ਕਮਲਾ ਮਦਰਾਸਣ
ਬਲਵੰਤ ਗਾਰਗੀ
ਇਤਨੀ ਕੜਕੀ ਕਦੇ ਨਹੀਂ ਸੀ ਆਈ। ਅਕਸਰ ਕਿਸੇ ਨਾ ਕਿਸੇ ਕੁੜੀ ਨਾਲ ਮੇਰਾ ਸਿਲਸਿਲਾ ਬਣਿਆ ਹੀ ਰਹਿੰਦਾ। ਪਰ ਹੁਣ ਪਿਛਲੇ ਛੇ ਮਹੀਨਿਆਂ ਤੋਂ ਚੁੱਲ੍ਹਾ ਠੰਢਾ ਸੀ।
ਇਕ ਸ਼ਾਮ ਮੇਰਾ ਲੰਗੋਟੀਆ ਯਾਰ ਦੂਨੀ ਚੰਦ ਦਿੱਲੀ ਆਇਆ। ਬਾਲ-ਬੱਚੇਦਾਰ ਆਦਮੀ ਸੀ, ਸਰਕਾਰੀ ਨੌਕਰ ਤੇ ਖਾਣ-ਪੀਣ ਵਾਲਾ ਬੰਦਾ।
ਉਸ ਨੇ ਆਉਣ ਸਾਰ ਜੱਫੀ ਪਾਈ ਤੇ ਬੈਗ ਵਿੱਚੋਂ ਸ਼ਰਾਬ ਦੀ ਬੋਤਲ ਕੱਢ ਕੇ ਮੇਜ਼ ਉੱਤੇ ਰੱਖੀ। ਬੋਲਿਆ, “ਇਹ ਗੁਨਾਹ ਕਰਨ ਦਾ ਮਜ਼ਾ ਸਿਰਫ ਤੇਰੇ ਨਾਲ ਹੀ ਆਉਂਦਾ ਐ। ਲਿਆ ਗਿਲਾਸ ਕੱਢ ਤੇ ਕੁਝ ਖਾਣ ਨੂੰ ਮੰਗਵਾ।”
ਮੈਂ ਜੇਬ ਵਿਚੋਂ ਪੈਸੇ ਕੱਢਣ ਲੱਗਾ, ਤਾਂ ਉਸ ਨੇ ਮੇਰਾ ਹੱਥ ਫੜ ਕੇ ਆਖਿਆ, “ਇਹ ਮੇਰੇ ਜਿੰਮੇ!” ਤੇ ਦਸ ਰੁਪਏ ਦਾ ਨੋਟ ਬਦੋ-ਬਦੀ ਮੈਨੂੰ ਫੜਾ ਦਿੱਤਾ। ਮੈਂ ਉਸੇ ਵੇਲੇ ਜਾ ਕੇ ਨੁੱਕੜ ਦੀ ਦੁਕਾਨ ਤੋਂ ਮੱਛੀ ਤੇ ਕਲੇਜੀ ਲੈ ਆਇਆ।
ਗੱਪਾਂ ਮਾਰਦੇ ਤੇ ਖਾਂਦੇ-ਪੀਂਦਿਆਂ ਨੂੰ ਰਾਤ ਦੇ ਦਸ ਵੱਜ ਗਏ।
ਦੂਨੀ ਚੰਦ ਨੇ ਲੋਰ ਵਿਚ ਆ ਕੇ ਆਖਿਆ, “ਸ਼ਾਦੀ ਹੋਇਆਂ ਪੰਦਰਾਂ ਸਾਲ ਹੋ ਗਏ। ਭਲਾ ਤੂੰ ਦੱਸ ਰੋਜ਼ ਦਾਲ ਖਾਂਦਾ-ਖਾਂਦਾ ਬੰਦਾ ਅੱਕ ਨਹੀਂ ਜਾਂਦਾ ?”
ਮੈਂ ਉਸ ਦੀਆਂ ਅੱਖਾਂ ਵਿਚ ਤਰਦੀ ਲਾਲਸਾ ਦੇਖ ਕੇ ਬੋਲਿਆ, “ਸੁਣਿਐ ਵਿਆਹ ਕਰਵਾ ਕੇ ਬੰਦਾ ਸੰਤੁਸ਼ਟ ਹੋ ਜਾਂਦਾ ਐ?”
“ਐਵੇਂ ਤੇਰਾ ਵਹਿਮ ਐ। ਦਿਲ ਵਿਚ ਧੁਖਧੁਖੀ ਲੱਗੀ ਰਹਿੰਦੀ ਐ, ਪਰ ਕਬੀਲਦਾਰੀ ਵਿਚ ਫਸ ਕੇ ਬੰਦਾ ਡਰਦਾ ਰਹਿੰਦੈ। ਤੈਨੂੰ ਮੌਜ ਐ।”
ਮੈਨੂੰ ਚੁੱਪ ਦੇਖ ਕੇ ਉਹ ਫਿਰ ਬੋਲਿਆ, “ਲੈ ਇਹ ਗਲਾਸ ਖ਼ਤਮ ਕਰ ਤੇ ਫਿਰ ਕਿਤੇ ਸੈਰ-ਤਮਾਸ਼ੇ ਨੂੰ ਚਲੀਏ।”
“ਕਿੱਥੇ?”
“ਕਿਸੇ ਚੰਗੀ ਥਾਂ ਤੇ ਹੀ ਚੱਲਾਂਗੇ। ਇਥੇ ਲਾਹੌਰ ਵਾਲੀ ਗੱਲ ਤਾਂ ਨਹੀਂ। ਉਥੋਂ ਦੀ ਹੀਰਾ ਮੰਡੀ ਪਾਕਿਸਤਾਨ ਦੇ ਨਾਲ ਈ ਗਈ। ਦਿੱਲੀ ਦੇ ਕੋਠੇ ਵੀ ਫ਼ਸਾਦਾਂ ਪਿੱਛੋਂ ਸੁੰਞੇ ਹੋ ਗਏ। ਪਰ ਹੁਣ ਥੋੜ੍ਹੀ-ਥੋੜ੍ਹੀ ਰੌਣਕ ਫੇ ਆਉਣ ਲੱਗੀ ਐ। ਚੱਲ, ਤਿਆਰ ਹੋ।”
ਰੰਡੀ ਦੇ ਕੋਠੇ ਜਾਣ ਦਾ ਕਦੇ ਹੀਆ ਨਹੀਂ ਸੀ ਪਿਆ। ਇਥੇ ਜਾਣ ਲਈ ਆਦਮੀ ਨੂੰ ਹੁਸ਼ਿਆਰ ਤੇ ਖਿੜਿਆ ਹੋਇਆ ਹੋਣਾ ਚਾਹੀਦਾ ਹੈ, ਨਹੀਂ ਤਾਂ ਝੰਡ ਕਰਵਾ ਕੇ ਤੇ ਰੁਪਏ ਗੁਆ ਕੇ ਘਰ ਮੁੜ ਆਉਂਦਾ ਹੈ। ਹੁਣ ਦੂਨੀ ਚੰਦ ਮੇਰੇ ਨਾਲ ਸੀ ਤੇ ਸ਼ਰਾਬ ਦਾ ਅਧੀਆ ਅੰਦਰ ਸੀ, ਇਸ ਲਈ ਮੈਂ ਦਲੇਰ ਸਾਂ। ਨਾਲੇ ਇਕ ਨਵੇਂ ਤਜ਼ਰਬੇ ਦੀ ਭਾਵਨਾ ਦਿਲ ਵਿਚ ਜਾਗ ਉਠੀ ਸੀ।
ਅਸੀਂ ਗਿਲਾਸ ਮੁਕਾਏ ਤੇ ਟੈਕਸੀ ਵਿਚ ਬੈਠ ਕੇ ਅਜਮੇਰੀ ਗੇਟ ਦੇ ਉਸ ਬਾਜ਼ਾਰ ਵਿਚ ਜਾ ਉਤਰੇ ਜਿਥੇ ਦਿਵ ਵੇਲੇ ਮਾਲ ਨਾਲ ਲੱਦੇ ਟਰੱਕ ਤੇ ਠੇਲ੍ਹੇ ਫਸੇ ਖੜੇ ਹੁੰਦੇ ਹਨ ਤੇ ਰਾਤ ਵੇਲੇ ਕਲੀਆਂ ਵਾਲੇ ਕੁੜਤੇ ਪਾਈ ਤਾਮਾਸ਼ਬੀਨ ਤੇ ਦੱਲੇ ਘੁੰਮਦੇ ਹਨ।
ਅਸੀਂ ਕਈ ਕੋਠਿਆਂ ਉਤੇ ਗਏ। ਮੈਨੂੰ ਤਾਂ ਕਈ ਛਮਕ-ਪਰੀਆਂ ਚੰਗੀਆਂ ਲੱਗੀਆਂ, ਪਰ ਦੂਨੀ ਚੰਦ ਨੂੰ ਕੋਈ ਨਹੀਂ ਸੀ ਜਚਦੀ। ਹਰ ਕੋਠੇ ਦੀਆਂ ਪੌੜੀਆਂ ਇਕੋ ਤਰ੍ਹਾਂ ਦੀਆਂ ਸਨ – ਭੀੜੀਆਂ, ਸਿਲ੍ਹੀਆਂ, ਹਨੇਰੀਆਂ। ਲੋਕ ਉਤਰਦੇ ਚੜ੍ਹਦੇ ਇਕ ਦੂਜੇ ਨਾਲ ਟਕਰਾ ਵੀ ਜਾਂਦੇ ਤਾਂ ਬਗ਼ੈਰ ਉਏ-ਤੋਏ ਕੀਤਿਆਂ ਖਿਸਕਵੇਂ ਜਿਹੇ ਲੰਘ ਜਾਂਦੇ ਸਨ। ਇਨ੍ਹਾਂ ਪੌੜੀਆਂ ਵਿਚੋਂ ਕਥੇ, ਅਲਾਇਚੀ ਤੇ ਤਮਾਕੂ ਦੀ ਬੂ ਆਉਂਦੀ ਸੀ ਤੇ ਵਿਚ ਵਿਚ ਸ਼ਰਾਬ ਦਾ ਭਬਕਾ ਵੀ ਸੀ।
ਮੇਰੀ ਬੇਸਬਰੀ ਵੇਖ ਕੇ ਦੂਨੀ ਚੰਦ ਨੇ ਆਖਿਆ, “ਹੌਂਸਲਾ ਰੱਖ, ਕਿਸੇ ਚੰਗੀ ਥਾਂ ਬੈਠਾਂਗੇ।”
ਆਖ਼ਰ ਅਸੀਂ ਇਕ ਖ਼ਾਮੋਸ਼ ਜਿਹੇ ਸਾਫ਼, ਰੌਸ਼ਨ ਕੋਠੇ ਅੱਗੇ ਰੁਕੇ। ਅੰਦਰ ਫ਼ਰਸ਼ ਉਤੇ ਚਿੱਟੀਆਂ ਚਾਦਰਾਂ ਤੇ ਗਾਉ-ਤਕੀਏ ਸੇਜ ਹੋਏ ਸਨ। ਵਿਚਕਾਰ ਇਕ ਭਰਵੇਂ ਸਰੀਰ ਵਾਲੀ ਸਾਂਵਲੇ ਰੰਗ ਦੀ ਔਰਤ ਬੈਠੀ ਸੀ। ਉਸ ਦੇ ਤੇਲੀਆਂ-ਮੱਥੇ ਉਤੇ ਲਾਲ ਬਿੰਦੀ, ਤੇ ਨੱਕ ਵਿਚ ਕੋਕਾ ਚਮਕ ਰਿਹਾ ਸੀ।
ਸਾਨੂੰ ਦੇਖ ਕੇ ਉਸ ਨੇ ਆਪਣੀਆਂ ਮੋਟੀਆਂ ਕਾਲੀਆਂ ਅੱਖਾਂ ਉਤਾਂਹ ਚੁੱਕੀਆਂ। ਉਹ ਮੁਸਕਰਾਈ ਤੇ ਬੜੇ ਕਸਬੀ ਅੰਦਾਜ਼ ਨਾਲ ਬੋਲੀ, “ਆਈਏ!”
ਦੂਨੀ ਚੰਦ ਨੇ ਮੇਰੇ ਵਲ ਵੇਖਿਆ ਤੇ ਆਖਿਆ, “ਇਹ ਠੀਕ ਐ!”
ਉਹ ਬੂਹੇ ਵਿਚ ਜੁੱਤੀ ਲਾਹ ਕੇ ਅੰਦਰ ਗਾਉ-ਤਕੀਏ ਕੋਲ ਇਕ ਪਾਸੇ ਜਾ ਬੈਠਾ। ਮੈਂ ਵੀ ਮਗਰੇ-ਮਗਰ ਉਸ ਦੇ ਕੋਲ ਜਾ ਕੇ ਬੈਠ ਗਿਆ।
ਇਕ ਪਾਸੇ ਦੋ ਸਾਜਿੰਦੇ ਬੈਠੇ ਸਨ – ਸਾਰੰਗੀ ਤੇ ਤਬਲੇ ਵਾਲਾ। ਪਿੱਛੇ ਨਟਰਾਜ ਦੀ ਮੂਰਤੀ ਸੀ, ਜਿਸ ਅੱਗੇ ਧੂਫ਼ ਜਲ ਰਹੀ ਸੀ। ਸਾਨੂੰ ਦੇਖ ਕੇ ਉਹ ਔਰਤ ਸਫ਼ੈਦ ਸਾੜ੍ਹੀ ਸੰਭਾਲਦੀ ਨਖ਼ਰੇ ਨਾਲ ਉੱਠੀ ਤੇ ਸਾਡੇ ਸਾਹਮਣੇ ਗੋਡੇ ਮੂਧੇ ਮਾਰ ਕੇ ਬੈਠ ਗਈ।
ਉਹ ਬੋਲੀ, “ਕੁਛ ਸੁਨੀਏਗਾ?”
ਉਸ ਦੇ ਉਚਾਰਣ ਵਿਚ ਦੱਖਣੀ ਭਾਰਤ ਦਾ ਲਹਿਜਾ ਸੀ ਤੇ ਸਰੀਰ ਮੋਟੀਆਂ ਮੂਰਤੀਆਂ ਵਾਂਗ ਨਿੱਗਰ।
ਦੂਨੀ ਚੰਦ ਨੇ ਉੱਤਰ ਦਿੱਤਾ, “ਕੁਛ ਪੀਨੇ ਕਾ ਪ੍ਰੋਗਰਾਮ ਬਨੇਗਾ ?”
ਉਸ ਆਖਿਆ, “ਜੈਸਾ ਆਪ ਚਾਹੇਂ!”
ਦੂਨੀ ਚੰਦ ਨੇ ਦਸ-ਦਸ ਦੇ ਤਿੰਨ ਨੋਟ ਕੱਢੇ ਤੇ ਸਾਰੰਗੀ ਵਾਲੇ ਮੀਏਂ ਨੂੰ ਫੜਾ ਦਿੱਤੇ। ਮੀਆਂ ਉਠ ਕੇ ਬਾਹਰ ਗਿਆ ਤੇ ਫੇਰ ਆਪਣੀ ਥਾਂ ਤੇ ਆ ਬੈਠਾ।
ਕੁਝ ਹੀ ਮਿੰਟਾਂ ਪਿੱਛੋਂ ਇਕ ਛੋਕਰਾ ਵਿਸਕੀ ਦਾ ਅਧੀਆ, ਸੋਡੇ ਦੀਆਂ ਬੋਤਲਾਂ ਤੇ ਕਬਾਬ ਲੈ ਕੇ ਆ ਗਿਆ।
ਮੈਨੂੰ ਦੂਨੀ ਚੰਦ ਦੇ ਇਸ ਤਰ੍ਹਾਂ ਪੈਸਾ ਲੁਟਾਉਣ ਉਤੇ ਗੁੱਸਾ ਆ ਰਿਹਾ ਸੀ। ਮੈਂ ਹਿਸਾਬ ਲਾਇਆ ਸਾਰਾ ਮਾਲ ਸਾਢੇ ਬਾਈ ਰੁਪਏ ਦਾ ਸੀ। ਬਾਕੀ ਪੈਸੇ ਹਜ਼ਮ।
ਉਹ ਬੋਲੀ, “ਕਿਆ ਸੁਨਾਊਂ ?”
ਦੂਨੀ ਚੰਦ ਨੇ ਸ਼ਰਾਬ ਦੇ ਦੋ ਘੁੱਟ ਭਰੇ ਉਸ ਦੇ ਪੱਟ ਉੱਤੇ ਧੱਫਾ ਮਾਰ ਕੇ ਆਖਿਆ, “ਗਾਣਾ ਸ਼ਾਣਾ ਰਹਿਣ ਦੇ। ਸਿਰਫ ਬੈਠਾਂਗੇ।”
“ਠਹਿਰੀਏਗਾ ?”
“ਹਾਂ, ਠਹਿਰਾਂਗੇ ਵੀ।” ਦੂਨੀ ਚੰਦ ਨੇ ਖਿੜਾ ਕੇ ਆਖਿਆ।
ਰੰਡੀਆਂ ਦੇ ਕੋਠੇ ਦੀ ਭਾਸ਼ਾ ਵਿਚ “ਠਹਿਰਨ” ਦਾ ਅਰਥ ਹੈ “ਜਿਨਸੀ ਮਿਲਾਪ।”
ਉਹ ਸ਼ਰਾਬ ਪੀਂਦਾ ਰਿਹਾ ਤੇ ਊਟ-ਪਟਾਂਗ ਗੱਲਾਂ ਕਰਦਾ ਰਿਹਾ। ਰੰਡੀ ਉਸ ਦੀਆਂ ਯਬ੍ਹਲੀਆਂ ਦਾ ਸੰਖੇਪ, ਢੁੱਕਵਾਂ ਜਵਾਬ ਦੇਂਦੀ ਰਹੀ ਤੇ ਬੜੀ ਸੂਝ ਨਾਲ ਗੱਲਾਂ ਦੀ ਜਗਮਗਾਉਂਦੀ ਕਿਸ਼ਤੀ ਨੂੰ ਸਿੱਧੀ ਆਪਣੇ ਮੰਤਵ ਵਲ ਲੈ ਜਾ ਰਹੀ ਸੀ।
ਜਦੋਂ ਉਹ ਕੁਝ ਹੋਰ ਪੈਗ ਚੜ੍ਹਾ ਚੁੱਕਾ ਤਾਂ ਬੋਲਿਆ, “ਚੱਲ ਫਿਰ ਹੁਣ ਠਹਿਰ ਠੂਹਰ ਵੀ ਲਈਏ!”
ਉਹ ਉੱਠੀ ਤੇ ਨਾਲ ਦੇ ਨਿੱਕੇ ਕਮਰੇ ਵਿਚ ਚਲੀ ਗਈ ਤੇ ਦੂਨੀ ਚੰਦ ਉਸ ਦੇ ਪਿੱਛੇ-ਪਿੱਛੇ।
ਮੈਨੂੰ ਦੂਨੀ ਚੰਦ ਦੀ ਬੇਬਾਕੀ, ਤੇ ਖੁਲ੍ਹੇ ਵਤੀਰੇ ਉਤੇ ਹੈਰਾਨੀ ਹੋ ਰਹੀ ਸੀ।
ਪੰਦਰਾਂ ਮਿੰਟਾਂ ਪਿੱਛੋਂ ਦੂਨੀ ਚੰਦ ਬਾਹਰ ਨਿਕਲਿਆ, ਤਾਂ ਉਹ ਕੁਝ ਸੰਭਲਿਆ ਹੋਇਆ ਸੀ। ਉਸ ਦੇ ਚਿਹਰੇ ਉਤੇ ਸ਼ਾਂਤਮਈ ਢਿੱਲੀ ਮੁਸਕਰਾਹਟ ਸੀ। ਉਸ ਮੈਨੂੰ ਆਖਿਆ, “ਤੂੰ ਜਾਣੈਂ ?”
ਮੈਂ ਸ਼ਰਮ ਨਾਲ ਸੁੰਗੜਿਆ ਬੈਠਾ ਸਾਂ। “ਨਹੀਂ।”
“ਪੈਸਿਆਂ ਦੀ ਫਿਕਰ ਨਾ ਕਰ।”
ਮੈਂ ਆਖਿਆ, “ਨਹੀਂ।”
ਅਸੀਂ ਦੋਵੇਂ ਚੱਲਣ ਲਈ ਤਿਆਰ ਹੋਏ, ਤਾਂ ਉਹ ਬੋਲੀ, “ਫਿਰ ਭੀ ਆਈਏਗਾ? ਬਸ ਕਿਸੀ ਸੇ ਪੂਛ ਲੇਨਾ ਕਮਲਾ ਮਦਰਾਸਣ ਕਾ ਨਾਮ। ਮੁਝੇ ਸਭ ਜਾਨਤੇ ਹੈਂ।”
ਅਸੀਂ ਪੌੜੀਆਂ ਉਤਰ ਆਏ। ਜਦੋਂ ਪੌੜੀਆਂ ਦੀ ਸਿਲ੍ਹੀ ਹਨੇਰੀ ਹਵਾੜ ਵਿਚੋਂ ਨਿਕਲ ਕੇ ਸੜਕ ਉਤੇ ਆਏ ਤਾਂ ਮੈਂ ਤਾਜ਼ੀ ਹਵਾ ਦੇ ਘੁੱਟ ਭਰੇ। ਇਸ ਸਾਰੀ ਬਕਵਾਸ ਉਤੇ ਮੈਨੂੰ ਘਿਰਣਾ ਜਿਹੀ ਆਈ, ਜਿਥੇ ਤੀਵੀਆਂ ਦਾ ਭਾਅ, ਗਾਜਰਾਂ ਤੇ ਗੋਭੀ ਵਾਂਗ ਕੀਤਾ ਜਾਂਦਾ ਸੀ। ਭਾਅ ਦੇ ਖਿਆਲ ਨਾਲ ਹੀ ਮੇਰੇ ਅੰਦਰ ਇਹ ਸਵਾਲ ਉਠਿਆ ਕਿ ਦੂਨੀ ਚੰਦ ਨੇ ਉਸ ਨੂੰ ਕਿੰਨੇ ਰੁਪਏ ਦਿੱਤੇ ਹੋਣਗੇ। ਮੇਰੇ ਪੁੱਛਣ ਉਤੇ ਉਹ ਬੋਲਿਆ, “ਸੱਤ ਰੁਪਏ।”
ਮੈਂ “ਸੱਤ ਰੁਪਏ” ਸੁਣ ਕੇ ਬੜਾ ਹੈਰਾਨ ਹੋਇਆ ਕਿਉਂਕਿ ਉਸ ਨੇ ਟੈਕਸੀ, ਸ਼ਰਾਬ ਤੇ ਖਾਣ-ਪੀਣ ਉਤੇ ਉਸ ਰਾਤ ਪੰਜਾਹ ਰੁਪਏ ਖਰਚ ਦਿੱਤੇ ਹੋਣਗੇ।
ਦੂਨੀ ਚੰਦ ਮੇਰੇ ਘਰ ਇਕ ਰਾਤ ਰਹਿ ਕੇ ਚਲਾ ਗਿਆ।
ਤੀਜੇ ਦਿਨ ਸ਼ਾਮ ਵੇਲੇ ਮੈਂ ਆਪਣੇ ਕਮਰੇ ਵਿਚ ਇਕੱਲਾ ਬੈਠਾ ਸਾਂ। ਸਾਰਾ ਦਿਨ ਹਲਕੀ-ਹਲਕੀ ਬਾਰਸ਼ ਹੁੰਦੀ ਰਹੀ ਸੀ। ਮੈਂ ਕਿਤੇ ਬਾਹਰ ਨਹੀਂ ਸਾਂ ਜਾ ਸਕਿਆ। ਫ਼ਿਜ਼ਾ ਵਿਚ ਇਕ ਬਾਸੀ ਬੇਦਿਲੀ ਜਿਹੀ ਸੀ, ਜੋ ਮੇਰੇ ਮਨ ਉਤੇ ਭਾਰੂ ਸੀ। ਇਕ ਦਿਨ ਕਮਲਾ ਮਦਰਾਸਣ ਦਾ ਖਿਆਲ ਆਇਆ। ਉਸ ਦੇ ਕਮਰੇ ਦੇ ਚਮਕਦਾਰ ਮਾਹੌਲ ਦਾ ਤੇ ਉਸ ਦੀ ਨਮਕੀਨ ਨਿੱਘੀ ਸ਼ਖ਼ਸੀਅਤ ਦਾ।
ਮੈਂ ਬਿਨਾਂ ਸੋਚੇ ਆਪਣੇ ਕਮਰੇ ਵਿਚੋਂ ਬਾਹਰ ਨਿਕਲਿਆ, ਟੈਕਸੀ ਫੜੀ ਤੇ ਸਿੱਧਾ ਉਸ ਦੀਆਂ ਪੌੜੀਆਂ ਅੱਗੇ ਜਾ ਉਤਰਿਆ। ਟੈਕਸੀ ਦਾ ਕਿਰਾਇਆ ਦੇ ਕੇ ਮੇਰੇ ਕੋਲ ਨੌ ਰੁਪਏ ਬਚਦੇ ਸਨ।
ਪੌੜੀਆਂ ਚੜ੍ਹ ਕੇ ਮੈਂ ਉਸ ਦੇ ਕੋਠੇ ਉਤੇ ਪੁੱਜਾ ਤਾਂ ਮਹਿਫ਼ਲ ਗਰਮ ਸੀ। ਕਮਲਾ ਗਾ ਰਹੀ ਸੀ। ਗਾਉਂਦਿਆਂ ਉਸ ਨੇ ਮੇਰੇ ਵਲ ਦੇਖਿਆ ਤੇ ਅੱਖ ਦੇ ਹਲਕੇ ਸਾਂਵਲੇ ਇਸ਼ਾਰੇ ਨਾਲ ਮੈਨੂੰ “ਜੀ ਆਇਆਂ ਨੂੰ ” ਆਖਿਆ
ਮੈਂ ਇਕ ਗਾਉ-ਤਕੀਏ ਉਤੇ ਕੂਹਣੀ ਰੱਖ ਕੇ ਮਹਿਫ਼ਲ ਵਿਚ ਬੈਠ ਗਿਆ।
ਅੱਠ ਦਸ ਬੰਦਿਆਂ ਦਾ ਟੋਲਾ ਵਾਹ-ਵਾਹ ਕਰ ਰਿਹਾ ਸੀ। ਵਿਚ ਵਿਚ ਕੋਈ ਮਨਚਲਾ ਰੁਪਏ ਦਾ ਨੋਟ ਕੱਢ ਕੇ ਉਸ ਨੂੰ ਫੜਾਉਂਦਾ। ਇਹ ਟੋਲਾ ਕਿਸੇ ਬਰਾਤ ਵਿਚ ਦਿੱਲੀ ਆਇਆ ਸੀ। ਦਿਨ ਵੇਲੇ ਕੁਤਬ ਦਾ ਲਾਠ ਤੇ ਗਾਂਧੀ ਜੀ ਦੀ ਸਮਾਧੀ ਦੇ ਦਰਸ਼ਨ ਕਰਕੇ, ਸ਼ਾਮ ਨੂੰ ਸ਼ਰਾਬ ਪੀ ਕੇ ਰੰਡੀ ਦੇ ਕੋਠੇ ਆ ਚੜ੍ਹਿਆ ਸੀ। ਇਕ ਘੰਟਾ ਉਹ ਝੂਮ ਝੂਮ ਕੇ ਫ਼ਿਲਮੀ ਗਾਣੇ ਸੁਣਦੇ ਰਹੇ ਤੇ ਕਮਲਾ ਦੇ ਨਖ਼ਰੇ ਉਤੇ ਰੁਪਏ ਕੁਰਬਾਨ ਕਰਦੇ ਰਹੇ।
ਮੈਂ ਇਕ ਪਾਸੇ ਇਹ ਮਨਜ਼ਰ ਦੇਖਦਾ ਰਿਹਾ। ਵਾਰ-ਵਾਰ ਜੇਬ ਵਿਚ ਹੱਥ ਪਾ ਕੇ ਨੌਂ ਰੁਪਏ ਦੇ ਨੋਟ ਗਿਣ ਲੈਂਦਾ ਤੇ ਸੋਚਦਾ ਕਿ ਇਨ੍ਹਾਂ ਵਿਚੋਂ ਸੱਤ ਰੁਪਏ ਕਮਲਾ ਨੂੰ ਤੇ ਦੋ ਰੁਪਏ ਘਰ ਪਹੁੰਚਣ ਤੇ ਸਵੇਰ ਦੇ ਨਾਸ਼ਤੇ ਲਈ ਰੱਖਾਂਗਾ।
ਆਖ਼ਰ ਬਰਾਤੀਆਂ ਦਾ ਟੋਲਾ ਉਠ ਕੇ ਚਲਾ ਗਿਆ। ਉਹ ਸ਼ਾਇਦ ਸਾਰੇ ਇਕ ਦੂਜੇ ਦੇ ਸਾਹਮਣੇ “ਕਾਣੇ” ਨਹੀਂ ਸਨ ਹੋਣਾ ਚਾਹੁੰਦੇ।
ਮੈਂ ਇਕੱਲਾ ਰਹਿ ਗਿਆ। ਕਮਲਾ ਨੇ ਗਾਣਾ ਖ਼ਤਮ ਕਰ ਦਿੱਤਾ ਸੀ। ਮੀਏਂ ਨੇ ਸਾਰੇ ਨੋਟ ਸਾਂਭ ਕੇ ਸਾਰੰਗੀ ਦੇ ਢਿੱਡ ਵਿਚ ਪਾ ਲਏ ਸਨ।
ਉਹ ਬੋਲੀ, “ਤੁਸੀਂ ਨਹੀਂ ਉਸ ਦਿਨ ਠਹਿਰੇ?”
“ਅੱਜ ਇਸੇ ਲਈ ਆਇਆ ਹਾਂ”, ਇਹ ਆਖਣ ਸਾਰ ਮੇਰੇ ਅੰਦਰ ਵਾਸ਼ਨਾ ਦੀ ਤੇਜ਼ ਲਹਿਰ ਦੌਡ਼ ਗਈ।
ਉਹ ਮੈਨੂੰ ਨਾਲ ਦੇ ਨਿੱਕੇ ਕਮਰੇ ਵਿਚ ਲੈ ਗਈ, ਤੇ ਮੈਂ ਉਸ ਦੀ ਤਲੀ ਉਤੇ ਸੱਤ ਰੁਪਏ ਰੱਖ ਦਿੱਤੇ। ਉਸ ਨੇ ਸ਼ੁਕਰੀਆ ਆਖ ਕੇ ਇਨ੍ਹਾਂ ਨੂੰ ਸਾੜ੍ਹੀ ਦੇ ਲੜ ਨਾਲ ਬੰਨ੍ਹ ਲਿਆ।
ਕਮਰਾ ਸਾਫ਼-ਸੁਥਰਾ ਸੀ ਤੇ ਨਰਮ ਬਿਸਤਰ ਉੱਤੇ ਹੱਥ ਦੀ ਕੱਢੀ ਚਾਦਰ ਵਿਛੀ ਹੋਈ ਸੀ। ਆਲੇ ਵਿਚ ਲਕਸ਼ਮੀ ਦੀ ਮੂਰਤੀ ਤੇ ਨਿੱਕਾ ਜਿਹਾ ਚੂੰਗੜਾ ਪਿਆ ਸੀ। ਜਿਸ ਵਿਚ ਘਿਓ ਦੀ ਜੋਤ ਜਗ ਰਹੀ ਸੀ। ਦੀਵੇ ਦੀ ਲਾਟ ਨਾਲ ਆਲੇ ਦੀ ਨਿੱਕੀ ਮਹਿਰਾਬ ਤੇ ਇਸ ਉਤਲੀ ਕੰਧ ਕਾਲੀ ਹੋ ਗਈ ਸੀ।
ਜੋ ਕੁਝ ਮੈਂ ਆਮ ਰੰਡੀ ਦੇ ਘਰ ਬਾਰੇ ਸੁਣਿਆ ਸੀ, ਇਹ ਕਮਰਾ ਉਸ ਨਾਲੋਂ ਕਿਤੇ ਸ਼ੁੱਧ ਸੀ। ਇਥੇ ਨਾ ਮੈਲਾ-ਚਿੱਕੜ ਬਿਸਤਰ, ਨਾ ਮੁਸ਼ਕ ਵਾਲੇ ਸਿਰਹਾਣੇ, ਨਾ ਫ਼ਰਸ਼ ਉੱਤੇ ਸਿਗਰਟਾਂ ਦੇ ਟੋਟੇ।
ਮੇਰੇ ਚਿਹਰੇ ਤੋਂ ਘਬਰਾਹਟ ਭਾਂਪ ਕੇ ਬੋਲੀ, “ਫ਼ਿਕਰ ਨਾ ਕਰੋ, ਇਥੇ ਕੋਈ ਨਹੀਂ ਆਉਂਦਾ। ਮੇਰਾ ਕੰਮ ਪੰਜਾਬਣਾਂ ਵਰਗਾ ਨਹੀਂ, ਜੋ ਪੈਸੇ ਬਟੋਰਨ ਲੱਗੀਆਂ ਹੋਈਆਂ ਹਨ। ਇਹ ਚੁਬਾਰਾ ਮੈਂ ਪਗੜੀ ਉਤੇ ਲਿਆ ਹੈ। ਮੈਂ ਪੂਰੀ ਮਾਲਕ ਹਾਂ। ਮੈਂ ਕਿਸੇ ਨੂੰ ਦਲਾਲੀ ਨਹੀਂ ਦੇਂਦੀ, ਨਾ ਇਨ੍ਹਾਂ ਪੰਜਾਬਣਾਂ ਵਾਂਗ ਮੰਜੀ ਤੇ ਚੌਕੀਦਾਰੀ ਦੇ ਪੈਸੇ ਵੱਖਰੇ ਵਸੂਲ ਕਰਦੀ ਹਾਂ। ਇਨ੍ਹਾਂ ਨੇ ਧੰਦੇ ਦੀ ਇੱਜ਼ਤ ਵਿਗਾੜ ਦਿੱਤੀ ਹੈ.. ਤੁਸੀਂ ਕੋਟ ਲਾਹ ਕੇ ਆਰਾਮ ਨਾਲ ਬੈਠੋ। ਮੈਨੂੰ ਕੋਈ ਜਲਦੀ ਨਹੀਂ। ਗਾਹਕ ਦਾ ਦਿਲ ਖੁਸ਼ ਹੋਣਾ ਚਾਹੀਦਾ ਹੈ, ਇਹ ਸਾਡਾ ਧਰਮ..”
ਉਹ ਬੜੇ ਠਰ੍ਹੰਮੇ ਨਾਲ ਇਹ ਗੱਲਾਂ ਕਰ ਰਹੀ ਸੀ। ਉਸ ਦੇ ਪੇਸ਼ਾਵਰਾਨਾ ਅੰਦਾਜ਼ ਵਿਚ ਨਫ਼ਾਸਤ ਸੀ ਜਿਵੇਂ ਕੋਈ ਮਹਿੰਦੀ ਰੰਗੇ ਹੱਥਾਂ ਨਾਲ ਗੋਹਾ ਹੂੰਝ ਰਹੀ ਹੋਵੇ।
ਉਸ ਰਾਤ ਮੈਂ ਕਮਲਾ ਕੋਲ ਦੋ ਘੰਟੇ ਠਹਿਰਿਆ। ਜਦੋਂ ਘਰ ਮੁੜਿਆ ਤਾਂ ਮਨ ਵਿਚ ਬਹੁਤ ਸਾਰੇ ਤਾਰੇ ਆਪਸ ਵਿਚ ਟਕਰਾਉਂਦੇ ਹੋਏ ਘੁੰਮ ਰਹੇ ਸਨ।
ਕਮਲਾ ਮਦਰਾਸਣ ਕੋਲ ਮੈਂ ਹਫ਼ਤੇ ਵਿਚ ਦੋ-ਤਿੰਨ ਵਾਰ ਜਾਣਾ ਸ਼ੁਰੂ ਕਰ ਦਿੱਤਾ।
ਇਕ ਦਿਨ ਮੈਂ ਮਾਮੂਲ ਅਨੁਸਾਰ ਜਦ ਉਥੇ ਪੁੱਜਾ, ਕਮਲਾ ਬੈਠੀ ਇਕ ਮਾਡ਼ਰੂ ਜਿਹੇ ਸੇਠ ਨਾਲ ਗੱਲਾਂ ਕਰ ਰਹੀ ਸੀ। ਸੇਠ ਨੇ ਬਾਰੀਕ ਮਲਮਲ ਦੀ ਲਾਂਗੜ ਵਾਲੀ ਧੋਤੀ ਤੇ ਸੋਨੇ ਦੀ ਜੰਜੀਰੀ ਵਾਲਾ ਰੇਸ਼ਮੀ ਕੁੜਤਾ ਪਾਇਆ ਹੋਇਆ ਸੀ। ਕਾਲੀ ਮਖ਼ਮਲ ਦੀ ਕਿਸ਼ਤੀ ਟੋਪੀ ਨੂੰ ਉਸ ਨੇ ਆਪਣੇ ਗੋਡੇ ਕੋਲ ਫ਼ਰਸ਼ ਉਤੇ ਰੱਖਿਆ ਹੋਇਆ ਸੀ। ਉਸ ਦੇ ਸੱਜੇ ਪੈਰ ਦੇ ਅੰਗੂਠੇ ਵਿਚ, ਨਵੇਂ ਨੋਟਾਂ ਦੀ ਗੱਡੀ ਸੀ।
ਕਦੇ-ਕਦੇ ਉਹ ਲੋਰ ਵਿਚ ਆ ਕੇ ਕਮਲਾ ਦੀ ਚੋਲੀ ਵਿਚਕਾਰਲੇ ਡੂੰਘ ਵਿਚ ਨੋਟ ਫਸਾ ਦੇਂਦਾ ਤੇ ਫੇਰ ਪਾਨ ਖਾਧੇ ਦੰਦ ਦਿਖਾ ਕੇ ਅੱਖਾਂ ਝਪਕ ਕੇ ਹੱਸਦਾ।
ਕਮਲਾ ਦੀਆਂ ਅੱਖਾਂ ਵਿਚ ਚੰਚਲ ਮੱਕਾਰੀ ਤੇ ਪਿਆਰ ਦਾ ਜਲਵਾ ਸੀ। ਮੁਸਕਰਾਹਟ ਵਿਚ ਉਹੀ ਰਸ ਤੇ ਗੱਦਰ ਸਰੀਰ ਵਿਚ ਉਹੀ ਨਮਕੀਨੀ ਸੀ, ਜਿਸ ਤੋਂ ਮੈਂ ਜਾਣੂ ਸਾਂ। ਮੇਰੇ ਸਾਹਮਣੇ ਬਿਨਾ ਕਿਸੇ ਝਿਜਕ ਜਾਂ ਰੱਖ-ਰਖਾਓ ਤੋਂ ਉਹ ਸੇਠ ਨਾਲ ਪ੍ਰੇਮ-ਲੀਲ੍ਹਾ ਰਚਾ ਰਹੀ ਸੀ। ਮੈਂ ਕਿਸੇ ਵੱਡੇ ਹਲਵਾਈ ਦੀ ਦੁਕਾਨ ਉਤੇ, ਜੋ ਪਕਵਾਨਾਂ ਨਾਲ ਭਰੇ ਥਾਲ ਕਿਸੇ ਗਾਹਕ ਨੂੰ ਦੇ ਰਿਹਾ ਹੋਵੇ, ਛਟਾਂਕ ਬਰਫ਼ੀ ਲੈਣ ਦੀ ਉਡੀਕ ਵਿਚ ਖੜਾ ਸਾਂ।
ਇਤਨੇ ਵਿਚ ਕੁਝ ਰੌਲਾ ਜਿਹਾ ਪਿਆ। ਪੌੜੀਆਂ ਵਿਚ ਉਤਰਨ-ਚੜ੍ਹਨ ਦੀ ਦਗੜ-ਦਗੜ ਹੋਈ, ਤਖ਼ਤੇ ਖੜਕਾਉਣ ਦਾ ਸ਼ਰ ਉਠਿਆ, ਤੇ ਫਿਰ ਇਕ ਦਮ ਖ਼ਾਮੋਸ਼ੀ ਛਾ ਗਈ। ਇਸ ਰੌਲੇ ਦੇ ਯਕਾ-ਯਕ ਦਬਣ ਨਾਲ ਹੀ ਹੇਠਲੀ ਮੰਜਿਲ ਤੋਂ ਆਵਾਜ਼ ਸੁਣਾਈ ਦਿੱਤੀ “ਪੁਲਿਸ!”
ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ।
ਸੇਠ ਨੇ ਝੱਟ ਟੋਪੀ ਸਿਰ ਉਤੇ ਰੱਖੀ, ਨੋਟਾਂ ਦੀ ਗੱਡੀ ਧੋਤੀ ਦੀ ਅੰਟੀ ਵਿਚ ਅੰਡੂੰਗੀ, ਤੇ ਉਠ ਖਲੋਤਾ। ਬੂਹੇ ਵਲ ਲਪਕਿਆ ਤੇ ਕਾਲੇ ਪੰਪ ਪੈਰੀਂ ਪਾ ਕੇ ਤਿੱਤਰ ਹੋ ਗਿਆ। ਮੈਂ ਉੱਠਣ ਲੱਗਾ, ਤਾਂ ਕਮਲਾ ਬੂਹੇ ਵਲ ਟੇਢੀ ਝਾਤ ਮਾਰ ਕੇ ਬੋਲੀ, “ਇਸ ਸਾਲੇ ਨੂੰ ਜਾਣ ਦੇ। ਚਾਰ ਘੰਟੇ ਦਾ ਬੈਠਾ ਸੀ। ਜਿਤਨੇ ਪੈਸੇ ਦੇਣੇ ਸਨ, ਦੇ ਚੁੱਕਾ ਸੀ। ਤੁਸੀਂ ਬੈਠੋ। ਇਥੇ ਪੁਲਿਸ ਨਹੀਂ ਆਵੇਗੀ। ਹੇਠਲੀਆਂ ਕੁੜੀਆਂ ਕਈ ਵਾਰ ਗਾਹਕ ਨਾਲ ਲਫੜਾ ਕਰ ਬੈਠਦੀਆਂ ਹਨ ਤੇ ਉਸ ਨੂੰ ਨਸਾਉਣ ਲਈ ਪੁਲਿਸ ਦਾ ਡਰਾਮਾ ਰਚ ਦੇਂਦੀਆਂ ਹਨ।”
ਮੇਰਾ ਡਰ ਜਾਂਦਾ ਰਿਹਾ, “ਚਲੋ ਅੰਦਰ ਬੈਠੀਏ। ਗੱਲਾਂ ਕਰਾਂਗੇ।”
ਉਸ ਨੇ ਇਸ਼ਾਰੇ ਨਾਲ ਸਾਜ਼ਿੰਦਿਆਂ ਨੂੰ ਛੁੱਟੀ ਕਰ ਦਿੱਤੀ।
ਉਸ ਰਾਤ ਮੈਂ ਸਵੇਰ ਤੀਕ ਉਸ ਕੋਲ ਰਿਹਾ। ਜਦ ਮੈਂ ਉਸ ਨੂੰ ਰੁਪਏ ਦੇਣ ਲੱਗਾ ਤਾਂ ਉਸ ਆਖਿਆ, “ਇਨ੍ਹਾਂ ਨੂੰ ਰੱਖੋ। ਫਿਰ ਕਦੇ ਲੈ ਲਵਾਂਗੀ। ਅੱਜ ਤੁਸੀਂ ਮੇਰੇ ਮਹਿਮਾਨ ਹੋ।”
ਉਹ ਬਿਸਤਰ ਵਿਚ ਪਈ ਚਿਰ ਰਾਤ ਤੀਕ ਗੱਲਾਂ ਕਰਦੀ ਰਹੀ। ਉਸ ਦਾ ਸਾਂਵਲਾ ਜਿਸਮ ਰਾਤ ਦੇ ਹਨੇਰੇ ਵਿਚ ਇੱਕ ਮਿਕ ਹੋ ਗਿਆ ਸੀ। ਉਹ ਘਰੇਲੂ ਔਰਤ ਵਾਂਗ ਗੱਲਾਂ ਕਰਕੇ ਮੈਨੂੰ ਫੁਸਲਾ ਰਹੀ ਸੀ। ਮੈਂ ਸੋਚਿਆ ਮੈਂ ਕਿਥੋਂ ਦਾ ਰਈਸ ਹਾਂ ਤੇ ਮੇਰੇ ਕੋਲੋਂ ਇਸ ਨੇ ਕੀ ਲੈ ਲੈਣਾ ਹੈ।
ਉਹ ਆਖ ਰਹੀ ਸੀ, “ਮਦਰਾਸ ਵਿਚ ਮੈਂ ਦੋ-ਤਿੰਨ ਫਿਲਮਾਂ ਵਿਚ ਐਕਸਟਰਾ ਦਾ ਪਾਰਟ ਕੀਤਾ। ਉਥੇ ਮੇਰਾ ਇਕ ਮਰਾਠੇ ਨਾਲ ਇਸ਼ਕ ਹੋ ਗਿਆ ਜੋ ਮੈਨੂੰ ਬੰਬਈ ਲੈ ਗਿਆ। ਅਸੀਂ ਦਾਦਰ ਰਹਿੰਦੇ ਸਾਂ, ਜਿਥੇ ਫਿਲਮਾਂ ਦੇ ਕਈ ਸਟੂਡੀਓ ਹਨ। ਕੰਮ ਚੌਖਾ ਸੀ। ਜਦੋਂ ਮੇਰੇ ਬੱਚੀ ਹੋਣ ਵਾਲੀ ਸੀ ਤਾਂ ਫਿਲਮਾਂ ਵਿਚੋਂ ਕੰਮ ਮਿਲਣਾ ਬੰਦ ਹੋ ਗਿਆ। ਉਹ ਸ਼ਰਾਬ ਪੀ ਕੇ ਮੈਨੂੰ ਕੁੱਟਦਾ। ਇਕ ਦਿਨ ਮੈਂ ਉਸ ਨੂੰ ਛੱਡ ਕੇ ਦਿੱਲੀ ਆ ਗਈ। ਇਥੇ ਆ ਕੇ ਇਹ ਕੋਠਾ ਲੈ ਲਿਆ। ਥੋੜ੍ਹੇ ਚਿਰ ਪਿੱਛੋਂ ਹੀ ਮੇਰੇ ਬੱਚੀ ਪੈਦਾ ਹੋਈ।….
ਰਸੋਈ ਵਾਲੇ ਕਮਰੇ ਵਿਚ ਉਸ ਦਾ ਪੰਘੂੜਾ ਹੈ। ਬਹੁਤ ਹੀ ਪਿਆਰੀ ਬੱਚੀ ਹੈ। ਜਦੋਂ ਗਾਹਕਾਂ ਨੂੰ ਭੁਗਤਾਉਂਦੀ ਹਾਂ, ਉਹ ਸੁੱਤੀ ਹੁੰਦੀ ਹੈ… ਤੁਸੀਂ ਕੀ ਸੋਚ ਰਹੇ ਹੋ?”
“ਕੁਝ ਵੀ ਨਹੀਂ।”
ਉਹ ਉਸੇ ਲੋਰ ਵਿਚ ਬੋਲਦੀ ਰਹੀ, “ਦੋ ਸਾਲ ਮੈਂ ਇਹ ਧੰਦਾ ਹੋਰ ਕਰਾਂਗੀ। ਫਿਰ ਮੇਰੀ ਬੱਚੀ ਤਿੰਨ ਸਾਲ ਦੀ ਹੋ ਜਾਵੇਗੀ ਤੇ ਮੈਂ ਇਹ ਕੋਠਾ ਛੱਡ ਦਿਆਂਗੀ। ਤਿੰਨ ਸਾਲ ਦੇ ਬੱਚੇ ਨੂੰ ਆਪਣੇ ਆਲੇ-ਦੁਆਲੇ ਦਾ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਹੈ। ਮੈਂ ਨਹੀਂ ਚਾਹੁੰਦੀ ਮੇਰੀ ਬੱਚੀ ਉਤੇ ਇਸ ਦਾ ਕੋਈ ਅਸਰ ਪਵੇ। ਮੈਂ ਉਸ ਦੀ ਪੜ੍ਹਾਈ ਲਈ ਰੁਪਏ ਅਲਹਿਦਾ ਰੱਖ ਛੱਡੇ ਹਨ। ਮੇਰੇ ਕੋਲ ਕਾਫ਼ੀ ਪੈਸਾ ਹੈ… ਜਦੋਂ ਵੀ ਮੈਂ ਮਰਦ ਜਾਤ ਨਾਲ ਪਿਆਰ ਕੀਤਾ ਹੈ ਉਸ ਨੇ ਮੈਨੂੰ ਧੋਖਾ ਦਿੱਤਾ। ਪਰ ਕਿਸੇ ਉਤੇ ਵਿਸ਼ਵਾਸ ਕੀਤੇ ਬਿਨਾ ਗੁਜ਼ਾਰਾ ਵੀ ਨਹੀਂ। ਮਨੁੱਖ ਪੱਥਰ ਦੀ ਮੂਰਤੀ ਵਿਚ ਵਿਸ਼ਵਾਸ ਰੱਖ ਕੇ ਜੀਵਨ ਬਿਤਾਉਣਾ ਚਾਹੁੰਦਾ ਹੈ, ਕਿਉਂਕਿ ਪੱਥਰ ਧੋਖਾ ਨਹੀਂ ਦੇ ਸਕਦਾ।”
ਉਹ ਚੁੱਪ ਹੋ ਗਈ। ਹਨੇਰੇ ਵਿਚ ਮੈਨੂੰ ਉਸ ਦਾ ਸਾਂਵਲਾ ਗਰਮ ਸਾਹ ਮਹਿਸੂਸ ਹੋਇਆ, ਜਿਸ ਵਿਚ ਤਜਰਬੇ ਦੀ ਕੁੜੱਤਣ ਤੇ ਇਸਤਰੀ ਦੇ ਪੰਘਰੇ ਜਜ਼ਬਾਤ ਦੀ ਲਰਜ਼ਿਸ਼ ਸੀ।
ਸਵੇਰੇ ਪੰਜ ਵਜੇ ਜਦ ਮੈਂ ਤੁਰਨ ਲੱਗਾ, ਤਾਂ ਉਸ ਨੇ ਮੇਰਾ ਕੋਟ ਫੜਾਉਂਦਿਆਂ ਆਖਿਆ, “ਆਇ, ਤੁਹਾਨੂੰ ਆਪਣੀ ਬੱਚੀ ਦਿਖਾਵਾਂ।”
ਨਾਲ ਦੇ ਨਿੱਕੇ ਕਮਰੇ ਵਿਚ ਗਏ, ਜਿਥੇ ਨੀਲੇ ਲਾਟੂ ਦੀ ਮੱਧਮ ਰੌਸ਼ਨੀ ਵਿਚ ਬੱਚੀ ਸੁੱਤੀ ਪਈ ਸੀ। ਮੈਂ ਝੁਕ ਕੇ ਬੱਚੀ ਨੂੰ ਦੇਖਿਆ। ਕਮਲਾ ਮੇਰੀ ਓਟ ਪਿਛੇ ਖੜ੍ਹੀ ਸੀ। ਅੱਖ ਬਚਾ ਕੇ ਮੈਂ ਸੱਤ ਰੁਪਏ, ਬੱਚੀ ਦੇ ਸਿਰਹਾਣੇ ਹੇਠ ਰੱਖ ਦਿੱਤੇ ਤੇ ਉਸ ਦਾ ਮੱਥਾ ਚੁੰਮ ਕੇ ਬੋਲਿਆ। “ਵਾਕਈ ਬਹੁਤ ਪਿਆਰੀ ਹੈ।”
ਅਗਲੀ ਰਾਤ ਜਦ ਮੈਂ ਕਮਲਾ ਕੋਲ ਗਿਆ, ਤਾਂ ਉਹ ਮੇਰੇ ਨਾਲ ਲੜ ਪਈ। ਬੋਲੀ, “ਤੂੰ ਬੱਚੀ ਨੂੰ ਰੁਪਏ ਦੇ ਕੇ ਪਾਪ ਕੀਤਾ। ਮੈਂ ਤੈਨੂੰ ਗਾਹਕ ਸਮਝ ਕੇ ਉਸ ਕੋਲ ਨਹੀਂ ਸਾਂ ਲੈ ਕੇ ਗਈ। ਜੇ ਕੁਝ ਦੇਣਾ ਹੀ ਸੀ, ਤਾਂ ਕੋਈ ਖਿਡਾਉਣਾ ਦੇਂਦਾ ਜਾਂ ਇਕ ਰਪਿਆ – ਪਰ ਤੂੰ ਉਹੀ ਸੱਤ ਰੁਪਏ ਉਸ ਨੂੰ ਦੇ ਦਿੱਤੇ ਜੋ ਰਾਤ ਠਹਿਰਨ ਲਈ ਮੈਨੂੰ ਦੇਣੇ ਸਨ। ਤੈਨੂੰ ਸ਼ਰਮ ਨਾ ਆਈ?” ਉਸ ਨੇ ਸਾਰੇ ਹੀ ਨੋਟ ਮੁੱਠੀ ਵਿਚ ਮਰੋੜ ਕੇ ਮੇਰੇ ਵਲ ਵਗਾਹ ਮਾਰੇ ਤੇ ਰੋਣ ਲੱਗ ਪਈ।
ਮੈਨੂੰ ਬਹੁਤ ਨਮੋਸ਼ੀ ਹੋਈ। ਰੁਪਏ ਜੇਬ ਵਿਚ ਪਾ ਲਏ। ਤੇ ਉਸ ਤੋਂ ਮੁਆਫ਼ੀ ਮੰਗੀ।
ਇਸ ਪਿਛੋਂ ਕਮਲਾ ਦਾ ਘਰ ਮੇਰੇ ਲਈ ਹਰ ਸਮੇਂ ਖੁੱਲ੍ਹਾ ਸੀ। ਕਈ ਵਾਰੀ ਮੈਂ ਦਿਨ ਵੇਲੇ ਵੀ ਜਾ ਵੜਦਾ। ਉਹ ਚਾਅ ਨਾਲ ਸਾਗ-ਗੋਸ਼ਤ ਬਣਾਉਂਦੀ ਤੇ ਮੇਰੀ ਸੇਵਾ ਕਰਦੀ। ਕਈ ਵਾਰ ਮੇਰੇ ਰੁਮਾਲ ਤੇ ਜੁਰਾਬਾਂ ਵੀ ਧੋ ਦੇਂਦੀ। ਮੈਂ ਬੱਚੀ ਨੂੰ ਚੁੱਕ ਕੇ ਪਿਆਰ ਕਰਦਾ। ਇਕ-ਦੋ ਵਾਰ ਦਿਲ ਵਿਚ ਇਹ ਵੀ ਆਈ ਕਿ ਇਸ ਨੂੰ ਆਪਣੇ ਘਰ ਵਸਾ ਲਵਾਂ, ਪਰ ਹੀਆ ਨਹੀਂ ਸੀ ਪੈਂਦਾ।
ਅਕਸਰ ਰਾਤ ਦੇ ਗਿਆਰਾਂ ਵਜੇ ਮੈਂ ਉਸ ਕੋਲ ਜਾਂਦਾ। ਉਦੋਂ ਤੀਕ ਉਹ ਆਪਣੇ ਧੰਦੇ ਤੋਂ ਵਿਹਲੀ ਹੋ ਚੁੱਕੀ ਹੁੰਦੀ। ਕਈ ਵਾਰ ਉਸ ਦੇ ਹੱਥਾਂ ਦਾ ਪੱਕਿਆ ਸਾਗ-ਗੋਸ਼ਤ ਖਾਂਦਿਆਂ ਮੈਂ ਇਹ ਸੋਚਦਾ ਜਿਵੇਂ ਮੈਂ ਉਸ ਦੀ ਹਰਾਮ ਦੀ ਕਮਾਈ ਖਾ ਰਿਹਾ ਹਾਂ।
ਇਕ ਰਾਤ ਮੈਂ ਤੇ ਕਮਲਾ ਬੈਠੇ ਰੋਟੀ ਖਾ ਰਹੇ ਸਾਂ। ਹੇਠਲੀ ਮੰਜ਼ਲ ਤੋਂ ਚੀਕਾਂ ਸੁਣਾਈ ਦਿੱਤੀਆਂ। ਲੋਕਾਂ ਦੇ ਦੌੜਨ ਦੀ ਆਵਾਜ਼ ਤੇ ਫਿਰ ਇਕ ਬੁੱਢੀ ਦੀ ਹਾਲ-ਦੁਹਾਈ-“ਖੂਨ! ਖੂਨ!!”
ਅਸੀਂ ਦੋਵੇਂ ਸਹਿਮ ਗਏ।
ਥੋੜ੍ਹੇ ਚਿਰ ਪਿਛੋਂ ਭਾਰੀ ਬੂਟਾਂ ਦੀ ਦਗੜ-ਦਗੜ ਹੋਈ। ਮੈਂ ਖਿੜਕੀ ਵਿਚੋਂ ਹੇਠਾਂ ਝਾਕ ਕੇ ਦੇਖਿਆ, ਪੁਲਿਸ ਦਾ ਟਰੱਕ ਤੇ ਜੀਪ ਖੜ੍ਹੀ ਸੀ ਤੇ ਸਿਪਾਹੀਆਂ ਨੇ ਬਿਲਡਿੰਗ ਨੂੰ ਘੇਰਾ ਪਾਇਆ ਹੋਇਆ ਸੀ।
ਇਕ ਥਾਣੇਦਾਰ ਤੇ ਚਾਰ ਸਿਪਾਹੀ ਕਮਲਾ ਦੇ ਕੋਠੇ ਤੇ ਵੀ ਆ ਚੜ੍ਹੇ। ਸਭਨਾ ਕੋਠਿਆਂ ਦੀ ਤਲਾਸ਼ੀ ਹੋ ਰਹੀ ਸੀ। ਸਾਰੇ ਤਾਮਾਸ਼ਬੀਨ ਤੇ ਕਈ ਸਾਜ਼ਿੰਦੇ ਵੀ ਦੌੜ ਗਏ ਸਨ।
ਪੁਲਿਸ ਵਾਲਿਆਂ ਨੇ ਕਮਲਾ ਨੂੰ ਕੁਝ ਨਾ ਆਖਿਆ, ਪਰ ਮੈਨੂੰ ਫੜ ਕੇ ਲੈ ਗਏ। ਮੇਰੇ ਨਾਲ ਹੀ ਦੂਸਰੀ ਮੰਜ਼ਲ ਦੇ ਤਿੰਨ ਸਾਜ਼ਿੰਦੇ ਤੇ ਚਾਰ ਰੰਡੀਆਂ ਫੜ੍ਹੀਆਂ ਗਈਆਂ, ਅਤੇ ਪਹਾੜ ਗੰਜ ਦੇ ਦੋ ਗੁੰਡੇ ਤੇ ਦੋ ਲਾਲੇ ਵੀ।
ਇਹ ਖ਼ੂਨ ਇਕ ਪੰਜਾਬਣ ਰੰਡੀ ਸਦਕਾ ਹੋਇਆ ਸੀ, ਜਿਸ ਦਾ ਨਾਂ ਬੇਗ਼ਮ ਸੀ। ਦੋ ਸਮਗਲਰ, ਜਿਨ੍ਹਾਂ ਦੀ ਆਪਸ ਵਿਚ ਲਗਦੀ ਸੀ, ਬੇਗ਼ਮ ਦੇ ਆਸ਼ਿਕ ਸਨ। ਉਸ ਰਾਤ ਦੋਵੇਂ ਇਕੱਠੇ ਹੋ ਗਏ ਅਤੇ ਇਹ ਨਿਬੇੜਾ ਕਰਨ ਲਈ ਕਿ ਦੋਹਾਂ ਵਿਚੋਂ ਕੌਣ ਬੇਗ਼ਮ ਕੋਲ ਠਹਿਰੇਗਾ, ਆਪਸ ਵਿਚ ਲੜ ਪਏ। ਬੇਗ਼ਮ ਦੇ ਛੁਡਾਉਂਦੇ-ਛੁਡਾਉਂਦੇ ਇਕ ਸਮਗਲਰ ਨੇ ਦੂਜੇ ਦੀ ਛਾਤੀ ਵਿਚ ਛੁਰਾ ਕੱਢ ਮਾਰਿਆ। ਛੁਰਾ ਲਗਦੇ ਸਾਰ ਛਾਤੀ ਵਿਚੋਂ ਖ਼ੂਨ ਦਾ ਫ਼ੱਵਾਰਾ ਛੁੱਟਿਆ ਤੇ ਛੇ ਫੁੱਟ ਲੰਮਾ ਜਵਾਨ ਥਾਏਂ ਢੇਰੀ ਹੋ ਗਿਆ। ਕਾਤਲ ਦੌੜ ਗਿਆ ਸੀ।
ਥਾਣੇ ਲੈ ਜਾ ਕੇ ਸਾਨੂੰ ਸਾਰਿਆਂ ਨੂੰ ਵੱਖ-ਵੱਖ ਬੰਦ ਕਰ ਦਿੱਤਾ। ਦੋ ਦਿਨ ਪੁਲਿਸ ਦੇ ਰਗੜੇ ਖਾ ਕੇ ਤੇ ਪੈਸੇ ਝੋਕ ਕੇ (ਜਿਸ ਲਈ ਮੈਨੂੰ ਆਪਣਾ ਗਰਾਮੋਫ਼ੋਨ ਵੇਚਣਾ ਪਿਆ) ਮਸਾਂ ਛੁਟਕਾਰਾ ਹੋਇਆ।
ਮੈਂ ਦਿਲ ਵਿਚ ਕਮਲਾ ਮਦਰਾਸਣ ਨੂੰ ਸੌ-ਸੌ ਗਾਲ੍ਹ ਕੱਢੀ, ਆਪਣੇ-ਆਪ ਉਤੇ ਲਾਹਨਤ ਪਾਈ ਤੇ ਰੰਡੀ ਦੇ ਕੋਠੇ ਜਾਣ ਤੋਂ ਤੌਬਾ ਕੀਤੀ।
ਦਿਨ ਲੰਘਦੇ ਗਏ। ਮੇਰਾ ਆਪਣੇ ਦਫ਼ਤਰ ਦੀ ਸਿੰਧਣ ਕੁੜੀ ਨਾਲ ਮੰਗਲਾਚਾਰ ਹੋ ਗਿਆ। ਦੋ-ਢਾਈ ਮਹੀਨੇ ਉਸ ਨਾਲ ਦੋਸਤੀ ਰਹੀ। ਉਹ ਧਾਰੀਦਾਰ ਸ਼ਰਬਤੀ ਖ਼ਰਬੂਜੇ ਵਾਂਗ ਸੀ, ਜੋ ਵਿਚੋਂ ਫਿੱਕਾ ਨਿਕਲ ਆਵੇ। ਕਈ ਵਾਰ ਕਮਲਾ ਦੀ ਲਜ਼ੀਜ਼ ਸ਼ਖਸੀਅਤ ਯਾਦ ਆਉਂਦੀ, ਪਰ ਮੈਂ ਇਸ ਨੂੰ ਗਈ-ਗੁਜ਼ਰੀ ਗੱਲ ਸਮਝ ਕੇ ਛੱਡ ਦੇਂਦਾ।
ਸਿੰਧਣ ਕੁੜੀ ਨੇ ਢਾਈ ਮਹੀਨਿਆਂ ਵਿਚ ਹੀ ਮੈਨੂੰ ਤੰਗ ਕਰ ਮਾਰਿਆ। ਹਰ ਵੇਲੇ ਕੋਈ ਨਾ ਕੋਈ ਸਵਾਲ ਪਾਈ ਰੱਖਦੀ, ਕਦੇ ਸਿਨੇਮਾ ਦਾ ਟਿਕਟ, ਕਦੇ ਬੰਗਾਲੀ ਮਾਰਕੀਟ ਦੇ ਗੋਲ-ਗੱਪੇ ਤੇ ਚਾਟ ਕਦੇ ਉਸ ਦੇ ਸੈਂਡਲ ਦੀ ਅੱਡੀ ਲਗਵਾਉਣੀ। ਫਿਰ ਮੈਨੂੰ ਪਤਾ ਲੱਗਾ ਕਿ ਮੇਰੇ ਵਰਗੇ ਹੋਰ ਵੀ ਦੋ-ਚਾਰ ਝੁੱਡੂ ਉਸ ਦੇ ਚੱਕਰ ਵਿਚ ਹਨ। ਮੇਰਾ ਹੱਥ ਖਿੱਚਿਆ ਦੇਖ ਕੇ ਉਹ ਛੜੱਪਾ ਮਾਰ ਗਈ ਤੇ ਉਸ ਨੇ ਮੇਰੇ ਨਾਲ ਗੱਲ ਕਰਨੀ ਛੱਡ ਦਿੱਤੀ।
ਮੈਂ ਫਿਰ ਉਸੇ ਤਰ੍ਹਾਂ ਫ਼ਾਂਕ ਦਾ ਫ਼ਾਂਕ। ਹੁਣ ਮੈਨੂੰ ਕਈ ਵਾਰ ਕਮਲਾ ਯਾਦ ਆਉਂਦੀ ਨਾਲ ਹੀ ਕੋਠਿਆਂ ਦੀ ਪਕੜ-ਧੜਕ ਤੇ ਮਸ਼ਕੂਕ ਸਨਸਨੀ ਦਾ ਖਿਆਲ ਆਉਂਦਾ। ਇਸ ਡਰ ਦੇ ਹੇਠਾਂ ਇਕ ਲਾਲਸਾ ਧੜਕਦੀ ਸੀ। ਪਰ ਮੈਂ ਦੁਬਾਰਾ ਉਹ ਹਨੇਰੀਆਂ ਸਿੱਲ੍ਹੀਆਂ ਪੌੜੀਆਂ ਚੜ੍ਹਨ ਲਈ ਤਿਆਰ ਨਹੀਂ ਸਾਂ।
ਇਕ ਵਾਰ ਮੇਰਾ ਫੌਜੀ ਦੋਸਤ ਬਖ਼ਤੌਰਾ ਸਿੰਘ ਛੁੱਟੀ ਜਾਂਦਾ ਰਾਹ ਵਿਚ ਮੇਰੇ ਕੋਲ ਰੁਕ ਗਿਆ। ਰਾਤ ਨੂੰ ਮੇਰੇ ਮਨ ਵਿਚ ਆਈ ਅੱਜ ਕਿਉਂ ਨਾ ਕਮਲਾ ਕੋਲ ਜਾਇਆ ਜਾਵੇ। ਬਖ਼ਤੌਰਾ ਤਗੜਾ, ਉੱਚਾ-ਲੰਮਾ, ਕੁੱਢੀਆਂ ਮੁੱਛਾਂ ਵਾਲਾ ਗੱਭਰੂ ਸੀ। ਉਸ ਦੀ ਖੱਬੀ ਗੱਲ੍ਹ ਉਤੇ ਇਕ ਲੰਮਾ ਕਾਤੀਦਾਰ ਕਾਲਾ ਨਿਸ਼ਾਨ ਸੀ। ਉਸ ਦੇ ਨਾਲ ਹੋਣ ਕਰਕੇ ਮੇਰਾ ਹੌਸਲਾ ਦੁਗਣਾ ਹੋ ਗਿਆ।
ਅਸੀਂ ਰਾਤ ਦੇ ਦਸ ਵਜੇ ਜਦ ਕਮਲਾ ਦੇ ਕੋਠੇ ਦੀਆਂ ਪੌੜੀਆਂ ਚੜ੍ਹਨ ਲੱਗੇ ਤਾਂ ਹੇਠਾਂ ਪਨਵਾੜੀ ਨੇ ਮੁਸਕਰਾ ਕੇ ਮੇਰਾ ਸੁਆਗਤ ਕੀਤਾ ਤੇ ਆਖਿਆ, “ਬੜੇ ਦਿਨੋਂ ਮੇਂ ਦਰਸ਼ਨ ਹੂਏ ਆਪ ਕੇ। ਪਾਨ ਖਾਈਏਗਾ?”
ਜਾੜ੍ਹਾਂ ਹੇਠ ਪਾਨ ਦਬਾ ਕੇ ਅਸੀਂ ਉਪਰ ਚੜ੍ਹੇ। ਮੈਨੂੰ ਪੌੜੀਆਂ ਵਿਚੋਂ ਹਨੇਰੀ ਸਿੱਲ੍ਹੀ ਜਾਣੀ-ਪਛਾਣੀ ਹਵਾੜ ਆਈ, ਜਿਸ ਵਿਚ ਨਰਮ-ਨਰਮ ਤਸੱਲੀ ਸੀ। ਘੁੰਗਰੂਆਂ ਤੇ ਤਬਲੇ ਦੀ ਥਾਪ ਉਸੇ ਤਰ੍ਹਾਂ ਗੂੰਜ ਰਹੀ ਸੀ। ਜਿੰਦਗੀ, ਧੰਦਾ, ਚਹਿਲ-ਪਹਿਲ, ਤਾਮਾਸ਼ਬੀਨਾਂ ਦੇ ਜਲਵੇ ਉਸੇ ਤਰ੍ਹਾਂ ਰਵਾਂ ਸਨ। ਇਸ ਮਾਹੌਲ ਨੇ ਮੇਰੀ ਅਸੰਤੁਸ਼ਟ ਭਾਵਨਾ ਨੂੰ ਧਪਕੀ ਦਿੱਤੀ। ਲੰਘਦੇ-ਲੰਘਦੇ ਮੈਂ ਦੂਜੀ ਮੰਜਲ ਦੇ ਕੋਠੇ ਤੇ ਇਸ ਦੇ ਵਿਹੜੇ ਵੱਲ ਨਜ਼ਰ ਮਾਰੀ। ਰੌਸ਼ਨੀ ਵਿਚ ਹਾਸੇ ਤੇ ਵਾਹ-ਵਾਹ ਦਾ ਸ਼ੋਰ ਸੀ।
ਅਸੀਂ ਕਮਲਾ ਦੇ ਕੋਠੇ ਅੱਗੇ ਜਾ ਕੇ ਖਲੋ ਗਏ। ਵੱਡਾ ਕਮਰਾ ਖ਼ਾਲੀ ਜਾਪਿਆ, ਹਾਲਾਂਕਿ ਦੋਵੇਂ ਸਾਜ਼ਿੰਦੇ ਤੇ ਚਿੱਟੀਆਂ ਚਾਦਰਾਂ ਉਸੇ ਤਰ੍ਹਾਂ ਸਨ। ਕਮਲਾ ਉਥੇ ਨਹੀਂ ਸੀ।
ਸਾਰੰਗੀ ਵਾਲੇ ਮੀਏਂ ਨੇ ਮੈਨੂੰ ਦੇਖ ਕੇ ਸਲਾਮ ਕੀਤਾ ਤੇ ਅਸੀਂ ਅੰਦਰ ਜਾ ਕੇ ਬੈਠ ਗਏ। ਮੈਂ ਪੁੱਛਿਆ, “ਕਮਲਾ ਕਿੱਥੇ ਹੈ?” ਮੀਆਂ ਬੋਲਿਆ, “ਬੈਠੀਏ, ਅਭੀ ਆਤੀ ਹੈਂ।”
ਇਤਨੇ ਵਿਚ ਨਾਲ ਦੇ ਕਮਰੇ ਵਿਚੋਂ ਇਕ ਭੁੱਚਰ ਸਰਦਾਰ ਆਪਣੇ ਤਹਿਮਦ ਨੂੰ ਠੀਕ ਕਰਦਾ ਹੋਇਆ ਨਿਕਲਿਆ ਤੇ ਸਾਡੇ ਵਲ ਘੂਰਦਾ ਹੋਇਆ ਬਾਹਰ ਨਿਕਲ ਗਿਆ। ਦੋ ਮਿੰਟ ਪਿੱਛੋਂ ਕਮਲਾ ਨਿੱਕੇ ਕਮਰੇ ਵਿਚੋਂ ਨਮੂਦਾਰ ਹੋਈ। ਉਸ ਨੇ ਸਫ਼ੈਦ ਸਾੜ੍ਹੀ ਪਾਈ ਹੋਈ ਸੀ, ਜਿਸ ਵਿਚੋਂ ਉਸ ਦਾ ਗਦਰਾਇਆ ਹੋਇਆ ਸਰੀਰ ਧਮ-ਧਮ ਕਰ ਰਿਹਾ ਸੀ। ਮੱਥੇ ਦੀ ਮੋਟੀ ਬਿੰਦੀ ਤੇ ਨੱਕ ਵਿਚ ਕੋਕਾ ਉਸੇ ਤਰ੍ਹਾਂ ਚਮਕ ਰਿਹਾ ਸੀ।
ਮੈਨੂੰ ਦੇਖ ਕੇ ਉਹ ਠਠੰਬਰੀ ਤੇ ਫਿਰ ਸੰਭਲ ਕੇ ਬੋਲੀ, “ਅੱਜ ਕਿਵੇਂ ਰਾਹ ਭੁੱਲ ਗਏ?”
ਮੈਨੂੰ ਉਸ ਦੇ ਧੰਦੇ ਦਾ ਪਤਾ ਸੀ ਤੇ ਮੈਂ ਇਹ ਵੀ ਜਾਣਦਾ ਸਾਂ ਕਿ ਉਹ ਇਥੇ ਸਤਵੰਤੀ ਨਾਰੀ ਬਣੀ ਬੈਠੀ ਸਿਰਫ ਮੈਨੂੰ ਹੀ ਨਹੀਂ ਉਡੀਕ ਰਹੀ। ਪਰ ਭੁੱਚਰ ਸਰਦਾਰ ਨੂੰ ਉਸੇ ਕਮਰੇ ਵਿਚੋਂ ਬਾਹਰ ਨਿਕਲਦੇ ਦੇਖ ਕੇ, ਜਿਥੇ ਮੈਂ ਕਈ ਰਾਤਾਂ ਗੁਜ਼ਾਰੀਆਂ ਸਨ, ਮੈਨੂੰ ਗੁੱਸਾ ਆਇਆ। ਇਉਂ ਲੱਗਿਆ ਜਿਵੇਂ ਚਿੱਟੀ ਚਾਦਰ ਉਤੇ ਕੋਈ ਚਿੱਕੜ ਵਿਚ ਲਿੱਬੜਿਆ ਮੁਸ਼ਕ ਮਾਰਦਾ ਬੋਕ ਆਪਣੇ ਨਿਸ਼ਾਨ ਛੱਡ ਗਿਆ ਹੋਵੇ।
ਮੈਂ ਈਰਖਾ ਵਿਚ ਉਬਲ ਰਿਹਾ ਸਾਂ। ਤਬੀਅਤ ਹੋਰ ਗੰਧਲੀ ਹੋ ਗਈ।
ਮੈਨੂੰ ਚੁੱਪ ਦੇਖ ਕੇ ਉਹ ਬੋਲੀ, “ਤੁਹਾਡੇ ਦੋਸਤ ਦਾ ਕੀ ਨਾਂ ਹੈ?”
ਮੈਂ ਆਖਿਆ, “ਤੂੰ ਨਾਂ ਤੋਂ ਕੀ ਲੈਣੈਂ।” ਬਖ਼ਤੌਰਾ ਸਿੰਘ ਨੂੰ ਸਾਡੀ ਗੁੰਝਲ ਦਾ ਪਤਾ ਨਹੀਂ ਸੀ। ਉਹ ਖ਼ੁਸ਼ ਹੋ ਕੇ ਬੋਲਿਆ, “ਬਈ ਬੜਾ ਤਰ ਮਾਲ ਐ।”
ਮੇਰੇ ਅੰਦਰ ਦੁਸ਼ਟ ਭਾਵ ਜਾਗਿਆ। ਮੈਂ ਆਖਿਆ, “ਮੇਰਾ ਦੋਸਤ ਤੇਰੇ ਨਾਲ ਠਹਿਰੇਗਾ।”
ਕਮਲਾ ਨੇ ਇਸ ਗੱਲ ਦਾ ਸਾਧਾਰਨ ਪੇਸ਼ਾਵਰਾਨਾ ਮੁਸਕੁਰਾਹਟ ਨਾਲ ਉੱਤਰ ਦਿੱਤਾ, “ਮੈਨੂੰ ਤੁਹਾਡਾ ਦੋਸਤ ਵੀ ਉਤਨਾ ਹੀ ਅਜ਼ੀਜ਼ ਹੈ।”
ਮੈਂ ਸੜ-ਬਲ ਕੇ ਕੋਲੇ ਹੋ ਗਿਆ ਤੇ ਅੰਦਰੋਂ-ਅੰਦਰ ਉਸ ਦੇ ਘਟੀਆ ਚਲਨ ਨੂੰ ਧਿਤਕਾਰਨ ਲੱਗਾ। ਸਾਲੀ ਨੂੰ ਬਖ਼ਤੌਰ ਸਿੰਘ ਹੀ ਠੀਕ ਰਹੇਗਾ।
ਉਹ ਉਸ ਨਾਲ ਅੰਦਰ ਗਿਆ ਤੇ ਮੈਂ ਮੀਏਂ ਨੂੰ ਇਹ ਆਖ ਕੇ ਚਲਾ ਆਇਆ ਕਿ ਜਦ ਮੇਰਾ ਦੋਸਤ ਆਵੇ ਤਾਂ ਉਹ ਮੈਨੂੰ ਹੇਠਾਂ ਪਾਨ ਵਾਲੀ ਦੁਕਾਨ ਉਤੇ ਮਿਲ ਲਵੇ।
ਛੇਤੀ-ਛੇਤੀ ਪੌੜੀਆਂ ਉਤਰ ਕੇ ਮੈਂ ਬਾਜ਼ਾਰ ਵਿਚ ਆ ਗਿਆ। ਸਿਗਰਟਾਂ ਖ਼ਰੀਦੀਆਂ, ਲੰਮਾ ਕਸ਼ ਖਿੱਚਿਆ ਤੇ ਫ਼ੁਟਪਾਥ ਉਤੇ ਟਹਿਲਣ ਲੱਗਾ। ਦਿਮਾਗ ਵਿਚ ਕਈ ਖਿਆਲ ਗੁਥਮਗੁੱਥਾ ਸਨ। ਭੁੱਚਰ ਸਰਦਾਰ ਦਾ ਤਹਿਮਦ, ਮੀਏਂ ਦੀ ਸਾਰੰਗੀ, ਬਖ਼ਤੌਰੇ ਦੀਆਂ ਕੁੰਢੀਆਂ ਮੁੱਛਾਂ। ਇਉਂ ਲੱਗਿਆ ਜਿਵੇਂ ਸਾਰੰਗੀ ਦੇ ਮੱਥੇ ਉਤੇ ਮੋਟੀ ਗੋਲ ਬਿੰਦੀ ਲੱਗੀ ਹੋਵੇ। ਮੇਰੇ ਅੰਦਰ ਨਫ਼ਰਤ ਦੇ ਚਿੰਗਾੜੇ ਉੱਡਣ ਲੱਗੇ ਤੇ ਇਨ੍ਹਾਂ ਦੀ ਬੁਝਦੀ ਭੜਕਦੀ ਰੌਸ਼ਨੀ ਵਿਚ ਕਮਲਾ ਦਾ ਸਾਂਵਲਾ ਮਸਤੀ ਭਰਿਆ ਜੋਬਨ ਡੁੱਬਦਾ ਤੇ ਉਭਰਦਾ ਨਜ਼ਰ ਆਇਆ।
ਅੱਧਾ ਘੰਟਾ ਮੈਂ ਫਿਰਦਾ ਰਿਹਾ। ਇਤਨੇ ਵਿਚ ਪਾਨ ਦੀ ਦੁਕਾਨ ਉਤੇ ਖੜਾ ਬਖ਼ਤੌਰਾ ਦਿਖਾਈ ਦਿੱਤਾ। ਉਹ ਮੈਨੂੰ ਲੱਭ ਰਿਹਾ ਸੀ।
ਦੂਰੋਂ ਹੀ ਉਸ ਦੀਆਂ ਵਾਛਾਂ ਖਿੜ ਗਈਆਂ ਤੇ ਉਹ ਮੇਰੇ ਵਲ ਵਧਿਆ। ਮੋਢੇ ਉਤੇ ਧੱਫਾ ਮਾਰ ਕੇ ਬੋਲਿਆ, “ਤੂੰ ਉਥੋਂ ਦੌੜ ਈ ਆਇਆ? ਨਿਰੇ ਸੁਰਗ ਦੇ ਝੂਟੇ ਸਨ। ਰੁਪਏ ਤਾਂ ਸੱਤ ਧਰਾ ਲਏ, ਪਰ ਆਨੰਦ ਆ ਗਿਆ।”
ਅਸੀਂ ਦੋਵੇਂ ਘਰ ਪਰਤ ਆਏ। ਸਾਰੇ ਰਾਹ ਬਖ਼ਤੌਰਾ ਉਸੇ ਦੀਆਂ ਗੱਲਾਂ ਕਰਦਾ ਰਿਹਾ। ਉਹ ਵਾਰ-ਵਾਰ ਹੱਸਦਾ ਤੇ ਉਸ ਦੀ ਖੱਬੀ ਗੱਲ੍ਹ ਉਤਲਾ ਕਾਤੀਦਾਰ ਨਿਸ਼ਾਨ ਹੋਰ ਡੂੰਘਾ ਹੋ ਜਾਂਦਾ।
ਦੂਜੇ ਦਿਨ ਉਹ ਚਲਾ ਗਿਆ।
ਉਸ ਦੇ ਜਾਣ ਪਿੱਛੋਂ ਤੀਜੇ ਦਿਨ ਮੈਂ ਕਮਲਾ ਕੋਲ ਗਿਆ। ਸੋਚਿਆ ਅੱਜ ਉਸ ਨੂੰ ਇਕੱਲਾ ਮਿਲਾਂਗਾ ਤੇ ਪੁੱਛਾਂਗਾ ਕਿ ਉਸ ਨੇ ਇਸ ਤਰ੍ਹਾਂ ਬੇਸ਼ਰਮਾਂ ਵਾਂਗ ਮੇਰੇ ਸਾਹਮਣੇ ਆਪਣੇ ਤ੍ਰੀਮਤਪਣ ਨੂੰ ਕਿਉਂ ਲਾਜ ਲਗਵਾਈ।
ਕਮਲਾ ਨੇ ਉਸ ਖ਼ੁਸ਼ਗਵਾਰ ਮੁਸਕਰਾਹਟ ਨਾਲ ਮੇਰਾ ਸੁਆਗਤ ਕੀਤਾ। ਉਸ ਦੇ ਚਿਹਰੇ ਉਤੇ ਉਹੀ ਉਦਾਰਤਾ ਤੇ ਨਮਕੀਨ ਕੋਸ਼ਿਸ਼ ਸੀ। ਮੈਂ ਆਪਣੇ ਦਿਲ ਦੀ ਰੜਕ ਲੁਕਾ ਕੇ ਗੱਲਾਂ ਕਰਦਾ ਰਿਹਾ। ਕੁਝ ਚਿਰ ਪਿੱਛੋਂ “ਠਹਿਰਨ” ਦੀ ਗੱਲ ਕੀਤੀ ਤਾਂ ਉਹ ਮੈਨੂੰ ਨਿੱਕੇ ਕਮਰੇ ਵਿਚ ਲੈ ਗਈ।
ਜਾਂਦੇ ਸਾਰ ਬੋਲੀ, “ਲਿਆ ਪੈਸੇ।”
ਮੈਂ ਉਸ ਵਲ ਤੱਕਿਆ। ਉਸ ਦਾ ਗੰਭੀਰ ਕਾਰੋਬਾਰੀ ਚਿਹਰਾ ਦੇਖ ਕੇ ਜੀਅ ਕੀਤਾ ਕਿ ਥੱਪੜ ਮਾਰਾਂ। ਪਰ ਪਹਿਲਾਂ ਇਸੇ ਥਾਂ ਰੰਡੀ ਦੇ ਇਸ਼ਕ ਵਿਚ ਹੋਏ ਖ਼ੂਨ ਦੀ ਗੱਲ ਯਾਦ ਕਰਕੇ ਮੈਂ ਸੰਭਲ ਗਿਆ ਤੇ ਆਖਿਆ, “ਮੈਨੂੰ ਨਹੀਂ ਸੀ ਪਤਾ ਕਿ ਜਿਹੜਾ ਸੱਤ ਰੁਪਏ ਦੇਵੇ, ਉਹੀ ਇਸ ਬਿਸਤਰ ਦਾ ਮਾਲਕ!”
ਉਸ ਦਾ ਚਿਹਰਾ ਤਮਕਿਆ ਤੇ ਬਿਫ਼ਰ ਕੇ ਬੋਲੀ, “ਤੂੰ ਇਸ ਘਰ ਨੂੰ ਕੀ ਗਊ-ਸ਼ਾਲਾ ਸਮਝ ਰੱਖਿਆ ਹੈ? ਮੈਂ ਬੋਟੀਆਂ ਨਚਵਾਉਣ ਦੇ ਪੈਸੇ ਲੈਂਦੀ ਹਾਂ। ਹਲਾਲ ਦੀ ਕਮਾਈ ਹੈ, ਹਰਾਮ ਦੀ ਨਹੀਂ।”
ਮੇਰੇ ਸਾਰੇ ਮਤੇ ਪੱਕੇ-ਪਕਾਏ ਰਹਿ ਗਏ। ਉਲਾਂਭਾ ਦੇਣ ਦੀ ਵਾਰੀ ਹੀ ਨਾ ਆਈ। ਉਹ ਰੰਡੀ ਦੇ ਪੂਰੇ ਰੂਪ ਵਿਚ ਉਜਾਗਰ ਹੋ ਗਈ। ਮੈਂ ਜੇਬ ਵਿਚੋਂ ਸੱਤ ਰੁਪਏ ਕੱਢੇ ਤੇ ਫੜਾ ਦਿੱਤੇ। ਉਸ ਨੇ ਪਹਿਲੇ ਦਿਨਾਂ ਵਾਂਗ ਸਾੜ੍ਹੀ ਦੇ ਪੱਲੇ ਨਾਲ ਬੰਨ੍ਹ ਲਏ। ਥੋੜ੍ਹੀ ਦੇਰ ਲਈ ਉਹ ਰਸੋਈ ਵਿਚ ਗਈ ਤੇ ਫਿਰ ਮੇਰੇ ਕੋਲ ਆ ਬੈਠੀ, ਜਿਵੇਂ ਸਾਡਾ ਕੋਈ ਝਗੜਾ ਹੀ ਨਹੀਂ ਸੀ ਹੋਇਆ। ਜਿਵੇਂ ਮੈਂ ਕੋਈ ਨਵਾਂ ਗਾਹਕ ਹੋਵਾਂ ਤੇ ਉਹ ਮੈਨੂੰ ਪੂਰੇ ਨਿੱਘ ਤੇ ਜਿਸਮਾਨੀ ਚਮਤਕਾਰ ਨਾਲ ਲੁਭਾ ਰਹੀ ਹੋਵੇ।
ਉਸ ਰਾਤ ਪਿੱਛੋਂ ਮੈਂ ਕਈ ਦਿਨ ਕੁੜ੍ਹਦਾ ਰਿਹਾ। ਮੇਰੇ ਦਿਲ ਵਿਚ ਰੜਕ ਤੇ ਗੁੱਸਾ ਸੀ, ਪਰ ਨਾਲ ਹੀ ਸੰਗਲੀਦਾਰ ਲਗਾਉ ਵੀ। ਮੈਂ ਉਸ ਦੇ ਇਸ ਅਜੀਬ ਵਤੀਰੇ ਉਤੇ ਹੈਰਾਨ ਹੁੰਦਾ। ਫਿਰ ਸੋਚਦਾ ਮਨਾਂ ਕਿਹੜੇ ਵਹਿਮ ਵਿਚ ਪੈ ਗਿਆ। ਆਖ਼ਰ ਰੰਡੀ ਹੈ, ਪੈਸੇ ਦੀ ਪੀਰ, ਉਸ ਦਾ ਧੰਦਾ ਹੈ ਤੇ ਮੈਂ ਵੀ ਸੈਂਕੜਿਆਂ ਵਿਚੋਂ ਇਕ ਗਾਹਕ ਹਾਂ। ਮੈਂ ਆਪਣੀਆਂ ਤਪਦੀਆਂ ਹੋਈਆਂ ਨਸਾਂ ਨੂੰ ਸ਼ਾਂਤੀ ਦੇਣ ਜਾਂਦਾ ਹਾਂ, ਇਸ ਲਈ ਉਹ ਪੈਸੇ ਮੰਗੇ ਤਾਂ ਗਿਲਾ ਕਿਸ ਗੱਲ ਦਾ?
ਹੁਣ ਤੀਜੇ ਚੌਥੇ ਦਿਨ, ਜਦੋਂ ਜੀਅ ਕਰਦਾ, ਮੈਂ ਉਸ ਕੋਲ ਚਲਾ ਜਾਂਦਾ। ਮੇਰੇ ਅੰਦਰ ਤਾਮਾਸ਼ਬੀਨਾਂ ਵਾਲੀ ਪਕਿਆਈ ਤੇ ਰੁਪਆ ਨਾਲ ਖ਼ਰੀਦੀ ਹੋਈ ਜਿਸਮਾਨੀ ਲੱਜ਼ਤ ਨੂੰ ਮਾਣਨ ਦੀ ਅਹਿਸਾਸ ਜਾਗ ਪਿਆ ਸੀ। ਕਮਲਾ ਨਾਲ ਇਕ ਸੁਆਦਲਾ ਕਾਰੋਬਾਰੀ ਰਿਸ਼ਤਾ ਕਾਇਮ ਹੋ ਗਿਆ ਸੀ ਤੇ ਮੈਂ ਉਸ ਦਾ ਪੱਕਾ ਗਾਹਕ ਸਾਂ।
ਸਾਲ ਖ਼ਤਮ ਹੋਣ ਵਾਲਾ ਸੀ ਤੇ ਦਫ਼ਤਰ ਵਲੋਂ ਮੈਨੂੰ ਹੁਕਮ ਹੋਇਆ ਕਿ 30 ਜੂਨ ਤੋਂ ਪਹਿਲਾਂ-ਪਹਿਲਾਂ ਸਾਰੇ ਕੇਸ ਮੁਕੰਮਲ ਕਰਾਂ ਤੇ ਹਿਸਾਬ ਮੁਕਾਵਾਂ। ਮੈਂ ਦੇਰ ਤੀਕ ਆਪਣੇ ਦਫ਼ਤਰ ਬੈਠਾ ਰਹਿੰਦਾ। ਅਕਸਰ ਫ਼ਾਈਲਾਂ ਘਰ ਵੀ ਲੈ ਆਉਂਦਾ। ਪੰਦਰਾਂ-ਵੀਹ ਦਿਨ ਸਿਰ ਖੁਰਕਣ ਦੀ ਵਿਹਲ ਨਹੀਂ ਸੀ।
ਮਹੀਨਾ ਖ਼ਤਮ ਹੋਣ ਪਿੱਛੋਂ ਜਦੋਂ ਪਹਿਲੀ ਤਾਰੀਖ਼ ਨੂੰ ਤਨਖ਼ਾਹ ਮਿਲੀ ਤਾਂ ਮੈਂ ਸ਼ਾਮ ਨੂੰ ਲਿਸ਼ਕ-ਪੁਸ਼ਕ ਕੇ ਤਿਆਰ ਹੋਇਆ। ਮਦਰਾਸਣ ਨੂੰ ਮਿਲਣ ਗਿਆ।
ਮੈਂ ਦਨਦਨਾਉਂਦਾ ਹੋਇਆ ਉਪਰ ਜਾ ਪਹੁੰਚਿਆ ਤੇ ਸਿੱਧਾ ਉਸ ਦੇ ਕੋਠੇ ਦੇ ਬੂਹੇ ਅੱਗੇ ਜਾ ਖੜੋਤਾ। ਅੰਦਰ ਰੰਗ ਹੀ ਹੋਰ ਸੀ। ਚਿੱਟੀਆਂ ਚਾਦਰਾਂ ਦੀ ਥਾਂ ਡੱਬੀਆਂ ਵਾਲੇ ਖੇਸ ਵਿਛੇ ਹੋਏ ਸਨ। ਚਾਰ ਸ਼ੂਕੀਆਂ ਕੁੜੀਆਂ, ਜਿਨ੍ਹਾਂ ਨੇ ਗੱਲ੍ਹਾਂ ਉਤੇ ਪਾਊਡਰ ਸੁਰਖੀ ਥੱਪੀ ਹੋਈ ਸੀ, ਬੈਠੀਆਂ ਇਕ ਦੂਜੀ ਨਾਲ ਛੇੜਖਾਨੀ ਕਰ ਰਹੀਆਂ ਸਨ। ਦੋ ਨੇ ਘੁੱਟਵੀਆਂ ਪਤਲੂਣਾਂ ਤੇ ਪੀਲੇ ਬਲਾਊਜ਼ ਪਾਏ ਹੋਏ ਸਨ, ਦੋ ਨੇ ਚੂੜੀਦਾਰ ਪਜਾਮੀਆਂ ਤੇ ਲੰਮੇ ਲੰਮੇ ਝੁਮਕੇ।
ਮੈਨੂੰ ਦੇਖ ਕੇ ਉਹ ਹੋਰ ਮਚਲ ਗਈਆਂ ਤੇ ਬੋਲੀਆਂ, “ਕਿਸ ਨਾਲ ਸ਼ਾਦੀ ਕਰੇਂਗਾ ? ਪਤਲੂਣ ਨਾਲ ਕਿ ਚੂੜੀਦਾਰ ਨਾਲ?”
ਮੈਂ ਪੁੱਛਿਆ, “ਕਮਲਾ ਮਦਰਾਸਣ ਕਿੱਥੇ ਹੈ ?”
ਇਕ ਜਣੀ ਚਮਕ ਕੇ ਬੋਲੀ, “ਮੈਂ ਹਾਂ ਕਮਲਾ ਬੰਗਾਲਣ… ਰਸਗੁਲਾ…ਖਾਏਂਗਾ ?”
ਦੂਜੀ ਨੇ ਟੋਕ ਕੇ ਆਖਿਆ, “ਅਰੀ ਬਕਤੀ ਕਿਉਂ ਹੈ? ਸੇਠ ਠਹਿਰਨੇ ਆਇਆ ਹੈ, ਯੇ ਸਾਲੀ ਭਗਾ ਦੇਗੀ। ਆਈਏ ਸੇਠ, ਅੰਦਰ ਆਈਏ, ਹਮ ਆਪ ਕੀ ਕਮਲਾ ਸੇ ਕਮ ਨਹੀਂ!”
ਮੈਂ ਇਹ ਬਕਵਾਸ ਦੇਖ ਕੇ ਹੇਠਾਂ ਉਤਰ ਆਇਆ। ਪਾਨ ਵਾਲੇ ਤੋਂ ਸਿਗਰਟ ਖ਼ਰੀਦੇ ਤੇ ਪੁੱਛਿਆ, “ਕਮਲਾ ਕਿੱਥੇ ਗਈ?”
ਉਸ ਨੇ ਸਿਗਰਟਾਂ ਦੀ ਡੱਬੀ ਫੜਾਉਂਦਿਆਂ ਆਖਿਆ, “ਸਾਹਿਬ ਆਠ ਰੋਜ਼ ਹੂਏ ਵੁਹ ਯਹਾਂ ਸੇ ਚਲੀ ਗਈ। ਬਹੁਤ ਸੇ ਲੋਗ ਪੂਛਨੇ ਆਤੇ ਹੈਂ, ਮਗਰ ਕਿਸੀ ਕੋ ਬਤਾ ਕਰ ਨਹੀਂ ਗਈ।”
ਕੁਝ ਦਿਨ ਪਿੱਛੋਂ ਮੈਂ ਦਫ਼ਤਰ ਦੀ ਇਕ ਫ਼ਾਈਲ ਵਿਚ ਉਲਝਿਆ ਬੈਠਾ ਸਾਂ ਕਿ ਡਾਕੀਆ ਮੇਰੇ ਨਾਂ ਦਾ ਮਨੀਆਰਡਰ ਲੈ ਕੇ ਆਇਆ। ਮੈਂ ਹੈਰਾਨ ਸਾਂ ਕਿ ਮੈਨੂੰ ਮਨੀਆਰਡਰ ਭੇਜਣ ਵਾਲਾ ਕੌਣ ਹੈ? ਦਸਤਖ਼ਤ ਕੀਤੇ
ਤੇ ਉਸ ਮੇ 77 ਰੁਪਏ ਫੜਾ ਦਿੱਤੇ, ਨਾਲ ਹੀ ਮਨੀਆਰਡਰ ਫਾਰਮ ਦੀ ਸਲਿੱਪ ਪਾੜ ਕੇ ਦੇ ਦਿੱਤੀ, ਉਸ ਉਤੇ ਲਿਖਿਆ ਸੀ –
“ਉਹ ਤੁਹਾਡਾ ਕਰਜ਼ਾ ਸੀ ਜੋ ਮੈਂ ਸੰਭਾਲ ਕੇ ਰਖਿਆ। ਅੱਜ ਇਹ ਅਮਾਨਤ ਵਾਪਸ ਕਰ ਰਹੀ ਹਾਂ। ਮੈਂ ਵਿਆਹ ਕਰਵਾ ਲਿਆ ਹੈ।”
ਤੁਹਾਡੀ
ਕਮਲਾ “ਭਾਰਦਵਾਜ”