ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਮੇਰੀ ਮਾਂ-ਬੋਲੀ

 

ਲੋਕਾਂ ਦੀਆਂ ਬੋਲੀਆਂ ਵੱਖ ਵੱਖ ਹੋ ਸਕਦੀਆਂ ਹਨ, ਸਿਰਫ਼ ਉਹਨਾਂ ਨੂੰ ਦਿਲੋਂ ਇਕ ਹੋਣਾ ਚਾਹੀਦਾ ਹੈ। ਮੈਨੂੰ ਪਤਾ ਹੈ ਕਿ ਮੇਰੇ ਕੁਝ ਦੋਸਤ ਆਪਣੇ ਜੂਹਾਂ, ਪਿੰਡ ਛੱਡ ਕੇ ਸ਼ਹਿਰੀਂ ਜਾਂ ਹੋਰ ਮੁਲਕੀਂ ਜਾ ਵਸੇ ਹਨ। ਮੈਨੂੰ ਇਸ ਵਿਚ ਕੁਝ ਵੀ ਮਾਡ਼ਾ ਨਹੀ ਲਗਦਾ। ਬੋਟ ਵੀ ਆਪਣੇ ਆਲ੍ਹਣਿਆਂ ਵਿਚ ਉਦੋਂ ਤੱਕ ਹੀ ਰਹਿੰਦੇ ਹਨ ਜਦੋਂ ਤੱਕ ਉਨ੍ਹਾਂ ਦੇ ਖੰਭ ਨਹੀਂ ਨਿਕਲ ਆਉਂਦੇ। ਪਰ ਮੈਂ ਕੁਝ ਉਹਨਾਂ ਪੰਜਾਬੀ ਦੋਸਤਾਂ ਬਾਰੇ ਕਹਾਂ ਜਿਹਡ਼ੇ ਵੱਡੇ ਸ਼ਹਿਰਾਂ ਵਿਚ ਰਹਿੰਦੇ ਤੇ ਦੂਜੀਆਂ ਬੋਲੀਆਂ ਵਿਚ ਬੋਲਦੇ ਅਤੇ ਲਿਖਦੇ ਹਨ। ਸ਼ਾਇਦ ਉਹ ਆਪਣੀ ਮਾਂ-ਬੋਲੀ ਨੂੰ ਗਰੀਬ ਅਤੇ ਮਾਮੂਲੀ ਸਮਝਦੇ ਹੋਣ ਤੇ ਕਿਸੇ ਹੋਰ ਬੋਲੀ ਦੀ ਤਾਲਾਸ਼ ਵਿਚ ਤੁਰ ਪਏ, ਜੋ ਵਧੇਰੇ ਅਮੀਰ ਤੇ ਮਹੱਤਵਪੂਰਨ ਹੋਵੇ (ਕਿਉਂਕਿ ਉਸਦੇ ਪਾਠਕਾਂ ਦੀ ਗਿਣਤੀ ਵੱਧ ਹੈ)। ਅਜਿਹੇ ਲੋਕ ਆਪਣਿਆਂ ਤੋਂ ਦੂਰ ਚਲੇ ਜਾਂਦੇ ਹਨ।  ਤੁਸੀਂ ਬੇਸ਼ਕ ਕਿਸੇ ਦੂਸਰੀ ਭਾਸ਼ਾ ਵਿਚ ਲਿਖੋ, ਜੋ ਤੁਸੀਂ ਆਪਣਾ ਮਾਂ-ਬੋਲੀ ਨਾਲੋਂ ਜਿਆਦਾ ਚੰਗੀ ਤਰ੍ਹਾਂ ਜਾਣਦੇ ਹੋ। ਜਾਂ ਫਿਰ ਆਪਣੀ ਮਾਂ-ਬੋਲੀ ਵਿਚ, ਜੇ ਤੁਸੀਂ ਕੋਈ ਦੂਜੀ ਬੋਲੀ ਠੀਕ ਤਰ੍ਹਾਂ ਨਹੀਂ ਜਾਣਦੇ ।

 

ਆਪਣੀ ਮਾਂ-ਬੋਲੀ ਵਿਚ ਨਾ ਲਿਖਣ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਸੋਚਦੇ ਹੋ ਕਿ ਲਿਖਣ ਨੂੰ ਕੋਈ ਵਿਸ਼ਾ ਨਹੀਂ ਹੈ ਤਾਂ ਘੱਟੋ-ਘੱਟ ਹੋਰ ਭਾਸ਼ਾਵਾਂ ਵਿਚ ਲਿਖੇ ਉੱਚ ਦਰਜ਼ੇ ਦੇ ਸਾਹਿਤ ਦਾ ਆਪਣੀ ਮਾਂ-ਬੋਲੀ ਵਿਚ ਤਰਜ਼ਮਾ ਤਾਂ ਕੀਤਾ ਜਾ ਹੀ ਸਕਦਾ ਹੈ।  ਇਹ ਵੀ ਸੱਚ ਹੈ ਕਿ ਹਰ ਬੋਲੀ ਵਿਚ ਸ਼ੁਰੂ ਵਿਚ ਸਿਰਫ ਕੁਝ ਕੁ ਲਫਜ਼ ਹੀ ਹੁੰਦੇ ਹਨ। ਕਈ ਲੋਕੀਂ ਇਸ ਨੂੰ ਮਾਂ-ਬੋਲੀ ਵਿਚ ਨਾ ਲਿਖਣ ਲਈ ਦੂਸਰਾ ਕਾਰਨ ਸਮਝਦੇ ਹਨ। ਪਰ ਹੌਲੀ-ਹੌਲੀ ਇਸ ਵਿਚ ਲੋਡ਼ ਮੁਤਾਬਕ ਸ਼ਬਦਾਂ ਦਾ ਭੰਡਾਰ ਆਲ਼ੇ-ਦੁਆਲ਼ੇ ਦੇ ਮਾਹੌਲ ਜਾਂ ਦੂਜੀਆਂ ਬੋਲੀਆਂ ਦੇ ਅਸਰ ਮੁਤਾਬਕ ਵਧਦਾ ਤੁਰਿਆ ਜਾਂਦਾ ਹੈ। ਇਸ ਤਰ੍ਹਾਂ ਬੋਲੀ ਅਮੀਰ ਹੋ ਜਾਂਦੀ ਹੈ। ਫਿਰ ਮੈਂ ਆਪਣੀ ਮਾਂ-ਬੋਲੀ ਵਿਚ ਜੋ ਕੁਝ ਚਾਹਾਂ ਪ੍ਰਗਟ ਕਰ ਸਕਦਾ ਹਾਂ ਅਤੇ ਮੈਨੂੰ ਆਪਣੀ ਬੋਲੀ ਕਦੇ ਵੀ ਲੰਗਡ਼ੀ ਨਹੀਂ ਜਾਪੇਗੀ।

 

ਆਦਮੀ ਨੂੰ ਉੱਪਰ ਵਾਲੇ ਉਸਦੀਆਂ ਅੱਖਾਂ, ਕੰਨ ਤੇ ਜ਼ਬਾਨ ਕਿਓਂ ਦਿੱਤੀ ਹੈ? ਕਿਉਂ ਆਦਮੀ ਦੀਆਂ ਦੋ ਅੱਖਾਂ, ਦੋ ਕੰਨ ਹਨ ਪਰ ਸਿਰਫ ਇਕ ਜ਼ਬਾਨ ਹੈ ਕਾਰਨ ਜ਼ਰੂਰ ਇਹ ਹੋਵੇਗਾ ਕਿ ਇਸ ਤੋਂ ਪਹਿਲਾਂ ਕਿ ਜ਼ਬਾਨ ਤੋਂ ਨਿਕਲ ਕੇ ਇਕ ਵੀ ਲਫਜ਼ ਦੁਨੀਆ ਵਿਚ ਜਾਵੇ, ਦੋ ਅੱਖਾਂ ਨੂੰ ਜ਼ਰੂਰ ਕੁਝ ਦੇਖਣ ਦਾ ਤੇ ਦੋ ਕੰਨਾਂ ਨੂੰ ਕੁਝ ਸੁਨਣ ਦਾ ਕੰਮ ਕਰਨਾ ਚਾਹੀਦਾ ਹੈ। ਜ਼ਬਾਨ ਤੋਂ ਨਿਕਲਿਆ ਲਫਜ਼ ਉਸ ਘੋਡ਼ੇ ਵਾਂਗ ਹੈ ਜਿਹਡ਼ਾ ਢਾਲਵੇਂ ਤੇ ਤੰਗ ਪਹਾਡ਼ੀ ਰਸਤੇ ਤੋਂ ਖੁਲ੍ਹੇ ਮੈਦਾਨ ਵਿਚ ਆ ਜਾਂਦਾ ਹੈ ਇਸ ਲਈ ਧਿਆਨ ਰੱਖਿਆ ਜਾਵੇ, ਕਿ ਜਿੰਨਾ ਚਿਰ ਤੱਕ ਕੋਈ ਲਫ਼ਜ਼ ਦਿਲ ਵਿਚੋਂ ਨਹੀਂ ਹੋ ਆਉਂਦਾ, ਉਸਨੂੰ ਦੁਨੀਆ ਵਿਚ ਛੱਡਿਆ ਨਹੀਂ ਜਾ ਸਕਦਾ ਹੈ।

 

ਵੱਖੋ-ਵੱਖ ਕੌਮਾਂ ਦੀਆਂ ਬੋਲੀਆਂ ਆਕਾਸ਼ ਵਿਚਲੇ ਸਿਤਾਰਿਆਂ ਵਾਂਗ ਹਨ। ਮੈਂ ਨਹੀਂ ਚਾਹੁੰਦਾ ਕਿ ਸਾਰੇ ਸਿਤਾਰੇ ਇਕ ਵੱਡੇ ਸਿਤਾਰੇ ਵਿਚ ਮਿਲ ਕੇ ਇਕ ਹੋ ਜਾਣ (ਆਪਣੀ ਪਛਾਣ ਗੁਆ ਬੈਠਣ) ਜਿਸ ਨੇ ਅੱਧਾ ਆਕਾਸ਼ ਘੇਰਿਆ ਹੋਵੇ। ਇਸ ਕੰਮ ਲਈ ਸੂਰਜ ਹੈ, ਪਰ ਆਕਾਸ਼ ਵਿਚ ਸਿਤਾਰੇ ਵੀ ਚਮਕਣੇ ਚਾਹੀਦੇ ਹਨ। ਹਰ ਕੌਮ ਨੂੰ ਆਪਣਾ ਸਿਤਾਰਾ ਰੱਖਣ ਦਿਓ। ਮੈਨੂੰ ਆਪਣਾ ਸਿਤਾਰਾ ਪਿਆਰਾ ਹੈ- ਮੇਰੀ ਮਾਂ-ਬੋਲੀ ਪੰਜਾਬੀ।

 

ਮੈਂ ਅਰਦਾਸ ਕਰਦਾ ਹਾਂ ਕਿ ਭਗਵਾਨ ਮੈਨੂੰ ਕਦੇ ਮੇਰੀ ਜ਼ੁਬਾਨ ਤੋਂ ਵਾਂਝਿਆ ਨਾ ਕਰੇ। ਮੈਂ ਇਸ ਤਰ੍ਹਾਂ ਲਿਖਣਾ ਚਾਹੁੰਦਾ ਹਾਂ ਕਿ ਮੇਰੀਆਂ ਲਿਖਤਾਂ, ਮੇਰੀ ਮਾਂ-ਭੈਣ ਨੂੰ, ਪੰਜ ਦਰਿਆਵਾਂ ਦੀ ਧਰਤੀ ਨਾਲ ਜੁਡ਼ੇ ਹਰ ਇਕ ਬੰਦੇ ਨੂੰ, ਤੇ ਪਡ਼੍ਹਣ ਵਾਲੇ ਹਰ ਬੰਦੇ ਨੂੰ ਸਮਝ ਆਵੇ ਤੇ ਪਿਆਰੀਆਂ ਲੱਗਣ। ਮੈਂ ਅਕਾਵੇਂਪਣ ਨੂੰ ਜਨਮ ਨਹੀਂ ਦੇਣਾ ਚਾਹੁੰਦਾ। ਮੈਂ ਖੁਸ਼ੀ ਦੇਣਾ ਚਾਹੁੰਦਾ ਹਾਂ।

 

ਮੈਂ ਇਸ ਵਿਚ ਕੋਈ ਬੁਰਾਈ ਨਹੀਂ ਸਮਝਦਾ ਕਿ ਜੇਕਰ ਮੈਂ ਰਸੂਲ ਹਮਜ਼ਾਤੋਵ (ਮੇਰਾ ਦਾਗਿਸਤਾਨ ਵਿਚੋਂ) ਵਲੋਂ ਲਿਖੀਆਂ ਕੁਝ ਪੰਕਤੀਆਂ ਦੀ ਵਰਤੋਂ ਪੰਜਾਬੀ ਪਿਆਰਿਆਂ ਦੇ ਮਾਂ-ਬੋਲੀ ਪ੍ਰਤੀ ਪ੍ਰੇਮ ਦੀ ਸੌਂ ਚੁੱਕੀ ਭਾਵਨਾ ਨੂੰ ਜਗਾਉਣ ਲਈ ਵਰਤ ਲਵਾਂ। ਮੈਂ ਰਸੂਲ ਹਮਜਾਤੋਵ ਵਲੋਂ ਉਸਦੀ ਆਪਣੀ ਮਾਂ-ਬੋਲੀ ਲਈ ਕੀਤੇ ਗਏ ਉਪਰਾਲੇ ਲਈ ਦਿਲੋਂ ਰਿਣੀ ਹਾਂ ਜਿਸ ਸਦਕਾ ਮੇਰਾ ਮੇਰੀ ਆਪਣੀ ਮਾਂ-ਬੋਲੀ ਪ੍ਰਤੀ ਸਤਿਕਾਰ ਹੋਰ ਵੀ ਵਧ ਗਿਆ ਹੈ। 

 

ਸਵਤੰਤਰ ਖੁਰਮੀ

09417086555

 

 

 
ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
1416928
Website Designed by Solitaire Infosys Inc.