ਦਾ ਸਬ-ਡੋਮੇਨ

 
line decor
 

        ਮੁੱਖ ਪੰਨਾ      ਕਹਾਣੀਆਂ        ਲੇਖ        ਕਵਿਤਾਵਾਂ      ਦੁਰਲੱਭ ਪੁਸਤਕਾਂ        ਖੋਜ-ਪੱਤਰ      ਥੀਸਿਸ    ਵਿਆਕਰਨ    ਮਾਂ ਬੋਲੀ

line decor
ਸਬ-ਡੋਮੇਨ ਦਾ ਮੁੱਖ-ਪੰਨਾ 

 
 
 

ਜੀ ਆਇਆਂ ਨੂੰ

ਅਮ੍ਰਿਤ ਮੰਨਣ


ਮੇਰੀ ਧੀ

ਮੇਰੀ ਧੀ, ਤੂੰ ਜਦ ਵੀ ਮਿਲਦੀ ਏਂ ਮੈਨੂੰ

ਮੂੰਹੋ ਬੋਲੇਂ ਜਾਂ ਨਾ ਬੋਲੇਂ

ਮੈਂ ਤੇਰੇ ਬਾਰੇ ਸਭ ਕੁਝ ਜਾਣ ਜਾਂਦਾ ਹਾਂ।

ਤੇਰੇ ਚੇਹਰੇ ਦੇ ਸਭ ਹਾਵ ਭਾਵ

ਸਬ ਹਕੀਕਤਾਂ ਬੇਪਰਦ ਕਰ ਦੇਵਣ।

ਤੇਰਾ ਸਹਿਮੇ ਜਹੇ ਕਹਿਣਾ, ਪਾਪਾ ਸਭ ਠੀਕ ਹੈ

ਅੱਖਾਂ ਵਿਚ ਅੱਥਰੂਆਂ ਦਾ ਛਲਕ ਜਾਣਾ

ਸ਼ਬਦਾਂ ਦਾ ਗਲੇ ਵਿਚ ਅਟਕ ਜਾਣਾ

ਖੋਲ੍ਹ ਦੇਵੇ ਰਾਜ਼, ਸਭ ਠੀਕ ਨਹੀਂ ਏ।

ਤੇਰਾ ਫੋਨ ਤੇ ਮੱਧਮ ਅਵਾਜ਼ ਵਿਚ ਬੋਲਣਾ

ਕਦੇ ਚੁੱਪ ਕਰ ਜਾਣਾ

ਦੱਸ ਦਿੰਦਾ ਏ,  ਤੇਰੀਆਂ ਮਜ਼ਬੂਰੀਆਂ।

ਮੇਰੀ ਪਿਆਰ, ਦੁਲਾਰ ਨਾਲ ਪਾਲੀ, ਉੱਚ ਸਿੱਖਿਅਤ ਧੀ

ਤੈਨੂੰ ਉੱਚੇ ਆਦਰਸ਼ਾਂ ਦਾ, ਸਬਕ ਜੋ ਪਡ਼੍ਹਾਇਆ ਸੀ

ਆਦਰਸ਼ਹੀਣ ਲੋਕਾਂ ਅੱਗੇ, ਬੇਅਰਥ ਹੋ ਕੇ ਰਹਿ ਗਿਆ ਏ।

ਤੇਰੀ ਮਜ਼ਬੂਰੀ, ਤੂੰ ਘਰ ਛੱਡ

ਇੱਥੇ ਆ, ਜੱਗ ਹਸਾਈ ਸਹਿ ਨਹੀਂ ਸਕਦੀ

ਬੇਲਿਹਾਜ਼ਾ, ਜ਼ਿਲਤ ਭਰਿਆ, ਜੀਵਣ ਜਿਉਣਾ

ਦੁਸ਼ਵਾਰੀਆਂ ਸਹਿਣਾ, ਬਣ ਗਿਆ ਤੇਰੀ ਮਜ਼ਬੂਰੀ।

ਮੈਂ ਖ਼ੁਦ, ਸੋਚਾਂ ਦੇ ਭੰਵਰ ਵਿਚ, ਫਸ ਗਿਆ ਹਾਂ

ਕਿਉਂ ਲੋਕਾਂ ਨੂੰ ਇਨਸਾਨਾਂ ਵਾਂਗ ਜਿਉਣਾ ਪਸੰਦ ਨਹੀਂ?

ਹਰ ਹੀਲੇ ਪਡ਼੍ਹੀ ਲਿਖੀ ਨੂੰਹ ਨੂੰ, ਕਿਉਂ ਨੀਵਾਂ ਵਿਖਾਵਣ?

ਰੂਡ਼ਵਾਦੀ ਫਲਸਫਾ, ਦੂਸਰਿਆਂ ਤੇ, ਕਿਉਂ ਮਡ਼੍ਹਦੇ ਜਾਵਣ?

ਸ਼ਾਇਦ ਇਸ ਤਰਾਂ, ਕਿਸੇ ਜਿੱਤ ਦਾ ਅਹਿਸਾਸ ਪਾਵਣ।

ਧੀਏ, ਮੈਂ ਮਜ਼ਬੂਰ, ਤੇਰੇ ਸੰਘਰਸ਼ ਵਿਚ, ਕੁੱਦ ਨਹੀਂ ਸਕਦਾ

ਸੁਣਦਾ ਹਾਂ, ਤੇਰੀ ਵਿਥਿਆ, ਬਡ਼ੇ ਧਿਆਨ ਨਾਲ

ਹਰ ਵਾਰ ਦੋ ਸ਼ਬਦ ਕਹਿ, ਪੱਲਾ ਝਾਡ਼ ਲੈਂਦਾ ਹਾਂ

ਧੀਏ ਦਲੇਰੀ ਨਾਲ ਜਿਉਂ, ਜੀਵਨ ਸੰਘਰਸ਼ ਏ

ਆਪਣੇ ਆਦਰਸ਼ਾਂ ਤੋਂ ਨਾ ਡਿੱਗੀਂ, ਸਖ਼ਤ ਮਿਹਨਤ ਕਰ

ਚੰਗੇ ਆਚਾਰ, ਵਿਚਾਰ, ਵਿਹਾਰ ਨਾਲ ਸਬ ਬਦਲੋ

ਪਾਪਾ, ਮੇਰੇ ਮਨ ਦੀ ਢਾਰਸ ਬਣ ਜਾਂਦੇ ਨੇ, ਤੁਹਾਡੇ ਸ਼ਬਦ

ਪਾਪਾ, ਮੈਂ ਕੋਮਲ ਹਾਂ ਬੁਜਦਿਲ ਨਹੀਂ ਹਾਂ

ਆਪਣੀ ਸੂਝ, ਸਿਰਡ਼, ਸਬਰ ਸੰਤੋਖ ਨਾਲ

ਸਿਰਜ ਲਵਾਂਗੀ, ਨਵਾਂ ਜਹਾਨ।

ਪਾਪਾ, ਚੁੱਲ੍ਹੇ ਚੌਂਕੇ, ਪੋਚੇ ਛੁਡ਼ਾ ਮੈਨੂੰ, ਪਡ਼੍ਹਾਈ ਚ ਲਾ ਛੱਡਿਆ

ਧੀਏ ਪਡ਼੍ਹ ਲੈ, ਪਡ਼੍ਹਾਈ ਵੱਡਮੁੱਲਾ ਗਹਿਣਾ ਦਾ ਹੋਕਾ ਲਾ ਛੱਡਿਆ

ਤੁਸੀਂ ਕੰਮ ਵਾਲੀ ਫੌਲਾਦੀ ਮਸ਼ੀਨ ਕਿਉਂ ਨਹੀਂ ਬਣਾਇਆ।

ਪਾਪਾ, ਮੈਂ ਕੋਸ਼ਿਸ਼ ਕਰ ਰਹੀ ਹਾਂ, ਥੱਕ ਜਾਂਦੀ ਹਾਂ

ਰੋਜ਼ ਦੀ ਜ਼ਿਲਤ, ਬੇਜ਼ਤੀ ਸਹਿ ਨਾ ਪਾਵਾਂ

ਪਾਪਾ, ਤੁਹਾਡੀ ਰਾਣੀ, ਮੀਰਾਂ ਬੇਟੀ

ਇਸ ਘਰ, ਝੱਲੀ, ਖ਼ੋਤੀ ਕਹਿਲਾਵੇ।

ਪਾਪਾ, ਤੁਸੀਂ ਕਹਿੰਦੇ ਤੇ ਲਿਖਦੇ ਵੀ ਹੋ

ਜ਼ੁਲਮ ਸਹਿਣਾ ਬੁਜ਼ਦਿਲੀ, ਜ਼ੁਲਮ ਕਰਨਾ ਗੁਨਾਹ

ਪਰ ਵਿਰੋਧ ਵਿਚ ਕੁੱਝ ਬੋਲੀ

ਹੱਥ ਆਵੇਗਾ, ਉਨ੍ਹਾਂ ਦੇ ਇਕ ਨਵਾਂ ਮੁੱਦਾ

ਮੂੰਹ ਫੱਟ ਹੈ, ਦੂਸ਼ਣ ਲਗਾਵਣਗੇ

ਘਰੋਂ ਕੱਢਣ ਦੀ, ਨਵੀਂ ਰਣਨੀਤੀ ਆਪਣਾਵਣਗੇ।

ਆਪਣੀ ਧੀ ਦੇ ਦੁੱਖ ਦਰਦ ਨੇ ਜਦੋਂ ਵੰਡਾਉਂਦੇ

ਮਨ ਵਿਚ ਟੀਸ ਉਠ ਦੀ ਏ, ਕੀ ਮੈਂ ਕਿਸੇ ਦੀ ਧੀ ਨਹੀਂ

ਮੈਨੂੰ ਕਿਉਂ ਬੇਜ਼ੁਬਾਨ ਜਾਨਵਰ ਸਮਝਣ।

ਮੇਰੇ ਜਨਮ ਦਾਤਿਓ, ਤੁਸਾਂ ਬਾਖ਼ੂਬੀ ਫਰਜ਼ ਪੂਰੇ ਕੀਤੇ

ਵਿਦਾ ਕਰਦਿਆਂ ਕਿਹਾ ਸੀ, ਹੁਣ ਨਵੇਂ ਘਰ ਤੇਰੇ ਮਾਪੇ

ਮੈਂ ਹੈਰਾਨ ਹਾਂ ਪਰੇਸ਼ਾਨ ਹਾਂ

ਮਾਪਿਆਂ ਦਾ ਰੂਪ ਐਨਾ ਭਿਆਨਕ ਵੀ ਹੁੰਦਾ ਏ।

ਮੇਰਾ ਨੰਨ੍ਹਾਂ ਬਾਲ ਰੁਲ ਰਿਹਾ ਏ, ਵਾਧੂ ਦੀ ਕਸ਼ਮਕਸ਼ ਵਿਚ

ਨਾ ਚਾਹੁੰਦੇ ਵੀ ਨਿਰਮੋਹੀ ਬਣ ਛੱਡ ਤੁਰਦੀ ਹਾਂ ਚਾਰ ਦਮਡ਼ੇ ਕਮਾਉਣ।

ਮੇਰਾ ਸਬਰ ਪਿਆਲਾ ਭਰ ਰਿਹਾ ਏ

ਫਟ ਜਾਵੇਗਾ ਕਿਸੇ ਦਿਨ ਐਟਮੀ ਬੰਬ ਦੀ ਤਰ੍ਹਾਂ

ਤਹਿਸ ਨਹਿਸ ਕਰ ਦੇਵੇਗਾ, ਝੂਠੇ ਦੰਭ ਦੀ ਕੁਟੀਆ।

ਪਾਪਾ ਮੈਂ ਹੌਸਲਾ ਨਹੀਂ ਹਾਰੀ ਮੌਕੇ ਦੇ ਰਹੀ ਹਾਂ

ਕਦੇ ਤਾਂ ਹਨੇਰੇ ਚੀਰ ਚਾਣਨੀ ਪਸਰ ਜਾਵੇਗੀ

ਪਾਪਾ ਤੁਸੀਂ ਡੋਲਨਾ ਨਹੀਂ

ਮੈਂ ਖ਼ੂਨ ਹਾਂ ਤੁਹਾਡਾ

ਹਰ ਜਬਰ ਨਾਲ ਟੱਕਰ ਲਵਾਂਗੀ

ਹਨੇਰਿਆਂ ਨੂੰ ਭਾਜਡ਼ਾਂ ਪਾ ਰਾਹ ਰੋਸ਼ਨਾਵਾਂਗੀ।

ਪ੍ਰਣ

ਮੈਂ ਪ੍ਰਣ ਕਰਦਾ ਹਾਂ

ਲੋਡ਼ਾਂ ਦੀ ਪੂਰਤੀ ਲਈ

ਆਪਣੀਆਂ ਹੀ ਨਜ਼ਰਾਂ ਵਿਚ ਨਹੀਂ ਡਿੱਗਾਂਗਾ।

ਮੈਂ ਨਹੀਂ ਵਰਤਾਂਗਾ ਹੱਥ ਕੰਡੇ

ਆਪਣੇ ਮਕਸਦ ਦੀ ਪੂਰਤੀ ਲਈ

ਸੱਚੀ ਸੁੱਚੀ ਕਾਰ ਮੈਂ ਕਰਾਂਗਾ।

ਮੈਂ ਆਪਣੇ ਪਸੀਨੇ ਨਾਲ ਧੋਵਾਂਗਾ

ਮੂੰਹ ਤੇ ਪੁਤੀ ਕਾਲਖ਼

ਹੱਡ ਭੰਨਵੀਂ ਕਾਰ ਮੈਂ ਕਰਾਂਗਾ।

ਮੈਂ ਆਪਣੇ ਹੱਥਾਂ ਨੂੰ ਬਣਾ ਛੈਣੀ

ਸੀਨੇ ਚੀਰ ਪਹਾਡ਼ਾਂ ਦੇ

ਆਪਣੀ ਮੰਜ਼ਲ ਦੇ ਰਾਹ ਖੁਦ ਬਣਾਵਾਂਗਾ।

ਮੈਂ ਹੈਂਕਡ਼ ਦੀ ਸਰਦਲ ਤੇ ਨਹੀਂ ਟੇਕਾਂਗਾ ਗੋਡੇ

ਆਪਣੇ ਸਿਰਡ਼ ਸਿਦਕ ਨਾਲ

ਅੱਖਡ਼ ਦਰਿਆਵਾਂ ਦੇ ਰੁਖ ਮੋਡ਼ ਦੇਵਾਂਗਾ।

ਮੈਂ ਪਹਿਚਾਣਾਂਗਾ ਹਰਸਫ ਚ ਵਡ਼ੇ ਸਪੋਲੀਏ

ਫੇਹ ਦੇਵਾਂਗਾ ਹਰਾਮਖੋਰਾਂ ਦੀ ਸਿਰੀ

ਬੇਬਸ ਭੋਲੇ ਲੋਕਾਂ ਦੇ ਦਰਦ ਵੰਡਾਵਾਂਗਾ।

ਮੈਂ ਸਰਬੰਸਦਾਨੀ ਤੇ ਉਸਦੇ ਫਲਸਫ਼ੇ ਨੂੰ ਕਰਾਂ ਸਜ਼ਦਾ

ਕਰਾਂਗਾ ਕੋਸ਼ਿਸ਼ ਚਿਡ਼ੀਆਂ ਨੂੰ ਬਾਜਾਂ ਨਾਲ ਟਕਰਾਵਾਂਗਾ

ਤਨ, ਮਨ ਤੇ ਧਨ ਦੇਸ਼ ਤੋਂ ਵਾਰ ਰਾਹ ਰੁਸ਼ਨਾਵਾਂਗਾ।

ਮੈਂ ਪ੍ਰਣ ਕਰਦਾ ਹਾਂ

ਆਖ਼ਰੀ ਦਮ ਤੱਕ ਸੰਘਰਸ਼ ਜਾਰੀ ਰੱਖਾਂਗਾ

ਦੇਸ਼ ਦੀ ਖੁਸ਼ਹਾਲੀ ਦੇ ਸੁਪਨੇ ਸਾਕਾਰ ਕਰਾਂਗਾ।

 

ਅਮ੍ਰਿਤ ਮੰਨਣ

94632-24535, 0183-2585175

ਪੱਤੀ ਸੁਲਤਾਨ, ਸੁਲਤਾਨਵਿੰਡ

ਅਮ੍ਰਿਤਸਰ


 


 



 
             

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
               Challengers Software Technologies (Pioneers in publishing web-content in Hindi & Punjabi)
               SCO 64, First Floor, Sector 40-C, CHANDIGARH (UT) INDIA
               Phone: 91-172-2699064, 4633064, 091-98766 86555
               contact: info.punjab@gmail.com