ਦੇਵਤਾ
ਅੰਮ੍ਰਿਤਾ ਪ੍ਰੀਤਮ
ਤੂੰ ਪੱਥਰ ਦਾ ਦੇਵਤਾ
ਠੰਢੇ ਕੱਕਰ ਭਾਵ ਤੇਰੇ ਨਾ ਅਜੇ ਤੀਕ ਗਰਮਾਣ
ਜੁਗਾਂ ਜੁਗਾਂ ਦੀ ਨੀਂਦਰ ਸੁੱਤੇ
ਅਜੇ ਤੀਕ ਵੀ ਜਜ਼ਬੇ ਤੇਰੇ ਜਾਗਣ ਵਿਚ ਨਾ ਆਣ।
ਬਾਲ ਬਾਲ ਕੇ ਹੁਸਨ ਆਪਣੇ ਲੱਖ ਸੁੰਦਰੀਆਂ ਆਣ
ਤੇਰੇ ਸਉਲੇ ਜੜ੍ਹ ਅੰਗਾਂ ਤੇ ਚੇਤਨ ਅੰਗ ਨਿਵਾਣ
ਪੀਡੇ ਪੱਥਰ ਚਰਨਾਂ ਉੱਤੇ, ਲੂਏਂ ਲੂਏਂ ਪੋਟੇ ਛੋਹ ਕੇ
ਮਾਸ ਦੀ ਗੰਧ ਵਿਚ ਮੱਤੇ ਮੱਥੇ, ਪੈਰਾਂ ਤੱਕ ਝੁਕਾਣ।
ਨਿੱਘੇ ਸਾਹਾਂ ਦੀਆਂ ਗਰਮ ਹਵਾੜਾਂ
ਪੂਜਾ ਦੀ ਸਾਮਗ੍ਰੀ ਵਿਚੋਂ ਉਠਦੇ ਲੰਬੇ ਧੂਏਂ
ਤੇਰੇ ਭਾਵ ਨਾ ਅਜੇ ਭਖਾਣ।
ਵੱਲਾਂ ਵਰਗੇ ਕੱਦ ਉਨ੍ਹਾਂ ਦੇ ਨਿਉਂ ਨਿਉਂ ਲਿਫਦੇ ਜਾਣ
ਚੰਨੋਂ ਚਿੱਟੀਆਂ ਲੱਖ ਗੋਰੀਆਂ
ਕਾਲੇ ਭੌਰੇ ਨੈਣ ਉਨ੍ਹਾਂ ਦੇ
ਤੇਰੇ ਸਉਲੇ ਸਉਲੇ ਬੁੱਤ ਤੇ ਰੋਮ ਰੋਮ ਲਿਪਟਾਣ
ਜਿਵੇਂ ਮਲੱਠੀ ਦੀ ਖੁਸ਼ਬੂ ਤੇ ਨਾਗ ਲਿਪਟਦੇ ਜਾਣ।
ਜੁਗਾਂ ਜੁਗਾਂ ਦੀ ਪੂਜਾ ਪੀ ਕੇ ਹੋਠ ਤੇਰੇ ਤਰਿਹਾਏ
ਲੱਖ ਜਵਾਨੀਆਂ ਸੁੱਕ ਗਈਆਂ
ਨੀਲੀਆਂ ਪਈਆਂ ਬਾਂਹਾਂ ਗੋਰੀਆਂ
ਸੱਖਣੇ ਹੋ ਗਏ ਜੋਬਨ ਪਿਆਲੇ
ਅਜੇ ਵੀ ਤੇਰੇ ਬੁੱਲ੍ਹ ਤਰਿਹਾਏ ਭਰ ਭਰ ਪੀਂਦੇ ਜਾਣ।
ਹਵਨ ਕੁੰਡ ਦੀ ਵਸਤੂ ਵਾਂਗੂੰ ਮੈਂ ਵੀ ਹਾਂ ਇਕ ਸ਼ੈ
ਧੁਖਦੀ ਧੁਖਦੀ ਬਲ ਜਾਵੇਗੀ
ਬੁਝ ਜਾਵੇਗੀ ਇਹ ਸਾਮਗ੍ਰੀ
ਤੇ ਸਾਮਗ੍ਰੀ ਦਾ ਇਕ ਭਾਗ ਤੇਰੀ ਪੁਜਾਰਨ ਮੈਂ ਵੀ….
ਪੂਜਾ ਕਰਦੀ ਪਈ ਪੁਜਾਰਨ
ਭਰੇ ਥਾਲ ਵਿੱਚ ਨਿੱਕਾ ਜਿੰਨਾ ਹਿੱਸਾ ਹੀ ਤਾਂ ਹੈ
ਹਵਨ ਕੁੰਡ ਦੀ ਵਸਤੁ ਵਾਂਗੂੰ ਮੈਂ ਵੀ ਹਾਂ ਇੱਕ ਸ਼ੈ।
ਕਿੰਨੀਆਂ ਕੁ ਤਲੀਆਂ ਦੀ ਛੋਹ ਤੇਰੇ ਪੈਰਾਂ ਉੱਤੇ ਜੰਮੀ?
ਕਿੰਨੇ ਕੁ ਹੋਠਾਂ ਦੇ ਰਸ ਤੇਰੇ ਚਰਨਾਂ ਉੱਤੇ ਸੁੱਕੇ?
ਹਾਰੇ ਸੱਜਣ ਅਸੀਂ ਹਾਰੇ
ਪੱਥਰ ਦੇ ਜੂਠੇ ਪੈਰਾਂ ਨੂੰ ਪੂਜਣ ਭਾਵ ਕੰਵਾਰੇ…
(ਛੇ ਰੁੱਤਾਂ ਵਿੱਚੋਂ)