2. ਪਿੰਡਾ ਦੇ ਗੁਰੂਦੁਆਰਿਆਂ ਵਿਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਦੀ ਕਾਪੀ ਫਰੇਮ ਕਰਕੇ ਆਮ ਪਡ਼੍ਹਨਯੋਗ ਥਾਂ ਤੇ ਲਗਾਈ ਜਾਵੇ ਤਾਂ ਜੋ ਹਰ ਮਾਈ-ਭਾਈ ਇਸ ਨੂੰ ਪਡ਼੍ਹ ਸਕੇ। ਇਸ ਬਾਰੇ ਲਾਊਡਸਪੀਕਰ ਰਾਹੀਂ ਵੀ ਸੰਗਰਾਂਦ, ਮੱਸਿਆ, ਪੂਰਨਮਾਸ਼ੀ ਆਦਿ ਦੇ ਦੀਵਾਨ ਵਿਚ ਪ੍ਰਚਾਰ ਕੀਤਾ ਜਾਵੇ।
  3. ਅਨੰਦ ਕਾਰਜ ਦੀ ਪਵਿੱਤਰ ਰਸਮ ਸਮੇਂ ਜਿੱਥੇ ਗ੍ਰੰਥੀ ਸਾਹਿਬਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਚੱਲਣ, ਅਮ੍ਰਿਤ ਪਾਨ ਕਰਨ ਅਤੇ ਗੁਰੂ ਵਾਲੇ ਬਣਨ ਦੀ ਪ੍ਰੇਰਨਾ ਦਿੰਦੇ ਹਨ, ਉਥੇ ਨਾਲ ਨਾਲ ਬੱਚੀਆਂ ਨਾਲ ਵਿਤਕਰਾ ਨਾ ਕਰਨ (ਸੋ ਕਿਉ ਮੰਦਾ ਆਖੀਐ....) ਅਤੇ ਗਰਭਕਾਲ ਦੌਰਾਨ ਕੁਡ਼ੀਆਂ ਨੂੰ ਨਾ ਮਾਰਨ ਦਾ ਸੁਨੇਹਾ ਵੀ ਦੇਣ।
  4. ਸਿੰਘ ਸਭਾਵਾਂ ਜਾਂ ਹੋਰ ਪੰਥਕ ਸੰਸਥਾਵਾਂ ਦੁਆਰਾ ਚਲਾਏ ਜਾ ਰਹੇ ਗੁਰੂਦੁਆਰਿਆਂ ਦੇ ਮੈਂਬਰਾਨ ਸਕੂਲਾਂ ਕਾਲਜਾਂ ਵਿਚ ਸਮਾਜਿਕ ਕੁਰੀਤੀਆਂ ਬਾਰੇ ਸੈਮੀਨਾਰ, ਭਾਸ਼ਨ ਮੁਕਾਬਲੇ ਕਰਾਉਣ ਅਤੇ ਚੰਗੇ ਬੁਲਾਰਿਆਂ ਨੂੰ ਉਤਸਾਹਿਤ ਕਰਨ। ਇਹਨਾਂ ਧਾਰਮਿਕ ਆਗੂਆਂ, ਮੈਂਬਰਾਂ ਦੀ ਤਰੱਕੀ ਵੇਲੇ ਧਾਰਮਿਕ ਗਿਆਨ ਤੋਂ ਇਲਾਵਾ ਸਮਾਜ ਸੇਵਾ ਨੂੰ ਵੀ ਧਿਆਨ ਵਿਚ ਰੱਖਿਆ ਜਾਵੇ।
  5. ਜਿਹਨਾਂ ਸਿੱਖ ਵਿਅਕਤੀਆਂ ਨੂੰ ਮਾਦਾ ਭਰੂਣ ਹੱਤਿਆ ਕਾਨੂੰਨ () ਅਧੀਨ ਸਜ਼ਾ ਹੁੰਦੀ ਹੈ, ਉਹਨਾਂ ਨੂੰ ਤਨਖਾਹੀਆ ਕਰਾਰ ਦੇ ਕੇ ਪੰਥ ਵਿਚੋਂ ਛੇਕਿਆ ਜਾਵੇ।
  6. ਬਿਨਾਂ ਦਾਜ-ਦਹੇਜ ਵਿਆਹ ਕਰਵਾਉਣ ਵਾਲੇ ਪਰਿਵਾਰ ਨੂੰ ਨੇਡ਼ੇ ਦੇ ਗੁਰੂਦੁਆਰਾ ਸਾਹਿਬ ਵਿਚ ਸਨਮਾਨਿਤ ਕੀਤਾ ਜਾਵੇ।
  7. ਜੇਕਰ ਹੋ ਸਕੇ ਤਾਂ ਲਡ਼ਕੀਆਂ ਵਾਸਤੇ ਮੁਫਤ ਕਿਤਾਬਾਂ ਜਾ ਪ੍ਰਬੰਧ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਕਰੇ, ਸਗੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਵਿਚ ਲਡ਼ਕੀਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਵੇ, ਸਿੱਖਿਆ ਹੀ ਧਰਮ ਅਤੇ ਸਮਾਜ ਨੂੰ ਤਰੱਕੀ ਵੱਲ ਲੈ ਜਾ ਸਕਦੀ ਹੈ।
  8. ਸਿੱਖ ਆਗੂ ਸਮਾਜ ਅਤੇ ਸੰਗਤ ਅੱਗੇ ਇਮਾਨਦਾਰ, ਸਬਰ ਸੰਤੋਖ ਅਤੇ ਸਮਾਜ ਸੇਵਾ ਵਾਲੀ ਸਖਸ਼ੀਅਤ ਦੇ ਤੌਰ ਤੇ ਵਿਚਰਨ ਅਤੇ ਲੋਕਾਂ ਲਈ ਪ੍ਰੇਰਨਾ ਸਰੋਤ ਬਣਨ।
  9. ਸਿੱਖਾਂ ਨੂੰ ਗੁਰੂ ਸਾਹਿਬਾਨ ਵਲੋਂ ਜ਼ੁਲਮ ਨਾ ਕਰਨ ਅਤੇ ਜ਼ੁਲਮ ਨਾ ਸਹਿਣ ਦੀ ਸਿੱਖਿਆ ਦਿੱਤੀ ਗਈ ਹੈ, ਲਡ਼ਕੀਆਂ ਉੱਤੇ ਹੁੰਦੇ ਜ਼ੁਲਮਾਂ ਬਾਰੇ ਵੀ ਇਹ ਲਾਗੂ ਹੋਵੇ, ਇਸ ਬਾਰੇ ਪਰਿਵਾਰ, ਗੁਆਂਢ ਵਿਚ ਹੁੰਦੇ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਦੀ ਪ੍ਰੇਰਨਾ ਹਰ ਸਿੱਖ ਨੂੰ ਦਿੱਤੀ ਜਾਵੇ।
  10. ਜੇਕਰ ਹੋ ਸਕੇ ਤਾਂ ਗਰੀਬ ਅਤੇ ਜ਼ੁਲਮ ਦਾ ਸ਼ਿਕਾਰ ਲਡ਼ਕੀਆਂ ਜਾਂ ਔਰਤਾਂ ਨੂੰ ਕਾਨੂੰਨੀ ਸਹਾਇਤਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਤੀ ਜਾ ਸਕਦੀ ਹੈ।

 ਡਾ. ਗੁਰਮਿੰਦਰ ਸਿੱਧੂ
ਡਾ. ਬਲਦੇਵ ਸਿੰਘ
ਸੀਨੀਅਰ ਮੈਡੀਕਲ ਅਫਸਰ
658, ਫੇਜ਼ 3 ਬੀ-1, ਮੋਹਾਲੀ 160059
0172-22273728

 

 



ਪੰਜਾਬ ਬਾਰੇ ਕੁਝ ਤੱਥ

ਭਰੂਣ ਹੱਤਿਆ
ਨਸ਼ਾ ਮੁਕਤੀ

 

 
             

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
              Challengers Software Technologies (Pioneers in publishing web-content in Hindi & Punjabi)
              SCO 64, First Floor, Sector 40-C, CHANDIGARH (UT) INDIA
              Phone: 91-172-2699064, 4633064, 091-98766 86555
              contact: info.punjab@gmail.com