ਵਿਸ਼ਵ ਵਸੋਂ ਦਿਵਸ
ਗਿਆਰਾਂ
ਜੁਲਾਈ ਦਾ ਸੰਸਾਰ ਵਿਚ ਵਸੋਂ ਦਿਨ ਵਜੋਂ ਮਨਾਇਆ ਜਾਂਦਾ ਹੈ ਅਜ ਮਨਾਇਆ ਵੀ ਗਿਆ। ਅੱਛੀ
ਗੱਲ ਹੈ ਦਿਨ ਮਨਾਓਣੇ ਹੀ ਚਾਹੀਦੇ ਹਨ, ਵਰਨਾ ਅਫਸਰ ਤੇ ਨੇਤਾਵਾਂ ਲਈ ਕੰਮ ਹੀ ਕੀ ਰਹਿ
ਜਾਵੇਗਾ ਕਰਨ ਲਈ ਵੇਹਲੇ ਨਾ ਹੋ ਜਾਣਗੇ ਸਾਰੇ ਦੇ ਸਾਰੇ, ਨਾਲੇ ਸਕੂਲਾਂ ਦੇ ਛੋਟੇ ਬੱਚੇ
ਕੀ ਕੰਮ ਆਵਣਗੇ।
ਅੱਜ ਅਸਲ
ਵਿਚ ਹੋਇਆ ਹੀ ਇੰਜ। ਸਵੇਰ ਲੱਗਭਗ ਹਰ ਸ਼ਹਿਰ ਦੇ ਸਕੂਲਾਂ ਦੀ ਪ੍ਰਾਰਥਨਾ ਬਾਦ ਬਚਿੱਆਂ ਨੂੰ
ਕਤਾਰ ਵਿਚ ਇਕੱਠਾ ਕਰ ਸ਼ਹਿਰ ਦੀ ਤਪਦੀਆਂ ਸੜਕਾਂ ਤੇ ਹਥਾਂ ਵਿਚ ਬੈਨਰ ਪਕੜਾ ਦਿਤੇ ਗਏ ਤੇ
ਉਡੀਕ ਕਰਨ ਲੱਗੇ ਕੇ ਕੋਈ ਵੱਡਾ ਨੇਤਾ ਜਾਂ ਅਫਸਰ ਆਵੇ ਤੇ ਤੁਰਨ ਲਈ ਹਰੀ ਝੰਡੀ ਹਿਲਾਵੇ
ਤਾਂ ਕਿ ਵਿਸਵ ਵਸੋਂ ਦਿਵਸ ਦੀ ਪੈਦਲ ਰੈਲੀ ਤੁਰੇ। ਝੰਡੀ ਵਿਖਾਈ ਗਈ ਰੈਲੀ ਤੁਰ ਪਈ।
ਮੂਹਰੇ ਮੂਹਰੇ ਕੁਝ ਪਤਵੰਤੇ ਜਿੰਨਾਂ ਨੇ ਰੰਗਬਰੰਗੇ ਰੀਬਨਾ ਨਾਲ ਸਜੇ ਬੈਜ ਲਗਾਏ ਹੋਵੇ ਸਨ
ਪਿੱਛੇ ਸਨ ਮਾਸਟਰ ਤੇ ਬੱਚੇ।
ਇਹ ਪੰਤਵੰਤੇ
ਕੁਝ ਡਿੰਗ ਤੁਰੇ, ਥੱਕ ਗਏ ਵਿਚਾਰੇ, ਏਅਰ ਕੰਡੀਸ਼ਨ ਕਾਰਾਂ ਗਡੀਆਂ ਵਿਚ ਆਣਜਾਣ ਵਾਲੇ
ਕਿਹੜਾ ਕਦੇ ਪੈਦਲ ਤੁਰੇ ਸਨ ਉਹ ਵੀ ਹਿਯੂਮਸ ਭਰੀ ਗਰਮੀ ਵਿਚ। ਇਸ਼ਾਰਾ ਕੀਤਾ ਸ਼ੂ ਸ਼ੂ
ਕਰਦੀਆਂ ਗਡੀਆਂ ਆਈਆਂ, ਬੈਠੇ ਤੇ ਉੱਡ ਗਏ। ਰਹਿ ਗਏ ਵਿਚਾਰੇ ਸਕੂਲੀ ਬੱਚੇ ਤੇ ਕੰਟਰੋਲ
ਕਰਦੇ ਮਾਸਟਰ ਤੇ ਭੈਣ ਜੀਆਂ।
ਕਾਲੀ ਲੁੱਕ
ਦੀ ਸੜਕ ਉਤੇ ਸੂਰਜ ਦੇਵਤਾ ਦੀ ਕ੍ਰਿਪਾ ਅਤੇ ਸਮੇ ਪਹਿਲੋਂ ਪਈ ਬਰਸਾਤ ਦੀ ਮੇਹਰ ਕਾਰਣ
ਰੈਲੀ ਵਿਚ ਸਾਮਲ ਸਾਰੇ ਜਣੇ ਮੁੜ੍ਹਕੇ ਨਾਲ ਬੇਹਾਲ ਹੋਈ ਜਾ ਰਹੇ ਸਨ। ਇੰਜ ਲਗ ਰਿਹਾ ਸੀ
ਜਿਵੇ ਕੁਦਰਤ ਭੋਤਿਕ ਵਿਗਿਆਨ ਦੇ ਪਾਠ ਪੜ੍ਹਾ ਰਹੀ ਹੋਵੇ। ਕੇਹੜਾ ਅੱਜ ਨਵੀਂ ਗਲ ਹੋ ਰਹੀ
ਹੈ, ਰੋਜ ਹੀ ਅਜੇਹਾ ਵਾਤਾਵਰਣ ਹੰਦਾ ਹੈ ਸਰਕਾਰੀ ਸਕੂਲਾਂ ਵਿਚ ਬਿਜਲੀ ਦੇ ਲੰਮੇ ਕੱਟਾਂ
ਸਮੇਂ।
ਮੈਂ ਰੈਲੀ
ਦੇ ਬੱਚਿਆਂ ਨੂੰ ਪੁੱਛ ਬੈਠਾ ਕਿ ਪੁੱਤਰੋ ਅੱਜ ਇਹ ਇਕੱਠ ਕਿਸ ਲਈ। ਪਤਾ ਨਹੀਂ ਅੰਕਲ ਜੀ
ਰੈਲੀ ਕਾਹਦੇ ਲਈ ਹੈ, ਬੱਚਿਆਂ ਕਿਹਾ। ਇਕ ਵਿਦਆਰਥੀ ਨੇ ਦੱਸਿਆ ਕਿ ਅੰਕਲ ਜੀ, ਟੀਚਰ ਕਹਿ
ਰਹੇ ਸਨ ਕਿ ਅੱਜ ਸੰਸਾਰ ਵਸੋਂ ਦਿਵਸ ਹੈ, ਦਸਦੇ ਸਨ ਕਿ ਦੁਨੀਆਂ ਦੀ ਅਬਾਦੀ ਵਧ ਰਹੀ ਹੈ
ਇਸ ਵੱਲ ਧਿਆਨ ਦਿਵਾਉਣਾ ਹੈ ਲੋਕਾਂ ਦਾ। ਜਿਗਿਆਸਾ ਵਜੋਂ ਮੈ ਕਹਿ ਬੈਠਾ ਕੇ ਕੋਣ ਵਧਾ
ਰਿਹਾ ਹੈ ਅਬਾਦੀ, ਬੱਚੇ ਨੇ ਤੁੰਰਤ ਉੱਤਰ ਦਿਤਾ ਜੀ ਅਸੀਂ ਤਾਂ ਨਹੀਂ ਵਧਾ ਰਹੇ, ਵਿਆਹੇ
ਲੋਕ ਵਧਾਉਦੇ ਹਨ ਅਬਾਦੀ ਨੂੰ। ਅੰਕਲ ਨਾਲੇ ਸਾਡਾ ਕੇਹੜਾ ਅਜੇ ਵਿਆਹ ਹੋਇਆ ਹੈ, ਜਦ ਵਿਆਹੇ
ਜਾਵਾਂਗੇ ਦੇਖੀ ਜਾਓ ਤਦੋ ਸੋਚਾਂਗੇ ਹੁਣੇ ਤੋਂ ਕਿਉਂ ਟੈਨਸ਼ਨ ਲਈਏ। ਬੱਚੇ ਦੇ ਉਤਰ ਨੇ
ਮੈਨੂੰ ਹੱਕਾ ਬੱਕਾ ਕਰ ਦਿਤਾ। ਅੰਕਲ ਜੀ ਸਾਨੂੰ ਸਾਰੇ ਦਿਵਸਾਂ ਦਾ ਪਤਾ ਹੈ, ਅਸੀਂ ਹੀ
ਤਾਂ ਹੁੰਦੇ ਹਾਂ ਮੁਫਤ ਵਿਚ ਹਰ ਰੈਲੀ ਦੀ ਸ਼ਾਨ।
ਇਕ ਬੱਚੇ ਨੇ
ਕਿਹਾ ਸਰ ਦੋ ਕਿਲੋ ਮੀਟਰ ਤੁਰ ਆਏ ਹਾਂ ਪਿਆਸ ਲਗੀ ਹੈ, ਪਾਣੀ ਹੀ ਪਿਆ ਦਿਓ। ਕਿਸੇ ਨੇ
ਨਹੀ ਪੁਛਿਆ ਪਾਣੀ ਸਾਨੂੰ। ਮੈ ਇਸ ਪੁਕਾਰ ਤੇ ਝੰਜੋਟਿਆ ਗਿਆ, ਸੱਚ ਵਿਚ ਪਾਣੀ ਦਾ ਕਿਤੇ
ਵੀ ਕੋਈ ਇੰਤਜਾਮ ਨਹੀਂ ਸੀ ਕਿਸੇ ਲਈ। ਬਹੁਤ ਭੱਜਦੋੜ ਕਰ ਬੱਚੇ ਨੂੰ ਪਾਣੀ ਪਿਲਾ ਸਕਿਆ।
ਕਿਉ ਕੱਢੀਆਂ ਜਾਂਦੀਆਂ ਹਨ ਇਸ ਕਿਸਮ ਦੀ ਰੈਲੀਆਂ ਜਿਨਾ ਵਿਚ ਯੋਗ ਪ੍ਰਬੰਧ ਨਹੀ ਹੰਦੇ
ਪਾਣੀ ਦੇ, ਡਾਕਟਰੀ ਸਹੂਲਤਾਂ ਦੇ। ਬੱਚਿਆਂ ਦੀ ਮਲੂਕ ਜਿੰਦਾਂ ਨਾਲ ਕਿਓ ਖਿਲਵਾੜ ਕਰਦੇ
ਹਾਂ ਅਸੀਂ?
ਪੜ੍ਹੇ ਲਿਖੇ
ਅਤੇ ਸਹਿਰਾਂ ਦੇ ਲੋਕਾਂ ਦੇ ਅੱਜਕਲ ਮਸਾਂ ਇਕ ਜਾਂ ਦੋ ਬੱਚੇ ਹੀ ਹੁੰਦੇ ਹਨ। ਵੱਧ ਬੱਚੇ
ਪਾਲਣ ਦਾ ਹੀਆ ਹੀ ਨਹੀ। ਹਾਸੇ ਵਾਲੀ ਗੱਲ ਹੈ ਕਿ ਵੱਧ ਰਹੀ ਅਬਾਦੀ ਦਾ ਸੁਨੇਹਾ ਜਿਨਾਂ
ਨੂੰ ਦੇਣ ਜਾ ਪਹੁੰਚਾਣ ਦੀ ਲੋੜ ਹੈ ਉਨਾਂ ਤੱਕ ਤਾਂ ਕਦੇ ਕੋਈ ਅੱਪੜਦਾ ਹੀ ਨਹੀ। ਮੇਰਾ
ਇਸ਼ਾਰਾ ਝੁੱਗੀ ਝੋਪੜੀਆਂ ਤੇ ਪੰਜਾਬ ਦੀ ਅਬਾਦੀ ਵਿਚ ਵਾਧਾ ਕਰਨ ਵਾਲੇ ਪਰਵਾਸੀ ਲੋਕਾਂ ਵੱਲ
ਹੈ, ਜਿਨਾਂ ਲਈ ਜਿਤਨੇ ਵੱਧ ਬੱਚੇ ਉਤਨੀ ਵੱਧ ਆਮਦਨ ਦਾ ਹੋਕਾ ਹੈ। ਇਨਾਂ ਨੇ ਕੀ ਲੈਣਾਂ
ਹੈ ਅਜੇਹੇ ਦਿਨ ਦਿਹਾੜਿਆਂ ਤੋ। ਅਸੀ ਤਾਂ ਥਾਂ ਥਾਂ ਲੰਗਰ ਲਾ ਕੇ ਧਰਮ ਦੇ ਨਾ ਤੇ
ਪਰਵਾਸੀਆਂ ਨੂੰ ਹੀ ਪਾਲ ਰਹੇ ਹਾਂ।
ਸਰਕਾਰ ਤੇ
ਸਮੂਹ ਸਮਾਜ ਵਲੋ ਅਬਾਦੀ ਨੂੰ ਰੋਕਨ ਦੇ ਜ਼ਰੀਏ ਹਰ ਸਮੇ ਅਸਫਲ ਰਹੇ ਕਿਉਂ ਕਿ ਕੋਈ ਸਹੀ
ਟਾਰਗਟ ਹੀ ਨਹੀ ਹੈ। ਗਲ਼ਤ ਖੁੱਡ ਛੋਹੋਗੇ ਤਾਂ ਸੱਪ ਡੰਗੇਗਾ ਹੀ। ਜ਼ਬਰਨ ਨਸਬੰਦੀ ਵੀ
ਫੇਲ੍ਹ ਰਹੀ ਸਰਕਾਰ ਦੀ ਤੇ ਡਾਕਟਰਾਂ ਦੀ। ਦਿਨ ਦਿਹਾੜੇ ਛੱਡ, ਸਹੀ ਸਕੀਮਾਂ ਘੜੀਆਂ ਜਾਣ
ਤੇ ਸਹੀ ਥਾਂ ਪਹੁੰਚਣ ਦੀ ਲੋੜ ਹੈ। ਸੱਚ ਹੈ ਸਕੂਲ ਦੇ ਬੱਚਿਆਂ ਨੇ ਰੈਲੀਆਂ ਕਰ ਸੱਮਸਿਆ
ਦਾ ਹੱਲ ਥੋੜੇ ਹੀ ਹੋਣ ਵਾਲਾ ਹੈ। ਸਮਾਂ ਬਦਲ ਗਿਆ ਹੈ ਅੱਜਕਲ ਰੈਲੀਆਂ ਦਾ ਕੋਈ ਪ੍ਰਭਾਵ
ਨਹੀਂ ਰਿਹਾ। ਬੱਚਿਆਂ ਨੂੰ ਪੜ੍ਹਣ ਦਿਓ ਤੇ ਅਧਿਆਪਕਾਂ ਨੂੰ ਪੜ੍ਹਾਣ। ਜਿਸ ਵਰਗ ਵਿਚ
ਅਬਾਦੀ ਵੱਧ ਹੈ ਜਾਂ ਜਿਨ੍ਹਾਂ ਵੱਲੋ ਵਧਾਈ ਜਾ ਰਹੀ ਹੈ ਉਨਾਂ ਤੱਕ ਪਹੁੰਚਣ ਦੀ ਕੋਸ਼ਿਸ਼
ਕੀਤੀ ਜਾਣੀ ਬਹੁਤ ਜਰੂਰੀ ਹੈ ਤਾਂ ਹੀ ਅਜੇਹੇ ਦਿਨਾਂ ਦੀ ਕੋਈ ਸਾਰਥਕਤਾ ਹੋਵੇਗੀ।
ਡਾ:
ਰਿਪੁਦਮਨ ਸਿੰਘ
134-ਐਸ,
ਸੰਤ ਨਗਰ,
ਪਟਿਆਲਾ
147001
ਮੋ:
9815200134
ਉੱਪਰ ਚੱਲੋ