ਕਾਸ਼ ! ਮੇਰੇ ਘਰ ਧੀ ਹੀ ਹੁੰਦੀ ……. ( ਮਿੰਨੀ ਕਹਾਣੀ )
ਜਰਨੈਲ ਘੁਮਾਣ
ਅੱਜ ਸ਼ਾਮ ਫੇਰ ਸੰਤੋਖ਼ੇ ਬੁੜੇ ਦੀ ਇੱਕ ਡੰਗ ਪਈ ਬਾਖ਼ੜ , ਬੂਰੀ ਮੱਝ ਨੇ ਦੁੱਧ ਦੀ ਬਾਲਟੀ ਨੱਕੋ ਨੱਕ ਭਰ ਦਿੱਤੀ । ਤਾਜ਼ੇ ਚੋਏ ,ਕੱਚੇ ਦੁੱਧ ਚੋਂ ਉਠਦੀ ਝੱਗ ਨੂੰ ਵੇਖ ਸੰਤੋਖੇ ਦੇ ਪੋਤਰਾ- ਪੋਤਰੀ , ਆਪਣੀ ਮਾਂ ਦੀ ਕੁੜਤੀ ਦੀ ਕੰਨੀ ਖਿੱਚ ਖਿੱਚ ਦੁੱਧ ਪੀਣ ਦੀ ਰਿਹਾੜ ਕਰਨ ਲੱਗੇ । ਸੰਤੋਖ਼ੇ ਨੇ ਦੁੱਧ ਵਾਲੀ ਬਾਲਟੀ ਹਾਲੇ ਕਿੱਲੇ ਟੰਗੀ ਹੀ ਸੀ ਕਿ ਉਸਦੇ ਬਾੜੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਕਾਂਸ਼ੀ ਅਤੇ ਪਿੱਤਲ ਦੀਆਂ ਗੜਵੀਆਂ , ਗੜਵੇ ਚੁੱਕੀ ਸੇਠ – ਸੇਠਾਣੀਆਂ ਦੀ ਡਾਰ ਆ ਧਮਕੀ । ਬੱਚੇ ਮੋਟੇ ਮੋਟੇ ਢਿੱਡਾਂ ਵਾਲੇ ਸੇਠ – ਸੇਠਾਣੀਆਂ ਨੂੰ ਵੇਖ਼ ਸਹਿਮ ਜਿਹੇ ਗਏ । ਪਲਾਂ ਵਿੱਚ ਹੀ ਪਾਈਆ ਪਾਈਆ , ਦੋ ਦੋ ਪਾਈਏ ਕਰਕੇ ਗੜਵੇ ਗੜਵੀਆਂ ਭਰਦੀ , ਕਾਂਢਿਆਂ ਨੂੰ ਛੂੰਹਦੀ ਦੁੱਧ ਦੀ ਬਾਲਟੀ , ਆਪਣਾ ਥੱਲਾ ਵਿਖਾਉਣ ਲੱਗੀ । ਉਸ ਵਿੱਚ ਮਸਾਂ ਅੱਧਾ ਕੁ ਗਿਲਾਸ ਦੁੱਧ ਸਵੇਰ ਦੀ ਚਾਹ ਜੋਗਰਾ ਬੜੀ ਮੁਸ਼ਕਿਲ ਨਾਲ ਬਚਿਆ ਹੋਣਾ।
ਸੇਠ ਸੇਠਾਣੀਆਂ ਆਏ ‘ਤੇ ਦੁੱਧ ਲੈ ਕੇ ਚਲੇ ਗਏ , ਬੱਚਿਆਂ ਨੇ ਫਿਰ ਰੋਣਾ ਕੁਰਲਾਉਣਾ ਸ਼ੁਰੂ ਕਰ ਦਿੱਤਾ ।
“ਮੰਮੀ ਮੈਂ ਦੁੱਧ ਪੀਣੈ , ਮੰਮੀ ਮੈਂ ਵੀ ਕੱਚਾ ਦੁੱਧ ਪੀਣੈ”
ਸੰਤੋਖ਼ੇ ਦੀ ਨੂੰਹ ਕਰਤਾਰੀ ਦੋਵੇਂ ਬੱਚਿਆਂ ਨੂੰ ਘੂਰਦੀ ਘੂਰਦੀ ਅੰਦਰ ਸਵਾਤ ਵਿੱਚ ਲੈ ਗਈ ਅਤੇ ਸੰਤੋਖ਼ਾ ਠੰਡਾਂ ਹਾਉਂਕਾ ਭਰ ਬਾੜਿਓ ਬਾਹਰ ਸੱਥ ਵੱਲ ਨੂੰ ਤੁਰ ਗਿਆ । ਉਸਦੇ ਕੰਨਾਂ ਵਿੱਚ ਹਾਲੇ ਵੀ ਬੱਚਿਆਂ ਦੀ ਆਵਾਜ਼ਾਂ ‘ ਮੰਮੀ … ਮੈਂ… ਦੁੱਧ ..ਪੀਣੈ ..’ ਗੂੰਜ ਰਹੀਆਂ ਸਨ ਪਰੰਤੂ ਸੰਤੋਖ਼ਾ ਆਪਣੇ ਨਸ਼ੇੜੀ ਪੁੱਤ ਕਰਨੈਲੇ ਕਰਕੇ ,ਕਰਜ਼ੇ ਵਿੱਚ ਬਿੰਨੇ ਆਪਣੇ ਵਾਲ ਵਾਲ ਨੂੰ, ਦੁੱਧ ਦੀ ਪਲੀ ਪਲੀ ਵੇਚ ਚੁਕਾਉਣ ਵਾਸਤੇ ਮਜਬੂਰ ਸੀ ।
ਸੰਤੋਖ਼ਾ ਸੱਥ ਵਿਚਲੇ ਥੜੇ ‘ਤੇ ਬੈਠਾ ਬੈਠਾ ਆਪਣੇ ਪੁੱਤ ਕਰਨੈਲ ਸਿੰਉਂ ਅਤੇ ਆਪਣੀ ਕਿਸਮਤ ਨੂੰ ਕੋਸ਼ ਰਿਹਾ ਸੀ । ਉਹ ਭਰੀਆਂ ਭਰੀਆਂ ਅੱਖਾਂ ਨਾਲ ਡਾਢੇ ਨੂੰ ਮਨ ਹੀ ਮਨ ਵਿੱਚ ਕਹਿ ਰਿਹਾ ਸੀ ਕਿ ਕਾਸ਼ ! ਮੇਰੇ ਘਰ ਕੈਲੇ ਦੀ ਥਾਂ ਇੱਕ ਧੀ ਹੀ ਹੁੰਦੀ ਤਾਂ ਮੈਂ ਉਸਦੇ ਹੱਥ ਪੀਲੇ ਕਰਕੇ ਬੁਢਾਪੇ ਵਿੱਚ ਤਾਂ ਵਿਹਲਾ ਹੋਇਆ ਹੁੰਦਾ ਜਾਂ ਫਿਰ ਮੈਂ ਵੀ ਆਪਣੇ ਭਰਾ ਗੁਰਜੰਟੇ ਵਾਗੂੰ ਕਨੇਡੇ ਕੁੜੀ ਵਿਆਹ ਕੇ ਜ਼ਹਾਜਾਂ ਦੇ ਹੂਟੇ ਲਏ ਹੁੰਦੇ ।
ਕਾਸ਼ ਮੇਰੇ ਘਰ ਨਿਕੰਮੇ ਪੁੱਤ ਦੀ ਥਾਂ ਧੀ ਹੀ ਹੁੰਦੀ …………।
ਜਰਨੈਲ ਘੁਮਾਣ, ਮੋਬਾਇਲ ਨੰਬਰ : +91-98885-05577