ਦੋਸਤਾ ਨਾ ਵੇਖ ਘਿਰਨਾ ਨਾਲ ਪੰਜਾਬੀ
ਜ਼ੁਬਾਨ !
ਮਾਂ ਨਾਲ ਪਿਆਰ ਕਿਸੇ
ਤੇ ਅਹਿਸਾਨ ਨਹੀਂ ਸਗੋਂ ਮਨੁੱਖ ਦੀ ਆਪਣੀ ਹੀ ਜ਼ਰੂਰਤ ਹੈ। ਮਾਂ ਦੇ ਦੁੱਧ ਦਾ ਕੋਈ ਮੁੱਲ ਨਹੀਂ
ਚੁਕਾ ਸਕਦਾ, ਮਾਂ ਦੀ ਮਮਤਾ ਤੋਂ ਬੇਮੁਖ ਮਨੁੱਖ, ਮਨੁੱਖ ਹੀ ਨਹੀਂ। ਫਿਰ ਮਾਂ ਤੋਂ ਸਿੱਖੀ,
ਦੁੱਧ ਤੋਂ ਮਿੱਠੀ ਬੋਲੀ ਤੋਂ ਬੇਰੁਖੀ ਕਿਉਂ?
ਪੰਜਾਬੀਆਂ ਦਾ ਮਹਿਮਾਨ ਨਿਵਾਜ਼ੀ ਵਿਚ
ਕੋਈ ਜਵਾਬ ਨਹੀਂ ਪਰ ਮਹਿਮਾਨ ਦੀ ਖ਼ਾਤਿਰ ਆਪਣੀ ਮਾਂ ਨੂੰ ਹੀ ਘਰੋਂ ਕੱਢ ਦਿੱਤਾ ਜਾਵੇ ਇਹ
ਕਿੱਥੋਂ ਦੀ ਇਨਸਾਫੀ ਹੈ?
ਪੰਜਾਬੀ ਸ਼ਾਇਦ ਇਹ ਭੁੱਲ ਗਏ ਕਿ ਮਾਸੀਆਂ ਕਦੇ ਮਾਵਾਂ ਨਹੀਂ ਬਣ ਸਕਦੀਆਂ।
ਪੰਜਾਬੀਆਂ ਦੇ ਘਰਾਂ
ਵਿਚ ਆਪਸੀ ਗੱਲਬਾਤ ਹਿੰਦੀ ਜਾਂ ਅੰਗਰੇਜ਼ੀ ਵਿਚ ਹੋਣ ਲੱਗ ਪਈ ਹੈ, ਮਾਂ ਬੋਲੀ ਪੰਜਾਬੀ ਕਿਸੇ
ਕੋਨੇ ਲੱਗੀ ਸਹਿਕ ਰਹੀ ਹੈ। ਪੰਜਾਬ ਦੇ ਸਕੂਲਾਂ ਕਾਲਜਾਂ ਵਿਚ ਜੋ ਹਾਲ ਪੰਜਾਬੀ ਦਾ ਹੋ ਰਿਹਾ
ਹੈ ਉਸ ਤੋਂ ਤਾਂ ਇਹ ਹੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਪੰਜਾਬੀ ਦਾ ਰੱਬ ਹੀ ਰਾਖਾ।
ਸ਼ਹਿਰਾਂ –
ਪਿੰਡਾਂ ਦੇ ਘਰਾਂ, ਗਲੀਆਂ, ਦੁਕਾਨਾਂ ਤੇ ਲੱਗੇ ਬੋਰਡ ਤੱਕ ਪੰਜਾਬੀ ਨੂੰ ਤਰਸ ਰਹੇ ਹਨ।
ਪੰਜਾਬੀ ਵਿਦਵਾਨ ਆਪਣੀ ਵਿਦਵਤਾ ਦਰਸਾਉਣ ਲਈ ਹਿੰਦੀ-ਸੰਸਕ੍ਰਿਤ ਤੇ ਅੰਗਰੇਜ਼ੀ ਸ਼ਬਦਾਂ ਨੂੰ
ਪਹਿਲ ਦਿੰਦੇ ਹਨ। ਪੰਜਾਬੀ ਆਲੋਚਕ ਪੱਛਮੀ ਸਿਧਾਂਤਾ ਨੂੰ ਪੇਸ਼ ਕਰਕੇ ਪੰਜਾਬੀ ਮਾਂ ਬੋਲੀ ਦੀ
ਸੇਵਾ ਕਰ ਰਹੇ ਹਨ। ਕੀ ਅਜੇ ਤੱਕ ਪੰਜਾਬੀ ਦਾ ਵਿਹਾਰਕ ਅਧਿਐਨ ਕਰਨ ਲਈ ਪੰਜਾਬੀ ਕਾਵਿ ਸ਼ਾਸਤਰ
ਦੀ ਲੋਡ਼ ਹੀ ਮਹਿਸੂਸ ਨਹੀਂ ਹੋਈ?
ਪੰਜਾਬੀ ਬੋਲੀ ਦਾ ਸਤਿਕਾਰ ਜਿਵੇਂ ਬੀਤੇ ਸਮੇਂ ਦੀ ਗੱਲ ਹੋ ਗਈ ਹੋਵੇ। ਰਸੂਲ ਹਮਜ਼ਾਤੋਵ
ਅਨੁਸਾਰ, “ਜਿਹਡ਼ਾ ਆਦਮੀ ਆਪਣੀ
ਮਾਂ ਬੋਲੀ ਦਾ ਸਤਿਕਾਰ ਨਹੀਂ ਕਰਦਾ, ਇਹ ਸਾਰੀ ਇੱਜ਼ਤ ਗੁਆ ਬੈਠਦਾ ਹੈ”।
ਇਸ ਕਥਨ ਨੂੰ ਮੁੱਖ ਰੱਖਕੇ ਸਾਨੂੰ ਸਾਰਿਆਂ ਨੂੰ ਆਪਣੀ ਸਵੈ-ਪਡ਼ਚੋਲ ਕਰਨੀ ਚਾਹੀਦੀ ਹੈ। ਇਸ
ਸਮੇਂ ਆਪਣੇ ਹੀ ਘਰ ਵਿਚ ਬੈਗਾਨੀ ਹੋਈ ਮਾਂ ਬੋਲੀ ਪੰਜਾਬੀ ਆਪਣੇ ਪੁੱਤਰਾਂ ਨੂੰ ਮਦਦ ਲਈ ਪੁਕਾਰ
ਰਹੀ ਹੈ।
ਉੱਪਰ ਚੱਲੋ
ਪੰਜਾਬੀ ਬੋਲੀ ਪੰਜਾਬੀ ਸਾਹਾਂ ਦੀ ਬੋਲੀ
ਹੈ ਇਸ ਵਿਚ ਪੰਜਾਬੀ ਮਾਨਸਿਕਤਾ ਡੁੱਲ-ਡੁੱਲ ਪੈਂਦੀ ਹੈ। ਇਸ ਤੋਂ ਦੂਰ ਜਾ ਕੇ ਅਸੀਂ ਕਦੇ ਖੁਸ਼
ਨਹੀਂ ਰਹਿ ਸਕਦੇ। ਇਸ ਵਿਚ ਗੁਰੂ ਗੋਬਿੰਦ ਦੀ ਵਾਰ ਵੀ ਹੈ ਤੇ ਸ਼ਿਵ ਦਾ ਦਰਦ ਵੀ। ਇਸ ਵਿਚ ਬਾਬਾ
ਨਾਨਕ ਵੀ ਹੈ, ਵਾਰਿਸ ਵੀ।
ਦੋਸਤਾ ਨਾ ਵੇਖ ਘਿਰਨਾ ਨਾਲ ਪੰਜਾਬੀ
ਜ਼ੁਬਾਨ।
ਇਸ ’ਚ ‘ਨਾਨਕ’
ਵੀ ਹੈ, ‘ਵਾਰਸ’
ਵੀ ਹੈ ਤੇ ‘ਬਾਹੂ’
ਵੀ ਹੈ।
-
ਡਾ.
ਜਗਤਾਰ
ਫਿਰ ਪੰਜਾਬੀ ਆਪਣੀ ਮਾਂ ਬੋਲੀ ਤੋਂ ਦੂਰ
ਕਿਉਂ ਜਾ ਰਹੇ ਹਨ? ਕਿਉਂ
ਪੰਜਾਬੀ ਨੂੰ ਬਣਦਾ ਸਤਿਕਾਰ ਨਹੀਂ ਮਿਲ ਰਿਹਾ?
ਸਮੁੱਚਾ ਪੰਜਾਬੀ ਵਰਗ ਮੂਕ ਦਰਸ਼ਕ ਕਿਉਂ ਬਣਿਆ ਹੈ?
ਇਹਨਾਂ ਪ੍ਰਸ਼ਨਾਂ ਦੇ ਉੱਤਰਾਂ ਲਈ ਸਮੁੱਚੇ ਪੰਜਾਬੀ ਵਰਗ ਨੂੰ ਸੁਚੇਤ ਹੋਣ ਦੀ ਲੋਡ਼ ਹੈ।
ਪੰਜਾਬੀਆਂ ਨੂੰ ਹਮੇਸ਼ਾ ਧਨੀ ਰਾਮ ਚਾਤ੍ਰਿਕ ਜਾ ਦੀਆਂ ਇਹ ਕਾਵਿ ਸਤਰਾਂ ਆਪਣੀ ਮਾਨਸਿਕਤਾ ਵਿਚ
ਰੱਖਣੀਆਂ ਹੋਣ ਗੀਆਂ
ਅਸਾਂ ਨਹੀਂ ਭੁਲਾਉਣੀ ਚੰਨਾ,
ਬੋਲੀ ਏ ਪੰਜਾਬੀ ਸਾਡੀ।
ਏਹੋ ਜਿੰਦ ਜਾਨ ਸਾਡੀ,
ਮੋਤੀਆਂ ਦੀ ਖਾਨ ਸਾਡੀ,
ਹੱਥੋਂ ਨਹੀਂ ਗੁਆਉਣੀ ਚੰਨਾ,
ਬੋਲੀ ਏ ਪੰਜਾਬੀ ਸਾਡੀ।
ਤ੍ਰਿੰਞਣਾ ਭੰਡਾਰਾਂ ਵਿਚ,
ਵੰਝਲੀ ਤੇ ਵਾਰਾਂ ਵਿਚ,
ਮਿੱਠ ਤੇ ਸੁਹਾਉਣੀ ਚੰਨਾ,
ਬੋਲੀ ਏ ਪੰਜਾਬੀ ਸਾਡੀ।
ਜੋਗ ਤੇ ਕਮਾਈਆ ਵਿਚ,
ਜੰਗਾਂ ਤੇ ਲਡ਼ਾਈਆਂ ਵਿਚ,
ਏਹੋ ਜਿੰਦ ਪਾਉਣੀ ਚੰਨਾ,
ਬੋਲੀ ਏ ਪੰਜਾਬੀ ਸਾਡੀ।
ਫੁੱਲਾਂ ਦੀ ਕਿਆਰੀ ਸਾਡੀ,
ਸੁੱਖਾਂ ਦੀ ਅਟਾਰੀ ਸਾਡੀ,
ਭੁੱਲ ਕੇ ਨਹੀਂ ਢਾਉਣੀ ਚੰਨਾ,
ਬੋਲੀ ਏ ਪੰਜਾਬੀ ਸਾਡੀ।
ਮੁਖਵੀਰ ਸਿੰਘ
ਐਮ.ਏ.(ਪੰਜਾਬੀ, ਇਤਿਹਾਸ). ਐਮ.ਫਿਲ.
ਪਿੰਡ ਮੱਲ੍ਹੀਆਂ, ਡਾਕ ਦਿਆਲਪੁਰ, ਜਲੰਧਰ (ਪੰਜਾਬ)
98156 33274
mukhvir@yahoo.co.in