ਵਿਸ਼ੇਸ਼

 

ਪਹਿਲੀ ਯੂਨੀਕੋਡ ਵੈਬਸਾਈਟ
ਵੀਰਪੰਜਾਬ ਡਾਟ ਕਾਮ ਬਾਰੇ ਛਪੇ ਲੇਖ

ਲਾਲ ਮਿਰਚਾਂ

 

ਭਾਸ਼ਾ ਵਿਭਾਗ ਪੰਜਾਬ ਦੇ ਇਨਾਮਾਂ ਦੀ ਕਾਣੀ ਵੰਡ ਬਾਰੇ ਛਿਡ਼ਿਆ ਸੰਵਾਦ (ਵਿਵਾਦ)

ਮਗਰ ਸ਼ਰਮ ਹਮ ਕੋ ਆਤੀ ਨਹੀਂ

ਜ਼ਮਾਨਾ ਖਰਾਬ ਹੈ.............

 

......ਸੁਖਿੰਦਰ

 

ਭਾਸ਼ਾ ਵਿਭਾਗ, ਪੰਜਾਬ, ਭਾਰਤ ਵਲੋਂ ਐਲਾਨੇ ਗਏ ਇਨਾਮਾਂ ਦੀ ਕਾਣੀ ਵੰਡ ਪ੍ਰਕ੍ਰਿਆ ਨੂੰ ਲੈ ਕੇ ਦੇਸ-ਬਦੇਸ ਵਿਚ ਇਕ ਤਿੱਖੀ ਬਹਿਸ ਛਿਡ਼ ਪਈ ਹੈ।

 

ਪਿਛਲੇ ਕੁਝ ਸਮੇਂ ਤੋਂ ਇੰਡੀਆ ਦੇ ਪੰਜਾਬੀ ਮੀਡੀਆ ਵਿਚ ਅਜਿਹੀਆਂ ਲਿਖਤਾਂ ਛਪ ਰਹੀਆਂ ਹਨ ਜਿਨ੍ਹਾਂ ਵਿਚ ਇੰਡੀਆ ਦੇ ਪੰਜਾਬੀ ਲੇਖਕਾਂ ਵਲੋਂ ਪੰਜਾਬੀ ਭਾਸ਼ਾ ਵਿਭਾਗ, ਪੰਜਾਬ ਉੱਤੇ ਇਹ ਦੋਸ਼ ਲੱਗ ਰਹੇ ਹਨ ਕਿ ਉਨ੍ਹਾਂ ਦੀ ਇਨਾਮ ਵੰਡ ਪ੍ਰਕ੍ਰਿਆ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ।

 

ਇਸ ਵਾਰ ਦੀ ਇਨਾਮ ਚੋਣ ਪ੍ਰਕ੍ਰਿਆ ਵਿਚ ਜਿਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਸਾਹਮਣੇ ਆਇਆ ਹੈ ਉਸ ਨੂੰ ਦੇਖ ਕੇ ਤਾਂ ਹਰ ਕੋਈ ਹੈਰਾਨ ਹੀ ਹੋਇਆ ਹੈ। ਚੋਣ ਕਮੇਟੀ ਦੇ 32 ਮੈਂਬਰਾਂ ਵਿਚੋਂ 12 ਮੈਂਬਰਾਂ ਨੇ ਆਪ ਹੀ ਇਨਾਮ ਲੈ ਲਏ ਹਨ। ਸਭ ਤੋਂ ਵੱਡੀ ਹੈਰਾਨੀ ਦੀ ਗੱਲ ਹੈ ਕਿ ਨਾਵਲਿਸਟ ਜਸਵੰਤ ਸਿੰਘ ਕੰਵਲ ਅਤੇ ਨਾਵਲਿਸਟ ਡਾ. ਦਲੀਪ ਕੌਰ ਟਿਵਾਣਾ ਵਲੋਂ ਇਨਾਮ ਦੇਣ ਵਾਲੀ ਕਮੇਟੀ ਦੇ ਮੈਂਬਰ ਹੋਣ ਦੇ ਬਾਵਜ਼ੂਦ ਆਪ ਹੀ "ਪੰਜਾਬੀ ਸਾਹਿਤ ਰਤਨ" ਦੇ ਇਨਾਮ ਸਵੀਕਾਰ ਕਰ ਲੈਣੇ।

 

ਪੰਜਾਬੀ ਦੇ ਇਨ੍ਹਾਂ ਦੋਨਾਂ ਨਾਮਵਰ ਨਾਵਲਿਸਟਾਂ ਨੂੰ ਇਹ ਇਨਾਮ ਇਸ ਢੰਗ ਨਾਲ ਲੈਣ ਤੋਂ ਪਹਿਲਾਂ ਹਜ਼ਾਰ ਵਾਰ ਸੋਚਣਾ ਚਾਹੀਦਾ ਸੀ ਕਿ ਪੰਜਾਬੀ ਸਾਹਿਤ ਜਗਤ ਵਿਚ ਪਹਿਲਾਂ ਹੀ ਉਨ੍ਹਾਂ ਦਾ ਵੱਡਾ ਨਾਮ ਬਣਿਆ ਹੋਇਆ ਹੈ, ਅਜਿਹੇ ਹਾਸੇ-ਠੱਠੇ ਭਰੇ ਢੰਗ ਨਾਲ ਇਨਾਮ ਲੈਣ ਨਾਲ ਉਨ੍ਹਾਂ ਦਾ ਨਾਮ ਲੋਕਾਂ ਦੇ ਮਨਾਂ ਵਿਚ ਹੋਰ ਵਧੇਰੇ ਸਤਿਕਾਰ ਪੈਦਾ ਕਰਨ ਦੀ ਥਾਂ ਸਤਿਕਾਰ ਘਟਾਣ ਵਾਲਾ ਹੀ ਬਣੇਗਾ।

 

ਇਸ ਤਰ੍ਹਾਂ ਇਨਾਮਾਂ ਦੀ ਕਾਣੀ ਵੰਡ ਕਰਨ ਦੀ ਜਿੰਮੇਵਾਰੀ ਇਸ ਚੋਣ ਕਮੇਟੀ ਦੇ ਸਾਰੇ ਹੀ 32 ਮੈਂਬਰਾਂ ਉੱਤੇ ਆਉਂਦੀ ਹੈ। ਇਸ ਭ੍ਰਿਸ਼ਟਾਚਾਰ ਦੀ ਜਿੰਮੇਵਾਰੀ ਤੋਂ ਇਸ ਚੋਣ ਕਮੇਟੀ ਵਲੋਂ ਇਨਾਮਾਂ ਬਾਰੇ ਫੈਸਲਾ ਕਰਮ ਲਈ ਬੁਲਾਈ ਗਈ ਵਿਸ਼ੇਸ਼ ਮੀਟਿੰਗ ਦੀ ਪ੍ਰਧਾਨਗੀ ਕਰਨ ਵਾਲੀ ਪੰਜਾਬ ਦੀ ਮੰਤਰੀ ਡਾ.ਉਪਿੰਦਰਜੀਤ ਕੌਰ ਉੱਤੇ ਵੀ ਆਉਂਦੀ ਹੈ, ਜਿਸ ਦੀ ਮੌਜ਼ੂਦਗੀ ਵਿਚ ਅਜਿਹਾ ਪੰਜਾਬੀ ਸਾਹਿਤਕ/ਸਭਿਆਚਾਰਕ ਭ੍ਰਿਸ਼ਟਾਚਾਰ ਫੈਲਿਆ ਅਤੇ ਜਿਸ ਨੇ ਇਸਨੂੰ ਰੋਕਣ ਲਈ ਕੋਈ ਯਤਨ ਨਹੀਂ ਕੀਤੇ।

 

ਸਿਆਣਪ ਇਸ ਗੱਲ ਵਿਚ ਹੀ ਹੈ ਕਿ ਚੋਣਕਾਰ ਕਮੇਟੀ ਦੇ ਜਿਨ੍ਹਾਂ 12 ਮੈਂਬਰਾਂ ਨੇ ਆਪ ਹੀ ਇਨਾਮ ਲੈ ਲਏ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਇਨਾਮ ਭਾਸ਼ਾ ਵਿਭਾਗ ਨੂੰ ਵਾਪਸ ਕਰ ਦੇਣ ਅਤੇ ਧੰਨਵਾਦ ਵਜੋਂ ਭਾਸ਼ਾ ਵਿਭਾਗ, ਪੰਜਾਬ ਨੂੰ ਖ਼ਤ ਲਿਖਣ ਕਿ ਇਨ੍ਹਾਂ ਇਨਾਮਾਂ ਲਈ ਉਨ੍ਹਾਂ ਨੂੰ ਚੁਣੇ ਜਾਣ ਲਈ ਭਾਸ਼ਾ ਵਿਭਾਗ, ਪੰਜਾਬ ਦਾ ਧੰਨਵਾਦ। ਪਰ ਉਹ ਇਹ ਇਨਾਮ ਸਵੀਕਾਰ ਨਹੀ ਕਰ ਸਕਣਗੇ। ਜੇਕਰ ਇਹ ਲੇਖਕ ਇਨਾਮਾਂ ਦੇ ਸਹੀ ਹੱਕਦਾਰ ਹੋਣਗੇ ਤਾਂ ਅਗਲੇ ਕੁਝ ਸਾਲਾਂ ਵਿਚ ਜਦੋਂ ਉਹ ਚੋਣਕਾਰ ਕਮੇਟੀ ਦੇ ਮੈਂਬਰ ਨਹੀਂ ਹੋਣਗੇ ਤਾਂ ਉਨ੍ਹਾਂ ਨੂੰ ਇਹ ਇਨਾਮ ਮਿਲ ਜਾਣਗੇ, ਫਿਰ ਉਨ੍ਹਾਂ ਦੇ ਇਨਾਮਾਂ ਬਾਰੇ ਕੋਈ ਚਰਚਾ ਨਹੀਂ ਛਿਡ਼ੇਗਾ।

 

ਭਾਸ਼ਾ ਵਿਭਾਗ ਵਲੋਂ ਐਲਾਨੇ ਗਏ ਅਜਿਹਾ ਕਾਣੀ ਵੰਡ ਵਾਲੇ ਇਨਾਮਾਂ ਬਾਰੇ ਇੰਡੀਆ, ਕਨੇਡਾ, ਅਮਰੀਕਾ ਅਤੇ ਇੰਗਲੈਂਡ ਦੇ ਪੰਜਾਬੀ ਲੇਖਕਾਂ, ਬੁੱਧੀਜੀਵੀਆਂ, ਚਿੰਤਕਾਂ ਅਤੇ ਮੀਡੀਆ ਨਾਲ ਸਬੰਧਤ ਸੰਪਾਦਕਾਂ/ਪੱਤਰਕਾਰਾਂ ਵਿਚ ਤਿੱਖੀ ਬਹਿਸ ਛਿਡ਼ ਚੁੱਕੀ ਹੈ।           

ਇਸ ਘਟਨਾ ਸਬੰਧੀ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬ, ਇੰਡੀਆ ਦੇ ਸਾਬਕਾ ਉਪਕੁਲਪਤੀ ਡਾ. ਜੁਗਿੰਦਰ ਸਿੰਘ ਪੁਆਰ ਕਹਿੰਦੇ ਹਨ ਕਿ ਇਸ ਨਾਲ ਇੰਙ ਹੋਇਆ ਲਗਦਾ ਹੈ ਕਿ ਪੰਜਾਬੀ ਹੀ ਨਹੀਂ ਸਗੋਂ ਹੋਰ ਭਾਸ਼ਾਵਾਂ ਦੇ ਪਹਿਰੇਦਾਰ ਹੀ ਭਾਸ਼ਾਵਾਂ ਨੂੰ ਆਪਣੀ ਜਾਗੀਰ ਬਣਾ ਬੈਠੇ ਹਨ। ਉਂਜ ਇਹ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਨ ਪਰ ਖੁਦ ਹੀ ਆਦਰਸ਼ ਨਹੀਂ ਨਿਭਾ ਸਕਦੇ, ਇਨ੍ਹਾਂ ਇਨਾਮਾਂ ਦੀ ਵੰਡ ਤੋਂ ਸਪਸ਼ਟ ਹੋ ਗਿਆ ਹੈ ਕਿ ਹੁਣ ਸਾਡੇ ਸਾਹਿਤਕਾਰਾਂ ਵਿਚ ਵੀ ਆਦਰਸ਼ ਖ਼ਤਮ ਹੋ ਗਏ ਹਨ ਜਿਨ੍ਹਾਂ ਤੇ ਆਮ ਲੋਕਾਂ ਅਤੇ ਗੰਭੀਰ ਲੋਕਾਂ ਨੂੰ ਆਸ ਹੁੰਦੀ ਹੈ।

 

ਪੰਜਾਬ ਯੂਨੀਵਰਸਿਟੀ, ਚੰਡੀਗਡ਼੍ਹ ਦੇ ਡਾ. ਰੌਣਕੀ ਰਾਮ ਦਾ ਕਹਿਣਾ ਹੈ ਕਿ ਇਨ੍ਹਾਂ ਪੁਰਸਕਾਰਾਂ ਦੀ ਕਾਣੀ ਵੰਡ ਨੂੰ ਲੈ ਕੇ ਕਈ ਹੋਰ ਸੰਭਾਵਨਾਵਾਂ ਨੂੰ ਵੀ ਜਨਮ ਲੈਣ ਦਾ ਮੌਕਾ ਮਿਲ ਗਿਆ ਹੈ। ਅਸਲ ਵਿਚ ਜਿਨ੍ਹਾਂ ਲੋਕਾਂ ਨੂੰ ਪੁਰਸਕਾਰ ਲੈਣ ਵਾਲਿਆਂ ਬਾਰੇ ਫੈਸਲਾ ਕੀਤੇ ਜਾਣ ਵਾਲੀ ਮੀਟਿੰਗ ਵਿਚ ਸ਼ਾਮਿਲ ਹੀ ਨਹੀਂ ਹੋਣਾ ਚਾਹੀਦਾ ਸੀ, ਉਨ੍ਹਾਂ ਦਾ ਮੀਟਿੰਗ ਵਿਚੋਂ ਬਾਹਰ ਚਲੇ ਜਾਣਾ ਜਾਂ ਅੰਦਰ ਰਹਿ ਕੇ ਹੀ ਆਪਣਾ ਨਾਮ ਸੁਣਨਾ ਕੋਈ ਅਹਿਮੀਅਤ ਨਹੀਂ ਰੱਖਦਾ। ਇਸ ਤਰ੍ਹਾਂ ਕਰਕੇ ਲੋਕਾਂ ਦੀਆਂ ਅੱਖਾਂ ਵਿਚ ਕੋਈ ਘੱਟਾ ਨਹੀਂ ਪਾ ਸਕਦਾ। ਉਂਜ ਇਨਾਮ ਮਿਲਣ ਦੇ ਹੱਕਦਾਰਾਂ ਨੂੰ ਇਨਾਮ ਮਿਲਣਾ ਚਾਹੀਦਾ ਹੈ, ਪਰ ਇਹ ਗੱਲ ਨਾ ਹੋਵੇ ਕਿ "ਤੂੰ ਮੈਨੂੰ ਮੁੱਲਾ ਕਹਿ, ਤੇ ਮੈਂ ਤੈਨੂੰ ਕਾਜ਼ੀ"

 

ਇਸੇ ਤਰ੍ਹਾਂ ਹੀ ਇਹ ਵਿਸਫੋਟਕ ਘਟਨਾ ਬਾਰੇ ਕੇਂਦਰੀ ਪੰਜਾਬੀ ਸਭਾ, ਪੰਜਾਬ, ਇੰਡੀਆ ਦੇ ਪ੍ਰਧਾਨ ਅਨੂਪ ਵਿਰਕ ਦੇ ਕਹਿਣਾ ਹੈ ਕਿ ਮੈਂ ਤਾਂ ਕਿਹਾ ਸੀ ਕਿ ਇਹ ਗਲ਼ਤ ਹੋ ਰਿਹਾ ਹੈ। ਜੋ ਵੀ ਇਨਾਮ ਮਿਲਣੇ ਹਨ ਉਹ ਆਦਰਸ਼ ਨੂੰ ਅੱਗੇ ਰੱਖ ਕੇ ਹੀ ਦਿਓ, ਪਰ ਉਹਨਾਂ ਨੇ ਗ਼ੈਰ ਆਦਰਸ਼ ਇਨਾਮ ਦੇ ਦਿੱਤੇ ਹਨ। ਹਾਲਾਂਕਿ ਕੁਝ ਨੂੰ ਛੱਡ ਕੇ ਇਨਾਮ ਤਾਂ ਸਹੀ ਦਿੱਤੇ ਗਏ ਹਨ, ਪਰ ਕਰੀਬ 12 ਉਨ੍ਹਾਂ ਲੋਕਾਂ ਨੂੰ ਦਿੱਤੇ ਗਏ ਹਨ ਜੋ ਕਿ 32 ਮੈਂਬਰੀ ਕਮੇਟੀ ਵਿਚ ਸ਼ਾਮਿਲ ਸਨ।

 

ਪੰਜਾਬ ਦੇ ਉੱਘੇ ਪੰਜਾਬੀ ਸਾਹਿਤਕਾਰ ਤੇ ਆਲੋਚਕ ਡਾ. ਤੇਜਵੰਤ ਮਾਨ ਨੇ ਕਿਹਾ ਕਿ ਭਾਸ਼ਾ ਵਿਭਾਗ ਪੰਜਾਬ ਵਲੋਂ ਐਲਾਨੇ ਗਏ ਇਨਾਮਾਂ ਦੀ ਜੋ ਕਾਣੀ ਵੰਡ ਹੋਈ ਹੈ ਇਹ ਸਰਾਸਰ ਗਲ਼ਤ ਹੋਇਆ ਹੈ। ਇਹ ਤਾਂ ਇੰਜ ਹੋਇਆ ਕਿ ਸਰਕਾਰ ਨੇ 5 ਲੱਖ ਤੇ ਢਾਈ ਲੱਖ ਦੇ ਜੋ ਇਨਾਮ ਦਿੱਤੇ ਹਨ, ਉਹ ਇਨਾਮ ਸਹੀ ਅਤੇ ਹੱਕਦਾਰ ਲੋਕਾਂ ਨੂੰ ਦੇਣ ਦੀ ਬਜਾਇ ਖੁਦ ਹੀ ਵੰਡ ਲਏ ਹਨ ਅਜਿਹੇ ਲੋਕ ਇਨਾਮ ਲੈ ਗਏ ਜੋ ਉਂਜ ਆਲੋਚਕ ਬਣ ਗਏ ਪਰ ਆਲੋਚਨਾ ਵਿਚ ਕੋਈ ਮੌਲਿਕ ਕਿਤਾਬ ਨਹੀੰ ਲਿਖੀ। ਇਸੇ ਤਰ੍ਹਾਂ ਹੀ ਅਜਿਹੇ ਲੋਕ ਵੀ ਇਨਾਮ ਲੈ ਗਏ ਜਿਨ੍ਹਾਂ ਦੀ ਲਿਖੀ ਕਿਤਾਬ ਯੂਨੀਵਰਸਿਟੀ ਸਿਲੇਬਸ ਵਿਚੋਂ ਹਟਾ ਦਿੱਤੀ ਗਈ ਸੀ ਕਿਉਂਕਿ ਉਹ ਲੱਚਰ ਸੀ। ਜਿਉਂ ਹੀ ਇਨਾਮ ਦੀ ਰਾਸ਼ੀ ਵਧਾਈ ਗਈ ਹੈ ਉਸੇ ਤਰ੍ਹਾਂ ਹੀ ਕਰਪਸ਼ਨ ਵਧ ਗਈ ਹੈ। ਇੰਝ ਲਗਦੈ ਕਿ ਇਨ੍ਹਾਂ ਕਲਮੀ ਸ਼ੇਰਾਂ ਦੇ ਆਦਰਸ਼ ਇਨ੍ਹਾਂ ਤੋਂ ਰੁੱਸ ਗਏ ਹਨ।

 

ਭਾਸ਼ਾ ਵਿਭਾਗ, ਪੰਜਾਬ ਦੇ ਇਨਾਮਾਂ ਦੀ ਹੋਈ ਕਾਣੀ ਵੰਡ ਬਾਰੇ ਕਨੇਡਾ ਦੇ ਸਾਹਿਤਕਾਰਾਂ ਅਤੇ ਸੰਪਾਦਕਾਂ/ਪੱਤਰਕਾਰਾਂ ਵਿਚ ਵੀ ਤਿੱਖਾ ਚਰਚਾ ਛਿਡ਼ਿਆ ਹੈ।

 

ਕਨੇਡਾ ਨੇ ਨਾਮਵਰ ਗੀਤਕਾਰ ਸੁਖਮਿੰਦਰ ਰਾਮਪੁਰੀ ਦਾ ਕਹਿਣਾ ਹੈ ਕਿ ਇਹ ਬਡ਼ੀ ਸ਼ਰਮ ਵਾਲੀ ਗੱਲ ਹੈ ਕਿ ਇਨਾਮਾਂ ਲਈ ਚੁਨਣ ਵਾਲੀ ਕਮੇਟੀ ਦੇ ਬੰਦੇ ਆਪ ਹੀ ਇਨਾਮ ਲੈ ਜਾਣ। ਇਨਾਮ ਵੀ ਉਹ ਜਿਹਡ਼ੇ ਕਿ ਅੱਤ ਦੇ ਯੋਗ ਬੰਦਿਆਂ ਨੂੰ ਮਿਲਣੇ ਚਾਹੀਦੇ ਸਨ। ਉਨ੍ਹਾਂ ਨੂੰ ਪਰ੍ਹਾਂ ਕਰ ਕੇ ਆਪ ਹੀ ਆਪਣੇ ਮੂੰਹੋਂ ਮੀਆਂ ਮਿੱਠੂ ਬਣ ਜਾਣ। ਜਿਹਡ਼ੇ ਲੋਕ ਖੁਦ ਸੱਚ ਦੇ ਹੱਕ ਵਿਚ ਖਡ਼੍ਹਦੇ ਹਨ ਜਾਂ ਉਸ ਦੇ ਹੱਕ ਵਿਚ ਸੰਘਰਸ਼ ਕਰਨ ਲਈ ਪ੍ਰੇਰਦੇ ਹਨ ਉਹ ਖੁਦ ਹੀ ਉਨ੍ਹਾਂ ਮਾਪ ਦੰਡਾਂ ਦਾ ਘਾਣ ਕਰਨ ਤਾਂ ਇਸ ਤੋਂ ਹੋਰ ਵੱਡੀ ਸ਼ਰਮਿੰਦਗੀ ਵਾਲੀ ਗੱਲ ਕੀ ਹੋ ਸਕਦੀ ਹੈ?

 

ਇਸ ਵਿਸ਼ੇ ਉੱਤੇ ਆਪਣੇ ਵਿਚਾਰ ਦਿੰਦਿਆਂ ਕਨੇਡਾ ਦੇ ਪ੍ਰਸਿਧ ਕਹਾਣੀਕਾਰ ਬਲਬੀਰ ਮੋਮੀ ਨੇ ਕਿਹਾ ਕਿ ਮੈਂ ਬਦੇਸ਼ਾਂ ਵਿਚ ਬੈਠਾ ਪੰਜਾਬੀ ਲੇਖਕ ਜੋ 1951 ਤੋਂ ਲਿਖ ਰਿਹਾ ਹਾਂ ਅਤੇ ਦੋ ਦਰਜਨ ਦੇ ਕਰੀਬ ਕਿਤਾਬਾਂ ਦਾ ਲੇਖਕ ਹਾਂ, ਸਮਝਦਾ ਹਾਂ ਕਿ ਬੀਤੇ ਦਿਨੀਂ ਲੇਖਕਾਂ ਆਦਿ ਨੂੰ ਜੋ ਭਾਸ਼ਾ ਵਿਭਾਗ, ਪੰਜਾਬ ਵਲੋਂ ਜਿਹਡ਼ੇ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ ਉਨ੍ਹਾਂ ਵਿਚ ਕੁਝ ਇਕ ਜਿਵੇਂ ਕਿ ਡਾ. ਕਰਨੈਲ ਸਿੰਘ ਥਿੰਦ ਅਤੇ ਗੁਰਮੀਤ ਬਾਵਾ ਆਦਿ ਤੋਂ ਬਿਨਾ ਬਾਕੀ ਲੋਕਾਂ ਨੂੰ ਦਿੱਤੇ ਗਏ ਇਨਾਮ ਤਾਂ ਮਹਿਜ਼ ਲਿਹਾਜ਼ਾਂ ਪਾਲਣ ਲਈ ਹੀ ਦਿੱਤੇ ਗਏ ਹਨ। ਕਈ ਅਜਿਹੇ ਨਾਮ ਵੀ ਹਨ ਜਿਵੇਂ ਕਿ ਜਸਵੰਤ ਸਿੰਘ ਕੰਵਲ ਤੇ ਦਲੀਪ ਕੌਰ ਟਿਵਾਣਾ ਜੋ ਕਿ ਅਨੇਕਾਂ ਵਾਰ ਇਨਾਮ ਲੈ ਕੇ ਹਾਲੇ ਵੀ ਨਹੀਂ ਰੱਜੇ, ਮੈਂ ਸਮਝਦਾ ਹਾਂ ਕਿ ਇਨਾਮ ਦੇਣ ਵਾਲੀ ਕਮੇਟੀ ਦੀ ਜਿੰਨੀ ਨਿੰਦਾ ਕਿਤੀ ਜਾਵੇ ਥੋਡ਼ੀ ਹੈ। ਇਨ੍ਹਾਂ ਵਿਚੋਂ 12 ਮੈਂਬਰਾਂ ਨੇ ਆਪ ਹੀ ਇਨਾਮ ਲੈ ਕੇ ਤਾਂ ਉਹ ਗੱਲ ਕੀਤੀ ਹੈ "ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ"। ਇਸ ਤਰ੍ਹਾਂ ਲੱਗਦਾ ਹੈ ਕਿ ਇਨਾਮ ਦੇਣ ਵਾਲੀਆਂ ਸਾਹਿਤਕਾਰਾਂ ਦੀਆਂ ਕਮੇਟੀਆਂ ਆਮ ਲੋਕਾਂ ਵਿਚ ਆਪਣਾ ਵਿਸ਼ਵਾਸ਼ ਗੁਆ ਚੁੱਕੀਆਂ ਹਨ, ਜੋ ਕਿ ਬਡ਼ੀ ਹੀ ਸ਼ਰਮਿੰਦਗੀ ਵਾਲੀ ਗੱਲ ਹੈ।

 

ਪੰਜਾਬੀ ਸਾਹਿਤ/ਸਭਿਆਚਾਰ ਬਾਰੇ ਭਾਸ਼ਾ ਵਿਭਾਗ, ਪੰਜਾਬ ਵਲੋਂ ਐਲਾਨੇ ਗਏ ਇਨਾਮਾਂ ਦੀ ਕਾਣੀ ਵੰਡ ਬਾਰੇ ਛਿਡ਼ੀ ਬਹਿਸ ਦੀ ਕਨਸੋਅ ਜਦੋਂ ਕਨੇਡਾ ਦੇ ਚਰਚਿਤ ਪੰਜਾਬੀ ਹਫਤਾਵਾਰੀ ਅਖਬਾਰ "ਪਰਵਾਸੀ" ਦੇ ਸੰਪਾਦਕ ਮੰਡਲ ਤੱਕ ਪਹੁੰਚੀ ਤਾਂ ਸੰਪਾਦਕ ਸ਼ਮੀਲ ਨੇ ਕਿਹਾ ਕਿ ਭਾਸ਼ਾ ਵਿਭਾਗ ਦੇ ਅਵਾਰਡ ਇਸ ਸਾਲ ਜਿਸ ਤਰੀਕੇ ਨਾਲ ਦਿੱਤੇ ਗਏ ਹਨ, ਉਹ ਆਪਣੇ ਆਪ ਵਿਚ ਸਕੈਂਡਲ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਐਨੀ ਵੱਡੀ ਗਿਣਤੀ ਵਿਚ ਬੋਰਡ ਦੇ ਮੈਂਬਰਾਂ ਨੇ ਆਪਣੇ ਆਪ ਨੂੰ ਹੀ ਅਵਾਰਡ ਦੇ ਲਏ ਹਨ। ਭਾਸ਼ਾ ਵਿਭਾਗ ਇਕ ਸਰਕਾਰੀ/ਜਨਤਕ ਸੰਸਥਾ ਹੈ। ਅਜਿਹੀ ਸੰਸਥਾ ਦੇ ਅਵਾਰਡ ਇਸ ਤਰੀਕੇ ਨਾਲ ਦਿੱਤੇ ਜਾਣੇ ਨਾ ਸਿਰਫ ਅਨੈਤਿਕ ਹੈ, ਬਲਕਿ ਗ਼ੈਰ-ਕਾਨੂੰਨੀ ਵੀ ਹੈ।

 

ਦੂਸਰਾ ਪੱਖ ਇਹ ਹੈ ਕਿ ਜਿਸ ਤਰੀਕੇ ਨਾਲ ਅਵਾਰਡ ਦੋ-ਦੋ ਸ਼ਖਸੀਅਤਾਂ ਨੂੰ ਦਿੱਤੇ ਗਏ ਹਨ, ਉਹ ਕਈ ਥਾਵਾਂ ਤੇ ਸਨਮਾਨਤ ਹਸਤੀਆਂ ਦਾ ਅਪਮਾਨ ਲੱਗਦਾ ਹੈ। ਮਿਸਾਲ ਦੇ ਤੌਰ ਤੇ ਪੱਤਰਕਾਰੀ ਦਾ ਅਵਾਰਡ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸਿੱਧੂ ਦਮਦਮੀ ਨੂੰ ਦਿੱਤਾ ਗਿਆ ਹੈ, ਪਰ ਉਨ੍ਹਾਂ ਦੇ ਨਾਲ ਜਿਸ ਵਿਅਕਤੀ ਨੂੰ ਇਹ ਅਵਾਰਡ ਦਿੱਤਾ ਗਿਆ ਹੈ, ਉਸ ਦਾ ਨਾਂ ਕਿਸੇ ਨੇ ਪਹਿਲਾਂ ਕਦੇ ਸੁਣਿਆ ਨਹੀਂ। ਇਸੇ ਤਰ੍ਹਾਂ ਦੀ ਸਥਿਤੀ ਹੋਰ ਅਵਾਰਡਾਂ ਬਾਰੇ ਵੀ ਹੈ।

 

"ਪਰਵਾਸੀ" ਅਖਬਾਰ ਦੇ ਸਹਿ ਸੰਪਾਦਕ ਅਤੇ ਪੰਜਾਬੀ ਲੇਖਕ ਡਾ. ਗੁਰਬਖਸ਼ ਭੰਡਾਲ ਨੇ ਇਸ ਵਿਸ਼ੇ ਬਾਰੇ ਆਪਣੇ ਵਿਚਾਰ ਦਿੰਦਿਆਂ ਕਿਹਾ ਕਿ ਪੰਜਾਬ ਭਾਸ਼ਾ ਵਿਭਾਗ ਵਲੋਂ ਸਨਮਾਨੇ ਜਾਣ ਵਾਲੇ ਸਾਹਿਤਕਾਰ ਤਾਂ ਸਨਮਾਨ ਦੇ ਹੱਕਦਾਰ ਨੇ, ਪਰ ਭਾਸ਼ਾ ਵਿਭਾਗ ਦਾ ਸਿਰ ਹੋਰ ਵੀ ਉੱਚਾ ਹੋਣਾ ਸੀ ਜੇ ਇਨ੍ਹਾਂ ਸਨਮਾਨਾਂ ਦੀ ਚੋਣ ਪ੍ਰਕ੍ਰਿਆ ਵਿਚ ਕਦਰਾਂ-ਕੀਮਤਾਂ ਦੀ ਜ਼ਰਾ-ਕੁ ਪਰਵਾਹ ਕੀਤੀ ਹੁੰਦੀ। 32 ਮੈਂਬਰੀ ਕਮੇਟੀ ਵਿਚੋਂ 13 ਮੈਂਬਰਾਂ ਵਲੋਂ ਆਪਣੇ ਆਪ ਨੂੰ ਸਨਮਾਨਿਤ ਕੀਤੇ ਜਾਣਾ ਸਮੁੱਚੀ ਚੋਣ-ਪ੍ਰਕ੍ਰਿਆ ਤੇ ਬਹੁਤ ਵੱਡਾ ਸਵਾਲੀਆ ਚਿੰਨ੍ਹ ਲਾਉਂਦੀ ਹੈ। ਕੀ ਸਨਮਾਨੀਆਂ ਸ਼ਖਸੀਅਤਾਂ ਨੇ ਆਪਣੇ ਆਪ ਨੂੰ ਸਨਮਾਨਿਤ ਹੋਣ ਵੇਲੇ ਅੰਤਰ-ਝਾਤ ਮਾਰੀ ਏ? ਕੀ ਕਮੇਟੀ ਮੈਂਬਰਾਂ ਨੇ ਆਪਣੀ ਜ਼ਮੀਰ ਮੁਤਾਬਿਕ ਇਹਨਾਂ ਸਨਮਾਨਾਂ ਨੂੰ ਪ੍ਰਾਪਤ ਕਰਨ ਦੀ ਹਾਮੀ ਭਰੀ ਏ? ਲੋਡ਼ ਸੀ ਕਿ ਸਾਡੇ ਸਨਮਾਨਿਤ ਸਾਹਿਤਕਾਰ, ਇਸ ਚੋਣ ਕਮੇਟੀ ਦੇ ਮੈਂਬਰ ਨਾ ਹੁੰਦੇ ਜਾਂ ਅੰਤਰ ਆਤਮਾ ਦੀ ਆਵਾਜ਼ ਸੁਣਕੇ ਇਹਨਾਂ ਸਨਮਾਨਾਂ ਨੂੰ ਠੁਕਰਾ ਦੇਣ। ਇਸ ਨਾਲ ਇਹਨਾਂ ਸਤਿਕਾਰਯੋਗ ਸਾਹਿਤਕਾਰਾਂ ਦਾ ਅਦਬ ਅਤੇ ਸ਼ਰਫ ਹੋਰ ਵੀ ਸਨਮਾਨਯੋਗ ਹੋ ਜਾਣਾ ਸੀ। ਨਿਰਸੰਦੇਹ ਭਾਸ਼ਾ ਵਿਭਾਗ ਦੀ ਇਹ ਕਾਰਗੁਜ਼ਾਰੀ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਨੂੰ ਜਨਮ ਦਿੰਦੀ ਏ, ਜਿਨ੍ਹਾਂ ਨੂੰ ਦੂਰ ਕਰਕੇ ਹੀ, ਇਹ ਆਪਣੀ ਸਾਫ-ਸੁਥਰੀ ਦਿੱਖ ਦੀ ਹਾਮੀ ਭਰ ਸਕਦੀ ਏ।

 

ਭਾਸ਼ਾ ਵਿਭਾਗ, ਪੰਜਾਬ ਵਲੋਂ ਐਲਾਨੇ ਗਏ ਇਨਾਮਾਂ ਦੀ ਹੋਈ ਕਾਣੀ ਵੰਡ ਪੰਜਾਬੀ ਸਾਹਿਤਕ ਹਲਕਿਆਂ ਵਿਚ ਇਕ ਵਿਸਫੋਟਕ ਘਟਨਾ ਹੈ। ਇਸ ਘਟਨਾ ਦੇ ਨਤੀਜੇ ਵਜੋਂ ਪੈਦਾ ਹੋਇਆ ਲਾਵਾ ਬਹੁਤ ਕੁਝ ਝੁਲਸਾ ਦੇਵੇਗਾ। ਇਨਾਮਾਂ ਦੀ ਹੋਈ ਕਾਣੀ ਵੰਡ ਨਾਲ ਸਬੰਧਤ ਚਰਚਾ ਵਿਚ ਆ ਰਹੇ ਸਾਹਿਤਕਾਰਾਂਪੱਤਰਕਾਰਾਂ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਆਪ ਨੂੰ ਹੀ ਸਨਮਾਨੇ ਜਾਣ ਦੇ ਕੀਤੇ ਗਏ ਐਲਾਨਾਂ ਨੂੰ ਵਾਪਿਸ ਲੈਣ, ਨਹੀਂ ਤਾਂ ਹਰ ਪਾਸੇ ਇਸ ਗੱਲ ਦਾ ਸ਼ੋਰ ਹੋਵੇਗਾ। "ਮਗਰ ਸ਼ਰਮ ਹਮ ਕੋ ਆਤੀ ਨਹੀਂ, ਜ਼ਮਾਨਾ ਖਰਾਬ ਹੈ........ "

 

ਸੁਖਿੰਦਰ

ਸੰਪਾਦਕ - ਸੰਵਾਦ

ਨਿਰਮਾਤਾ, ਨਿਰਦੇਸ਼ਕ ਅਤੇ ਪੇਸ਼ਕਸ਼ - ਜਾਗਦੇ ਰਹੋ

ਪੰਜਾਬੀ ਰੇਡੀਓ ਪ੍ਰੋਗਰਾਮ

ਬਾਕਸ - 67089, 2300 ਯੋਂਗ ਸਟਰੀਟ

ਟੋਰਂਟੋ, ਉਨਟਾਰੀਓ ਐਮ4ਪੀ 1ਈ0 ਕਨੇਡਾ

ਈ-ਮੇਲ - poet_sukhinder@hotmail.com

 

 

 

 

 

 

ਤੁਸੀਂ ਇਸ ਪੰਨੇ ਲਈ ਸੂਚਨਾ, ਲਿੰਕ ਅਤੇ ਸਲਾਹ ਭੇਜ ਸਕਦੇ ਹੋ।

ਅਸੀਂ ਆਪ ਜੀ ਦੇ ਇਸ ਉਪਰਾਲੇ ਲਈ ਸਦਾ ਰਿਣੀ ਰਹਾਂਗੇ।

098766 86555 ਤੇ ਸੰਪਰਕ ਕਰੋ

ਜਾਂ

info.punjab@gmail.com ਤੇ ਈ ਮੇਲ ਕਰੋ

Free Tracker

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
             
Challengers Software Technologies (Pioneers in publishing web-content in Hindi & Punjabi)
              SCO 64, First Floor, Sector 40-C, CHANDIGARH (UT) INDIA
              Phone: 91-172-2699064, 4633064, 091-98766 86555
              contact: info.punjab@gmail.com