![]() |
|
|||||||||||||||
|
|
||||||||||||||||
ਬੀਜਾਂ ਬਾਰੇ ਦਵਾਈਆਂ ਬਾਰੇ ਖਾਦਾਂ ਬਾਰੇ ਫਸਲਾਂ ਬਾਰੇ ਫਲਾਂ ਅਤੇ ਸਬਜੀਆਂ ਬਾਰੇ ਡੇਅਰੀ ਅਤੇ ਪੋਲਟਰੀ ਕੈਂਪਸ ਦੇ ਕੋਰਸ ਸਰਗਰਮੀਆਂ
|
ਦੁਧਾਰੂ ਪਸ਼ੂਆਂ ਵਿਚ ਬੰਨ੍ਹ (ਕਾਰਣ ਅਤੇ ਬਚਾਓ) ਅਸ਼ਵਨੀ ਕੁਮਾਰ, ਸੀ.ਐਸ. ਰੰਧਾਵਾ ਐਮ.ਐਸ.ਰੰਧਾਵਾ ਕਲੀਨੀਕਲ ਵੈਟਨਰੀ ਮੈਡੀਸਨ ਵਿਭਾਗ, ਪੀ.ਏ.ਯੂ. ਲੁਧਿਆਣਾ ਦੁਧਾਰੂ ਪਸ਼ੂਆਂ ਵਿਚ ਗੋਹੇ ਦੇ ਰੁਕਣ ਜਾਂ ਕਬਜ਼ ਨੂੰ ਬੰਨ੍ਹ ਆਖਦੇ ਹਨ। ਇਸ ਵਿਚ ਪਾਚਨ ਕਿਰਿਆ ਦੇ ਠੀਕ ਨਾ ਹੋਣ ਕਾਰਨ ਮਿਹਦੇ ਦੀ ਹਰਕਤ ਘੱਟ ਜਾਂਦੀ ਹੈ ਅਤੇ ਪੱਠੇ ਦੇ ਇਕ ਜਾਂ ਇਕ ਤੋਂ ਵੱਧ ਹਿੱਸਿਆਂ ਵਿਚ ਇਕੱਠੇ ਹੋ ਜਾਂਦੇ ਹਨ। ਇਸ ਬੀਮਾਰੀ ਦੇ ਕਈ ਕਾਰਨ ਹਨ, ਜਿਵੇਂ ਕਿ
ਤੂਡ਼ੀ ਦੀ ਜਿਆਦਾ ਵਰਤੋਂ – ਆਮ ਤੌਰ ਤੇ ਹਰੇ ਚਾਰੇ ਦੀ ਘਾਟ ਵਾਲੇ ਸਮੇਂ ਦੌਰਾਨ ਪਸ਼ੂਆਂ ਨੂੰ ਮੁੱਖ ਤੌਰ ਤੇ ਸੰਨ੍ਹੀ (ਤੂਡ਼ੀ ਵਿਚ ਥੋਡ਼੍ਹੀ ਮਾਤਰਾ ਵਿਚ ਦਾਣਾ ਰਲਾ ਕੇ) ਖੁਆਈ ਜਾਂਦੀ ਹੈ। ਤੂਡ਼ੀ ਵਿਚ ਪ੍ਰੋਟੀਨ ਅਤੇ ਕਾਰਬੋਹੀਈਡ੍ਰੇਟ ਦੀ ਮਾਤਰਾ ਜਾਨਵਰ ਦੀਆਂ ਖੁਰਾਕੀ ਲੋਡ਼ਾਂ ਤੋਂ ਬਹੁਤ ਘੱਟ ਹੁੰਦੀ ਹੈ ਜਿਸ ਦੇ ਸਿੱਟੇ ਵਜੋਂ ਪਸ਼ੂ ਆਪਣੇ ਖੁਰਾਕੀ ਤੱਤਾਂ ਦੀ ਪੂਰਤੀ ਲਈ ਜਿਆਦਾ ਮਿਕਦਾਰ ਵਿਚ ਤੂਡ਼ੀ ਖਾਈ ਜਾਂਦਾ ਹੈ। ਤੂਡ਼ੀ ਵਿਚ ਤੱਤਾਂ ਦੀ ਘਾਟ ਮਹਿਦੇ ਦੇ ਖੁਰਾਕ ਪਚਾਉਣ ਵਾਲੇ ਬੈਕਟੀਰੀਆ ਦੇ ਵਾਧੇ ਉੱਤੇ ਬੁਰਾ ਅਸਰ ਪਾਉਂਦੀ ਹੈ ਜਿਸ ਕਾਰਨ ਪਾਚਨ ਕਿਰਿਆ ਹੋਰ ਹੌਲੀ ਪੈ ਜਾਂਦੀ ਹੈ। ਹੌਲੀ-ਹੌਲੀ ਇਹ ਅਣਪਚੀ ਖੁਰਾਕ/ਤੂਡ਼ੀ ਮਿਹਦੇ ਵਿਚ ਇੰਨੀ ਇਕੱਠੀ ਹੋ ਜਾਂਦੀ ਹੈ ਕਿ ਮਿਹਦਾ ਇਸ ਨਾਲ ਭਰ ਜਾਂਦਾ ਹੈ ਜਿਸ ਦੇ ਸਿੱਟੇ ਵਜੋਂ ਮਿਹਦੇ ਦੀ ਹਰਕਤ ਘੱਟ ਜਾਂ ਬਿਲਕੁਲ ਬੰਦ ਹੋ ਜਾਂਦੀ ਹੈ ਅਤੇ ਮਿਹਦੇ ਵਿਚ ਤਨਾਓ ਬਣ ਜਾਂਦਾ ਹੈ ਅਤੇ ਬੰਨ੍ਹ ਲੱਗ ਜਾਂਦਾ ਹੈ। ਇਸੇ ਤਰ੍ਹਾਂ ਹੀ ਪੱਕੇ ਹੋਏ ਬਾਜਰੇ ਜਾਂ ਨੇਪੀਅਰ ਬਾਜਰੇ ਵਿਚ ਘੁਲਣਸ਼ੀਲ ਜਾਂ ਪਚਣਸ਼ੀਲ ਪਦਾਰਥਾਂ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਬਹੁਤ ਘੱਟ ਪਚਦੇ ਹਨ। ਅਜਿਹੇ ਬਾਜਰੇ ਨੂੰ ਲੰਮੇ ਸਮੇਂ ਤੱਕ ਜਾਨਵਰ ਨੂੰ ਖੁਆਉਣ ਨਾਲ ਕਬਜ਼ ਜਾਂ ਬੰਨ੍ਹ ਹੋ ਜਾਂਦਾ ਹੈ ਅਤੇ ਪਸ਼ੂ ਦੀ ਮੌਤ ਵੀ ਹੋ ਜਾਂਦੀ ਹੈ। ਰੀਪਰ ਦੀ ਤੂਡ਼ੀ – ਇਹ ਆਮ ਤੌਰ ਤੇ ਵੇਖਿਆ ਗਿਆ ਹੈ ਕਿ ਰੀਪਰ ਨਾਲ ਬਣਾਈ ਗਈ ਤੂਡ਼ੀ ਅਕਸਰ ਜਾਨਵਰਾਂ ਵਿਚ ਬੰਨ੍ਹ ਦਾ ਕਾਰਨ ਬਣਦੀ ਹੈ। ਇਹ ਤੂਡ਼ੀ ਥਰੈਸ਼ਰ ਦੀ ਤੂਡ਼ੀ ਤੋਂ ਕੁਝ ਜਿਆਦਾ ਬਰੀਕ ਹੁੰਦੀ ਹੈ ਅਤੇ ਪਸ਼ੂ ਇਸ ਤੂਡ਼ੀ ਨੂੰ ਜਿਆਦਾ ਮਾਤਰਾ ਵਿਚ ਖਾ ਸਕਦੇ ਹਨ। ਇਸ ਤੋਂ ਇਲਾਵਾ ਇਸ ਤੂਡ਼ੀ ਵਿਚ ਰੇਤ ਦੀ ਮਾਤਰਾ ਜਿਆਦਾ ਹੁੰਦੀ ਹੈ ਜੋ ਕਿ ਪੇਟ (ਰੈਟੀਕੁਲਮ) ਵਿਚ ਹੌਲੀ-ਹੌਲੀ ਇਕੱਠੀ ਹੋ ਜਾਂਦੀ ਹੈ ਅਤੇ ਇਸਦੇ ਕੰਮ ਵਿਚ ਰੁਕਾਵਟ ਪਾਉਂਦੀ ਹੈ। ਇਸ ਨਾਲ ਖੁਰਾਕ ਦਾ ਮਿਹਦੇ ਵਿਚ ਅਗਾਂਹ ਨੂੰ ਵਹਾਓ ਰੁਕ ਜਾਂਦਾ ਹੈ ਅਤੇ ਕਬਜ਼ ਬੰਨ੍ਹ ਹੋ ਜਾਂਦਾ ਹੈ। ਪਾਣੀ ਦੀ ਘਾਟ – ਖਾਦੇ ਹੋਏ ਪੱਠੇ ਵਿਚ ਕਈ ਤਰ੍ਹਾਂ ਦੀਆਂ ਪਾਚਨ ਕਿਰਿਆਵਾਂ ਦੁਆਰਾ ਛੋਟੇ-ਛੋਟੇ ਕਣਾਂ ਵਿਚ ਟੁੱਟਦੇ ਹਨ। ਇਨ੍ਹਾਂ ਕਿਰਿਆਵਾਂ ਲਈ ਅਤੇ ਖੁਰਾਕ ਦੇ ਅਤਡ਼ੀਆਂ ਵਿਚ ਵਹਾਓ ਲਈ ਇਸ ਦਾ ਤਰਲ ਰੂਪ ਵਿਚ ਹੋਣਾ ਜਰੂਰੀ ਹੈ ਜੋ ਕਿ ਪਾਣੀ ਦੀ ਮਿਹਦੇ ਵਿਚ ਮਿਕਦਾਰ ਤੇ ਨਿਰਭਰ ਕਰਦਾ ਹੈ। ਪਾਣੀ ਦੇ ਖਾਸ ਕਰਕੇ ਗਰਮੀਆਂ ਵਿਚ ਲਗਾਤਾਰ ਨਾ ਮਿਲਣ ਕਾਰਨ ਖੁਰਾਕ ਪੇਟ ਵਿਚ ਖੁਸ਼ਕ ਹੋ ਜਾਂਦੀ ਹੈ, ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦੀ ਅਤੇ ਤਹਿ ਰੂਪ ਅਖਤਿਆਰ ਕਰ ਲੈਂਦੀ ਹੈ। ਇਸ ਕਾਰਨ ਮਿਹਦੇ ਦਾ ਤਨਾਓ ਹੋ ਸਕਦਾ ਹੈ ਅਤੇ ਬੰਨ੍ਹ ਲੱਗ ਜਾਂਦਾ ਹੈ। ਪੇਟ ਵਿਚ ਨਾ ਪਚਣ ਵਾਲੇ ਪਦਾਰਥਾਂ ਦਾ ਹੋਣਾ – ਪਸ਼ੂਆਂ ਦੁਆਰਾ ਧਾਤਾਂ ਦੀ ਕਮੀ ਕਾਰਨ ਜਾਂ ਆਦਤ ਵਜੋਂ ਮਿਹਦੇ ਵਿਚ ਅਣਪਚ ਚੀਜਾਂ ਜਿਵੇਂ ਕਿ ਪੋਲੀਥੀਨ ਲਫਾਫੇ, ਰੱਸੇ, ਵਾਲ, ਮਿੱਟੀ ਆਦਿ ਖਾਣ ਨਾਲ ਇਹ ਵਸਤਾਂ ਪੇਟ (ਰੈਕਟਮ) ਵਿਚ ਇਕੱਠੀਆਂ ਹੋ ਜਾਂਦੀਆਂ ਹਨ। ਇਹ ਖੁਰਾਕ ਦਾ ਪੇਟ ਦੇ ਹੇਠਲੇ ਹਿੱਸਿਆਂ ਵਿਚ ਵਹਾਓ ਰੋਕਦੀਆਂ ਹਨ ਜਿਸ ਕਾਰਨ ਕਿ ਪੱਠੇ ਮਿਹਦੇ ਵਿਚ ਇਕੱਠੇ ਹੁੰਦੇ ਰਹਿੰਦੇ ਹਨ ਅਤੇ ਮਿਹਦੇ ਵਿਚ ਤਨਾਓ ਰਹਿੰਦਾ ਹੈ ਜੋ ਕਿ ਬੰਨ੍ਹ ਦਾ ਕਾਰਨ ਬਣ ਸਕਦਾ ਹੈ। ਗੱਭਣ ਪਸ਼ੂ – ਜਿਆਦਾਤਰ ਬੰਨ੍ਹ 7-8 ਮਹੀਨੇ ਤੋਂ ਉੱਪਰ ਵਾਲੇ ਗੱਭਣ ਪਸ਼ੂਆਂ ਵਿਚ ਵੇਖਿਆ ਗਿਆ ਹੈ। ਇਨ੍ਹਾਂ ਪਸ਼ੂਆਂ ਵਿਚ ਬੱਚੇਦਾਨੀ ਦਾ ਆਕਾਰ ਕਾਫੀ ਵੱਡਾ ਹੋ ਜਾਂਦਾ ਹੈ ਜਿਸ ਕਾਰਨ ਪੇਟ ਦੀਆਂ ਅਂਤਡ਼ੀਆਂ ਤੇ ਦਬਾਓ ਵਧ ਜਾਂਦਾ ਹੈ। ਸਿੱਟੇ ਵਜੋਂ ਅੰਤਡ਼ੀਆਂ ਵਿਚ ਖੁਰਾਕ ਦਾ ਵਹਾਓ ਘਟ ਜਾਂਦਾ ਹੈ। ਇਸ ਤੋਂ ਇਲਾਵਾ ਗੱਭਣ ਪਸ਼ੂਆਂ ਦੇ ਖੂਨ ਵਿਚ ਕੈਲਸ਼ੀਅਮ ਦੀ ਮਾਤਰਾ ਘੱਟ ਹੁੰਦੀ ਹੈ ਜੋ ਕਿ ਪੱਕਾ ਨੇਪੀਅਰ ਬਾਜਰਾ ਪਾਉਣ ਨਾਲ ਹੋਰ ਘਟ ਜਾਂਦੀ ਹੈ। ਇਹ ਕਮੀ ਮਿਹਦੇ ਦੀ ਹਰਕਤ ਨੂੰ ਘਟਾਉਂਦੀ ਹੈ ਅਤੇ ਬੰਨ੍ਹ ਲੱਗਣ ਵਿਚ ਮਦਦ ਕਰਦੀ ਹੈ। ਹੋਰ ਬਿਮਾਰੀਆਂ – ਪੈਰੀਟੋਨੀਅਮ ਦੀ ਸੋਜ, ਦਿਲ ਦੀ ਸੋਜ, ਛਾਤੀ ਦਾ ਹਰਨੀਆ, ਵੇਗਸ ਨਾਡ਼ੀ ਦਾ ਕੰਮ ਨਾ ਕਰਨਾ, ਪੇਟ ਦੀ ਰਸੌਲੀ, ਅੰਤਡ਼ੀਆਂ ਦਾ ਵਲ ਆਦਿ ਅਜਿਹੀਆਂ ਬੀਮਾਰੀਆਂ ਹਨ ਜੋ ਕਿ ਪੇਟ ਅਤੇ ਅੰਤਡ਼ੀਆਂ ਦੀ ਕਿਰਿਆ ਨੂੰ ਅਸਿੱਧੇ ਤੌਰ ਤੇ ਰੋਕਦੀਆਂ ਹਨ। ਇਹਨਾਂ ਬੀਮਾਰੀਆਂ ਦੇ ਲੱਛਣ ਜਿਵੇਂ ਕਿ ਸੁੱਕਾ, ਸਖਤ ਅਤੇ ਘੱਟ ਮਾਤਰਾ ਵਿਚ ਗੋਹਾ ਕਰਨਾ, ਖੱਬੀ ਕੁੱਖ ਵਿਚ ਤਨਾਓ ਰਹਿਣਾ ਆਦਿ ਵੀ ਬੰਨ੍ਹ ਨਾਲ ਰਲਦੇ ਮਿਲਦੇ ਹੁੰਦੇ ਹਨ। ਇਸ ਲਈ ਬੰਨ੍ਹ ਦੇ ਇਲਾਜ ਤੋਂ ਪਹਿਲਾਂ ਡਾਕਟਰ ਤੋਂ ਇਨ੍ਹਾਂ ਬਿਮਾਰੀਆਂ ਦਾ ਪਤਾ ਲਗਾਉਣਾ ਜਰੂਰੀ ਹੈ ਤਾਂ ਜੋ ਬਿਮਾਰੀ ਅਨੁਸਾਰ ਢੁੱਕਵਾਂ ਇਲਾਜ ਕੀਤਾ ਜਾ ਸਕੇ। ਲੱਛਣ – ਜਾਨਵਰ ਦੀ ਭੁੱਖ ਘਟ ਜਾਂਦੀ ਹੈ ਜਾਂ ਬਿਲਕੁਲ ਹੀ ਪੱਠੇ ਛੱਡ ਦਿੰਦਾ ਹੈ। ਪਸ਼ੂ ਸਖਤ ਅਤੇ ਘੱਟ ਗੋਹਾ ਕਰਦਾ ਹੈ ਜਾਂ ਪਸ਼ੂ ਨੂੰ ਕਬਜ਼ ਹੋ ਜਾਂਦੀ ਹੈ। ਪਸ਼ੂ ਪਾਲਕ ਆਮ ਕਰਕੇ ਕਬਜ਼ ਨੂੰ ਆਮ ਕਰਕੇ ਘੱਟ ਪੱਠੇ ਖਾਣ ਨਾਲ ਜੋਡ਼ਦਾ ਹੈ। ਖੱਬੀ ਕੁੱਖ ਵਿਚ ਤਨਾਓ ਰਹਿੰਦਾ ਹੈ ਅਤੇ ਪੇਟ ਦਾ ਆਕਾਰ ਵੀ ਵੱਡਾ ਲੱਗਦਾ ਹੈ। ਕਈ ਵਾਰ ਪਸ਼ੂ ਆਫਰ ਵੀ ਜਾਂਦਾ ਹੈ ਅਤੇ ਮੂੰਹ ਜਾਂ ਨੱਕ ਰਾਹੀਂ ਪੱਠੇ ਸੁੱਟਣੇ (ਉਲਟੀ) ਸ਼ੁਰੂ ਕਰ ਦਿੰਦਾ ਹੈ। ਜੇਕਰ ਉਲਟੀ ਸਮੇਂ ਪੱਠੇ ਫੇਫਡ਼ਿਆਂ ਵਿਚ ਚਲੇ ਜਾਣ ਤਾ ਸਾਹ ਦੀ ਤਕਲੀਫ ਜਾਂ ਅਚਾਨਕ ਮੌਤ ਵੀ ਹੋ ਜਾਂਦੀ ਹੈ। ਜੇਕਰ ਢੁੱਕਵਾਂ ਇਲਾਜ ਨਾ ਕੀਤਾ ਜਾਵੇ ਤਾਂ ਭੁੱਖ ਕਾਰਨ ਸਰੀਰਕ ਪਾਣੀ ਵਿਚ ਕਮੀ ਕਾਰਨ ਪਸ਼ੂ ਦੀ ਹੌਲੀ-ਹੌਲੀ ਮੌਤ ਹੋ ਜਾਂਦੀ ਹੈ। ਬਚਾਓ ਅਤੇ ਰੋਕਥਾਮ – ਇਸ ਬਿਮਾਰੀ ਦੇ ਬਚਾਓ ਲਈ ਇਸਦੇ ਸਹੀ ਕਾਰਨਾਂ ਨੂੰ ਪਛਾਣਨਾ ਬਹੁਤ ਜਰੂਰੀ ਹੈ। ਸਭ ਤੋਂ ਪ੍ਰਮੁੱਖ ਕਾਰਨ ਪਸ਼ੂ ਨੂੰ ਘਟੀਆ ਕਿਸਮ ਦੀ ਖੁਰਾਕ ਦੇਣਾ। ਪਸ਼ੂਆਂ ਨੂੰ ਕਦੇ ਵੀ ਇਕੱਲੀ ਤੂਡ਼ੀ ਲੰਮੇ ਸਮੇਂ ਤੱਕ ਖੁਆਉਣ ਤੋਂ ਪਰਹੇਜ ਕਰਨਾ ਚਾਹੀਦਾ ਹੈ। ਪੱਕਿਆ ਹੋਇਆ ਘਾਹ ਅਤੇ ਤੂਡ਼ੀ ਦਾਣੇ ਰਲਾ ਕੇ ਹੀ ਦਿਓ। ਜੇਕਰ ਤੂਡ਼ੀ ਖੁਆਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਤਾਂ ਕਦੇ-ਕਦੇ ਅੱਧੇ ਤੋਂ ਇਕ ਲੀਟਰ ਤੇਲ (ਸਰ੍ਹੋਂ / ਅਲਸੀ / ਸੂਰਜਮੁਖੀ) ਦੇਣ ਨਾਲ ਕੁਝ ਹੱਦ ਤੱਕ ਇਸ ਬਿਮਾਰੀ ਤੋਂ ਬਚਾਓ ਕੀਤਾ ਜਾ ਸਕਦਾ ਹੈ। ਕੁਝ ਹੋਰ ਮਹੱਤਵਪੂਰਨ ਸਾਵਧਾਨੀਆਂ ਹੇਠ ਲਿਖੀਆਂ ਹਨ –
ਦੁਧਾਰੂ ਪਸ਼ੂਆਂ ਵਿਚ ਥਣਾਂ ਦੀਆਂ ਬਿਮਾਰੀਆਂ ਅਤੇ ਇਲਾਜ ਡਾ. ਹਰਜਿੰਦਰ ਸਿੰਘ ਦਿਉਸੀ (ਸੰਗਰੂਰ) ਡੇਅਰੀ ਧੰਦਾ ਕਿਸਾਨ ਦੀ ਆਰਥਿਕ ਦਸ਼ਾ ਸੁਧਾਰਨ ਵਿਚ ਕਾਫੀ ਸਹਾਇਕ ਸਿੱਧ ਹੋਇਆ ਹੈ। ਲਵੇਰੇ ਤੋਂ ਵਧੇਰੇ ਅਤੇ ਸਾਫ ਸੁਥਰਾ ਦੁੱਧ ਪ੍ਰਾਪਤ ਕਰਨ ਲਈ ਲੇਵੇ ਅਤੇ ਥਣਾਂ ਵੱਲ ਖਾਸ ਧਿਆਨ ਦੇਣ ਦੀ ਲੋਡ਼ ਹੈ। ਥਣਾਂ ਦੀਆਂ ਬਿਮਾਰੀਆਂ ਦੁਧਾਰੂ ਪਸ਼ੂਆਂ ਵਿਚ ਆਮ ਜਿਹੀ ਗੱਲ ਹੈ, ਜਿਨ੍ਹਾਂ ਕਰਕੇ ਲਵੇਰੇ ਦਾ ਦੁੱਧ ਕਾਫੀ ਘਟ ਜਾਂਦਾ ਹੈ। ਇਨ੍ਹਾਂ ਵਿਚੋਂ ਜਿਆਦਾਤਰ ਦਵਾਈਆਂ ਨਾਲ ਠੀਕ ਹੋ ਜਾਂਦੀਆਂ ਹਨ, ਪਰ ਕਈ ਕੇਸਾਂ ਵਿਚ ਸਰਜਰੀ ਦੀ ਵੀ ਲੋਡ਼ ਪੈਂਦੀ ਹੈ। ਥਣਾਂ ਦੀਆਂ ਕੁਝ ਮਹੱਤਵਪੂਰਨ ਬਿਮਾਰੀਆਂ ਹੇਠ ਲਿਖੀਆਂ ਹਨ –
ਧਾਰ ਸਖਤ ਆਉਣਾ – ਇਸ ਹਾਲਤ ਵਿਚ ਦੁਧ ਦੀ ਧਾਰ ਪਤਲੀ ਪੈਂਦੀ ਹੈ ਅਤੇ ਪੂਰਾ ਦੁੱਧ ਚੋਣ ਨੂੰ ਜਿਆਦਾ ਸਮਾਂ ਲੱਗਦਾ ਹੈ, ਜਿਸ ਕਾਰਨ ਦੁੱਧ ਦੀ ਪੈਦਾਵਾਰ ਘਟ ਜਾਂਦੀ ਹੈ। ਇਹ ਜਾਂ ਤਾਂ ਥਣ ਦੀ ਨਲੀ ਵਿਚ ਸੋਜ ਕਰਕੇ ਹੁੰਦਾ ਹੈ ਜਾਂ ਫਿਰ ਥਣ ਦੇ ਮੂੰਹ ਦੇ ਸੁਰਾਖ ਦਾ ਘੇਰਾ ਘਟ ਜਾਣ ਤੇ ਹੁੰਦਾ ਹੈ। ਥਣ ਨੂੰ ਸੁੰਣ ਕਰਕੇ, ਥਣ ਦੇ ਮੂੰਹ ਤੇ ਕਈ ਕੱਟ ਲਾਏ ਜਾਂਦੇ ਹਨ ਅਤੇ ਇਕ ਪਲਾਸਟਿਕ ਦੀ ਨਲੀ ਥਣ ਵਿਚ 4-5 ਦਿਨਾਂ ਲਈ ਦੁੱਧ ਕੱਢਣ ਲਈ ਪਾਈ ਜਾਂਦੀ ਹੈ। ਥਣ ਵਿਚ ਬੈਕਟੀਰੀਆ ਦੀ ਰੋਕਥਾਮ ਲਈ ਮੈਮੀਟਲ ਟਿਊਬ ਦਿਨ ਵਿਚ ਦੋ ਵਾਰ, ਚਾਰ ਤੋਂ ਪੰਜ ਦਿਨਾਂ ਲਈ ਚਾਡ਼੍ਹਣੀ ਪੈਂਦੀ ਹੈ। ਥਣਾਂ ਵਿਚੋਂ ਦੁੱਧ ਚੋਣਾਂ – ਜੇਕਰ ਥਣ ਦਾ ਸੁਰਾਖ ਜਿਆਦਾ ਵੱਡਾ ਹੋਵੇ ਜਾਂ ਦੁੱਧ ਚੋਣ ਤੋਂ ਬਾਅਦ ਸਹੀ ਤਰ੍ਹਾਂ ਨਾਲ ਨਹੀਂ ਸੁੰਗਡ਼ਦਾ ਤਾਂ ਥਣ ਵਿਚੋਂ ਤੁਪਕਾ-ਤੁਪਕਾ ਦੁੱਧ ਚੋਣ ਲੱਗ ਪੈਂਦਾ ਹੈ। ਇਹ ਜਿਆਦਾਤਰ ਵਧੇਰੇ ਦੁੱਧ ਦੇਣ ਵਾਲੇ ਲਵੇਰਿਆਂ ਵਿਚ ਹੀ ਹੁੰਦਾ ਹੈ। ਜਦੋਂ ਪਸ਼ੂ ਬੈਠਦਾ ਹੈ ਤਾਂ ਦਬਾਅ ਪੈਣ ਨਾਲ ਜਾਂ ਕਈ ਵਾਰ ਖਡ਼੍ਹੇ ਪਸ਼ੂ ਦੇ ਵੀ ਤੁਪਕਾ-ਤੁਪਕਾ ਦੁੱਧ ਆਉਂਦਾ ਹੈ। ਥਣ ਦੇ ਸੁਰਾਖ ਦਾ ਆਕਾਰ ਘਟਾਉਣ ਲਈ 1-2 ਮਿਲੀਲਿਟਰ ਲੂਗੋਲਜ ਆਇਉਡੀਨ ਸੁਰਾਖ ਦੇ ਆਲੇ-ਦੁਆਲੇ 24 ਗੇਜ ਦੀ ਸੂਈ ਸਰਿੰਜ ਰਾਹੀਂ ਦਿੱਤਾ ਜਾਂਦਾ ਹੈ। ਜਿਸ ਨਾਲ ਥੋਡ਼ੀ ਸੋਜਸ ਆਕੇ ਸੁਰਾਖ ਦਾ ਆਕਾਰ ਸਹੀ ਹੋ ਜਾਂਦਾ ਹੈ। ਟੀਟ ਸਪਾਈਡਰ – ਇਹ ਇਕ ਝਿੱਲੀ ਹੁੰਦੀ ਹੈ, ਜੋ ਕਿ ਥਣ ਦੀ ਜਡ਼੍ਹ ਵਿਚ ਜਾਂ ਥਣ ਦੀ ਨਲੀ ਦੇ ਵਿਚਾਲੇ ਵੀ ਹੋ ਸਕਦੀ ਹੈ। ਝਿੱਲੀ ਜਮਾਂਦਰੂ ਵੀ ਹੋ ਸਕਦੀ ਹੈ ਪਰ ਇਸਦਾ ਪਤਾ ਸਿਰਫ ਪਸ਼ੂ ਦੇ ਪਹਿਲੀ ਵਾਰ ਸੂਣ ਤੇ ਹੀ ਲੱਗਦਾ ਹੈ। ਇਹ ਝਿੱਲੀ ਦੁੱਧ ਦੀ ਧਾਰ ਵਿਚ ਰਕਾਵਟ ਪਾਉਂਦੀ ਹੈ। ਕਈ ਵਾਰ ਤਾਂ ਦੁੱਧ ਬਿਲਕੁਲ ਹੀ ਨਹੀਂ ਆਉਂਦਾ, ਪਰ ਲੇਵੇ ਦਾ ਪਸਮਾਅ ਪੂਰਾ ਹੁੰਦਾ ਹੈ। ਇਸ ਦੇ ਇਲਾਜ ਲਈ ਹਡਸਨ ਟੀਟ ਸਪਾਈਰਲ ਥਣ ਦੀ ਨਲੀ ਵਿਚੋਂ ਝਿੱਲੀ ਤੱਕ ਲਿਜਾ ਕੇ ਇਸ ਨੂੰ 3 ਤੋਂ 4 ਗੇਡ਼ੇ ਦਿੱਤੇ ਜਾਂਦੇ ਹਨ, ਅਤੇ ਬੈਕਟੀਰੀਆ ਨੂੰ ਪੈਦਾ ਹੋਣ ਤੋਂ ਰੋਕਣ ਲਈ ਥਣ ਵਿਚ 3 ਤੋਂ 4 ਦਿਨ ਟਿਊਬਾਂ ਚਡ਼੍ਹਾਈਆਂ ਜਾਂਦੀਆਂ ਹਨ। ਇਥੇ ਧਿਆਨ ਰੱਖਣਯੋਗ ਗੱਲ ਇਹ ਹੈ ਕਿ ਲੇਵੇ ਦੇ ਉਸ ਹਿੱਸੇ ਦਾ ਦੁੱਧ ਸਾਰਾ ਨਹੀਂ ਕੱਢਣਾ ਚਾਹੀਦਾ ਕਿਉਂਕਿ ਥਣ ਵਿਚ ਦੁੱਧ ਝਿੱਲੀ ਨੂੰ ਦੁਬਾਰਾ ਜੁਡ਼ਨ ਤੋਂ ਰੋਕਦਾ ਹੈ। ਟੀਟ ਫਿਸਟੁੱਲਾ – ਇਹ ਥਣ ਦਾ ਉਹ ਵੱਡਾ ਜਖਮ ਹੈ, ਜਿਸ ਵਿਚੋਂ ਦੁੱਧ ਆਉਂਦਾ ਹੈ। ਇਸ ਨਾਲ ਥਣ ਦੀ ਨਲੀ ਨੰਗੀ ਹੋ ਜਾਂਦੀ ਹੈ। ਇਹ ਪਸ਼ੂ ਦੇ ਥਣ ਉੱਤੇ ਕਿਸੇ ਹੋਰ ਪਸ਼ੂ ਦੇ ਪੈਰ ਧਰਨ ਨਾਲ ਜਾਂ ਪਸ਼ੂਆਂ ਵਿਚ ਕੰਡਿਆਂ ਵਾਲੀ ਤਾਰ ਟੱਪਦੇ ਸਮੇਂ ਹੋ ਜਾਂਦਾ ਹੈ। ਇਸ ਵਿਚੋਂ ਖੂਨ ਅਤੇ ਦੁੱਧ ਦੋਵੇਂ ਵਗਦੇ ਹਨ। ਜਿੰਨਾ ਜਲਦੀ ਹੋ ਸਕੇ ਇਸ ਜਖਮ ਦੇ ਹੋਣ ਤੋਂ ਦੋ ਤਿੰਨ ਘੰਟਿਆਂ ਦੇ ਅੰਦਰ-ਅੰਦਰ ਇਸ ਨੂੰ ਟਾਂਕੇ ਲਗਵਾਉਣੇ ਚਾਹੀਦੇ ਹਨ। ਇਹ ਟਾਂਕੇ ਤਿੰਨ ਪਰਤਾਂ ਵਿਚ ਲੱਗਦੇ ਹਨ ਅਤੇ ਪਲਾਸਟਿਕ ਦੀ ਟਿਊਬ ਦੁੱਧ ਕੱਢਣ ਲਈ ਚਾਰ-ਪੰਜ ਦਿਨ ਵਾਸਤੇ ਰੱਖਣੀ ਪੈਂਦੀ ਹੈ। ਇਹ ਟਾਂਕੇ ਸਿਰਫ ਮਾਹਿਰ ਡਾਕਟਰ ਤੋਂ ਹੀ ਲਗਵਾਓ। ਥਣਾਂ ਦੇ ਜਖਮ – ਥਣਾਂ ਦੇ ਜਖਮ ਆਮ ਤੌਰ ਤੇ ਥਣ ਦੀ ਜਡ਼੍ਹ ਜਾਂ ਥਣ ਦੇ ਮੂੰਹ ਦੇ ਨੇਡ਼ੇ ਹੁੰਦੇ ਹਨ। ਇਨ੍ਹਾਂ ਨੂੰ ਥਣਾਂ ਦਾ ਪਾਟਣਾ ਜਾਂ ਥਣਾਂ ਦੀਆਂ ਬਿਆਈਆਂ ਕਿਹਾ ਜਾਂਦਾ ਹੈ। ਇਹ ਜਿਆਦਾਤਰ ਸਰਦੀਆਂ ਦੀ ਰੁੱਤ ਵਿਚ ਚਮਡ਼ੀ ਦੀ ਖੁਸ਼ਕੀ ਕਾਰਨ ਹੁੰਦੇ ਹਨ। ਇਹ ਜਖਮ ਠੀਕ ਹੋਣ ਲਈ ਇਕ ਤੋਂ ਤਿੰਨ ਮਹੀਨੇ ਦਾ ਸਮਾਂ ਵੀ ਲੱਗ ਸਕਦਾ ਹੈ। ਇਹ ਅਸਲ ਵਿਚ ਉਦੋਂ ਹੀ ਠੀਕ ਹੁੰਦੇ ਹਨ ਜਦੋਂ ਅਸੀਂ ਪਸ਼ੂ ਨੂੰ ਸੂਣ ਤੋਂ ਪਹਿਲਾਂ ਚੋਣਾ ਬੰਦ ਕਰ ਦਿੰਦੇ ਹਾਂ।
ਥਣਾਂ ਦੇ ਜਖਮਾਂ ਨੂੰ ਹਾਈਡਰੋਜਨ ਪਰ ਆਕਸਾਈਡ ਨਾਲ ਸਾਫ ਕਰਕੇ ਵੈਟਬੇਸਨ (ਗਲੈਕਸੋ) ਜਾਂ
ਹਾਈਮੈਕਸ (ਇੰਡੀਅਨ ਹਰਬਜ਼) ਜਾਂ ਐਕਟੋਸੋਪ (ਸਾਰਾਬਾਈ) ਮਲ੍ਹੱਮਾਂ ਵਿਚੋਂ ਇਕ ਦਿਨ ਵਿਚ ਦੋ
ਵਾਰ ਲਗਾਉਣਾ ਚਾਹੀਦਾ ਹੈ। ਜੇ ਜਖਮ ਰਿਸਦੇ ਹੋਣ ਤਾਂ ਉਹਨਾਂ ਉੱਤੇ ਬੀਟਾਡੀਨ ਪਾਉਡਰ ਜਾਂ
ਨਿਓਸਪੋਰਨ ਪਾਊਡਰ ਲਗਾਉਣਾ ਚਾਹੀਦਾ ਹੈ। ਜਖਮਾਂ ਉੱਤੇ ਮਿੱਟੀ-ਘੱਟਾ ਜਾਂ ਮਲ-ਮੂਤਰ ਲੱਗਣ ਤੋਂ ਬਚਾਉਣ ਲਈ ਥਣਾਂ ਉੱਤੇ ਦੂਹਰੇ ਕਪਡ਼ੇ ਦੀਆਂ ਗੁਥਲੀਆਂ ਚਡ਼੍ਹਾਓ। ਪਸ਼ੂ ਨੂੰ ਜਿਥੋਂ ਤੱਕ ਸੰਭਵ ਹੋ ਸਕੇ ਸੁੱਕੀ ਜਗ੍ਹਾ ਤੇ ਰੱਖੋ। ਸਰਦੀਆਂ ਦੀ ਰੁੱਤੇ ਥਣਾਂ ਨੂੰ ਕੋਸੇ ਪਾਣੀ ਨਾਲ ਧੋ ਕੇ ਦੇਸੀ ਘਿਓ ਲਗਾਉਣ ਨਾਲ ਥਣਾਂ ਦੀ ਖੁਸ਼ਕੀ ਨਹੀਂ ਹੁੰਦੀ ਅਤੇ ਇਨ੍ਹਾਂ ਜਖਮਾਂ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ। ਨੋਕਾਰਡੀਉਸੈੱਸ – ਇਹ ਥਣਾਂ ਦੀ ਇੱਕ ਖਾਸ ਬਿਮਾਰੀ ਹੈ ਜੋ ਕਿ ਨੋਕਾਰਡੀਆ ਉੱਲੀ ਕਰਕੇ ਹੁੰਦੀ ਹੈ। ਇਸ ਬਿਮਾਰੀ ਵਿਚ ਕਾਲੇ ਰੰਗ ਦੀ ਸਿਕੱਰੀ ਵਾਲੇ ਜਖਮ ਥਣਾਂ ਦੀਆਂ ਜਡ਼੍ਹਾਂ ਵਿਚ ਹੋ ਜਾਂਦੇ ਹਨ ਅਤੇ ਪਸ਼ੂ ਧਾਰ ਚੋਣ ਵੇਲੇ ਬਹੁਤ ਤਕਲੀਫ ਮੰਨਦਾ ਹੈ। ਇਸ ਬਿਮਾਰੀ ਦੇ ਇਲਾਜ ਲਈ ਟੈਰਾਮਾਈਸੀਨ ਦੀ ਮੱਲ੍ਹਮ ਜਾਂ ਟੀਕੇ ਪੰਜ ਜਾਂ ਸੱਤ ਦਿਨ ਲਗਵਾਉਣੇ ਚਾਹੀਦੇ ਹਨ। ਵਾਧੂ ਥਣ – ਆਮ ਮੱਝਾਂ ਗਾਵਾਂ ਵਿਚ ਚਾਰ ਥਣ ਹੁੰਦੇ ਹਨ, ਪਰ ਕਈ ਪਸ਼ੂਆਂ ਵਿਚ ਇਕ ਛੋਟਾ ਵਾਧੂ ਥਣ ਵੀ ਹੁੰਦਾ ਹੈ। ਇਸ ਵਾਧੂ ਥਣ ਵਿਚ ਕਈ ਵਾਰੀ ਤਾਂ ਪੂਰਾ ਦੁੱਧ ਹੀ ਆਉਂਦਾ ਹੈ, ਪਰ ਜਿਆਦਾਤਰ ਇਹ ਦੁੱਧ ਚੋਣ ਵਿਚ ਸਮੱਸਿਆ ਹੀ ਖਡ਼੍ਹੀ ਕਰਦੇ ਹਨ। ਇਕ ਤੋਂ ਦੋ ਸਾਲ ਦੀ ਉਮਰ ਵਾਲੀਆਂ ਕੱਟੀਆਂ ਵਿਚ ਜੇਕਰ ਕੋਈ ਵਾਧੂ ਥਣ ਨਜ਼ਰ ਆਵੇ ਤਾਂ ਉਸ ਨੂੰ ਤੁਰੰਤ ਸਰਜਰੀ ਕਰਵਾ ਕੇ ਕਟਵਾ ਦੇਣਾ ਚਾਹੀਦਾ ਹੈ। ਪਸ਼ੂਆਂ ਵਿਚ ਥਣਾਂ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਹੇਠ ਲਿਖੇ ਨੁਕਤੇ ਧਿਆਨ ਵਿਚ ਰੱਖਣੇ ਚਾਹੀਦੇ ਹਨ – ਓ) ਪਸ਼ੂਆਂ ਨੂੰ ਸੌਖੀ ਖਡ਼੍ਹਣ ਅਤੇ ਬੈਠਣ ਲਈ ਖੁਲ੍ਹੀ ਥਾਂ ਦੀ ਪ੍ਰਬੰਧ ਹੋਣਾ ਚਾਹੀਦਾ ਹੈ। ਅ) ਪਸ਼ੂਆਂ ਦੇ ਸ਼ੈਡ ਵਿਚ ਜਗ੍ਹਾ ਸਮਤਲ ਹੋਣੀ ਚਾਹੀਦੀ ਹੈ। ੲ) ਰਾਤ ਨੂੰ ਪਸ਼ੂਆਂ ਦੇ ਬੈਠਣ ਵਾਲੀ ਜਗ੍ਹਾ ਤੇ ਸੁੱਕ ਖਿੰਡਾ ਕੇ ਪੋਲੀ ਕਰੋ। ਸ) ਗੋਹੇ ਅਤੇ ਪਿਸ਼ਾਬ ਦੇ ਨਿਕਾਸ ਦਾ ਖਾਸ ਪ੍ਰਬੰਧ ਹੋਣਾ ਚਾਹੀਦਾ ਹੈ। ਹ) ਦੁੱਧ ਕੱਢਣ ਤੋਂ ਪਹਿਲਾਂ ਲੇਵੇ ਅਤੇ ਥਣਾਂ ਨੂੰ ਕੋਸੇ ਪਾਣੀ ਨਾਲ ਧੋਣਾ ਅਤਿ ਜਰੂਰੀ ਹੈ।
ਕ)
ਦੁੱਧ ਕੱਢਣ ਤੋਂ ਬਾਅਦ ਥਣਾਂ ਨੂੰ ਐਂਟੀਸੈਪਟਿਕ ਘੋਲ ਵਿਚ ਡੁਬੋਣਾ ਚਾਹੀਦਾ ਹੈ। ਇਸ ਲਈ
ਬੀਟਾਡੀਨ ਲੋਸ਼ਨ 1 ਹਿੱਸਾ ਅਤੇ ਗਲੈਸਰੀਨ 4 ਹਿੱਸੇ ਚੰਗੀ ਤਰ੍ਹਾਂ ਮਿਲਾ ਕੇ ਕਿਸੇ ਭਾਂਡੇ ਵਿਚ
ਪਾ ਲਵੋ। ਜਾਂ ਕੋਹਰਸੋਨਿਨ ਟੀ.ਐਚ (ਗਲੈਕਸੋ) ਘੋਲ ਦੀਆਂ 10 ਬੂੰਦਾਂ 100 ਮਿਲੀ ਲੀਟਰ ਪਾਣੀ
ਵਿਚ ਪਾ ਕੇ ਦੁੱਧ ਚੋਣ ਤੋਂ ਬਾਅਦ ਥਣਾਂ ਨੂੰ ਡੋਬਣ ਨਾਲ ਲੇਵੇ ਦੀ ਸੋਜ ਵਰਗੀ ਨਾ-ਮੁਰਾਦ
ਬਿਮਾਰੀ ਅਤੇ ਥਣਾਂ ਦੀਆਂ ਬਿਮਾਰੀਆਂ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ।
|
|
||||||||||||||
ਇਸ ਵੈਬ-ਸਾਇਟ ਦਾ
ਵਿਕਾਸ ਅਤੇ ਸਾਂਭ-ਸੰਭਾਲ
(2007)
Challengers Software Technologies (Pioneers in publishing
web-content in Hindi & Punjabi)
SCO 64, First Floor, Sector 40-C, CHANDIGARH (UT) INDIA
Phone: 91-172-2699064, 4633064, 091-98766 86555
contact: info.punjab@gmail.com