ਸ਼ਨੀਵਾਰ ਦੇ ਵਰਤ ਦੀ ਵਿਧੀ
ਸ਼ਨੀਦੇਵ ਦਾ ਵਰਤ ਸ਼ਨੀਵਾਰ ਨੂੰ ਕੀਤਾ ਜਾਂਦਾ ਹੈ। ਇਸ ਦਿਨ ਵਰਤ ਰੱਖਣ ਵਾਲਾ ਆਦਮੀ ਇੱਕੋ ਹੀ ਵੇਲੇ ਭੋਜਨ ਕਰਦਾ ਹੈ। ਭੋਜਨ ਵਿੱਚ ਕਾਲੇ ਤਿਲ, ਕਾਲੇ ਉੜਦ ਦਾ ਵਿਸ਼ੇਸ਼ ਮਹੱਤਵ ਹੈ। ਸ਼ਨੀਦੇਵ ਦੀ ਪੂਜਾ ਵਿੱਚ ਤਾਂਬੇ ਦੇ ਪੈਸੇ, ਤੇਲ, ਕਾਲੇ ਉੜਦ ਅਤੇ ਕਾਲਾ ਕੱਪੜਾ ਚੜ੍ਹਾਇਆ ਜਾਂਦਾ ਹੈ। ਸ਼ਨੀਦੇਵ ਦਾ ਵਰਤ ਸ਼ਨੀ ਗ੍ਰਹਿ ਦੇ ਕਸ਼ਟਾਂ ਨੂੰ ਦੂਰ ਕਰਨ ਵਿੱਚ ਸਹਾਇਕ ਹੁੰਦਾ ਹੈ।
ਸ਼ਨੀਵਾਰ ਵਰਤ ਦੀ ਕਥਾ
ਇਕ ਦਿਨ ਸੂਰਜ, ਚੰਦਰਮਾ, ਮੰਗਲ, ਬੁਧ, ਬ੍ਰਹਸਪਤ, ਸ਼ੁਕਰ, ਸ਼ਨੀ, ਰਾਹੂ ਅਤੇ ਕੇਤੂ – ਇਹਨਾਂ ਨੌਂ ਗ੍ਰਹਿਆਂ ਦਾ ਇਸ ਗੱਲ ਨੂੰ ਲੈ ਕੇ ਆਪਸ ਵਿੱਚ ਝਗੜਾ ਹੋ ਗਿਆ ਕਿ ਸਾਡੇ ਵਿੱਚੋਂ ਸਭ ਤੋਂ ਵੱਡਾ ਕੌਣ ਹੈ। ਸਾਰੇ ਆਪਣੇ ਆਪ ਨੂੰ ਵੱਡਾ ਕਹਿੰਦੇ ਸੀ। ਜਦੋਂ ਆਪਸ ਵਿੱਚ ਕੋਈ ਫ਼ੈਸਲਾ ਨਾ ਕਰ ਸਕੇ ਤਾਂ ਸਾਰੇ ਇੰਦਰ ਦੇ ਕੋਲ ਗਏ ਅਤੇ ਕਿਹਾ ਕਿ ਤੁਸੀਂ ਦੱਸੋ ਸਾਡੇ ਵਿੱਚੋਂ ਵੱਡਾ ਕੌਣ ਹੈ।
ਇੰਦਰ ਨੇ ਸੋਚਿਆ ਕਿ ਜੇਕਰ ਮੈਂ ਕਿਸੇ ਇਕ ਗ੍ਰਹਿ ਨੂੰ ਮਹਾਨ ਕਹਿ ਦੇਵਾਂਗਾ ਤਾਂ ਬਾਕੀ ਅੱਠ ਗ੍ਰਹਿ ਮੇਰੇ ਤੋਂ ਨਾਰਾਜ਼ ਹੋ ਜਾਣਗੇ। ਇਸ ਲਈ ਉਸ ਨੇ ਇੱਕ ਤਰੀਕਾ ਸੋਚਿਆ।
ਇਹ ਹੱਥ ਜੋੜ ਕੇ ਕਹਿਣ ਲੱਗਾ – ਦੇਵਗਨ! ਇਸ ਸਮੇਂ ਧਰਤੀ ਉੱਤੇ ਵਿਕਰਮਦਿੱਤ ਰਾਜ ਕਰਦਾ ਹੈ। ਤੁਸੀਂ ਸਾਰੇ ਉਸ ਦੇ ਕੋਲ ਜਾਓ। ਉਹ ਬੜਾ ਨਿਆਂ-ਪਸੰਦ ਹੈ। ਸਾਰੇ ਦੇਵਤਾ ਵਿਕਰਮਾਦਿੱਤ ਦੇ ਦਰਬਾਰ ਵਿੱਚ ਪੁੱਜੇ ਅਤੇ ਆਪਣਾ ਪ੍ਰਸ਼ਨ ਰਾਜਾ ਦੇ ਸਾਹਮਣੇ ਰੱਖਿਆ। ਰਾਜਾ ਉਹਨਾਂ ਦੀ ਗੱਲ ਸੁਣ ਕੇ ਬੜੀ ਚਿੰਤਾ ਵਿੱਚ ਪੈ ਗਿਆ ਕਿ ਮੈਂ ਕਿਸ ਨੂੰ ਵੱਡਾ ਅਤੇ ਕਿਸ ਨੂੰ ਛੋਟਾ ਦੱਸਾਂ। ਜਿਸ ਨੂੰ ਛੋਟਾ ਕਹਾਂਗਾ ਉਹ ਹੀ ਗੁੱਸਾ ਕਰੇਗਾ। ਪਰੰਤੂ ਉਹਨਾਂ ਦਾ ਝਗੜਾ ਖਤਮ ਕਰਨ ਲਈ ਰਾਜੇ ਨੇ ਇਕ ਤਰੀਕਾ ਸੋਚਿਆ ਕਿ ਸੋਨਾ, ਚਾਂਦੀ, ਕਾਂਸੀ, ਪਿੱਤਲ, ਸ਼ੀਸ਼ਾ, ਗਾਂਗਾ, ਜਿਸਤ, ਅਭਰਕ, ਲੋਹਾ ਆਦਿ ਨੌਂ ਧਾਤਾਂ ਦੇ ਨੌਂ ਆਸਣ ਬਣਵਾਏ ਅਤੇ ਸਾਰੇ ਆਸਣਾਂ ਨੂੰ ਕ੍ਰਮ ਨਾਲ ਜਿਵੇਂ ਸੋਨਾ ਪਹਿਲਾ ਅਤੇ ਲੋਹਾ ਸਭ ਤੋਂ ਪਿੱਛੇ ਲਗਾਇਆ ਗਿਆ।
ਇਸ ਤੋਂ ਬਾਅਦ ਰਾਜਾ ਨੇ ਸਭ ਗ੍ਰਹਿਆਂ ਨੂੰ ਕਿਹਾ – “ਤੁਸੀਂ ਸਾਰੇ ਆਪਣੇ-ਆਪਣੇ ਆਸਣਾਂ ਉੱਤੇ ਬੈਠੋ। ਜਿਸਦਾ ਆਸਣ ਸਭ ਤੋਂ ਅੱਗੇ ਹੋਵੇ, ਉਹ ਸਭ ਤੋਂ ਵੱਡਾ ਹੈ ਅਤੇ ਜਿਸਦਾ ਆਸਣ ਸਭ ਤੋਂ ਪਿੱਛੇ ਹੋਵੇ ਉਸ ਨੂੰ ਸਭ ਤੋਂ ਛੋਟਾ ਜਾਣੋ।” ਲੋਹੇ ਦਾ ਆਸਣ ਸਭ ਤੋਂ ਬਾਅਦ ਵਿੱਚ ਸੀ। ਉਹ ਸ਼ਨੀਦੇਵ ਦਾ ਆਸਣ ਸੀ। ਇਸ ਲਈ ਸ਼ਨੀਦੇਵ ਸਮਝ ਗਏ ਕਿ ਰਾਜਾ ਨੇ ਮੈਨੂੰ ਸਭ ਤੋਂ ਛੋਟਾ ਬਣਾ ਦਿੱਤਾ ਹੈ ਅਤੇ ਗੁੱਸੇ ਵਿੱਚ ਕਹਿਣ ਲੱਗੇ – “ਰਾਜਾ ਤੂੰ ਮੇਰੇ ਪਰਾਕਰਮ ਨੂੰ ਨਹੀਂ ਜਾਣਦਾ, ਸੂਰਜ ਇਕ ਰਾਸ਼ੀ ਉੱਤੇ ਮਹੀਨਾ, ਚੰਦਰਮਾ ਸਿਰਫ ਦੋ ਦਿਨ, ਮੰਗਲ ਡੇਢ ਮਹੀਨਾ, ਬ੍ਰਹਸਪਤ ਤੇਰ੍ਹਾਂ ਮਹੀਨੇ, ਬੁਧ ਅਤੇ ਸੁੱਕਰ ਇਕ-ਇਕ ਮਹੀਨੇ, ਰਾਹੂ ਅਤੇ ਕੇਤੂ ਉਲਟੇ ਚਲਦੇ ਹੋਏ ਕੇਵਲ ਅਠਾਰਾਂ ਮਹੀਨੇ ਇਕ ਰਾਸ਼ੀ ਉੱਤੇ ਰਹਿੰਦੇ ਹਨ। ਪਰੰਤੂ ਮੈਂ ਇਕ ਰਾਸ਼ੀ ਉੱਤੇ ਢਾਈ ਤੋਂ ਸਾਢੇ ਸੱਤ ਸਾਲ ਤੱਕ ਰਹਿੰਦਾ ਹਾਂ। ਵੱਡੇ-ਵੱਡੇ ਦੇਵਤਾਵਾਂ ਨੂੰ ਮੈਂ ਬਹੁਤ ਦੁੱਖ ਦਿੱਤਾ ਹੈ।
ਰਾਜਨ! ਸੁਣੋ, ਰਾਮ ਚੰਦਰ ਜੀ ਨੂੰ ਸਾੜ੍ਹਸਤੀ ਆਈ ਤਾਂ ਬਨਵਾਸ ਹੋ ਗਿਆ, ਜਦ ਰਾਵਣ ਉੱਤੇ ਆਈ ਤਾਂ ਰਾਮ ਅਤੇ ਲਛਮਣ ਨੇ ਸੈਨਾ ਲੈ ਕੇ ਲੰਕਾ ਉੱਤੇ ਚੜ੍ਹਾਈ ਕਰ ਦਿੱਤੀ। ਰਾਵਣ ਦੇ ਵੰਸ਼ ਦਾ ਨਾਸ਼ ਹੋ ਗਿਆ। ਇਸ ਲਈ ਹੇ ਰਾਜਾ! ਹੁਣ ਤੂੰ ਸਾਵਧਾਨ ਰਹਿਣਾ।” ਰਾਜਾ ਕਹਿਣ ਲੱਗਾ – “ਜੋ ਕੁਝ ਕਿਸਮਤ ਵਿੱਚ ਹੋਵੇਗਾ ਵੇਖਿਆ ਜਾਵੇਗਾ।” ਸ਼ਨੀਦੇਵ ਬਹੁਤ ਗੁੱਸੇ ਹੋ ਕੇ ਉਥੋਂ ਚਲੇ ਗਏ।
ਸਮੇਂ ਅਨੁਸਾਰ ਜਦ ਰਾਜਾ ਵਿਕਰਮਾਦਿੱਤ ਉੱਤੇ ਸਾੜ੍ਹਸਤੀ ਆਈ ਤਾਂ ਸ਼ਨੀਦੇਵ ਘੋੜਿਆਂ ਦੇ ਸੌਦਾਗਰ ਬਣ ਕੇ ਵਿਕਰਮਾਦਿੱਤ ਦੀ ਰਾਜਧਾਨੀ ਉੱਜੈਨ ਵਿੱਚ ਆਏ। ਜਦੋਂ ਰਾਜਾ ਨੇ ਘੋੜਿਆਂ ਦੇ ਸੌਦਾਗਰ ਦੇ ਆਉਣ ਦੀ ਖ਼ਬਰ ਸੁਣੀ ਤਾਂ ਆਪਣੇ ਅਸ਼ਵਪਾਲ ਨੂੰ ਵਧੀਆ ਨਸਲ ਦੇ ਘੋੜੇ ਵੇਖਣ ਅਤੇ ਚੁਣਨ ਲਈ ਭੇਜਿਆ। ਅਸ਼ਵਪਾਲ ਦੁਆਰਾ ਚੁਣੇ ਗਏ ਘੋੜਿਆਂ ਵਿਚੋਂ ਇੱਕ ਘੋੜਾ ਇੰਨਾ ਸੁੰਦਰ ਸੀ ਕਿ ਰਾਜਾ ਦਾ ਮਨ ਉਸ ਦੀ ਸਵਾਰੀ ਕਰਨ ਲਈ ਲਲਚਾ ਗਿਆ। ਰਾਜਾ ਦੇ ਘੋੜੇ ਦੀ ਪਿੱਠ ਉੱਤੇ ਚੜ੍ਹਦਿਆਂ ਹੀ ਘੋੜਾ ਹਵਾ ਨਾਲ ਗੱਲਾਂ ਕਰਦਾ ਹੋਇਆ ਇਕ ਬੜੇ ਭਾਰੀ ਜੰਗਲ ਵਿੱਚ ਪੁੱਜਿਆ ਅਤੇ ਉਥੇ ਰਾਜਾ ਨੂੰ ਛੱਡ ਕੇ ਆਪ ਅਲੋਪ ਹੋ ਗਿਆ। ਇਸ ਤੋਂ ਬਾਅਦ ਰਾਜਾ ਇਕੱਲਾ ਹੀ ਜੰਗਲ ਵਿੱਚ ਘੁੰਮਦਾ ਰਿਹਾ। ਭਟਕਦੇ-ਭਟਕਦੇ ਉਸ ਨੂੰ ਇੱਕ ਗਵਾਲਾ ਮਿਲਿਆ, ਪਿਆਸ ਨਾਲ ਦੁਖੀ ਰਾਜਾ ਨੂੰ ਉਸ ਨੇ ਪਾਣੀ ਪਿਲਾਇਆ। ਖੁਸ਼ ਹੋ ਕੇ ਰਾਜਾ ਨੇ ਉਸ ਨੂੰ ਆਪਣੀ ਅੰਗੂਠੀ ਦੇ ਦਿੱਤੀ। ਉਸ ਤੋਂ ਬਾਅਦ ਭਟਕਦਾ ਹੋਇਆ ਇੱਕ ਨਗਰ ਵਿੱਚ ਪੁੱਜਿਆ, ਉਥੇ ਉਸਦੀ ਮੁਲਾਕਾਤ ਇੱਕ ਸੇਠ ਨਾਲ ਹੋਈ। ਸੇਠ ਨੇ ਉਸ ਨੂੰ ਪਿਆਸਾ ਦੇਖ ਕੇ ਖਾਣਾ ਖਵਾਇਆ ਅਤੇ ਦੁਕਾਨ ਤੇ ਇਕ ਪਾਸੇ ਬਿਠਾ ਦਿੱਤਾ।
ਸ਼ਨੀ ਮਹਾਰਾਜ ਦੀ ਕ੍ਰਿਪਾ ਨਾਲ ਉਸ ਦਿਨ ਸੇਠ ਦੀ ਖੂਬ ਆਮਦਨੀ ਹੋਈ। ਸੇਠ ਰਾਜਾ ਨੂੰ ਕਿਸਮਤ ਵਾਲਾ ਆਦਮੀ ਸਮਝ ਕੇ ਆਪਣੇ ਘਰ ਲੈ ਗਿਆ। ਜਿਸ ਵੇਲੇ ਰਾਜਾ ਭੋਜਨ ਕਰ ਰਿਹਾ ਸੀ ਤਾਂ ਉਹ ਕਮਰੇ ਵਿੱਚ ਇਕੱਲਾ ਸੀ ਅਤੇ ਉਸ ਕਮਰੇ ਦੀ ਖੂੰਟੀ ਤੇ ਇੱਕ ਨੌਂ ਲਖਾ ਹਾਰ ਟੰਗਿਆ ਸੀ। ਰਾਜਾ ਨੇ ਵੇਖਿਆ ਕਿ ਉਹ ਖੂੰਟੀ ਹਾਰ ਨੂੰ ਨਿਗਲ ਰਹੀ ਸੀ। ਕੁਝ ਦੇਰ ਬਾਅਦ ਸੇਠ ਕਮਰੇ ਵਿੱਚ ਆਇਆ ਅਤੇ ਉਸ ਨੂੰ ਖੂੰਟੀ ਕੇ ਹਾਰ ਨਾ ਮਿਲਿਆ ਤਾਂ ਉਸ ਨੇ ਰਾਜਾ ਨੂੰ ਹਾਰ ਦੀ ਚੋਰੀ ਦੇ ਅਪਰਾਧ ਵਿੱਚ ਨਗਰ ਦੇ ਨਿਆਂ-ਪਤੀ ਦੀ ਸੇਵਾ ਵਿੱਚ ਹਾਜ਼ਰ ਕਰ ਦਿੱਤਾ। ਸਾਰੀ ਸਥਿਤੀ ਨੂੰ ਸੋਚ ਸਮਝ ਕਾ ਨਿਆਂ-ਪਤੀ ਨੇ ਰਾਜਾ ਦੇ ਦੋਨੋਂ ਹੱਥ-ਪੈਰ ਕੱਟ ਕੇ ਚੌਰੰਗੀਆਂ ਬਣਾ ਦੇਣ ਦਾ ਫ਼ੈਸਲਾ ਸੁਣਾ ਦਿੱਤਾ।
ਨਿਆਂ-ਪਤੀ ਦੇ ਆਦੇਸ਼ ਅਨੁਸਾਰ ਜਦੋਂ ਰਾਜਾ ਚੌਰੰਗੀਆਂ ਬਣ ਗਿਆ ਤਾਂ ਉਸ ਨਗਰ ਦੇ ਇਕ ਤੋਲੀ ਨੂੰ ਰਾਜਾ ਉੱਤੇ ਦਇਆ ਆ ਗਈ। ਉਹ ਉਸ ਨੂੰ ਆਪਣੇ ਘਰ ਲੈ ਗਿਆ। ਤੇਲੀ ਨੇ ਉਸ ਦੀ ਦਵਾ ਆਦਿ ਕਰ ਕੇ ਉਸ ਨੂੰ ਇਸ ਯੋਗ ਬਣਾ ਲਿਆ ਕਿ ਉਹ ਕੋਹਲੂ ਦੇ ਪਿੱਛੇ ਬੈਠ ਕੇ ਆਪਣੀ ਆਵਾਜ਼ ਨਾਲ ਬੈਲ ਹੱਕ ਸਕੇ। ਇਸ ਤਰ੍ਹਾਂ ਸਮਾਂ ਗੁਜ਼ਰਦਾ ਗਿਆ। ਸਾੜ੍ਹਸਤੀ ਬੀਤਣ ਵਿੱਚ ਕੁਝ ਹੀ ਕਾਲ ਬਚਿਆ ਸੀ ਇੱਕ ਦਿਨ ਚੌਰੰਗੀਆਂ ਨੂੰ ਵਰਖਾ-ਰੁੱਤ ਵਿਚ ਮਲਹਾਰ ਰਾਗ ਗਾਉਣ ਦੀ ਸੁਝੀ। ਰਾਤ ਦੀ ਖ਼ਾਮੋਸ਼ੀ ਵਿੱਚ ਉਸ ਦੀ ਮਨਮੋਹਕ ਆਵਾਜ਼ ਰਾਜਕੁਮਾਰੀ ਦੇ ਕੰਨਾਂ ਵਿੱਚ ਪਈ।
ਏਨੀ ਸੁਰੀਲੀ ਆਵਾਜ਼ ਸੁਣਦੇ ਹੀ ਉਹ ਉਸ ਰਾਗੀ ਉੱਤੇ ਮੋਹਿਤ ਹੋ ਗਈ। ਉਸ ਨੇ ਦਾਸੀ ਨੂੰ ਭੇਜ ਕੇ ਉਸ ਦਾ ਅਤਾ-ਪਤਾ ਲਗਾ ਲਿਆ। ਰਾਗੀ ਚੌਰੰਗੀਆਂ ਹੈ, ਸੁਣ ਕੇ ਰਾਜਕੁਮਾਰੀ ਨੇ ਪ੍ਰਣ ਕਰ ਲਿਆ ਕਿ ਜੇਕਰ ਉਹ ਵਿਆਹ ਕਰੇਗੀ ਤਾਂ ਉਸ ਰਾਗੀ ਚੌਰੰਗੀਏ ਨਾਲ, ਨਹੀਂ ਤਾਂ ਜੀਵਨ-ਭਰ ਕੁਆਰੀ ਰਹੇਗੀ। ਇਸ ਕਾਰਨ ਉਹ ਆਸਨਪਟੀ ਲੈ ਕੇ ਪੈ ਗਈ। ਸਵੇਰੇ ਜਦੋਂ ਰਾਜਾ ਰਾਣੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਉਸ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਰਾਜਕੁਮਾਰੀ ਦੀ ਕਿਸਮਤ ਵਿੱਚ ਜੋ ਲਿਖਿਆ ਹੈ ਉਹ ਹੀ ਹੋਵੇਗਾ।
ਰਾਜਾ ਨੇ ਤੁਰੰਤ ਤੇਲੀ ਨੂੰ ਬੁਲਾ ਕੇ ਆਦੇਸ਼ ਦਿੱਤਾ ਕਿ ਉਹ ਚੌਰੰਗੀਏ ਦੀ ਸ਼ਾਦੀ ਦਾ ਇੰਤਜ਼ਾਮ ਕਰੇ, ਕਿਉਂਕਿ ਰਾਜਾ ਉਸਦੇ ਨਾਲ ਆਪਣੀ ਰਾਜਕੁਮਾਰੀ ਦਾ ਵਿਆਹ ਕਰਨ ਦਾ ਫੈਸਲਾ ਕਰ ਚੁੱਕਿਆ ਹੈ। ਪਹਿਲਾਂ ਤਾਂ ਤੇਲੀ ਨੇ ਸਮਝਿਆ ਕਿ ਰਾਜਾ ਮਜ਼ਾਕ ਕਰ ਰਿਹਾ ਹੈ, ਪਰ ਜਦੋਂ ਰਾਜਾ ਨੇ ਸਖ਼ਤੀ ਨਾਲ ਆਦੇਸ਼ ਦਿੱਤਾ ਤਾਂ ਉਸ ਨੂੰ ਚੌਰੰਗੀਏ ਦੀ ਸ਼ਾਦੀ ਦਾ ਪ੍ਰਬੰਧ ਕਰਨਾ ਪਿਆ।
ਸ਼ੁਭ ਮਹੂਰਤ ਵੇਖ ਕੇ ਰਾਜ ਪਰੋਹਿਤ ਨੇ ਰਾਜਕੁਮਾਰੀ ਅਤੇ ਚੌਰੰਗੀਏ ਦਾ ਵਿਆਹ ਕਰ ਦਿੱਤਾ। ਉਹ ਸਾੜ੍ਹਸਤੀ ਦੀ ਅੰਤਿਮ ਘੜੀ ਸੀ। ਉਸ ਰਾਤ ਅੱਧੀ ਬੀਤਣ ਤੇ ਚੌਰੰਗੀਏ ਨੂੰ ਸ਼ਨੀਦੇਵ ਸੁਪਨੇ ਵਿੱਚ ਵਿਖਾਈ ਦਿੱਤੇ ਅਤੇ ਬੋਲੇ – “ਰਾਜਨ! ਤੂੰ ਮੈਨੂੰ ਛੋਟਾ ਕਹਿਣ ਦੀ ਸਜ਼ਾ ਪਾ ਲਈ ਹੈ। ਉਮੀਦ ਹੈ, ਹੁਣ ਤੇਰੇ ਹੋਸ਼ ਠਿਕਾਣੇ ਆ ਗਏ ਹੋਣਗੇ।” ਰਾਜਾ ਨੇ ਹੱਥ ਜੋੜ ਕੇ ਮੁਆਫ਼ੀ ਮੰਗਦੇ ਹੋਏ ਸ਼ਨੀਦੇਵ ਨੂੰ ਪ੍ਰਾਰਥਨਾ ਕੀਤੀ ਕਿ ਜਿਸ ਤਰ੍ਹਾਂ ਤੁਸੀਂ ਮੈਨੂੰ ਦੁੱਖ ਦਿੱਤਾ ਹੈ, ਭਵਿੱਖ ਵਿੱਚ ਐਸਾ ਦੁੱਖ ਕਿਸੇ ਹੋਰ ਨੂੰ ਨਾ ਦੇਣਾ। ਸ਼ਨੀਦੇਵ ਨੇ ਰਾਜਾ ਦੀ ਪ੍ਰਾਰਥਨਾ ਸਵੀਕਾਰ ਕਰ ਲਈ ਅਤੇ ਕਿਹਾ, ਜੋ ਮਨੁੱਖ ਮੇਰੀ ਕਥਾ ਪੜ੍ਹੇਗਾ ਜਾਂ ਸੁਣੇਗਾ ਉਸ ਨੂੰ ਮੇਰੀ ਦਸ਼ਾ ਵਿੱਚ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਹੋਵੇਗਾ ਅਤੇ ਜੋ ਨਿੱਤ ਮੇਰਾ ਧਿਆਨ ਕਰੇਗਾ ਜਾਂ ਕੀੜੀਆਂ ਨੂੰ ਆਟਾ ਪਾਵੇਗਾ ਉਸਦੇ ਸਾਰੇ ਮਨੋਰਥ ਪੂਰੇ ਹੋਣਗੇ। ਇੰਨਾਂ ਕਹਿ ਕੇ ਸ਼ਨੀਦੇਵ ਰਾਜਾ ਦੇ ਸੁਪਨੇ ਚੋਂ ਚਲੇ ਗਏ।
ਅੱਖ ਖੁੱਲ੍ਹਣ ਤੇ ਚੌਰੰਗੀਆਂ ਨੇ ਵੇਖਿਆ ਕਿ ਉਸਦੇ ਦੋਨੋਂ ਹੱਥ ਅਤੇ ਦੋਨੋਂ ਪੈਰ ਬਿਲਕੁਲ ਠੀਕ ਹੋ ਗਏ ਹਨ। ਉਹ ਬਿਲਕੁਲ ਚੰਗਾ ਭਲਾ ਹੋ ਗਿਆ ਸੀ। ਸਵੇਰੇ ਉੱਠਣ ਤੇ ਜਦੋਂ ਰਾਜਕੁਮਾਰੀ ਨੇ ਵੀ ਆਪਣੇ ਪਤੀ ਨੂੰ ਪੂਰਨ ਸਵਸਥ (ਪੂਰਾ ਠੀਕ) ਵੇਖਿਆ ਤਾਂ ਉਸ ਦੀ ਖੁਸ਼ੀ ਦੀ ਹੱਦ ਨਾ ਰਹੀ। ਰਾਜਾ ਵੀ ਆਪਣੇ ਜਵਾਈ ਨੂੰ ਠੀਕ ਵੇਖ ਕੇ ਬਹੁਤ ਖੁਸ਼ ਹੋਇਆ ਅਤੇ ਜਦੋਂ ਉਸ ਨੂੰ ਪਤਾ ਲੱਗਾ ਕਿ ਉਸਦਾ ਜਵਾਈ ਉੱਜੈਨ ਦਾ ਰਾਜਾ ਵਿਕਰਮਾਦਿੱਤ ਹੈ ਤਾਂ ਉਸ ਨੂੰ ਆਪਣੀ ਕਿਸਮਤ ਤੇ ਮਾਣ ਹੋਣ ਲੱਗਾ। ਜਦੋਂ ਇਹ ਸਮਾਚਾਰ ਨਗਰ ਦੇ ਸੇਠ ਨੇ ਸੁਣਿਆ ਤਾਂ ਉਹ ਸੇਠ ਵਿਕਰਮਾਦਿੱਤ ਦੇ ਪੈਰਾਂ ਵਿੱਚ ਗਿਰ ਕੇ ਮੁਆਫ਼ੀ ਮੰਗਣ ਲੱਗਾ ਅਤੇ ਉਸ ਨੂੰ ਬਹੁਤ ਆਦਰ ਨਾਲ ਆਪਣੇ ਘਰ ਲੈ ਗਿਆ।
ਵਿਕਰਮਾਦਿੱਤ ਉਸੇ ਕਮਰੇ ਵਿੱਚ ਹੀ ਭੋਜਨ ਕਰਨ ਲਈ ਗਏ ਜਿਸ ਕਮਰੇ ਵਿੱਚ ਖੂੰਟੀ ਨੇ ਹਾਰ ਨਿਗਲਿਆ ਸੀ। ਰਾਜਾ ਜਦੋਂ ਖਾਣਾ ਖਾ ਰਿਹਾ ਸੀ ਤਾਂ ਸਭ ਨੇ ਵੇਖਿਆ ਕਿ ਖੂੰਟੀ ਹਾਰ ਉਗਲ ਰਹੀ ਹੈ। ਇਹ ਵੇਖ ਕੇ ਸਾਰਿਆਂ ਦੀ ਹੈਰਾਨੀ ਦੀ ਹੱਦ ਨਾ ਰਹੀ ਅਤੇ ਨਗਰ ਦੇ ਸੇਠ ਨੇ ਪ੍ਰਭਾਵਿਤ ਹੋ ਕੇ ਰਾਜਾ ਵਿਕਰਮਾਦਿੱਤ ਨਾਲ ਆਪਣੀ ਕੰਨਿਆ ਸ੍ਰੀ ਕੰਵਰੀ ਦਾ ਵਿਆਹ ਬੜੀ ਧੂਮਧਾਮ ਨਾਲ ਕਰ ਦਿੱਤਾ।
ਕੁਝ ਦਿਨਾਂ ਬਾਅਦ ਜਦੋਂ ਰਾਜਾ ਵਿਕਰਮਾਦਿੱਤ ਆਪਣੀ ਰਾਜਧਾਨੀ ਵਿੱਚ ਆਏ ਤਾਂ ਲੋਕਾਂ ਨੂੰ ਬਹੁਤ ਖੁਸ਼ੀ ਹੋਈ ਅਤੇ ਉਹਨਾਂ ਨੇ ਰਾਜਾ ਦੇ ਆਉਣ ਦਾ ਨਿੱਘਾ ਸਵਾਗਤ ਕੀਤਾ। ਦੁਬਾਰਾ ਰਾਜ ਪ੍ਰਾਪਤ ਕਰ ਲੈਣ ਤੋਂ ਬਾਅਦ ਰਾਜਾ ਨੇ ਰਾਜ ਵਿੱਚ ਐਲਾਨ ਕਰ ਦਿੱਤਾ ਕਿ ਕੋਈ ਵੀ ਸ਼ਨੀਦੇਵ ਨੂੰ ਛੋਟਾ ਨਾ ਕਹੇ। ਹਰ ਸ਼ਨੀਵਾਰ ਨੂੰ ਵਰਤ ਰੱਖ ਕੇ ਉਸ ਦੀ ਕਥਾ ਸੁਣੇ ਅਤੇ ਉਹਨਾਂ ਨੂੰ ਤੇਲ, ਕਾਲੇ ਉਡ਼ਦ, ਕਾਲੇ ਕੱਪੜੇ ਅਤੇ ਤਾਂਬੇ ਦਾ ਚੜ੍ਹਾਵਾ ਚੜ੍ਹਾਏ ਅਤੇ ਕੀੜੀਆਂ ਨੂੰ ਸਵੇਰੇ ਸ਼ਾਮ ਜਿਮਾਇਆ ਕਰੇ।
।।ਇਤਿ ਸ੍ਰੀ ਸ਼ਨੀਵਾਰ ਵਰਤ ਕਥਾ ਸਮਾਪਤ।।
ਸ਼ਨੀਵਾਰ ਦੀ ਆਰਤੀ
ਆਰਤੀ ਕੀਜੈ ਨਰ ਸਿੰਘ ਕੁੰਵਰ ਕੀ। ਵੇਦ ਵਿਮਲ ਯਸ਼ ਗਾਉਂ ਮੈਂ ਪ੍ਰਭ ਜੀ।। ਟੇਕ।।
ਪਹਿਲੀ ਆਰਤੀ ਪ੍ਰਹਲਾਦ ਉਬਾਰੇ। ਹਰਿਨਾਕੁਸ਼ ਨਖ ਉਦਰ ਵਿਦਾਰੇ।।
ਦੂਸਰੀ ਆਰਤੀ ਵਾਮਨ ਸੇਵਾ। ਬਲਿ ਕੇ ਦਵਾਰੇ ਪਧਾਰੇ ਹਰਿ ਦੇਵਾ।।
ਤੀਸਰੀ ਆਰਤੀ ਬ੍ਰਹਮਾ ਪਧਾਰੇ। ਸਹਸ ਬਾਹੁ ਕੇ ਭੁਜਾ ਉਖਾਰੇ।।
ਚੌਥੀ ਆਰਤੀ ਅਸੁਰ ਸੰਹਾਰੇ। ਭਗਤ ਵਿਭੀਸ਼ਨ ਲੰਕ ਪਧਾਰੇ।।
ਪਾਂਚਵੀਂ ਆਰਤੀ ਕੰਸ ਪਛਾਰੇ। ਗੋਪੀ ਗਵਾਲ ਸਖਾ ਪ੍ਰਤਿਪਾਲੇ।।
ਤੁਲਸੀ ਕੋ ਪੱਤਰ ਕੰਠ ਮਣਿ ਹੀਰਾ। ਹਰਖਿ ਨਿਰਖਿ ਗਾਵੇਂ ਦਾਸ ਕਬੀਰਾ।।