ਮੇਰੀ ਮਾਂ ਬੋਲੀ
ਪੰਜਾਬੀ
-
ਵਿਅੰਗ
ਡਾ. ਫ਼ਕੀਰ ਚੰਦ ਸ਼ੁਕਲਾ
ਮੈਂ ਪਿੰਡ ਦਾ
ਜੰਮਪਲ ਹਾਂ ਅਤੇ ਸਕੂਲੀ ਸਿੱਖਿਆ ਵੀ ਆਪਣੇ ਪਿੰਡ ਖਿਜਰਾਬਾਦ ਵਿਚ ਰਹਿ ਕੇ ਹਾਸਲ ਕੀਤੀ ਹੈ
ਮੇਰੀ ਮਾਂ ਬੋਲੀ ਵੀ ਪੰਜਾਬੀ ਹੈ ਪਰ ਫੇਰ ਵੀ ਮੈਂ ਜਿਆਦਾਤਰ ਹਿੰਦੀ ਵਿਚ ਹੀ ਲਿਖਦਾ ਰਿਹੈਂ
ਅਤੇ ਹੈਲਥ ਬਾਰੇ ਤਾਂ ਹਿੰਦੀ ਤੋਂ ਇਲਾਵਾ ਅੰਗ੍ਰੇਜੀ ਵਿਚ ਹੀ ਜਿਆਦਾ ਲਿਖਿਆ ਹੋਵੇਗਾ। ਉਂਜ
ਵੇਖਿਆ ਜਾਵੇ ਤਾਂ ਹਿੰਦੀ ਜਾਂ ਅੰਗ੍ਰੇਜੀ ਵਿਚ ਲਿਖਣ ਨਾਲ ਇਕ ਆਰਟੀਕਲ ਦੀ ਹੀ ਉਨੀ ਪੇਮੇਂਟ ਹੋ
ਜਾਂਦੀ ਹੈ ਜਿੰਨੀ ਕਿ ਸ਼ਾਇਦ ਪੰਜਾਬੀ ਵਿਚ ਪੂਰੀ ਕਿਤਾਬ ਲਿਖਣ ਤੇ ਵੀ ਨਾ ਮਿਲੇ(ਜੇ ਭਲਾ
ਪੰਜਾਬੀ ਵਿਚ ਲਿਖਣ ਦੇ ਕੋਈ ਪੈਸੇ ਦੇਂਦਾ ਹੋਇਆ ਤਾਂ। ਇਹ ਨਹੀਂ ਕਿ ਮੈਂ ਪੰਜਾਬੀ ਵਿਚ ਉੱਕਾ
ਹੀ ਨਹੀਂ ਲਿਖਿਆ। ਪੰਜਾਬੀ ਵਿਚ ਵੀ ਮੇਰੀਆਂ ਕਈ ਕਿਤਾਬਾਂ ਛਪੀਆਂ ਹਨ ਪਰ ਹਿੰਦੀ
’ਚ
ਛਪੀਆਂ ਕਿਤਾਬਾਂ ਦੀ ਤੁਲਨਾ ਵਿਚ ਕਾਫੀ ਘੱਟ ਹਨ। ਕਈ ਵਾਰੀ ਮੈਂ ਸੋਚਦਾ ਹਾਂ ਕਿ ਪੰਜਾਬੀ ਵਿਚ
ਲਿਖਣਾ ਤਾਂ ਘਾਟੇ ਦਾ ਸੌਦਾ ਹੀ ਜਾਪਦੈ। ਜੇ ਕਿਸੇ ਚੰਗੇ ਰਸਾਲੇ ਨੂੰ ਕਹਾਣੀ ਜਾਂ ਲੇਖ ਭੇਜ
ਦੇਈਏ,
ਤਾਂ ਉਸ ਰਚਨਾ ਬਦਲੇ ਕਿਸੇ ਨੇ ਕੁਝ ਦੇਣਾ
ਤਾਂ ਇਕ ਪਾਸੇ ਰਿਹਾ,ਸਗੋਂ
ਮੂੰਹ ਚੌੜਾ ਕਰਕੇ ਆਖਣਗੇ-“ਅਸੀਂ
ਤਾਂ ਜੀ ਉਨ੍ਹ੍ਵਾਂ ਦੀਆਂ ਲਿਖਤਾਂ ਈ ਛਾਪਦੇ ਹਾਂ, ਜਿਹੜਾ ਸਾਡੇ ਪਰਚੇ ਲਈ ਚੰਦਾ ਭੇਜੇ ਤੇ ਉਹ
ਵੀ ਘੱਟੋ ਘੱਟ ਦੋ ਸਾਲ ਦਾ।
ਪਰ ਪਿੱਛੇ ਜਿਹੇ
ਅਖਬਾਰਾਂ ’ਚ
ਖਬਰਾਂ ਪੜ੍ਹ ਕੇ ਮੇਰਾ ਦਿਲ ਜਿਵੇਂ ਵਲੂੰਦਰਿਆ ਗਿਆ ਜਾਪਦਾ ਸੀ, ਖਬਰ ਹੀ ਦਿਲ ਨੂੰ ਟੁੰਭਣ
ਵਾਲੀ ਸੀ। ਵਿਦਵਾਨਾਂ ਨੇ ਯੂਨੇਸਕੋ ਦਾ ਹਵਾਲਾ ਦੇ ਕੇ ਦੱਸਿਆ ਸੀ ਕਿ ਪੰਜਾਹ ਸਾਲ ਮਗਰੋਂ ਸਾਡੀ
ਮਾਂ ਬੋਲੀ ਪੰਜਾਬੀ ਇਸ ਫਾਨੀ ਦੁਨੀਆ ਤੋਂ ਕੂਚ ਕਰ ਜਾਵੇਗੀ। ਰੱਬਾ ਮਿਹਰ ਕਰੀਂ। ਸਾਨੂੰ ਇਹੋ
ਜਿਹਾ ਦਿਨ ਨਾ ਵਿਖਾਈਂ। ਮੈਂ ਸੋਚੀਂ ਪੈ ਗਿਆ ਸਾਂ। ਰੱਬਾ ਤੂੰ ਤਾਂ ਪਹਿਲਾਂ ਹੀ ਨਾ ਸਿਰਫ
ਮੇਰੀ ਮਾਂ ਸਗੋਂ ਮੇਰੇ ਬਚਿਆਂ ਦੀ ਮਾਂ ਵੀ ਆਪਣੇ ਕੋਲ ਸੱਦ ਲਈ ਤੇ ਕੀ ਹੁਣ ਉਨ੍ਹ੍ਵਾਂ ਵਾਂਗ
ਮਾਂ ਬੋਲੀ ਪੰਜਾਬੀ ਵੀ ਮੁੜ ਕਦੇ ਨਾ ਪਰਤਣ ਵਾਲੀ ਰਾਹ ਪੈ ਜਾਵੇਗੀ,
ਸੋਚਦਿਆਂ ਸੋਚਦਿਆਂ ਮੇਰੇ ਹੌਲ ਜਿਹਾ ਪੈਣ ਲੱਗਦਾ। ਉਂਜ ਤਾਂ ਪੰਜਾਬੀ ਜੁਬਾਨ ਵਿਚ ਮੇਰੀਆਂ
ਕਿਤਾਬਾਂ ਪਹਿਲਾਂ ਵੀ ਛਪੀਆਂ ਸਨ ਪਰ ਇਸ ਵਾਰ ਮੈਂ ਜਿਵੇਂ ਯੁੱਧ ਸਤਰ ਤੇ ਕੰਮ ਸ਼ੁੱਰੂ ਕਰ
ਦਿੱਤਾ। ਪੰਜਾਬੀ ਵਿਚ ਆਪਣੀਆਂ ਕਹਾਣੀਆਂ ਦਾ ਖਰੜਾ ਤਿਆਰ ਕਰਕੇ ਇਕ ਪ੍ਰਕਾਸ਼ਕ ਦੇ ਦੁਆਰੇ ਜਾ
ਪੁੱਜਾ। ਉਸ ਖਰੜੇ ਵੱਲ ਸਰਸਰੀ ਝਾਤ ਮਾਰਦਿਆਂ ਉਸ ਆਖਿਆ-“ਤੁਸੀਂ
ਤਾਂ ਐਨੇ ਮਸ਼ਹੂਰ ਤੇ ਨਾਲੇ ਸ਼੍ਰੋਮਣੀ ਸਾਹਿਤਕਾਰ’ਦੇ
ਅਵਾਰਡ ਨਾਲ ਨਿਵਾਜੇ ਲੇਖਕ ਹੋ,ਮੈਂ
ਪੜ੍ਹ ਕੇ ਕੀ ਵੇਖਣੈ।।ਛਾਪ
ਦੇਵਾਂਗਾ”।
“ਤੇ
ਛਾਪ ਦਿਓ ਫੇਰ, ਦੇਰ ਕਾਦ੍ਹੀ ਐ?”
ਉਸ ਇਕ ਵਾਰ
ਮੇਰੇ ਚਿਹਰੇ ਵੱਲ ਤੱਕਿਆ ਤੇ ਫੇਰ ਇਕ ਦੋ ਪਲ ਸੋਚ ਕੇ ਕਹਿਣ ਲੱਗਾ-“ਗੱਲ
ਇਸ ਤਰਾਂ ਐ ਜੀ, ਕਿ ਪੰਜਾਬੀ ਵਿਚ ਤਾਂ ਉੱਕਾ ਈ ਕਿਤਾਬ ਨੀ ਵਿਕਦੀ, ਹਿੰਦੀ
’ਚ
ਹੁੰਦੀ ਤਾਂ ਹੋਰ ਗੱਲ ਸੀ”
“ਹਿੰਦੀ
’ਚ
ਤਾਂ ਜੀ ਮੈਨੂੰ ਛਾਪਣ ਵਾਲੇ ਬਥੇਰੇ ਨੇ, ”ਮੈਂ
ਆਖਿਆ,“ਪਰ
ਮੈਂ ਤਾਂ ਪੰਜਾਬੀ ਵਿਚ ਈ ਕਿਤਾਬ ਛਪਵਾਉਣੀ ਐ”।
“ਫੇਰ
ਤਾਂ ਜੀ ਥੋਨੂੰ ਦੋ ਸੌ ਕਾਪੀਆਂ ਖਰੀਦਣੀਆਂ ਪੈਣਗੀਆਂ”
ਉਸ ਆਪਣੇ ਵੱਲੋਂ ਤੁਰੰਤ ਫੈਸਲਾ ਸੁਣਾ ਦਿੱਤਾ।
“ਪਰ
ਮੈਂ ਐਨੀਆਂ ਕਿਤਾਬਾਂ ਦਾ ਕੀ ਕਰਾਂਗਾ?”
“ਯਾਰਾਂ
ਦੋਸਤਾਂ ਨੂੰ ਭੇਟ ਕਰ ਦੇਓ”
ਮੈਂ ਸੋਚੀਂ
ਪੈ ਗਿਆ ਸਾਂ ਪਰ ਮਾਂ ਬੋਲੀ ਪੰਜਾਬੀ ਲਈ ਆਪਣੀ ਸ਼ੱਰਧਾ ਸਦਕਾ ਇਹ ਕੌੜਾ ਘੁੱਟ ਭਰ ਹੀ ਲਿਆ, ਤੇ
ਹੁਣ ਮੇਰੇ ਮੂਹਰੇ ਦੋ ਸੌ ਕਿਤਾਬਾਂ ਦਾ ਢੇਰ ਲੱਗਿਆ ਹੋਇਐ, ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ
ਕਿਸ ਕਿਸ ਨੂੰ ਕਿਤਾਬ ਦੀ ਕਾਪੀ ਦੇਵਾਂ, ਮੁਫਤ ਵਿਚ ਕਿਤਾਬ ਵੰਡਣੀ ਵੀ ਮੇਰੇ ਲਈ ਮੁਸੀਬਤ ਬਣ
ਗਈ ਜਾਪਦੀ ਹੈ।
ਮੈਂ ਮੁੜ
ਸੋਚੀਂ ਪੈ ਗਿਆ ਸੀ। ਕੁਝ ਸਮਾਂ ਹੋਏ ਮੇਰੀ ਕਿਤਾਬ
“ਡਾਕਟਰ
ਬੀਬੀ ਅਤੇ ਹੋਰ ਵਿਗਿਆਨਕ ਬਾਲ ਨਾਟਕ”
ਛਪੀ ਸੀ ਤੇ ਇਸ ਕਿਤਾਬ ਤੇ ਐਵਾਰਡ ਵੀ ਮਿਲਿਆ ਸੀ, ਏਸ ਕਿਤਾਬ ਦੀਆਂ ਮੈਂ ਡੇਢ ਸੌ ਤੋਂ ਵੱਧ
ਕਾਪੀਆਂ ਭੇਟ ਕੀਤੀਆਂ ਸਨ ਪਰ ਮੈਨੂੰ ਡੇਢ ਤਾਂ ਕੀ, ਕਿਸੇ ਇਕ ਵਿਦਵਾਨ ਨੇ ਵੀ ਉਸ ਕਿਤਾਬ ਬਾਰੇ
ਨਾਂ ਤਾਂ ਆਪਣੀ ਪ੍ਰਤੀਕ੍ਰਿਆ ਦੀ ਚਿੱਠੀ ਲਿਖੀ ਸੀ ਤੇ ਨਾ ਹੀ ਉਹਨਾਂ ਦਾ ਕੋਈ ਸੁਨੇਹਾ ਆਇਆ
ਸੀ।
ਇੱਕ ਵਾਰੀ
ਮੈਂ ਇਕ ਮਸ਼ਹੂਰ ਲੇਖਕ ਨੂੰ ਪੁੱਛ ਹੀ ਲਿਆ ਸੀ-“ਸਰ,
ਮੈਂ ਆਪ ਜੀ ਨੂੰ ਆਪਣੀ ਕਿਤਾਬ
ਭੇਟ ਕੀਤੀ ਸੀ, ਕਿਵੇਂ ਦੀ ਲੱਗੀ?”
ਕੁਝ ਪਲ ਲਈ ਤਾਂ ਉਹ ਸੋਚੀਂ ਪੈ ਗਿਆ ਸੀ। ਫੇਰ ਇਕਦਮ ਬੋਲ ਪਿਆ,
“ਉਹ ਹਾਂ ਯਾਰ, ਤੇਰੀਆਂ
ਕਹਾਣੀਆਂ ਬਹੁਤ ਵਧੀਆ ਸਨ। ਹੁਣ ਸੋਚੀਂ ਪੈਣ ਦੀ ਜਿਵੇਂ ਮੇਰੀ ਵਾਰੀ ਸੀ, ਮੈਂ ਤਾਂ ਇਨ੍ਹਾਂ
ਨੂੰ ਨਾਟਕਾਂ ਦੀ ਕਿਤਾਬ ਭੇਟ ਕੀਤੀ ਸੀ, ਪਰ ਏਹ ਤਾਂ ਕਹਾਣੀਆਂ ਦੀ ਕਿਤਾਬ ਦੱਸੀ ਜਾ ਰਹੇ ਨੇ।
“ਸਰ
ਤੁਸੀਂ ਕਿਹੜੀ ਕਿਤਾਬ ਦੀ ਗੱਲ ਕਰਦੇ ਹੋ?”ਮੈਂ
ਰਤਾ ਝਿਝਕਦਿਆਂ-ਝਿਝਕਦਿਆਂ ਪੁੱਛਿਆ।
“ਉਹ
ਯਾਰ।।
ਕੀ ਨਾਂਓ ਸੀ ਤੇਰੀ ਕਿਤਾਬ ਦਾ?
ਹਾਂ, ਹਾਂ।
ਚੇਤੇ ਆਇਆ, ਡਾਕਟਰ ਬੀਬੀ,
ਏਹੋ ਨਾਂਓ ਸੀ ਨਾ ਤੇਰੀ ਕਿਤਾਬ
ਦਾ, ਬਈ ਕਮਾਲ ਏ, ਬੜੀ ਸੋਹਣੀਆਂ ਕਹਾਣੀਆਂ ਲਿਖੀਐਂ ਤੂੰ।”
ਹੁਣ ਮੇਰੇ
ਕੋਲ ਬੋਲਣ ਲਈ ਕੀ ਰਹਿ ਗਿਆ ਸੀ, ਤੁਸੀਂ ਖੁਦ ਹੀ ਸਮਝ ਸਕਦੇ ਹੋ।
ਮੈਨੂੰ ਕਿਸੇ
ਦੀ ਈ-ਮੇਲ ਆਈ ਸੀ ਕਿ “ਮੈਂ
ਬਾਲ ਨਾਟਕਾਂ ਤੇ ਪੀ.ਐਚ. ਡੀ ਕਰ ਰਹੀ ਆਂ। ਮੇਰਾ ਥੀਸਿਸ ਲੱਗਭਗ ਤਿਆਰ ਐ। ਤੁਹਾਡੀ ਕਿਤਾਬ
‘ਡਾਕਟਰ
ਬੀਬੀ’
ਮੇਰੇ ਕੋਲ ਪਈ ਐ,
ਪਰ ਮੇਰੇ ਕੋਲ ਏਸ ਵੇਲੇ ਇਸ ਨੂੰ ਪੜ੍ਹਨ ਦੀ ਵਿਹਲ ਨਹੀਂ, ਤੁਸੀਂ ਆਪਣੇ ਬਾਲ ਨਾਟਕਾਂ ਬਾਰੇ
ਸੰਖੇਪ ਵਿਚ ਲਿਖ ਕੇ ਮੈਨੂੰ ਭੇਜ ਦਿਓ ਤਾਂ ਜੋ ਮੈਂ ਆਪਣੇ ਥੀਸਿਸ ਵਿਚ ਸ਼ਾਮਲ ਕਰ ਸਕਾਂ,
”ਪਰ
ਮੈਂ ਜਵਾਬ ਵਿਚ ਲਿਖ ਦਿੱਤਾ ਸੀ,“ਥੀਸਿਸ
ਤਾਂ ਥੋਡਾ ਤਿਆਰ ਹੈ, ਤੁਸੀਂ ਹੁਣ ਇਸ ਦੇ ਜਮ੍ਹਾਂ ਕਰਵਾਉਣ ਦਾ ਫਿਕਰ ਕਰੋ, ਪੀ.ਐਚ.ਡੀ. ਦੀ
ਡਿਗਰੀ ਤਾਂ ਤੁਹਾਨੂੰ ਮੇਰੇ ਨਾਟਕਾਂ ਬਾਰੇ ਨਾ ਲਿਖਣ ਨਾਲ ਵੀ ਮਿਲ ਜਾਣੀ ਐ, ਇਸ ਲਈ ਪਹਿਲਾਂ
ਥੀਸਿਸ ਸਬਮਿੱਟ ਕਰ ਦੇਵੋ, ਮੇਰੀ ਕਿਤਾਬ ਫੇਰ ਕਦੇ ਪੜ੍ਹ ਲਿਆ ਜੇ, ਜਦੋਂ ਸਮਾਂ ਲਗਾ ਜਾਂ
ਤੁਹਾਡਾ ਮਨ ਕੀਤਾ”
ਮੇਰੀ
ਕਹਾਣੀਆਂ ਦੀ ਇਕ ਕਿਤਾਬ ਨੂੰ ਐਵਾਰਡ ਮਿਲਿਆ ਸੀ। ਇਕ ਕਾਲੇਜ
’ਚ
ਹੋਏ ਉਸ ਸਮਾਗਮ ਵਿਚ ਪੰਜਾਬੀ ਵਿਚ ਐਮ.ਏ. ਕਰਨ ਵਾਲੇ ਕਾਫੀ ਵਿਦਿਆਰਥੀ ਸਨ ਅਤੇ ਉਹਨਾਂ ਦੇ
ਟੀਚਰ ਵੀ। ਅਵਾਰਡ ਲੈਣ ਮਗਰੋਂ ਮੈਂ ਸਟੇਜ ਤੇ ਬੋਲਦਿਆਂ ਆਖਿਆ ਸੀ ਕਿ ਜਿਹੜਾ ਵੀ ਅਧਿਆਪਕ ਜਾਂ
ਵਿਦਿਆਰਥੀ ਮੇਰੀ ਏਸ ਕਿਤਾਬ ਨੂੰ ਪੜਨਾ ਚਾਹੁੰਦੈ ਉਹ ਸਮਾਗਮ ਮਗਰੋਂ ਮੈਥੋਂ ਕਿਤਾਬ ਦੀ ਕਾਪੀ
ਲੈ ਸਕਦੈ। ਮੈਨੂੰ ਉਸ ਨੂੰ ਕਿਤਾਬ ਭੇਂਟ ਕਰਕੇ ਖੁੱਸ਼ੀ ਹੋਵੇਗੀ। ਪਰ ਸਮਾਗਮ ਮਗਰੋਂ ਕੋਈ ਇਕ
ਜਨਾ ਵੀ ਮੈਥੋਂ ਕਿਤਾਬ ਲੈਣ ਨਹੀਂ ਆਇਆ ਸੀ।
ਕਿਸੇ ਨੇ ਮੈਨੂੰ
‘ਮਾਂ
ਬੋਲੀ ਵਿਚ ਡਾਕਟਰੀ ਕੀਤੇ’
ਇਕ ਡਾਕਟਰ ਸਾਹਿਬ ਮਿਲਾਏ ਸਨ। ਉਹਨਾਂ
ਨਾਟਕਾਂ ਤੇ ਪੀ.ਐਚ. ਡੀ. ਕੀਤੀ ਹੋਈ ਸੀ। ਮੈਨੂੰ ਜਾਪਿਆ ਸੀ ਕਿ ਏਹ ਡਾਕਟਰ ਸਾਹਿਬ ਮੇਰੇ ਲਈ
ਰਾਹ ਦਸੇਰਾ ਹੋ ਸਕਦੇ ਨੇ, ਮੈਂ ਤਾਂ ਇਕ ਵਿਗਿਆਨੀ ਹਾਂ। ਇਹੋ ਜਿਹੇ ਵਿਦਵਾਨ ਬੰਦੇ ਮੇਰੇ
ਸਾਹਿਤਕ ਸੌਕ ਨੂੰ ਸਹੀ ਦਿੱਸ਼ਾ ਦੇ ਸਕਦੇ ਨੇ। ਮੈਂ ਖੁੱਸ਼ੀ ਖੁੱਸ਼ੀ ਉਨ੍ਹਾਂ ਨੂੰ ਆਪਣੀ ਨਾਟਕਾਂ
ਦੀ ਕਿਤਾਬ ਭੇਟ ਕੀਤੀ ਅਤੇ ਉਚੇਚੇ ਤੌਰ ਤੇ ਬੇਨਤੀ ਵੀ ਕੀਤੀ ਕਿ ਏਸ ਕਿਤਾਬ ਨੂੰ ਪੜ੍ਹ ਕੇ
ਮੇਰੀਆਂ ਖਾਮੀਆਂ ਬਾਰੇ ਜਰੂਰ ਦੱਸਿਓ,
ਤਾਂ ਜੋ ਮੈਂ ਅਗਲੀਆਂ ਲਿਖਤਾਂ ’ਚ
ਸੁਧਾਰ ਕਰ ਸਕਾਂ। ਪਰ ਕਈ ਮਹੀਨੇ ਲੰਘ ਗਏ, ਜਦੋਂ ਵੀ ਉਹਨਾਂ ਨੂੰ ਏਸ ਬਾਰੇ ਫੋਨ ਕੀਤਾ ਤਾਂ
ਇਹੋ ਜਵਾਬ ਮਿਲਿਐ ਕਿ ਹਾਲੇ ਕਿਤਾਬ ਪੜ੍ਹਨ ਦੀ ਵਿਹਲ ਹੀ ਨਹੀਂ ਮਿਲੀ। ਧੰਨ ਨੇ ਪੰਜਾਬੀ ਪੜਾਉਣ
ਵਾਲੇ ਇਹੋ ਜਿਹੇ ਗੁਰੂਦੇਵ!
ਪਿੱਛੇ ਜਿਹੇ ਇਕ
ਵਿਦਵਾਨ ਦਾ ਕਿਸੇ ਸੈਮੀਨਾਰ ਵਿਚ ਪੰਜਾਬੀ ਬੋਲੀ ਦੀ ਮਹਾਨਤ ਬਾਰੇ ਲੱਛੇਦਾਰ ਭਾੱਸ਼ਣ ਸੁਣਿਆ ਸੀ,
ਪਰ ਇਕ ਦਿਨ ਉਹਨਾਂ ਦੇ ਘਰ ਜਾਣ ਤੇ ਅੱਖਾਂ ਅੱਡੀਆਂ ਹੀ ਰਹਿ ਗਈਆਂ ਸਨ। ਉਹ ਆਪਣੇ ਨਿਆਣਿਆਂ
ਨੂੰ ਘਰ ਵਿਚ ਪੰਜਾਬੀ ਵਿਚ ਗੱਲਾਂ ਕਰਨ ਤੇ ਝਿੜਕਾਂ ਮਾਰ ਰਹੇ ਸਨ। ਬੱਚੇ ਕਿਉਂਕਿ ਕੌਨਵੈਂਟ
ਸਕੂਲ ਵਿਚ ਪੜ੍ਹਦੇ ਸਨ ਇਸ ਲਈ ਘਰ ਵਿਚ ਹੀ ਅੰਗ੍ਰੇਜ਼ੀ ਬੋਲਣ ਨਾਲ ਚੰਗਾ ਅਭਿਆਸ ਹੋ ਜਾਣਾ ਸੀ।
ਮੈਥੋਂ ਜਿਵੇਂ
ਬਰਦਾਸਤ ਨਾ ਹੋਇਆ ਤੇ ਮੈਂ ਉਹਨਾਂ ਨੂੰ ਆਖ ਹੀ ਦਿੱਤਾ-“ਤੁਸੀਂ
ਤਾਂ ਪੰਜਾਬੀ ਨੂੰ ਬਚਾਉਣ ਬਾਰੇ ... ”ਪਰ
ਉਹਨਾਂ ਮੇਰੀ ਗੱਲ ਪੂਰੀ ਵੀ ਨਾ ਹੋਣ ਦਿੱਤੀ ਅਤੇ ਆਖਿਆ-“ਨਾ
ਪੰਜਾਬੀ ਨੇ ਇਹਨਾਂ ਦੀ ਮੈਡੀਕਲ ਅਤੇ ਇੰਜਨੀਅਰਿੰਗ
’ਚ
ਐਡਮੀਸ਼ਨ ਤਾਂ ਨੀ ਕਰਵਾ ਦੇਣੀ”
ਮੈਂ ਸੋਚਦੈਂ
ਕਿ ਲੰਮੇ-ਚੌੜੇ ਭਾਸ਼ਨ ਜਾਂ ਸੈਮੀਨਾਰ ਕਰਨ ਨਾਲ ਤਾਂ ਪੰਜਾਬੀ ਦਾ ਭਲਾ ਨਹੀਂ ਹੋਣ ਲੱਗਿਆ। ਆਪਣੇ
ਨਿਆਣੇ ਤਾਂ ਪੜ੍ਹਾਉਣੇ ਨੇ ਅੰਗ੍ਰੇਜ਼ੀ ਸਕੂਲਾਂ ਵਿਚ ਤੇ ਦੂਜਿਆਂ ਨੂੰ ਮੱਤਾਂ ਦੇਣੀਆਂ ਕਿ
ਪੰਜਾਬੀ ਭਾਸ਼ਾ ਦਾ ਸਤਿਕਾਰ ਕਰੋ। ਜੇ ਪੰਜਾਬੀ ਬੋਲੀ ਬਚਾਉਣੀ ਐ ਤਾਂ ਪਹਿਲਾਂ ਆਪੋ-ਆਪਣੇ ਘਰਾਂ
’ਚ
ਪੰਜਾਬੀ ਬੋਲਣੀ ਸ਼ੁਰੂ ਕਰੋ। ਪੰਜਾਬੀ ਦੀਆਂ ਕਿਤਾਬਾਂ ਖੁਦ ਵੀ ਪੜ੍ਹੋ ਤੇ ਬੱਚਿਆਂ ਨੂੰ ਵੀ
ਪੜ੍ਹਾਓ, ਤੇ ਆਮ ਗੱਲ ਬਾਤ ਵਿਚ ਵੀ ਅੰਗ੍ਰੇਜ਼ੀ ਨੂੰ ਮੂੰਹ ਮਾਰਣ ਨਾਲੋਂ ਪੰਜਾਬੀ ਵਿਚ ਹੀ ਗੱਲ
ਕਰਕੇ ਫ਼ਖਰ ਮਹਿਸੂਸ ਕਰੋ। ਘਰਾਂ ਵਿਚ ਪੰਜਾਬੀ ਅਖਬਾਰ ਅਤੇ ਰਸਾਲੇ ਵੀ ਜ਼ਰੂਰ ਮੰਗਵਾਓ। ਸਿਰਫ
ਵਿਖਾਵੇ ਲਈ ਨਹੀਂ ਸਗੋਂ ਪੜ੍ਹਨ-ਪੜਾਉਣ ਲਈ। ਮੈਂ ਗਾਰੰਟੀ ਦਿੰਦੈਂ ਕਿ ਇੰਜ ਆਪ ਜੀ ਦੀ ਹੱਤਕ
ਨਹੀਂ ਹੋਣ ਲੱਗੀ, ਆਪਣੀ ਵਾਹ-ਵਾਹ ਕਰਵਾਉਣ ਲਈ ਬੇਸ਼ਕ ਮਹਿੰਗੇ-ਮੰਹਿਗੇ ਅੰਗ੍ਰੇਜੀ ਦੇ
ਮੈਗਜੀਨਾਂ ਤੇ ਵੀ ਪੈਸੇ ਪੱਟ ਲਈਏ। ਮੁੜ ਮੇਰਾ ਧਿਆਨ ਮੂਹਰੇ ਪਈਆਂ ਦੋ ਸੌ ਕਿਤਾਬਾਂ ਦੇ ਢੇਰ
ਵੱਲ ਚਲਾ ਜਾਂਦਾ ਐ, ਤੇ ਮੈਂ ਫੇਰ ਸੋਚੀਂ ਪੈ ਜਾਂਦਾ ਹਾਂ ਕਿ ਇਨ੍ਹਾਂ ਦੋ ਸੌ ਕਿਤਾਬਾਂ ਦਾ
ਕਿਵੇਂ ਨਿਬਟਾਰਾ ਕਰਾਂ!ਮੇਰੀ ਮਾਂ ਬੋਲੀ ਪੰਜਾਬੀ ਦੇ ਸਿਰ ਤੇ ਜਿਨ੍ਹਾਂ ਵਿਦਵਾਨਾਂ ਦੀ ਰੋਜੀ
ਰੋਟੀ ਚੱਲਦੀ ਐ ਉਹਨਾਂ ਨੂੰ ਨਾ ਤਾਂ ਪੜ੍ਹਨ ਦਾ ਸ਼ੌਕ ਐ ਤੇ ਨਾ ਹੀ ਉਹਨਾਂ ਕੋਲ ਪੜ੍ਹਨ ਲਈ
ਸਮਾਂ ਅਤੇ ਜੇ ਅਧਿਆਪਕਾਂ ਦਾ ਏਹ ਹਾਲ ਐ ਤਾਂ ਵਿਦਿਆਰਥੀ ਵਿਚਾਰੇ ਕੀ ਕਰਨਗੇ! ਉਹਨਾਂ ਨੂੰ
ਪੜ੍ਹਨ-ਲਿਖਣ ਦੀ ਚੇਟਕ ਤਾਂ ਪੰਜਾਬੀ ਵਿਚ ਐਮ.ਏ, ਐਮ.ਫਿਲ, ਪੀ.ਐਚ.ਡੀ. ਡਿਗਰੀਆਂ ਹਾਸਲ ਕਰਨ
ਵਾਲੇ ਪੈਰੋਕਾਰਾਂ ਨੇ ਹੀ ਲਾਉਣੀ ਐ।
ਮੈਂ ਕਈ ਵਾਰੀ
ਸੋਚਦਾ ਹਾਂ ਕਿ ਭਾਸ਼ਾ ਦੇ ਇਨ੍ਹਾਂ ਅਲੰਬਰਦਾਰਾਂ ਨਾਲੋਂ ਆਮ ਪਾਠਕ ਫੇਰ ਵੀ ਕਿਤਾਬਾਂ ਅਤੇ
ਰਸਾਲੇ ਪੜ੍ਹ ਲੈਂਦੇ ਹਨ। ਰਸਾਲਿਆਂ ਅਤੇ ਅਖਬਾਰਾਂ ਵਿਚ ਛਪੀਆਂ ਮੇਰੀਆਂ ਲਿਖਤਾਂ ਪੜ੍ਹ ਕੇ ਅਤੇ
ਮੇਰੀਆਂ ਕਿਤਾਬਾਂ ਪੜ੍ਹ ਕੇ ਕਈ ਪਾਠਕਾਂ ਦੇ ਫੋਨ ਜਾਂ ਖਤ ਜ਼ਰੂਰ ਆਉਂਦੇ ਹਨ, ਪਰ ਇਹੋ ਜਿਹੇ
ਆਮ ਪਾਠਕਾਂ ਤੱਕ ਕਿਤਾਬ ਪਹੁੰਚਾਉਣੀ ਵੀ ਸੌਖੀ ਨਹੀਂ। ਡੇਢ ਸੌ ਰੁਪਏ ਦੀ ਕਿਤਾਬ ਤੇ
35-40
ਰੁਪਏ ਡਾਕ ਖਰਚ ਆ ਜਾਣਾ ਸੁਭਾਵਕ ਐ, ਪਰ
ਫੇਰ ਕੀਤਾ ਕੀ ਜਾਵੇ, ਦੋ ਸੌ ਕਿਤਾਬਾਂ ਰੱਦੀ ਵਿਚ ਤਾਂ ਨਹੀਂ ਵੇਚੀਆਂ ਜਾ ਸਕਦੀਆਂ।
ਅਚਾਨਕ ਮੈਨੂੰ
ਖਿਆਲ ਆਉਂਦੈ ਕਿ ਮੇਰੇ ਘਰ ਦੇ ਲਾਗੇ ਹਰ ਐਤਵਾਰ ਨੂੰ ਸਬਜੀ ਮੰਡੀ ਲੱਗਦੀ ਐ, ਕਿਉਂ ਨਾ ਆਲੂ
ਪਿਆਜ ਵੇਚਣ ਵਾਲੀ ਰੇਹੜੀ ਕੋਲ ਖਲ੍ਹੋ ਜਾਵਾਂ ਤੇ ਜਿਹੜਾ ਵੀ ਪੰਜ ਕਿੱਲੋ ਪਿਆਜ ਲੈਂਦੈ ਉਸ ਨੂੰ
ਕਿਤਾਬ ਦੀ ਇਕ ਕਾਪੀ ਭੇਂਟ ਕਰ ਦੇਵਾਂ, ਸ਼ਾਇਦ ਏਸ ਬਹਾਨੇ ਮੇਰੀ ਮਾਂ ਬੋਲੀ
’ਚ
ਛਪੀ ਏਸ ਕਿਤਾਬ ਦੀ ਕੋਈ ਕਦਰ ਪਾ ਲਵੇ ਕਿਉਂ ਕਿ ਮੈਨੂੰ ਉਮੀਦ ਐ ਇਹਨਾਂ ਆਮ ਲੋਕਾਂ ਵਿਚ
ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਸਤਿਕਾਰ ਕਰਨ ਵਾਲੇ ਕਈ ਪਾਠਕ ਜਰੂਰ ਮਿਲ ਜਾਣਗੇ।
230-ਸੀ,ਭਾਈ
ਰਣਧੀਰ ਸਿੰਘ ਨਗਰ ,ਲੁਧਿਆਣਾ
ਮੋਬਾਇਲ -
98153-59222
ਈ-ਮੇਲ -
fcshuklaldh@yahoo.co.in,
fcshuklaldh@gmail.com