ਮਨੋਰੰਜਨ

ਵਿਸ਼ੇਸ਼

 

 

ਪ੍ਰਾਪਤੀਆਂ ਨੂੰ ਪ੍ਰਾਪਤ ਹੈ - ਗੁਰਦਾਸ ਮਾਨ

Gurdas Mann

5 ਜਨਵਰੀ 1957 ਨੂੰ ਪਿੰਡ ਗਿਦੜਬਾਹਾ, (ਜਿਲ੍ਹਾ ਮੁਕਤਸਰ) ਵਿੱਚ ਸਰਦਾਰ ਗੁਰਦੇਵ ਸਿੰਘ ਮਾਨ ਦੇ ਘਰ ਮਾਤਾ ਤੇਜ ਕੋਰ ਦੀ ਕੁਖੋਂ ਇੱਕ ਐਸੇ ਇਨਸਾਨ ਦਾ ਜਨਮ ਹੋਇਆ। ਗੁਰਦਾਸ ਮਾਨ ਨੇ ਵੱਡੇ ਹੋ ਪੰਜਾਬੀ ਗਾਇਕੀ, ਗੀਤਕਾਰੀ ਦੀਆਂ ਨਵੀਂ ਸਮਰਥਾਵਾਂ ਅਤੇ ਪਰਿਭਾਸ਼ਾਵਾਂ ਸਿਰਜ ਦਿੱਤੀਆਂ ਅਤੇ ਲੋਕਾਂ ਨੇ ਵੀ ਓਸਨੂੰ “ਪੰਜਾਬੀਆਂ ਦਾ ਮਾਨ” ਪੰਜਾਬ ਦੀ ਸ਼ਾਨ, “ਮਾਨਾਂ ਦਾ ਮਾਨ” ਤੇ ਹੋਰ ਕਈ ਸੁੰਦਰ ਨਾਵਾਂ ਦਾ ਵਿਸੇਸ਼ਨ ਦੇ ਕੇ ਨਿਵਾਜਿਆ। ਇਹ ਗੱਲ ਅਲੱਗ ਹੈ ਕੇ ਓਹ ਖੁਦ ਨੂੰਮਰ ਜਾਣਾ ਮਾਨ ਕਹਿੰਦਾ ਹੈ।

 

ਦੋਸਤੋ, ਐਸੇ ਮਹਾਨ ਕਲਾਕਾਰ ਸਦੀ ਵਿੱਚ ਇੱਕ ਵਾਰੀ ਜਨਮ ਲੈਂਦੇ ਹਨ ਤੇ ਸਦੀ ਹੁੰਦੀ ਹੈ ਪੂਰੇ ਸੋ ਸਾਲ ਦੀ। ਗੁਰਦਾਸ ਮਾਨ ਜਿਹੇ ਮਹਾਨ ਕਲਾਕਾਰ ਬਾਰੇ ਲਿਖਣ ਵਾਸਤੇ ਮੈਂ ਸਦਾ ਹੀ ਆਪਣੇ ਆਪ ਨੂੰ ਅਸਮਰਥ ਸਮਝਦਾ ਰਿਹਾਂ ਪਰ ਫਿਰ ਵੀ ਆਪਣੀ ਸਮਰਥਾ ਮੁਤਾਬਕ ਲਿਖਣ ਦੀ ਨਿਮਾਣੀ ਜਿਹੀ ਕੋਸਿਸ਼ ਕਰਨੀ ਮੈ ਵਾਜਿਬ ਸਮਝੀ।

 

ਗੁਰਦਾਸ ਮਾਨ ਦੇ ਅਗਰ ਬਚਪਨ ਦੀ ਗੱਲ ਕਰੀਏ ਤਾਂ ਓਹ ਬਚਪਨ ਤੋਂ ਹੀ ਨਿਵੇਕਲੇ ਅਤੇ ਫਕੀਰੀ ਜਿਹੇ ਸੁਭਾਅ ਦਾ ਮਾਲਿਕ ਰਿਹਾ। ਇਹ ਗੱਲ ਅੱਜ ਵੀ ਓਸਦੇ ਜਾਨਣ ਵਾਲੇ ਜਾਣਦੇ ਹਨ ਕੇ ਉਹ ਇੱਕ ਮਹਾਨ ਕਲਾਕਾਰ ਹੈ ਅਤੇ ਇੱਕ ਬਹੁਤ ਚੰਗਾ ਇਨਸਾਨ ਵੀ ਹੈ। ਗੁਰਦਾਸ ਛੋਟੇ ਹੁੰਦੇ ਅਕਸਰ ਹੀ ਆਪਣੇ ਪਿੰਡ ਦੇ ਸਿਵਿਆਂ ਵਿੱਚ ਆਪਣੇ ਸਾਥੀਆਂ ਸੰਗ ਗਾਉਣ ਚਲਾ ਜਾਂਦਾ। ਪਿੰਡ ਵਿੱਚ ਜਦ ਰਾਮ ਲੀਲਾ ਹੁੰਦੀ ਉਥੇ ਵੀ ਗੁਰਦਾਸ ਪੈਰੀਂ ਝਾਂਜਰਾ ਪਾ ਨਚਦਾ। ਗੁਰਦਾਸ ਦੀਆਂ ਇਹ ਅਜੀਬ ਹਰਕਤਾਂ ਬਾਪੁ ਜੀ ਨੂੰ ਚੰਗੀਆਂ ਨਾਂ ਲੱਗਦੀਆਂ, ਪਰ ਓਹ ਸ਼ਾਇਦ ਨਹੀਂ ਸਨ ਜਾਣਦੇ ਕਿ ਕੱਲ ਨੂੰ ਸਾਰੀ ਦੁਨੀਆਂ ਮੇਰੇ ਇਸ ਪੁੱਤਰ ਦਿਆਂ ਗੀਤਾਂ ਤੇ ਨਚੇਗੀ|

 

ਗੁਰਦਾਸ ਮਾਨ ਆਪਣੀ ਮੁੱਢਲੀ ਤਾਲੀਮ ਮਲੋਟ ਤੇ ਬਠਿੰਡਾ ਤੋਂ ਹਾਸਿਲ ਕਰ ਕੇ ਪਟਿਆਲਾ ਆ ਗਿਆ ਤੇ ਇਥੇ  ਆ ਕੇ ਖੇਡਾਂ ਦੀ ਮਹਾਨ ਸੰਸਥਾ ਐੰਨ ਆਈ ਐਸ ਜੁਆਇਨ ਕਰ ਲਈ। ਓਸਨੇ ਜੂਡੋ ਵਿੱਚ ਡਿਪਲੋਮਾ ਹਾਸਿਲ ਕੀਤਾ ਤੇ ਬਲੈਕ ਬੈਲਟ ਜਿੱਤੀ ਤੇ ਰਾਸ਼ਟਰੀ ਪਧਰ ਦੀਆਂ ਮੱਲਾਂ ਖੇਡ ਖੇਤਰ ਵਿੱਚ ਮਾਰੀਆਂ ਤੇ ਕੁਝ ਸਮਾਂ ਸਰੀਰਕ ਸਿਖਿਆ ਦੇ ਪ੍ਰੋਫੇਸਰ ਦੇ ਤੋਰ ਤੇ ਵੀ ਨੋਕਰੀ ਕੀਤੀ।  ਇਸ ਦੇ ਨਾਲ ਨਾਲ ਆਪਣੇ ਅੰਦਰ ਵਗ ਰਹੇ ਗਾਇਕੀ ਦੇ ਪ੍ਰਵਾਹ ਨੂੰ ਵੀ ਜਾਰੀ ਰਖਿਆ ਤੇ ਕਾਲਜਾਂ ਯੂਨੀਵਰਸਿਟੀਆਂ ਦੇ ਪ੍ਰੋਗਰਾਮਾਂ ਵਿੱਚ ਗਾਇਕੀ ਦੀ ਬੁਨਿਆਦ ਨੂੰ ਪੱਕਾ ਕਰਦਿਆਂ ਕਈ ਮਾਨ ਸਨਮਾਨ ਆਪਣੇ ਬੋਝੇ ਪਾਉਂਦਾ ਰਿਹਾ |

 

ਇਸ ਸਭ ਦੇ ਚਲਦਿਆਂ ਇੱਕ ਐਸਾ ਦਿਨ ਵੀ ਆਇਆ ਜਦ ਇਸ ਹੀਰੇ ਦੀ ਕਿਸੇ ਜੋਹਰੀ ਨੇ ਪਛਾਣ ਕਰਨੀ ਸੀ | ਹੋਇਆ ਇੰਝ ਕਿ ਗੁਰਦਾਸ ਇੱਕ ਪ੍ਰੋਗਰਾਮ ਵਿੱਚ ਆਪਣਾ ਹੀ ਲਿਖਿਆ ਇੱਕ ਬੜਾ ਹੀ ਖੂਬਸੂਰਤ ਗੀਤਦਿਲ ਦਾ ਮਾਮਲਾ ਹੈ ਗਾ ਰਿਹਾ ਸੀ। ਹਜ਼ਾਰਾਂ ਦਰਸ਼ਕਾਂ ਦੀ ਭੀੜ ਵਿੱਚ ਓਸ ਵਕਤ ਦੇ ਦੂਰਦਰਸਨ ਦੇ ਪ੍ਰੋਡਿਊਸਰ ਸਾਹਿਬਾਨ ਵੀ ਬਿਰਾਜਮਾਨ ਸਨ। ਇਸ ਗੀਤ ਨੇ ਇੰਨੀ ਵਾਹ-ਵਾਹ ਖੱਟੀ ਕੇ ਪ੍ਰੋਡਿਊਸਰ ਸਾਹਿਬ ਨੇ ਗੁਰਦਾਸ ਨੂੰ ਉਹ ਗੀਤ ਦੂਰਦਰਸ਼ਨ ਤੇ ਆ ਕੇ ਗਾਉਣ ਲਈ ਕਿਹਾ। ਗੁਰਦਾਸ ਨੇ ਵੀ ਇਸ ਮਿਲੀ ਸੋਗਾਤ ਨੂੰ ਮੰਨ ਲਿਆ। 31 ਦਸੰਬਰ ਸਾਲ 1980 ਦਾ ਦਿਨ ਗੁਰਦਾਸ ਮਾਨ ਲਈ ਭਾਗਾਂ ਭਰਿਆ ਸਾਬਤ ਹੋਇਆ, ਜਦ ਓਸਨੇ ਪਹਿਲੀ ਵਾਰੀ ਜਲੰਧਰ ਦੂਰਦਰਸ਼ਨ (ਟੀ.ਵੀ.) ਤੇ ਇਹੋ ਆਪਣਾ ਲਿਖਿਆ ਗੀਤ ਗਾਇਆ। ਇਹ ਗੀਤ ਇੰਨਾ ਕੁ ਮਕਬੂਲ ਹੋ ਗਿਆ ਕਿ ਇਸਨੇ ਗੁਰਦਾਸ ਦੀ ਪਛਾਣ ਪੰਜਾਬ ਤੋਂ ਬਾਹਰ ਵੀ ਕਾਇਮ ਕਰ ਦਿੱਤੀ। ਬਸ ਦੋਸਤੋ ਫਿਰ ਤਾਂ ਉਸ ਪ੍ਰਮਾਤਮਾ ਦੀ ਇਸ“ਮਾਨ” ਤੇ ਐਸੀ ਮਿਹਰ ਹੋਈ ਕੇ “ ਦਿਲ ਦੇ ਮਾਮਲੇ” ਤੋਂ ਚੱਲੀ ਗੱਲ “ਬੂਟ ਪਾਲਸ਼ਾਂ” ਤਕ ਪਹੁੰਚੀ ਹੈ। ਗਾਇਕੀ ਦੀ ਮਹਾਨ ਪ੍ਰਤਿਭਾ ਦੇ ਨਾਲ-ਨਾਲ ਗੁਰਦਾਸ ਮਾਨ ਵਿੱਚ ਇੱਕ ਸਫਲ ਫਿਲਮੀ ਕਲਾਕਾਰ ਦੀ ਜੋਤ ਵੀ ਜਾਗ ਰਹੀ ਸੀ, ਜੋ ਉਸ ਵਕਤ ਦ੍ਰਿਸਟੀਮਾਨ ਹੋਈ ਜਦ ਓਸਨੇ “ਉੱਚਾ ਦਰ ਬਾਬੇ ਨਾਨਕ ਦਾ” (1982) ਵਿੱਚ ਗੁਰਦਿੱਤ ਨਾਮ ਦੇ ਪਾਤਰ ਦਾ ਸਫ਼ਲ ਕਿਰਦਾਰ ਅਦਾ ਕੀਤਾ। ਇਹ ਫਿਲਮ ਕਾਫੀ ਹਿੱਟ ਹੋਈ। ਪਹਿਲਾ ਗੀਤ ਵੀ ਸੁਪਰ ਹਿੱਟ ਤੇ ਫਿਲਮ ਵੀ। ਗੁਰਦਾਸ ਮਾਨ ਨੇ ਇਸ ਫਿਲਮ ਤੋਂ ਲੈ ਕੇ ਫਿਲਮ “ਵਾਰਿਸ ਸ਼ਾਹ” ਤਕ ਅਨੇਕਾ ਹੀ ਸਫਲ ਫ਼ਿਲਮਾ ਵਿੱਚ ਹੀਰੋ ਦੀ ਭੂਮਿਕਾ ਅਦਾ ਕੀਤੀ। ਉਸਨੇ ਇਨ੍ਹਾਂ ਫ਼ਿਲਮਾ ਵਿੱਚ ਪਲੇਬੈਕ ਗਾਇਕ ਦੇ ਤੌਰ ਤੇ ਆਪਣੀ ਜਾਦੂ ਭਰੀ ਅਵਾਜ ਦਾ ਰੰਗ ਵੀ ਬੰਨ੍ਹਿਆ।
 
“ਦੇਸ ਹੋਇਆ ਪਰਦੇਸ” ਤੇ “ਵਾਰਿਸ ਸ਼ਾਹ” ਜਿਹੀਆਂ ਮਿਆਰੀ ਫ਼ਿਲਮਾ ਨੂੰ ਰਾਸ਼ਟਰੀ ਅਵਾਰਡ ਹਾਸਿਲ ਹੋਏ। ਇਥੋਂ ਤਕ ਕਿ ਵਾਰਿਸ ਸ਼ਾਹ ਫਿਲਮ ਨੂੰ ਤਾਂ ਅੰਤਰਰਾਸਟਰੀ “ਆਸਕਰ” ਅਵਾਰਡ ਮਿਲਦੇ ਮਿਲਦੇ ਰਹਿ ਗਿਆ। ਇਸ ਫਿਲਮ ਵਿੱਚ ਗੁਰਦਾਸ ਦੀ ਕੀਤੀ ਬੇਮਿਸਾਲ ਅਦਾਕਾਰੀ ਨੂੰ ਵੇਖ ਕਿ ਲੋਕ ਇਹ ਆਖਦੇ ਸੁਣੇ ਹਨ ਕਿ ਇਸ ਤਰਾਂ ਲੱਗਦਾ ਜਿਵੇਂ ਵਾਰਿਸ ਸ਼ਾਹ ਆਪਣਾ ਕਿਰਦਾਰ ਆਪ ਕਰਨ ਆਇਆ ਹੈ। “ਆਸਕਰ” ਜਿਹੇ ਵਿਸ਼ਵ ਅਵਾਰਡ ਲਈ ਕਿਸੇ ਪੰਜਾਬੀ ਫਿਲਮ ਨੂੰ ਨਾਮਜਦ ਕਰਨਾ ਹੀ ਸਾਡੇ ਪੰਜਾਬੀਆਂ ਵਾਸਤੇ ਬਹੁਤ ਮਾਣ ਵਾਲੀ ਗੱਲ ਸੀ। ਇਹ ਗੁਰਦਾਸ ਮਾਨ ਦੀ ਅਦਾਕਾਰੀ ਦਾ ਕਮਾਲ ਨਹੀਂ ਤਾਂ ਹੋਰ ਕੀ ਸੀ ਕਿ ਉਸਨੇ ਜੂਹੀ ਚਾਵਲਾ ਤੇ ਭੂਮਿਕਾ ਚਾਵਲਾ ਵਰਗੀਆਂ ਚੋਟੀ ਦੀਆਂ ਅਦਾਕਾਰਾਵਾਂ ਨੂੰ ਹਿੰਦੀ ਫਿਲਮ ਇੰਡਸਟਰੀ ਤੋਂ ਪੰਜਾਬੀ ਫਿਲਮ ਇੰਡਸਟਰੀ ਵਾਲ ਆਉਣ ਲਈ ਮਜਬੂਰ ਕਰ ਦਿੱਤਾ।  ਗੁਰਦਾਸ ਮਾਨ ਦੀਆਂ ਹੁਣ ਤੱਕ ਤਕਰੀਬਨ 29 ਆਡੀਓ ਟੇਪਾਂ ਤੇ 21 ਦੇ ਤਕਰੀਬਨ ਸੁਪਰ ਹਿੱਟ ਫ਼ਿਲਮਾ ਲੋਕਾਂ ਦੀ ਕੰਨੀਂ, ਨਜ਼ਰੀਂ ਹੋ ਚੁੱਕੀਆਂ ਹਨ ਤੇ ਅਗਰ ਗੁਰਦਾਸ ਮਾਨ ਦੇ ਮਾਨਾਂ, ਸਨਮਾਨਾਂ ਦੀ ਗੱਲ ਹੈ ਤਾਂ ਓਹਨਾਂ ਦੀ ਫਹਿਰਿਸਤ ਬਹੁਤ ਹੀ ਲੰਬੀ ਹੈ। ਗੁਰਦਾਸ ਮਾਨ ਦੇ ਹਿੱਸੇ ਕਿੰਨਾ ਹੀ ਮਾਨ ਸਨਮਾਨ ਆਇਆ, ਪਰ ਦੋਸਤੋ ਇਸ ਫੱਕਰ ਬਿਰਤੀ ਦੇ ਮਾਲਿਕ ਫੰਕਾਰ ਨੂੰ ਇਸ ਗੱਲ ਦਾ ਰਤਾ ਵੀ ਮਾਣ ਨਹੀਂ। ਇੱਕ ਵਾਰੀ ਪੰਜਾਬ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ  ਪਹਿਲਾਂ ਲੋਕ ਆਖਦੇ ਸਨ ਕਿ ਜਿਸ ਨੇ  ਲਾਹੌਰ  ਨਹੀਂ ਵੇਖਿਆ ਉਹ ਪੰਜਾਬੀ ਨਹੀਂ ਪਰ ਮੈ ਆਖਦਾਂ ਕਿ ਜਿਸ ਨੇ ਗੁਰਦਾਸ ਮਾਨ ਨਹੀਂ ਸੁਣਿਆਂ ਉਹ ਪੰਜਾਬ ਵਿੱਚ ਜੰਮਿਆ ਹੀ ਨਹੀਂ ਤੇ ਉਹ ਪੰਜਾਬੀ ਨਹੀਂ। ਇਸ ਤਰ੍ਹਾਂ ਦੀਆਂ ਕਈ ਹੋਰ ਗੱਲਾਂ ਲੋਕਾਂ ਦੀ ਜੁਬਾਨ ਤੇ ਗੁਰਦਾਸ ਮਾਨ ਦੀ ਮਹਾਨ ਗਾਇਕੀ ਦੇ ਸੰਦਰਭ ਵਿੱਚ ਕੀਤੀਆਂ ਜਾ ਸਕਦੀਆਂ ਹਨ। ਪਰ ਮਾਨ ਸਾਹਿਬ ਖੁਦ ਆਖਦੇ ਹਨ ਕਿ “ਮਾਨ ਸਨਮਾਨ, ਇੱਜਤ, ਦੋਲਤ, ਸ਼ੋਹਰਤ ਸਿਰ ਤੇ ਚੜ੍ਹਨੇ ਠੀਕ ਨਹੀਂ। ਮਤਲਬ ਇਸ ਸਭ ਦਾ ਗਰੂਰ ਕਰਨਾ ਸਹੀ ਨਹੀਂ। ਉਹ ਆਖਦੇ ਹਨ ਕੇ ਇਸ ਪਾਸਿਓਂ ਬਸ ਕਿਰਪਾ ਹੀ ਕਰੀ ਰਖੇ ਮਾਲਿਕ”। ਮਾਨ ਦੀਆਂ ਇਹ ਗੱਲਾਂ ਉਸਦੇ  ਉੱਪਰ ਗੁਰਬਾਣੀ ਦੀਆਂ ਇਹ ਤੁਕਾਂ ਇੰਨ ਬਿੰਨ ਲਾਗੂ ਕਰਦੀਆਂ ਹਨ ਕੇ “ਜੋ ਜਾਣੇ ਆਪਨ ਕੋ ਨੀਚਾ ਸੋ ਗਨੀਐ ਸਭ ਤੇ ਉਚਾ

 

ਦੋਸਤੋ, ਗੁਰਦਾਸ ਮਾਨ ਦੀ ਇਹ ਵੀ ਬਹੁਤ ਵੱਡੀ ਪ੍ਰਾਪਤੀ ਰਹੀ ਹੈ ਕੇ ਓਹਨਾਂ ਕੇਵਲ ਪੰਜਾਬੀ ਭਾਸ਼ਾ ਵਿੱਚ ਹੀ ਨਹੀਂ ਗਾਇਆ ਬਲਕਿ ਹੋਰ ਭਾਸ਼ਾਵਾਂ ਵਿੱਚ ਜਿਵੇਂ ਬੰਗਾਲੀ, ਰਾਜਸਥਾਨੀ, ਤਾਮਿਲ, ਹਰਿਆਨਵੀ ਵਿੱਚ ਵੀ ਆਪਣੀ ਬੁਲੰਦ ਕਲਾਕਾਰੀ ਦੇ ਜੋਹਰ ਜ਼ਾਹਰ ਕੀਤੇ। ਗੁਰਦਾਸ ਮਾਨ ਹੁਣ ਤਕ ਤਕਰੀਬਨ 300 ਤੋਂ ਵੱਧ ਗੀਤ ਲਿਖ ਚੁੱਕਾ ਹੈ ਅਤੇ 1500 ਤੋਂ ਵੱਧ ਗਾ ਚੁੱਕਾ ਹੈ। ਗੁਰਦਾਸ ਮਾਨ ਜੀ ਨੇ ਕਈ ਟੀ.ਵੀ. ਪ੍ਰੋਗਰਾਮਾਂ ਵਾਸਤੇ ਵੀ ਲਿਖਿਆ ਹੈ।  ਇਹ ਗੁਰਦਾਸ ਮਾਨ ਹੋਰਾਂ ਦੀ ਮਹਾਨ ਪ੍ਰਾਪਤੀ ਹੀ ਕਹੀ ਜਾ ਸਕਦੀ ਕਿ ਭਾਂਵੇ ਗੀਤਕਾਰ, ਸੰਗੀਤਕਾਰ, ਫਿਲਮੀ ਅਭੀਨੇਤਾ ਜਾਂ ਗਾਇਕ ਦੇ ਤੋਰ ਤੇ ਗੱਲ ਕਰਨੀ ਹੋਵੇ ਤਾਂ ਇਹ ਲਾਡੀ ਸ਼ਾਹ ਤੇ ਮੁਰਾਦ ਸ਼ਾਹ ਹੋਰਾਂ ਦਾ ਚੇਲਾ ਸਫਲ ਹੀ ਸਫਲ ਹੈ । ਗੁਰਦਾਸ ਭਾਂਵੇ ਖੁਦ ਨੂੰ ਨਿਮਾਣਾ, ਮਰ ਜਾਣਾ ਆਖਦਾ ਹੈ  ਪਰ ਉਸ ਦੇ ਅਨਗਿਣਤ ਸਰੋਤੇ ਓਸਨੂੰ ਬਾਬਾ ਗੁਰਦਾਸ ਮਾਨ ਆਖਦੇ ਹਨ ਤੇ ਦੂਜੇ ਪਾਸੇ ਕਈ ਬਾਬਿਆਂ ਦੇ ਰੂਪ ਵਿੱਚ ਵੀ ਚੋਰ ਬਣੇ ਨਜਰੀਂ ਪੈਂਦੇ ਹਨ। ਪ੍ਰਮਾਤਮਾ ਕਰੇ ਸਾਡਾ ਇਹ ਗੁਰਦਾਸ  ਸਾਡੇ ਪੰਜਾਬ ਦੀ ਸ਼ਾਨ ਇਸੇ ਤਰਾਂ ਬੁਲੰਦ ਰਹੇ| ਇਸ ਤਰਾਂ ਦੇ ਗਾਇਕ ਪੰਜਾਬੀ ਮਾਂ ਬੋਲੀ ਦੇ ਸ਼ਿੰਦੇ ਪੁੱਤ ਕਹੇ ਜਾ ਸਕਦੇ ਹਨ।

 

ਥੋਡਾ ਆਪਣਾ ਛੋਟਾ ਜਿਹਾ ਕਲਮਕਾਰ 

ਅਕਾਸ਼ ਦੀਪ "ਭੀਖੀ'(ਪ੍ਰੀਤ ) ਮੋਬਾਇਲ 9463374097, 01652275342

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
             
Challengers Software Technologies (Pioneers in publishing web-content in Hindi & Punjabi)
              SCO 64, First Floor, Sector 40-C, CHANDIGARH (UT) INDIA
              Phone: 91-172-2699064, 4633064, 091-98766 86555
              contact: info.punjab@gmail.com