ਦਾ ਸਬ-ਡੋਮੇਨ

 
line decor

        ਮੁੱਖ ਪੰਨਾ      ਕਹਾਣੀਆਂ        ਲੇਖ        ਕਵਿਤਾਵਾਂ      ਦੁਰਲੱਭ ਪੁਸਤਕਾਂ        ਖੋਜ-ਪੱਤਰ      ਥੀਸਿਸ   ਵਿਆਕਰਨ     ਮਾਂ ਬੋਲੀ

line decor
ਸਬ-ਡੋਮੇਨ ਦਾ ਮੁੱਖ-ਪੰਨਾ 

 
 
 

ਜੀ ਆਇਆਂ ਨੂੰ
ਕਨੇਡਾ ਵਿਖੇ ਮਾਂ-ਬੋਲੀ ਨੂੰ ਪ੍ਰਫੁਲਤ ਕੀਤੇ ਜਾ ਰਹੇ ਉਦੱਮਾਂ ਤੇ ਵਿਸ਼ੇਸ਼ ਪੰਨਾ

ਸਾਲ 2008 ਦੇ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਤੇ ਲਿੰਕ
   

 

ਸਾਲ 2008 ਦੇ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਤੇ

 ਸਾਧੂ ਬਿਨਿੰਗ

ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਰ੍ਹੇ ਵੀ ਪਲੀ (ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ) ਵਲੋਂ 24 ਫਰਵਰੀ ਵਾਲੇ ਦਿਨ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਮਨਾਇਆ ਜਾਵੇਗਾ। ਦੁਨੀਆ ਭਰ ਵਿਚ ਮਣਾਏ ਜਾਂਦੇ ਇਸ ਦਿਨ ਦੀ ਸ਼ੁਰੂਆਤ 1999 ਵਿਚ ਹੋਈ ਜਦੋਂ ਬੰਗਲਾਦੇਸ਼ ਵਲੋਂ ਪੇਸ਼ ਕੀਤੇ ਰੈਜੋਲੂਸ਼ਨ ਦੇ ਨਤੀਜੇ ਵਜੋਂ ਯੂਨੈਸਕੋ ਨੇ ਫੈਸਲਾ ਕੀਤਾ ਕਿ ਹਰ ਵਰ੍ਹੇ 21 ਫਰਵਰੀ ਦਾ ਦਿਨ ਮਾਂ-ਬੋਲੀ ਦਿਨ ਹੋਵੇਗਾ। ਇਸ ਦਿਨ 1952 ਵਿਚ, ਬੰਗਲਾਦੇਸ਼, ਜੋ ਉਸ ਵੇਲੇ ਪੂਰਬੀ ਪਾਕਿਸਤਾਨ ਸੀ, ਵਿਚ ਆਪਣੀ ਭਾਸ਼ਾ ਦੀ ਪਹਿਚਾਣ ਲਈ ਜੱਦੋਜਹਿਦ ਕਰ ਰਹੇ ਨੌਜਵਾਨਾਂ ਨੇ ਆਪਣੇ ਜੀਵਨ ਦੀਆਂ ਕੁਰਬਾਨੀਆਂ ਦਿਤੀਆਂ ਸਨ। ਹੁਣ ਇਹ ਦਿਨ ਦੁਨੀਆ ਭਰ ਵਿਚ ਮਾਂ-ਬੋਲੀ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ।

ਪਲੀ ਵਲੋਂ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਦਾ ਇਹ ਛੇਵਾਂ ਸਲਾਨਾ ਸਮਾਗਮ ਹੋਵੇਗਾ। ਇਸ ਸਮੇਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬੀ ਬੋਲੀ ਨੂੰ ਦਰਪੇਸ਼ ਪਹਾਡ਼ਾਂ ਜਿੱਡੀਆਂ ਸਮੱਸਿਆਵਾਂ ਦੇ ਬਾਵਜੂਦ ਕੁਝ ਹਾਂ-ਪੱਖੀ ਵਿਚਾਰ ਕੀਤੇ ਜਾਣ। ਪੰਜਾਬੀਆਂ ਵਲੋਂ ਵੱਡੀ ਪੱਧਰ ਤੇ ਜੀਵਨ ਵਿਚ ਕਾਮਯਾਬ ਹੋਣ ਦੀ ਕੁਦਰਤੀ ਖਾਹਿਸ਼ ਵਿਚ ਆਪਣੀ ਮਾਂ-ਬੋਲੀ ਨੂੰ ਛੱਡ ਕੇ ਦੂਜੀਆਂ ਬੋਲੀਆਂ ਨੂੰ ਅਪਨਾਉਣ ਨਾਲ ਪੈਦਾ ਹੋਈਆਂ ਸਮੱਸਿਆਵਾਂ ਤੋਂ ਬਹੁਤੇ ਲੋਕ ਜਾਣੂ ਵੀ ਹਨ ਅਤੇ ਫਿਕਰਮੰਦ ਵੀ। ਭਾਰਤ, ਪਾਕਿਸਤਾਨ ਅਤੇ ਬਾਹਰ ਵਸਣ ਵਾਲੇ ਸੂਝਵਾਨ ਪੰਜਾਬੀ ਆਪਣੀ ਜਿੰਮੇਵਾਰੀ ਨੂੰ ਪਹਿਚਾਣਦੇ ਹੋਏ ਅਕਸਰ ਇਨ੍ਹਾਂ ਸਮੱਸਿਆਵਾਂ ਨੂੰ ਵਿਚਾਰਦੇ ਅਤੇ ਲਿਖਦੇ ਰਹਿੰਦੇ ਹਨ, ਪਰ ਬਹੁਤੀ ਵਾਰੀ, ਬਹੁਤਾ ਧਿਆਨ ਸਮੱਸਿਆਵਾਂ ਦੀ ਨਿਸ਼ਾਨਦੇਹੀ ਵੱਲ ਕੇਂਦਰਿਤ ਕੀਤਾ ਜਾਂਦਾ ਹੈ ਅਤੇ ਸਮੱਸਿਆਵਾਂ ਏਨੀਆਂ ਜਿਆਦਾ ਅਤੇ ਗੰਭੀਰ ਹਨ ਕਿ ਪਡ਼੍ਹਨ-ਸੁਣਨ ਵਾਲਾ ਸਗੋਂ ਹੋਰ ਨਿਰਾਸ਼ ਹੋ ਜਾਂਦਾ ਹੈ।

ਪਲੀ ਵਿਚ ਸਰਗਰਮ ਵਿਅਕਤੀਆਂ ਨੂੰ ਇਸ ਗੱਲ ਦਾ ਕੋਈ ਭੁਲੇਖਾ ਨਹੀਂ ਹੈ ਕਿ ਅਸੀਂ ਇੱਕਲੇ ਹੀ ਪੰਜਾਬੀ ਸਬੰਧੀ ਹਰ ਮਸਲੇ ਨੂੰ ਸਮਝਦੇ ਹਾਂ ਜਾਂ ਕੋਈ ਬਹੁਤ ਵੱਡਾ ਕੰਮ ਕਰ ਸਕਦੇ ਹਾਂ। ਅਸੀਂ ਪਿਛਲੇ ਪੰਦਰਾਂ ਸਾਲਾਂ ਤੋਂ ਆਪਣੀ ਸੂਝ ਤੇ ਹਿੰਮਤ ਦੀ ਸੀਮਾ ਨੂੰ ਧਿਆਨ ਵਿਚ ਰੱਖਦਿਆਂ ਸਿਰਫ ਉਨ੍ਹਾਂ ਹੀ ਕੁਝ ਮਸਲਿਆ ਵੱਲ ਸਮਾਂ ਤੇ ਸ਼ਕਤੀ ਲਾਈ ਹੈ ਜਿਸ ਬਾਰੇ ਸਾਡੀ ਸਮਝ ਅਨੁਸਾਰ ਅਮਲੀ ਤੌਰ ਤੇ ਕੁਝ ਕੀਤਾ ਕਰਵਾਇਆ ਜਾ ਸਕਦਾ ਹੈ। ਸਾਡੇ ਸਾਹਮਣੇ ਦੋ ਮੁੱਖ ਨਿਸ਼ਾਨੇ ਹਨ। ਇਕ ਪੰਜਾਬੀ ਬੋਲੀ ਦੀ ਪਡ਼੍ਹਾਈ ਨੂੰ ਇਥੋਂ ਦੇ ਹਰ ਪੱਧਰ ਦੇ ਵਿਦਿਅਕ ਅਦਾਰਿਆਂ ਵਿਚ ਪੱਕੇ ਪੈਰੀਂ ਸਥਾਪਤ ਕਰਾਉਣਾ। ਦੂਜਾ ਪੰਜਾਬੀ ਬੋਲੀ ਨੂੰ ਕਨੇਡਾ ਵਿਚ ਇਕ ਕਨੇਡੀਅਨ ਬੋਲੀ ਦੇ ਤੌਰ ਤੇ ਮਾਨਤਾ ਦੁਆਉਣੀ।

ਉੱਪਰ ਚੱਲੋ

ਆਪਣੇ ਪਹਿਲੇ ਨਿਸ਼ਾਨੇ ਨੂੰ ਲੈ ਕੇ ਸਾਡੀ ਸਰਗਰਮੀ ਦੀ ਸ਼ੁਰੂਆਤ 1993 ਵਿਚ ਉਸ ਸਮੇਂ ਹੋਈ ਜਦੋਂ ਬੀ.ਸੀ. ਦੇ ਸਕੂਲਾਂ ਵਿਚ ਪਡ਼੍ਹਾਈ ਲਈ ਨਵੀਂ ਭਾਸ਼ਾ ਨੀਤੀ ਬਣਾਈ ਜਾਣ ਦੀ ਗੱਲ ਚੱਲ ਰਹੀ ਸੀ। ਜੁਲਾਈ 1994 ਵਿਚ ਇਹ ਨਵੀਂ ਨੀਤੀ ਬਣੀ ਜਿਸ ਵਿਚ ਪੰਜਾਬੀ ਨੂੰ ਵੀ ਦੂਜੀਆਂ ਬੋਲੀਆਂ ਦੇ ਬਰਾਬਰ ਸਕੂਲਾਂ ਵਿਚ ਪਡ਼੍ਹਾਏ ਜਾਣ ਦਾ ਦਰਜਾ ਦਿੱਤਾ ਗਿਆ। ਅਸੀਂ ਉਦੋਂ ਤੋਂ ਹੀ ਬੀ.ਸੀ. ਅਤੇ ਖਾਸ ਕਰ ਵੈਨਕੂਵਰ ਦੇ ਆਸ-ਪਾਸ ਦੇ ਪਬਲਿਕ ਸਕੂਲਾਂ ਵਿਚ ਨਵੀਂ ਨੀਤੀ ਅਨੁਸਾਰ ਪੰਜਾਬੀ ਦੀ ਪਡ਼੍ਹਾਈ ਲਾਗੂ ਕਰਾਉਣ ਦੇ ਯਤਨ ਕਰ ਰਹੇ ਹਾਂ। ਹੋਰ ਵੀ ਬਹੁਤ ਸਾਰੇ ਲੋਕਾਂ ਨੇ ਆਪੋ-ਆਪਣੀ ਥਾਂ ਇਸ ਸਬੰਧੀ ਕੋਸ਼ਿਸ਼ਾਂ ਕੀਤੀਆਂ ਹਨ ਅਤੇ ਯਤਨ ਕਰ ਰਹੇ ਹਨ। ਨਤੀਜੇ ਵਜੋਂ ਕੁਝ ਪ੍ਰਾਪਤੀਆਂ ਹੋਈਆਂ ਹਨ ਪਰ ਜਿੰਨੀ ਸੰਭਾਵਨਾ ਸੀ ਜਾਂ ਹੈ ਉਸ ਨਾਲੋਂ ਕਿਤੇ ਘੱਟ। ਇਸ ਨੀਤੀ ਅਨੁਸਾਰ ਸਕੂਲਾਂ ਵਿਚ ਪੰਜਾਬੀ ਦੀ ਪਡ਼੍ਹਾਈ ਲਾਗੂ ਕਰਵਾਉਣ ਅਤੇ ਚੱਲਦੀ ਰੱਖਣ ਦੇ ਸਧਾਰਨ ਦਿਸਦੇ ਕੰਮ ਵਿਚ ਅਨੇਕਾਂ ਵੱਖੋ-ਵੱਖਰੀਆਂ ਅਡ਼ਚਨਾ ਆ ਰਹੀਆਂ ਹਨ।

ਸਕੂਲਾਂ ਵਿਚ ਪਡ਼੍ਹਾਈ ਲਾਗੂ ਕਰਾਉਣ ਵਿਚ ਆਉਂਦੀਆਂ ਸਮੱਸਿਆਵਾਂ ਵਿਚੋਂ ਇਕ ਵੱਡੀ ਸਮੱਸਿਆ ਪੰਜਾਬੀ ਮਾਪਿਆਂ, ਵਿਦਿਆਰਥੀਆਂ ਅਤੇ ਇਕ ਤਰ੍ਹਾਂ ਸਮੁੱਚੇ ਭਾਈਚਾਰੇ ਨੂੰ ਇਸ ਗੱਲ ਲਈ ਰਾਜ਼ੀ ਕਰਨਾ ਹੈ ਕਿ ਪੰਜਾਬੀ ਪਡ਼੍ਹਨੀ (ਖਾਸ ਕਰ ਸਕੂਲ ਪੱਧਰ ਤੇ) ਉਨ੍ਹਾਂ ਲਈ ਕਈ ਪੱਖਾਂ ਤੋਂ ਲਾਹੇਵੰਦ ਹੈ। ਦਰ ਅਸਲ ਇਹ ਸਮੱਸਿਆ ਹੀ ਅਸਲੀ ਜਡ਼੍ਹ ਹੈ। ਹੁਣ ਸੰਚਾਰ ਅਤੇ ਆਵਾਜਾਈ ਵਿਚ ਆਏ ਇਨਕਲਾਬ ਕਰਕੇ ਪੰਜਾਬ ਨਾਲ ਸਾਡੀ ਪਲ-ਪਲ ਦੀ ਸਾਂਝ ਹੈ। ਜਿੱਥੇ ਇਸ ਨੇ ਅਨੇਕਾਂ ਵੱਡਮੁੱਲੇ ਫਾਇਦੇ ਹਨ ਉੱਥੇ ਇਹ ਗੱਲ ਵੀ ਹੈ ਕਿ ਜਿਸ ਕਿਸਮ ਦਾ ਰਵੱਈਆ ਬਹੁਗਿਣਤੀ ਪੰਜਾਬੀਆਂ ਦਾ ਪੰਜਾਬ ਵਿਚ ਹੈ। ਖਾਸ ਕਰ ਸ਼ਹਿਰਾਂ ਅਤੇ ਉਪਰੀਆਂ ਜਮਾਤਾਂ ਵਿਚ, ਉਸ ਦਾ ਸਿੱਧਾ ਅਸਰ ਕਨੇਡਾ ਦੇ ਪੰਜਾਬੀਆਂ ਉਪੱਰ ਵੀ ਨਿੱਤ ਪੈਂਦਾ ਹੈ। ਇਸ ਨਾਲ ਉਨ੍ਹਾਂ ਨੂੰ ਇੱਥੇ ਪੰਜਾਬੀ ਦੀ ਲੋਡ਼ ਵਲ ਰੁਚਿਤ ਕਰਨਾ ਉਨਾਂ ਹੀ ਔਖਾ ਹੋ ਜਾਂਦਾ ਹੈ। ਸੋ ਸਾਡੀ ਜਾਚੇ ਮੁੱਢਲਾ ਮਸਲਾ ਪੰਜਾਬੀ ਬੋਲੀ ਦੀ ਕਨੇਡਾ ਵਿਚ ਅਹਿਮੀਅਤ ਬਾਰੇ ਆਮ ਪੰਜਾਬੀ ਦੀ ਚੇਤਨਾ ਨੂੰ ਉਭਾਰਨ ਦਾ ਹੈ। ਇਸੇ ਮਕਸਦ ਲਈ ਪਲੀ ਵਲੋਂ ਹੋਰ ਸਰਗਰਮੀਆਂ ਦੇ ਨਾਲ-ਨਾਲ ਹਰ ਵਰ੍ਹੇ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਤੇ ਗੰਭੀਰ ਵਿਚਾਰ ਵਟਾਂਦਰੇ ਦਾ ਪ੍ਰਬੰਧ ਕੀਤਾ ਜਾਂਦਾ ਹੈ।

ਪਿਛਲੇ ਵਰ੍ਹਿਆਂ ਦੇ ਸਮਾਗਮਾਂ ਵਿਚ ਅਸੀਂ ਪੰਜਾਬੀ ਅਧਿਆਪਕਾਂ, ਵਿਦਿਆਰਥੀਆਂ, ਵਿਦਿਅਕ ਅਦਾਰਿਆਂ ਦੇ ਪ੍ਰਬੰਧਕਾਂ, ਪੰਜਾਬੀ ਮੀਡੀਏ ਦੇ ਲੋਕਾਂ ਅਤੇ ਸਿਆਸੀ ਨੇਤਾਵਾਂ ਨੂੰ ਵਿਚਾਰ ਵਟਾਂਦਰੇ ਲਈ ਸੱਦਾ ਦਿੱਤਾ ਹੈ। ਇਸੇ ਹੀ ਲਡ਼ੀ ਵਿਚ ਇਸ ਸਾਲ ਅਸੀਂ ਪੰਜਾਬੀ ਭਾਈਚਾਰੇ ਵਿਚੋਂ ਕੁਝ ਸੂਝਵਾਨ ਅਤੇ ਸੰਵੇਦਨਸ਼ੀਲ ਵਪਾਰੀ ਲੋਕਾਂ ਨੂੰ ਇਕ ਪੈਨਲ ਵਿਚ ਵਿਚਾਰ ਕਰਨ ਦਾ ਸੱਦਾ ਦੇ ਰਹੇ ਹਾਂ। ਇਸ ਵਰ੍ਹੇ ਦੀ ਪੰਜਾਬੀ ਵਪਾਰੀਆਂ ਦੀ ਪੈਨਲ ਦੀ ਮਹੱਤਤਾ ਬਾਰੇ ਕੁਝ ਗੱਲਾਂ ਵਿਸਥਾਰ ਵਿਚ ਕਰਨ ਦੀ ਲੋਡ਼ ਹੈ।

ਉੱਪਰ ਚੱਲੋ

ਇਸ ਬਾਰੇ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਕਨੇਡਾ ਵਿਚ ਪੰਜਾਬੀ ਬੋਲੀ ਦੇ ਵਿਕਾਸ ਵਿਚ ਮੁਕਾਬਲਤਨ ਤੌਰ ਤੇ ਸਭ ਤੋਂ ਵੱਡਾ ਯੋਗਦਾਨ ਪੰਜਾਬੀ ਭਾਈਚਾਰੇ ਦੇ ਵਪਾਰਾਂ ਵਲੋਂ ਹੀ ਪਾਇਆ ਜਾ ਰਿਹਾ ਹੈ। ਕਨੇਡਾ ਵਿਚ ਪੰਜਾਬੀ ਬੋਲੀ ਲੋਕਾਂ ਤੱਕ ਅਖਬਾਰਾਂ, ਰੇਡੀਓ ਅਤੇ ਟੈਲੀਵਿਯਨ ਰਾਹੀਂ ਪਹੁੰਚਦੀ ਹੈ। ਇਨ੍ਹਾਂ ਸਭਨਾਂ ਨੂੰ ਸੰਭਵ ਬਣਾਉਣ ਵਾਲੀ ਸ਼ਕਤੀ ਪੰਜਾਬੀ ਵਪਾਰ ਹਨ ਜੋ ਆਪਣੇ ਕਾਰੋਬਾਰ ਦੀ ਜਾਣਕਾਰੀ ਲੋਕਾਂ ਤੱਕ ਇਨ੍ਹਾਂ ਮਾਧਿਅਮਾਂ ਰਾਹੀਂ ਪਹੁੰਚਾਉਂਦੇ ਹਨ। ਇੱਥੇ ਇਹ ਗੱਲ ਮੰਨਣ ਵਿਚ ਕੋਈ ਵੀ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿ ਪੰਜਾਬੀ ਵਪਾਰਾਂ ਦਾ ਨਿਸ਼ਾਨਾ ਕਨੇਡਾ ਵਿਚ ਪੰਜਾਬੀ ਬੋਲੀ ਦਾ ਵਿਕਾਸ ਨਹੀਂ ਸਗੋਂ ਆਪਣੇ ਵਪਾਰਾਂ ਦਾ ਵਾਧਾ ਹੈ। ਇਸ ਮਕਸਦ ਲਈ ਉਹ ਪੰਜਾਬੀ ਲੋਕਾਂ ਤੱਕ ਪਹੁੰਚ ਲਈ ਬੋਲੀ ਦੀ ਵਰਤੋਂ ਕਰਦੇ ਹਨ ਅਤੇ ਲੋਡ਼ ਅਨੁਸਾਰ ਅੰਗਰੇਜ਼ੀ ਅਤੇ ਹਿੰਦੀ ਵੀ ਵਰਤ ਲੈਂਦੇ ਹਨ, ਪਰ ਕਿਉਂਕਿ ਕਨੇਡਾ ਵਿਚ ਅਤੇ ਖਾਸ ਕਰ ਵੈਨਕੂਵਰ ਦੇ ਆਲੇ-ਦੁਆਲੇ ਪੰਜਾਬੀਆਂ ਦੀ ਬਹੁਤ ਵੱਡੀ ਵਸੋਂ ਹੈ। ਇਸ ਲਈ ਪੰਜਾਬੀ ਬੋਲੀ ਦੀ ਇਸ ਵੇਲੇ ਵਰਤੋਂ ਕਾਫੀ ਵੱਡੀ ਪੱਧਰ ਤੇ ਹੋ ਰਹੀ ਹੈ। ਨਤੀਜੇ ਵਜੋਂ ਪੰਜਾਬੀ ਵਪਾਰੀ ਭਾਈਚਾਰਾ ਪੰਜਾਬੀ ਬੋਲੀ ਦੇ ਵਿਕਾਸ ਵਿਚ ਵੱਡਾ ਯੋਗਦਾਨ ਪਾ ਰਿਹਾ ਹੈ, ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਪੰਜਾਬੀ ਵਪਾਰੀ ਭਾਈਚਾਰਾ ਪੰਜਾਬੀ ਬੋਲੀ ਦੀ ਕਨੇਡਾ ਵਿਚ ਸਾਂਭ-ਸੰਭਾਲ, ਵਿਕਾਸ ਅਤੇ ਅਗਲੀਆਂ ਪੀਡ਼੍ਹੀਆਂ ਨੂੰ ਪੰਜਾਬੀ ਨਾਲ ਪੱਕੇ ਤੌਰ ਤੇ ਜੋਡ਼ਨ ਵਾਸਤੇ ਹੋਰ ਵੀ ਵੱਧ ਹਿੱਸਾ ਪਾ ਸਕਦਾ ਹੈ। ਇਸ ਪੈਨਲ ਰਾਹੀਂ ਬੋਲੀ ਦੇ ਵਿਕਾਸ ਅਤੇ ਪਡ਼੍ਹਾਈ ਸਬੰਧੀ ਹੋਰ ਸਿੱਧੇ ਯੋਗਦਾਨ ਦੀਆਂ ਸੰਭਾਵਨਾਵਾਂ ਨੂੰ ਵਿਚਾਰਿਆ ਜਾਵੇਗਾ। ਉਦਾਹਰਣ ਵਜੋਂ ਪੰਜਾਬੀ ਵਪਾਰੀ ਭਾਈਚਾਰਾ ਕਨੇਡਾ ਵਿਚ ਪੰਜਾਬੀ ਬੋਲੀ ਦੇ ਵਿਕਾਸ ਅਤੇ ਪਡ਼੍ਹਾਈ ਸਬੰਧੀ ਆਉਂਦੀਆਂ ਹੇਠ ਲਿਖੀਆਂ ਅਤੇ ਅਜਿਹੀਆਂ ਹੋਰ ਸਮੱਸਿਆਵਾਂ ਵਿਚ ਆਰਥਿਕ ਸਹਿਯੋਗ ਦੇ ਕੇ ਮਦਦਗਾਰ ਹੋ ਸਕਦਾ ਹੈ। 

  • ਆਮ ਪੰਜਾਬੀਆਂ ਵਿਚ ਪੰਜਾਬੀ ਪ੍ਰਤੀ ਚੇਤਨਾ ਵਧਾਉਣ ਲਈ ਮਲਟੀਮੀਡੀਆ ਪ੍ਰੋਮੋਸ਼ਨਲ ਮੈਟੀਰੀਅਲ ਤਿਆਰ ਕਰਵਾਉਣਾ।
  • ਸਕੂਲਾਂ ਵਿਚ ਪੰਜਾਬੀ ਪਡ਼੍ਹਾਉਣ ਲਈ ਯੋਗ ਕਿਤਾਬਾਂ ਤੇ ਕੰਪਿਊਟਰ ਦੇ ਸਾਫਟਵੇਅਰ ਤਿਆਰ ਕਰਵਾਉਣੇ।
  • ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੰਜਾਬੀ ਪਡ਼੍ਹ ਰਹੇ ਵਿਦਿਆਰਥੀਆਂ ਨੂੰ ਇਨਾਮਾਂ, ਵਜੀਫਿਆਂ ਆਦਿ ਰਾਹੀਂ ਮਾਇਕ ਸਹਾਇਤਾ ਦੇ ਕੇ ਪੰਜਾਬੀ ਦੀ ਅੱਗੋਂ ਹੋਰ ਪਡ਼੍ਹਾਈ ਲਈ ਉਤਸਾਹਿਤ ਕਰਨਾ।
  • ਕਨੇਡਾ ਵਿਚ ਪੰਜਾਬੀ ਦੀ ਉੱਚ ਪੱਧਰੀ ਪਡ਼੍ਹਾਈ ਬੀ.ਏ., ਐਮ.ਏ. ਅਤੇ ਪੀ.ਐਚ.ਡੀ. ਦੀਆਂ ਡਿਗਰੀਆਂ ਚਾਲੂ ਕਰਵਾਉਣ ਲਈ ਵਿਦਿਅਕ ਅਦਾਰਿਆਂ ਨੂੰ ਲੋਡ਼ੀਂਦਾ ਆਰਥਿਕ ਸਹਿਯੋਗ ਦੇਣ ਦਾ ਭਰੋਸਾ ਦਿਵਾਉਣਾ।
  • ਲਿਖਤੀ ਵਪਾਰਿਕ ਇਸ਼ਤਿਹਾਰਾਂ ਵਿਚ ਢੁੱਕਵੇਂ ਪੰਜਾਬੀ ਸ਼ਬਦ ਅਤੇ ਪੰਜਾਬੀ ਸ਼ਬਦ ਜੋਡ਼ਾਂ ਵੱਲ ਧਿਆਨ ਦੇਣ ਨਾਲ ਅਤੇ ਵੱਧ ਤੋਂ ਵੱਧ ਦੁਕਾਨਾਂ ਦੇ ਨਾਂਅ ਅਤੇ ਜਾਣਕਾਰੀ ਪੰਜਾਬੀ ਵਿਚ ਲਿਖਣ ਨਾਲ।

ਇਹ ਉੱਪਰ ਦਿੱਤੀਆਂ ਕੁਝ ਉਦਾਹਰਣਾਂ ਹਨ। ਬੋਲੀ ਨਾਲ ਸਬੰਧਤ ਇਹੋ ਜਿਹੇ ਹੋਰ ਵੀ ਬਹੁਤ ਸਾਰੇ ਪਹਿਲੂ ਹਨ ਜਿਨ੍ਹਾਂ ਵਿਚ ਪੰਜਾਬੀ ਵਪਾਰੀ ਭਾਈਚਾਰਾ ਸਿੱਧੇ ਤੌਰ ਤੇ ਆਪਣਾ ਯੋਗਦਾਨ ਪਾ ਸਕਦਾ ਹੈ।

ਉੱਪਰ ਚੱਲੋ

ਇੱਥੇ ਇਹ ਸਵਾਲ ਉਠਾਉਣਾ ਤੇ ਵਿਚਾਰਣਾ ਵੀ ਕੁਥਾਵਾਂ ਨਹੀਂ ਕਿ ਪੰਜਾਬੀ ਭਾਈਚਾਰਾ ਇਹ ਸਭ ਕੁਝ ਕਿਉਂ ਕਰੇ? ਇਹ ਬਹੁਤ ਮਹੱਤਵਪੂਰਨ ਸਵਾਲ ਹੈ ਜਿਸ ਤੇ ਵਿਚਾਰ ਕਰਨਾ ਜਰੂਰੀ ਹੈ। ਅਸੀਂ ਸਾਰੇ ਭਲੀ-ਭਾਂਤ ਜਾਣਦੇ ਹਾਂ ਕਿ ਇਥੇ ਬੋਲੀਆਂ ਜਾਂਦੀਆਂ ਬਹੁਤ ਸਾਰੀਆਂ ਹੋਰ ਬੋਲੀਆਂ, ਜਿਵੇਂ ਕਿ ਚੀਨੀ, ਜਾਪਾਨੀ ਆਦਿ ਤੋਂ ਉਲਟ, ਪੰਜਾਬੀ ਬੋਲੀ ਦੀ ਫਿਕਰ ਕਰਨ ਵਾਲੀ ਕੋਈ ਸਟੇਟ ਸ਼ਕਤੀ ਨਹੀਂ ਹੈ। ਕਨੇਡਾ ਦੀ ਸਰਕਾਰ ਨੇ ਅਜੇ ਤੱਕ ਪੰਜਾਬੀ ਬੋਲੀ ਨੂੰ ਕਨੇਡਾ ਦੀ ਇਕ ਬੋਲੀ ਵਜੋਂ ਮਾਨਤਾ ਨਹੀਂ ਦਿੱਤੀ। ਇਸ ਕਰਕੇ ਕਨੇਡਾ ਵਿਚ ਪੰਜਾਬੀ ਬੋਲੀ ਦੀ ਸਾਂਭ-ਸੰਭਾਲ ਲਈ ਕਨੇਡਾ ਦੀ ਸਟੇਟ ਆਪਣੇ ਆਪ ਨੂੰ ਜਿੰਮੇਵਾਰ ਨਹੀਂ ਸਮਝਦੀ। ਪਾਕਿਸਤਾਨ ਵਿਚ ਜਿੱਥੇ ਦੀ ਕੁੱਲ ਆਬਾਦੀ ਵਿਚ 63 ਪ੍ਰਤੀਸ਼ਤ ਤੋਂ ਉਪੱਰ ਪੰਜਾਬੀ ਬੋਲਣ ਵਾਲੇ ਲੋਕ ਹਨ। ਪੰਜਾਬੀ ਨੂੰ ਇਕ ਆਧੁਨਿਕ ਬੋਲੀ ਵਜੋਂ ਹੀ ਮਾਨਤਾ ਨਹੀਂ ਦਿੱਤੀ ਜਾ ਰਹੀ। ਸੋ ਉਹਨਾਂ ਕੋਲੋਂ ਪੰਜਾਬੀ ਬੋਲੀ ਦਾ ਫਿਕਰ ਕਰਨ ਦੀ ਕੋਈ ਆਸ ਨਹੀਂ ਰੱਖੀ ਜਾ ਸਕਦੀ। ਭਾਰਤੀ ਪੰਜਾਬ ਵਿਚ ਪੰਜਾਬੀ ਸਰਕਾਰੀ ਬੋਲੀ ਤਾਂ ਹੈ ਪਰ ਸਰਕਾਰ ਇਸ ਨੂੰ ਪ੍ਰਫੁਲਤ ਕਰਨ ਵੱਲ ਲੋਡ਼ੀਂਦਾ ਧਿਆਨ ਦੇਣ ਲਈ ਤਿਆਰ ਨਹੀਂ। ਕਨੇਡਾ ਵਿਚ ਪੰਜਾਬੀ ਬੋਲੀ ਸਬੰਧੀ ਕਿਸੇ ਕਿਸਮ ਦੇ ਸਹਿਯੋਗ ਦੀ ਉਨ੍ਹਾਂ ਕੋਲੋਂ ਆਸ ਰੱਖਣੀ ਗਲਤ ਹੋਵੇਗੀ। ਸੋ ਪੰਜਾਬੀ ਬੋਲੀ ਆਪਣੀਆਂ ਲੋਡ਼ਾਂ ਲਈ ਕਿਸ ਅੱਗੇ ਹੱਥ ਅੱਡੇ? ਅਸੀਂ ਸਮਝਦੇ ਹਾਂ ਕਿ ਕਨੇਡਾ ਵੱਸਦੇ ਪੰਜਾਬੀ ਭਾਈਚਾਰੇ ਦੇ ਵਪਾਰ ਸਟੇਟ ਦੀ ਅਣਹੋਂਦ ਨੂੰ ਪੂਰਾ ਕਰ ਸਕਦੇ ਹਨ, ਪਰ ਇਹੋ ਜਿਹੀ ਸ਼ਕਤੀ, ਦਲੀਲ, ਸੰਸਥਾ ਜਾਂ ਵਿਅਕਤੀ ਨਹੀਂ ਹੈ ਜੋ ਪੰਜਾਬੀ ਵਪਾਰੀਆਂ ਨੂੰ ਇਸ ਗੱਲ ਲਈ ਮਜ਼ਬੂਰ ਕਰ ਸਕੇ। ਸੋ ਇਹ ਗੱਲ ਉਨ੍ਹਾਂ ਦੇ ਆਪਣੇ ਵਿਚਾਰਨ ਦੀ ਹੈ ਕਿ ਉਹ ਆਪਣੀ ਮਾਂ-ਬੋਲੀ ਨੂੰ ਕਨੇਡਾ ਵਿਚ ਪੱਕੇ ਤੌਰ ਤੇ ਸਥਾਪਤ ਕਰਨ ਵਿਚ ਕੀ ਯੋਗਦਾਨ ਪਾਉਣਾ ਚਾਹੁੰਦੇ ਹਨ।

ਅਸੀਂ ਆਸ ਕਰਦੇ ਹਾਂ ਕਿ ਪੰਜਾਬੀ ਭਾਈਚਾਰੇ ਦੇ ਵਪਾਰੀ ਵੀਰ ਇਨ੍ਹਾਂ ਮਸਲਿਆਂ ਵੱਲ ਧਿਆਨ ਦੇਣਗੇ। ਪਲੀ ਦੀ 24 ਫਰਵਰੀ ਵਾਲੇ ਦਿਨ ਦੀ ਪੈਨਲ ਤੇ ਵੀ ਉਮੀਦ ਹੈ ਕਿ ਉੱਥੇ ਇਹ ਗੱਲਾਂ ਵਿਚਾਰੀਆਂ ਜਾਣਗੀਆਂ। ਪਰ ਸਾਡੀ ਇਹ ਵੀ ਆਸ ਹੈ ਕਿ ਕਨੇਡਾ ਵਿਚ ਵੱਖ-ਵੱਖ ਹਿੱਸਿਆਂ ਵਿਚ ਪੰਜਾਬੀ ਵਪਾਰੀਆਂ ਦੀਆਂ ਆਪਣੀਆਂ ਜੱਥੇਬੰਦੀਆਂ ਵਿਚ ਵੀ ਇਹ ਮਸਲੇ ਉਨ੍ਹਾਂ ਦੇ ਏਜੰਡਿਆਂ ਦਾ ਹਿੱਸਾ ਬਣਨਗੇ।

ਪਲੀ (ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ) ਵਲੋਂ ਐਤਵਾਰ 24 ਫਰਵਰੀ 2008 ਵਾਲੇ ਦਿਨ ਸਰੀ ਦੇ ਹਵੇਲੀ ਰੈਸਟੋਰੈਂਟ ਵਿਚ (8220-120) ਵਿਚ ਸਵੇਰੇ ਦਸ ਵਜੇ ਤੋਂ ਪੰਜ ਵਜੇ ਤੱਕ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਤੇ ਸਮਾਗਮ ਹੋ ਰਿਹਾ ਹੈ। ਇਸ ਵਿਚ ਪੰਜਾਬੀ ਵਪਾਰੀ ਭਾਈਚਾਰੇ ਦੀਆਂ ਜਾਣੀਆਂ ਜਾਂਦੀਆਂ ਸ਼ਖਸੀਅਤਾਂ ਦੀ ਇਕ ਪੈਨਲ ਪੰਜਾਬੀ ਬੋਲੀ ਨਾਲ ਸਬੰਧਤ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕਰੇਗੀ। ਇਸ ਤੋਂ ਇਲਾਵਾ ਹੋਰ ਸੂਝਵਾਨ ਭੱਦਰਪੁਰਸ਼ ਵੀ ਪੰਜਾਬੀ ਬੋਲੀ ਨਾਲ ਸਬੰਧਤ ਮਸਲਿਆਂ ਬਾਰੇ ਆਪਣੇ ਵਿਚਾਰ ਰੱਖਣਗੇ।

ਸਾਧੂ ਬਿਨਿੰਗ ਪੰਜਾਬੀ ਲੇਖਕ ਹਨ ਅਤੇ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਵਿਚ ਪਡ਼੍ਹਾਉਂਦੇ ਹਨ

ਈ-ਮੇਲsadhu.binning@gmail.com

ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਦਾ ਸੱਦਾ ਪੱਤਰ


 


 
 
 
             

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
               Challengers Software Technologies (Pioneers in publishing web-content in Hindi & Punjabi)
               SCO 64, First Floor, Sector 40-C, CHANDIGARH (UT) INDIA
               Phone: 91-172-2699064, 4633064, 091-98766 86555
               contact: info.punjab@gmail.com