ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਬਣਾਂਦਾ ਕਿਉਂ ਨਹੀਂ ?
ਧਨੀ ਰਾਮ ਚਾਤ੍ਰਿਕ

ਪਿੰਜਰੇ ਵਿਚ ਪਏ ਹੋਏ ਪੰਛੀ,
ਰੱਬ ਦਾ ਸ਼ੁਕਰ ਮਨਾਂਦਾ ਕਿਉਂ ਨਹੀਂ?
ਖੁਲ੍ਹੀ ਖਿੜਕੀ ਤਕ ਕੇ ਭੀ,
ਗਰਦਨ ਉਤਾਂਹ ਉਠਾਂਦਾ ਕਿਉਂ ਨਹੀਂ?
ਮੁੱਦਤ ਦਾ ਤਰਸੇਵਾਂ ਤੇਰਾ,
ਖੁਲ੍ਹੀ ਹਵਾ ਵਿਚ ਉਤਾਂਹ ਚੜ੍ਹਨ ਦਾ।
ਹੁਣ ਤੇ ਤੇਰਾ ਵੱਸ ਚਲਦਾ ਹੈ,
ਭਰ ਕੇ ਪਰ ਫੈਲਾਂਦਾ ਕਿਉਂ ਨਹੀਂ?
ਉਂਗਲੀ ਨਾਲ ਇਸ਼ਾਰੇ ਪਾ ਪਾ,
ਨਾਚ ਬੁਤੇਰੇ ਨਚ ਲਏ ਨੀ।
ਆਪਣੇ ਹੱਥੀਂ ਲੀਹਾਂ ਪਾ ਕੇ,
ਕਿਸਮਤ ਨਵੀਂ ਬਣਾਂਦਾ ਕਿਉਂ ਨਹੀਂ?
ਸੰਗਲ ਦੇ ਖਿਲਰੇ ਹੋਏ ਟੋਟੇ,
ਮੁੜ ਕੇ ਜੇ ਕੋਈ ਜੋੜਨ ਲੱਗੇ।
ਹਿਮੰਤ ਦਾ ਫੁੰਕਾਰਾ ਭਰ ਕੇ,
ਮੂਜ਼ੀ ਪਰੇ ਹਟਾਂਦਾ ਕਿਉਂ ਨਹੀਂ?
ਮੀਸਣਿਆਂ ਮਸ਼ੂਕਾਂ ਦਾ ਮੂੰਹ,
ਚੰਦ ਚੜ੍ਹੇ ਮੁਸਕਾ ਉਠਿਆ ਹੈ।
ਛੂਹ ਕੇ ਨਾਚ ਮਲੰਗਾਂ ਵਾਲਾ,
ਮਹਿਫ਼ਲ ਨੂੰ ਗਰਮਾਂਦਾ ਕਿਉਂ ਨਹੀਂ?
ਮੈਖ਼ਾਨੇ ਵਿਚ ਸਾਕੀ ਆਇਆ,
ਨਾਲ ਬਹਾ ਲੈ ਘੁੰਡ ਉਠਾ ਕੇ।
ਇਕਸੇ ਬੇੜੀ ਦੇ ਵਿਚ ਬਹਿ ਕੇ,
ਪੀਂਦਾ ਅਤੇ ਪਿਆਂਦਾ ਕਿਉਂ ਨਹੀਂ?
ਮੱਥੇ ਟਿਕਦੇ ਸਨ ਨਿਤ ਜਿਸ ਥਾਂ,
ਢਾਹ ਸੁੱਟਿਆ ਉਹ ਥੜਾ ਸਮੇਂ ਨੇ।
ਨਵੇਂ ਜ਼ਮਾਨੇ ਦਾ ਫੜ੍ਹ ਪੱਲਾ,
ਨਵਾਂ ਜਹਾਨ ਵਸਾਂਦਾ ਕਿਉਂ ਨਹੀਂ?
ਤੇਰੇ ਈ ਕਸ਼ਟ ਸਹੇੜੇ ਹੋਏ,
ਬਣ ਗਏ ਨੇ ਨਾਸੂਰ ਪੁਰਾਣੇ,
ਦੇਵਤਿਆਂ ਦਾ ਮੂੰਹ ਕੀ ਤਕਨਾ ਏ,
ਆਪੂੰ ਹੱਥ ਹਿਲਾਂਦਾ ਕਿਉਂ ਨਹੀਂ?
(ਨਵਾਂ ਜਹਾਨ ਵਿਚੋਂ)

Loading spinner