ਬੁਲ੍ਹੇ ਸ਼ਾਹ ਦੀਆਂ ਕਾਫੀਆਂ
ਉਠ ਜਾਗ ਘੁਰਾੜੇ ਮਾਰ ਨਹੀਂ
ਇਕ ਰੋਜ਼ ਜਹਾਨੋਂ ਜਾਣਾ ਹੈ
ਜਾ ਕਬਰੇ ਵਿਚ ਸਮਾਣਾ ਹੈ
ਤੇਰਾ ਗੋਸ਼ਤ ਕੀੜਿਆਂ ਖਾਣਾ ਹੈ
ਕਰ ਚੇਤਾ ਮ੍ਰਿਗ ਵਿਸਾਰ ਨਹੀਂ
ਉਠ ਜਾਗ ਘੁਰਾੜੇ ਮਾਰ ਨਹੀਂ
ਇਹ ਸੋਣ ਤੇਰੇ ਦਰਕਾਰ ਨਹੀਂ।
ਤੇਰਾ ਸਾਹਾ ਨੇੜੇ ਆਇਆ ਹੈ
ਕੁਝ ਚੋਲੀ ਦਾਜ ਰੰਗਾਇਆ ਹੈ
ਕੀਹ ਅਪਨਾ ਆਪ ਵੰਜਾਇਆ ਹੈ
ਐ ਗ਼ਾਫਿਲ ਤੈਨੂੰ ਸਾਰ ਨਹੀਂ
ਉਠ ਜਾਗ ਘੁਰਾੜੇ ਮਾਰ ਨਹੀਂ
ਇਹ ਸੋਣ ਤੇਰੇ ਦਰਕਾਰ ਨਹੀਂ।
ਤੂੰ ਸੁੱਤਿਆਂ ਉਮਰ ਵੰਜਾਈ ਏ
ਤੇਰੀ ਸਾਇਤ ਨੇੜੇ ਆਈ ਏ
ਤੂੰ ਚਰਖੇ ਤੰਦ ਨਾ ਪਾਈ ਏ
ਕੀਹ ਕਰਸੇਂ ਦਾਜ ਤਿਆਰ ਨਹੀਂ
ਉਠ ਜਾਗ ਘੁਰਾੜੇ ਮਾਰ ਨਹੀਂ
ਇਹ ਸੋਣ ਤੇਰੇ ਦਰਕਾਰ ਨਹੀਂ।