ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਆਸ਼ਾ

ਹੀਰਾ ਸਿੰਘ ਦਰਦ

 

ਆਸ਼ਾ ਦੀ ਦੇਵੀਏ ਨੀ,

ਤੇਰਾ ਹਾਂ ਮੈ ਪੁਜਾਰੀ।

ਤੇਰੀ ਹੀ ਭਗਤਿ ਅੰਦਰ,

ਆਯੂ ਗੁਜ਼ਾਰਾਂ ਸਾਰੀ।

ਡਾਇਣ ਨਿਰਾਸਤਾ ਦੀ,

ਆਵੇ ਨਾ ਮੇਰੇ ਨੇਡ਼ੇ।

ਧਰਤੀ ਹੈ ਦੌਡ਼ ਮੇਰੀ,

ਆਕਾਸ਼ ਹੈ ਉਡਾਰੀ।

ਬੁਤਾਂ ਤੇ ਮੂਰਤਾਂ ਦੀ ਛਡੀ

ਮੈਂ ਪੂਜਾ ਕਰਨੀ।

ਤੇਰੀ ਹੀ ਲਡ਼ ਪਕਡ਼ ਕੇ,

ਤਰਨੀ ਹੈ ਮੈਂ ਵਿਤਰਨੀ।

ਤੈਨੂੰ ਹੀ ਮਨ ਮੰਦਰ ਦੇ,

ਮੈਂ ਤਖਤ ਪੁਰ ਬਿਠਾਇਆ।

ਜੀਵਨ ਦੀ ਓਟ ਇਕੋ,

ਤੇਰੇ ਹੀ ਦਰ ਤੇ ਧਾਰੀ।

ਕਿਹਾ ਨਾਉਂ ਤੇਰਾ ਪਿਆਰਾ,

ਕਿਹੀ ਯਾਦ ਤੇਰੀ ਮਿਠੀ।

ਸਿਮਰਨ ਤੇਰੇ ਦੀ ਸ਼ਕਤੀ,

ਕਿਧਰੇ ਨਾ ਹੋਰ ਡਿਠੀ।

ਮੁਰਦੇ ਸਰੀਰ ਅੰਦਰ,

ਤੂੰ ਰੂਹ ਫੂਕ ਦੇਵੇਂ।

ਮਾਰੂ ਥਲਾਂ ਦੇ ਅੰਦਰ,

ਚਸ਼ਮੇਂ ਕਰੇਂ ਤੂੰ ਜਾਰੀ।

ਉਤਸਾਹ ਦਾ ਏ ਸੋਮਾਂ,

ਹਿੰਮਤ ਦੀ ਤੂੰ ਏ ਰਾਣੀ।

ਜਿੱਤਾਂ ਸਮਾਜ ਸੰਦੀਆਂ,

ਤੇਰੀ ਹੈ ਇਕ ਕਹਾਣੀ।

ਡੂੰਘੇ ਸਮੁੰਦਰਾਂ ਵਿਚ,

ਤੂੰ ਤਾਰੀਆਂ ਲਵਾਈਆਂ।

ਗਗਨਾਂ ਦੇ ਵਿਚ ਲਵਾਈ,

ਇਨਸਾਨ ਨੂੰ ਉਡਾਰੀ।

ਡੁਬਦੇ ਸਮੁੰਦਰਾਂ ਵਿਚ,

ਭਟਕੇ ਹਨੇਰਿਆਂ ਵਿਚ।

ਜੰਗਲੀ ਬਸੇਰਿਆਂ ਵਿਚ,

ਝੱਖਡ਼ਾਂ ਦੇ ਘੇਰਿਆਂ ਵਿਚ।

ਬੇਆਸ ਰਾਹੀਆਂ ਨੂੰ,

ਮੁਖਡ਼ਾ ਤੂੰ ਜਦ ਵਿਖਾਇਆ।

ਮਾਰੂਥਲਾਂ ਦੇ ਵਿਚ ਜਿਉਂ,

ਫਿਰ ਮਹਿਕ ਪਈ ਕਿਆਰੀ।

ਕਿਸ ਨੇ ਇਹ ਧਰਤ ਛਾਣੀ,

ਸਾਗਰ ਏ ਕਿਸ ਨੇ ਗਾਹੇ ?

ਖੋਜਾਂ ਦੇ ਮੋਤੀ ਲਭ ਲਭ,

ਸਭ ਸੁਹਜ ਕਿਸ ਬਣਾਏ?

ਇਤਿਹਾਸ ਹੁਨਰ, ਕਲਚਰ,

ਸਭ ਦੇ ਰਹੇ ਗਵਾਹੀ।

ਆਸ਼ਾ ਦੀ ਦੇਵੀਏ ਨੀ,

ਤੇਰੀ ਇਹ ਚਿਤ੍ਰਕਾਰੀ।

ਜਿਸ ਦਿਨ ਮਨ ਮੰਦਰ ਚ,

ਤੂੰ ਆਣ ਕੇ ਵਸੀਂ ਏਂ।

ਜਿਸ ਦਿਨ ਦੀ ਲੂੰ ਲੂੰ ਅੰਦਰ,

ਤੂੰ ਆਣ ਕੇ ਰਸੀ ਏਂ।

ਜੀਵਨ ਝਨਾਂ ਦਾ ਪਾਣੀ,

ਹਡ਼੍ਹ ਵਾਂਗ ਵਹਿ ਰਿਹਾ ਏ।

ਰੋਕਾਂ ਦੇ ਚੀਰ ਪਰਬਤ,

ਹਿੰਮਤ ਕਦੀ ਨਾ ਹਾਰੀ।

ਆਸ਼ਾ ਦੀ ਦੇਵੀਏ ਨੀ,

ਤੇਰਾ ਹਾਂ ਮੈਂ ਪੁਜਾਰੀ।

ਤੇਰੀ ਹੀ ਭਗਤਿ ਅੰਦਰ,

ਆਯੂ ਗੁਜ਼ਾਰਾਂ ਸਾਰੀ।

ਡਾਇਣ ਨਿਰਾਸਤਾ ਦੀ,

ਆਵੇ ਨਾ ਮੇਰੇ ਨੇਡ਼ੇ।

ਧਰਤੀ ਹੈ ਦੌਡ਼ ਮੇਰੀ,

ਆਕਾਸ਼ ਹੈ ਉਡਾਰੀ।

(ਦਰਦ ਸੁਨੇਹੇਂ ਵਿਚੋਂ


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
1623996
Website Designed by Solitaire Infosys Inc.