ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਸੁੱਕਰਵਾਰ ਵਰਤ ਰੱਖਣ ਦਾ ਢੰਗ

ਇਸ ਵਰਤ ਨੂੰ ਕਰਨ ਵਾਲਾ ਕਲਸ਼ ਜਾਂ ਸ਼ੁੱਧ ਬਰਤਨ ਪਾਣੀ ਨਾਲ ਭਰ ਕੇ ਲਿਆਵੇ, ਉਸਦੇ ਉੱਪਰ ਗੁੜ-ਚਨੇ ਨਾਲ ਭਰਿਆ ਕਟੋਰਾ ਰੱਖੇ, ਕਥਾ ਕਰਦੇ ਅਤੇ ਸੁਣਦੇ ਸਮੇਂ ਹੱਥ ਵਿੱਚ ਗੁੜ ਅਤੇ ਭੁੰਨੇ ਹੋਏ ਚਨੇ ਰੱਖੇ। ਕਥਾ ਖਤਮ ਹੋਣ ਤੇ ਗੁੜ-ਚਣਾ ਗਾਂ ਨੂੰ ਖਵਾਉਣਾ। ਕਲਸ਼ ਉੱਤੇ ਰੱਖਿਆ ਗੁੜ ਅਤੇ ਚਣਾ ਸਭ ਨੂੰ ਪ੍ਰਸਾਦ ਦੇ ਰੂਪ ਵਿੱਚ ਵੰਡ ਦਿਓ। ਇਸ ਤੋਂ ਬਾਅਦ ਕਲਸ਼ ਦੇ ਪਾਣੀ ਨੂੰ ਘਰ ਵਿੱਚ ਸਭ ਜਗ੍ਹਾ ਤੇ ਛਿੜਕੋ ਅਤੇ ਬਚਿਆ ਹੋਇਆ ਪਾਣੀ ਤੁਲਸੀ ਦੀ ਕਿਆਰੀ ਵਿੱਚ ਪਾ ਦਿਓ। ਸਵਾ ਆਨੇ ਦਾ ਗੁੜ-ਚਣਾ ਲੈ ਕੇ ਮਾਤਾ ਦਾ ਵਰਤ ਕਰੋ। ਵਰਤ ਦੇ ਉਦਯਾਪਨ ਵਿੱਚ ਢਾਈ ਕਿਲੋ ਖਾਜਾ ਮੋਮਨਦਾਰ ਪੂਰੀ, ਖੀਰ, ਚਨੇ ਦੀ ਸਬਜ਼ੀ, ਨੈਵੇਧ ਰੱਖੋ। ਵਰਤ ਅਤੇ ਉਦਯਾਪਨ ਵਾਲੇ ਦਿਨ ਘਰ ਵਿੱਚ ਕੋਈ ਵੀ ਖਟਿਆਈ ਨਾ ਖਾਵੇ ਅਤੇ ਨਾ ਕਿਸੇ ਨੂੰ ਖਾਣ ਲਈ ਦਿਓ। ਇਸ ਦਿਨ ਅੱਠ ਲੜਕੀਆਂ ਨੂੰ ਭੋਜਨ ਖਵਾਓ। ਇਹਨਾਂ ਨੂੰ ਖਟਿਆਈ ਦੀ ਕੋਈ ਵਸਤੂ ਨਾ ਦਿਓ ਅਤੇ ਭੋਜਨ ਖਵਾ ਕੇ ਦੱਛਣਾ ਦਿਓ। ਨਗਦ ਪੈਸਾ ਨਾ ਦਿਓ, ਕੋਈ ਵਸਤੂ ਦੱਛਣਾ ਵਿੱਚ ਦਿਓ। ਵਰਤ ਕਰਨ ਵਾਲਾ ਕਥਾ ਸੁਣਕੇ ਪ੍ਰਸਾਦ ਲਵੇ। ਇਕ ਸਮੇਂ ਭੋਜਨ ਕਰੇ। ਇਸ ਤਰ੍ਹਾਂ ਮਾਤਾ ਪ੍ਰਸੰਨ ਹੋਵੇਗੀ ਅਤੇ ਦੁੱਖ-ਦਰਿਦ੍ਰਤਾ ਦੂਰ ਹੋ ਕੇ ਮਨੋ ਕਾਮਨਾ ਪੂਰੀ ਹੋਵੇਗੀ।

ਸੁੱਕਰਵਾਰ ਵਰਤ ਕਥਾ ਸ਼ੁਰੂ
ਇਕ ਬੁੱਢੀ ਸੀ, ਉਸਦੇ ਸੱਤ ਪੁੱਤਰ ਸਨ। ਛੇ ਕਮਾਉਣ ਵਾਲੇ ਅਤੇ ਇੱਕ ਨਿਕੰਮਾ ਸੀ। ਬੁੱਢੀ ਮਾਂ ਛੇ ਪੁੱਤਰਾਂ ਦਾ ਭੋਜਨ ਬਣਾਉਂਦੀ ਅਤੇ ਖਵਾਉਂਦੀ ਸੀ। ਜੋ ਕੁਝ ਬਚਦਾ ਉਹ ਸਤਵੇਂ ਨੂੰ ਦੇ ਦਿੰਦੀ ਸੀ, ਪਰੰਤੂ ਉਹ ਬਹੁਤ ਭੋਲਾ-ਭਾਲਾ ਸੀ। ਇਕ ਦਿਨ ਉਸ ਨੇ ਆਪਣੀ ਪਤਨੀ ਨੂੰ ਕਿਹਾ “ਦੇਖੋ! ਮੇਰੀ ਮਾਂ ਨੇ ਮੇਰੇ ਨਾਲ ਕਿੰਨਾ ਪਿਆਰ ਹੈ।” ਉਹ ਬੋਲੀ “ਕਿਉਂ ਨਹੀਂ, ਸਾਰਿਆਂ ਦਾ ਜੂਠਾ ਬਚਿਆ ਹੋਇਆ ਜੋ ਤੁਹਾਨੂੰ ਖਵਾਉਂਦੀ ਹੈ।” ਉਹ ਕਹਿਣ ਲੱਗਾ “ਇਸ ਤਰ੍ਹਾਂ ਨਹੀਂ ਹੋ ਸਕਦਾ, ਮੈਂ ਜਦੋਂ ਤੱਕ ਆਪਣੀਆਂ ਅੱਖਾਂ ਨਾਲ ਨਾ ਦੇਖ ਲਵਾਂ ਮੰਨ ਨਹੀਂ ਸਕਦਾ।” ਪਤਨੀ ਨੇ ਹੱਸ ਕੇ ਕਿਹਾ “ਤੁਸੀਂ ਦੇਖ ਲਓਗੇ ਫਿਰ ਤਾਂ ਮੰਨੋਗੇ।”
ਕੁਝ ਦਿਨਾਂ ਪਿੱਛੋਂ ਤਿਉਹਾਰ ਆਇਆ। ਘਰ ਵਿੱਚ ਸੱਤ ਪ੍ਰਕਾਰ ਦਾ ਭੋਜਨ ਅਤੇ ਚੂਰਮੇ ਦੇ ਲੱਡੂ ਬਣੇ। ਉਹ ਜਾਨਣ ਲਈ ਸਿਰ ਦਰਦ ਦਾ ਬਹਾਨਾ ਕਰਕੇ ਪਤਲਾ ਕੱਪੜਾ ਸਿਰ ਤੇ ਰੱਖ ਕੇ ਰਸੋਈ ਘਰ ਵਿੱਚ ਸੌਂ ਗਿਆ ਅਤੇ ਕੱਪੜੇ ਵਿੱਚੋਂ ਸਭ ਦੇਖਦਾ ਰਿਹਾ। ਉਸਦੇ ਛੇ ਭਾਈ ਭੋਜਨ ਕਰਨ ਲਈ ਆਏ, ਉਸ ਨੇ ਦੇਖਿਆ, ਮਾਂ ਨੇ ਉਨ੍ਹਾਂ ਦੇ ਲਈ ਸੁੰਦਰ ਆਸਣ ਵਿਛਾਏ, ਸੱਤ ਪ੍ਰਕਾਰ ਦਾ ਭੋਜਨ ਦਿੱਤਾ, ਉਹ ਦੇਖਦਾ ਰਿਹਾ।
ਉਹ ਸਾਰੇ ਭੋਜਨ ਕਰਕੇ ਉੱਠੇ ਤਾਂ ਮਾਂ ਨੇ ਉਨ੍ਹਾਂ ਦੀਆਂ ਜੂਠੀਆਂ ਥਾਲੀਆਂ ਵਿੱਚੋਂ ਲੱਡੂਆਂ ਦੇ ਟੁਕੜੇ ਇਕੱਠੇ ਕੀਤੇ ਅਤੇ ਇਕ ਲੱਡੂ ਬਣਾਇਆ, ਜੂਠਣ ਸਾਫ ਕਰਕੇ ਬੁੱਢੀ ਮਾਂ ਨੇ ਕਿਹਾ “ਉਠੋ ਬੇਟਾ! ਤੇਰੇ ਭਾਈ ਭੋਜਨ ਖਾ ਗਏ, ਹੁਣ ਤੂੰ ਹੀ ਬਾਕੀ ਹੈਂ।” ਉਹ ਕਹਿਣ ਲੱਗਾ “ਮਾਂ ਮੈਂ ਭੋਜਨ ਨਹੀਂ ਖਾਣਾ, ਮੈਂ ਪ੍ਰਦੇਸ਼ ਜਾ ਰਿਹਾ ਹਾਂ।” ਮਾਂ ਨੇ ਕਿਹਾ ਕੱਲ੍ਹ ਜਾਂਦਾ ਹੈਂ ਤਾਂ ਅੱਜ ਹੀ ਜਾ। ਉਹ ਕਹਿਣ ਲੱਗਾ  “ਹਾਂ-ਹਾਂ, ਅੱਜ ਹੀ ਜਾ ਰਿਹਾ ਹਾਂ।” ਇਹ ਕਹਿ ਕੇ ਉਹ ਘਰੋਂ ਨਿਕਲ ਗਿਆ। ਜਾਂਦੇ ਸਮੇਂ ਪਤਨੀ ਦੀ ਯਾਦ ਆਈ, ਉਹ ਗਊਸ਼ਾਲਾ ਵਿੱਚ ਪਾਥੀਆਂ ਥੱਪ ਰਹੀ ਸੀ। ਉਥੇ ਜਾਕੇ ਕਹਿਣ ਲੱਗਾ।

ਦੋਹਰਾ – ਹਮ ਜਾਵੇਂ ਪਰਦੇਸ ਕੋ, ਆਵੇਂਗੇ ਕੁਛ ਕਾਲ। ਤੁਮ ਰਹਿਓ ਸੰਤੋਸ਼ ਸੇ, ਧਰਮ ਆਪਨੋ ਪਾਲ।।

ਉਹ ਬੋਲੀ – ਜਾਉ ਪੀਆ ਆਨੰਦ ਸੇ, ਹਮਾਰੀ ਸੋਚ ਹਟਾਇ। ਰਾਮ ਭਰੋਸੇ ਹਮ ਰਹੇਂ, ਈਸ਼ਵਰ ਤੁਮ੍ਹੇਂ ਸਹਾਇ।।
ਦੋ ਨਿਸ਼ਾਨੀ ਆਪਣੀ, ਦੇਖ ਧਰੂੰ ਮੈਂ ਧੀਰ। ਸੁਧਿ ਮਤਿ ਹਮਾਰੀ ਬਿਸਾਰਿਓ ਰਖਿਓ ਮਨ ਗੰਭੀਰ।।

ਉਸਨੇ ਕਿਹਾ “ਮੇਰੇ ਕੋਲ ਤਾਂ ਕੁਝ ਨਹੀਂ ਇਹ ਅੰਗੂਠੀ ਹੈ ਸੋ ਲੈ ਲਓ ਅਤੇ ਆਪਣੀ ਕੁਝ ਨਿਸ਼ਾਨੀ ਮੈਨੂੰ ਦੇ ਦਿਓ।” ਉਹ ਕਹਿਣ ਲੱਗੀ “ਮੇਰੇ ਕੋਲ ਕੀ ਹੈ ਇਹ ਗੋਬਰ ਭਰਿਆ ਹੱਥ ਹੈ।” ਇਹ ਕਹਿ ਕੇ ਉਸ ਦੀ ਪਿੱਠ ਤੇ ਗੋਬਰ ਦੇ ਹੱਥ ਦੀ ਥਾਪੀ ਮਾਰ ਦਿੱਤੀ। ਉਹ ਚਲਾ ਗਿਆ, ਚਲਦੇ ਚਲਦੇ ਦੂਰ ਦੇਸ਼ ਵਿੱਚ ਪਹੁੰਚਿਆ। ਉਥੇ ਇਕ ਸ਼ਾਹੂਕਾਰ ਦੀ ਦੁਕਾਨ ਸੀ, ਉਥੇ ਜਾ ਕੇ ਕਹਿਣ ਲੱਗਾ “ਭਾਈ! ਮੈਨੂੰ ਨੌਕਰੀ ਤੇ ਰੱਖ ਲਓ।” ਸ਼ਾਹੂਕਾਰ ਨੂੰ ਜ਼ਰੂਰਤ ਸੀ, ਬੋਲਿਆ “ਰਹਿ ਜਾ।” ਲੜਕੇ ਨੇ ਪੁੱਛਿਆ “ਤਨਖਾਹ ਕੀ ਦਿਓਗੇ?” ਸ਼ਾਹੂਕਾਰ ਨੇ ਕਿਹਾ “ਕੰਮ ਦੇਖ ਕੇ ਪੈਸੇ ਮਿਲਣਗੇ।”

ਸ਼ਾਹੂਕਾਰ ਦੀ ਨੌਕਰੀ ਮਿਲ ਗਈ। ਕੁਝ ਹੀ ਦਿਨਾਂ ਵਿੱਚ ਦੁਕਾਨ ਦਾ ਸਾਰਾ ਲੈਣ-ਦੇਣ, ਹਿਸਾਬ-ਕਿਤਾਬ, ਗ੍ਰਾਹਕਾਂ ਨੂੰ ਮਾਲ ਵੇਚਣਾ, ਸਾਰਾ ਕੰਮ ਕਰਨ ਲੱਗਾ। ਸ਼ਾਹੂਕਾਰ ਦੇ ਸੱਤ, ਅੱਠ ਨੌਕਰ ਸੀ, ਉਹ ਸਾਰੇ ਚੱਕਰ ਖਾਣ ਲੱਗੇ ਕਿ ਇਹ ਤਾਂ ਬੜਾ ਹੁਸ਼ਿਆਰ ਬਣ ਗਿਆ ਹੈ। ਸੇਠ ਨੇ ਵੀ ਕੰਮ ਦੇਖਿਆ ਅਤੇ ਤਿੰਨ ਮਹੀਨਿਆਂ ਵਿੱਚ ਉਸ ਨੂੰ ਅੱਧੇ ਮੁਨਾਫ਼ੇ ਦਾ ਸਾਂਝੀਵਾਲ ਬਣਾ ਲਿਆ। ਉਹ ਕੁਝ ਸਮੇਂ ਵਿੱਚ ਹੀ ਨਾਮੀ ਸੇਠ ਬਣ ਗਿਆ ਅਤੇ ਮਾਲਿਕ ਸਾਰਾ ਕਾਰੋਬਾਰ ਛੱਡ ਕੇ ਬਾਹਰ ਚਲਾ ਗਿਆ।

ਪਤਨੀ ਤੇ ਕੀ ਬੀਤੀ ਸੁਣੋ। ਸੱਸ-ਸਹੁਰਾ ਉਸ ਨੂੰ ਦੁੱਖ ਦੇਣ ਲੱਗੇ। ਸਾਰੇ ਘਰ ਦਾ ਕੰਮ ਕਰਾ ਕੇ ਉਸ ਨੂੰ ਲਕੜੀਆਂ ਲੈਣ ਲਈ ਜੰਗਲ ਭੇਜਦੇ। ਘਰ ਦੀਆਂ ਰੋਟੀਆਂ ਦੇ ਆਟੇ ਵਿੱਚੋਂ ਜੌਂ ਛਾਣ-ਬੂਰਾ ਨਿਕਲਦਾ ਉਸ ਦੀ ਰੋਟੀ ਬਣਾ ਕੇ ਦੇ ਦਿੰਦੇ ਅਤੇ ਟੁੱਟੇ ਨਾਰੀਅਲ ਦੀ ਨਾਰੇਲੀ ਵਿੱਚ ਪਾਣੀ ਦਿੰਦੇ। ਇਸ ਤਰ੍ਹਾਂ ਦਿਨ ਬੀਤਦੇ ਰਹੇ।

ਇੱਕ ਦਿਨ ਉਹ ਲਕੜੀਆਂ ਲੈਣ ਜਾ ਰਹੀ ਸੀ ਕਿ ਰਸਤੇ ਵਿੱਚ ਉਸਨੇ ਕਈ ਇਸਤ੍ਰੀਆਂ ਸੰਤੋਸ਼ੀ ਮਾਤਾ ਦਾ ਵਰਤ ਕਰਦੀਆਂ ਦੇਖੀਆਂ। ਉਹ ਉਥੇ ਖੜੀ ਹੋ ਕੇ ਕਥਾ ਸੁਣ ਕੇ ਬੋਲੀ “ਭੈਣੋ! ਇਹ ਤੁਸੀਂ ਕਿਸ ਦੇਵਤਾ ਦੀ ਵਰਤ ਕਰਦੀਆਂ ਹੋ ਅਤੇ ਇਸ ਦੇ ਕਰਨ ਨਾਲ ਕੀ ਫਲ ਮਿਲਦਾ ਹੈ? ਇਸ ਵਰਤ ਦੇ ਕਰਨ ਦਾ ਕੀ ਢੰਗ ਹੈ?” ਉਹਨਾਂ ਵਿੱਚੋਂ ਇੱਕ ਇਸਤ੍ਰੀ ਬੋਲੀ “ਸੁਣੋ! ਇਹ ਸੰਤੋਸ਼ੀ ਮਾਤਾ ਦਾ ਵਰਤ ਹੈ, ਇਸ ਦੇ ਕਰਨ ਨਾਲ ਗਰੀਬੀ, ਦਰਿਦ੍ਰਤਾ ਦਾ ਨਾਸ਼ ਹੁੰਦਾ ਹੈ, ਲਕਸ਼ਮੀ ਆਉਂਦੀ ਹੈ। ਮਨ ਦੀ ਚਿੰਤਾ ਦੂਰ ਹੁੰਦੀ ਹੈ। ਘਰ ਵਿੱਚ ਸੁਖ ਹੋਣ ਨਾਲ ਮਨ ਨੂੰ ਖੁਸ਼ੀ ਅਤੇ ਸ਼ਾਂਤੀ ਮਿਲਦੀ ਹੈ। ਪੁੱਤਰ ਹੀਨ ਨੂੰ ਪੁੱਤਰ ਮਿਲਦਾ ਹੈ, ਪ੍ਰੀਤਮ ਬਾਹਰ ਗਿਆ ਹੋਵੇ ਤਾਂ ਛੇਤੀ ਆਵੇ। ਜੋ ਕੁਝ ਮਨ ਵਿੱਚ ਕਾਮਨਾ ਹੋਵੇ ਉਹ ਸਭ ਇਸ ਸੰਤੋਸ਼ੀ ਮਾਤਾ ਦੀ ਕ੍ਰਿਪਾ ਨਾਲ ਪੂਰੀ ਹੋ ਜਾਵੇ, ਇਸ ਵਿੱਚ ਸ਼ੱਕ ਨਹੀਂ।”

ਉਹ ਪੁੱਛਣ ਲੱਗੀ “ਇਹ ਵਰਤ ਕਿਵੇਂ ਕੀਤਾ ਜਾਵੇ ਇਹ ਵੀ ਦੱਸੋ ਤਾਂ ਬਹੁਤ ਕ੍ਰਿਪਾਲਤਾ ਹੋਵੇਗੀ।” ਇਸਤ੍ਰੀ ਕਹਿਣ ਲੱਗੀ “ਸਵਾ ਆਨੇ ਦਾ ਗੁੜ-ਚਣਾ ਲੈਣਾ। ਇਛਿਆ ਹੋਵੇ ਤਾਂ ਸਵਾ ਪੰਜ ਆਨੇ ਦਾ ਲੈਣਾ ਜਾਂ ਸਵਾ ਰੁਪਏ ਦਾ ਵੀ ਇਛਿਆ ਅਨੁਸਾਰ ਲੈਣਾ। ਬਿਨਾ ਪਰੇਸ਼ਾਨੀ, ਸ਼ਰਧਾ ਅਤੇ ਪ੍ਰੇਮ ਨਾਲ ਜਿੰਨਾਂ ਵੀ ਬਣਾ ਸਕੇ, ਸਵਾਇਆ ਲੈਣਾ। ਸਵਾ ਪੈਸੇ ਤੋਂ ਸਵਾ ਪੰਜ ਆਨੇ ਜਾਂ ਇਸ ਤੋਂ ਵੀ ਜਿਆਦਾ ਸ਼ਕਤੀ ਅਤੇ ਭਗਤੀ ਅਨੁਸਾਰ ਲਓ। ਹਰ ਸੁੱਕਰਵਾਰ ਨੂੰ ਨਿਰਾਹਾਰ ਰਹਿ ਕੇ ਕਥਾ ਕਹਿਣਾ ਜਾਂ ਸੁਣਨਾ, ਲਗਾਤਾਰ ਨਿਯਮ ਪਾਲਣ ਕਰਨਾ। ਜੇਕਰ ਸੁਣਨ ਵਾਲਾ ਕੋਈ ਨਾ ਮਿਲੇ ਤਾਂ ਘਿਓ ਦਾ ਦੀਪਕ ਜਲਾ ਕੇ ਉਸ ਦੇ ਅੱਗੇ ਜਲ ਪਾਤਰ ਰੱਖ ਕੇ ਕਥਾ ਕਹਿਣਾ ਪਰੰਤੂ ਨਿਯਮ ਨਾ ਟੁੱਟੇ। ਜਦੋਂ ਤੱਕ ਕੰਮ ਸਿੱਧ ਨਾ ਹੋਵੇ, ਨਿਯਮ ਦਾ ਪਾਲਣ ਕਰਨਾ ਅਤੇ ਕੰਮ ਸਿੱਧ ਹੋ ਜਾਣ ਤੇ ਵਰਤ ਦਾ ਉਦਯਾਪਨ ਕਰਨਾ। ਤਿੰਨ ਮਹੀਨਿਆਂ ਵਿੱਚ ਮਾਤਾ ਇੱਛਾ ਪੂਰੀ ਕਰਦੀ ਹੈ। ਜੇਕਰ ਕਿਸੇ ਦੇ ਖੋਟੇ ਗ੍ਰਹਿ ਹੋਣ ਤਾਂ ਵੀ ਮਾਤਾ ਸਾਲ ਵਿੱਚ ਕੰਮ ਨੂੰ ਜ਼ਰੂਰ ਸਿੱਧ ਕਰ ਦਿੰਦੀ ਹੈ। ਕੰਮ ਸਿੱਧ ਹੋਣ ਤੇ ਹੀ ਉਦਯਾਪਨ ਕਰਨਾ ਚਾਹੀਦਾ ਹੈ, ਵਿੱਚ ਨਹੀਂ। ਉਦਯਾਪਨ ਵਿੱਚ ਢਾਈ ਸੇਰ ਆਟੇ ਦਾ ਖਾਜਾ, ਏਨੀ ਹੀ ਖੀਰ ਅਤੇ ਚਨੇ ਦੀ ਸਬਜ਼ੀ ਬਣਾ ਕੇ ਅੱਠ ਲੜਕੀਆਂ ਨੂੰ ਭੋਜਨ ਕਰਾਉਣਾ। ਉਸ ਦਿਨ ਘਰ ਵਿੱਚ ਕੋਈ ਖਟਿਆਈ ਨਾ ਖਾਵੇ।”

ਇਹ ਸੁਣ ਕੇ ਬੁੱਢੀ ਦੇ ਲੜਕੇ ਦੀ ਪਤਨੀ ਚਲੀ ਗਈ। ਰਸਤੇ ਵਿੱਚ ਲਕੜੀਆਂ ਵੇਚ ਦਿੱਤੀਆਂ ਅਤੇ ਉਹਨਾਂ ਪੈਸਿਆਂ ਨਾਲ ਗੁੜ-ਚਣਾ ਲੈ ਕੇ ਮਾਤਾ ਦੇ ਵਰਤ ਦੀ ਤਿਆਰੀ ਕਰਕੇ ਅੱਗੇ ਚਲੀ ਅਤੇ ਸਾਹਮਣੇ ਮੰਦਰ ਦੇਖ ਕੇ ਪੁੱਛਣ ਲੱਗੀ “ਇਹ ਮੰਦਰ ਕਿਸ ਦਾ ਹੈ?” ਸਾਰੇ ਕਹਿਣ ਲੱਗੇ “ਇਹ ਸੰਤੋਸ਼ੀ ਮਾਤਾ ਦਾ ਮੰਦਰ ਹੈ” ਇਹ ਸੁਣ ਕੇ ਮਾਤਾ ਦੇ ਮੰਦਰ ਜਾ ਕੇ ਬੇਨਤੀ ਕਰਨ ਲੱਗੀ “ਮਾਂ! ਮੈਂ ਨਿਪਟ ਮੂਰਖ ਹਾਂ” ਮਾਤਾ ਨੂੰ ਦਇਆ ਆਈ ਇਕ ਸੁੱਕਰਵਾਰ ਬੀਤਿਆ ਕਿ ਦੂਸਰੇ ਸੁੱਕਰਵਾਰ ਨੂੰ ਹੀ ਉਸਦੇ ਪਤੀ ਦਾ ਪੱਤਰ ਆਇਆ ਅਤੇ ਤੀਸਰੇ ਸੁੱਕਰਵਾਰ ਨੂੰ ਉਸਦਾ ਭੇਜਿਆ ਹੋਇਆ ਪੈਸਾ ਵੀ ਆ ਪਹੁੰਚਿਆ।

ਇਹ ਵੇਖ ਜੇਠਾਨੀ ਚਿੜ੍ਹਨ ਲੱਗੀ। ਲੜਕੇ ਤਾਹਨੇ ਦੇਣ ਲੱਗੇ “ਕਾਕੀ ਦੇ ਤਾਂ ਹੁਣ ਪੱਤਰ ਆਉਣ ਲੱਗੇ, ਰੁਪਇਆ ਆਉਣ ਲੱਗਾ, ਹੁਣ ਤਾਂ ਕਾਕੀ ਦੀ ਖਾਤਰ ਵੱਧੇਗੀ, ਹੁਣ ਤਾਂ ਕਾਰੀ ਬੁਲਾਉਣ ਤੇ ਵੀ ਨਹੀਂ ਬੋਲੇਗੀ।” ਵਿਚਾਰੀ ਸਰਲਤਾ ਨਾਲ ਕਹਿੰਦੀ “ਭਰਾ! ਪੱਤਰ ਆਵੇ, ਰੁਪਇਆ ਆਵੇ ਤਾਂ ਸਾਰਿਆਂ ਲਈ ਚੰਗਾ ਹੈ।” ਇਹ ਕਹਿ ਕੇ ਅੱਖਾਂ ਵਿੱਚ ਹੰਝੂ ਭਰ ਮਾਤਾ ਦੇ ਮੰਦਰ ਆ ਮਾਤੇਸ਼ਵਰੀ ਦੇ ਚਰਨਾਂ ਵਿੱਚ ਡਿੱਗ ਕੇ ਰੋਣ ਲੱਗੀ “ਮਾਂ! ਮੈਂ ਤੁਹਾਡੇ ਕੋਲੋਂ ਪੈਸਾ ਨਹੀਂ ਮੰਗਿਆ। ਮੈਨੂੰ ਪੈਸੇ ਨਾਲ ਕੀ ਕੰਮ ਹੈ? ਮੈਨੂੰ ਤਾਂ ਆਪਣੇ ਸੁਹਾਗ ਦੀ ਲੋੜ ਹੈ। ਮੈਂ ਤਾਂ ਆਪਣੇ ਸਵਾਮੀ ਦੇ ਦਰਸ਼ਨ ਅਤੇ ਸੇਵਾ ਮੰਗਦੀ ਹਾਂ।” ਫਿਰ ਮਾਤਾ ਨੇ ਪ੍ਰਸੰਨ ਹੋ ਕੇ ਕਿਹਾ “ਜਾ ਪੁਤਰੀ! ਤੇਰਾ ਸਵਾਮੀ ਆਵੇਗਾ।” ਇਹ ਸੁਣ ਕੇ ਖੁਸ਼ੀ ਨਾਲ ਬਾਵਲੀ ਹੋ ਘਰ ਵਿੱਚ ਜਾ ਕੇ ਕੰਮ ਕਰਨ ਲੱਗੀ। ਫਿਰ ਸੰਤੋਸ਼ੀ ਮਾਂ ਵਿਚਾਰ ਕਰਨ ਲੱਗੀ ਇਸ ਭੋਲੀ ਪੁਤਰੀ ਨੂੰ ਮੈਂ ਕਹਿ ਤਾਂ ਦਿੱਤਾ ਤੇਰਾ ਪਤੀ ਆਵੇਗਾ, ਪਰ ਆਵੇਗਾ ਕਿੱਥੋਂ? ਉਹ ਤਾਂ ਸੁਪਨੇ ਵਿੱਚ ਵੀ ਇਸ ਨੂੰ ਯਾਦ ਨਹੀਂ ਕਰਦਾ। ਉਸ ਨੂੰ ਯਾਦ ਦਿਵਾਉਣ ਲਈ ਮੈਨੂੰ ਜਾਣਾ ਪਵੇਗਾ।

ਇਸ ਤਰ੍ਹਾਂ ਮਾਤਾ ਬੁੱਢੀ ਦੇ ਪੁੱਤਰ ਕੋਲ ਜਾ ਕੇ ਸੁਪਨੇ ਵਿੱਚ ਪ੍ਰਗਟ ਹੋ ਕਹਿਣ ਲੱਗੀ “ਸ਼ਾਹੂਕਾਰ ਦੇ ਪੁੱਤਰ! ਸੋਂਦਾ ਹੈਂ ਜਾਂ ਜਾਗਦਾ ਹੈਂ?” ਉਹ ਬੋਲਿਆ “ਮਾਤਾ ਸੋਂਦਾ ਵੀ ਨਹੀਂ ਹਾਂ, ਜਾਗਦਾ ਵੀ ਨਹੀਂ, ਵਿਚਕਾਰ ਹੀ ਹਾਂ, ਕਹੋ ਕੀ ਆਗਿਆ ਹੈ?”  ਮਾਂ ਕਹਿਣ ਲੱਗੀ “ਤੇਰਾ ਘਰ ਬਾਰ ਕੋਈ ਹੈ ਜਾਂ ਨਹੀਂ?” ਉਹ ਕਹਿਣ ਲੱਗਾ “ਮੇਰਾ ਸਭ ਕੁਝ ਹੈ ਮਾਤਾ। ਮਾਂ-ਬਾਪ, ਭਰਾ-ਭੈਣ, ਪਤਨੀ, ਕੀ ਕਮੀ ਹੈ?” ਮਾਂ ਬੋਲੀ “ਭੋਲੇ ਪੁੱਤਰ! ਤੇਰੀ ਇਸਤ੍ਰੀ ਬਹੁਤ ਦੁਖੀ ਹੈ ਮਾਂ-ਬਾਪ ਉਸ ਨੂੰ ਦੁੱਖ ਦੇ ਰਹੇ ਹਨ, ਉਹ ਤੇਰੇ ਲਈ ਤਰਸ ਰਹੀ ਹੈ।” ਉਹ ਕਹਿਣ ਲੱਗਾ “ਹਾਂ ਮਾਤਾ! ਇਹ ਤਾਂ ਮੈਨੂੰ ਪਤਾ ਹੈ ਪਰ ਮੈਂ ਜਾਵਾਂ ਤਾਂ ਜਾਵਾਂ ਕਿਵੇਂ? ਪ੍ਰਦੇਸ਼ ਹੈ, ਲੈਣ-ਦੇਣ ਦਾ ਕੋਈ ਹਿਸਾਬ ਨਹੀਂ, ਕੋਈ ਜਾਣ ਦਾ ਰਸਤਾ ਨਜ਼ਰ ਹੀ ਨਹੀਂ ਆਉਂਦਾ, ਕਿਵੇਂ ਚਲਾ ਜਾਵਾਂ?” ਮਾਂ ਕਹਿਣ ਲੱਗੀ “ ਮੇਰੀ ਗੱਲ ਮੰਨ, ਸਵੇਰੇ ਇਸ਼ਨਾਨ ਕਰਕੇ ਮਾਤਾ ਦਾ ਨਾਂ ਲੈ ਕੇ, ਘਿਓ ਦਾ ਦੀਪਕ ਜਗਾ ਕੇ ਦੁਕਾਨ ਤੇ ਜਾ ਬੈਠ, ਦੇਖਦੇ ਦੇਖਦੇ ਤੇਰਾ ਸਾਰਾ ਲੈਣ-ਦੇਣ ਹੋ ਜਾਵੇਗਾ, ਜਮ੍ਹਾ ਮਾਲ ਵਿਕ ਜਾਵੇਗਾ, ਸ਼ਾਮ ਹੁੰਦੇ ਹੀ ਧਨ ਦਾ ਢੇਰ ਲੱਗ ਜਾਵੇਗਾ।

ਸਵੇਰੇ ਉਠ ਕੇ ਉਹ ਆਪਣਾ ਸੁਪਨਾ ਲੋਕਾਂ ਨੂੰ ਸੁਣਾਉਣ ਲੱਗਾ ਤਾਂ ਲੋਕਾਂ ਨੇ ਉਸਦਾ ਮਜ਼ਾਕ ਉਡਾਇਆ ਅਤੇ ਕਹਿਣ ਲੱਗੇ – ਕਦੀ ਸੁਫ਼ਨੇ ਵੀ ਸੱਚ ਹੁੰਦੇ ਹਨ। ਇਕ ਬੁੱਢਾ ਕਹਿਣ ਲੱਗਾ – ਦੇਖ ਭਰਾ ! ਮੇਰੀ ਗੱਲ ਮੰਨ, ਇਸ ਤਰ੍ਹਾਂ ਸੱਚ ਝੂਠ ਕਰਨ ਦੇ ਬਦਲੇ ਦੇਵਤੇ ਨੇ ਜਿਵੇਂ ਕਿਹਾ ਹੈ, ਉਸ ਤਰ੍ਹਾਂ ਕਰਨ ਨਾਲ ਤੇਰਾ ਕੀ ਨੁਕਸਾਨ ਹੈ, ਫਿਰ ਬੁੱਢੇ ਦੀ ਗੱਲ ਮੰਨ ਕੇ ਇਸ਼ਨਾਨ ਕਰਨ ਤੋਂ ਬਾਅਦ ਸੰਤੋਸ਼ੀ ਮਾਤਾ ਦਾ ਨਾਂ ਲੈ ਕੇ ਘਿਓ ਦਾ ਦੀਪਕ ਜਗਾਇਆ ਤੇ ਦੁਕਾਨ ਤੇ ਜਾ ਬੈਠਾ। ਥੋੜੀ ਦੇਰ ਵਿੱਚ ਉਹ ਕੀ ਦੇਖਦਾ ਹੈ ਕਿ ਦੇਣ ਵਾਲੇ ਰੁਪਇਆ ਲਿਆਏ, ਲੈਣ ਵਾਲੇ ਹਿਸਾਬ ਲੈਣ ਲੱਗੇ, ਸ਼ਾਮ ਤੱਕ ਸਾਰਾ ਮਾਲ ਵਿਕ ਗਿਆ ਅਤੇ ਧਨ ਦਾ ਢੇਰ ਲੱਗ ਗਿਆ। ਮਾਤਾ ਦਾ ਚਮਤਕਾਰ ਵੇਖ, ਬਹੁਤ ਖੁਸ਼ ਹੋਇਆ। ਫਿਰ ਘਰ ਲੈ ਜਾਣ ਲਈ ਗਹਿਣਾ, ਕੱਪੜਾ ਅਤੇ ਸਮਾਨ ਖਰੀਦਣ ਲੱਗ ਗਿਆ। ਉਥੋਂ ਦੇ ਕੰਮ ਖਤਮ ਕਰਕੇ ਘਰ ਨੂੰ ਚਲ ਪਿਆ।

ਉਧਰ ਉਸਦੀ ਪਤਨੀ ਜੰਗਲ ਵਿੱਚ ਲਕੜੀਆਂ ਲੈਣ ਜਾਂਦੀ ਹੈ, ਵਾਪਿਸ ਆਉਂਦੀ ਮਾਤਾ ਜੀ ਦੇ ਮੰਦਰ ਰੁਕਦੀ ਹੈ। ਦੂਰ ਤੋਂ ਧੂੜ ਉੜਦੀ ਦੇਖ ਕੇ ਮਾਤਾ ਜੀ ਤੋਂ ਪੁੱਛਦੀ ਹੈ – ਹੇ ਮਾਤਾ ! ਇਹ ਧੂੜ ਕਿਸ ਤਰ੍ਹਾਂ ਉੱਡ ਰਹੀ ਹੈ, ਮਾਂ ਕਹਿੰਦੀ ਹੈ – ਪੁਤਰੀ ! ਇਹ ਤੇਰਾ ਪਤੀ ਆ ਰਿਹਾ ਹੈ। ਹੁਣ ਤੂੰ ਇਸ ਤਰ੍ਹਾਂ ਕਰ, ਲਕੜੀਆਂ ਦੇ ਤਿੰਨ ਗੱਠੇ ਬਣਾ ਲੈ, ਇਕ ਨਦੀ ਦੇ ਕਿਨਾਰੇ ਰੱਖ, ਦੂਸਰਾ ਮੇਰੇ ਮੰਦਰ ਤੇ ਤੀਸਰਾ ਆਪਣੇ ਸਿਰ ਤੇ ਰੱਖ। ਤੇਰੇ ਪਤੀ ਨੂੰ ਲਕੜੀਆਂ ਦਾ ਗੱਠਾ ਵੇਖ ਕੇ ਮੋਹ ਪੈਦਾ ਹੋਵੇਗਾ। ਉਹ ਇਥੇ ਰੁਕੇਗਾ, ਨਾਸ਼ਤਾ ਪਾਣੀ ਬਣਾ ਖਾ ਕੇ ਮਾਂ ਨੂੰ ਮਿਲਣ ਜਾਵੇਗਾ। ਫਿਰ ਤੂੰ ਲਕੜੀਆਂ ਦਾ ਗੱਠਾ ਲੈ ਕੇ ਜਾਵੀਂ ਅਤੇ ਵਿਹੜੇ ਵਿੱਚ ਗੱਠਾ ਰੱਖ ਕੇ ਤਿੰਨ ਆਵਾਜਾਂ ਜੋਰ ਨਾਲ ਲਗਾਈਂ – ਲਓ ਸੱਸ ਜੀ, ਲਕੜੀਆਂ ਦਾ ਗੱਠਾ ਲਓ, ਭੂਸੀ ਦੀ ਰੋਟੀ ਦਿਓ ਅਤੇ ਨਾਰੀਅਲ ਦੇ ਖੋਪੜੇ ਵਿੱਚ ਪਾਣੀ ਦਿਓ, ਅੱਜ ਕੌਣ ਮਹਿਮਾਨ ਆਇਆ ਹੈ। ਬਹੁਤ ਅੱਛਾ ਮਾਤਾ ਜੀ! ਬਹੁਤ ਚੰਗਾ ਕਹਿ ਕੇ ਉਹ ਪ੍ਰਸੰਨ ਮਨ ਹੋ ਕੇ ਤਿੰਨ ਲਕੜੀਆਂ ਦੇ ਗੱਠੇ ਲੈ ਆਈ।

ਇਕ ਨਦੀ ਕਿਨਾਰੇ, ਇਕ ਮਾਤਾ ਦੇ ਮੰਦਰ ਰੱਖਿਆ, ਏਨੇ ਵਿੱਚ ਹੀ ਇਕ ਮੁਸਾਫ਼ਿਰ ਆ ਪਹੁੰਚਿਆ। ਸੁੱਕੀ ਲਕੜੀ ਦੇਖ ਉਸ ਦੀ ਇਛਿਆ ਹੋਈ ਕਿ ਭੋਜਨ ਬਣਾ-ਖਾ ਕੇ ਹੀ ਪਿੰਡ ਜਾਂਦਾ ਹਾਂ। ਇਸ ਪ੍ਰਕਾਰ ਭੋਜਨ ਬਣਾ-ਖਾ ਕੇ ਉਹ ਪਿੰਡ ਚਲਾ ਗਿਆ। ਸਾਰਿਆਂ ਨੂੰ ਪ੍ਰੇਮ ਨਾਲ ਮਿਲਿਆ। ਉਸ ਸਮੇਂ ਉਸ ਦੀ ਪਤਨੀ ਸਿਰ ਤੇ ਲਕੜੀਆਂ ਦਾ ਗੱਠਾ ਲੈ ਕੇ ਆਉਂਦੀ ਹੈ। ਲਕੜੀਆਂ ਦਾ ਭਾਰਾ ਗੱਠਾ ਵਿਹੜੇ ਵਿਚ ਰੱਖ ਕੇ ਜੋਰ ਨਾਲ ਤਿੰਨ ਆਵਾਜਾਂ ਦਿੰਦੀ ਹੈ – ਲਓ ਸੱਸ ਜੀ ! ਲਕੜੀਆਂ ਦਾ ਗੱਠਾ ਲਓ, ਭੂਸੀ ਦੀ ਰੋਟੀ ਦਿਓ, ਨਾਰੀਅਲ ਦੇ ਖੋਪੜੇ ਵਿੱਚ ਪਾਣੀ ਦਿਓ. ਅੱਜ ਕੌਣ ਮਹਿਮਾਨ ਆਇਆ ਹੈ। ਇਹ ਸੁਣ ਕੇ ਉਸ ਦੀ ਸੱਸ ਕਹਿੰਦੀ ਹੈ – ਬਹੂ ! ਇਸ ਤਰ੍ਹਾਂ ਕਿਉਂ ਕਹਿੰਦੀ ਹੈਂ, ਤੇਰਾ ਪਤੀ ਹੀ ਤਾਂ ਆਇਆ ਹੈ। ਆ ਬੈਠ, ਭੋਜਨ ਕਰ ਕਪੜੇ-ਗਹਿਣੇ ਪਾ। ਇਹ ਆਵਾਜ ਸੁਣ ਕੇ ਉਸਦਾ ਸਵਾਮੀ ਬਾਹਰ ਆਉਂਦਾ ਹੈ ਅਤੇ ਅੰਗੂਠੀ ਵੇਖ ਕੇ ਵਿਆਕੁਲ ਹੋ ਜਾਂਦਾ ਹੈ। ਮਾਂ ਨੂੰ ਪੁੱਛਦਾ ਹੈ – ਇਹ ਕੌਣ ਹੈ। ਮਾਂ ਕਹਿੰਦੀ ਹੈ – ਪੁੱਤਰ, ਇਹ ਤੇਰੀ ਪਤਨੀ ਹੈ, ਅੱਜ 12 ਸਾਲ ਹੋ ਗਏ ਹਨ, ਜਦੋਂ ਤੋਂ ਤੂੰ ਗਿਆ ਹੈਂਸ ਉਦੋਂ ਤੋਂ ਸਾਰੇ ਪਿੰਡ ਵਿਚ ਜਾਨਵਰ ਦੀ ਤਰ੍ਹਾਂ ਭਟਕਦੀ ਫਿਰਦੀ ਹੈ। ਘਰ ਦਾ ਕੰਮ-ਕਾਜ ਕਰਦੀ ਨਹੀਂ, ਚਾਰ ਸਮੇਂ ਆ ਕੇ ਖਾ ਜਾਂਦੀ ਹੈ। ਹੁਣ ਤੈਨੂੰ ਦੇਖ ਕੇ ਭੂਸੀ ਦੀ ਰੋਟੀ ਅਤੇ ਨਾਰੀਅਲ ਦੇ ਖੋਪੜੇ ਵਿੱਚ ਪਾਣੀ ਮੰਗਦੀ ਹੈ।

ਉਹ ਸ਼ਰਮਿੰਦਾ ਹੋ ਕੇ ਕਹਿਣ ਲੱਗਾ, ਠੀਕ ਹੈ ਮਾਂ ! ਮੈਂ ਇਸ ਨੂੰ ਵੀ ਦੇਖਿਆ ਹੈ ਅਤੇ ਤੁਹਾਨੂੰ ਵੀ ਦੇਖਿਆ ਹੈ। ਹੁਣ ਮੈਨੂੰ ਦੂਸਰੇ ਘਰ ਦੀਆਂ ਚਾਬੀ ਦਿਓ ਤਾਂ ਜੋ ਮੈਂ ਉਸ ਵਿੱਚ ਰਹਾਂ। ਫੇਰ ਮਾਂ ਬੋਲੀ – ਠੀਕ ਹੈ ਪੁੱਤਰ, ਜਿਸ ਤਰਾਂ ਤੇਰੀ ਮਰਜ਼ੀ। ਇਹ ਕਹਿ ਕੇ ਚਾਬੀਆਂ ਦਾ ਗੁੱਛਾ ਉਸਦੇ ਅੱਗੇ ਸੁੱਟ ਦਿੱਤਾ। ਉਸਨੇ ਚਾਬੀਆਂ ਚੁੱਕੀਆਂ ਅਤੇ ਤੀਸਰੀ ਮੰਜ਼ਲ ਦਾ ਕਮਰਾ ਖੋਲ੍ਹ ਕੇ ਸਾਰਾ ਸਾਮਾਨ ਸਜਾ ਦਿੱਤਾ। ਇੱਕ ਦਿਨ ਵਿਚ ਹੀ ਉਥੇ ਰਾਜਾ ਦੇ ਮਹਿਲ ਵਰਗਾ ਠਾਠ ਬਾਠ ਬਣ ਗਿਆ। ਉਹ ਦੋਨੋਂ ਸੁਖੀ ਪੂਰਵਕ ਰਹਿਣ ਲੱਗੇ।

ਏਨੇ ਵਿਚ ਅਗਲਾ ਸੁੱਕਰਵਾਰ ਆਇਆ। ਉਸ ਨੇ ਪਤੀ ਨੂੰ ਕਿਹਾ – ਮੈਂ ਸੰਤੋਸ਼ੀ ਮਾਤਾ ਦੇ ਵਰਤ ਦਾ ਉਦਯਾਪਨ ਕਰਨਾ ਹੈ। ਪਤੀ ਕਹਿਣ ਲੱਗਾ – ਬਹੁਤ ਚੰਗਾ, ਖੁਸ਼ੀ ਨਾਲ ਕਰੋ। ਉਹ ਤੁਰੰਤ ਹੀ ਉਦਯਾਪਨ ਦੀ ਤਿਆਰੀ ਕਰਨ ਲੱਗੀ। ਜੇਠ ਦੇ ਲੜਕਿਆਂ ਨੂੰ ਭੋਜਨ ਦੇ ਲਈ ਕਹਿਣ ਗਈ। ਉਸ ਨੇ ਮਨਜ਼ੂਰ ਕੀਤਾ, ਪਰੰਤੂ ਜੇਠਾਨੀ ਆਪਣੇ ਬੱਚਿਆਂ ਨੂੰ ਸਿਖਾਉਂਦੀ ਹੈ – ਦੇਖੋ ਬਚਿਓ ! ਭੋਜਨ ਦੇ ਸਮੇਂ ਸਭ ਖਟਿਆਈ ਮੰਗਣਾ, ਜਿਸ ਨਾਲ ਉਸਦਾ ਉਦਯਾਪਨ ਪੂਰਾ ਨਾ ਹੋਵੇ। ਲੜਕੇ ਜੀਮਨੇ ਆਏ, ਖੀਰ ਪੇਟ ਭਰ ਕੇ ਖਾਧੀ। ਪਰੰਤੂ ਯਾਦ ਆਉਂਦੇ ਹੀ ਕਹਿਣ ਲੱਗੇ, ਸਾਨੂੰ ਖਟਿਆਈ ਦਿਓ, ਖੀਰ ਖਾਣਾ ਸਾਨੂੰ ਚੰਗਾ ਨਹੀਂ ਲੱਗਦਾ। ਬਹੂ ਕਹਿਣ ਲੱਗੀ – ਖਟਿਆਈ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ, ਇਹ ਤਾਂ ਸੰਤੋਸ਼ੀ ਮਾਤਾ ਦਾ ਪ੍ਰਸਾਦ ਹੈ। ਲੜਕੇ ਖੜ੍ਹੇ ਹੋ ਗਏ, ਕਹਿਣ ਲੱਗੇ ਪੈਸੇ ਲਿਆਓ। ਉਹ ਭੋਲੀ ਜਾਣਦੀ ਨਹੀਂ ਸੀ, ਉਨ੍ਹਾਂ ਨੂੰ ਪੈਸੇ ਦੇ ਦਿੱਤੇ। ਲੜਕੇ ਪੈਸਿਆਂ ਦੀ ਇਮਲੀ ਲਿਆ ਕੇ ਖਾਣ ਲੱਗੇ।

ਇਹ ਦੇਖ ਕੇ ਮਾਤਾ ਜੀ ਨੇ ਬਹੂ ਤੇ ਕ੍ਰੋਧ ਕੀਤਾ। ਰਾਜਾ ਦੇ ਦੂਤ ਉਸਦੇ ਪਤੀ ਨੂੰ ਫੜ ਕੇ ਲੈ ਗਏ। ਜੇਠ-ਜੇਠਾਨੀ ਮਨ ਮਾਨੇ ਖੋਟੇ ਬਚਨ ਕਹਿਣ ਲੱਗੇ, ਲੁੱਟ-ਲੁੱਟ ਕੇ ਧਨ ਇਕੱਠਾ ਕਰ ਲਿਆ ਸੀ। ਹੁਣ ਸਭ ਪਤਾ ਲੱਗ ਜਾਵੇਗਾ, ਜਦੋਂ ਜੇਲ੍ਹ ਦੀ ਹਵਾ ਖਾਏਗਾ। ਬਹੂ ਕੋਲੋਂ ਇਹ ਬਚਨ ਸਹਿਣ ਨਾ ਹੋਏ। ਰੋਂਦੀ ਰੋਂਦੀ ਮਾਤਾ ਦੇ ਮੰਦਰ ਆ ਗਈ। ਹੇ ਮਾਤਾ ! ਤੂੰ ਇਹ ਕੀ ਕੀਤਾ। ਮਾਤਾ ਬੋਲੀ – ਪੁਤਰੀ ਤੂੰ ਮੇਰਾ ਵਰਤ ਭੰਗ ਕੀਤਾ ਹੈ, ਏਨੀ ਛੇਤੀ ਸਭ ਗੱਲਾਂ ਭੁਲਾ ਦਿੱਤੀਆਂ ਉਹ ਕਹਿਣ ਲੱਗੀ- ਮਾਤਾ ! ਭੁੱਲੀ ਤਾਂ ਨਹੀਂ ਹੋਈ, ਨਾ ਕਦੀ ਕੋਈ ਅਪਰਾਧ ਕੀਤਾ ਹੈ, ਮੈਨੂੰ ਤਾਂ ਲੜਕਿਆਂ ਨੇ ਭੁੱਲ ਵਿੱਚ ਪਾ ਦਿੱਤਾ। ਮੈਂ ਭੁੱਲ ਨਾਲ ਉਹਨਾਂ ਨੂੰ ਪੈਸੇ ਦੇ ਦਿੱਤੇ, ਮੈਨੂੰ ਮਾਫ਼ ਕਰੋ। ਮਾਂ ਬੋਲੀ – ਇਹ ਵੀ ਭੁੱਲ ਹੁੰਦੀ ਹੈ। ਉਹ ਬੋਲੀ ਮੈਨੂੰ ਮਾਫ਼ ਕਰ ਦਿਓ, ਮੈਂ ਫਿਰ ਤੁਹਾਡਾ ਉਦਯਾਪਨ ਕਰਾਂਗੀ। ਮਾਂ ਬੋਲੀ – ਹੁਣ ਭੁੱਲ ਨਾ ਕਰਨਾਂ। ਉਹ ਬੋਲੀ – ਹੁਣ ਭੁੱਲ ਨਾ ਹੋਵੇਗੀ ਪਰ ਮਾਂ, ਹੁਣ ਦੱਸੋ ਉਹ ਕਿਸ ਤਰ੍ਹਾਂ ਆਉਣਗੇ। ਮਾਂ ਬੋਲੀ – ਜਾ ਪੁਤਰੀ ਤੇਰਾ ਮਾਲਿਕ ਤੈਨੂੰ ਰਸਤੇ ਵਿੱਚ ਹੀ ਆਉਂਦਾ ਮਿਲੇਗਾ।

ਉਹ ਘਰ ਨੂੰ ਗਈ, ਰਸਤੇ ਵਿੱਚ ਪਤੀ ਆਉਂਦਾ ਮਿਲਿਆ। ਉਸਨੇ ਪੁੱਛਿਆ – ਤੁਸੀਂ ਕਿਥੇ ਗਏ ਸੀ, ਤਾਂ ਉਹ ਕਹਿਣ ਲੱਗਾ – ਏਨਾ ਧਨ ਕਮਾਇਆ ਹੈ ਉਸ ਦਾ ਟੈਕਸ ਰਾਜਾ ਨੇ ਮੰਗਿਆ ਸੀ, ਉਹ ਭਰਨ ਗਿਆ ਸੀ। ਉਹ ਖੁਸ਼ ਹੋ ਕੇ ਬੋਲੀ, ਚੰਗਾ ਹੋਇਆ ਹੁਣ ਘਰ ਨੂੰ ਚਲੋ। ਕੁਝ ਦਿਨ ਬਾਅਦ ਫਿਰ ਸੁੱਕਰਵਾਰ ਆਇਆ। ਉਹ ਬੋਲੀ – ਮੈਂ ਵਰਤ ਦਾ ਉਦਯਾਪਨ ਕਰਨਾ ਹੈ। ਪਤੀ ਨੇ ਕਿਹਾ – ਕਰੋ। ਉਹ ਫਿਰ ਜੇਠ ਦੇ ਲੜਕਿਆਂ ਨੂੰ ਭੋਜਨ ਲਈ ਕਹਿਣ ਗਈ। ਜੇਠਾਨੀ ਨੇ ਇਕ ਦੋ ਗੱਲਾਂ ਸੁਣਾਈਆਂ ਅਤੇ ਲੜਕਿਆਂ ਨੂੰ ਸਿਖਾ ਦਿੱਤਾ ਕਿ ਤੁਸੀਂ ਪਹਿਲਾਂ ਹੀ ਖਟਾਈ ਮੰਗਣਾ। ਲੜਕੇ ਜਦੋਂ ਖਾਣਾ ਖਾਣ ਆਏ ਤਾਂ ਕਹਿਣ ਲੱਗੇ – ਸਾਨੂੰ ਖੀਰ ਖਾਣਾ ਚੰਗਾ ਨਹੀਂ ਲਗਦਾ, ਖਟਿਆਈ ਖਾਣ ਲਈ ਦਿਓ। ਉਹ ਬੋਲੀ – ਖਟਿਆਈ ਖਾਣ ਲਈ ਨਹੀਂ ਮਿਲੇਗੀ, ਖਾਣਾ ਹੈ ਤਾਂ ਖਾਓ। ਇਹ ਕਹਿ ਕੇ ਉਹ ਬ੍ਰਾਹਮਣਾਂ ਦੇ ਲੜਕੇ ਬੁਲਾ ਕੇ ਉਨ੍ਹਾਂ ਨੂੰ ਭੋਜਨ ਕਰਾਉਣ ਲੱਗੀ। ਦੱਛਣਾ ਦੀ ਜਗ੍ਹਾ ਇਕ -ਇਕ ਫਲ ਉਹਨਾਂ ਨੂੰ ਦਿੱਤਾ। ਇਸ ਨਾਲ ਸੰਤੋਸ਼ੀ ਮਾਤਾ ਪ੍ਰਸੰਨ ਹੋਈ।

ਮਾਤਾ ਦੀ ਕ੍ਰਿਪਾ ਨਾਲ ਉਸ ਦੇ ਨੌ ਮਹੀਨਿਆਂ ਬਾਅਦ ਸੁੰਦਰ ਪੁੱਤਰ ਹੋਇਆ। ਪੁੱਤਰ ਨੂੰ ਲੈ ਕੇ ਹਰ ਰੋਜ ਮਾਤਾ ਦੇ ਮੰਦਰ ਨੂੰ ਜਾਣ ਲੱਗੀ। ਮਾਂ ਨੇ ਸੋਚਿਆ ਕਿ ਇਹ ਹਰ ਰੋਜ ਆਉਂਦੀ ਹੈ, ਅੱਜ ਕਿਉਂ ਨਾ ਮੈਂ ਇਸ ਦੇ ਘਰ ਜਾਵਾਂ। ਇਸ ਦਾ ਆਸਰਾ ਦੇਖਾਂ ਤਾਂ ਸਹੀ। ਇਹ ਵਿਚਾਰ ਕਰਕੇ ਮਾਤਾ ਨੇ ਭਿਆਨਕ ਰੂਪ ਬਣਾਇਆ। ਗੁੜ ਅਤੇ ਚਨੇ ਨਾਲ ਲਿੱਬੜਿਆ ਮੂੰਹ, ਉੱਪਰ ਨੂੰ ਸੁੰਡ ਦੇ ਵਾਂਗ ਹੋਂਠ ਉਸ ਤੇ ਮੱਖੀਆਂ ਭਿੰਨ ਭਿੰਨ ਕਰ ਰਹੀਆਂ ਸਨ। ਦੇਹਲੀਜ਼ ਤੇ ਪੈਰ ਰੱਖਦਿਆਂ ਹੀ ਉਸ ਦੀ ਸੱਸ ਨੇ ਰੌਲਾ ਪਾਇਆ – ਦੇਖੋ ਵੇ ਕੋਈ ਚੁੜੇਲ ਡਾਇਣ ਆ ਰਹੀ ਹੈ। ਲੜਕੇ ਡਰ ਨਾਲ ਖਿੜਕੀਆਂ ਬੰਦ ਕਰਨ ਲੱਗੇ। ਬਹੂ ਰੋਸ਼ਨ ਦਾਨ ਵਿੱਚੋਂ ਦੇਖ ਰਹੀ ਸੀ ਅਤੇ ਪ੍ਰਸੰਨਤਾ ਨਾਲ ਕਹਿਣ ਲੱਗੀ, ਅੱਜ ਮੇਰੀ ਮਾਤਾ ਮੇਰੇ ਘਰ ਆਈ ਹੈ। ਇਹ ਕਹਿ ਕੇ ਬੱਚੇ ਨੂੰ ਦੁੱਧ ਪੀਣ ਤੋਂ ਹਟਾਉਂਦੀ ਹੈ। ਏਨੇ ਨੂੰ ਸੱਸ ਨੂੰ ਕ੍ਰੋਧ ਚੜ੍ਹ ਗਿਆ। ਬੋਲੀ – ਰਾਂਡ ! ਇਸ ਨੂੰ ਦੇਖ ਕੇ ਕਿਸ ਤਰ੍ਹਾਂ ਉਤਾਵਲੀ ਹੋਈ ਹੈ, ਜੋ ਬੱਚੇ ਨੂੰ ਸੁੱਟ ਦਿੱਤਾ। ਏਨੇ ਵਿੱਚ ਮਾਂ ਦੇ ਪ੍ਰਤਾਪ ਨਾਲ ਜਿਥੇ ਦੇਖੋ ਉਥੇ ਲੜਕੇ ਹੀ ਲੜਕੇ ਨਜ਼ਰ ਆਉਣ ਲੱਗੇ। ਉਹ ਬੋਲੀ – ਮਾਂ ਜੀ, ਮੈਂ ਜਿਸ ਦਾ ਵਰਤ ਕਰਦੀ ਹਾਂ ਇਹ ਉਹ ਸੰਤੋਸ਼ੀ ਮਾਤਾ ਹੈ। ਏਨਾ ਕਹਿ ਕੇ ਝੱਟ ਸਾਰੇ ਘਰ ਦੇ ਦਰਵਾਜ਼ੇ ਖੋਲ੍ਹ ਦਿੰਦੀ ਹੈ। ਸਾਰਿਆਂ ਨੇ ਮਾਤਾ ਦੇ ਚਰਨ ਫੜ ਲਏ ਅਤੇ ਬੇਨਤੀ ਕਰ ਕੇ ਕਹਿਣ ਲੱਗੇ – ਹੇ ਮਾਤਾ ! ਅਸੀਂ ਮੂਰਖ ਹਾਂ ਪਾਪੀ ਹਾਂ। ਤੁਹਾਡੇ ਵਰਤ ਦਾ ਢੰਗ ਅਸੀਂ ਨਹੀਂ ਜਾਣਦੇ, ਤੁਹਾਡੇ ਵਰਤ ਭੰਗ ਕਰਕੇ ਅਸੀਂ ਬਹੁਤ ਅਪਰਾਧ ਕੀਤਾ ਹੈ। ਹੇ ਮਾਤਾ – ਤੁਸੀਂ ਸਾਡਾ ਅਪਰਾਧ ਮਾਫ ਕਰੋ। ਇਸ ਪ੍ਰਕਾਰ ਮਾਤਾ ਪ੍ਰਸੰਨ ਹੋਈ।

ਹੇ ਮਾਤਾ ! ਪ੍ਰਸੰਨ ਹੋ ਕੇ ਜਿਸ ਤਰ੍ਹਾਂ ਦਾ ਫਲ ਬਹੂ ਨੂੰ ਦਿੱਤਾ, ਉਸ ਤਰ੍ਹਾਂ ਸਭ ਨੂੰ ਦੇਵੋ। ਜੋ ਇਹ ਕਥਾ ਪੜ੍ਹੇ ਜਾਂ ਸੁਣੇ ਉਸਦਾ ਮਨੋਰਥ ਪੂਰਨ ਹੋਵੇ। ਬੋਲੋ ਸੰਤੋਸ਼ੀ ਮਾਤਾ ਦੀ ਜੈ।

ਸ਼੍ਰੀ ਸੰਤੋਸ਼ੀ ਮਾਤਾ ਜੀ ਕੀ ਆਰਤੀ

ਜੈ ਸੰਤੋਸ਼ੀ ਮਾਤਾ ਜੈ ਸੰਤੋਸ਼ੀ ਮਾਤਾ। ਆਪਨੇ ਸੇਵਕ ਜਨ ਕੋ ਸੁਖ ਸੰਪਤੀ ਦਾਤਾ।। ਜੈ।।
ਸੁੰਦਰ ਚੀਰ ਸੁਨਹਿਰੀ ਮਾਂ ਧਾਰਨ ਕੀਨ੍ਹੋਂ। ਹੀਰਾ ਪੰਨਾ ਦਮਕੇ ਤਨ ਸ਼ਿੰਗਾਰ ਲੀਨ੍ਹੋਂ।। ਜੈ।।
ਗੈਰੂ ਲਾਲ ਛਟਾ ਛਵਿ ਬਦਨ ਕਮਲ ਸੋਹੇ। ਮੰਦ ਹਸਤ ਕਰੁਣਾਮਈ ਤ੍ਰਿਭੁਵਨ ਮਨ ਮੋਹੇ।। ਜੈ।।
ਸਵਰਨ ਸਿੰਘਾਸਣ ਬੈਠੀ ਚੰਵਰ ਢੁਰੇ ਪਿਆਰੇ। ਧੂਪ ਦੀਪ ਮਧੁ ਮੇਵਾ ਭੋਗ ਧਰੇ ਨਿਆਰੇ।। ਜੈ।।
ਗੁੜ ਔਰ ਚਣਾ ਪਰਮ ਪ੍ਰਿਯ ਤਾਮੇਂ ਸੰਤੋਸ਼ ਕੀਓ। ਸੰਤੋਸ਼ੀ ਕਹਿਲਾਈ ਭਗਤਨ ਵਿਭਵ ਦੀਓ।। ਜੈ।।
ਸੁੱਕਰਵਾਰ ਪ੍ਰਿਯ ਮਾਨਤ ਆਜ ਦਿਵਸ ਸੋਹੀ। ਭਗਤ ਮੰਡਲੀ ਛਾਈ ਕਥਾ ਸੁਨਤ ਮੋਹੀ।। ਜੈ।।
ਮੰਦਰ ਜਗ ਮਗ ਜੋਤੀ ਮੰਗਲ ਧਵਨੀ ਛਾਈ। ਵਿਨਯ ਕਰੇਂ ਹਮ ਬਾਲਕ ਚਰਨ ਸਿਰਨਾਈ।।ਜੈ।।
ਭਗਤੀ ਭਾਵ ਮਯ ਪੂਜਾ, ਅੰਗੀਕ੍ਰਿਤ ਕੀਜੈ। ਜੋ ਮਨ ਬਸੈ ਹਮਾਰੇ ਇੱਛਾ ਫਲ ਦੀਜੈ।। ਜੈ।।
ਦੁਖੀ, ਦਰਿਦ੍ਰੀ, ਰੋਗੀ, ਸੰਕਟ ਮੁਕਤ ਕੀਏ। ਬਹੁ ਧਨ-ਧਾਨਯ ਭਰੇ ਅਰ ਸੁਖ ਸੌਭਾਗਯ ਦੀਏ।। ਜੈ।।
ਧਿਆਨ ਧਰੋ ਜਾਨੇ ਤੇਰਾ ਮਨਵਾਂਛਿਤ ਫਲ ਪਾਯੋ। ਪੂਜਾ ਕਥਾ ਸ੍ਰਵਨ ਕਰ ਘਰ ਆਨੰਦ ਆਯੋ।। ਜੈ।।
ਸ਼ਰਣ ਗਹੇ ਕੀ ਲੱਜਾ ਰਖਿਓ ਜਗਦੰਬੇ। ਸੰਕਟ ਤੂੰ ਹੀ ਨਿਵੇਰੇ ਦਯਾਮਈ ਅੰਬੇ।। ਜੈ।।
ਸੰਤੋਸ਼ੀ ਮਾਤਾ ਕੀ ਆਰਤੀ ਜੋ ਕੋਈ ਜਨ ਗਾਵੇ। ਰਿੱਧੀ ਸਿੱਧੀ ਸੁਖ-ਸੰਪਤੀ ਜੀ ਭਰਕੇ ਪਾਵੇ।।ਜੈ।।

 

Loading spinner