ਕੁਝ ਹੋਰ ਸਤਰਾਂ
ਜੋਤੀ ਮਾਨ
ਵਫ਼ਾ ਦਾ ਅਰਥ ਨਾ ਜਾਨੇ, ਨਾ ਬੇ-ਵਫਾਈ ਦਾ
ਕੀ ਮੈਂ ਕਰਾਂ ਇਸ ਭੋਲੇ ਜਿਹੇ ਹਰਜਾਈ ਦਾ,
ਉਮਰ ਨੂੰ ਗਾਲ ਕੇ ਆਉਂਦਾ ਹੈ, ਸਲੀਕਾ ਯਾਰੋ
ਕਰੀਦਾ ਪਿਆਰ ਕਿਵੇਂ, ਪਿਆਰ ਕਿੰਝ ਨਿਭਾਈਦਾ।
ਕੋਲ ਬੈਠ ਕੇ ਹੋਲੀ ਜਿਹੀ ਮੁਸਕਰਾਉਣਾ ਤੁਹਾਡਾ
ਜਾਨ ਲੈ ਲਵੇਗਾ ਹਾਏ-ਉ ਸ਼ਰਮਾਉਣਾ ਤੁਹਾਡਾ
ਬਸ ਕਿਆਮਤ ਹੀ ਢਾਅ ਦੇਵੇਗਾ ਕਦੇ
ਅਪਣੇ ਬੁੱਲ੍ਹਾ ਨੂੰ ਦੰਦਾਂ ਚ ਦਬਾਉਣਾ ਤੁਹਾਡਾ
ਤੁਹਾਡੀ ਇਹ ਖਵਾਹਿਸ਼ ਕਿ ਅਸੀਂ ਮਨਾਈਏ ਤੁਹਾਨੂੰ
ਇਸ ਲਈ ਇੰਜ ਹੀ ਸਾਡੇ ਨਾਲ ਰੁੱਸ ਜਾਣਾ ਤੁਹਾਡਾ
ਸੋਚਦਾ ਹਾਂ ਕਿਧਰੇ ਮਾਯੂਸ ਹੀ ਨਾ ਕਰ ਦੇਵੇ
ਉਹ ਹਰ ਪਲ ਹੀ ਮੈਨੂੰ ਤੜਪਾਉਣਾ ਤੁਹਾਡਾ
ਜਿੰਦਗੀ ਤੋਂ ਹੀ ਨਾ ਦੂਰ ਕਰ ਦੇਵੇ ਮੈਨੂੰ ਕਦੇ
ਮੇਰੇ ਦਿਲ ਨੂੰ ਹਰ ਵਕਤ ਇੰਜ ਦੁਖਾਉਣਾ ਤੁਹਾਡਾ
ਇਸ ਤਰਾਂ ਨਾ ਕਰਦੇ ਪਿਆਰ ਤੈਨੂੰ ਅਸੀਂ ਕਦੇ
ਜੇ ਸਾਡੇ ਦਿਲ ਵਿਚ ਕੋਈ ਚੋਰ ਹੁੰਦਾ
ਡਿਗਦੇ ਨਾ ਹੰਝੂ ਸਾਡੀਆਂ ਅੱਖਾਂ ਚੋਂ ਤੇਰੇ ਲਈ
ਜੇ ਸਾਡੇ ਕੋਲ ਤੈਥੋਂ ਸਿਵਾ ਕੋਈ ਹੋਰ ਹੁੰਦਾ
ਗ਼ਮਾਂ ਕੋਲੋਂ ਥੋੜ੍ਹੀ ਖੁਸ਼ੀ ਮੰਗ ਰਿਹਾ ਹਾਂ
ਮੈਂ ਪੱਥਰਾਂ ਦੇ ਕੋਲੋਂ ਨਮੀ ਮੰਗ ਰਿਹਾ ਹਾਂ
ਨਹੀਂ ਜਾਣਦੀ ਜੋ ਪਿਆਰ ਦੇ ਅਰਥ ਬਿਲਕੁਲ ਵੀ
ਉਸ ਤੋਂ ਮੁਹੱਬਤ ਭਰੀ ਦੋਸਤੀ ਮੰਗ ਰਿਹਾ ਹਾਂ
ਨਾ ਖੁਸ਼ੀ ਤੇਰੇ ਵਾਦੇ ਦੀ ਨਾ ਰੰਜ ਕੋਈ ਇਨਕਾਰ ਦਾ
ਦਿਲ ਮਗਰ ਪਿਆਸਾ ਹੈ ਸਜਨੀ ਤੇਰੇ ਇਕ ਦੀਦਾਰ ਦਾ
ਜੋ ਵੀ ਆਇਆ ਤੁਰ ਗਿਆ ਏ ਜਖ਼ਮ ਦਿਲ ਦੇ ਛੇੜ ਕੇ
ਗ਼ੈਰ ਦਾ ਸ਼ਿਕਵਾ ਕਰਾਂ ਕੀ, ਕੀ ਗਿਲਾ ਮੈਂ ਕਰਾਂ ਮੈਂ ਯਾਰ ਦਾ
ਅਪਣੇ ਵੀ ਗ਼ੈਰ ਬਣਦੇ ਜਾ ਰਹੇ ਨੇ
ਕਿਸ ਤਰ੍ਹਾਂ ਦਾ ਇਹ ਜ਼ਮਾਨਾ ਆ ਰਿਹੈ
ਧੁੰਦਲਕਾ ਹੈ ਨਫਰਤਾਂ ਦੀ ਛਾ ਰਿਹਾ
ਪਿਆਰ ਦੀ ਪਾਵਨ ਹਵਾ ਗੰਧਲਾ ਰਿਹਾ
ਬਾਗਬਾਨੋ ਸੰਭਾਲ ਲਉ ਆਪਣਾ ਚਮਨ
ਏਸ ਦਾ ਹਰ ਫੁੱਲ ਹੈ ਕੁਮਲਾ ਰਿਹਾ
ਜਾਪਦਾ ਹੈ ਇਹ ਵੀ ਉਸ ਦੀ ਚਾਲ ਹੈ
ਸ਼ੇਖ ਸਾਹਿਬ ਜੋ ਮੈਨੂੰ ਸਮਝਾ ਰਿਹੈ
ਸੁਰਮਈ ਪਰਦਾ ਪਰ੍ਹਾਂ ਕਰ ਕੇ ਤੂੰ ਵੇਖ
ਦਿਸ ਪਏਗਾ ਚੰਨ ਜੋ ਆ ਰਿਹੈ
ਕਤਲ ਕਰ ਕੇ ਦਿਨ ਚੜ੍ਹੇ ਮਸੂਮ ਦਾ
ਉਹ ਚੁਰਾਹੇ ਵਿਚ ਖੜ੍ਹਾ ਮੁਸਕਾ ਰਿਹੈ
ਆਪਣੇ ਮਤਲਬ ਲਈ ਮਹਿਬੂਬ ਵੀ
ਰੰਗ ਗਿਰਗਿਟ ਵਾਂਗ ਬਦਲਦਾ ਜਾ ਰਿਹੈ
ਅਪਣੇ ਵੀ ਗ਼ੈਰ ਬਣਦੇ ਜਾ ਰਹੇ ਨੇ
ਕਿਸ ਤਰ੍ਹਾਂ ਦਾ ਇਹ ਜ਼ਮਾਨਾ ਆ ਰਿਹੈ
ਮਿਟਾ ਦੇ ਇੱਕ ਦੇ ਹੀ ਨਾਮ ਤੇ, ਤੂੰ ਜਿੰਦਗੀ ਆਪਣੀ
ਜੋ ਲੋਗ ਦਰ-ਬਦਰ ਭਟਕਨ ਸਦਾ ਨਾਕਾਮ ਹੁੰਦੇ ਨੇ
ਮੇਰਾ ਦਿਲ ਤੋੜ ਕੇ ਜ਼ਾਲਮ ਤੂੰ ਸੁਖ ਦੀ ਨੀਂਦ ਨਹੀਂ ਸੌਣਾ
ਅਜਿਹੀ ਦਿਲੋ-ਬੇਦਰਦਾ ਭਲਾ ਕਦ ਆਮ ਹੁੰਦੇ ਨੇ
ਹਜ਼ਾਰਾ ਚੋਂ ਕੋਈ ਸਿਦਕੀ ਨਿਭਾਉਦਾਂ ਹੈ ਕੌਲ ਆਪਣਾ
ਹਸੀਨਾਂ ਦੇ ਬਹੁਤ ਵਾਦੇ ਸਵੇਰੇ ਸ਼ਾਮ ਹੁੰਦੇ ਨੇ
ਤੁਸੀਂ ਖੁਦ ਆਪ ਤੜਪੋਗੇ ਅਗਰ ਤੜਪਾਉਗੇ ਮੈਨੂੰ
ਬੁਰੇ ਕੰਮਾਂ ਦੇ ਸੁਣਦੇ ਹਾਂ ਬੁਰੇ ਅੰਜਾਮ ਹੁੰਦੇ ਨੇ
ਉਦੋਂ ਕੀ ਕਰਨ ਇਹ ਆਸ਼ਕ ਜਦੋਂ ਮਹਿਬੂਬ ਹਰ ਵਾਰੀ
ਨਜ਼ਰ ਦੇ ਸਾਹਮਣੇ ਆਵੇ ਮਗਰ ਪਰਦਾ ਗਿਰਾ ਬੈਠੇ
ਜਰਾ ਸੰਭਾਲ ਕੇ ਰੱਖਿਉ ਹੈ ਸ਼ੀਸ਼ੇ ਵਾਂਗ ਦਿਲ ਮੇਰਾ
ਇਹ ਡਿੱਗ ਕੇ ਟੁੱਟ ਜਾਣਾ ਜੇ ਤੁਸੀਂ ਹੱਥੋਂ ਗਿਰਾ ਬੈਠੇ
ਮੁਹੱਬਤ ਵਾਲਿਆਂ ਤੇ ਇਹ ਜ਼ਮਾਨਾ ਰਹਿਮ ਨਹੀਂ ਕਰਦਾ
ਜ਼ਮਾਨੇ ਤੋਂ ਹਜ਼ਾਰਾਂ ਜ਼ਖ਼ਮ ਦਿਲ ਵਾਲੇ ਕਰਾ ਬੈਠੇ
ਕਦੇ ਹਮਦਰਦ ਤੂੰ ਦਿਲ ਵਾਲਿਆਂ ਦੀ ਹੋ ਨਹੀਂ ਸਕਦੀ
ਖ਼ੁਦਾ ਜਾਨੇ ਅਸੀਂ ਐਤਬਾਰ ਕਿੱਦਾਂ ਕਰ ਤੇਰਾ ਬੈਠੇ
ਤੂੰ ਸ਼ੱਕ ਨਾ ਕਰ ਮੇਰੇ ਜਜ਼ਬਾਤਾਂ ਤੇ
ਤੇਰੇ ਨਾਲ ਹੀ ਜ਼ਿੰਦਗੀ ਮੇਰੀ ਖ਼ੂਬਸੂਰਤ ਹੈ
ਜਿੰਨੀ ਅਹਿਮੀਅਤ ਹੈ ਪਾਣੀ ਲਈ ਮਰਦੇ ਬੰਦੇ ਲਈ
ਬਸ ਉੰਨੀ ਹੀ ਮੈਨੂੰ ਤੇਰੀ ਜ਼ਰੂਰਤ ਹੈ
ਇਹ ਦੁਨੀਆ ਮੇਰੇ ਤੋਂ ਪਿੱਛੇ ਹਟ ਰਹੀ ਹੈ,
ਪਰ ਤੇਰੇ ਆਸਰੇ ਜਿੰਦਗੀ ਕਟ ਰਹੀ ਹੈ
ਨਸੀਬ ਚ ਹੋਏ ਨਾ ਦੋ ਪਲ ਖ਼ੁਸ਼ੀ ਦੇ
ਮੇਰੀ ਜਾਨ ਮੇਰੇ ਤੋਂ ਮੂੰਹ ਵੱਟ ਰਹੀ ਹੈ
ਮੈਂ ਜਿਸ ਰਾਹ ਵੀ ਮੰਜਿਲ ਤੇ ਪੁੱਜਣਾ ਹੈ ਚਾਹਿਆ
ਮੇਰੇ ਰਾਹ ਚ ਹਰ ਦਮ ਰੁਕਾਵਟ ਰਹੀ ਹੈ
ਤੇਰੇ ਗ਼ਮਾਂ ਚ ਰਾਤੀਂ ਤੜਪਦਾ ਰਿਹਾ ਦਿਲ
ਮੇਰੇ ਦਿਲ ਨੂੰ ਦਿਨ ਭਰ ਥਕਾਵਟ ਰਹੀ ਹੈ
ਬੁਰਾ ਕਹਿ ਕੇ ਮੈਨੂੰ, ਘਰੋਂ ਕੱਢ ਕੇ ਮੈਨੂੰ
ਇਹ ਦੁਨੀਆ ਭਲਾ ਦੱਸੋ ਕੀ ਖੱਟ ਰਹੀ ਹੈ
ਜੋਤੀ ਮਾਨ
ਸਰਕਾਰੀ ਹਾਈ ਸਕੂਲ, ਭੋਤਨਾ