ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਕਰਤਾਰ ਸਿੰਘ ਬਲੱਗਣ (1906- 1969)

ਕਰਤਾਰ ਸਿੰਘ ਬਲੱਗਣ ਦਾ ਜਨਮ 1906 ਈ. ਵਿਚ ਸ. ਮਿਹਰ ਸਿੰਘ ਦੇ ਘਰ ਪਿੰਡ ਬਲੱਗਣ, ਤਹਿਸੀਲ ਡਸਕਾ, ਜ਼ਿਲ੍ਹਾ ਸਿਆਲ ਕੋਟ (ਹੁਣ ਪਾਕਿਸਤਾਨ) ਵਿਚ ਹੋਇਆ। ਇਨ੍ਹਾਂ ਦੇ ਪਿਤਾ ਜੀ ਸ਼ਾਹੂਕਾਰੇ ਦਾ ਕੰਮ ਕਰਦੇ ਸਨ। ਪ੍ਰਾਇਮਰੀ ਤੱਕ ਸਿੱਖਿਆ ਪ੍ਰਾਪਤ ਕਰਕੇ ਕਰਤਾਰ ਸਿੰਘ ਨੇ ਪੀ.ਡਬਲਯੂ.ਡੀ. ਦੀ ਠੇਕੇਦਾਰੀ ਕੀਤੀ। ਮਗਰੋਂ ਆਪਣੇ ਜੱਦੀ ਪਿੰਡ ਭੱਠੇ ਲਗਾਏ। ਜਵਾਨੀ ਦੇ ਜਜ਼ਬਿਆਂ ਨੇ ਟੁੰਬਿਆ ਤੇ ਆਪ ਉਰਦੂ ਵਿਚ ਸ਼ਿਅਰ ਲਿਖਣ ਲੱਗ ਪਏ। ਪਰ ਛੇਤੀ ਹੀ ਮਾਤ ਬੋਲੀ ਪੰਜਾਬੀ ਵਿਚ ਕਵਿਤਾ ਰਚਣੀ ਆਰੰਭ ਕਰ ਦਿੱਤੀ।

1947 ਵਿਚ ਦੇਸ਼ ਦੀ ਵੰਡ ਹੋਈ ਤੇ ਪੰਜਾਬ ਦੇ ਟੁਕੜੇ ਹੋ ਗਏ। ਕਰਤਾਰ ਸਿੰਘ ਬਲੱਗਣ ਨੂੰ ਆਪਣਾ ਜੱਦੀ ਪਿੰਡ ਛੱਡਣਾ ਪਿਆ ਤੇ ਉਹ ਅੰਮ੍ਰਿਤਸਰ ਆ ਗਏ। ਪਹਿਲਾਂ “ਕਰਤਾਰ” ਉਪਨਾਮ ਵਰਤਦੇ ਸਨ ਪਰ ਮਗਰੋਂ ਆਪਣੇ ਪਿੰਡ ਦੀ ਯਾਦ ਵਿੱਚ “ਬਲੱਗਣ” ਉਪਨਾਮ ਰੱਖ ਲਿਆ।

ਇਨ੍ਹਾਂ ਦੇ ਹਮਦਮ ਰਮਜ਼ਾਨ ਨੂੰ ਕਵਿਤਾ ਦੇ ਖੇਤਰ ਵਿਚ ਆਪਣਾ ਮੁਰਸ਼ਦ ਧਾਰਨ ਕੀਤਾ ਸੀ। ਇਹ ਉਨ੍ਹਾਂ ਸਟੇਜੀ ਕਵੀਆਂ ਵਿਚੋਂ ਸਨ ਜਿਨ੍ਹਾਂ ਦੀ ਗ਼ੈਰ ਹਾਜ਼ਰੀ ਵਿਚ ਕਵੀ ਦਰਬਾਰ ਆਪਣੇ ਪੂਰੇ ਜੋਬਨ ਤੇ ਨਹੀਂ ਆਉਂਦਾ। ਪੰਜਾਬ ਦੇ ਕਵੀ ਦਰਬਾਰਾਂ ਤੋਂ ਛੁੱਟ ਇਹ ਪਾਕਿਸਤਾਨ ਵਿਚ ਹੋਣ ਵਾਲੇ ਕਵੀ ਦਰਬਾਰਾਂ ਵਿਚ ਵੀ ਸ਼ਾਮਿਲ ਹੁੰਦੇ ਰਹੇ। ਯੂ.ਪੀ. ਦੇ ਇਕ ਐਮ. ਪੀ. ਨੇ ਇਨ੍ਹਾਂ ਦੀ ਕਵਿਤਾ ਸੁਣ ਕੇ ਇਨ੍ਹਾਂ ਨੂੰ ਸੋਨੇ ਦਾ ਇਕ ਮੈਡਲ ਦਿੱਤਾ ਜਿਹੜਾ ਸਵਰਗਵਾਸੀ ਪੰਡਤ ਜਵਾਹਰ ਲਾਲ ਨਹਿਰੂ ਨੇ ਆਪਣੇ ਹੱਥਾਂ ਨਾਲ ਬਲੱਗਣ ਨੂੰ ਭੇਟ ਕੀਤਾ।

ਇਹ ਕਾਫ਼ੀ ਦੇਰ ਤੱਕ ਅੰਮ੍ਰਿਤਸਰ ਤੋਂ “ਕਵਿਤਾ” ਮਾਸਿਕ ਪੱਤਰ ਦਾ ਸੰਪਾਦਨ ਕਰਦੇ ਰਹੇ।

ਰਚਨਾਵਾਂ  ਬਰਖਾ, ਆਰਤੀ, ਸ਼ਹੀਦੀ, ਖ਼ੁਮਾਰੀਆਂ। ਇਨ੍ਹਾਂ ਦੀ ਕਵਿਤਾ ਉਪਮਾਵਾਂ, ਰੂਪਕਾਂ ਅਤੇ ਪੰਜਾਬੀ ਦੇ ਠੇਠ ਮੁਹਾਵਰਿਆਂ ਨਾਲ ਸ਼ਿੰਗਾਰੀ ਹੋਈ ਹੁੰਦੀ ਸੀ।

Loading spinner