ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਧਰਮ ਸਿੱਖਿਆ

ਅੱਜ ਦੇ ਸਮੇਂ ਵਿਚ ਭਾਵੇਂ ਧਰਮ ਦਾ ਨਾਸ ਬਿਲਕੁਲ ਤਾਂ ਨਹੀਂ ਹੋਇਆ, ਪਰ ਧਰਮ ਤੇ ਅਮਲ ਜ਼ਰੂਰ ਘਟਦਾ ਜਾ ਰਿਹਾ ਹੈ ਅਤੇ ਮਨੁੱਖਾਂ ਦੀ ਧਰਮ ਵਲੋਂ ਰੂਚੀ ਘਟਦੀ ਜਾ ਰਹੀ ਹੈ। ਮਾਇਆ ਦੇ ਪ੍ਰਭਾਵ ਹੇਠ ਮਨੁੱਖ ਨਾਸਤਿਕਤਾ ਵੱਲ ਜਾ ਰਹੇ ਹਨ। ਅੱਜ ਦੇ ਇਸ ਭਿਆਨਕ ਸਮੇਂ ਵਿਚ ਚੰਗੀ ਕਰਨੀ ਵਾਲੇ ਤੇ ਉੱਚੇ ਜੀਵਨ ਵਾਲੇ ਮਹਾਂਪੁਰਖ ਘੱਟ ਹੀ ਨਜ਼ਰ ਆਉਂਦੇ ਹਨ। ਫਿਰ ਭੀ ਉਸ ਮਾਲਕ ਦੀ ਕਿਰਪਾ ਨਾਲ ਉਤਲੇ ਮੰਡਲਾਂ ਵਿਚ ਉਡਾਰੀ ਲਾਉਣ ਵਾਲੇ ਮਹਾਂਪੁਰਖਾਂ ਦਾ ਸੰਸਾਰ ਵਿਚ ਅਭਾਵ ਨਹੀਂ ਅਤੇ ਅਜਿਹੇ ਮਹਾਂਪੁਰਖ ਪਰਮਪਿਤਾ ਪਰਮਾਤਮਾ ਦੀ ਕਿਰਪਾ ਨਾਲ ਪ੍ਰਭੂਸੱਤਾ ਪਾ ਕੇ ਸੰਸਾਰ ਵਿਚ ਆ ਕੇ ਨਾਮ-ਬਾਣੀ ਦਾ ਅਭਿਆਸ ਕਰਕੇ ਸਮੇਂ ਸਿਰ ਆਪਣੀ ਸੱਚੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਦਾ ਪੂਰਾ ਪੂਰਾ ਜਤਨ ਕਰਦੇ ਹਨ। ਉਨ੍ਹਾਂ ਦੀ ਰਸਨਾ ਤੋਂ ਨਿਕਲੇ ਬਚਨਾਂ ਦਾ ਪ੍ਰਭਾਵ ਸੰਸਾਰ ਦੇ ਤਪਤ ਹਿਰਦਿਆਂ ਨੂੰ ਸ਼ਾਂਤ ਕਰਦਾ ਹੈ। ਵੈਸੇ ਤਾਂ ਪਰਮਪਿਤਾ ਪਰਮਾਤਮਾ ਜਿਸ ਜੀਵ ਨੂੰ ਭੀ ਸੰਸਾਰ ਵਿਚ ਭੇਜਦਾ ਹੈ, ਉਸ ਨੂੰ ਜੀਵਨ ਬਤੀਤ ਕਰਨ ਦੇ ਕਰਮਾਂ ਅਨੁਸਾਰ ਸਾਧਨ ਭੀ ਬਖਸ਼ਦਾ ਹੈ, ਪਰ ਵੱਡੀ ਮਿਹਰ ਉਸ ਮਾਲਕ ਦੀ ਮਨੁੱਖ ਤੇ ਇਹ ਹੈ ਕਿ ਉਸ ਨੇ ਉੱਤਮ ਮਨੁੱਖਾ ਦੇਹੀ ਦਿੱਤੀ ਹੈ। ਮਨੁੱਖਾ ਦੇਹੀ ਵਿਚ ਹੀ ਉਸ ਦੀ ਕਿਰਪਾ ਦੇ ਪਾਤਰ ਬਣ ਸਕੀਦਾ ਹੈ। ਮਨੁੱਖਾ ਜਨਮ ਵਿਤ ਹੀ ਉਸਦੀ ਮਿਹਰ ਤੇ ਕਿਰਪਾ-ਦ੍ਰਿਸ਼ਟੀ ਲਈ ਉਸ ਅੱਗੇ ਝੋਲੀ ਅੱਡ ਸਕਦੇ ਹਾਂ। ਉਹ ਮਨੁੱਖਾ ਦੇਹੀ ਵਿਚ ਹੀ ਸੱਚੇ ਸੁੱਚੇ ਪ੍ਰੇਮੀਆਂ ਦੀ ਅਰਦਾਸ ਸੁਣ ਕੇ ਮਿਹਰ ਦੇ ਘਰ ਵਿਚ ਆ ਕੇ ਧੁਰੋਂ ਬਖਸ਼ੀਆਂ ਆਤਮਾਵਾਂ ਨੂੰ ਸੰਸਾਰ ਵਿਚ ਭੇਜਦਾ ਹੈ। ਉਨ੍ਹਾਂ ਪਾਸੋਂ ਨਾਮ-ਬਾਣੀ ਦਾ ਪ੍ਰਚਾਰ ਕਰਵਾ ਕੇ ਪਰਮਾਤਮਾ ਵੱਲੋਂ ਭੁੱਲੇ ਲੋਕਾਂ ਨੂੰ ਮਾੜੇ ਪਾਸਿਓਂ ਹਟਾ ਕੇ ਚੰਗੇ ਪਾਸੇ ਲਾਉਣ ਦਾ ਮਹਾਨ ਉਪਕਾਰ ਕਰਾਉਂਦਾ ਹੈ।