|
ਅਖਾਣ
....................................................................................................................
ਚੋਣਵੇਂ ਅਖਾਣ
(ਅਰਥ ਤੇ ਵਰਤੋਂ ਦੇ
ਮੌਕੇ)
(ਮ)
-
ਮੰਗੀ ਸੀ ਹੇਠ ਨੂੰ
ਮਿਲ ਗਈ ਉੱਤੇ ਨੂੰ - ਜਦ ਜਤਨ ਤਾਂ ਕਰੀਏ ਕੋਈ ਵਰਤਣਯੋਗ ਸ਼ੈ ਲਈ, ਤੇ ਅੱਗੋਂ ਮਿਲ ਜਾਵੇ
ਉਹ ਜਿਸ ਦਾ ਉਲਟਾ ਭਾਰ ਚੁੱਕਣਾ ਪਵੇ ਤੇ ਖੇਚਲ ਝੱਲਣੀ ਪਵੇ, ਤਾਂ ਕਹਿੰਦੇ ਹਨ।
-
ਮੱਝ ਫਿਰੇ ਠੱਕੇ ਦੀ
ਮਾਰੀ, ਮਾਹੀ ਕਰੇ ਚੁੰਘਣ ਦੀ ਤਿਆਰੀ - ਜਦ ਕੋਈ ਅਗਲੇ ਦੇ ਦੁਖ, ਪੀਡ਼ ਦੀ ਪਰਵਾਹ ਨਾ
ਕਰਦਾ ਹੋਇਆ ਉਹਨੂੰ ਆਪਣੀ ਗਰਜ਼ ਲਈ ਵਰਤਣਾ ਚਾਹੇ, ਤਾਂ ਕਹਿੰਦੇ ਹਨ।
-
ਮੱਝ ਵੇਚ ਕੇ ਘੋਡ਼ੀ
ਲਈ, ਦੁੱਧ ਪੀਣੋਂ ਗਏ ਲਿੱਦ ਸੁੱਟਣੀ ਪਈ - ਜਦ ਕੋਈ ਆਪਣੇ ਵਲੋਂ ਤਾਂ ਚੰਗਾ ਸੋਦਾ ਕਰੇ,
ਪਰ ਉਹ ਨਿੱਕਲੇ ਘਾਟੇ-ਵੰਦਾ, ਤਾਂ ਕਹਿੰਦੇ ਹਨ।
-
ਮਣਖੱਟੂ ਪੁੱਤ ਨਾ
ਜੰਮਦੇ, ਧੀ ਅੰਨ੍ਹੀਂ ਚੰਗੀ - ਵਿਹਲਡ਼ ਤੇ ਘਰ-ਉਜਾਡ਼ੂ ਪੁੱਤ ਤੋਂ ਅੱਕ ਸਡ਼ ਕੇ ਉਹਨੂੰ
ਸਮਝਾਉਣ ਲਈ ਇਹ ਅਖਾਣ ਵਰਤਦੇ ਹਨ।
-
ਮੰਤਰ ਨਾ ਜਾਣੇ
ਠੂੰਹੀਆਂ, ਹੱਥ ਸੱਪੀਂ ਪਾਵੇ - ਜਦ ਕੋਈ ਆਪਣੀ ਵਿਤ ਬਾਹਰੇ ਕਿਸੇ ਔਖੇ ਕੰਮ ਨੂੰ ਹੱਥ
ਪਾਉਣ ਨੂੰ ਤਿਆਰ ਹੋ ਪਵੇ, ਤੇ ਫਡ਼੍ਹਾਂ ਮਾਰੇ ਤਾਂ ਕਹਿੰਦੇ ਹਨ।
-
ਮਨ ਹਰਾਮੀ ਤੇ
ਹੁਜੱਤਾਂ ਢੇਰ - ਜਦ ਕੋਈ ਜਣਾ ਕੋਈ ਕੰਮ ਕਰਨਾ ਚਾਹੇ, ਤਾਂ ਉਹ ਕਈ ਬਹਾਨੇ ਘਡ਼ ਲੈਂਦਾ
ਹੈ।
-
ਮਨ ਜੀਤੇ ਜਗ ਜੀਤ -
ਜਿਹਡ਼ਾ ਆਪਣੇ ਦਿਲ ਨੂੰ, ਦਿਲ ਦੀਆਂ ਖਾਹਿਸ਼ਾਂ ਵਲ-ਵਲਿਆਂ ਨੂੰ, ਆਪਣੇ ਵੱਸ ਵਿਚ ਕਰ
ਲਵੇ, ਉਹਦੀ ਹਰ ਮਦਾਨੇ ਜੈ ਹੁੰਦੀ ਹੈ।
-
ਮਰਦਾ ਕੀ ਨਾ ਕਰਦਾ
? - ਮਜਬੂਰੀ ਵਿਚ
ਫਸਿਆ ਆਦਮੀ ਅਣਭਾਉਂਦੇ ਤੇ ਅਣਸੋਭਦੇ ਕੰਮ ਵੀ ਕਰਨ ਨੂੰ ਤਿਆਰ ਹੋ ਪੈਂਦਾ ਹੈ।
-
ਮਰਦਾਂ ਤੇ ਘੋਡ਼ਿਆਂ
ਕੰਮ ਪੈਣ ਅਵੱਲੇ - ਜਦ ਕਿਸੇ ਜਣੇ ਨੂੰ ਕੋਈ ਔਖਾ ਕੰਮ ਅਚਨ-ਚੇਤ ਆ ਪਵੇ, ਤਾਂ ਉਹਨੂੰ
ਹੱਲਾਸ਼ੇਰੀ ਦੇਣ ਲਈ ਵਰਤਦੇ ਹਨ।
-
ਮਾਂ ਨਾਲੋਂ ਹੇਜਲੀ,
ਉਹ ਫੱਫੇਕੁੱਟਣ - ਜੇ ਕੋਈ ਕਿਸੇ ਨਾਲ ਉਹਦੇ ਘਰਦਿਆਂ ਨਾਲੋਂ ਵੀ ਵਧੇਰੇ ਪਿਆਰ ਹਮਦਰਦੀ
ਪ੍ਰਗਟ ਕਰੇ ਤਾਂ ਉਹ ਧੋਖੇਬਾਜ਼ ਹੁੰਦਾ ਹੈ। ਕਿਸੇ ਨੂੰ ਅਜੇਹਾ ਵਰਤਾਉ ਕਰਦਿਆਂ ਵੇਖ ਕੇ
ਕਹਿੰਦੇ ਹਨ।
-
ਮਾਨ ਨਾ ਮਾਨ ਮੈਂ
ਤੇਰਾ ਮਹਿਮਾਨ - ਬਦੋ-ਬਦੀ ਦਾ ਪਰਾਹੁਣਾ ਬਨਣ ਤੇ ਪਿਆਰ, ਅਪੱਣਤ ਜਤਾਉਣ ਵਾਲੇ ਸਬੰਧੀ
ਵਰਤਦੇ ਹਨ।
-
ਮਾਂ-ਪੁਰ ਧੀ ਪਿਤਾ
ਪੁਰ ਘੋਡ਼ਾ, ਬਹੁਤਾ ਨਹੀਂ ਤਾ ਥੋਡ਼੍ਹਾ ਥੋਡ਼੍ਹਾ - ਧੀ ਦਾ ਸੁਭਾ ਮਾਂ ਦੇ ਸੁਭਾ ਉਪਰ
ਤੇ ਪੁੱਤ ਦਾ ਸੁਭਾ ਪਿਉ ਦੇ ਸੁਭਾ ਵਰਗਾ ਹੁੰਦਾ ਹੈ।
-
ਮਾਂ ਫਿਰੇ ਫੋਸੀ
ਫੋਸੀ ਨੂੰ, ਤੇ ਪੁੱਤ ਗੁਹਾਰੇ ਬਖਸ਼ੇ - ਜਦ ਕੋਈ ਗ਼ਰੀਬ ਆਦਮੀ ਵਿਤੋਂ ਵਧ ਕੇ ਦਾਨ ਜਾਂ
ਖਰਚ ਕਰਨ ਲੱਗ ਪਵੇ, ਤਾਂ ਕਹਿੰਦੇ ਹਨ।
-
ਮਾਡ਼ਾ ਢੱਗਾ ਛੱਤੀ
ਰੋਗ - ਜਦ ਕਿਸੇ ਮਾਡ਼ੇ, ਗ਼ਰੀਬ ਦੇ ਸਿਰ ਕੋਈ ਨਾ ਕੋਈ ਦੁੱਖ, ਮੁਸੀਬਤ ਆਈ ਰਹੇ,ਤਾਂ
ਵਰਤਦੇ ਹਨ।
-
ਮਿਲਦਿਆਂ ਦੇ ਸਾਕ
ਤੇ ਵਾਹੁੰਦਿਆਂ ਦੀਆਂ ਭੋਆਂ - ਸਾਕਾਗੀਰੀ ਤਾਂ ਹੀ ਕਾਇਮ ਰਹਿ ਸਕਦੀ ਹੈ, ਸਾਕ ਤਾਂ ਹੀ
ਆਪਣੇ ਬਣੇ ਰਹਿ ਸਕਦੇ ਹਨ, ਜੇ ਉਹਨਾਂ ਨੂੰ ਮਿਲਦੇ-ਗਿਲਦੇ ਰਹੀਏ, ਅਤੇ ਜ਼ਮੀਨ ਤਾਂ ਹੀ
ਕੰਮ ਦੀ ਤੇ ਆਪਣੀ ਰਹਿ ਸਕਦੀ ਹੈ, ਜੇ ਉਹਨੂੰ ਵਾਹੁੰਦੇ, ਬੀਜਦੇ ਰਹੀਏ।
-
ਮੀਆਂ ਬੀਵੀ ਰਾਜ਼ੀ,
ਤਾਂ ਕੀ ਕਰੂਗਾ ਕਾਜ਼ੀ ?
- ਜਦ ਦੋ ਧਿਰਾਂ
ਆਪੋ ਵਿਚ ਘਿਉ-ਖਿਚਡ਼ੀ ਹੋਣ,ਤਾਂ ਤੀਜੇ ਸੁਲ੍ਹਾ-ਕਰਾਉ ਦੀ ਲੋਡ਼ ਨਹੀਂ ਹੁੰਦੀ,ਤੇ ਨਾ
ਹੀ ਕੋਈ ਤੀਜਾ ਵਿਚ ਲੱਤ ਡਾਹ ਸਕਦਾ ਹੈ।
-
ਮੁੱਦਈ ਸੁਸਤ, ਗਵਾਹ
ਚੁਸਤ - ਜਿਸ ਦਾ ਕੰਮ ਹੋਵੇ, ਜਿਸ ਨੂੰ ਗੋਂ ਹੋਵੇ, ਉਹ ਤਾਂ ਢਿੱਲਾ-ਮੱਠਾ ਹੋਵੇ, ਤੇ
ਉਹਦੀ ਸਹਾਇਤਾ ਕਰਨ ਵਾਲੇ ਨੱਸਦੇ, ਭੱਜਦੇ ਫਿਰਨ, ਤਾਂ ਕਹਿੰਦੇ ਹਨ।
-
ਮੂੰਹੋਂ ਨਿਕਲੀ
ਤੁਰਤ ਪਰਾਈ - ਭੇਤ ਜਾਂ ਲੁਕਵੀਂ ਗੱਲ, ਉਨਾਂ ਚਿਰ ਹੀ ਲੁਕੀ ਰਹਿ ਸਕਦੀ ਹੈ, ਜਿਚਰ ਉਹ
ਕਿਸੇ ਨੂੰ ਦੱਸੀ ਨਾ ਜਾਵੇ।
-
ਮੂਲ ਨਾਲੋਂ ਬਿਆਜ
ਪਿਆਰਾ ਹੁੰਦਾ ਹੈ - ਧੀਆਂ ਪੁੱਤਾਂ ਨਾਲੋਂ ਦੋਹਤੇ-ਪੋਤੇ ਵਧੇਰੇ ਪਿਆਰੇ ਲਗਦੇ ਹਨ।
-
ਮੈਂ ਵੀ ਰਾਣੀ, ਤੂੰ
ਵੀ ਰਾਣੀ, ਤੇ ਕੌਣ ਭਰੇ ਪਾਣੀ ? -
ਜਦ ਸੱਭੇ ਆਕਡ਼ ਖਾਂ ਹੋਣ, ਤੇ ਸਾਰਿਆਂ ਲਈ ਜ਼ਰੂਰੀ ਕੰਮ ਕਰਨ ਨੂੰ ਕੋਈ ਵੀ ਤਿਆਰ ਨਾ
ਹੋਵੇ, ਤਾਂ ਕਹਿੰਦੇ ਹਨ।
-
ਮੋਏ ਬਾਬੇ ਦੀਆਂ
ਵੱਡੀਆਂ ਅੱਖਾਂ - ਜਦ ਕੋਈ ਕਿਸੇ ਦੀ ਸਲਾਹੁਤ ਉਹਦੇ ਮਰਨ ਪਿੱਛੋਂ ਕਰੇ, ਜੀਉਂਦੇ ਨੂੰ
ਭਾਵੇਂ ਭੰਡਦਾ ਹੀ ਰਿਹਾ ਹੋਵੇ, ਤਾਂ ਕਹਿੰਦੇ ਹਨ।
ਵਧੇਰੇ
ਜਾਣਕਾਰੀ ਲਈ
ਆਪਣੇ ਸਕੂਲ ਦੇ ਅਧਿਆਪਕਾ
/
ਅਧਿਆਪਕ ਨਾਲ ਸੰਪਰਕ ਕਰੋ
|