ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ (1899-1976)
ਗਿਆਨੀ ਗੁਰਮੁੱਖ ਸਿੰਘ ਦਾ ਜਨਮ ਪਿੰਡ ਅਧਵਾਲ ਜ਼ਿਲ੍ਹਾ ਅਟਕ (ਹੁਣ ਪਾਕਿਸਤਾਨ) ਵਿਚ 1899 ਨੂੰ ਹੋਇਆ। ਇਨ੍ਹਾਂ ਦੇ ਪਿਤਾ ਵਾਹੀ ਦਾ ਕੰਮ ਕਰਦੇ ਸਨ। ਮੁੱਢਲੀ ਸਿੱਖਿਆ ਪ੍ਰਾਪਤ ਕਰਕੇ, ਕੁਝ ਦੇਰ ਅਧਿਆਪਕ ਲਗੇ ਰਹੇ। ਅਜੇ ਆਪ ਅੱਠਵੀਂ ਜਮਾਤ ਵਿਚ ਹੀ ਪੜ੍ਹਦੇ ਸਨ ਕਿ ਕਿਸੇ ਥਾਣੇਦਾਰ ਦੀ ਵਧੀਕੀ ਵੇਖ ਕੇ ਸੀਹਰਫੀ ਲਿਖ ਮਾਰੀ ਤੇ ਕਾਵਿ ਖੇਤਰ ਵਿਤ ਪਹਿਲਾ ਕਦਮ ਪੁੱਟਿਆ। ਨਨਕਾਣਾ ਸਾਹਿਬ ਦੇ ਖ਼ੂਨੀ ਸਾਕੇ ਅਤੇ ਜਲ੍ਹਿਆਂ ਵਾਲੇ ਬਾਗ਼ ਦੀਆਂ ਘਟਨਾਵਾਂ ਤੋਂ ਪ੍ਰਭਾਵਿਤ ਹੋ ਕੇ ਧਾਰਮਿਕ ਤੇ ਰਾਸ਼ਟਰੀ ਲਹਿਰਾਂ ਵਿਚ ਭਾਗ ਲੈਣ ਲੱਗ ਪਏ ਤੇ ਧਾਰਮਿਕ ਅਤੇ ਰਾਜਨੀਤਿਕ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲਾਂ ਅਕਾਲੀ ਲਹਿਰ ਅਤੇ ਮਗਰੋਂ ਕਾਂਗਰਸ ਲਹਿਰ ਨਾਲ ਜੁੜੇ ਰਹੇ ਤੇ ਕਈ ਵਾਰੀ ਜੇਲ੍ਹ ਯਾਤਰਾ ਵੀ ਕੀਤੀ। ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ। ਆਪ ਪਾਰਲੀਮੈਂਟ ਦੇ ਮੈਂਬਰ ਵੀ ਰਹੇ ਅਤੇ ਪੰਜਾਬ ਦੇ ਪੁਨਰਗਠਨ ਸਮੇਂ 1 ਨਵੰਬਰ 1966 ਨੂੰ ਪੰਜਾਬ ਦੇ ਮੁੱਖ ਮੰਤਰੀ ਬਣੇ। ਆਪ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਵੀ ਰਹੇ।
ਮੁਸਾਫ਼ਿਰ ਜੀ ਪੰਜਾਬੀ ਕਵੀ ਦਰਬਾਰ ਵਿਚ ਭਾਗ ਲੈਂਦੇ ਰਹੇ ਹਨ। ਜਿਸ ਕਰਕੇ ਆਪ ਦੀ ਕਵਿਤਾ ਦਾ ਪੱਧਰ ਕਾਫੀ ਹੱਦ ਤਕ ਸਟੇਜੀ ਰਿਹਾ। ਇਸ ਦੇ ਫਲਸਰੂਪ ਆਪ ਦੀਆਂ ਕਾਵਿ-ਰਚਨਾਵਾਂ ਦੀ ਭਾਸ਼ਾ ਸਰਲ ਤੇ ਜਨ ਸਾਧਾਰਨ ਦੇ ਪੱਧਰ ਦੀ ਹੈ।
ਰਚਨਾਵਾਂ ਕਵਿਤਾਵਾਂ – ਸਬਰ ਦੇ ਬਾਣ, ਪ੍ਰੇਮ ਬਾਣ, ਜੀਵਨ ਪੰਧ।
ਕਹਾਣੀਆਂ – ਸਭ ਹੱਛਾ, ਵੱਖਰੀ ਦੁਨੀਆ, ਸਸਤਾ ਤਮਾਸ਼ਾ, ਗੁਟਾਰ, ਆਲ੍ਹਣੇ ਦੇ ਬੋਟ, ਅਲ੍ਹਾ ਵਾਲੇ।
ਮੁਸਾਫ਼ਿਰ ਦੀ ਕਵਿਤਾ ਵਿਚ ਰਵਾਨੀ, ਸੰਜਮ ਤੇ ਰਸ ਹੈ। ਸਰਲਤਾ ਦੇ ਬਾਵਜੂਦ ਆਪ ਦੀ ਕਵਿਤਾ ਬੜੀ ਭਾਵ-ਪੂਰਨ ਹੁੰਦੀ ਹੈ।
ਉਨ੍ਹਾਂ ਨੇ ਇਨਕਲਾਬੀ ਭਾਵਾਂ ਵਾਲੀ ਧਾਰਮਿਕ ਕਵਿਤਾ ਵੀ ਰਚੀ ਅਤੇ ਰਾਜਸੀ ਵੀ। ਉਨ੍ਹਾਂ ਦੀ ਕਵਿਤਾ ਦਾ ਮੁੱਖ ਉਦੇਸ਼ ਭਾਰਤ ਵਾਸੀਆਂ ਨੂੰ ਸੁਤੰਤਰਤਾ ਦੀ ਪ੍ਰੇਰਨਾ ਦੇਣਾ ਸੀ। ਅਸਲ ਵਿਚ ਆਪ ਦੇਸ਼ ਦੀ ਸੁਤੰਤਰਤਾ ਦੀ ਲੜਾਈ ਦੇ ਸੰਗਰਾਮੀਆ ਵਿਚੋਂ ਸਨ, ਜਿਸ ਕਰਕੇ ਆਪ ਨੂੰ ਅੰਗਰੇਜਾਂ ਦੀ ਗੁਲਾਮੀ ਸਮੇਂ ਭਾਰਤੀਆਂ ਦੇ ਭਾਵਾਂ ਦਾ ਡੂੰਘਾ ਅਨੁਭਵ ਹੈ। ਆਪਣੇ ਸਮਕਾਲੀ ਕਵੀਆਂ ਵਾਂਗ ਆਪ ਵੀ ਕਵੀ ਦਰਬਾਰਾਂ ਵਿਚ ਭਾਗ ਲੈਂਦੇ ਰਹੇ। 1932 ਵਿਚ ਆਪ ਨੇ ਸ਼ਿਮਲੇ ਵਿਚ ਹੋਏ ਕਵੀ ਦਰਬਾਰ ਵਿਚ “ਬਚਪਨ” ਨਾਂ ਦੀ ਕਵਿਤਾ ਪੜ੍ਹ ਕੇ ਸੁਣਾਈ ਜਿਸ ਨੂੰ ਸਰੋਤਿਆਂ ਵੱਲੋਂ ਬਹੁਤ ਦਾਦ ਮਿਲੀ। ਬਾਅਦ ਵਿਚ ਹੋਰ ਕਵੀ ਦਰਬਾਰ ਵਿਚ ਆਪ ਪਾਸੋਂ ਉਸ ਕਵਿਤਾ ਦੀ ਮੰਗ ਹੁੰਦੀ ਰਹੀ।