ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਚਰਨ ਸਿੰਘ ਸ਼ਹੀਦ (1891-1935)

ਪੰਜਾਬੀ ਕਾਵਿ-ਖੇਤਰ ਵਿਚ ਹਾਸ-ਰਸ ਦਾ ਸੰਚਾਰ ਕਰਨ ਵਾਲੇ ਕਵੀ ਚਰਨ ਸਿੰਘ ਸ਼ਹੀਦ ਦਾ ਜਨਮ ਅਕਤੂਬਰ, 1891 ਈ. ਨੂੰ ਅਮ੍ਰਿਤਸਰ ਵਿਚ ਹੋਇਆ। ਆਪ ਦੇ ਪਿਤਾ ਦਾ ਨਾਂ ਸ. ਸੂਬਾ ਸਿੰਘ ਸੀ। ਇਸ ਕਰਕੇ ਇਨ੍ਹਾਂ ਨੇ ਆਪਣਾ ਪੂਰਾ ਨਾਂ ਸੂਬਾ ਸਿੰਘ ਚਰਨ ਸਿੰਘ ਸ਼ਹੀਦ ਰੱਖਿਆ ਅਤੇ ਸੰਖੇਪ ਤੌਰ ਤੇ ਐਸ.ਐਸ.ਚਰਨ ਸਿੰਘ ਲਿਖਣ ਲੱਗ ਪਏ। ਮੈਟ੍ਰਿਕ ਪਾਸ ਕਰਨ ਪਿਛੋਂ ਇਨ੍ਹਾਂ ਨੇ ਹਾਸ ਰਸੀ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਪਟਿਆਲਾ ਤੇ ਨਾਭਾ ਰਿਆਸਤ ਵਿਚ ਪ੍ਰਸਾਰਨ ਅਫਸਰ ਦੇ ਤੌਰ ਤੇ ਵੀ ਕੰਮ ਕੀਤਾ। ਨੌਕਰੀ ਛੱਡ ਕੇ ਅਮ੍ਰਿਤਸਰ ਆ ਗਏ। ਕੁਝ ਸਮਾਂ ਭਾਈ ਵੀਰ ਸਿੰਘ ਦੇ ਅਖ਼ਬਾਰ ‘ਖਾਲਸਾ ਸਮਾਚਾਰ’ ਵਿਚ ਵੀ ਲੱਗੇ ਰਹੇ ਪਰ ਬਾਅਦ ਵਿਚ ‘ਸ਼ਹੀਦ’ ਨਾਂ ਦਾ ਅਖ਼ਬਾਰ ਚਾਲੂ ਕੀਤਾ ਜਿਸ ਕਰਕੇ ਇਨ੍ਹਾਂ ਦੇ ਨਾਂ ਨਾਲ ‘ਸ਼ਹੀਦ’ ਉਪਨਾਮ ਜੁੜ ਗਿਆ। ਇਸ ਮਗਰੋਂ ‘ਜੱਥੇਦਾਰ’ ਦੈਨਿਕ ਅਖ਼ਬਾਰ ਅਤੇ ‘ਮੌਜੀ’ ਸਪਤਾਹਕ ਪੱਤਰ ਸ਼ੁਰੂ ਕੀਤਾ। ਇਨ੍ਹਾਂ ਨੇ ‘ਹੰਸ’ ਮਾਸਿਕ ਪੱਤਰ ਵੀ ਪ੍ਰਕਾਸ਼ਿਤ ਕੀਤਾ। ਸ਼ਹੀਦ ਜੀ ਨੇ ਪੰਜਾਬੀ ਸਭਾ ਅਮ੍ਰਿਤਸਰ ਦੀਆਂ ਸਰਗਰਮੀਆਂ ਵਿਚ ਮੋਢੀਆਂ ਵਾਲਾ ਕਾਰਜ ਕੀਤਾ, ਕਵੀ ਦਰਬਾਰਾਂ ਵਿਚ ਵਧ ਚੜ੍ਹ ਕੇ ਹਿੱਸਾ ਲਿਆ, ਕਵਿਤਾ ਰਚੀ, ਨਾਵਲ ਲਿਖੇ ਤੇ ਵਾਰਤਕ ਨੂੰ ਹਾਸ-ਰਸ ਤੇ ਵਿਅੰਗ ਦੇ ਸਾਧਨ ਬਣਾ ਕੇ ਵਰਤਿਆ। ਆਪ ਦਾ ਦੇਹਾਂਤ 14 ਅਗਸਤ 1935 ਈ. ਨੂੰ ਸ਼ਿਮਲੇ ਹੋਇਆ।

ਰਚਨਾਵਾਂ ਕਵਿਤਾ – ਬਾਦਸ਼ਾਹੀਆਂ, ਬੇ-ਪਰਵਾਹੀਆਂ, ਸ਼ਹਿਨਸ਼ਾਹੀਆਂ, ਅਰਸ਼ੀ ਕਿੰਗਰੇ। ਕਹਾਣੀਆਂ – ਹੱਸਦੇ ਹੰਝੂ, ਸੁਆਦ ਦੇ ਟੋਕਰੇ, ਹਾਸੇ ਦੀ ਬਰਖਾ, ਜਗਤ ਤਮਾਸ਼ਾ ਨਾਵਲ – ਦਲੇਰ ਕੌਰ, ਚੰਚਲ ਮੂਰਤੀ, ਰਣਜੀਤ ਕੌਰ, ਦੋ ਵਹੁਟੀਆਂ, ਗ੍ਰਿਸਤ ਦੀ ਬੇੜੀ। ਕਵਿਤਾ ਵਿਚ ਆਪ ‘ਸੁਥਰਾ’ ਉਪਨਾਮ ਵਰਤਦੇ ਸਨ ਅਤੇ ਵਾਰਤਕ ਵਿਚ ‘ਬਾਬਾ ਵਰਿਆਮਾ’। ਉਨ੍ਹਾਂ ਦੀ ਕਲਮ ਵਿਚ ਬੜੀ ਰਵਾਨੀ ਸੀ, ਸ਼ਕਤੀ ਤੇ ਜ਼ੋਰ ਸੀ। ਉਹ ਇਕ ਪੱਤਰਕਾਰ, ਆਗੂ, ਕਵੀ ਤੇ ਸਮਾਜ ਸੁਧਾਰਕ ਵਿਅਕਤੀ ਸਨ। ਉਨ੍ਹਾਂ ਦਾ ਸੁਭਾ ਬੜਾ ਮਿਲਾਪੜਾ ਤੇ ਵਤੀਰਾ ਮਿਤਰਤਾ ਭਰਪੂਰ ਸੀ। ਪੰਜਾਬੀ ਭਾਸ਼ਾ ਨੂੰ ਸ਼ਿੰਗਾਰਨ ਤੇ ਸੰਵਾਰਨ ਵਿਚ ਆਪ ਨੇ ਥੋੜ੍ਹੇ ਜਿਹੇ ਸਮੇਂ ਵਿਚ ਜਿਹੜਾ ਮਹਾਨ ਕਾਰਜ ਕੀਤਾ ਹੈ, ਉਹ ਆਪਣੀ ਮਿਸਾਲ ਆਪ ਹੈ। ਉਨ੍ਹਾਂ ਦੀ ਕਵਿਤਾ ਹਲਕੀ ਫੁਲਕੀ, ਜਨ ਸਾਧਾਰਨ ਦੇ ਪੱਧਰ ਦੀ ਪਰ ਸਦਾ ਹੀ ਸਿੱਖਿਆ ਭਰਪੂਰ ਹੁੰਦੀ ਹੈ। ਆਪ ਦੀ ਭਾਸ਼ਾ ਸਰਲ, ਠੇਠ ਤੇ ਮੁਹਾਵਰੇਦਾਰ ਹੈ ਤੇ ਸ਼ੈਲੀ ਵਿਅੰਗਾਤਮਕ।

 

Loading spinner