ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

 

ਦੋ ਪੁਤਲੀਆਂ

ਰਾਜਾ ਭੋਜ ਪਾਸ ਇਕ ਪ੍ਰੇਮੀ ਦੋਇ ਪੁਤਲੀਆਂ ਲਿਆਯਾ,
ਬੜੀਆਂ ਸੁੰਦਰ, ਜਿਸ ਡਿੱਠੀਆਂ ਸਭ ਦਾ ਮਨ ਲਲਚਾਯਾ।
ਇਕੋ ਜੈਸੀ ਸ਼ਕਲ ਦੋਹਾਂ ਦੀ, ਇਕੋ ਜਿਹੀਆਂ ਲੰਮੀਆਂ,
ਮਾਨੋਂ ਦੋਇ ਜੋੜੀਆਂ, ਕੜੀਆਂ, ਇਕਸੇ ਛਿਨ ਹਨ ਜੰਮੀਆਂ।
ਗੋਰੇ ਰੰਗ, ਮੋਟੀਆਂ ਅੱਖਾਂ, ਨੱਕ ਤਿੱਖੇ, ਬੁੱਲ੍ਹ ਸੂਹੇ,
ਅੰਗ ਸੁਡੌਲ, ਪਤਲੀਆਂ ਬੁੱਲ੍ਹੀਆਂ, ਹੁਸਨ ਕਲੇਜੇ ਧੂਹੇ।
ਇਉਂ ਜਾਪੇ ਕਿ ਖਾਸ ਬਹਿਸ਼ਤੋਂ ਦੋ ਹੂਰਾਂ ਹਨ ਆਈਆਂ,
ਦਸਣ ਲਈ ਖ਼ੁਦਾ ਦੀਆਂ ਕਾਰੀਗਰੀਆਂ ਤੇ ਚਤਰਾਈਆਂ।
ਖ਼ੁਸ਼ ਹੋਇਆ ਡਾਢਾ ਹੀ ਰਾਜਾ, ਖ਼ੁਸ਼ ਹੋਏ ਦਰਬਾਰੀ,
ਵਾਹਵਾ, ਸ਼ਾਵਾ, ਧਨ ਧਨ, ਅਸ਼ ਅਸ਼, ਆਖੇ ਪਰਿਹਾਂ ਸਾਰੀ।
ਕਾਰੀਗਰ ਨੇ ਕਿਹਾ ਬਾਦਸ਼ਾਹ! ਹੋ ਇਕਬਾਲ ਸਵਾਇਆ,
ਇਨ੍ਹਾਂ ਪੁਤਲੀਆਂ ਵਿਚ ਮੈਂ, ਇਕ ਹੈ ਭਾਰਾ ਫ਼ਰਕ ਟਿਕਾਇਆ।
ਜਿਸ ਦੇ ਕਾਰਨ ਇਕ ਪੁਤਲੀ ਤਾਂ ਵਡ-ਮੁੱਲੀ ਹੈ ਪਿਆਰੀ,
‘ਦੂਜੀ ਪੁਤਲੀ ਕੌਡੀਓਂ’ ਖੋਟੀ ਦੁਖ ਦੇਣੀ ਹੈ ਭਾਰੀ।
ਕੋਈ ਸਜਣ ਫ਼ਰਕ ਇਨ੍ਹਾਂ ਦਾ ਵਿਚ ਦਰਬਾਰ ਬਤਾਵੇ,
‘ਇਕ ਦਾ ਗੁਣ, ਦੂਜੀ ਦਾ ਔਗੁਣ, ਅਕਲ ਨਾਲ ਜਤਲਾਵੇ।
ਟਕਰਾਂ ਮਾਰ ਥਕੇ ਦਰਬਾਰੀ ਫ਼ਰਕ ਨ ਕੋਈ ਦਿਸਿਆ,
ਕੁਲ ਵਜੀਰਾਂ ਉੱਤੇ ਰਾਜਾ ਡਾਢਾ ਖਿਝਿਆ, ਰਿਸਿਆ।
ਆਖਰ ਇਕ ਗ਼ਰੀਬ ਕਵੀ ਨੇ ਉਹ ਘੁੰਡੀ ਫੜ ਲੀਤੀ,
ਜਿਸ ਦੇ ਬਦਲੇ ਰਾਜੇ ਉਸ ਨੂੰ ਪੇਸ਼ ਵਜਾਰਤ ਕੀਤੀ।
ਇਕ ਪੁਤਲੀ ਦੇ ਇਕ ਕੰਨੋਂ ਸੀ ਦੂਜੇ ਕੰਨ ਤਕ ਮੋਰੀ,
ਇਧਰ ਫੂਕ ਮਾਰੋ ਤਾਂ ਉਧਰੋਂ ਨਿਕਲ ਜਾਏ ਝਟ ਕੋਰੀ।
ਦੂਜੀ ਦੇ ਕੰਨ ਵਿਚ ਜੇ ਫੂਕੋ, ਫੂਕ ਢਿੱਡ ਵਿਚ ਰਹਿੰਦੀ,
ਯਾਨੀ ਲੱਖਾਂ ਸੁਣ ਕੇ ਗੱਲਾਂ ਕਿਸੇ ਤਾਈਂ ਨਾ ਕਹਿੰਦੀ।
ਪਹਿਲੀ ਪੁਤਲੀ ਵਰਗੀ ਨਾਰੀ, ਪਾਸੋਂ ਰੱਬ ਬਚਾਵੇ,
ਦੂਜੀ ਪੁਤਲੀ ਉੱਤੇ ‘ਸੁਥਰੇ’ ਸਦਕੇ ਦੁਨੀਆਂ ਜਾਵੇ।

 

Loading spinner