ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

12.ਸ਼ਕਰਾਣੂ

ਬਿਨਾ ਸ਼ਕਰਾਣੂ ਦੇ ਅੰਡਾ ਅੰਕੁਰਿਤ ਨਹੀਂ ਕੀਤਾ ਜਾ ਸਕਦਾ। ਸ਼ਕਰਾਣੂ ਦਾ ਜਨਮ ਪਤਾਲੂਆਂ ਵਿਚ ਹੁੰਦਾ ਹੈ ਇਸ ਦੇ ਪੂਰਨ ਰੂਪ ਵਿਚ ਵਿਕਾਸ ਲਈ ਦੋ-ਤਿੰਨ ਮਹੀਨੇ ਲੱਗਦੇ ਹਨ। ਪਤਾਲੂ ਥੈਲੀ ਦਾ ਮਕਸਦ ਪਤਾਲੂਆਂ ਨੂੰ ਇਕ ਅਜਿਹਾ ਤਾਪਮਾਨ ਉਪਯੁਕਤ ਕਰਵਾਉਣਾ ਹੈ ਜੋ ਕਿ ਪਤਾਲੂਆਂ ਅੰਦਰ ਸ਼ਕਰਾਣੂਆਂ ਦੇ ਵਿਕਾਸ ਲਈ ਜਰੂਰੀ ਹੈ। ਇਸ ਥੈਲੀ ਦੀ ਬਣਤਰ ਕੁਦਰਤ ਨੇ ਇਸ ਤਰ੍ਹਾਂ ਬਣਾਈ ਹੈ ਕਿ ਇਸ ਅੰਦਰ ਬਾਕੀ ਸਰੀਰ ਨਾਲੋਂ ਕੋਈ 5 ਕੁ ਡਿਗਰੀ ਤਾਪਮਾਨ ਘੱਟ ਰਹਿੰਦਾ ਹੈ। ਸ਼ਕਰਾਣੂ ਪਤਾਲੂਆਂ ਵਿਚ ਬਣਨ ਤੋਂ ਬਾਅਦ ਪਤਾਲੂਆਂ ਦੇ ਪਿੱਛੇ (ਐਪੀਡੀਡਾਈਮਸ) ਵਿਚ ਇਕੱਤਰ ਹੋ ਜਾਂਦੇ ਹਨ। ਸ਼ਕਰਾਣੂ ਇਸ ਜਗ੍ਹਾ ਕੋਈ ਦੋ ਤੋਂ ਤਿੰਨ ਮਹੀਨੇ ਤੱਕ ਰਹਿੰਦੇ ਹਨ।

ਸ਼ਕਰਾਣੂ, ਦੋਹਾਂ ਪਤਾਲੂਆਂ ਵਿਚ ਇਕੱਤਰ ਹੋਣ ਤੋਂ ਮਗਰੋਂ ਦੋ ਨਲੀਆਂ ਰਾਹੀਂ ਉੱਪਰ ਨੂੰ ਵੀਰਜ ਥੈਲੀ ਵੱਲ ਤੁਰ ਪੈਂਦੇ ਹਨ। ਇਹ ਵੀਰਜ ਥੈਲੀ ਪਿਸ਼ਾਬ ਦੇ ਬਲੈਡਰ ਦੇ ਮਗਰੋਂ ਦੀ ਹੋ ਕੇ ਪੇਸ਼ਾਬ ਨਲੀ ਨਾਲ ਜੁੜ ਜਾਂਦੀ ਹੈ। ਇਹ ਪਿਸ਼ਾਬ ਅਤੇ ਵੀਰਜ (ਸ਼ਕਰਾਣੂਆਂ ਸਮੇਤ) ਦੇ ਸਰੀਰ ਵਿਚੋਂ ਬਾਹਰ ਨਿਕਲਣ ਦਾ ਸਾਂਝਾ ਮਾਰਗ ਹੈ।

ਸ਼ਕਰਾਣੂ ਆਪਣੀ ਥੈਲੀ ਵਿਚੋਂ ਬਾਹਰ ਆਉਣ ਲੱਗੇ ਰਸਤੇ ਵਿਚ ਵੀਰਜ (ਇਕ ਚਿਕਨਾ ਪਦਾਰਥ) ਨਾਲ ਲੈ ਕੇ ਚਲਦੇ ਹਨ। ਇਹ ਵੀਰਜ ਤਿੰਨ ਜਗ੍ਹਾ ਤੋਂ ਮਿਲਦਾ ਹੈ। ਦੋ ਵੱਡੀਆਂ ਗ੍ਰੰਥੀਆਂ (ਸੈਮੀਨਲ ਵੈਸੀਕਲ) ਸ਼ਕਰਾਣੂਆਂ ਨੂੰ ਪਲਦੇ ਰੱਖਣ ਲਈ ਖੁਰਾਕ ਵਜੋਂ ਪਦਾਰਥ ਪੈਦਾ ਕਰਦੀਆਂ ਹਨ। ਗਦੂਦ ਗ੍ਰੰਥੀਆਂ (ਪਰੋਸਟੇਟ ਗਲੈਂਡ) ਅਜਿਹਾ ਪਦਾਰਥ ਛੱਡਦੀਆਂ ਹਨ ਜਿਸ ਵਿਚ ਸ਼ਕਰਾਣੂ ਤੈਰਦੇ ਰਹਿੰਦੇ ਹਨ। ਕਾਪਰ ਗ੍ਰੰਥੀਆਂ ਅਜਿਹਾ ਪਦਾਰਥ ਪੈਦਾ ਕਰਦੀਆਂ ਹਨ ਜੋ ਕਿ ਪਿਸ਼ਾਬ ਵਿਚਲੇ ਤੇਜ਼ਾਬ ਦੇ ਅੰਸ਼ ਨੂੰ ਨਿਸ਼ਕ੍ਰਿਅ ਕਰਦੇ ਹਨ ਜੋ ਕਿ ਪਿਸ਼ਾਬ ਨਲੀ ਵਿਚ ਪਿਛਲੀ ਵਾਰ ਕੀਤੇ ਗਏ ਪਿਸ਼ਾਬ ਵਿਚੋਂ ਬਚੇ ਪਏ ਹੋ ਸਕਦੇ ਹਨ। ਪਿਸ਼ਾਬ ਨਲੀ ਰਾਹੀਂ ਵੱਡੀ ਗਿਣਤੀ ਵਿਚ (ਇਕ ਵੇਲੇ 2 ਲੱਖ ਦੇ ਲਗਭਗ) ਸ਼ਕਰਾਣੂ ਸ਼ਰੀਰ ਵਿਚੋਂ ਬਾਹਰ ਆਉਂਦੇ ਹਨ, ਇਸ ਕਿਰਿਆ ਨੂੰ ਵੀਰਜ ਦਾ ਛੁੱਟਣਾ ਵੀ ਕਹਿੰਦੇ ਹਨ। ਜੇ ਇਹ ਸੰਭੋਗ (ਔਰਤ ਨਾਲ ਯੋਨ ਸੰਪਰਕ) ਦੌਰਾਨ ਵਾਪਰਦਾ ਹੈ ਤਾਂ ਸ਼ਕਰਾਣੂ ਬੱਚੇਦਾਨੀ ਤੋਂ ਗਰਭ ਨਲੀਆਂ ਵੱਲ ਅੰਡੇ ਨੂੰ ਅੰਕੁਰਿਤ ਕਰਨ ਦੀ ਕੋਸ਼ਿਸ਼ ਵਿਚ ਦੌੜਦੇ ਹਨ। ਜੇ ਕਿਸੇ ਵੀ ਇੱਕ ਸ਼ਕਰਾਣੂ ਦਾ ਅੰਡੇ ਨਾਲ ਸੁਮੇਲ ਹੋ ਜਾਂਦਾ ਹੈ ਤਾਂ ਅੰਡਾ ਅੰਕੁਰਿਤ ਹੋ ਕੇ ਆਪਣੇ ਦੁਆਲੇ ਹੋਰ ਸ਼ਕਰਾਣੂਆਂ ਤੋਂ ਬਚਣ ਲਈ ਸੁਰੱਖਿਆ ਕਵਚ ਬਣਾ ਕੇ ਬੱਚੇਦਾਨੀ ਵੱਲ ਤੁਰ ਜਾਂਦਾ ਹੈ ਅਤੇ ਭਰੂਣ ਦੇ ਰੂਪ ਵਿਚ ਵਿਕਸਤ ਹੋਣਾ ਸ਼ੁਰੂ ਹੋ ਜਾਂਦਾ ਹੈ।

 

Loading spinner