ਸੰਤ-ਸੰਵਾਦ
ਮਹਾਰਾਜ ਚਰਨ ਸਿੰਘ ਜੀ ਰਾਧਾ ਸੁਆਮੀ ਸਤਸੰਗ ਬਿਆਸ
ਪ੍ਰਸ਼ਨ 1 – ਜ਼ਿੰਦਗੀ ਦਾ ਅਸਲ ਮਕਸਦ ਕੀ ਹੈ?
ਉੱਤਰ 1 – ਜੀਵਨ ਦਾ ਮੁੱਖ ਮੰਤਵ ਪਰਮਾਤਮਾ ਦੀ ਪ੍ਰਾਪਤੀ ਹੈ। ਇਹ ਵਡਿਆਈ ਪਰਮਾਤਮਾ ਨੇ ਕੇਵਲ ਇਨਸਾਨ ਨੂੰ ਹੀ ਬਖਸ਼ੀ ਹੈ। ਮਨੁੱਖਾ-ਦੇਹੀ ਸੀੜ੍ਹੀ (ਪੌੜੀ) ਦਾ ਆਖਰੀ ਡੰਡਾ ਹੈ। ਇਸ ਜਾਮੇ ਤੋਂ ਹੇਠਾਂ ਨੀਵੀਂਆਂ ਜੂਨਾਂ ਵਿਚ ਵੀ ਗਿਰ ਸਕਦੇ ਹਾਂ ਅਤੇ ਇਸ ਤੋਂ ਉਪਰ ਉੱਠ ਕੇ ਪਰਮਾਤਮਾ ਨਾਲ ਮਿਲਾਪ ਕਰਕੇ, ਜੰਮਣ-ਮਰਨ ਦੇ ਚੱਕਰ ਤੋਂ ਮੁਕਤ ਵੀ ਹੋ ਸਕਦੇ ਹਾਂ। ਦੁਨੀਆ ਦੀਆਂ ਹੋਰ ਸਭ ਚੀਜ਼ਾਂ ਸਾਨੂੰ ਦੂਸਰੀਆਂ ਜੂਨਾਂ ਵਿਚ ਵੀ ਮਿਲਦੀਆਂ ਰਹੀਆਂ ਹਨ ਪਰੰਤੂ ਪਰਮੇਸ਼ਰ ਨਾਲ ਮਿਲਾਪ ਕਰ ਸਕਣ ਦੀ ਵਡਿਆਈ ਕੇਵਲ ਮਨੁੱਖਾ-ਚੋਲੇ ਵਿਚ ਹੀ ਮਿਲ ਸਕਦੀ ਹੈ। ਇਸ ਲਈ ਆਪਣੀ ਮੰਜ਼ਲ ਨੂੰ ਸਦਾ ਅੱਖਾਂ ਸਾਹਮਣੇ ਰੱਖਣਾ ਚਾਹੀਦਾ ਹੈ ਅਤੇ ਸਦਾ ਪਰਮੇਸ਼ਰ ਨਾਲ ਮਿਲਾਉਣ ਵਾਲੇ ਰਸਤੇ ਉੱਤੇ ਚਲਣ ਦਾ ਜਤਨ ਕਰਨਾ ਚਾਹੀਦਾ ਹੈ। ਸੰਸਾਰ ਵਿਚ ਆਪਣੀ ਪ੍ਰਾਲਬਧ ਭੋਗਦੇ ਹੋਏ, ਕਰਮਾਂ ਦਾ ਹਿਸਾਬ-ਕਿਤਾਬ ਭੁਗਤਦੇ ਹੋਏ ਅਤੇ ਆਪਣੀਆਂ ਦੂਸਰੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਹੋਏ, ਪਰਮੇਸ਼ਰ ਪ੍ਰਾਪਤੀ ਦੇ ਉਸ ਮਕਸਦ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ, ਜਿਸ ਦੀ ਪੂਰਤੀ ਲਈ ਅਸੀਂ ਅਸਲ ਵਿਚ ਸੰਸਾਰ ਵਿਚ ਆਏ ਹਾਂ।
ਪ੍ਰਸ਼ਨ 2 – ਜੇ ਜੀਵਨ ਦਾ ਅਸਲ ਮਕਸਦ ਪਰਮੇਸ਼ਰ-ਪ੍ਰਾਪਤੀ ਹੈ ਤਾਂ ਹੋਰ ਦੁਨਿਆਵੀ ਫਰਜ਼ ਕਿਉਂ ਹਨ? ਕੀ ਦੁਨਿਆਵੀ ਫਰਜ਼ ਹੋਣੇ ਚਾਹੀਦੇ ਹਨ? ਇਨਸਾਨ ਦੇ ਆਪਣੇ ਪਰਿਵਾਰ, ਸਮਾਜ ਅਤੇ ਕਾਰੋਬਾਰ ਪ੍ਰਤੀ ਕੀ-ਕੀ ਫਰਜ਼ ਹਨ?
ਉੱਤਰ 2 – ਸਭ ਸੰਸਾਰਕ ਫਰਜ਼, ਕਰਮਾਂ ਦੇ ਬੰਧਨਾਂ ਕਾਰਨ ਹਨ। ਅਸਾਂ ਪਿਛਲੇ ਜਨਮਾਂ ਵਿਚ ਕੁਝ ਕਰਮ ਕੀਤੇ ਹਨ, ਜਿਨ੍ਹਾਂ ਨੂੰ ਭੋਗਣ ਵਾਸਤੇ ਸਾਨੂੰ ਇਸ ਸੰਸਾਰ ਵਿਚ ਆਉਣਾ ਪਿਆ ਹੈ। ਜੋ ਕੁਝ ਅਸਾਂ ਪਿੱਛੇ ਬੀਜਿਆ ਹੈ, ਉਨ੍ਹਾਂ ਵਿਚੋਂ ਕੁਝ ਕਰਮਾਂ ਦਾ ਫਲ ਹੁਣ ਭੋਗ ਰਹੇ ਹਾਂ। ਇਸ ਕਾਰਨ ਸਾਡਾ ਇਸਤਰੀ, ਮਾਤਾ-ਪਿਤਾ, ਭੈਣਾਂ-ਭਰਾਵਾਂ, ਧੀਆਂ-ਪੁੱਤਰਾਂ, ਮਿੱਤਰਾਂ-ਸਬੰਧੀਆਂ, ਦੇਸ਼-ਜਾਤੀ ਆਦਿ ਨਾਲ ਕਰਮਾਂ ਦਾ ਵਿਸ਼ੇਸ਼ ਸਬੰਧ ਬਣ ਗਿਆ ਹੈ। ਉਨ੍ਹਾਂ ਕਰਮਾਂ ਕਾਰਨ ਹੀ ਸਾਨੂੰ ਇਸ ਵਿਸ਼ੇਸ਼ ਸਮੇਂ, ਇਹ ਵਿਸ਼ੇਸ਼ ਚੋਲਾ ਪ੍ਰਾਪਤ ਹੋਇਆ ਹੈ। ਇਨ੍ਹਾਂ ਕਰਮਾਂ ਨੂੰ, ਜੋ ਸਾਡੀ ਪ੍ਰਾਲਬਧ ਬਣ ਚੁੱਕੇ ਹਨ, ਇਸ ਜਨਮ ਵਿਚ ਭੋਗਣਾ ਪੈਣਾ ਹੈ। ਅਸੀਂ ਕੀਤੇ ਹੋਏ ਕਰਮਾਂ ਦੇ ਪ੍ਰਭਾਵ ਤੋਂ ਨਹੀਂ ਬਚ ਸਕਦੇ। ਇਸ ਲਈ ਇਨ੍ਹਾਂ ਕਰਮਾਂ ਨੂੰ ਭੋਗਣ ਲਈ ਦੁਨਿਆਵੀ ਕਾਰ-ਵਿਹਾਰ ਕਰਨੇ ਪੈਂਦੇ ਹਨ ਅਤੇ ਸੰਸਾਰਕ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ। ਪਰੰਤੂ ਇਨ੍ਹਾਂ ਕਰਮਾਂ ਦਾ ਭੁਗਤਾਨ ਕਰਦੇ ਹੋਏ, ਇਕ ਆਦਰਸ਼ ਵੀ ਅੱਖਾਂ ਸਾਹਮਣੇ ਰੱਖਣਾ ਪੈਂਦਾ ਹੈ। ਇਹ ਆਦਰਸ਼ ਪਰਮਾਤਮਾ ਦੀ ਪ੍ਰਾਪਤੀ ਦਾ ਹੈ। ਜੇ ਪਰਮੇਸ਼ਰ ਪ੍ਰਾਪਤੀ ਦਾ ਉਦੇਸ਼ ਸਾਹਮਣੇ ਰੱਖਣ ਤੋਂ ਬਿਨਾ ਹੀ ਆਪਣੀਆਂ ਦੁਨਿਆਵੀ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਰਹਾਂਗੇ ਅਤੇ ਨਵੇਂ ਕਰਮਾਂ ਦੇ ਬੀਜ ਬੀਜਦੇ ਰਹਾਂਗੇ, ਤਾਂ ਇਨ੍ਹਾਂ ਨਵੇਂ ਕਰਮਾਂ ਦੇ ਫਲ ਭੋਗਣ ਲਈ ਫਿਰ ਸੰਸਾਰ ਵਿਚ ਜਨਮ ਲੈਣਾ ਪਵੇਗਾ। ਇਸ ਲਈ ਨਵੇਂ ਕਰਮਾਂ ਦੇ ਬੀਜ ਬੀਜਣ ਤੋਂ ਬਚਣ ਲਈ, ਉਸ ਪਰਮ ਪਿਤਾ ਪਰਮੇਸ਼ਰ ਨਾਲ ਮਿਲਾਉਣ ਵਾਲੇ ਰੂਹਾਨੀ ਮਾਰਗ ਉੱਤੇ ਚਲਣਾ ਜ਼ਰੂਰੀ ਹੈ। ਜੋ ਕੁਝ ਪਿੱਛੇ ਬੀਜ ਚੁੱਕੇ ਹਾਂ ਉਸ ਤੋਂ ਹੁਣ ਨਹੀਂ ਬਚ ਸਕਦੇ, ਉਸਦਾ ਨਤੀਜਾ ਹਰ ਹਾਲਤ ਵਿਚ ਭੁਗਤਣਾ ਪੈਣਾ ਹੈ। ਕਰਮਾਂ ਤੋਂ ਉਪਜੀ ਪ੍ਰਾਲਬਧ ਨੂੰ ਭੋਗਣਾ ਸਾਡਾ ਫਰਜ਼ ਹੈ। ਇਸਦਾ ਭੁਗਤਾਨ ਅਸੀਂ ਆਪਣੀਆਂ ਸੰਸਾਰਕ ਜ਼ਿੰਮੇਵਾਰੀਆਂ, ਮਾਤਾ-ਪਿਤਾ, ਸਮਾਜ ਅਤੇ ਰਿਸ਼ਤੇਦਾਰਾਂ ਪ੍ਰਤੀ ਆਪਣੇ ਫਰਜ਼ ਦੀ ਸ਼ਕਲ ਵਿਚ ਕਰਦੇ ਹਾਂ।
ਪ੍ਰਸ਼ਨ 3- ਸਾਡੇ ਵਿਚੋਂ ਬਹੁਤ ਸਾਰੇ ਲੋਕਾਂ ਨੂੰ ਕਰਮਾਂ ਦੇ ਨਿਯਮ ਬਾਰੇ ਨਹੀਂ ਪਤਾ। ਕੀ ਆਪ ਸੰਖੇਪ ਵਿਚ ਤਿੰਨ ਪ੍ਰਕਾਰ ਦੇ ਕਰਮਾਂ ਬਾਰੇ ਸਮਝਾਉਣ ਦੀ ਕਿਰਪਾ ਕਰੋਗੇ ?
ਉੱਤਰ 3 – ਕਰਮ ਤਿੰਨ ਪ੍ਰਕਾਰ ਦੇ ਹਨ। ਜਿਵੇਂ ਕਿ ਤੁਸੀਂ ਜਾਣਦੇ ਹੋ, ਕਿਸਾਨ ਪਹਿਲੋਂ ਖੇਤ ਵਿਚ ਬੀਜ ਬੀਜਦਾ ਹੈ, ਫਿਰ ਉਸ ਨੂੰ ਫਸਲ ਕੱਟਣ ਜਾਣਾ ਪੈਂਦਾ ਹੈ। ਇਉਂ ਸਮਝੋ ਕਿ ਕਿਸਾਨ ਜਿੰਨੀ ਫਸਲ ਘਰ ਲਿਆਉਂਦਾ ਹੈ, ਉਸ ਵਿਚੋਂ ਅੱਧੀ ਇਸਤੇਮਾਲ ਕਰ ਲੈਂਦਾ ਹੈ ਅਤੇ ਬਾਕੀ ਦੀ ਅੱਧੀ ਖਾਤੇ ਵਿਚ ਪਾ ਦਿੰਦਾ ਹੈ। ਫਿਰ ਉਸ ਖਾਤੇ ਵਿਚੋਂ ਹੀ ਉਹ ਅਗਲੀ ਫਸਲ ਲਈ ਬੀਜ ਲੈ ਲੈਂਦਾ ਹੈ। ਇਸ ਨਵੇਂ ਬੀਜ ਤੋਂ ਫਿਰ ਨਵੀਂ ਫਸਲ ਘਰ ਲੈ ਆਉਂਦਾ ਹੈ। ਇਸ ਵਿਚੋਂ ਵੀ ਉਹ ਸਾਰੀ ਫਸਲ ਨਹੀਂ ਵਰਤ ਸਕਦਾ ਅਤੇ ਜੋ ਕੁਝ ਬਾਕੀ ਬਚਦਾ ਹੈ, ਉਸ ਨੂੰ ਵੀ ਖਾਤੇ ਵਿਚ ਜਮ੍ਹਾ ਕਰ ਲੈਂਦਾ ਹੈ, ਜਿਸ ਵਿਚੋਂ ਅਗਲੀ ਫਸਲ ਲਈ ਬੀਜ ਲੈ ਸਕਦਾ ਹੈ। ਇਸੇ ਤਰ੍ਹਾਂ ਸਾਡੇ ਤਿੰਨ ਤਰ੍ਹਾਂ ਦੇ ਕਰਮ ਹਨ। ਜੋ ਕਰਮ ਅਸੀਂ ਅੱਜ ਇਸ ਜਨਮ ਵਿਚ ਕਰ ਰਹੇ ਹਾਂ ਇਨ੍ਹਾਂ ਨੂੰ ਭੁਗਤਣ ਲਈ ਸਾਨੂੰ ਅਗਲੇ ਜਨਮ ਵਿਚ ਸੰਸਾਰ ਵਿਚ ਆਉਣਾ ਪਵੇਗਾ। ਪਰ ਇਕ ਜਨਮ ਵਿਚ ਕੀਤੇ ਗਏ ਸਾਰੇ ਕਰਮਾਂ ਦੀ ਫਲ ਅਗਲੇ ਜਨਮ ਵਿਚ ਨਹੀਂ ਭੋਗਿਆ ਜਾ ਸਕਦਾ। ਕੁਝ ਅਣ ਭੋਗੇ ਕਰਮ ਬਾਕੀ ਰਹਿ ਜਾਂਦੇ ਹਨ। ਮਿਸਾਲ ਦੇ ਤੌਰ ਤੇ ਕੋਈ ਇਨਸਾਨ ਇਕ ਜਨਮ ਵਿਚ ਹਜ਼ਾਰ ਹੱਤਿਆਵਾਂ ਦਾ ਫਲ ਨਹੀਂ ਭੋਗ ਸਕਦਾ। ਹੋ ਸਕਦਾ ਹੈ ਕਿ ਇਕ ਜਨਮ ਵਿਚ ਸੌ, ਦੋ ਸੌ ਕੁਕੜੀਆਂ ਮਾਰਨ ਦਾ ਫਲ ਭੋਗਿਆ ਜਾ ਸਕੇ, ਪਰ ਬਾਕੀ ਦਾ ਹਿਸਾਬ ਕਰਮਾਂ ਦੇ ਖਾਤੇ ਵਿਚ ਜਮ੍ਹਾ ਹੋ ਜਾਵੇਗਾ। ਜਦ ਤਕ ਇਨ੍ਹਾਂ ਤਿੰਨ ਕਰਮਾਂ ਦਾ ਹਿਸਾਬ-ਕਿਤਾਬ ਖ਼ਤਮ ਨਹੀਂ ਹੁੰਦਾ, ਅਸੀਂ ਕਦੇ ਵੀ ਇਸ ਕਾਲ ਦੇ ਜਗਤ ਤੋਂ ਛੁਟਕਾਰਾ ਨਹੀਂ ਪ੍ਰਾਪਤ ਕਰ ਸਕਦੇ। ਜੋ ਕੁਝ ਵੀ ਅਸਾਂ ਪਿਛਲੇ ਜਨਮਾਂ ਵਿਚ ਬੀਜਿਆ ਹੈ, ਉਸ ਵਿਚੋਂ ਕੁਝ ਹਿੱਸੇ ਦਾ ਫਲ ਭੁਗਤਣ ਲਈ ਸਾਨੂੰ ਇਹ ਜਨਮ ਮਿਲਿਆ ਹੈ। ਜੋ ਕਰਮ ਅਸੀਂ ਭੁਗਤ ਕੇ ਪੂਰੇ ਨਹੀਂ ਕਰ ਸਕਦੇ। ਉਹ ਸਾਡੇ ਖਾਤੇ ਵਿਚ ਜਮ੍ਹਾ ਕਰ ਦਿੱਤੇ ਜਾਂਦੇ ਹਨ। ਜੋ ਕਰਮ ਇਸ ਜਨਮ ਵਿਚ ਭੁਗਤਣ ਲਈ ਦਿੱਤੇ ਗਏ ਹਨ, ਉਹ ਸਾਡੀ ਪ੍ਰਾਲਬਧ, ਹੋਣੀ ਜਾਂ ਤਕਦੀਰ ਹਨ। ਸਾਨੂੰ ਇਸ ਪ੍ਰਾਲਬਧ ਨੂੰ ਭੁਗਤਣਾ ਹੀ ਪੈਣਾ ਹੈ। ਜੋ ਨਵੇਂ ਕਰਮ ਜਾਂ ਕਿਰੇਮਾਨ ਕਰਮ ਇਸ ਜਨਮ ਵਿਚ ਕਰ ਰਹੇ ਹਾਂ, ਉਹ ਸਾਡੇ ਅਗਲੇ ਜਨਮ ਦੀ ਪ੍ਰਾਲਬਧ ਬਣ ਜਾਣਗੇ। ਜੋ ਕਰਮ ਅਗਲੇ ਜਨਮ ਵਿਚ ਨਹੀਂ ਭੋਗੇ ਜਾ ਸਕਣਗੇ, ਉਹ ਸੰਚਿਤ ਕਰਮਾਂ ਦੇ ਰੂਪ ਵਿਚ ਸਾਡੇ ਖਾਤੇ ਵਿਚ ਜਮ੍ਹਾ ਹੋ ਜਾਣਗੇ। ਕਾਲ ਦੇ ਜਗਤ ਤੋਂ ਆਜ਼ਾਦ ਹੋਣ ਲਈ ਹਰ ਪ੍ਰਕਾਰ ਦੇ ਕਰਮਾਂ ਦਾ ਹਿਸਾਬ ਖ਼ਤਮ ਕਰਨਾ ਜ਼ਰੂਰੀ ਹੈ। ਪ੍ਰਾਲਬਧ ਅਟਲ ਹੈ। ਇਸ ਲਈ ਸੰਤ ਜਨ ਸਮਝਾਉਂਦੇ ਹਨ ਕਿ ਜੇ ਤੁਸੀਂ ਰੁਹਾਨੀਅਤ ਦੇ ਅਸੂਲਾਂ ਉੱਤੇ ਚਲੋਗੇ ਅਤੇ ਪਰਮਾਤਮਾ ਦੀ ਭਗਤੀ ਕਰੋਗੇ ਤਾਂ ਤੁਹਾਡਾ ਮਨ ਇਤਨਾ ਬਲਵਾਨ ਹੋ ਜਾਵੇਗਾ ਕਿ ਤੁਹਾਡੇ ਉੱਤੇ ਪ੍ਰਾਲਬਧ ਕਰਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਅਤੇ ਤੁਸੀਂ ਦ੍ਰਿੜਤਾ ਪੂਰਵਕ, ਇਨ੍ਹਾਂ ਸਭ ਕਰਮਾਂ ਨੂੰ ਖੁਸ਼ੀ-ਖੁਸ਼ੀ ਭੋਗ ਲਵੋਗੇ। ਸੰਤ ਕਹਿੰਦੇ ਹਨ ਕਿ ਪ੍ਰਾਲਬਧ ਕਰਮਾਂ ਦਾ ਫਲ ਤਾਂ ਇਸ ਜਨਮ ਵਿਚ ਖੁਸ਼ੀ-ਖੁਸ਼ੀ ਭੋਗ ਲਵੋਗੇ ਅਤੇ ਅੱਗੇ ਲਈ ਨਵੇਂ ਕਰਮਾਂ ਦਾ ਬੀਜ ਨਾ ਬੀਜੋ ਤਾਂ ਜੋ ਤੁਹਾਨੂੰ ਇਨ੍ਹਾਂ ਕਰਮਾਂ ਦਾ ਫਲ ਭੋਗਣ ਲਈ ਦੁਬਾਰਾ ਦੁਨੀਆਂ ਵਿਚ ਜਨਮ ਨਾ ਲੈਣਾ ਪਵੇ। ਅਣ ਭੋਗੇ ਕਰਮਾਂ, ਭਾਵ ਸੰਚਿਤ ਕਰਮਾਂ ਦਾ ਸਬੰਧ, ਮਨ ਨਾਲ ਹੁੰਦਾ ਹੈ। ਇਸ ਲਈ ਇਨ੍ਹਾਂ ਕਰਮਾਂ ਨੂੰ ਪਰਮੇਸ਼ਰ ਦੀ ਭਗਤੀ, ਭਾਵ ਨਾਮ ਦੀ ਕਮਾਈ ਨਾਲ ਨਾਸ਼ ਕੀਤਾ ਜਾ ਸਕਦਾ ਹੈ। ਪਰਮਾਤਮਾ ਦੀ ਭਗਤੀ ਕਰਨ ਨਾਲ ਮਨ ਨਿਰਮਲ ਹੋ ਜਾਂਦਾ ਹੈ ਅਤੇ ਆਤਮਾ ਮਨ ਦੇ ਪੰਜੇ ਤੋਂ ਆਜ਼ਾਦ ਹੋ ਜਾਂਦੀ ਹੈ। ਜਦ ਆਤਮਾ ਮਨ ਦੇ ਪੰਜੇ ਤੋਂ ਆਜ਼ਾਦ ਹੋ ਜਾਂਦੀ ਹੈ ਤਾਂ ਸੰਚਿਤ ਕਰਮ ਨਾਸ਼ ਹੋ ਜਾਂਦੇ ਹਨ ਅਤੇ ਜੀਵ ਨੂੰ ਸੰਸਾਰ ਵਿਚ ਖਿੱਚ ਕੇ ਨਹੀਂ ਲਿਆ ਸਕਦੇ। ਭਜਨ ਸਿਮਰਨ ਦਾ ਇਹ ਲਾਭ ਹੁੰਦਾ ਹੈ ਕਿ ਅਸੀਂ ਅਡੋਲ ਮਨ ਨਾਲ, ਖੁਸ਼ੀ-ਖੁਸ਼ੀ ਪ੍ਰਾਲਬਧ ਭੋਗ ਲੈਂਦੇ ਹਾਂ। ਪਰਮਾਤਮਾ ਦੀ ਭਗਤੀ ਕਰਨ ਨਾਲ ਅਸੀਂ ਇਤਨੇ ਸਮਝਦਾਰ ਹੋ ਜਾਂਦੇ ਹਾਂ ਕਿ ਨਵੇਂ ਕਰਮਾਂ ਦੇ ਬੀਜ ਬੀਜਣ ਤੋਂ ਬਚੇ ਰਹਿੰਦੇ ਹਾਂ। ਭਗਤੀ ਨਾਲ ਮਨ ਨਿਰਮਲ ਹੋ ਜਾਂਦਾ ਹੈ ਅਤੇ ਆਤਮਾ ਇਸਦੇ ਪੰਜੇ ਤੋਂ ਆਜ਼ਾਦ ਹੋ ਜਾਂਦੀ ਹੈ, ਜਿਸ ਕਾਰਨ ਸੰਚਿਤ ਕਰਮਾਂ ਦੇ ਭੰਡਾਰ ਸਾਨੂੰ ਸੰਸਾਰ ਵਿਚ ਖਿੱਚ ਕੇ ਨਹੀਂ ਲਿਆ ਸਕਦੇ। ਇਸ ਤਰ੍ਹਾਂ ਭਜਨ-ਸਿਮਰਨ ਦੀ ਸਹਾਇਤਾ ਨਾਲ ਇਨ੍ਹਾਂ ਤਿੰਨ ਤਰ੍ਹਾਂ ਦੇ ਕਰਮਾਂ ਦਾ ਹਿਸਾਬ ਖ਼ਤਮ ਕਰਨਾ ਪੈਂਦਾ ਹੈ।
ਪ੍ਰਸ਼ਨ 4- ਅਸੀਂ ਭਗਤੀ ਕਿਸ ਤਰ੍ਹਾਂ ਕਰਦੇ ਹਾਂ ? ਅਸੀਂ ਕਿਸ ਤਰ੍ਹਾਂ ਅਭਿਆਸ ਕਰਨਾ ਸਿੱਖ ਸਕਦੇ ਹਾਂ ਜਦ ਕਿ ਪਹਿਲਾਂ ਅਸੀਂ ਕਦੇ ਇਹ ਕੰਮ ਨਹੀਂ ਕੀਤਾ? ਸਾਨੂੰ ਕਿਸੇ ਇਕ ਨੁਕਤੇ ਤੋਂ ਇਹ ਕੰਮ ਸ਼ੁਰੂ ਕਰਨਾ ਪਵੇਗਾ, ਪਰ ਸ਼ੁਰੂ ਕਿਵੇਂ ਕਰੀਏ?
ਉੱਤਰ 4 – ਸਾਡੇ ਮਨ ਅਤੇ ਆਤਮਾ ਦੀ ਗੱਠ ਬੱਝੀ ਹੋਈ ਹੈ। ਇਨ੍ਹਾਂ ਦੀ ਬੈਠਕ ਅੱਖਾਂ ਪਿੱਛੇ ਤੀਸਰੇ ਤਿਲ ਵਿਚ ਹੈ। ਸਾਡਾ ਖਿਆਲ ਹੈ ਏਥੋਂ ਤੀਸਰੇ ਤਿਲ ਤੋਂ ਹੇਠਾਂ ਉਤਰ ਕੇ ਸਰੀਰ ਦੇ ਨੌਂ ਦੁਆਰਿਆਂ ਦੇ ਜ਼ਰੀਏ, ਸਾਰੇ ਸੰਸਾਰ ਵਿਚ ਫੈਲ ਜਾਂਦਾ ਹੈ। ਕਦੇ ਅਸੀਂ ਯਾਰਾਂ-ਦੋਸਤਾਂ ਬਾਰੇ ਸੋਚਦੇ ਹਾਂ, ਕਦੇ ਆਪਣੇ ਦੇਸ਼ ਬਾਰੇ ਅਤੇ ਕਦੇ ਆਪਣੇ ਬਾਲ-ਬੱਚਿਆਂ ਬਾਰੇ ਸੋਚਦੇ ਹਾਂ। ਜੇਕਰ ਆਪਣੇ ਆਪ ਨੂੰ ਇਕ ਕਮਰੇ ਵਿਚ ਬੰਦ ਕਰ ਲਈਏ ਤਾਂ ਵੀ ਸਾਡਾ ਮਨ ਆਪਣੀ ਬੈਠਕ, ਤੀਸਰੇ ਤਿਲ ਵਿਚ ਨਹੀਂ ਹੁੰਦਾ। ਇਹ ਪਲ-ਪਲ, ਛਿਨ-ਛਿਨ ਬਾਹਰ ਵੱਲ ਦੌੜਦਾ ਹੈ। ਮਨ ਸਦਾ ਕੁਝ ਨਾ ਕੁਝ ਸੋਚਦਾ ਰਹਿੰਦਾ ਹੈ ਅਤੇ ਜਿਸ ਚੀਜ਼ ਬਾਰੇ ਮਨ ਸੋਚਦਾ ਹੈ, ਉਸਦੇ ਸਰੂਪ ਦਾ ਧਿਆਨ ਵੀ ਰਹਿੰਦਾ ਹੈ। ਜੇਕਰ ਅਸੀਂ ਆਪਣੇ ਮਿੱਤਰ ਬਾਰੇ ਸੋਚਦੇ ਹਾਂ ਤਾਂ ਉਸ ਦਾ ਸਰੂਪ ਵੀ ਸਾਡੇ ਸਾਹਮਣੇ ਆ ਜਾਂਦਾ ਹੈ। ਜਿਨ੍ਹਾਂ ਵਸਤੂਆਂ ਬਾਰੇ ਬਾਰ-ਬਾਰ ਸੋਚਦੇ ਹਾਂ, ਉਨ੍ਹਾਂ ਦੇ ਸਰੂਪ ਦਾ ਧਿਆਨ ਵੀ ਕਰਦੇ ਰਹਿੰਦੇ ਹਾਂ। ਜਿਨ੍ਹਾਂ ਸ਼ਕਲਾਂ ਪਦਾਰਥਾਂ ਦਾ ਧਿਆਨ ਕਰਦੇ ਹਾਂ, ਜਾਣੇ-ਅਣਜਾਣੇ, ਸਾਡਾ ਉਨ੍ਹਾਂ ਨਾਲ ਮੋਹ ਪੈ ਜਾਂਦਾ ਹੈ। ਇਹ ਮੋਹ ਇਥੋਂ ਤੱਕ ਵਧ ਜਾਂਦਾ ਹੈ ਕਿ ਸਾਨੂੰ ਰਾਤ ਨੂੰ ਸੁਪਨੇ ਵੀ ਇਨ੍ਹਾਂ ਦੇ ਹੀ ਆਉਂਦੇ ਹਨ। ਮੌਤ ਦੇ ਸਮੇਂ, ਇਨ੍ਹਾਂ ਦੀਆਂ ਹੀ ਸ਼ਕਲਾਂ ਸਿਨੇਮੇ ਦੀ ਸਕਰੀਨ ਦੀ ਤਰ੍ਹਾਂ ਅੱਖਾਂ ਸਾਹਮਣੇ ਆ ਕੇ ਖੜ੍ਹੀਆਂ ਹੋ ਜਾਂਦੀਆਂ ਹਨ। “ਜਹਾਂ ਆਸਾ, ਤਹਾਂ ਬਾਸਾ” ਇਨ੍ਹਾਂ ਦਾ ਮੋਹ, ਪਿਆਰ ਸਾਨੂੰ ਫਿਰ ਆਪਣੀ ਪੱਧਰ ਉੱਤੇ ਖਿੱਚ ਕੇ ਲੈ ਆਉਂਦਾ ਹੈ। ਇਹ ਮੋਹ ਪਿਆਰ ਕਿਸ ਨੇ ਪੈਦਾ ਕੀਤਾ? ਇਨ੍ਹਾਂ ਸ਼ਕਲਾਂ, ਪਦਾਰਥਾਂ ਦੇ ਬਾਰ-ਬਾਰ ਸਿਮਰਨ ਅਤੇ ਧਿਆਨ ਨੇ। ਸੰਤ-ਜਨ ਸਮਝਾਉਂਦੇ ਹਨ ਕਿ ਸਿਮਰਨ ਕਰਨ ਅਤੇ ਧਿਆਨ ਧਰਨ ਦੀ ਸਾਨੂੰ ਕੁਦਰਤੀ ਤੌਰ ਤੇ ਆਦਤ ਪੈ ਚੁੱਕੀ ਹੈ, ਇਸ ਲਈ ਸਾਨੂੰ ਇਸ ਆਦਤ ਤੋਂ ਫਾਇਦਾ ਉਠਾ ਕੇ, ਇਨ੍ਹਾਂ ਵਸਤਾਂ ਪਦਾਰਥਾਂ ਦਾ ਸਿਮਰਨ ਜਾਂ ਧਿਆਨ ਕਰਨ ਦੀ ਥਾਂ ਮਾਲਕ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ। ਪਰਮਾਤਮਾ ਦਾ ਸਿਮਰਨ ਕਰਨ ਤੋਂ ਮਤਲਬ ਹੈ, ਅੱਖਾਂ ਦੇ ਮਰਕਜ਼ ਉੱਤੇ ਧਿਆਨ ਜਮਾ ਕੇ, ਉਸਦੇ ਨਾਮ ਦਾ ਜਾਪ ਕਰਨਾ। ਮਾਲਕ ਦਾ ਬੱਚੇ ਨਾਲ ਲਫ਼ਜ਼ਾਂ ਦਾ ਨਹੀਂ, ਪਿਆਰ ਦਾ ਰਿਸ਼ਤਾ ਹੁੰਦਾ ਹੈ, ਲਫ਼ਜ਼ ਤਾਂ ਉਸ ਦੇ ਬੱਚੇ ਪ੍ਰਤੀ ਪਿਆਰ ਨੂੰ ਪ੍ਰਗਟ ਕਰਦੇ ਹਨ। ਮਾਂ, ਬੱਚੇ ਨੂੰ ਕਿਸੇ ਵੀ ਨਾਂ ਨਾਲ ਬੁਲਾ ਸਕਦੀ ਹੈ। ਉਸਦਾ ਰਿਸ਼ਤਾ ਪਿਆਰ ਦਾ ਹੈ, ਨਾ ਕਿ ਲਫ਼ਜ਼ਾਂ ਦਾ। ਇਸੇ ਤਰ੍ਹਾਂ ਮਾਲਕ ਦੇ ਭਗਤਾਂ ਪਿਆਰਿਆਂ ਨੇ ਅਨੇਕ ਨਾਵਾਂ ਨਾਲ ਉਸ ਮਾਲਕ ਨੂੰ ਯਾਦ ਕੀਤਾ ਹੈ। ਅਸਲ ਵਿਚ ਉਹ ਅਨਾਮੀ ਹੈ, ਉਸਦਾ ਕੋਈ ਨਾ ਨਹੀਂ ਹੈ। ਤੁਸੀਂ ਪਿਆਰ ਨਾਲ ਆਪਣੇ ਖਿਆਲ ਨੂੰ ਤੀਸਰੇ ਤਿਲ ਉੱਤੇ ਰੱਖ ਕੇ, ਪਰਮਾਤਮਾ ਦੇ ਕਿਸੇ ਨਾਂ ਨਾਲ ਸਿਮਰਨ ਕਰ ਸਕਦੇ ਹੋ। ਅਸਲ ਵਿਚ ਸਿਮਰਨ ਸੁਰਤ ਨੇ ਕਰਨਾ ਹੈ। ਇਸ ਤਰ੍ਹਾਂ ਸਿਮਰਨ ਨਾਲ ਤੁਹਾਡੀ ਸੁਰਤ ਸਿਮਟ ਕੇ ਤੀਸਰੇ ਤਿਲ ਵਿਚ ਵਾਪਸ ਆ ਜਾਵੇਗੀ। ਇਹ ਰੂਹਾਨੀ ਅਭਿਆਸ ਦੀ ਪਹਿਲੀ ਪੌੜੀ ਹੈ, ਪਹਿਲਾ ਕਦਮ ਹੈ। ਤੀਸਰਾ ਤਿਲ ਉਹ ਦਰਵਾਜ਼ਾ ਹੈ, ਜਿਸ ਨੂੰ ਅੰਦਰ ਜਾਣ ਤੋਂ ਪਹਿਲਾਂ ਸਿਮਰਨ ਨਾਲ ਖੜਕਾਉਣਾ ਤੇ ਖੋਲ੍ਹਣਾ ਜ਼ਰੂਰੀ ਹੈ। ਤੁਸੀਂ ਖੜਕਾਓ ਤਾਂ ਇਹ ਖੁਲ੍ਹ ਜਾਵੇਗਾ। ਇਸ ਤਰ੍ਹਾਂ ਮਨ ਨੂੰ ਤੀਸਰੇ ਤਿਲ ਤੇ ਖੜ੍ਹਾ ਕਰ ਕੇ ਲਗਾਤਾਰ ਮਾਲਕ ਦੇ ਨਾਂ ਦਾ ਸਿਮਰਨ ਕਰਦੇ ਹੋਏ ਸੁਰਤ ਨੂੰ ਇਕਾਗਰ ਕਰ ਲੈਣਾ ਹੈ। ਇਹ ਬੂਹੇ ਦਾ ਖੜਕਾਉਣਾ ਹੈ। ਜਦ ਇਸ ਤਰ੍ਹਾਂ ਬੂਹਾ ਖੜਕਾਉਂਦੇ ਹਾਂ ਤਾਂ ਬੂਹਾ ਖੁੱਲ੍ਹ ਜਾਂਦਾ ਹੈ। ਫਿਰ ਸਾਨੂੰ ਅੰਦਰਲਾ ਅਸਲੀ ਮਾਰਗ ਮਿਲਦਾ ਹੈ, ਜਿਸ ਉੱਤੇ ਚਲ ਕੇ ਪਰਮਾਤਮਾ ਕੋਲ ਵਾਪਸ ਪਹੁੰਚਣਾ ਹੈ। ਉਹ ਰਸਤਾ ਸ਼ਬਦ ਜਾਂ ਨਾਮ ਦਾ ਹੈ। ਪਰ ਜਦ ਤਕ ਅੰਦਰਲਾ ਬੂਹਾ ਨਹੀਂ ਖੋਲ੍ਹ ਲੈਂਦੇ, ਅਸੀਂ ਉਸ ਰਸਤੇ ਉੱਤੇ ਨਹੀਂ ਚਲ ਸਕਦੇ। ਇਸ ਤਰ੍ਹਾਂ ਪਰਮਾਤਮਾ ਦੀ ਭਗਤੀ ਵਿਚ ਪਹਿਲਾ ਕਦਮ – ਜੋ ਹਰ ਇਕ ਨੂੰ ਕਦੇ ਨਾ ਕਦੇ ਚੁੱਕਣਾ ਹੀ ਪੈਣਾ ਹੈ – ਮਨ ਨੂੰ ਤੀਸਰੇ ਤਿਲ ਉਤੇ ਖੜ੍ਹਾ ਕਰ ਕੇ ਸਾਰੀ ਚੇਤਨ-ਸੱਤਾ ਨੂੰ ਇਸ ਨੁਕਤੇ ਉੱਤੇ ਇਕਾਗਰ ਕਰਨ ਦਾ ਹੈ। ਇਸ ਤੋਂ ਅੱਗੇ ਕੇਵਲ ਇਕੋ ਰਸਤਾ ਹੈ, ਜੋ ਉਸ ਪਰਮਾਤਮਾ ਤਕ ਜਾਂਦਾ ਹੈ। ਉਹ ਰਸਤਾ ਅੰਦਰ ਸ਼ਬਦ ਦੀ ਆਵਾਜ਼ ਸੁਣਨ ਅਤੇ ਸ਼ਬਦ ਦੇ ਪ੍ਰਕਾਸ਼ ਨੂੰ ਵੇਖਣ ਦਾ ਹੈ। ਆਤਮਾ ਦੀਆਂ ਦੋ ਸ਼ਕਤੀਆਂ ਹਨ – ਸੁਰਤ ਅਤੇ ਨਿਰਤ, ਭਾਵ ਸੁਣਨ ਦੀ ਸ਼ਕਤੀ ਅਤੇ ਦੇਖਣ ਦੀ ਸ਼ਕਤੀ। ਸੁਰਤ ਅੰਦਰੋਂ ਉਸ ਸ਼ਬਦ ਦੀ ਆਵਾਜ਼ ਸੁਣੇਗੀ ਅਤੇ ਨਿਰਤ ਉਸ ਸ਼ਬਦ ਦੇ ਪ੍ਰਕਾਸ਼ ਨੂੰ ਵੇਖੇਗੀ। ਇਸ ਨੂੰ ਧੁਨ ਜਾਂ ਆਵਾਜ਼ ਕਹੋ, ਸ਼ਬਦ, ਸਤਿ ਜਾਂ ਪਰਮਾਤਮਾ ਕਹੋ, ਸਭ ਦਾ ਇਕੋ ਅਰਥ ਹੈ। ਇਹ ਸਭ ਕੁਝ ਕੇਵਲ ਆਤਮਾ ਨੂੰ ਪ੍ਰੇਮ ਭਰੋਸੇ ਨਾਲ ਤੀਸਰੇ ਤਿਲ ਉੱਤੇ ਇਕਾਗਰ ਕਰਨ ਨਾਲ ਹੀ ਪ੍ਰਾਪਤ ਹੋ ਸਕਦਾ ਹੈ। ਅਭਿਆਸ ਕਰਨ ਲਈ ਇਹ ਪਹਿਲਾ ਜ਼ਰੂਰੀ ਸਬਕ ਹੈ।
ਪ੍ਰਸ਼ਨ 12 – ਕੀ ਕੇਵਲ ਨਾਮ-ਦਾਨ ਲੈਣ ਪਿੱਛੋਂ ਹੀ ਪਰਮਾਤਮਾ ਸਾਡੀ ਸੰਭਾਲ ਕਰਦਾ ਹੈ? ਮੰਨ ਲਵੋ ਕਿ ਅਸੀਂ ਹਾਲੇ ਸੱਚੇ ਮਾਰਗ ਦੀ ਖੋਜ ਵਿਚ ਲੱਗੇ ਹੋਏ ਹਾਂ, ਕੀ ਸੱਚ ਦੀ ਖੋਜ ਵਿਚ ਲੱਗੇ ਜਗਿਆਸੂਆਂ ਦੀ ਸੰਭਾਲ ਨਹੀਂ ਹੁੰਦੀ?
ਉੱਤਰ 12 – ਪਰਮਾਤਮਾ ਦੀ ਰੱਖਿਆ ਸਰਵ-ਵਿਆਪਕ ਹੈ। ਜਦ ਅਸੀਂ ਸੱਚੇ ਦਿਲੋਂ ਸੰਤ-ਮਤ ਉੱਤੇ ਚਲਣਾ ਚਾਹੁੰਦੇ ਹਾਂ, ਜਦ ਸਾਡੇ ਹਿਰਦੇ ਵਿਚ ਉਸ ਪ੍ਰੀਤਮ ਨਾਲ ਮਿਲਾਪ ਕਰਨ ਦੀ ਸੱਚੀ ਚਾਹ ਹੈ, ਤਾਂ ਉਸਦੀ ਰੱਖਿਆ ਸਦਾ ਅੰਗ-ਸੰਗ ਹੈ। ਇਸ ਬਾਰੇ ਚਿੰਤਾ ਨਹੀਂ ਹੋਣੀ ਚਾਹੀਦੀ ਕਿ ਨਾਮ-ਦਾਨ ਤੋਂ ਪਹਿਲਾਂ ਸਾਡੀ ਸੰਭਾਲ ਕਿਸ ਤਰ੍ਹਾਂ ਹੋਵੇਗੀ। ਜਿਹੜੀਆਂ ਰੂਹਾਂ ਕਿਸੇ ਪੂਰਨ ਸਤਿਗੁਰੂ ਦੇ ਸਪੁਰਦ ਹੋਈਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਸਤਿਗੁਰੂ ਤੋਂ ਨਾਮ-ਦਾਨ ਪ੍ਰਾਪਤ ਹੋਣਾ ਹੁੰਦਾ ਹੈ, ਉਨ੍ਹਾਂ ਦੀ ਜਨਮ ਲੈਣ ਤੋਂ ਹੀ ਕਿਸੇ ਨਾ ਕਿਸੇ ਤਰ੍ਹਾਂ ਸੰਭਾਲ ਹੁੰਦੀ ਰਹਿੰਦੀ ਹੈ। ਉਨ੍ਹਾਂ ਦੀ ਸੰਭਾਲ, ਉਨ੍ਹਾਂ ਦੇ ਜਨਮ ਲੈਣ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਰੂਹਾਂ ਨੂੰ ਏਨਾ ਕੁਰਾਹੇ ਨਹੀਂ ਪੈਣ ਦਿੱਤਾ ਜਾਂਦਾ ਕਿ ਉਹ ਪਰਮਾਤਮਾ ਤਕ ਵਾਪਸ ਹੀ ਨਾ ਪਹੁੰਚ ਸਕਣ। ਗੁੱਡੀ ਅਸਮਾਨ ਵਿਚ ਉੱਡ ਰਹੀ ਹੈ, ਪਰ ਜਦ ਗੁੱਡੀ ਉਡਾਉਣ ਵਾਲਾ ਡੋਰ ਖਿੱਚਦਾ ਹੈ, ਤਾਂ ਗੁੱਡੀ ਵੀ ਨਾਲ ਹੀ ਖਿੱਚੀ ਜਾਂਦੀ ਹੈ। ਇਸ ਲਈ ਜਿਹੜਾ ਜੀਵ ਸਤਿਗੁਰੂ ਦੇ ਸਪੁਰਦ ਹੋ ਚੁੱਕਾ ਹੈ, ਭਾਵੇਂ ਉਸਨੂੰ ਨਾਮ-ਦਾਨ ਨਾ ਮਿਲਿਆ ਹੋਵੇ, ਉਸਦੇ ਜਨਮ ਤੋਂ ਹੀ ਸਤਿਗੁਰੂ ਉਸਦੀ ਸੰਭਾਲ ਕਰਦੇ ਹਨ।
ਪ੍ਰਸ਼ਨ 17 – ਕੀ ਕਾਲ ਅਤੇ ਉਪਰਲੇ ਮੰਡਲਾਂ ਦੇ ਧਨੀ (ਹਾਕਮ) ਕਦੇ ਮਨੁੱਖ ਵੀ ਸਨ?
ਉੱਤਰ 17 – ਇਹ ਤਾਂ ਸ਼ਕਤੀਆਂ ਹਨ ਜਿਹੜੀਆਂ ਉਨ੍ਹਾਂ ਮੰਡਲਾਂ ਉੱਤੇ ਹਕੂਮਤ ਕਰਦੀਆਂ ਹਨ। ਪ੍ਰਭੂ ਪਰਮੇਸ਼ਰ ਵੀ ਇੱਕ ਸ਼ਕਤੀ ਹੈ। ਉਹ ਕੋਈ ਵਿਅਕਤੀ ਨਹੀਂ ਹੈ ਉਹ ਇੱਕ ਤਾਕਤ ਹੈ। ਕੁਝ ਅਜਿਹੀਆਂ ਤਾਕਤਾਂ ਹਨ ਜਿਹੜੀਆਂ ਉਪਰਲੇ ਮੰਡਲਾਂ ਦਾ ਪ੍ਰਬੰਧ ਚਲਾ ਰਹੀਆਂ ਹਨ। ਪਰੰਤੂ ਸਤਸੰਗੀ ਨੂੰ ਇਨ੍ਹਾਂ ਵਿਚ ਕੋਈ ਦਿਲਚਸਪੀ ਨਹੀਂ ਹੁੰਦੀ। ਇਹ ਤਾਕਤਾਂ ਸਤਸੰਗੀ ਨੂੰ ਨਹੀਂ ਮਿਲਦੀਆਂ ਕਿਉਂਕਿ ਸਤਸੰਗੀ ਦਾ ਸਤਿਗੁਰੂ ਹੀ ਉਸ ਮੰਡਲ ਦਾ ਸੁਆਮੀ ਜਾਂ ਹਾਕਮ ਹੁੰਦਾ ਹੈ। ਸਤਿਗੁਰੂ ਸਿੱਖ ਦੀ ਆਤਮਾ ਨੂੰ ਆਪਣੇ ਵਿਚ ਲੀਨ ਕਰ ਕੇ, ਉਸ ਨੂੰ ਸਭ ਮੰਡਲਾਂ ਵਿਚੋਂ ਗੁਜ਼ਾਰਦੇ ਹੋਏ, ਵਾਪਸ ਪਿਤਾ ਪਰਮੇਸ਼ਰ ਦੇ ਚਰਨ-ਕਮਲਾਂ ਵਿਚ ਲੈ ਜਾਂਦੇ ਹਨ। ਇਸ ਲਈ ਸਿੱਖ ਦੀ ਆਤਮਾ ਦਾ ਰਸਤੇ ਵਿਚ ਕਿਸੇ ਦੂਸਰੇ ਹਾਕਮ ਆਦਿ ਨਾਲ ਕੋਈ ਵਾਹ ਨਹੀਂ ਪੈਂਦਾ। ਸਤਸੰਗੀ ਦੀ ਆਤਮਾ ਆਪਣੇ ਸਤਿਗੁਰੂ ਕੋਲ ਪਹੁੰਚਦੀ ਹੈ ਅਤੇ ਉਸ ਆਤਮਾ ਲਈ ਉਸਦਾ ਸਤਿਗੁਰੂ ਹੀ, ਉਸ ਮੰਡਲ ਦਾ ਹਾਕਮ ਹੁੰਦਾ ਹੈ।
ਪ੍ਰਸ਼ਨ 19 – ਕੀ ਤੁਹਾਨੂੰ ਪਤਾ ਹੈ ਕਿ ਜੀਵ ਦੀ ਮੌਤ ਸਮੇਂ ਆਤਮਾ ਅਸਲ ਵਿਚ ਕਿਸ ਸਮੇਂ ਸਰੀਰ ਚੋਂ ਬਾਹਰ ਨਿਕਲਦੀ ਹੈ?
ਉੱਤਰ 19 – ਮੌਤ ਦੇ ਸਮੇਂ ਆਤਮਾ ਪੈਰਾਂ ਦੇ ਤਲਿਆਂ ਤੋਂ ਸਿਮਟਣਾ ਸ਼ੁਰੂ ਕਰਦੀ ਹੈ। ਜਦ ਇਹ ਅੱਖਾਂ ਦੇ ਪਿੱਛੇ ਆਉਂਦੀ ਹੈ, ਤਾਂ ਸਰੀਰ ਨੂੰ ਛੱਡ ਕੇ ਇਕ ਪਾਸੇ ਹੋ ਜਾਂਦੀ ਹੈ। ਇਸੇ ਲਈ ਸੁਰਤ-ਸ਼ਬਦ ਯੋਗ ਦੇ ਅਭਿਆਸ ਨੂੰ ਜੀਂਦੇ-ਜੀਅ ਮਰਨ ਨਾਲ ਤੁਲਣਾ ਦਿੱਤੀ ਜਾਂਦੀ ਹੈ। ਇਕ ਅਭਿਆਸੀ ਜਦੋਂ ਆਪਣੀ ਆਤਮਾ ਨੂੰ ਸਰੀਰ ਵਿਚੋਂ ਸਮੇਟ ਕੇ ਤੀਸਰੇ ਤਿਲ ਵਿਚ ਲਿਜਾਂਦਾ ਹੈ, ਸੁਰਤ ਨੂੰ ਇਕਾਗਰ ਕਰ ਕੇ ਪੈਰਾਂ ਦੇ ਤਲਿਆਂ ਤੋਂ ਤੀਸਰੇ ਤਿਲ ਤਕ ਲਿਆਉਣਾ ਪੈਂਦਾ ਹੈ। ਮੌਤ ਵੀ ਇਸੇ ਤਰ੍ਹਾਂ ਆਉਂਦੀ ਹੈ। ਅੰਤ ਸਮੇਂ ਜਦ ਆਤਮਾ ਸਰੀਰ ਵਿਚੋਂ ਸਿਮਟ ਕੇ ਤੀਸਰੇ ਤਿਲ ਵਿਚ ਆਉਂਦੀ ਹੈ, ਤਾਂ ਮੌਤ ਵਾਪਰ ਜਾਂਦੀ ਹੈ, ਉਸ ਤੋਂ ਪਹਿਲੋਂ ਨਹੀਂ।
ਪ੍ਰਸ਼ਨ 20 – ਇਹ ਦੱਸਿਆ ਜਾਂਦਾ ਹੈ ਕਿ ਕੇਵਲ ਆਪਣੇ ਸਤਿਗੁਰੂ ਦੇ ਪਿੱਛੇ ਹੀ ਜਾਣਾ ਚਾਹੀਦਾ ਹੈ, ਪਰ ਅਭਿਆਸ ਵਿਚ ਉੱਨਤੀ ਹੋ ਜਾਣ ਨਾਲ ਮਨ ਵਿਚ ਪੂਰਬਲੇ ਸਮਿਆਂ ਵਿਚ ਹੋ ਚੁੱਕੇ ਦੂਸਰੇ ਸੰਤਾਂ ਦੇ ਦਰਸ਼ਨ ਕਰਨ ਦੀ ਇੱਛਾ ਪੈਦਾ ਹੋਵੇ, ਤਾਂ ਉਨ੍ਹਾਂ ਦੇ ਦਰਸ਼ਨ ਹੋ ਸਕਦੇ ਹਨ?
ਉੱਤਰ 20 – ਜਦ ਅੰਦਰ ਜਾ ਕੇ ਸਤਿਗੁਰੂ ਦੇ ਨੂਰੀ ਸਰੂਪ ਦੇ ਦਰਸ਼ਨ ਕਰ ਲੈਂਦੇ ਹਾਂ ਤਾਂ ਕਿਸੇ ਦੂਸਰੇ ਨੂੰ ਮਿਲਣ ਵਲ ਧਿਆਨ ਹੀ ਨਹੀਂ ਜਾਂਦਾ। ਪਰ ਜੇ ਫਿਰ ਵੀ ਐਸੀ ਇੱਛਾ ਹੋਵੇ ਤਾਂ ਸਤਿਗੁਰੂ ਉਨ੍ਹਾਂ ਮਹਾਤਮਾ ਨੂੰ ਆਪਣੇ ਨਾਲ ਲਿਆ ਕੇ, ਉਨ੍ਹਾਂ ਦੇ ਦਰਸ਼ਨ ਕਰਵਾ ਦਿੰਦੇ ਹਨ। ਪਰ ਜੇ ਉਹ ਮਹਾਤਮਾ ਇਕੱਲੇ ਆਪਣੇ ਆਪ ਆਉਣ, ਤਾਂ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦੇਣਾ ਚਾਹੀਦਾ। ਮਨ ਆਪਣੇ ਸਤਿਗੁਰੂ ਦੇ ਪ੍ਰੇਮ ਅਤੇ ਆਨੰਦ ਵਿਚ ਇਸ ਤਰ੍ਹਾਂ ਲੀਨ ਹੁੰਦਾ ਹੈ ਕਿ ਉਹ ਕਿਸੇ ਦੂਸਰੇ ਵੱਲ ਮੂੰਹ ਨਹੀਂ ਕਰਦਾ। ਪਰ ਜੇ ਐਸੀ ਇੱਛਾ ਬਾਕੀ ਹੋਵੇ ਤਾਂ ਸਤਿਗੁਰੂ ਅੰਦਰ ਦੂਸਰੇ ਮਹਾਤਮਾ ਦੇ ਦਰਸ਼ਨ ਵੀ ਕਰਵਾ ਦਿੰਦੇ ਹਨ।
ਪ੍ਰਸ਼ਨ 21 – ਕੀ ਉੱਨਤੀ ਸਤਿਗੁਰੂ ਦੀ ਮੌਜ ਨਾਲ ਹੁੰਦੀ ਹੈ, ਜਾਂ ਆਪਣੇ ਜਤਨ ਨਾਲ?
ਉੱਤਰ 21 – ਜਦ ਸਤਿਗੁਰੂ ਨਾਮ-ਦਾਨ ਬਖਸ਼ਦਾ ਹੈ ਅਤੇ ਸਾਨੂੰ ਪਰਮੇਸ਼ਰ-ਪ੍ਰਾਪਤੀ ਦੇ ਸੱਚੇ ਮਾਰਗ ਉੱਤੇ ਪਾਉਂਦਾ ਹੈ ਤਾਂ ਕੁਦਰਤੀ ਹੀ ਉਹ ਚਾਹੁੰਦਾ ਹੈ ਕਿ ਅਸੀਂ ਤਰੱਕੀ ਕਰੀਏ। ਜੇ ਸਤਿਗੁਰੂ ਇਹ ਨਾ ਚਾਹੁੰਦਾ ਹੁੰਦਾ ਹੋਵੇ ਕਿ ਅਸੀਂ ਉੱਨਤੀ ਕਰੀਏ, ਤਾਂ ਉਹ ਸਾਨੂੰ ਇਸ ਮਾਰਗ ਉੱਤੇ ਹੀ ਕਿਉਂ ਪਾਏ? ਜਦ ਸ਼ਿਸ਼ ਆਪਣੀ ਸੁਰਤ ਨੂੰ ਇਕਾਗਰ ਕਰ ਕੇ ਤੀਸਰੇ ਤਿਲ ਵਿਚ ਪਹੁੰਚ ਕੇ ਅੰਦਰੋਂ ਸ਼ਬਦ ਜਾਂ ਨਾਮ ਨਾਲ ਜੁੜ ਜਾਂਦਾ ਹੈ, ਤਾਂ ਉਹ ਆਪ ਵੀ ਬਹੁਤ ਖੁਸ਼ ਹੁੰਦਾ ਹੈ ਅਤੇ ਸਤਿਗੁਰੂ ਨੂੰ ਵੀ ਬਹੁਤ ਪ੍ਰਸੰਨਤਾ ਹੁੰਦੀ ਹੈ ਕਿਉਂਕਿ ਹਰ ਚਿਤਾਈ ਹੋਈ ਆਤਮਾ ਨੂੰ ਕੁਲ-ਮਾਲਕ ਦੀ ਦਰਗਾਹ ਵਿਚ ਵਾਪਸ ਪਹੁੰਚਾਉਣਾ ਸਤਿਗੁਰੂ ਦਾ ਫਰਜ਼ ਹੈ। ਸਤਿਗੁਰੂ ਦੀ ਆਤਮਾ ਨੂੰ ਅੰਦਰਲੇ ਮਾਰਗ ਉੱਤੇ ਉੱਨਤੀ ਕਰਦੇ ਦੇਖ ਕੇ ਪ੍ਰਸੰਨ ਹੋਣਾ ਕੁਦਰਤੀ ਗੱਲ ਹੈ। ਸਤਿਗੁਰੂ ਸਦਾ ਇਹ ਚਾਹੁੰਦਾ ਹੈ ਕਿ ਸਿੱਖ ਅੰਦਰਲੇ ਮਾਰਗ ਉੱਤੇ ਚਲਣ ਦਾ ਜਤਨ ਕਰੇ। ਜਦ ਸਿੱਖ ਜਤਨ ਕਰ ਰਿਹਾ ਹੋਵੇ, ਤਾਂ ਸਤਿਗੁਰੂ ਵੀ ਉਸਨੂੰ ਦਇਆ-ਮਿਹਰ ਤੋਂ ਵਾਂਝੇ ਨਹੀਂ ਰੱਖਦੇ। ਪ੍ਰਭੂ-ਪਰਮੇਸ਼ਰ ਸਦਾ ਸਹਾਈ ਹੁੰਦਾ ਹੈ।
ਪ੍ਰਸ਼ਨ 28 – ਮਹਾਰਾਜ ਜੀ ਵੈਸ਼ਨੋ ਭੋਜਨ ਦੇ ਅਸੂਲ ਉੱਤੇ ਏਨਾ ਜ਼ੋਰ ਕਿਉਂ ਦਿੱਤਾ ਜਾਂਦਾ ਹੈ?
ਉੱਤਰ 28 – ਕੋਈ ਵੀ ਚੀਜ਼, ਜਿਸ ਵਿਚ ਮਾਸ, ਮੱਛੀ, ਆਂਡੇ ਸ਼ਾਮਿਲ ਹਨ, ਹੈਵਾਨੀ ਖੁਰਾਕ ਹੈ ਅਤੇ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਾਰਨ ਸਾਫ਼ ਹੈ ਕਿ ਇਸ ਨਾਲ ਸਾਡੇ ਕਰਮਾਂ ਦੇ ਬੋਝ ਵਿਚ ਵਾਧਾ ਹੁੰਦਾ ਹੈ। ਇਸ ਸੰਸਾਰ ਵਿਚ ਬਿਨਾ ਕਿਸੇ ਦੀ ਜਾਨ ਲਏ ਜਿੰਦਾ ਰਹਿ ਸਕਣਾ ਕਠਿਨ ਹੈ। ਅਸੀਂ ਤੁਰਦੇ-ਫਿਰਦੇ, ਸਾਹ ਲੈਂਦੇ, ਪਾਣੀ ਪੀਂਦੇ ਵੀ ਜੀਵ-ਹੱਤਿਆ ਕਰਦੇ ਹਾਂ। ਵਾਯੂ-ਮੰਡਲ ਜੀਵਾਂ ਨਾਲ ਭਰਿਆ ਪਿਆ ਹੈ ਅਤੇ ਅਸੀਂ ਸਦਾ ਕਿਸੇ ਨਾ ਕਿਸੇ ਜੀਵ ਨੂੰ ਮਾਰਦੇ ਰਹਿੰਦੇ ਹਾਂ। ਪਰ ਸੰਤ-ਜਨ ਸਦਾ ਇਹ ਸਮਝਾਉਂਦੇ ਹਨ ਕਿ ਕਰਮਾਂ ਦਾ ਘੱਟ ਤੋਂ ਘੱਟ ਬੋਝ ਚੁੱਕਣਾ ਚਾਹੀਦਾ ਹੈ। ਜੀਵਾਂ ਨੂੰ ਮਾਰਨ ਦੇ ਬਿਨਾ ਜਿੰਦਾ ਰਹਿਣਾ ਅਸੰਭਵ ਹੈ, ਇਸ ਲਈ ਸੰਤ ਸਮਝਾਉਂਦੇ ਹਨ ਕਿ ਇਸ ਤਰ੍ਹਾਂ ਚੱਲੋ ਕਿ ਘੱਟ ਤੋਂ ਘੱਟ ਕਰਮਾਂ ਦਾ ਬੋਝ ਚੁੱਕਣਾ ਪਵੇ। ਜੇ ਸਿਰ ਉੱਤੇ ਮਣ ਪੱਕਾ ਭਾਰ ਚੁੱਕਿਆ ਹੋਵੇ, ਤਾਂ ਤੇਜ਼ ਚਲ ਸਕਣਾ ਅਸੰਭਵ ਹੈ। ਪਰ ਜੇ ਸਿਰਫ ਗਲ ਵਿਚ ਕਮੀਜ਼ ਹੀ ਪਾਈ ਹੋਵੇ, ਤਾਂ ਕੋਈ ਭਾਰ ਮਹਿਸੂਸ ਨਹੀਂ ਹੁੰਦਾ। ਪਰ ਜੀਵ-ਹੱਤਿਆ ਸਾਥੋਂ ਸਦਾ ਹੁੰਦੀ ਹੀ ਰਹਿੰਦੀ ਹੈ। ਫਲ-ਸਬਜ਼ੀਆਂ ਖਾਣ ਵਿਚ ਵੀ ਜੀਵ-ਹੱਤਿਆ ਹੁੰਦੀ ਹੈ। ਸਾਨੂੰ ਨਹੀਂ ਪਤਾ ਕਿ ਕਿਸੇ ਸਬਜ਼ੀ ਦੇ ਸਾਡੇ ਤੱਕ ਪਹੁੰਚਣ ਤੋਂ ਪਹਿਲਾਂ ਕਿਤਨੇ ਕੀੜੇ-ਮਕੌੜੇ ਮਾਰੇ ਜਾਂਦੇ ਹਨ। ਫਲ-ਸਬਜ਼ੀਆਂ ਵਿਚ ਵੀ ਜਾਨ ਹੁੰਦੀ ਹੈ। ਪਰ ਸੰਸਾਰ ਵਿਚ ਜਿੰਦਾ ਰਹਿਣ ਲਈ ਕੁਝ ਨਾ ਕੁਝ ਤਾਂ ਖਾਣਾ ਹੀ ਪਵੇਗਾ, ਕਿਤੇ ਤਾਂ ਲਕੀਰ ਖਿੱਚਣੀ ਹੀ ਪਵੇਗੀ। ਜੇਕਰ ਕਿਸੇ ਬਾਗ਼ ਵਿਚੋਂ ਫੁੱਲ ਤੋੜ ਲਿਆ ਜਾਵੇ, ਤਾਂ ਵੱਧ ਤੋਂ ਵੱਧ ਬਾਗ਼ ਦਾ ਮਾਲਕ ਸਾਡੇ ਨਾਲ ਨਾਰਾਜ਼ ਹੋ ਜਾਵੇਗਾ, ਪਰ ਜੇ ਤੁਸੀਂ ਉਸਦਾ ਚੂਚਾ ਮਾਰ ਦਿਓ ਤਾਂ ਜੁਰਮਾਨਾ ਹੋ ਸਕਦਾ ਹੈ। ਜੇ ਉਸਦਾ ਘੋੜਾ ਮਾਰ ਦਿਓ, ਤਾਂ ਕੈਦ ਹੋ ਸਕਦੀ ਹੈ, ਅਤੇ ਜੇ ਤੁਸੀਂ ਉਸ ਮਾਲਕ ਨੂੰ ਹੀ ਮਾਰ ਦਿਓ ਤਾਂ ਫਾਂਸੀ ਦੀ ਸਜ਼ਾ ਹੋ ਸਕਦੀ ਹੈ। ਸਭ ਹਾਲਾਤਾਂ ਵਿਚ ਜੀਵ ਤਾਂ ਇਕ ਹੀ ਮਾਰਿਆ ਗਿਆ ਹੈ, ਪਰ ਸਜ਼ਾ ਸਭ ਤਰ੍ਹਾਂ ਦੀ ਜੀਵ-ਹੱਤਿਆ ਦੀ ਵੱਖ-ਵੱਖ ਹੈ। ਇਸੇ ਲਈ ਸੰਤ-ਮਹਾਤਮਾ ਸਮਝਾਉਂਦੇ ਹਨ ਕਿ ਲੱਗਦੀ ਵਾਹ ਜੀਵ-ਹੱਤਿਆ ਦੇ ਪਾਪ ਤੋਂ ਬਚੋ। ਜੇ ਫਲ-ਸਬਜ਼ੀਆਂ ਦੀ ਵਰਤੋਂ ਕੀਤੀ ਜਾਵੇ ਅਤੇ ਨਾਲ ਹੀ ਭਜਨ-ਸਿਮਰਨ ਨੂੰ ਵੀ ਸਮਾਂ ਦਿੱਤਾ ਜਾਵੇ, ਤਾਂ ਕਰਮਾਂ ਦਾ ਬੋਝ ਨਾ ਹੋਣ ਦੇ ਬਰਾਬਰ ਹੋਵੇਗਾ। ਪਰ ਜੇ ਇਕ ਪਾਸੇ ਭਜਨ-ਸਿਮਰਨ ਕਰੋ ਅਤੇ ਦੂਜੇ ਪਾਸੇ ਜੀਵ-ਹੱਤਿਆ ਕਰਦੇ ਜਾਵੋ ਤਾਂ ਐਸੇ ਅਭਿਆਸ ਦਾ ਕੋਈ ਲਾਭ ਨਹੀਂ ਹੋਵੇਗਾ। ਫਿਰ ਅਭਿਆਸ ਕਰਨ ਦਾ ਫਾਇਦਾ ਕੀ ਹੈ? ਇਸੇ ਲਈ ਸੰਤ-ਮਹਾਤਮਾ ਸਾਨੂੰ ਭੋਜਨ ਸਬੰਧੀ ਅਸੂਲਾਂ ਉੱਤੇ ਸਖ਼ਤੀ ਨਾਲ ਅਮਲ ਕਰਨ ਲਈ ਕਹਿੰਦੇ ਹਨ।
ਪ੍ਰਸ਼ਨ 29 – ਕੀ ਆਪ ਆਤਮਾ ਤੇ ਪਰਮਾਤਮਾ ਦੀ ਏਕਤਾ ਬਾਰੇ ਕੁਝ ਫ਼ਰਮਾਓਗੇ?
ਉੱਤਰ 29 – ਆਤਮਾ ਵਾਪਸ ਜਾ ਕੇ ਪਰਮਾਤਮਾ ਵਿਚ ਲੀਨ ਹੋ ਕੇ ਉਸ ਦਾ ਰੂਪ ਹੋ ਸਕਦੀ ਹੈ। ਉਸ ਹਾਲਤ ਵਿਚ ਆਤਮਾ ਰੂਪੀ ਬੂੰਦ, ਪਰਮਾਤਮਾ ਰੂਪੀ ਸਮੁੰਦਰ ਵਿਚ ਸਮਾ ਜਾਂਦੀ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਪ੍ਰੇਮ ਪ੍ਰਭੂ ਹੈ ਅਤੇ ਪ੍ਰਭੂ ਪ੍ਰੇਮ ਹੈ। ਪ੍ਰੇਮ ਦਾ ਖ਼ਾਸਾ ਹੈ ਕਿ ਪ੍ਰੇਮੀ ਆਪਾ ਖੋ ਕੇ ਪ੍ਰੀਤਮ ਦਾ ਰੂਪ ਹੋ ਜਾਂਦਾ ਹੈ, ਆਪਣੇ ਆਪ ਨੂੰ ਪ੍ਰੀਤਮ ਵਿਚ ਜਜ਼ਬ ਕਰ ਦਿੰਦਾ ਹੈ। ਇਹੋ ਪ੍ਰੇਮ ਹੈ। ਦੁਨਿਆਵੀ ਪ੍ਰੇਮ ਜਾਂ ਇਸ਼ਕ-ਮਿਜ਼ਾਜੀ ਵਿਚ ਵੀ ਇਸੇ ਤਰ੍ਹਾਂ ਹੁੰਦਾ ਹੈ ਕਿ ਪ੍ਰੇਮੀ ਆਪਣਾ ਆਪਾ ਤਿਆਗ ਕੇ ਪ੍ਰੀਤਮ ਦਾ ਰੂਪ ਹੋ ਜਾਂਦਾ ਹੈ। ਪ੍ਰੇਮ ਵਿਚ ਸਦਾ ਉਹ ਕੀਤਾ ਜਾਂਦਾ ਹੈ, ਜੋ ਪ੍ਰੀਤਮ ਨੂੰ ਭਾਉਂਦਾ ਹੋਵੇ, ਪ੍ਰੀਤਮ ਨੂੰ ਪਸੰਦ ਹੋਵੇ, ਕਦੇ ਵੀ ਉਹ ਕੰਮ ਨਹੀਂ ਕੀਤਾ ਜਾਂਦਾ, ਜਿਸ ਨਾਲ ਪ੍ਰੀਤਮ ਨਾਰਾਜ਼ ਹੋਵੇ। ਇਹੋ ਗੱਲ ਇਸ਼ਕ-ਹਕੀਕੀ ਜਾਂ ਆਤਮਾ-ਪਰਮਾਤਮਾ ਦੇ ਪ੍ਰੇਮ ਉੱਪਰ ਲਾਗੂ ਹੁੰਦੀ ਹੈ। ਪਰਮਾਤਮਾ ਨੂੰ ਪਿਆਰ ਕਰਨ ਦਾ ਅਰਥ ਹੈ ਕਿ ਅਸੀਂ ਆਪਣੇ ਆਪੇ, ਆਪਣੀ ਖ਼ੁਦੀ ਜਾਂ ਹਉਮੈ ਦਾ ਨਾਸ਼ ਕਰ ਕੇ ਪਰਮਾਤਮਾ ਵਿਚ ਸਮਾ ਜਾਈਏ। ਪਰਮਾਤਮਾ ਪ੍ਰੇਮ ਰੂਪ ਹੈ ਅਤੇ ਉਸ ਵਿਚ ਸਮਾ ਜਾਣਾ ਹੀ ਉਸਨੂੰ ਪ੍ਰੇਮ ਕਰਨਾ ਹੈ।
ਪ੍ਰਸ਼ਨ 30 – ਕੀ ਸੂਖਮ ਮੰਡਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਕਿੱਥੇ ਹੈ? ਕੀ ਉਹ ਚੇਤਨਤਾ ਦੀ ਹੋਂਦ ਵਿਚ ਹੈ ਜਾਂ ਚੇਤਨਤਾ ਤੋਂ ਪਰੇ ਦੀ ਵਸਤੂ ਹੈ? ਉੱਤਰ 30 – ਇਹ ਅੰਤਰ ਮੁਖ ਚੇਤਨਤਾ ਦੀ ਇਕ ਅਵਸਥਾ ਹੈ। ਇਹ ਸਥੂਲ ਜਾਂ ਇੰਦਰਿਆਵੀ ਵਸਤੂ ਨਹੀਂ ਹੈ ਕਿ ਇਸਦਾ ਸ਼ਬਦਾਂ ਵਿਚ ਵਰਣਨ ਕੀਤਾ ਜਾ ਸਕੇ।
ਪ੍ਰਸ਼ਨ 31 – ਸਾਨੂੰ ਕਿਸ ਤਰ੍ਹਾਂ ਪਤਾ ਲੱਗੇ ਕਿ ਅਸੀਂ ਠੀਕ ਢੰਗ ਨਾਲ ਪਰਮਾਤਮਾ ਦੀ ਖੋਜ ਕਰ ਰਹੇ ਹਾਂ? ਉੱਤਰ 31 – ਇਹ ਤਾਂ ਸਾਡੇ ਕਰਮਾਂ ਦਾ ਫਲ ਹੈ। ਭਾਵੇਂ ਕਿਸ ਤਰ੍ਹਾਂ ਵੀ ਪਰਮਾਤਮਾ ਦੀ ਖੋਜ ਕਰੀਏ, ਜੇ ਸਾਡੇ ਹਿਰਦੇ ਵਿਚ ਸੱਚੀ ਲਗਨ ਹੈ ਅਤੇ ਨੇਕ-ਨੀਤੀ ਨਾਲ ਉਸਦੀ ਖੋਜ ਕਰ ਰਹੇ ਹਾਂ, ਤਾਂ ਪਰਮਾਤਮਾ ਆਪ ਹੀ ਦਇਆ ਮਿਹਰ ਕਰ ਕੇ ਸਾਨੂੰ ਠੀਕ ਰਸਤੇ ਉੱਤੇ ਪਾ ਦਿੰਦਾ ਹੈ। ਉਸ ਹਾਲਤ ਵਿਚ ਪਰਮਾਤਮਾ ਸਾਡਾ ਧੁਰ ਦਾ ਕਰਮ ਬਣਾ ਦਿੰਦਾ ਹੈ, ਸਾਡੇ ਮਸਤਕ ਉੱਤੇ ਮੋਹਰ ਲਾ ਦਿੰਦਾ ਹੈ ਜਿਸ ਕਾਰਨ ਸਾਡਾ ਕਿਸੇ ਪੂਰਨ ਸੰਤ-ਸਤਿਗੁਰੂ ਨਾਲ ਮਿਲਾਪ ਹੋ ਜਾਂਦਾ ਹੈ ਅਤੇ ਅਸੀਂ ਉਸਦੇ ਦੱਸੇ ਹੋਏ ਮਾਰਗ ਉੱਤੇ ਚਲਣਾ ਸ਼ੁਰੂ ਕਰ ਦਿੰਦੇ ਹਾਂ। ਇਹ ਧੁਰ-ਕਰਮ ਇਕ-ਦੋ ਜਨਮਾਂ ਵਿਚ ਹੀ ਨਹੀਂ ਬਣ ਜਾਂਦਾ, ਇਸ ਲਈ ਅਨੇਕ ਜਨਮ ਲੱਗ ਜਾਂਦੇ ਹਨ, ਪਰੰਤੂ ਪੂਰਨ ਸੰਤਾਂ ਦੀ ਸੰਗਤ ਕੇਵਲ ਪਰਮਾਤਮਾ ਦੀ ਆਪਣੀ ਦਇਆ ਮਿਹਰ ਨਾਲ ਹੀ ਪ੍ਰਾਪਤ ਹੁੰਦੀ ਹੈ।
ਪ੍ਰਸ਼ਨ 33- ਕੀ ਸਤਿਗੁਰੂ ਅਤੇ ਸ਼ਬਦ-ਧੁਨ ਵਿਚ ਕੋਈ ਅੰਤਰ ਹੈ?
ਉੱਤਰ 33 – ਜਦ ਕਰ ਸ਼ਬਦ ਦੇਹ ਰੂਪ ਵਿਚ ਹੁੰਦਾ ਹੈ, ਇਹ ਸਾਡਾ ਜ਼ਿੰਦਾ ਸਤਿਗੁਰੂ ਹੁੰਦਾ ਹੈ। ਦੇਹ ਨਹੀਂ, ਦੇਹ ਧਾਰ ਕੇ ਆਇਆ ਉਹ ਸ਼ਬਦ ਹੀ ਸਾਡਾ ਅਸਲੀ ਸਤਿਗੁਰੂ ਹੁੰਦਾ ਹੈ। ਸਰੀਰ ਤਾਂ ਸਿੱਖ ਨੇ ਵੀ ਛੱਡ ਜਾਣਾ ਹੈ, ਸਤਿਗੁਰਾਂ ਨੇ ਵੀ ਛੱਡ ਜਾਣਾ ਹੈ। ਪਰ ਨਾ ਸਿੱਖ (ਸੁਰਤ ਜਾਂ ਆਤਮਾ) ਕਦੇ ਮਰਦਾ ਹੈ ਅਤੇ ਨਾ ਹੀ ਸਤਿਗੁਰੂ (ਸ਼ਬਦ) ਦਾ ਕਦੇ ਨਾਸ ਹੁੰਦਾ ਹੈ। ਇਸ ਲਈ ਆਤਮਾ ਸੱਚਾ ਸਿੱਖ ਹੈ ਅਤੇ ਸ਼ਬਦ ਸੱਚਾ ਸਤਿਗੁਰੂ ਹੈ। ਪਰ ਜਦ ਤੱਕ ਆਤਮਾ ਸਰੀਰ ਧਾਰਨ ਨਹੀਂ ਕਰਦੀ ਤੇ ਸ਼ਬਦ ਸਰੀਰ ਧਾਰਨ ਨਹੀਂ ਕਰਦਾ, ਸੁਰਤ-ਸ਼ਬਦ (ਸਿੱਖ-ਸਤਿਗੁਰੂ) ਦਾ ਮਿਲਾਪ ਨਹੀਂ ਹੋ ਸਕਦਾ। ਕੇਵਲ ਦੇਹ-ਧਾਰੀ ਸਤਿਗੁਰੂ ਤੋਂ ਨਾਮ-ਦਾਨ ਜਾਂ ਸ਼ਬਦ ਦਾ ਭੇਦ ਪ੍ਰਾਪਤ ਕਰਨ ਉੱਤੇ ਹੀ ਅੰਦਰਲਾ ਸ਼ਬਦ ਰੂਪੀ ਸਤਿਗੁਰੂ ਸਿੱਖ ਦੀ ਆਤਮਾ ਨੂੰ ਅੰਦਰ, ਉੱਪਰ ਵੱਲ ਖਿੱਚ ਕੇ ਪਰਮਾਤਮਾ ਨਾਲ ਮਿਲਾ ਸਕਦਾ ਹੈ।
ਪ੍ਰਸ਼ਨ 37 – ਜੇ ਪਰਮਾਤਮਾ ਨੂੰ ਮਨਜ਼ੂਰ ਨਹੀਂ ਕਿ ਅਸੀਂ ਪਰਮਾਰਥ ਦੇ ਮਾਰਗ ਉੱਤੇ ਚਲੀਏ ਤਾਂ ਫਿਰ?
ਉੱਤਰ 37 – ਜਦ ਤੱਕ ਆਪਣੇ ਅੰਦਰੋਂ ਕਿਸੇ ਮਾਰਗ ਉੱਤੇ ਚਲਣ ਜਾਂ ਕਿਸੇ ਵਿਅਕਤੀ ਪਿੱਛੇ ਲੱਗਣ ਦੀ ਜ਼ਬਰਦਸਤ ਚਾਹ ਜਾਂ ਖਿੱਚ ਨਾ ਪੈਦਾ ਹੋਵੇ, ਤਦ ਤੱਕ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਅੰਨ੍ਹੇਵਾਹ ਕਿਸੇ ਵਿਚਾਰਧਾਰਾ ਜਾਂ ਗੁਰੂ ਦੇ ਪਿੱਛੇ ਨਹੀਂ ਲੱਗ ਜਾਣਾ ਚਾਹੀਦਾ। ਚੰਗੀ ਤਰ੍ਹਾਂ ਸੋਚਣਾ, ਸਮਝਣਾ ਚਾਹੀਦਾ ਹੈ ਕਿ ਅਸੀਂ ਕਿਸ ਪਾਸੇ ਜਾ ਰਹੇ ਹਾਂ ਅਤੇ ਫਿਰ ਅੰਦਰਲੀ ਆਵਾਜ਼ ਨੂੰ ਸੁਣ ਕੇ ਉਹਦੇ ਪਿੱਛੇ ਚਲਣਾ ਚਾਹੀਦਾ ਹੈ।
ਪ੍ਰਸ਼ਨ 38 – ਅਸੀਂ ਇਸ ਭਵ-ਸਾਗਰ ਵਿਚ ਕਿਉਂ ਫਸੇ ਹੋਏ ਹਾਂ?
ਉੱਤਰ 38 – ਅਸੀਂ ਸਮਝਦੇ ਹਾਂ ਕਿ ਅਸੀਂ ਬਹੁਤ ਪਵਿੱਤਰ ਹਾਂ, ਬੇਕਸੂਰ ਹਾਂ ਕਿਉਂਕਿ ਸਾਨੂੰ ਇਸ ਗੱਲ ਦਾ ਇਲਮ ਨਹੀਂ ਕਿ ਅਸਾਂ ਪਿਛਲੇ ਜਨਮਾਂ ਵਿਚ ਕਿਹੜੇ-ਕਿਹੜੇ ਕਰਮਾਂ ਦਾ ਬੋਝਾ ਇਕੱਠਾ ਕੀਤਾ ਹੋਇਆ ਹੈ। ਸ਼ੁਰੂ ਸ਼ੁਰੂ ਵਿਚ ਸਾਨੂੰ ਕਾਫ਼ੀ ਆਜ਼ਾਦੀ ਪ੍ਰਾਪਤ ਹੁੰਦੀ ਸੀ, ਪਰ ਹੁਣ ਸਾਨੂੰ ਕੋਈ ਆਜ਼ਾਦੀ ਨਹੀਂ। ਹੁਣ ਅਸੀਂ ਹਾਲਾਤ ਦੇ ਸ਼ਿਕਾਰ ਹਾਂ। ਜਦ ਸ਼ਤਰੰਜ ਖੇਡਦੇ ਹਾਂ, ਤਾਂ ਪਹਿਲੀ ਚਾਲ ਚਲਣ ਵਿਚ ਪੂਰੀ ਆਜ਼ਾਦੀ ਹੁੰਦੀ ਹੈ, ਪਰ ਜਦ ਇਕ ਚਾਲ ਚਲ ਲੈਂਦੇ ਹਾਂ ਤਾਂ ਬਾਕੀ ਚਾਲਾਂ ਉੱਤੇ ਇਸ ਚਾਲ ਦਾ ਅਸਰ ਹੁੰਦਾ ਹੈ।। ਇਸ ਤਰ੍ਹਾਂ ਇਕ ਵਾਰ ਪਰਮਾਤਮਾ ਤੋਂ ਵਿਛੜ ਕੇ ਇਸ ਸੰਸਾਰ ਦਾ ਭਾਗ ਬਣ ਜਾਣ ਕਾਰਨ, ਹੁਣ ਅਸੀਂ ਆਜ਼ਾਦ ਨਹੀਂ ਰਹੇ। ਸਾਡਾ ਖਾਸ ਪਰਿਵਾਰ, ਆਲੇ-ਦੁਆਲੇ ਅਤੇ ਵਾਤਾਵਰਣ ਵਿਚ ਜਨਮ ਹੁੰਦਾ ਹੈ। ਇਸ ਬਾਰੇ ਸਾਡੀ ਕੋਈ ਸਲਾਹ ਨਹੀਂ ਲਈ ਜਾਂਦੀ। ਅਸੀਂ ਕਰਮ ਕਰਨ ਤੋਂ ਬਿਨਾਂ ਰਹਿ ਨਹੀਂ ਸਕਦੇ ਅਤੇ ਕੀਤੇ ਹੋਏ ਕਰਮ ਸਾਡੀ ਤਕਦੀਰ ਜਾਂ ਪ੍ਰਾਲਬਧ ਬਣ ਜਾਂਦੇ ਹਨ, ਜਿਸ ਅਨੁਸਾਰ ਸਾਡੇ ਭਵਿੱਖ ਅਤੇ ਅਗਲੇ ਜਨਮ ਦਾ ਫੈਸਲਾ ਹੁੰਦਾ ਹੈ।
ਪ੍ਰਸ਼ਨ 39 – ਜਗਿਆਸੂ ਮਾਰਗ ਉੱਤੇ ਕਦੋਂ ਆਉਂਦਾ ਹੈ?
ਉੱਤਰ 39 – ਜਦ ਪਰਮਾਤਮਾ ਦੀ ਮੌਜ ਹੁੰਦੀ ਹੈ ਕਿ ਜਗਿਆਸੂ ਉਸਦੀ ਖੋਜ ਕਰੇ, ਉਸਨੂੰ ਪਛਾਣੇ ਅਤੇ ਉਸ ਨਾਲ ਮਿਲਾਪ ਕਰੇ, ਤਾਂ ਜਗਿਆਸੂ ਨੂੰ ਅੰਦਰੋਂ ਇਹ ਲਗਨ ਅਤੇ ਸੂਝ-ਬੂਝ ਬਖ਼ਸ਼ ਦਿੰਦਾ ਹੈ। ਉਹ ਅੰਦਰੋਂ ਹੀ ਤੁਣਕਾ ਮਾਰਦਾ ਹੈ। ਅੰਦਰੋਂ ਐਸੀ ਜ਼ਬਰਦਸਤ ਖਿੱਚ ਪੈਂਦੀ ਹੈ, ਜਿਸ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਜਦ ਤਕ ਪਰਮਾਤਮਾ ਆਪ ਨਾ ਦੇਵੇ, ਕੁਝ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਕਦੇ ਵੀ ਆਪਣੇ ਜਤਨ ਨਾਲ ਪਰਮਾਤਮਾ ਦੀ ਖੋਜ ਨਹੀਂ ਕੀਤੀ ਜਾ ਸਕਦੀ। ਅਸੀਂ ਅੰਨ੍ਹੇ ਹਾਂ, ਉਹ ਪਰਮਾਤਮਾ ਸੁਜਾਖਾ ਹੈ। ਅੰਨ੍ਹੇ ਦੀ ਕੀ ਮਜਾਲ ਕਿ ਸੁਜਾਖੇ ਨੂੰ ਪਕੜ ਲਵੇ, ਜਦ ਤਕ ਸੁਜਾਖਾ ਖ਼ੁਦ ਉਸਨੂੰ ਉਂਗਲੀ ਨਾ ਪਕੜਾਵੇ, ਜਾਂ ਆਵਾਜ਼ ਦੇ ਕੇ ਪਾਸ ਨਾ ਬੁਲਾਵੇ। ਸਿਰਫ ਪਰਮਾਤਮਾ ਹੀ ਸਾਨੂੰ ਠੀਕ ਮਾਰਗ ਉੱਤੇ ਲਿਆ ਸਕਦਾ ਹੈ। ਅਸੀਂ ਆਪ ਉਸਦੀ ਖੋਜ ਨਹੀਂ ਕਰ ਸਕਦੇ। ਵੱਧ ਤੋਂ ਵੱਧ ਅੰਦਰੋਂ ਉਸ ਦੁਆਰਾ ਪੈਦਾ ਕੀਤੀ ਖਿੱਚ ਵੱਲ ਧਿਆਨ ਦੇ ਸਕਦੇ ਹਾਂ, ਪਰ ਉਸਦੀ ਦਇਆ-ਮਿਹਰ ਤੋਂ ਬਿਨਾਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ। ਜਦ ਉਹ ਚਾਹੇਗਾ ਤਾਂ ਆਪਣੇ ਆਪ ਐਸਾ ਮਾਹੌਲ,ਐਸੇ ਹਾਲਾਤ ਪੈਦਾ ਹੋ ਜਾਣਗੇ ਕਿ ਅਸੀਂ ਉਸਦੀ ਭਗਤੀ ਵਿਚ ਲੱਗ ਜਾਵਾਂਗੇ। ਜਦ ਤੱਕ ਉਹ ਘੜੀ ਨਹੀਂ ਆਉਂਦੀ, ਉਸਦੀ ਰਹਿਮਤ ਦੀ, ਉਸਦੀ ਖਿੱਚ ਦੀ ਇੰਤਜ਼ਾਰ ਕਰਨੀ ਚਾਹੀਦੀ ਹੈ।
ਪ੍ਰਸ਼ਨ 42 – ਸੰਤ-ਮਤ ਅਨੁਸਾਰ ਆਪਣੇ ਬੱਚਿਆਂ ਦੀ ਪਾਲਣਾ ਕਰਨ ਦਾ ਸਭ ਤੋਂ ਉੱਤਮ ਢੰਗ ਕੀ ਹੈ?
ਉੱਤਰ 42 – ਪ੍ਰੇਮ-ਪਿਆਰ ਨਾਲ ਉਨ੍ਹਾਂ ਦੀ ਪਰਵਰਿਸ਼ ਕਰੋ, ਉਨ੍ਹਾਂ ਪ੍ਰਤੀ ਆਪਣੇ ਸਭ ਫਰਜ਼ ਪੂਰੇ ਕਰੋ ਅਤੇ ਉਨ੍ਹਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਜਗਾਉਣ ਦਾ ਜਤਨ ਕਰੋ। ਕੋਈ ਵਿਚਾਰ ਜ਼ਬਰਦਸਤੀ ਉਨ੍ਹਾਂ ਤੇ ਠੋਸਣ ਦਾ ਜਤਨ ਨਾ ਕਰੋ। ਸਿਰਫ ਖੁੱਲ੍ਹੇ-ਡੁੱਲ੍ਹੇ ਢੰਗ ਨਾਲ ਉਨ੍ਹਾਂ ਨੂੰ ਪਰਮਾਤਮਾ ਦੇ ਪ੍ਰੇਮ ਦੀ ਸਿੱਖਿਆ ਦਿਓ। ਆਪਣੇ ਵੱਲੋਂ ਉਨ੍ਹਾਂ ਦੇ ਪ੍ਰੇਮ ਦੇ ਕਾਬਲ ਬਣਾਉਣ ਦਾ ਜਤਨ ਕਰੋ ਅਤੇ ਫਿਰ ਉਨ੍ਹਾਂ ਨੂੰ ਆਪਣੇ ਬਾਰੇ ਆਪ ਫੈਸਲਾ ਕਰਨ ਦਿਓ। ਬੱਚਿਆਂ ਉੱਤੇ ਮਾਂ-ਬਾਪ ਦੇ ਸੰਸਕਾਰਾਂ ਦਾ ਪ੍ਰਭਾਵ ਹੁੰਦਾ ਹੈ ਅਤੇ ਉਹ ਆਪਣੇ ਆਪ ਮਾਂ-ਬਾਪ ਦੇ ਪਿੱਛੇ ਚਲ ਪੈਂਦੇ ਹਨ। ਉਨ੍ਹਾਂ ਦੇ ਸਾਹਮਣੇ ਆਪਣੀ ਜ਼ਿੰਦਾ ਮਿਸਾਲ ਕਾਇਮ ਕਰੋ ਅਤੇ ਇਤਨਾ ਕਰਨਾ ਹੀ ਕਾਫ਼ੀ ਹੈ।
ਪ੍ਰਸ਼ਨ 43 – ਕੀ ਮੌਤ ਦੇ ਸਮੇਂ ਸਤਿਗੁਰੂ ਸਤਸੰਗੀ ਦੀ ਆਤਮਾ ਦੀ ਸੰਭਾਲ ਕਰਦੇ ਹਨ?
ਉੱਤਰ 43 – ਜਿਨ੍ਹਾਂ ਸਤਸੰਗੀਆਂ ਨੂੰ ਸਤਿਗੁਰੂ ਨੇ ਨਾਮ-ਦਾਨ ਦਿੱਤਾ ਹੁੰਦਾ ਹੈ, ਸਤਿਗੁਰੂ ਉਨ੍ਹਾਂ ਲਈ ਕਦੇ ਨਹੀਂ ਮਰਦੇ। ਉਹ ਆਪਣੇ ਨੂਰੀ ਸਰੂਪ ਵਿਚ ਸਦਾ ਉਨ੍ਹਾਂ ਦੇ ਅੰਦਰ ਮੌਜੂਦ ਰਹਿੰਦੇ ਹਨ। ਮੌਤ ਸਮੇਂ ਸਤਿਗੁਰੂ ਦਾ ਨੂਰੀ ਸਰੂਪ ਹੀ ਸਾਡੀ ਸੰਭਾਲ ਕਰਦਾ ਹੈ ਅਤੇ ਅੰਦਰ ਨੂਰੀ ਸਰੂਪ ਦੇ ਉਸੇ ਤਰ੍ਹਾਂ ਦਰਸ਼ਨ ਹੁੰਦੇ ਹਨ, ਜਿਸ ਤਰ੍ਹਾਂ ਬਾਹਰ ਦੇਹਿ-ਸਰੂਪ ਦੇ ਹੁੰਦੇ ਹਨ।
ਪ੍ਰਸ਼ਨ 44 – ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਪਰਮਾਤਮਾ ਨੂੰ ਮਿਲਣ ਲਈ ਇਕੋ ਖ਼ਾਸ ਮਾਰਗ ਉੱਤੇ ਚਲਣਾ ਕਿਉਂ ਲਾਜ਼ਮੀ ਹੈ?
ਉੱਤਰ 44 – ਇਕੋ ਖ਼ਾਸ ਰਸਤੇ ਉੱਤੇ ਇਸ ਲਈ ਚਲਣਾ ਪੈਂਦਾ ਹੈ ਕਿ ਪਰਮਾਤਮਾ ਸਾਡੇ ਅੰਦਰ ਹੈ ਅਤੇ ਉਸਨੂੰ ਮਿਲਣ ਦਾ ਰਸਤਾ ਵੀ ਖ਼ਾਸ ਜਾਂ ਨਿਸ਼ਚਿਤ ਹੋਵੇਗਾ। ਪਰਮਾਤਮਾ ਤਾਂ ਜ਼ੱਰੇ-ਜ਼ੱਰੇ ਵਿਚ ਵਿਆਪਕ ਹੈ, ਪਰ ਜਦ ਤਕ ਅਸੀਂ ਆਪਣੇ ਅੰਦਰ ਉਸ ਦੇ ਦਰਸ਼ਨ ਨਹੀਂ ਕਰ ਲੈਂਦੇ, ਸਾਨੂੰ ਬਾਹਰ ਵੀ ਉਸਦੇ ਦਰਸ਼ਨ ਨਹੀਂ ਹੋ ਸਕਦੇ। ਉਹ ਸਾਡੇ ਸਭ ਦੇ ਅੰਦਰ ਹੈ ਅਤੇ ਉਸਨੇ ਸਾਨੂੰ ਸਭ ਨੂੰ ਇਕੋ-ਜਿਹੇ ਬਣਾਇਆ ਹੈ, ਇਸ ਲਈ ਅੰਦਰ ਉਸਨੂੰ ਮਿਲਣ ਦਾ ਰਸਤਾ ਵੀ ਇਕ ਹੀ ਹੋ ਸਕਦਾ ਹੈ। ਆਤਮਾ ਜਾਂ ਸ਼ਬਦ ਦੀ ਭਗਤੀ ਹੀ ਪਰਮਾਤਮਾ ਦੀ ਇੱਕੋ-ਇੱਕ ਭਗਤੀ ਹੈ। ਜੇ ਪਰਮਾਤਮਾ ਦੀ ਭਗਤੀ ਕਰਨਾ ਚਾਹੁੰਦੇ ਹੋ ਤਾਂ ਸ਼ਬਦ ਦੀ ਭਗਤੀ ਕਰਨੀ ਪਵੇਗੀ ਅਰਥਾਤ ਆਪਣੀ ਚੇਤਨ ਸੱਤਾ ਨੂੰ ਤੀਸਰੇ ਤਿਲ ਵਿਚ ਲਿਆ ਕੇ ਇਸਨੂੰ ਅੰਦਰ ਸ਼ਬਦ ਨਾਲ ਜੋੜਨਾ ਪਵੇਗਾ। ਇਸ ਭਗਤੀ ਦੀ ਸਹਾਇਤਾ ਨਾਲ ਹੀ ਤੁਸੀਂ ਪਰਮਾਤਮਾ ਤਕ ਵਾਪਸ ਪਹੁੰਚ ਸਕੋਗੇ। ਇਹੋ ਇੱਕ ਸੱਚਾ ਮਾਰਗ ਹੈ। ਜਦ ਤੱਕ ਅੰਦਰੋਂ ਉਸ ਪਰਮਾਤਮਾ ਦੇ ਦਰਸ਼ਨ ਨਹੀਂ ਕਰਦੇ, ਬਾਹਰ ਰਚਨਾ ਵਿਚ ਕਦੇ ਕਿਤੇ ਉਸ ਦੇ ਦਰਸ਼ਨ ਨਹੀਂ ਹੋ ਸਕਦੇ। ਪਰ ਜਦ ਇੱਕ ਵਾਰ ਅੰਦਰ ਉਸਦੇ ਦਰਸ਼ਨ ਹੋ ਜਾਂਦੇ ਹਨ, ਤਾਂ ਜਿਧਰ ਨਜ਼ਰ ਮਾਰਦੇ ਹਾਂ, ਉਸ ਦੇ ਦਰਸ਼ਨ ਹੋ ਜਾਂਦੇ ਹਨ ਅਤੇ ਸਾਰਾ ਸੰਸਾਰ ਉਸ ਪਰਮਾਤਮਾ ਦਾ ਹਰਿਮੰਦਰ ਬਣ ਜਾਂਦਾ ਹੈ। ਪਹਿਲੋਂ ਸੰਸਾਰ ਨੂੰ ਪਰਮਾਤਮਾ ਦਾ ਹਰਿਮੰਦਰ ਬਣਾਉਣਾ ਹੈ, ਫਿਰ ਸਾਰਾ ਜਗਤ ਪਰਮਾਤਮਾ ਦਾ ਹਰਿਮੰਦਰ ਬਣ ਜਾਵੇਗਾ।
ਪ੍ਰਸ਼ਨ 45 – ਕੀ ਸਾਰੀ ਰਚਨਾ ਪ੍ਰਭੂ ਦਾ ਹੀ ਪਸਾਰਾ ਹੈ, ਉਸਦਾ ਹੀ ਰੂਪ ਹੈ?
ਉੱਤਰ 45 – ਆਪਣੇ ਸਰੀਰ ਅੰਦਰੋਂ ਪਿਤਾ-ਪਰਮੇਸ਼ਰ ਨਾਲ ਪਿਆਰ ਕਰੋ। ਇਸ ਦਾ ਅਰਥ ਹੈ ਕਿ ਆਪਣੇ ਸਰੀਰ ਅੰਦਰੋਂ ਪਰਮੇਸ਼ਰ ਨਾਲ ਮਿਲਾਪ ਕਰਨ ਦਾ ਜਤਨ ਕਰਨਾ ਹੈ। ਜਦ ਇਸ ਉਪਦੇਸ਼ ਉੱਤੇ ਚਲਣ ਦੇ ਕਾਬਲ ਬਣ ਜਾਵੋ, ਤਾਂ ਆਪਣੇ ਗੁਆਂਢੀ ਨਾਲ ਇਸ ਤਰ੍ਹਾਂ ਪਿਆਰ ਕਰੋ, ਜਿਸ ਤਰ੍ਹਾਂ ਕਿ ਆਪਣੇ ਆਪ ਨੂੰ ਕਰਦੇ ਹੋ। ਜਦ ਤੁਸੀਂ ਅੰਦਰੋਂ ਪ੍ਰਭੂ ਨੂੰ ਪਿਆਰ ਕਰਨ ਲੱਗ ਪਵੋਗੇ ਤਾਂ ਤੁਹਾਨੂੰ ਬਾਹਰ ਵੀ ਹਰ ਜਗ੍ਹਾ ਉਹੀ ਹਾਜ਼ਰ-ਨਾਜ਼ਰ ਦਿਸੇਗਾ। ਫਿਰ ਸਾਰਾ ਸੰਸਾਰ ਤੁਹਾਡਾ ਗੁਆਂਢੀ ਬਣ ਜਾਵੇਗਾ, ਅਰਥਾਤ ਤੁਸੀਂ ਸਾਰੇ ਸੰਸਾਰ ਨੂੰ ਪਿਆਰ ਕਰਨ ਲੱਗ ਪਵੋਗੇ। ਸਭ ਮਹਾਤਮਾ ਦੇ ਉਪਦੇਸ਼ ਦਾ ਸਾਰ ਇਨ੍ਹਾਂ ਦੋ ਗੱਲਾਂ ਵਿਚ ਆ ਜਾਂਦਾ ਹੈ। ਅਸਾਂ ਆਪਣੇ ਅੰਦਰੋਂ ਪਰਮਾਤਮਾ ਦੀ ਖੋਜ ਕਰਨੀ ਹੈ ਕਿਉਂਕਿ ਜਦ ਤਕ ਅਸੀਂ ਅੰਦਰੋਂ ਉਸ ਨੂੰ ਪ੍ਰਾਪਤ ਨਾ ਕਰ ਲਈਏ, ਤਦ ਤਕ ਅਸੀਂ ਬਾਹਰ ਵੀ ਉਸਨੂੰ ਨਹੀਂ ਦੇਖ ਸਕਦੇ – ਭਾਵੇਂ ਉਹ ਹਰ ਜਗ੍ਹਾ ਮੌਜੂਦ ਹੈ, ਸਰਵ-ਵਿਆਪਕ ਹੈ। ਉਹ ਪ੍ਰਭੂ ਸਿਰਫ ਸਾਡੇ ਸਰੀਰ ਅੰਦਰ ਹੀ ਨਹੀਂ ਹੈ, ਸ੍ਰਿਸ਼ਟੀ ਦੇ ਜ਼ੱਰੇ-ਜ਼ੱਰੇ ਅੰਦਰ ਸਮਾਇਆ ਹੋਇਆ ਹੈ, ਪਰ ਅਸੀਂ ਸ੍ਰਿਸ਼ਟੀ ਵਿਚ ਤਦ ਹੀ ਉਸ ਦੇ ਦਰਸ਼ਨ ਕਰ ਸਕਾਂਗੇ, ਜਦ ਪਹਿਲੋਂ ਆਪਣੇ ਅੰਦਰ ਕਰ ਲਵਾਂਗੇ। ਪਹਿਲੋਂ ਆਪਣੇ ਸਰੀਰ ਨੂੰ ਜ਼ਿੰਦਾ ਖ਼ੁਦਾ ਦਾ ਮੰਦਰ ਬਣਾਉਣਾ ਪਵੇਗਾ। ਜਦ ਸਰੀਰ ਹਰਿਮੰਦਰ ਬਣ ਜਾਵੇਗਾ, ਤਾਂ ਸਾਰਾ ਸੰਸਾਰ ਹਰਿਮੰਦਰ ਬਣ ਜਾਵੇਗਾ ਅਤੇ ਸਾਰੀ ਸ੍ਰਿਸ਼ਟੀ ਵਿਚ ਉਸਦਾ ਜਲਵਾ ਨਜ਼ਰ ਆਵੇਗਾ।
ਪ੍ਰਸ਼ਨ 46 – ਜੇ ਪਰਮਾਤਮਾ, ਆਤਮਾ-ਰੂਪ ਹੈ, ਤਾਂ ਕੀ ਪਰਮਾਤਮਾ ਅਨੇਕ ਹਨ ਕਿਉਂਕਿ ਆਤਮਾਵਾਂ ਅਨੇਕ ਹਨ?
ਉੱਤਰ 46 – ਪਰਮਾਤਮਾ ਇੱਕ ਹੈ, ਪਰਮਾਤਮਾ ਅਨੇਕ ਨਹੀਂ ਹਨ। ਸਭ ਆਤਮਾਵਾਂ ਇਕੋ ਸਮੁੰਦਰ ਦੀਆਂ ਬੂੰਦਾਂ ਹਨ। ਸਮੁੰਦਰ ਇਕ ਹੈ। ਪਰਮਾਤਮਾ ਸੂਰਜ ਵਾਂਗ ਇਕ ਹੈ ਅਤੇ ਸਭ ਆਤਮਾਵਾਂ ਪ੍ਰਭੂ ਰੂਪੀ ਇਕੋ ਸੂਰਜ ਦੀਆਂ ਕਿਰਨਾਂ ਹਨ। ਪ੍ਰਸ਼ਨ – ਪਰਮਾਤਮਾ ਅਤੇ ਆਤਮਾ ਵਿਚ ਕੋਈ ਫਰਕ ਨਹੀਂ ? ਉੱਤਰ – ਸੂਰਜ ਅਤੇ ਕਿਰਨ ਵਿਚ ਕੋਈ ਫਰਕ ਨਹੀਂ। ਕਿਰਨਾਂ ਸੂਰਜ ਵਿਚੋਂ ਹੀ ਨਿਕਲਦੀਆਂ ਹਨ ਅਤੇ ਵਾਪਸ ਜਾ ਕੇ ਸੂਰਜ ਵਿਚ ਹੀ ਸਮਾਂ ਜਾਂਦੀਆਂ ਹਨ। ਇਸੇ ਤਰ੍ਹਾਂ ਆਤਮਾ ਪਰਮਾਤਮਾ ਵਿਚੋਂ ਹੀ ਆਉਂਦੀ ਹੈ ਅਤੇ ਵਾਪਸ ਜੇ ਕੇ ਪਰਮਾਤਮਾ ਵਿਚ ਹੀ ਸਮਾ ਜਾਂਦੀ ਹੈ। ਬੀਜ-ਰੂਪ ਵਿਚ ਹਰ ਆਤਮਾ, ਪਰਮਾਤਮਾ ਹੀ ਹੈ ਕਿਉਂਕਿ ਇਸ ਦਾ ਸੋਮਾ ਪਰਮਾਤਮਾ ਹੈ। ਅੰਤ ਵਿਚ ਸਭ ਆਤਮਾਵਾਂ ਜਿਨ੍ਹਾਂ ਨੂੰ ਨਾਮ-ਦਾਨ ਮਿਲ ਗਿਆ ਹੈ, ਪਰਮਾਤਮਾ ਵਿਚ ਸਮਾ ਕੇ, ਪਰਮਾਤਮਾ ਦਾ ਰੂਪ ਹੋ ਜਾਣਗੀਆਂ। ਪਰੰਤੂ ਪਰਮਾਤਮਾ ਇੱਕ ਹੈ ਅਤੇ ਉਹ ਸਰਵ-ਵਿਆਪਕ ਹੁੰਦਾ ਹੋਇਆ ਵੀ ਸਭ ਤੋਂ ਨਿਰਲੇਪ ਹੈ।
ਪ੍ਰਸ਼ਨ – ਪਰ ਆਤਮਾ, ਪਰਮਾਤਮਾ ਵਿਚ ਫ਼ਰਕ ਕੀ ਹੈ?
ਉੱਤਰ – ਸਾਡੇ ਸਭ ਦੇ ਅੰਦਰ ਆਤਮਾ ਹੈ। ਅਸਾਂ ਉਸ ਆਤਮਾ ਨਾਲ ਅਭੇਦ ਹੋਣਾ ਹੈ। ਉਸ ਨੂੰ ਆਤਮਾ, ਸ਼ਬਦ ਜਾਂ ਨਾਮ ਕੁਝ ਵੀ ਕਹਿ ਸਕਦੇ ਹਾਂ। ਅਸਲ ਵਿਚ ਇਹ ਪਰਮਾਤਮਾ ਹੈ। ਪਰਮਾਤਮਾ ਅਤੇ ਸ਼ਬਦ ਵਿਚ ਕੋਈ ਅੰਤਰ ਨਹੀਂ ਹੈ। ਜਿਸ ਤਰ੍ਹਾਂ ਸੂਰਜ ਅਤੇ ਇਸ ਦੀਆਂ ਕਿਰਨਾਂ ਵਿਚ ਕੋਈ ਫ਼ਰਕ ਨਹੀਂ, ਇਸੇ ਤਰ੍ਹਾਂ ਆਤਮਾ ਅਤੇ ਪਰਮਾਤਮਾ ਇਕ ਹਨ। ਪ੍ਰਸ਼ਨ – ਫਿਰ ਆਤਮਾ ਦੀ ਪਰਮਾਤਮਾ ਤੋਂ ਜੁਦਾਈ ਕਿਸ ਤਰ੍ਹਾਂ ਹੈ? ਉੱਤਰ – ਕਿਰਨ ਦੀ ਜੜ੍ਹ, ਸੂਰਜ ਵਿਚ ਹੈ। ਇਹ ਸੂਰਜ ਵਿਚੋਂ ਹੀ ਆਉਂਦੀ ਹੈ ਅਤੇ ਸੂਰਜ ਵਿਚ ਹੀ ਵਾਪਸ ਸਮਾ ਜਾਂਦੀ ਹੈ। ਇਹ ਸੂਰਜ ਹੀ ਹੈ। ਵਾਸਤਵ ਵਿਚ ਹਰ ਆਤਮਾ ਪਰਮਾਤਮਾ ਹੀ ਹੈ ਪਰੰਤੂ ਅਮਲੀ ਤੌਰ ਤੇ ਆਤਮਾ ਦੀ ਪਛਾਣ ਕਰਨ ਦੀ ਲੋੜ ਹੈ ਤਾਂ ਜੋ ਆਪਣੇ ਆਪ ਨੂੰ ਪਛਾਣ ਕੇ ਆਤਮਾ ਪਰਮਾਤਮਾ ਨੂੰ ਪਛਾਣ ਸਕੇ ਅਤੇ ਉਸਨੂੰ ਪਛਾਣ ਕੇ ਉਸ ਦਾ ਰੂਪ ਬਣ ਜਾਵੇ
ਪ੍ਰਸ਼ਨ 46 – ਜੇ ਪਰਮਾਤਮਾ, ਆਤਮਾ-ਰੂਪ ਹੈ, ਤਾਂ ਕੀ ਪਰਮਾਤਮਾ ਅਨੇਕ ਹਨ ਕਿਉਂਕਿ ਆਤਮਾਵਾਂ ਅਨੇਕ ਹਨ?
ਉੱਤਰ 46 – ਪਰਮਾਤਮਾ ਇੱਕ ਹੈ, ਪਰਮਾਤਮਾ ਅਨੇਕ ਨਹੀਂ ਹਨ। ਸਭ ਆਤਮਾਵਾਂ ਇਕੋ ਸਮੁੰਦਰ ਦੀਆਂ ਬੂੰਦਾਂ ਹਨ। ਸਮੁੰਦਰ ਇਕ ਹੈ। ਪਰਮਾਤਮਾ ਸੂਰਜ ਵਾਂਗ ਇਕ ਹੈ ਅਤੇ ਸਭ ਆਤਮਾਵਾਂ ਪ੍ਰਭੂ ਰੂਪੀ ਇਕੋ ਸੂਰਜ ਦੀਆਂ ਕਿਰਨਾਂ ਹਨ। ਪ੍ਰਸ਼ਨ – ਪਰਮਾਤਮਾ ਅਤੇ ਆਤਮਾ ਵਿਚ ਕੋਈ ਫਰਕ ਨਹੀਂ ? ਉੱਤਰ – ਸੂਰਜ ਅਤੇ ਕਿਰਨ ਵਿਚ ਕੋਈ ਫਰਕ ਨਹੀਂ। ਕਿਰਨਾਂ ਸੂਰਜ ਵਿਚੋਂ ਹੀ ਨਿਕਲਦੀਆਂ ਹਨ ਅਤੇ ਵਾਪਸ ਜਾ ਕੇ ਸੂਰਜ ਵਿਚ ਹੀ ਸਮਾਂ ਜਾਂਦੀਆਂ ਹਨ। ਇਸੇ ਤਰ੍ਹਾਂ ਆਤਮਾ ਪਰਮਾਤਮਾ ਵਿਚੋਂ ਹੀ ਆਉਂਦੀ ਹੈ ਅਤੇ ਵਾਪਸ ਜੇ ਕੇ ਪਰਮਾਤਮਾ ਵਿਚ ਹੀ ਸਮਾ ਜਾਂਦੀ ਹੈ। ਬੀਜ-ਰੂਪ ਵਿਚ ਹਰ ਆਤਮਾ, ਪਰਮਾਤਮਾ ਹੀ ਹੈ ਕਿਉਂਕਿ ਇਸ ਦਾ ਸੋਮਾ ਪਰਮਾਤਮਾ ਹੈ। ਅੰਤ ਵਿਚ ਸਭ ਆਤਮਾਵਾਂ ਜਿਨ੍ਹਾਂ ਨੂੰ ਨਾਮ-ਦਾਨ ਮਿਲ ਗਿਆ ਹੈ, ਪਰਮਾਤਮਾ ਵਿਚ ਸਮਾ ਕੇ, ਪਰਮਾਤਮਾ ਦਾ ਰੂਪ ਹੋ ਜਾਣਗੀਆਂ। ਪਰੰਤੂ ਪਰਮਾਤਮਾ ਇੱਕ ਹੈ ਅਤੇ ਉਹ ਸਰਵ-ਵਿਆਪਕ ਹੁੰਦਾ ਹੋਇਆ ਵੀ ਸਭ ਤੋਂ ਨਿਰਲੇਪ ਹੈ। ਪ੍ਰਸ਼ਨ – ਪਰ ਆਤਮਾ, ਪਰਮਾਤਮਾ ਵਿਚ ਫ਼ਰਕ ਕੀ ਹੈ? ਉੱਤਰ – ਸਾਡੇ ਸਭ ਦੇ ਅੰਦਰ ਆਤਮਾ ਹੈ। ਅਸਾਂ ਉਸ ਆਤਮਾ ਨਾਲ ਅਭੇਦ ਹੋਣਾ ਹੈ। ਉਸ ਨੂੰ ਆਤਮਾ, ਸ਼ਬਦ ਜਾਂ ਨਾਮ ਕੁਝ ਵੀ ਕਹਿ ਸਕਦੇ ਹਾਂ। ਅਸਲ ਵਿਚ ਇਹ ਪਰਮਾਤਮਾ ਹੈ। ਪਰਮਾਤਮਾ ਅਤੇ ਸ਼ਬਦ ਵਿਚ ਕੋਈ ਅੰਤਰ ਨਹੀਂ ਹੈ। ਜਿਸ ਤਰ੍ਹਾਂ ਸੂਰਜ ਅਤੇ ਇਸ ਦੀਆਂ ਕਿਰਨਾਂ ਵਿਚ ਕੋਈ ਫ਼ਰਕ ਨਹੀਂ, ਇਸੇ ਤਰ੍ਹਾਂ ਆਤਮਾ ਅਤੇ ਪਰਮਾਤਮਾ ਇਕ ਹਨ। ਪ੍ਰਸ਼ਨ – ਫਿਰ ਆਤਮਾ ਦੀ ਪਰਮਾਤਮਾ ਤੋਂ ਜੁਦਾਈ ਕਿਸ ਤਰ੍ਹਾਂ ਹੈ? ਉੱਤਰ – ਕਿਰਨ ਦੀ ਜੜ੍ਹ, ਸੂਰਜ ਵਿਚ ਹੈ। ਇਹ ਸੂਰਜ ਵਿਚੋਂ ਹੀ ਆਉਂਦੀ ਹੈ ਅਤੇ ਸੂਰਜ ਵਿਚ ਹੀ ਵਾਪਸ ਸਮਾ ਜਾਂਦੀ ਹੈ। ਇਹ ਸੂਰਜ ਹੀ ਹੈ। ਵਾਸਤਵ ਵਿਚ ਹਰ ਆਤਮਾ ਪਰਮਾਤਮਾ ਹੀ ਹੈ ਪਰੰਤੂ ਅਮਲੀ ਤੌਰ ਤੇ ਆਤਮਾ ਦੀ ਪਛਾਣ ਕਰਨ ਦੀ ਲੋੜ ਹੈ ਤਾਂ ਜੋ ਆਪਣੇ ਆਪ ਨੂੰ ਪਛਾਣ ਕੇ ਆਤਮਾ ਪਰਮਾਤਮਾ ਨੂੰ ਪਛਾਣ ਸਕੇ ਅਤੇ ਉਸਨੂੰ ਪਛਾਣ ਕੇ ਉਸ ਦਾ ਰੂਪ ਬਣ ਜਾਵੇ
ਪ੍ਰਸ਼ਨ 47 – ਆਪ ਜੀ ਨੇ ਫ਼ਰਮਾਇਆ ਹੈ ਕਿ ਪਰਮਾਤਮਾ ਪ੍ਰੇਮ-ਸ਼ਕਤੀ ਅਤੇ ਗਿਆਨ ਹੈ। ਕੀ ਇਹ ਵੀ ਪਰਮਾਤਮਾ ਦੀ ਇਕ ਸਿਫ਼ਤ ਹੈ ਕਿ ਉਹ ਹਮੇਸ਼ਾ ਰੂਹਾਂ ਨੂੰ ਆਪਣੇ ਤੋਂ ਜੁਦਾ ਕਰਦਾ ਅਤੇ ਆਪਣੇ ਵਿਚ ਜਜ਼ਬ (ਲੀਨ) ਕਰਦਾ ਰਹਿੰਦਾ ਹੈ।
ਉੱਤਰ 47 – ਪਿਆਰ ਦਾ ਮੰਤਵ ਪਿਆਰੇ ਵਿਚ ਜਜ਼ਬ (ਲੀਨ) ਹੋ ਜਾਣਾ ਹੈ। ਆਪਣੀ ਖ਼ੁਦੀ ਤਿਆਗ ਕੇ ਆਪਣੇ ਪ੍ਰੀਤਮ ਵਿਚ ਸਮਾ ਜਾਣਾ ਹੀ ਪ੍ਰੇਮ ਹੈ। ਪਰਮਾਤਮਾ ਪ੍ਰੇਮ-ਰੂਪ ਹੈ। ਅਸੀਂ ਵੀ ਖ਼ੁਦੀ ਜਾਂ ਆਪਣੇ ਆਪੇ ਨੂੰ ਖੋ ਕੇ, ਪਰਮਾਤਮਾ ਵਿਚ ਸਮਾ ਕੇ, ਪਰਮਾਤਮਾ ਦਾ ਹੀ ਰੂਪ ਹੋ ਜਾਂਦੇ ਹਾਂ। ਪਰਮਾਤਮਾ ਨੇ ਸਾਨੂੰ ਆਪਣੇ ਤੋਂ ਵਿਛੋੜਿਆ ਹੈ, ਕਿਉਂਕਿ ਉਸੇ ਨੇ ਹੀ ਸਾਨੂੰ ਪੈਦਾ ਕੀਤਾ ਹੈ, ਪਰ ਅਸੀਂ ਉਸਨੂੰ ਪਿਆਰ ਕਰਕੇ ਵਾਪਸ ਉਸ ਵਿਚ ਸਮਾ ਸਕਦੇ ਹਾਂ।
ਪ੍ਰਸ਼ਨ 48 – ਕੀ ਪਰਮਾਤਮਾ ਫਿਰ ਦੁਬਾਰਾ ਤਾਂ ਸਾਨੂੰ ਜੁਦਾ ਨਹੀਂ ਕਰੇਗਾ?
ਉੱਤਰ 48 – ਸੰਤ ਤਾਂ ਇਹੋ ਕਹਿੰਦੇ ਹਨ ਕਿ ਨਹੀਂ ਕਰੇਗਾ ਅਤੇ ਮੈਨੂੰ ਵੀ ਆਸ ਹੈ ਕਿ ਨਹੀਂ ਕਰੇਗਾ। ਤੁਸੀਂ ਇਸ ਗਲ ਦੀ ਚਿੰਤਾ ਨਾ ਕਰੋ ਕਿ ਅਸੀਂ ਦੁਬਾਰਾ ਤਾਂ ਉਸ ਤੋਂ ਨਹੀਂ ਵਿਛੜਾਂਗੇ।
ਪ੍ਰਸ਼ਨ 49 – ਕੀ ਇਹ ਸੱਚ ਹੈ ਕਿ ਸੱਚਖੰਡ ਵਿਚ ਪਹੁੰਚ ਕੇ ਜੀਵ ਨਿਰੋਲ ਰੁਹਾਨੀਅਤ ਦਾ ਰੂਪ ਹੋ ਜਾਂਦਾ ਹੈ?
ਉੱਤਰ 49 – ਸਰੀਰ ਨਹੀਂ ਆਤਮਾ ਹੀ ਸੱਚਖੰਡ ਪਹੁੰਚਦੀ ਹੈ, ਸੱਚਖੰਡ ਪਹੁੰਚੀ ਆਤਮਾ ਨੂੰ ਤੁਸੀਂ ਰੁਹਾਨੀਅਤ ਦਾ ਰੂਪ ਵੀ ਕਹਿ ਸਕਦੇ ਹੋ।
ਪ੍ਰਸ਼ਨ 56 – ਮੇਰੇ ਮਨ ਵਿਚ ਖਾਹਸ਼ਾਂ ਅਤੇ ਜ਼ਿੰਮੇਵਾਰੀਆਂ ਵਿਚ ਘੋਲ ਚਲਦਾ ਰਹਿੰਦਾ ਹੈ। ਕੀ ਤੁਸੀਂ ਇਸ ਸੰਕਟ ਦਾ ਕੋਈ ਹੱਲ ਦੱਸੋਗੇ? ਸੰਤ-ਮਤ ਉੱਤੇ ਚਲਦਿਆਂ ਹੋਏ ਕਈ ਵਾਰ ਦੋ ਗੱਲਾਂ ਦੇਖਣ ਨੂੰ ਇਕੋ ਜਿਹੀਆਂ ਲਗਦੀਆਂ ਹਨ ਅਤੇ ਕਿਸੇ ਇਕ ਦੇ ਹੱਕ ਵਿਚ ਫੈਸਲਾ ਕਰਨਾ ਮੁਸ਼ਕਲ ਲਗਦਾ ਹੈ।
ਉੱਤਰ 56 – ਅਜਿਹੀਆਂ ਗੱਲਾਂ ਦਾ ਫੈਸਲਾ ਹਰ ਇਨਸਾਨ ਨੇ ਆਪ ਹੀ ਕਰਨਾ ਹੁੰਦਾ ਹੈ। ਇਸ ਦਾ ਸਬੰਧ ਇਸ ਗਲ ਨਾਲ ਵੀ ਹੈ ਕਿ ਸਮੱਸਿਆ ਹੈ ਕਿਸ ਕਿਸਮ ਦੀ। ਇਸ ਬਾਰੇ ਕੋਈ ਆਮ ਰਾਏ ਦੇਣਾ ਜਾਂ ਖ਼ਾਸ ਗੁਰ ਸਮਝਾ ਸਕਣਾ ਮੁਸ਼ਕਲ ਹੈ। ਜ਼ਿੰਦਗੀ ਵਿਚ ਕੁਝ ਜ਼ਿੰਮੇਵਾਰੀਆਂ ਆਉਂਦੀਆਂ ਹਨ, ਜਿਨ੍ਹਾਂ ਨੂੰ ਨਿਭਾਉਣਾ ਲਾਜ਼ਮੀ ਹੈ। ਉਨ੍ਹਾਂ ਨੂੰ ਨਿਭਾਉਣਾ ਹੀ ਪੈਂਦਾ ਹੈ। ਕਈ ਜ਼ਿੰਮੇਵਾਰੀਆਂ ਨੂੰ ਅਸੀਂ ਆਪ ਜਾਣ-ਬੁਝ ਕੇ ਨਿਉਂਦਾ (ਸੱਦਾ) ਦਿੰਦੇ ਹਾਂ। ਫਿਰ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਇਨ੍ਹਾਂ ਹੇਠਾਂ ਦਬ ਗਏ ਹਾਂ। ਪਰ ਇਹ ਕਹਿਣਾ ਮੁਸ਼ਕਲ ਹੈ ਕਿ ਕਿਸ ਕਿਸਮ ਦੀਆਂ ਜ਼ਿੰਮੇਵਾਰੀਆਂ ਰੂਹਾਨੀ ਤਰੱਕੀ ਵਿਚ ਰੁਕਾਵਟ ਬਣ ਜਾਂਦੀਆਂ ਹਨ।
ਪ੍ਰਸ਼ਨ 61 – ਅਸੀਂ ਕਹਿੰਦੇ ਹਾਂ ਕਿ ਸਤਿਗੁਰੂ ਸਦਾ ਸਾਡੇ ਅੰਗ ਸੰਗ ਹਨ, ਪਰ ਮਨ ਵਿਚ ਖਿਆਲ ਆਉਂਦਾ ਹੈ ਕਿ ਕੀ ਸੜਕ ਉੱਤੇ ਕਾਰ ਚਲਾਈ ਜਾਂਦਾ ਕੋਈ ਸਤਸੰਗੀ ਅਚਾਨਕ ਹਾਦਸੇ ਜਾਂ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ?
ਉੱਤਰ 61 – ਇਹ ਗਲ ਸਤਸੰਗੀ ਦੇ ਆਪਣੇ ਕਰਮਾਂ ਉੱਤੇ ਨਿਰਭਰ ਕਰਦੀ ਹੈ। ਇਸਦਾ ਇਹ ਮਤਲਬ ਨਹੀਂ ਕਿ ਸਤਸੰਗੀ ਕਿਸੇ ਦੁਰਘਟਨਾ ਆਦਿ ਦਾ ਸ਼ਿਕਾਰ ਨਹੀਂ ਹੋ ਸਕਦਾ। ਇਸਦਾ ਸਬੰਧ ਉਸਦੇ ਆਪਣੇ ਕਰਮਾਂ ਜਾਂ ਪ੍ਰਾਲਬਧ ਨਾਲ ਹੈ। ਕਰਮਾਂ ਦਾ ਜਿਹੜਾ ਬੀਜ ਅਸੀਂ ਬੀਜ ਚੁੱਕੇ ਹਾਂ ਉਸਦਾ ਫਲ ਹਰ ਹਾਲਤ ਵਿਚ ਕੱਟਣਾ ਹੀ ਪੈਣਾ ਹੈ। ਪਰ ਸਤਸੰਗੀ ਵਿਚ ਖੁਸ਼ੀ-ਖੁਸ਼ੀ, ਖਿੜੇ ਮੱਥੇ ਕਰਮਾਂ ਨੂੰ ਬਰਦਾਸ਼ਤ ਕਰਨ ਦੀ ਤਾਕਤ ਪੈਦਾ ਹੋ ਜਾਂਦੀ ਹੈ ਅਤੇ ਉਹ ਬਿਨਾ ਡਾਵਾਂ ਡੋਲ ਹੋਣ ਕੇ ਸਬਰ-ਸ਼ੁਕਰ ਨਾਲ ਕਰਮਾਂ ਦਾ ਫਲ ਭੋਗ ਲੈਂਦਾ ਹੈ। ਸਤਿਗੁਰੂ ਦੀ ਦਇਆ ਮਿਹਰ ਅਤੇ ਸਹਾਇਤਾ ਹਰ ਵੇਲੇ ਸਤਸੰਗੀ ਨੂੰ ਮਿਲਦੀ ਰਹਿੰਦੀ ਹੈ, ਪਰ ਪ੍ਰਾਲਬਧ ਕਰਮਾਂ ਦਾ ਭੁਗਤਾਨ ਵੀ ਕਰਨਾ ਪੈਂਦਾ ਹੈ।
ਪ੍ਰਸ਼ਨ 62 – ਸ਼ਬਦ ਨੂੰ “ਸ਼ਬਦ-ਧੁਨ” ਕਹਿਣ ਜਾਂ “ਨਾ-ਸੁਣਾਈ ਦੇਣ ਵਾਲਾ ਸ਼ਬਦ” ਕਹਿਣ ਵਿਚ ਕੋਈ ਫ਼ਰਕ ਹੈ?
ਉੱਤਰ 62 – ਕੋਈ ਫ਼ਰਕ ਨਹੀਂ, ਚਾਹੇ ਸ਼ਬਦ ਧੁਨ ਕਹਿ ਲਵੋ ਚਾਹੇ ਨਾ-ਸੁਣਾਈ ਦੇਣ ਵਾਲਾ ਸ਼ਬਦ ਕਹਿ ਲਵੋ। ਸ਼ਬਦ ਰੂਪੀ ਇਕ ਸਤਿ ਨੂੰ ਮੁਖ਼ਤਲਿਫ਼ (ਕਈ) ਸੰਤਾਂ-ਮਹਾਤਮਾਵਾਂ ਨੇ ਮੁਖ਼ਤਲਿਫ਼ ਲਫ਼ਜ਼ਾਂ ਦੁਆਰਾ ਬਿਆਨ ਕਰਨ ਦਾ ਜਤਨ ਕੀਤਾ ਹੈ। ਸ਼ਬਦ ਰੂਪੀ ਵਸਤੂ ਜਾਂ ਉਸਦਾ ਅਨੁਭਵ ਤਾ ਇੱਕ ਹੈ, ਪਰ ਵੱਖ-ਵੱਖ ਵਕਤਾਂ, ਮੁਲਕਾਂ ਵਿਚ ਹੋਏ ਵੱਖ-ਵੱਖ ਮਹਾਤਮਾਵਾਂ ਨੇ ਉਸਨੂੰ ਵੱਖ-ਵੱਖ ਢੰਗਾਂ ਨਾਲ ਬਿਆਨ ਕੀਤਾ ਹੈ।
ਪ੍ਰਸ਼ਨ 63 – ਮੈਂ ਅੱਜ ਇਕ ਚੀਜ਼ ਨਾਲ ਪਿਆਰ ਕਰਦਾ ਹਾਂ ਅਤੇ ਕੱਲ੍ਹ ਨੂੰ ਦੂਸਰੀ ਚੀਜ਼ ਨਾਲ ਪਿਆਰ ਕਰਨਾ ਸ਼ੁਰੂ ਕਰ ਦਿੰਦਾ ਹਾਂ, ਕਿਉਂਕਿ ਮੈਂ ਇਕੋ ਚੀਜ਼ ਨਾਲ ਬਹੁਤੀ ਦੇਰ ਪਿਆਰ ਨਹੀਂ ਕਰ ਸਕਦਾ ਅਤੇ ਝਟ-ਪਟ ਆਪਣਾ ਮੋਹ ਬਦਲਦਾ ਰਹਿੰਦਾ ਹਾਂ। ਹੁਣ ਮੈਂ ਜ਼ਿੰਦਗੀ ਵਿਚ ਐਸੀ ਜਗ੍ਹਾ ਪਹੁੰਚ ਗਿਆ ਹਾਂ ਕਿ ਮੈਨੂੰ ਕਿਸੇ ਚੀਜ਼ ਦੀ ਪ੍ਰਾਪਤੀ ਦੀ ਇੱਛਾ ਨਹੀਂ ਰਹੀ। ਮੈਨੂੰ ਇਸ ਗੱਲ ਦਾ ਇਲਮ ਹੋ ਗਿਆ ਹੈ ਕਿ ਜਿਸ ਅਮਨ, ਸ਼ਾਂਤੀ ਦੀ ਮੈਨੂੰ ਤਲਾਸ਼ ਹੈ, ਉਹ ਇਸ ਦੁਨੀਆ ਦੀ ਵਸਤੂ ਨਹੀਂ ਹੈ। ਹੁਣ ਮੈਨੂੰ ਕਿਸੇ ਨਾਲ ਮੋਹ ਨਹੀਂ ਰਿਹਾ ਅਤੇ ਮੇਰੇ ਮਨ ਵਿਚ ਕੋਈ ਖਾਹਸ਼ ਬਾਕੀ ਨਹੀਂ ਰਹੀ। ਮੈਂ ਸੰਤ-ਮਤ ਉੱਤੇ ਚਲਣਾ ਚਾਹੁੰਦਾ ਹਾਂ, ਪਰ ਮੇਰਾ ਮਨ ਇਸ ਉੱਤੇ ਚਲਣ ਵਿਚ ਸੰਕੋਚ ਕਰਦਾ ਹੈ, ਝਿਜਕਦਾ ਹੈ। ਮੈਂ ਅੱਛੀ ਤਰ੍ਹਾਂ ਮਹਿਸੂਸ ਕਰਦਾ ਹਾਂ ਕਿ ਹੁਣ ਮੇਰੇ ਲਈ ਇਸ ਮਾਰਗ ਉੱਤੇ ਚਲਣ ਦਾ ਵਕਤ ਆ ਗਿਆ ਹੈ, ਪਰ ਮਨ ਮੇਰੇ ਰਾਹ ਵਿਚ ਰੁਕਾਵਟਾਂ ਖੜ੍ਹੀਆਂ ਕਰਦਾ ਹੈ। ਮੈਂ ਮਨ ਦਾ ਮੁਕਾਬਲਾ ਕਿਸ ਤਰ੍ਹਾਂ ਕਰਾਂ?
ਉੱਤਰ 63 – ਮੈਂ ਤੁਹਾਨੂੰ ਸਫਲਤਾ ਲਈ ਆਪਣੀਆਂ ਸ਼ੁਭ ਕਾਮਨਾਵਾਂ ਭੇਂਟ ਕਰਦਾ ਹਾਂ। ਜੇ ਸੱਚੇ ਦਿਲੋਂ ਅੰਦਰਲੇ ਰੂਹਾਨੀ ਮਾਰਗ ਉੱਤੇ ਚਲਣ ਦੀ ਤੜਪ ਹੈ, ਤਾਂ ਕੁਲ ਮਾਲਕ ਵੀ ਇਸ ਇੱਛਾ ਨੂੰ ਪੂਰਾ ਕਰਨ ਵਿਚ ਸਾਡੀ ਸਹਾਇਤਾ ਕਰੇਗਾ ਅਤੇ ਇਸ ਦੀ ਪੂਰਤੀ ਲਈ ਯੋਗ ਸਹੂਲਤਾਂ ਅਤੇ ਮੌਕੇ ਪੈਦਾ ਕਰ ਦੇਵੇਗਾ।
ਪ੍ਰਸ਼ਨ 66 – ਜੇ ਸਿਮਰਨ ਕਰਦੇ ਸਮੇਂ ਸ਼ਬਦ ਸੁਣਾਈ ਦੇਣ ਲੱਗ ਪਵੇ ਤਾਂ ਇਹ ਜ਼ਰੂਰੀ ਹੈ ਕਿ ਸਿਮਰਨ ਦਾ ਆਸਣ ਛੱਡ ਕੇ ਭਜਨ (ਜਾਂ ਸੁਰਤ ਧੁਨ ਸੁਨਣ) ਵਾਲਾ ਆਸਣ ਅਪਣਾ ਲਿਆ ਜਾਵੇ?
ਉੱਤਰ 66 – ਰੂਹਾਨੀ ਅਭਿਆਸ ਦੀ ਦ੍ਰਿਸ਼ਟੀ ਤੋਂ ਆਸਣ ਦੀ ਬਹੁਤੀ ਮਹੱਤਤਾ ਨਹੀਂ ਹੁੰਦੀ। ਆਸਣ ਨੂੰ ਆਮ ਤੌਰ ਤੇ ਸਿਹਤ ਦੀ ਦ੍ਰਿਸ਼ਟੀ ਤੋਂ, ਜਾਂ ਇਸ ਖਿਆਲ ਤੋਂ ਮਹੱਤਤਾ ਦਿੱਤੀ ਜਾਂਦੀ ਹੈ ਕਿ ਅਭਿਆਸ ਸਮੇਂ ਨੀਂਦ ਨਾ ਆਵੇ। ਤੁਹਾਨੂੰ ਜਿਹੜਾ ਆਸਣ ਠੀਕ ਲਗਦਾ ਹੈ ਤੁਸੀਂ ਉਸੇ ਤੋਂ ਲਾਭ ਉਠਾ ਸਕਦੇ ਹੋ। ਭਾਰਤ ਵਿਚ ਅਸੀਂ ਪੈਰਾਂ ਭਾਰ ਬੈਠਣ ਜਾਂ ਚੌਕੜੀ ਮਾਰ ਕੇ ਬੈਠਣ ਦੇ ਆਦੀ ਹਾਂ, ਇਸ ਲਈ ਸਾਨੂੰ ਇਹ ਆਸਣ ਵਧੇਰੇ ਰਾਸ ਆਉਂਦੇ ਹਨ। ਇਸ ਗੱਲ ਦੀ ਕੋਈ ਪਾਬੰਦੀ ਨਹੀਂ ਕਿ ਪੱਛਮ ਦੇ ਲੋਕ ਵੀ ਭਜਨ-ਸਿਮਰਨ ਲਈ ਜ਼ਰੂਰ ਉਹੀ ਆਸਣ ਅਪਨਾਉਣ। ਜਿਹੜਾ ਆਸਣ ਠੀਕ ਲਗਦਾ ਹੈ, ਉਸੇ ਤੋਂ ਫਾਇਦਾ ਉਠਾਉਣ ਦਾ ਜਤਨ ਕਰੋ। ਸਰੀਰ ਨਾਲ ਝਗੜਾ ਕਰਨ ਦਾ ਕੋਈ ਲਾਭ ਨਹੀਂ। ਜੇ ਸਾਰਾ ਸਮਾਂ ਸਰੀਰ ਨਾਲ ਯੁੱਧ ਵਿਚ ਹੀ ਲੱਗੇ ਰਹਾਂਗੇ ਤਾਂ ਧਿਆਨ ਇਕਾਗਰ ਕਰਨਾ ਅਤੇ ਇਸਨੂੰ ਅੰਦਰੋਂ ਸ਼ਬਦ ਨਾਲ ਜੋੜ ਸਕਣਾ ਅਸੰਭਵ ਹੋ ਜਾਵੇਗਾ। ਇਸ ਲਈ ਜਿਹੜਾ ਵੀ ਆਸਣ ਮੁਆਫ਼ਕ ਬੈਠਦਾ ਹੈ, ਉਸੇ ਤੋਂ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰੋ।
ਪ੍ਰਸ਼ਨ 69 – ਜਦ ਕੁਝ ਵੀ ਰੱਬ ਦੀ ਰਜ਼ਾ ਦੇ ਬਿਨਾ ਨਹੀਂ ਹੋ ਸਕਦਾ, ਤਾਂ ਸਾਡੇ ਉੱਤੇ ਕਰਮਾਂ ਦਾ ਕਾਨੂੰਨ ਕਿਉਂ ਲਾਗੂ ਕੀਤਾ ਜਾਂਦਾ ਹੈ?
ਉੱਤਰ 69 – ਇਸ ਵਿਚ ਕੋਈ ਸ਼ਕ ਨਹੀਂ ਕਿ ਸ਼ੁਰੂ-ਸ਼ੁਰੂ ਵਿਚ ਸਾਡੀ ਮਰਜ਼ੀ ਨਹੀਂ ਸੀ ਕਿਉਂਕਿ ਪਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ, ਤਾਂ ਉਸਨੇ ਸਾਡੀ ਸਲਾਹ ਨਹੀਂ ਸੀ ਲਈ। ਸ੍ਰਿਸ਼ਟੀ ਰਚਨਾ ਵਿਚ ਸਾਡੀ ਮਰਜ਼ੀ ਦਾ ਕੋਈ ਦਖ਼ਲ ਨਹੀਂ ਸੀ। ਉਹ ਪਰਮਾਤਮਾ ਰਚਨਾ ਕਰਨਾ ਚਾਹੁੰਦਾ ਸੀ, ਇਸ ਲਈ ਅਸੀਂ ਰਚਨਾ ਦਾ ਭਾਗ ਬਣ ਗਏ। ਪਰ ਉਸਨੇ ਸਾਡੇ ਨਾਲ ਮਨ ਲਾ ਦਿੱਤਾ। ਮਨ, ਇੰਦਰੀਆਂ ਦੇ ਭੋਗਾਂ ਦਾ ਆਸ਼ਕ ਹੈ। ਜੋ-ਜੋ ਕਰਮ ਮਨ ਕਰਦਾ ਹੈ, ਉਨ੍ਹਾਂ ਦਾ ਫਲ ਸਾਡੀ ਆਤਮਾ ਨੂੰ ਵੀ ਭੋਗਣਾ ਪੈਂਦਾ ਹੈ। ਵਰਤਮਾਨ ਹਾਲਤ ਵਿਚ ਸਾਡੀ ਕੋਈ ਸੁਤੰਤਰ ਇੱਛਾ ਨਹੀਂ, ਸਾਨੂੰ ਕੋਈ ਆਜ਼ਾਦੀ ਨਹੀਂ। ਫਿਰ ਵੀ ਸਾਨੂੰ ਮਾਮੂਲੀ ਆਜ਼ਾਦੀ ਜ਼ਰੂਰ ਪ੍ਰਾਪਤ ਹੈ। ਜੋ ਕਰਮ ਪਿਛਲੇ ਜਨਮਾਂ ਵਿਚ ਕਰ ਆਏ ਹਾਂ, ਉਨ੍ਹਾਂ ਦਾ ਹੁਣ ਫਲ ਭੋਗ ਰਹੇ ਹਾਂ। ਜੋ ਕਰਮ ਹੁਣ ਕਰ ਰਹੇ ਹਾਂ, ਉਹ ਅਗਲੇ ਜਨਮ ਦੀ ਤਕਦੀਰ ਜਾਂ ਪ੍ਰਾਲਬਧ ਬਣ ਜਾਣਗੇ। ਇਸ ਜਨਮ ਵਿਚ ਨਵੇਂ ਕਰਮਾਂ ਦਾ ਬੀਜ ਬੀਜਣ ਦੀ ਤਾਂ ਕੁਝ ਖੁਲ੍ਹ ਹੈ, ਪਰ ਪਿਛਲੇ ਜਨਮਾਂ ਦੇ ਕਰਮਾਂ ਦਾ ਫਲ ਭੋਗਣ ਦੀ ਕੋਈ ਖੁਲ੍ਹ ਨਹੀਂ। ਉਨ੍ਹਾਂ ਕਰਮਾਂ ਦਾ ਫਲ ਭੋਗਣ ਦੀ ਮਜ਼ਬੂਰੀ ਹੈ। ਅਸੀਂ ਆਜ਼ਾਦੀ ਨਾਲ ਤਾਂ ਹੀ ਕਰਮ ਕਰ ਸਕਦੇ ਹਾਂ, ਜੇ ਸੱਚ-ਮੁਚ ਹੀ ਆਜ਼ਾਦ ਹੋਈਏ। ਇਸ ਵੇਲੇ ਸਾਡੀ ਆਤਮਾ ਮਨ ਦੀ ਦਾਸੀ ਬਣੀ ਹੋਈ ਹੈ ਅਤੇ ਮਨ ਅੱਗੇ ਇੰਦਰੀਆਂ ਦੇ ਭੋਗਾਂ ਦਾ ਗ਼ੁਲਾਮ ਹੈ। ਜੋ ਕੁਝ ਵੀ ਅਸੀਂ ਕਰ ਰਹੇ ਹਾਂ, ਆਪਣਾ ਮਰਜ਼ੀ ਨਾਲ ਨਹੀਂ ਕਰ ਰਹੇ। ਅਸੀਂ ਕਹਿਣ ਨੂੰ ਜੋ ਮਰਜ਼ੀ ਕਹਿ ਲਈਏ, ਪਰ ਅਸਲ ਵਿਚ ਸਾਡਾ ਮਨ ਹੀ ਸਾਡੇ ਤੋਂ ਸਭ ਕਰਮ ਕਰਵਾ ਰਿਹਾ ਹੈ। ਇਸ ਲਈ ਸਾਨੂੰ ਕੋਈ ਖੁੱਲ੍ਹ ਜਾਂ ਆਜ਼ਾਦੀ ਨਹੀਂ ਹੈ। ਕਰਮਾਂ ਤੋਂ ਆਜ਼ਾਦ ਹੋਣ ਲਈ ਆਤਮਾ ਨੂੰ ਮਨ ਤੋਂ ਛੁਟਕਾਰਾ ਪ੍ਰਾਪਤ ਕਰਨਾ ਪਵੇਗਾ। ਜਦ ਆਤਮਾ, ਮਨ ਦੇ ਪੰਜੇ ਤੋਂ ਆਜ਼ਾਦ ਹੋ ਜਾਵੇਗੀ, ਤਾਂ ਜੋ ਕੁਝ ਵੀ ਕਰਾਂਗੇ, ਆਜ਼ਾਦੀ ਜਾਂ ਖ਼ੁਦ-ਮੁਖਤਾਰੀ ਨਾਲ ਕਰਾਂਗੇ। ਹੁਣ ਅਸੀਂ ਅੱਗੇ ਲਈ ਕਰਮਾਂ ਦੇ ਬੀਜ ਬੀਜਦੇ ਜਾ ਰਹੇ ਹਾਂ ਅਤੇ ਪੂਰਬਲੇ ਕਰਮਾਂ ਦਾ ਫਲ ਭੋਗਣ ਲਈ ਮਜਬੂਰ ਹਾਂ। ਅਸੀਂ ਆਪਣੀ ਪ੍ਰਾਲਬਧ ਭੋਗਣ ਲਈ ਬੇਬਸ ਹਾਂ। ਪਰ ਨਵੇਂ ਕਰਮ ਕਰਨ ਦੀ ਜੋ ਖੁੱਲ੍ਹ ਸਾਨੂੰ ਪ੍ਰਾਪਤ ਹੈ, ਉਸਦੇ ਅਧੀਨ ਅਸੀਂ ਨਵੇਂ ਕਰਮ ਕਰਨ ਤੋਂ ਬਚ ਸਕਦੇ ਹਾਂ। ਇਸ ਕਰ ਕੇ ਕਿਹਾ ਜਾਂਦਾ ਹੈ ਕਿ ਸਾਨੂੰ ਪੂਰਨ ਆਜ਼ਾਦੀ ਪ੍ਰਾਪਤ ਨਹੀਂ ਹੈ, ਸਾਨੂੰ ਕੇਵਲ “ਬੰਦਸ਼ ਭਰੀ ਖੁੱਲ੍ਹ” ਜਾਂ ਮਾਮੂਲੀ ਖੁੱਲ੍ਹ ਹੀ ਪ੍ਰਾਪਤ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਪੂਰੀ ਤਰ੍ਹਾਂ ਆਜ਼ਾਦ ਹਾਂ ਕਿਉਂਕਿ ਜੋ ਕੁਝ ਅਸੀਂ ਕਰਦੇ ਹਾਂ, ਉਹ ਉਸ ਮਾਹੌਲ ਜਾਂ ਉਨ੍ਹਾਂ ਹਾਲਾਤ ਉੱਤੇ ਨਿਰਭਰ ਹੈ, ਜਿਨ੍ਹਾਂ ਵਿਚ ਸਾਡਾ ਜਨਮ, ਸਾਡੀ ਪਰਵਰਿਸ਼ ਹੋਈ ਹੈ। ਸਾਡੇ ਉੱਤੇ ਕੁਲ, ਪਰਿਵਾਰ, ਮਾਤਾ-ਪਿਤਾ ਅਤੇ ਵਿੱਦਿਆ ਆਦਿ ਦੇ ਸੰਸਕਾਰਾਂ ਦੇ ਭਾਰੇ ਬੰਧਨ ਹਨ। ਕਈ ਕਾਰਨ ਜਮ੍ਹਾ ਹੋ ਜਾਂਦੇ ਹਨ, ਜਿਨ੍ਹਾਂ ਕਾਰਨ ਅਸੀਂ ਕੋਈ ਖ਼ਾਸ ਕਰਮ ਕਰਨ ਲਈ ਮਜਬੂਰ ਹੋ ਜਾਂਦੇ ਹਾਂ। ਉਨ੍ਹਾਂ ਅਨੇਕ ਪ੍ਰਭਾਵਾਂ ਅਧੀਨ ਅੱਜ ਅਸੀਂ ਕਰਮ ਕਰ ਰਹੇ ਹਾਂ। ਸਾਡੇ ਮਨ ਉੱਤੇ ਅਨੇਕ ਰਿਸ਼ਤਿਆਂ, ਸਬੰਧਾਂ, ਕਾਰਨਾਂ ਦੇ ਪ੍ਰਭਾਵ ਜਾਂ ਸੰਸਕਾਰ ਹਨ, ਜਿਨ੍ਹਾਂ ਕਾਰਨ ਸਾਨੂੰ ਕੋਈ ਖੁੱਲ੍ਹ ਨਹੀਂ ਹੈ। ਹਜ਼ਰਤ ਈਸਾ ਨੇ ਬਾਈਬਲ ਵਿਚ ਫ਼ਰਮਾਇਆ ਹੈ ਕਿ ਸਿਰ ਦੇ ਵਾਲ ਵੀ ਗਿਣਤੀ ਦੇ ਹਨ। ਇਹ ਤਾਂ ਕੋਈ ਖ਼ੁਦ-ਮੁਖ਼ਤਾਰੀ ਜਾਂ ਆਜ਼ਾਦੀ ਦੀ ਹਾਲਤ ਨਹੀਂ ਕਿ ਸਾਡੇ ਸਿਰ ਉੱਤੇ ਸਾਡੀ ਮਰਜ਼ੀ ਮੁਤਾਬਕ ਪੰਜ-ਸੱਤ ਵਾਲ ਵੀ ਘੱਟ-ਵੱਧ ਨਾ ਹੋ ਸਕਣ। ਸਿਰ ਦੇ ਵਾਲ ਵੀ ਗਿਣਤੀ ਦੇ ਹਨ ਅਤੇ ਛੋਟੀ ਤੋਂ ਛੋਟੀ ਚੀਜ਼ ਵੀ ਕਿਸੇ ਹਿਸਾਬ ਮੁਤਾਬਕ ਹੈ। ਹਰ ਗੱਲ ਦਾ ਪ੍ਰਾਲਬਧ ਅਨੁਸਾਰ ਪਹਿਲੋਂ ਹੀ ਫੈਸਲਾ ਹੋ ਚੁੱਕਿਆ ਹੈ। ਇਸੇ ਕਰ ਕੇ ਕਿਹਾ ਜਾਂਦਾ ਹੈ ਕਿ ਅਸੀਂ ਪ੍ਰਾਲਬਧ ਦੇ ਹੱਥ ਦੀਆਂ ਕਠਪੁਤਲੀਆਂ ਹਾਂ। ਪਰ ਇਸ ਪ੍ਰਾਲਬਧ ਨੂੰ ਬਣਾਉਣ ਵਾਲੇ ਅਸੀਂ ਆਪ ਹੀ ਹਾਂ। ਅਸੀਂ ਖ਼ੁਦ ਹੀ ਉਹ ਕਰਮ ਕੀਤੇ ਹਨ, ਜਿਨ੍ਹਾਂ ਨਾਲ ਸਾਡੀ ਪ੍ਰਾਲਬਧ ਬਣੀ ਹੈ। ਅਸੀਂ ਖ਼ੁਦ ਹੀ ਪੂਰਬਲੇ ਜਨਮਾਂ ਵਿਚ ਉਹ ਕਰਮ ਕੀਤੇ ਹਨ, ਜਿਨ੍ਹਾਂ ਦਾ ਅੱਜ ਸਾਨੂੰ ਫਲ ਭੋਗਣਾ ਪੈ ਰਿਹਾ ਹੈ। ਸ਼ਤਰੰਜ ਦੀ ਖੇਡ ਵਿਚ ਸਿਰਫ ਪਹਿਲੀ ਚਾਲ ਦੀ ਆਜ਼ਾਦੀ ਹੁੰਦੀ ਹੈ ਬਾਕੀ ਸਭ ਚਾਲਾਂ, ਇਸ ਪਹਿਲੀ ਚਾਲ ਦੇ ਅਸਰ ਹੇਠ ਹੁੰਦੀਆਂ ਹਨ। ਇਸ ਤਰ੍ਹਾਂ ਸ਼ੁਰੂ ਵਿਚ ਸਾਨੂੰ ਆਪਣੀ ਮਰਜ਼ੀ ਕਰਨ ਦੀ ਖੁਲ੍ਹ ਸੀ, ਪਰ ਹੁਣ ਅਸੀਂ ਕੀਤੇ ਹੋਏ ਕਰਮਾਂ ਦਾ ਫਲ ਭੋਗਣ ਲਈ ਮਜਬੂਰ ਹਾਂ। ਇਹੋ ਕਾਰਨ ਹੈ ਕਿ ਸੰਤ-ਜਨ ਸਾਨੂੰ ਕਰਮਾਂ ਤੋਂ ਉੱਪਰ ਉੱਠਣ ਦਾ ਉਪਦੇਸ਼ ਦਿੰਦੇ ਹਨ ਅਤੇ ਕਰਮਾਂ ਤੋਂ ਉੱਪਰ ਅਸੀਂ ਕੇਵਲ ਸ਼ਬਦ ਜਾਂ ਨਾਮ ਨਾਲ ਜੁੜ ਕੇ ਹੀ ਉੱਠ ਸਕਦੇ ਹਾਂ। ਸ਼ਬਦ ਜਾਂ ਨਾਮ ਦੀ ਸਹਾਇਤਾ ਨਾਲ ਮਨ ਨਿਰਮਲ ਜਾਂ ਪਵਿੱਤਰ ਹੋ ਜਾਂਦਾ ਹੈ, ਜਿਸ ਕਾਰਨ ਅਸੀਂ ਅੱਗੇ ਲਈ ਨਵੇਂ ਕਰਮਾਂ ਦੇ ਬੀਜ ਨਹੀਂ ਬੀਜਦੇ ਅਤੇ ਸਾਡੇ ਅੰਦਰ ਪੂਰਬਲੇ ਕਰਮਾਂ ਦਾ ਫਲ ਭੋਗਣ ਦੀ ਸ਼ਕਤੀ ਪੈਦਾ ਹੋ ਜਾਂਦੀ ਹੈ, ਜਿਸ ਨਾਲ ਅਸੀਂ ਆਪਣੇ ਆਪ ਨੂੰ ਅਡੋਲ ਰੱਖ ਕੇ ਸਬਰ-ਸ਼ੁਕਰ ਨਾਲ ਖੁਸ਼ੀ-ਖੁਸ਼ੀ ਪ੍ਰਾਲਬਧ ਭੋਗ ਲੈਂਦੇ ਹਾਂ।
ਪ੍ਰਸ਼ਨ 70 – ਕੀ ਸੰਸਾਰ ਵਿਚ ਰਹਿੰਦੇ ਹੋਏ ਵੀ ਹਉਮੈ ਜਾਂ ਖ਼ੁਦੀ ਨੂੰ ਪੂਰੀ ਤਰ੍ਹਾਂ ਮਾਰ ਸਕਦੇ ਹਾਂ? ਜੇਕਰ ਮਾਰ ਸਕਦੇ ਹਾਂ ਤਾਂ ਕਿਸ ਤਰ੍ਹਾਂ? ਕੀ ਕਦੇ ਕਿਸੇ ਨੇ ਹਉਮੈ ਮਾਰੀ ਵੀ ਹੈ?
ਉੱਤਰ 70 – ਸਾਡਾ ਜਤਨ ਖ਼ੁਦੀ ਜਾਂ ਹਉਮੈ ਨੂੰ ਮਾਰਨ ਦਾ ਹੀ ਹੈ, ਅਤੇ ਜਿਵੇਂ ਤੁਸੀਂ ਸੰਤ-ਮਤ ਦੀਆਂ ਪੁਸਤਕਾਂ ਵਿਚ ਪੜ੍ਹ ਚੁੱਕੇ ਹੋ, ਹਉਮੈ ਕੇਵਲ ਮਨ ਨੂੰ ਅੰਦਰੋਂ ਸ਼ਬਦ ਜਾਂ ਨਾਮ ਨਾਲ ਜੋੜ ਕੇ ਹੀ ਮਾਰੀ ਜਾ ਸਕਦੀ ਹੈ। ਬਿਨਾ ਨਾਮ ਜਾਂ ਸ਼ਬਦ ਸਹਾਇਤਾ ਦੇ ਹਉਮੈ ਨੂੰ ਮਾਰ ਸਕਣਾ ਅਸੰਭਵ ਹੈ। ਸੁਰਤ ਨੂੰ ਅੰਦਰੋਂ ਸ਼ਬਦ ਨਾਲ ਜੋੜਿਆਂ ਹਉਮੈ ਮਰ ਜਾਂਦੀ ਹੈ, ਮਨ ਵਿਚ ਨਿਮਰਤਾ ਆ ਜਾਂਦੀ ਹੈ ਅਤੇ ਹਿਰਦਾ ਪਿਤਾ-ਪਰਮੇਸ਼ਰ ਦੇ ਪਿਆਰ ਨਾਲ ਭਰ ਜਾਂਦਾ ਹੈ।
ਪ੍ਰਸ਼ਨ 71 – ਕੀ ਪਤਾ ਲੱਗ ਸਕਦਾ ਹੈ ਕਿ ਸਾਨੂੰ ਇਹ ਜਨਮ ਕਿਹੜੀ ਖ਼ਾਸ ਤ੍ਰਿਸ਼ਨਾ ਕਾਰਨ ਮਿਲਿਆ ਹੈ?
ਉੱਤਰ 71 – ਸਿਰਫ ਇਕ ਖ਼ਾਸ ਖਾਹਸ਼ ਹੀ ਸਾਡੇ ਜਨਮ ਦਾ ਕਾਰਨ ਨਹੀਂ ਹੁੰਦੀ। ਕਈ ਤਰ੍ਹਾਂ ਦੀਆਂ ਅਧੂਰੀਆਂ ਇੱਛਾਵਾਂ-ਤ੍ਰਿਸ਼ਨਾਵਾਂ, ਕਰਮ ਅਤੇ ਸੰਸਕਾਰ ਰਲਦੇ ਹਨ, ਜਿਨ੍ਹਾਂ ਕਾਰਨ ਕੋਈ ਖ਼ਾਸ ਜਨਮ ਮਿਲਦਾ ਹੈ। ਕੋਈ ਇਕ ਇੱਛਾ ਨਹੀਂ, ਬਹੁਤ ਸਾਰੇ ਕਰਮਾਂ, ਬਹੁਤ ਸਾਰੀਆਂ ਖਾਹਸ਼ਾਂ ਦੇ ਰਲਵੇਂ ਅਸਰ ਕਾਰਨ ਸੰਸਾਰ ਵਿਚ ਦੁਬਾਰਾ ਜਨਮ ਲੈਣਾ ਪੈਂਦਾ ਹੈ। ਪ੍ਰਸ਼ਨ 72 – ਪਰਮਾਤਮਾ ਨੇ ਸਾਨੂੰ ਰਚਨਾ ਦੇ ਸ਼ੁਰੂ ਵਿਚ ਖ਼ੁਦ-ਮੁਖਤਾਰੀ ਜਾਂ ਆਜ਼ਾਦੀ ਕਿਉਂ ਦਿੱਤੀ, ਜਦ ਕਿ ਉਹਨੂੰ ਪਤਾ ਸੀ ਕਿ ਇਸ ਕਮਜ਼ੋਰੀਆਂ, ਖਾਹਸ਼ਾਂ ਅਤੇ ਦੁੱਖਾਂ ਦੀ ਨਗਰੀ ਵਿਚ ਸਾਡੀ ਆਜ਼ਾਦੀ ਕਾਇਮ ਨਹੀਂ ਰਹਿ ਸਕਦੀ? ਉੱਤਰ 72 – ਅਸਲ ਵਿਚ ਤਾਂ ਸ਼ੁਰੂ ਵਿਚ ਵੀ ਸਾਨੂੰ ਆਪਣੀ ਮਰਜ਼ੀ ਕਰਨ ਦੀ ਖੁਲ੍ਹ ਨਹੀਂ ਸੀ। ਜੇ ਸਾਨੂੰ ਆਪਣੀ ਮਰਜ਼ੀ ਕਰਨ ਦੀ ਖੁਲ੍ਹ ਹੁੰਦੀ ਤਾਂ ਅਸੀਂ ਕਦੇ ਵੀ ਉਸ ਪਰਮ-ਪਿਤਾ ਪਰਮੇਸ਼ਰ ਅਤੇ ਉਸਦੇ ਪਰਮ-ਆਨੰਦ ਦੇ ਧਾਮ ਤੋਂ ਵਿਛੜਨਾ ਪਸੰਦ ਨਾ ਕਰਦੇ। ਕੋਈ ਵੀ ਰਚਨਾ ਦਾ ਭਾਗ ਬਣਨਾ, ਜਾਂ ਇਸ ਦੁਨੀਆਂ ਦੇ ਦੁੱਖਾਂ ਵਿਚ ਜਕੜਿਆ ਰਹਿਣਾ ਪਸੰਦ ਨਹੀਂ ਕਰਦਾ। ਹਰ ਜੀਵ ਚਾਹੁੰਦਾ ਹੈ ਕਿ ਮੈਂ ਉਸ ਆਨੰਦ-ਰੂਪ ਪਿਤਾ ਵਿਚ ਸਮਾ ਕੇ ਆਨੰਦ ਦਾ ਰੂਪ ਹੋ ਜਾਵਾਂ। ਪਰ ਸਾਡੀ ਮਰਜ਼ੀ ਨਹੀਂ ਸੀ ਚਲ ਸਕਦੀ। ਇਹੋ ਕਾਰਨ ਹੈ ਕਿ ਅਸੀਂ ਰਚਨਾ ਦਾ ਭਾਗ ਬਣੇ ਹੋਏ ਹਾਂ।
ਪ੍ਰਸ਼ਨ 73 – ਜੇ ਮੈਨੂੰ ਆਪਣੇ ਔਗੁਣਾਂ, ਕਮਜ਼ੋਰੀਆਂ, ਤਰੁੱਟੀਆਂ ਦਾ ਪਤਾ ਲਗ ਜਾਵੇ ਅਤੇ ਮੈਂ ਉਨ੍ਹਾਂ ਤੋਂ ਛੁਟਕਾਰਾ ਵੀ ਹਾਸਲ ਕਰਨਾ ਚਾਹਵਾਂ, ਤਾਂ ਵੀ ਇਹ ਮੇਰਾ ਪਿੱਛਾ ਕਿਉਂ ਨਹੀਂ ਛੱਡਦੀਆਂ?
ਉੱਤਰ 73 – ਤਰੁੱਟੀਆਂ, ਕਮਜ਼ੋਰੀਆਂ ਇਸ ਕਾਰਨ ਸਾਡਾ ਪਿੱਛਾ ਨਹੀਂ ਛੱਡਦੀਆਂ ਕਿਉਂਕਿ ਅਸੀਂ ਅਸਲ ਵਿਚ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਨਹੀਂ ਚਾਹੁੰਦੇ। ਜਦ ਬੱਚਾ ਤੁਰਨਾ ਸਿੱਖਦਾ ਹੈ, ਤਾਂ ਉਹ ਕਈ ਵਾਰੀ ਡਿੱਗਦਾ, ਉੱਠਦਾ ਹੈ। ਉਹ ਡਿੱਗਦਾ ਹੈ, ਸੰਭਲਦਾ ਹੈ, ਡਿੱਗਦਾ ਹੈ। ਪਰ ਹੌਲੀ ਹੌਲੀ ਉਸਨੂੰ ਤੁਰਨਾ ਆ ਜਾਂਦਾ ਹੈ। ਫਿਰ ਉਹ ਡਿੱਗਦਾ ਨਹੀਂ, ਸਿੱਧਾ ਚਲਦਾ ਰਹਿੰਦਾ ਹੈ। ਇਸ ਤਰ੍ਹਾਂ ਅਸੀਂ ਸੱਚੇ ਮਾਰਗ ਉਤੇ ਚਲਣ ਦਾ ਜਤਨ ਕਰਦੇ ਹਾਂ ਤਾਂ ਕਈ ਗਿਰਾਵਟਾਂ, ਕਈ ਕਮਜ਼ੋਰੀਆਂ, ਕਈ ਲੋਭ, ਲਾਲਚ ਰਾਹ ਮੱਲ ਕੇ ਖੜੇ ਹੋ ਜਾਂਦੇ ਹਨ। ਪਰ ਇਨ੍ਹਾਂ ਤੋਂ ਡਰਣਾ ਜਾਂ ਘਬਰਾਉਣਾ ਨਹੀਂ ਚਾਹੀਦਾ। ਸਾਨੂੰ ਬਾਰ-ਬਾਰ ਉੱਠਣ, ਸੰਭਲਣ ਅਤੇ ਮਾਰਗ ਉੱਤੇ ਚਲਣ ਦਾ ਜਤਨ ਕਰਨਾ ਚਾਹੀਦਾ ਹੈ, ਤਾਂ ਜੋ ਅੰਤ ਨੂੰ ਪੱਕੇ ਪੈਰੀਂ ਖੜੇ ਹੋਣ ਵਿਚ ਸਫਲ ਹੋ ਜਾਈਏ।
ਪ੍ਰਸ਼ਨ 75 – ਤੁਸੀਂ ਕਹਿੰਦੇ ਹੋ ਸਾਨੂੰ ਸਧਾਰਨ ਜੀਵਨ ਬਤੀਤ ਕਰਦੇ ਹੋਏ ਸੰਤ-ਮਤ ਉੱਤੇ ਚਲਣਾ ਚਾਹੀਦਾ ਹੈ। ਤੁਹਾਡੇ ਖਿਆਲ ਵਿਚ ਸਧਾਰਨ ਜੀਵਨ ਵਿਚ ਕਿਹੜੀ ਕਿਹੜੀ ਗੱਲ ਸ਼ਾਮਿਲ ਹੈ?
ਉੱਤਰ 75 – ਆਮ ਇਨਸਾਨ ਵਾਂਗ ਜੀਵਨ ਬਸਰ ਕਰਦੇ ਹੋਏ ਸੰਤ-ਮਤ ਉੱਤੇ ਚਲਣ ਤੋਂ ਮੇਰਾ ਇਹ ਭਾਵ ਹੈ ਕਿ ਦੁਨੀਆ ਤੋਂ ਦੌੜਨ, ਦੁਨੀਆਂ ਨੂੰ ਤਿਆਗਣ ਦੀ ਜਤਨ ਨਹੀਂ ਕਰਨਾ ਚਾਹੀਦਾ। ਦੁਨੀਆ ਵਿਚ ਰਹਿਣਾ ਹੈ, ਅਤੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਨਹੀਂ ਦੌੜਨਾ। ਪਤਨੀ, ਪਤੀ, ਬੱਚੇ ਜਾਂ ਨਾਗਰਿਕ ਦੇ ਤੌਰ ਤੇ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨੀਆਂ ਹਨ ਅਤੇ ਇਨ੍ਹਾਂ ਜ਼ਿੰਮੇਵਾਰੀਆਂ ਤੋਂ ਭੱਜ ਕੇ ਮੰਦਰਾਂ, ਗਿਰਜ਼ਿਆਂ, ਆਸ਼ਰਮਾਂ ਜਾਂ ਹਿਮਾਲਿਆਂ ਦੀਆਂ ਗ਼ਾਰਾਂ ਵਿਚ ਨਹੀਂ ਦੌੜ ਜਾਣਾ। ਅਸਾਂ ਦੁਨੀਆ ਵਿਚ ਰਹਿਣਾ ਹੈ, ਪਰ ਦੁਨੀਆ ਵਿਚ ਰਹਿੰਦੇ ਹੋਏ, ਦੁਨੀਆ ਦੇ ਮੋਹ ਵਿਚ ਨਹੀਂ ਫਸਣਾ। ਗੁਰੂ ਨਾਨਕ ਸਾਹਿਬ ਅਤੇ ਹੋਰ ਸੰਤਾਂ-ਮਹਾਤਮਾ ਨੇ ਬਹੁਤ ਸੁੰਦਰ ਮਿਸਾਲ ਦੇ ਕੇ ਇਹ ਗੱਲ ਸਮਝਾਈ ਹੈ। ਉਹ ਸਮਝਾਉਂਦੇ ਹਨ ਕਿ ਇਕ ਸ਼ਾਦੀ-ਸ਼ੁਦਾ ਲੜਕੀ ਆਪਣੇ ਪੇਕੇ ਘਰ ਰਹਿੰਦੀ ਹੈ, ਪਰ ਉਸਦਾ ਧਿਆਨ ਹਮੇਸ਼ਾ ਉਸ ਦੇ ਪਤੀ ਵੱਲ ਰਹਿੰਦਾ ਹੈ, ਭਾਵੇਂ ਪਤੀ ਦੂਰ ਹੀ ਕਿਉਂ ਨਾ ਰਹਿੰਦਾ ਹੋਵੇ। ਪੇਕੇ ਰਹਿੰਦੇ ਹੋਏ ਵੀ ਉਸਦੇ ਹਿਰਦੇ ਵਿਚ ਪਿਆਰ ਪਤੀ ਦਾ ਹੀ ਰਹਿੰਦਾ ਹੈ। ਸਾਡਾ ਪਤੀ ਉਹ ਪਰਮੇਸ਼ਰ ਹੈ, ਅਕਾਲ ਪੁਰਖ ਹੈ। ਇਸੇ ਤਰ੍ਹਾਂ ਸੰਸਾਰ ਰੂਪੀ ਪੇਕੇ ਘਰ ਵਿਚ ਰਹਿੰਦੇ ਹੋਏ, ਇਸ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਹੋਏ ਵੀ ਸਾਡਾ ਧਿਆਨ, ਸਾਡੀ ਲਿਵ, ਸਦਾ ਪਤੀ-ਪਰਮੇਸ਼ਰ ਨਾਲ ਜੁੜੀ ਰਹਿਣੀ ਚਾਹੀਦੀ ਹੈ। ਮੈਂ ਆਮ ਤੌਰ ਤੇ ਮਿਸਾਲ ਦਿੰਦਾ ਹਾਂ ਕਿ ਮੁਰਗ਼ਾਬੀ ਪਾਣੀ ਵਿਚ ਰਹਿੰਦੀ ਹੈ, ਪਰ ਜਦ ਵੀ ਚਾਹੁੰਦੀ ਹੈ ਖ਼ੁਸ਼ਕ ਪਰਾਂ ਨਾਲ ਉੱਡ ਜਾਂਦੀ ਹੈ। ਇਸੇ ਤਰ੍ਹਾਂ ਕੰਵਲ ਪਾਣੀ ਵਿਚ ਰਹਿੰਦਾ ਹੈ, ਪਰ ਉਸਦਾ ਫੁੱਲ ਸਦਾ ਪਾਣੀ ਤੋਂ ਬਾਹਰ ਰਹਿੰਦਾ ਹੈ। ਇਹ ਸਭ ਮਿਸਾਲਾਂ ਦੇਣ ਦਾ ਅਸਲ ਮੰਤਵ ਇਹ ਸਮਝਾਉਣਾ ਹੈ ਕਿ ਅਸਾਂ ਸੰਸਾਰ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਹੋਏ ਵੀ ਆਪਣੀ ਲਿਵ, ਆਪਣਾ ਧਿਆਨ ਅੰਦਰੋਂ ਸ਼ਬਦ ਜਾਂ ਨਾਮ ਨਾਲ ਜੋੜ ਕੇ ਰੱਖਣਾ ਹੈ। ਇਸ ਤਰ੍ਹਾਂ ਅਸੀਂ ਦੁਨੀਆਂ ਵਿਚ ਰਹਿੰਦੇ ਹੋਏ ਵੀ ਦੁਨੀਆ ਤੋਂ ਨਿਰਲੇਪ ਰਹਿੰਦੇ ਹਾਂ।
ਪ੍ਰਸ਼ਨ 77 – ਮਨ ਨੂੰ ਕਾਮ ਤੋਂ ਹਟਾ ਕੇ ਨਾਮ ਨਾਲ ਕਿਸ ਤਰ੍ਹਾਂ ਜੋੜਿਆ ਜਾਂਦਾ ਹੈ?
ਉੱਤਰ 77 – ਕਾਮ ਦਾ ਅਰਥ ਹੈ ਸੰਸਾਰਕ ਖਾਹਸ਼ਾਂ, ਤ੍ਰਿਸ਼ਨਾਵਾਂ ਅਤੇ ਨਾਮ ਦਾ ਅਰਥ ਹੈ ਅੰਦਰ ਪਿੱਛੇ ਧੁਨਕਾਰਾਂ ਦੇਂਦਾ ਸ਼ਬਦ। ਜਦ ਅੰਦਰੋਂ ਸ਼ਬਦ ਜਾਂ ਨਾਮ ਵਿਚ ਪੂਰੀ ਤਰ੍ਹਾਂ ਲੀਨ ਹੋ ਜਾਂਦੇ ਹਾਂ ਤਾਂ ਮਨ ਵਿਚ ਦੁਨੀਆ ਦੀ ਕੋਈ ਇੱਛਾ-ਤ੍ਰਿਸ਼ਨਾ ਬਾਕੀ ਨਹੀਂ ਰਹਿ ਜਾਂਦੀ। ਜਿਨ੍ਹਾਂ ਨੂੰ ਹੀਰੇ-ਜਵਾਹਰਾਤ ਮਿਲ ਜਾਂਦੇ ਹਨ, ਉਹ ਸਿੱਪੀਆਂ, ਘੋਗਿਆਂ ਪਿੱਛੇ ਨਹੀਂ ਦੌੜਦੇ। ਪ੍ਰਸ਼ਨ 78 – ਨਸ਼ੀਲੀਆਂ ਗੋਲੀਆਂ, ਦਵਾਈਆਂ ਬਾਰੇ ਤੁਹਾਡਾ ਕੀ ਖਿਆਲ ਹੈ? ਉੱਤਰ 78 – ਕੁਝ ਲੋਕ ਕਹਿੰਦੇ ਹਨ ਕਿ ਨਸ਼ੀਲੀਆਂ ਚੀਜ਼ਾਂ ਦੀ ਵਰਤੋਂ ਨਾਲ ਅੰਦਰ ਰੂਹਾਨੀ ਨਜ਼ਾਰੇ ਨਜ਼ਰ ਆਉਣ ਲਗ ਪੈਂਦੇ ਹਨ। ਕਾਸ਼ ਰੂਹਾਨੀ ਤਰੱਕੀ ਕਰਨਾ ਏਨਾ ਆਸਾਨ ਕੰਮ ਹੁੰਦਾ। ਪਰ ਇਹ ਕੰਮ ਏਨਾ ਆਸਾਨ ਨਹੀਂ, ਜਿੰਨਾ ਕੁਝ ਲੋਕ ਸਮਝੀ ਬੈਠੇ ਹਨ। ਲੋਕ ਨਸ਼ੀਲੀਆਂ ਗੋਲੀਆਂ, ਦਵਾਈਆਂ ਦਾ ਇਸਤੇਮਾਲ ਕਰ ਕੇ ਅਸਲੀਅਤ ਤੋਂ ਦੂਰ ਦੌੜਨ ਦਾ ਜਤਨ ਕਰਦੇ ਹਨ। ਇਹ ਨਸ਼ੀਲੀਆਂ ਦਵਾਈਆਂ ਸਿਰਫ ਸਰੀਰ ਜਾਂ ਮਨ ਲਈ ਨਹੀਂ, ਆਤਮਾ ਲਈ ਵੀ ਵਿਨਾਸ਼ਕਾਰੀ ਹਨ। ਕਈ ਸਾਇੰਸਦਾਨਾਂ ਅਤੇ ਡਾਕਟਰਾਂ ਨੇ ਇਨ੍ਹਾਂ ਦੇ ਹਾਨੀਕਾਰਕ ਅਸਰਾਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਮੈਂ ਉਨ੍ਹਾਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ। ਮੈਂ ਤਾਂ ਸਿਧ-ਪੱਧਰੀ ਪਰੰਤੂ ਸਪਸ਼ਟ ਗੱਲ ਇਹ ਕਹਿਣੀ ਚਾਹੁੰਦਾ ਹਾਂ ਕਿ ਰੂਹਾਨੀ ਮਾਰਗ ਉੱਤੇ ਚਲਣ ਲਈ ਸ਼ਰਾਬ ਅਤੇ ਦੂਸਰੇ ਹਰ ਤਰ੍ਹਾਂ ਦੇ ਨਸ਼ੇ ਹਾਨੀਕਾਰਕ ਹਨ। ਇਨ੍ਹਾਂ ਨਸ਼ਿਆਂ ਨੇ ਰੂਹਾਨੀ ਤਰੱਕੀ ਵਿਚ ਤਾਂ ਕੀ ਮਦਦ ਕਰਨੀ ਹੈ, ਇਹ ਜੀਵ ਨੂੰ ਕਿਸੇ ਜੋਗਾ ਨਹੀਂ ਰਹਿਣ ਦਿੰਦੇ। ਇਹ ਸਰੀਰ ਦਾ, ਸਿਹਤ ਦਾ ਸਤਿਆਨਾਸ ਕਰ ਦਿੰਦੇ ਹਨ ਅਤੇ ਫਾਇਦਾ ਇਨ੍ਹਾਂ ਤੋਂ ਰੱਤੀ ਭਰ ਨਹੀਂ ਹੋ ਸਕਦਾ। ਜੇ ਤੁਸੀਂ ਸੱਚ-ਮੁਚ ਹੀ ਰੂਹਾਨੀ ਤਰੱਕੀ ਕਰਨੀ ਚਾਹੁੰਦੇ ਹੋ ਤਾਂ ਹਰ ਤਰ੍ਹਾਂ ਦੇ ਨਸ਼ਿਆ, ਖ਼ਾਸ ਤੌਰ ਤੇ ਚਰਸ ਆਦਿ ਦੇ ਨੇੜੇ ਨਾ ਜਾਓ।
ਪ੍ਰਸ਼ਨ 80 – ਕਈ ਵਾਰ ਅਭਿਆਸ ਸਮੇਂ ਨੀਂਦ ਆ ਜਾਂਦੀ ਹੈ, ਕੀ ਉਹ ਸਮਾਂ ਵੀ ਗਿਣਤੀ ਵਿਚ ਲਗਦਾ ਹੈ?
ਉੱਤਰ 80 – ਆਪਣੀ ਨੀਂਦ ਖ਼ਰਾਬ ਕਰ ਕੇ ਜਾਂ ਨੀਂਦ ਦੀ ਕੀਮਤ ਉੱਤੇ ਅਭਿਆਸ ਨਹੀਂ ਕਰਨਾ ਚਾਹੀਦਾ। ਸਰੀਰ ਨੂੰ ਕਿਸੇ ਹੱਦ ਤੱਕ ਆਰਾਮ ਦੇਣ ਤੋਂ ਬਾਅਦ ਹੀ ਭਜਨ ਉੱਤੇ ਬੈਠਣਾ ਚਾਹੀਦਾ ਹੈ। ਕਈ ਵਾਰ ਅਸੀਂ ਆਰਾਮ ਜਾਂ ਨੀਂਦ ਦਾ ਸਮਾਂ ਘਟਾ ਕੇ ਅਭਿਆਸ ਨੂੰ ਦੇਣ ਦਾ ਜਤਨ ਕਰਦੇ ਹਾਂ ਜਦ ਕਿ ਚਾਹੀਦਾ ਇਹ ਹੈ ਕਿ ਅਸੀਂ ਆਪਣੇ ਰੁਝੇਵਿਆਂ ਵਿਚੋਂ ਅਭਿਆਸ ਲਈ ਸਮਾਂ ਬਚਾਈਏ। ਜਦ ਪੂਰੀ ਨੀਂਦ ਕਰਨ ਤੋਂ ਅਭਿਆਸ ਕਰਨ ਦਾ ਜਤਨ ਕਰਦੇ ਹਾਂ ਤਾਂ ਅਭਿਆਸ ਸਮੇਂ ਨੀਂਦ ਆ ਜਾਂਦੀ ਹੈ। ਭਜਨ ਵਿਚ ਲਾਇਆ ਸਮਾਂ ਲੇਖੇ ਲੱਗਦਾ ਹੈ, ਨਾ ਕਿ ਘੁਰਾੜੇ ਮਾਰਨ ਵਿਚ ਲਾਇਆ ਸਮਾਂ।
ਪ੍ਰਸ਼ਨ 81 – ਅਭਿਆਸ ਵਿਚ ਸਿਰਫ ਆਪਣੇ ਜਤਨ ਨਾਲ ਕਿੱਥੋਂ ਤੱਕ ਸਫਲਤਾ ਪ੍ਰਾਪਤ ਕਰ ਸਕਦੇ ਹਾਂ?
ਉੱਤਰ 81 – ਅਭਿਆਸ ਲਈ ਜੋ ਵੀ ਜਤਨ ਕਰਦੇ ਹਾਂ, ਉਹ ਸਾਡੇ ਲੇਖੇ ਵਿਚ ਲਿਖਿਆ ਜਾਂਦਾ ਹੈ, ਸਾਨੂੰ ਆਪਣੇ ਵੱਲੋਂ ਪੂਰਾ ਜਤਨ ਕਰਨਾ ਚਾਹੀਦਾ ਹੈ ਅਤੇ ਬਾਕੀ ਸਭ ਕੁਝ ਮਾਲਕ ਦੀ ਮੌਜ ਉੱਤੇ ਛੱਡ ਦੇਣਾ ਚਾਹੀਦਾ ਹੈ।
ਪ੍ਰਸ਼ਨ 82 – ਇਕਾਗਰਤਾ ਤੋਂ ਕੀ ਭਾਵ ਹੈ? ਕੁਝ ਲੋਕ ਕਹਿੰਦੇ ਹਨ ਕਿ ਇਹ ਆਪਣੇ ਆਪ ਨੂੰ ਖੋਹ ਦੇਣ ਦੀ ਅਵਸਥਾ ਹੈ ਅਤੇ ਕੁਝ ਲੋਕ ਕਹਿੰਦੇ ਹਨ ਕਿ ਇਸ ਲਈ ਬਹੁਤ ਸਖ਼ਤ ਮਿਹਨਤ ਕਰਨਾ ਪੈਂਦੀ ਹੈ।
ਉੱਤਰ 82- ਮਨ ਨੂੰ ਅੱਖਾਂ ਪਿੱਛੇ ਤੀਸਰੇ ਤਿਲ ਵਿਚ ਖੜ੍ਹਾ ਕਰਨ ਦਾ ਨਾਂ ਇਕਾਗਰਤਾ ਹੈ। ਅਸਲ ਇਕਾਗਰਤਾ ਧਿਆਨ ਨੂੰ ਅੱਖਾਂ ਪਿੱਛੇ ਇਕੱਠਾ ਕਰਨ ਨਾਲ ਹੀ ਪ੍ਰਾਪਤ ਹੁੰਦੀ ਹੈ, ਕਿਉਂਕਿ ਇਹ ਸਾਡੇ ਮਨ, ਆਤਮਾ ਦੀ ਬੈਠਕ ਹੈ। ਇਸ ਨੁਕਤੇ ਤੋਂ ਹੀ ਸਾਡੀ ਚੇਤਨ-ਸੱਤਾ ਸਰੀਰ ਦੇ ਨੌਂ ਦੁਆਰਿਆਂ ਰਾਹੀਂ ਸਾਰੇ ਸੰਸਾਰ ਵਿਚ ਫੈਲਦੀ ਹੈ। ਸੰਸਾਰ ਅਤੇ ਸਰੀਰ ਵਿਚ ਫੈਲੀ ਹੋਈ ਸੁਰਤ ਨੂੰ ਵਾਪਸ ਲਿਆ ਕੇ ਮਨ ਨੂੰ ਤੀਸਰੇ ਤਿਲ ਤੇ ਖੜ੍ਹਾ ਕਰਨਾ ਹੀ ਇਕਾਗਰਤਾ ਹੈ। ਜਦ ਮਨ, ਆਤਮਾ ਅੱਖਾਂ ਪਿੱਛੇ ਆ ਕੇ ਖੜ੍ਹੇ ਹੋ ਜਾਂਦੇ ਹਨ, ਮਨ ਨਿਹਚਲ ਹੋ ਕੇ ਅੰਦਰ ਬੈਠ ਜਾਂਦਾ ਹੈ ਤਾਂ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਹਨ। ਕੇਵਲ ਸੁਰਤ ਨੂੰ ਅੱਖਾਂ ਪਿੱਛੇ ਇਕਾਗਰ ਕਰਨ ਨਾਲ ਹੀ ਸਾਨੂੰ ਪਰਮੇਸ਼ਰ ਦੀ ਦਰਗਾਹ ਦਾ ਰਸਤਾ ਮਿਲ ਸਕਦਾ ਹੈ ਅਤੇ ਸਾਡਾ ਪਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ। ਇਸ ਲਈ ਸੁਰਤ ਨੂੰ ਇਸ ਨੁਕਤੇ ਉੱਤੇ ਲਿਆਉਣਾ ਹੈ ਅਤੇ ਮਨ ਨੂੰ ਨਿਹਚਲ ਕਰਨਾ ਹੈ।
ਪ੍ਰਸ਼ਨ 84 – ਕਈ ਲੋਕ ਪੜ੍ਹਾਈ-ਲਿਖਾਈ ਜਾਂ ਸੰਸਾਰਕ ਕਾਰ-ਵਿਹਾਰ ਵਿਚ ਮਨ ਨੂੰ ਵਧੇਰੇ ਇਕਾਗਰ ਕਰ ਸਕਦੇ ਹਨ। ਕੀ ਅਜਿਹੇ ਲੋਕ ਰੂਹਾਨੀ ਤਰੱਕੀ ਵਿਚ ਵੀ ਅਜਿਹੇ ਲੋਕਾਂ ਤੋਂ ਅੱਗੇ ਨਿਕਲ ਜਾਣਗੇ, ਜਿਹੜੇ ਦੁਨਿਆਵੀ ਕੰਮਾਂ ਵਿਚ ਬਹੁਤੀ ਇਕਾਗਰਤਾ ਪ੍ਰਾਪਤ ਨਹੀਂ ਕਰ ਸਕਦੇ?
ਉੱਤਰ 84 – ਰੂਹਾਨੀ ਇਕਾਗਰਤਾ ਅਤੇ ਦੁਨਿਆਵੀ ਇਕਾਗਰਤਾ ਵਿਚ ਬਹੁਤ ਫਰਕ ਹੈ। ਪੂਰਬਲੇ ਜਨਮਾਂ ਦੇ ਕਰਮਾਂ ਕਾਰਨ ਕੁਝ ਲੋਕਾਂ ਦੀ ਬੁੱਧੀ ਜਨਮ ਤੋਂ ਹੀ ਬਹੁਤ ਤੇਜ਼ ਹੁੰਦੀ ਹੈ। ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦਾ ਜਿਆਦਾ ਝੁਕਾਅ ਪਰਮਾਰਥੀ ਗੱਲਾਂ ਵੱਲ ਹੁੰਦਾ ਹੈ ਅਤੇ ਉਹ ਦੁਨਿਆਵੀ ਗੱਲਾਂ ਵੱਲ ਬਹੁਤਾ ਧਿਆਨ ਨਹੀਂ ਦਿੰਦੇ। ਉਹ ਪਰਮੇਸ਼ਰ ਨਾਲ ਲਿਵ ਜੋੜਨ ਵਿਚ ਹੀ ਪ੍ਰਸੰਨਤਾ ਮਹਿਸੂਸ ਕਰਦੇ ਹਨ। ਉਨ੍ਹਾਂ ਦਾ ਧਿਆਨ ਰੂਹਾਨੀ ਸਫ਼ਰ ਤੈਅ ਕਰਨ ਵੱਲ ਹੁੰਦਾ ਹੈ। ਉਹ ਗੱਲ ਹਰ ਇਕ ਦੇ ਆਪੋ-ਆਪਣੇ ਕਰਮਾਂ ਉੱਤੇ ਨਿਰਭਰ ਹੈ।
ਪ੍ਰਸ਼ਨ 87- ਕੀ ਤੁਸੀਂ ਇਸ ਗੱਲ ਬਾਰੇ ਆਪਣੇ ਵਿਚਾਰ ਦੱਸੋਗੇ ਕਿ ਸਾਨੂੰ ਸਿਰਫ ਏਨਾ ਕੰਮ ਕਰਨ ਦੀ ਲੋੜ ਹੈ ਕਿ ਚੁੱਪ-ਚਾਪ ਬੈਠ ਕੇ, ਸੁਆਸਾਂ ਦੀ ਲੈ ਨੂੰ ਇਕ ਸਾਰ ਕਰ ਕੇ ਮਨ ਨੂੰ ਖੜ੍ਹਾ ਕਰ ਲਈਏ ਤਾਂ ਜੋ ਤੀਸਰੇ ਤਿਲ ਵਿਚ ਪਹੁੰਚ ਕੇ ਸ਼ਾਂਤੀ ਪ੍ਰਾਪਤ ਕਰ ਲਈਏ?
ਉੱਤਰ 87 – ਜਿਉਂ-ਜਿਉਂ ਇਕਾਗਰਤਾ ਵਿਚ ਵਾਧਾ ਹੁੰਦਾ ਹੈ, ਮਨ ਵਿਚ ਸ਼ਾਂਤੀ ਵੱਧਦੀ ਜਾਂਦੀ ਹੈ। ਜਿੰਨਾ ਵੱਧ ਧਿਆਨ ਸੰਸਾਰ ਵਿਚ ਫੈਲਦਾ ਹੈ, ਸਾਡੀ ਅੰਦਰਲੀ ਬੇਚੈਨੀ ਅਤੇ ਅਸ਼ਾਂਤੀ ਵੱਧਦੀ ਜਾਂਦੀ ਹੈ। ਜਦ ਮਨ ਨੂੰ ਤੀਸਰੇ ਤਿਲ ਉੱਤੇ ਇਕਾਗਰ ਅਤੇ ਖੜ੍ਹਾ ਕਰਨ ਵਿਚ ਸਫਲ ਹੋ ਜਾਂਦੇ ਹਾਂ ਤਾਂ ਆਪਣੇ ਆਪ ਉਹ ਸ਼ਾਂਤੀ ਮਿਲ ਜਾਂਦੀ ਹੈ, ਜਿਸਦੀ ਸਾਨੂੰ ਤਲਾਸ਼ ਹੈ। ਫਿਰ ਸਾਡਾ ਅੰਦਰ ਆਨੰਦ ਨਾਲ, ਅਮਨ-ਸ਼ਾਂਤੀ ਨਾਲ ਭਰ ਜਾਂਦਾ ਹੈ।
ਪ੍ਰਸ਼ਨ 91 – ਜਦ ਸ਼ਬਦ ਖੱਬੇ ਅਤੇ ਸੱਜੇ ਦੋਹਾਂ ਕੰਨਾਂ ਚੋਂ ਕਾਫ਼ੀ ਉੱਚਾ ਸੁਣਾਈ ਦਿੰਦਾ ਹੋਵੇ ਤਾਂ ਸਿਰਫ ਸੱਜੇ ਪਾਸਿਓਂ ਆ ਰਹੇ ਸ਼ਬਦ ਨੂੰ ਹੀ ਸੁਣਨਾ ਚਾਹੀਦਾ ਹੈ ਜਾਂ ਧਿਆਨ ਤੀਸਰੇ ਤਿਲ ਵਿਚ ਰੱਖ ਕੇ ਦੋਹਾਂ ਪਾਸਿਉਂ ਆ ਰਹੀ ਸ਼ਬਦ-ਧੁਨ ਨੂੰ ਸੁਣਨਾ ਚਾਹੀਦਾ ਹੈ?
ਉੱਤਰ 91 – ਸ਼ੁਰੂ-ਸ਼ੁਰੂ ਵਿਚ ਇਹ ਪਤਾ ਨਹੀਂ ਲਗਦਾ ਕਿ ਸ਼ਬਦ-ਧੁਨ ਸੱਜੇ ਪਾਸਿਉਂ ਆ ਰਹੀ ਹੈ ਜਾਂ ਖੱਬੇ ਪਾਸਿਉਂ। ਕਈ ਵਾਰ ਇਉਂ ਲਗਦਾ ਹੈ ਕਿ ਸ਼ਬਦ-ਧੁਨ ਸੱਜੇ ਪਾਸਿਉਂ ਆ ਰਹੀ ਹੈ ਅਤੇ ਕਈ ਵਾਰ ਇਉਂ ਲਗਦਾ ਹੈ ਕਿ ਖੱਬੇ ਪਾਸਿਉਂ ਆ ਰਹੀ ਮਹਿਸੂਸ ਹੁੰਦੀ ਹੈ। ਹਰ ਹਾਲਤ ਵਿਚ ਧਿਆਨ ਨੂੰ ਅੱਖਾਂ ਦੇ ਕੇਂਦਰ ਜਾਂ ਤੀਸਰੇ ਤਿਲ ਵਿਚ ਰੱਖ ਕੇ, ਇਥੇ ਸੁਣਾਈ ਦਿੰਦੀ ਸ਼ਬਦ-ਧੁਨ ਵਿਚ ਰੱਖਣਾ ਚਾਹੀਦਾ ਹੈ। ਜਦ ਸ਼ਬਦ-ਧੁਨ ਬਿਲਕੁਲ ਸਾਫ਼ ਅਤੇ ਤੇਜ਼ ਜਾਂ ਉੱਚੀ ਹੋ ਜਾਂਦੀ ਹੈ ਤਾਂ ਆਪਣੇ ਆਪ ਪਤਾ ਲੱਗ ਜਾਂਦਾ ਹੈ ਕਿ ਇਹ ਸੱਜੇ ਪਾਸਿਉਂ ਆ ਰਹੀ ਹੈ ਜਾਂ ਖੱਬੇ ਪਾਸਿਉਂ। ਉਸ ਹਾਲਤ ਵਿਚ ਖੱਬੇ ਪਾਸੇ ਦੀ ਆਵਾਜ਼ ਨੂੰ ਛੱਡ ਦੇਣਾ ਚਾਹੀਦਾ ਹੈ ਅਤੇ ਸਿਰਫ ਸੱਜੇ ਪਾਸੇ ਦੀ ਆਵਾਜ਼ ਨੂੰ ਹੀ ਪਕੜਨਾ ਹੈ। ਪਰ ਇਸ ਤੋਂ ਪਹਿਲੋਂ ਧਿਆਨ ਨੂੰ ਤੀਸਰੇ ਤਿਲ ਵਿਚ ਰੱਖ ਕੇ ਏਥੇ ਸੁਣਾਈ ਦਿੰਦੀ ਆਵਾਜ਼ ਨੂੰ ਸੁਣਨਾ ਚਾਹੀਦਾ ਹੈ ਭਾਵੇਂ ਇਹ ਜਿਸ ਪਾਸਿਉਂ ਮਰਜ਼ੀ ਆ ਰਹੀ ਹੋਵੇ।
ਪ੍ਰਸ਼ਨ 92 – ਪ੍ਰਸਾਦ ਕੀ ਹੁੰਦਾ ਹੈ?
ਉੱਤਰ 92 – ਪ੍ਰਸਾਦ ਸਤਿਗੁਰੂ ਦੀ, ਉਸਦੇ ਉਪਦੇਸ਼, ਉਸਦੇ ਪ੍ਰੇਮ-ਪਿਆਰ ਜਾਂ ਸ਼ਰਧਾ ਭਗਤੀ ਦੀ ਯਾਦ ਦਵਾਉਂਦਾ ਹੈ। ਜੇ ਪ੍ਰੇਮ-ਭਾਵ ਨਾਲ ਪ੍ਰਸਾਦ ਖਾਧਾ ਜਾਵੇ ਤਾਂ ਇਸ ਦਾ ਲਾਭ ਹੈ। ਪਰ ਜੇ ਇਹ ਸਮਝੀਏ ਕਿ ਬਿਨਾ ਪ੍ਰੇਮ-ਭਰੋਸੇ ਦੇ ਸਿਰਫ ਪ੍ਰਸਾਦ ਖਾਣ ਨਾਲ ਹੀ ਕੁਝ ਬਣ ਜਾਵੇਗਾ, ਤਾਂ ਇਹ ਭੁਲੇਖਾ ਹੈ। ਪ੍ਰਸਾਦ ਵਿਚ ਸਤਿਗੁਰੂ ਦੀ ਦਇਆ ਮਿਹਰ ਸ਼ਾਮਿਲ ਹੁੰਦੀ ਹੈ ਅਤੇ ਇਸ ਨੂੰ ਪ੍ਰੇਮ-ਪਿਆਰ ਨਾਲ ਖਾਧਿਆਂ ਹੀ ਲਾਭ ਪਹੁੰਚਦਾ ਹੈ।
ਪ੍ਰਸ਼ਨ 94 – ਜਿਸ ਸਤਸੰਗੀ ਨੇ ਆਪਣੇ ਜੀਵਨ-ਕਾਲ ਵਿਚ ਭਜਨ-ਸਿਮਰਨ ਨਾ ਕੀਤਾ ਹੋਵੇ, ਕੀ ਅਜਿਹੇ ਸਤਸੰਗੀ ਦੀ ਵੀ ਸਤਿਗੁਰੂ ਅੰਤ ਸਮੇਂ ਸੰਭਾਲ ਕਰਦੇ ਹਨ?
ਉੱਤਰ 94 – ਦੇਹ ਧਾਰੀ ਸਤਿਗੁਰੂ ਦੀ ਸ਼ਰਨ ਲੈਣ ਤੋਂ ਹੈ ਅਰਥ ਹੈ ਸਤਿਗੁਰੂ ਦੇ ਉਪਦੇਸ਼ਾਂ ਤੇ ਸੱਚੇ ਦਿਲੋਂ ਅਮਲ ਕਰਨਾ, ਤਾਂ ਹੀ ਸਤਿਗੁਰੂ ਅੰਤ ਸਮੇਂ ਸਹਾਇਤਾ ਕਰਨਗੇ। ਜੇ ਸਤਸੰਗੀ ਸਤਿਗੁਰੂ ਦੇ ਦਿੱਤੇ ਉਪਦੇਸ਼ ਉੱਤੇ ਅਮਲ ਨਹੀਂ ਕਰਦਾ ਤਾਂ ਸਤਿਗੁਰੂ ਦੀ ਮਰਜ਼ੀ ਹੈ ਕਿ ਉਹ ਅਜਿਹੇ ਵਿਅਕਤੀ ਦੀ ਅੰਤ ਸਮੇਂ ਸੰਭਾਲ ਕਰੇ ਜਾਂ ਨਾ ਕਰੇ। ਅੰਤ ਸਮੇਂ ਸੰਭਾਲ ਦੀ ਮੰਗ ਅਸੀਂ ਤਾਂ ਹੀ ਕਰ ਸਕਦੇ ਹਾਂ, ਜੇ ਅਸੀਂ ਸੱਚੇ ਦਿਲੋਂ ਸਤਿਗੁਰੂ ਦੇ ਉਪਦੇਸ਼ ਉੱਤੇ ਚਲਦੇ ਰਹੀਏ ਨਹੀਂ ਤਾਂ ਸਤਿਗੁਰੂ ਦੀ ਆਪਣੀ ਮੌਜ ਜਾਂ ਦਇਆ-ਮਿਹਰ ਹੈ ਕਿ ਉਹ ਅੰਤ ਸਮੇਂ ਸੰਭਾਲ ਕਰੇ।
ਪ੍ਰਸ਼ਨ 98 – ਕੀ ਕੋਈ ਐਸੀ ਆਤਮਾ ਵੀ ਹੈ ਜੋ ਬਿਨਾਂ ਸਤਿਗੁਰੂ ਦੇ ਧੁਰ-ਧਾਮ ਪਹੁੰਚ ਗਈ ਹੋਵੇ?
ਉੱਤਰ 98 – ਸਤਿਗੁਰੂ ਦੀ ਸਹਾਇਤਾ ਦੇ ਬਿਨਾਂ? ਬਿਲਕੁਲ ਨਹੀਂ। ਜਦ ਤਕ ਕੋਈ ਪਰਮਾਤਮਾ ਦੀ ਭੇਜੀ ਹੋਈ ਰੂਹ ਅਗਵਾਈ ਨਹੀਂ ਕਰਦੀ, ਕੋਈ ਆਤਮਾ ਕਦੇ ਪਰਮਾਤਮਾ ਨਾਲ ਮਿਲਾਪ ਨਹੀਂ ਕਰ ਸਕਦੀ। ਜਦ ਤਕ ਕੋਈ ਨਵਾਂ ਜਨਮ ਨਹੀਂ ਲੈਂਦਾ, ਉਹ ਪਿਤਾ ਕੋਲ ਨਹੀਂ ਪਹੁੰਚ ਸਕਦਾ। ਨਵਾਂ ਜਨਮ ਉਸ ਸਮੇਂ ਹੁੰਦਾ ਹੈ ਜਦ ਸਤਿਗੁਰੂ ਸਾਡੀ ਆਤਮਾ ਨੂੰ ਅੰਦਰੋਂ ਨਾਮ ਨਾਲ ਜੋੜਦੇ ਹਨ, ਸ਼ਬਦ ਨਾਲ ਜੋੜਦੇ ਹਨ।
ਪ੍ਰਸ਼ਨ 99 – ਕੀ ਸਤਿਗੁਰੂ ਨੂੰ ਸਤਸੰਗੀਆਂ ਲਈ ਦੁੱਖ ਨਹੀਂ ਝੱਲਣੇ ਪੈਂਦੇ? ਉੱਤਰ 99 – ਸਤਿਗੁਰੂ ਦੇ ਦੁੱਖ ਦੀ ਚਿੰਤਾ ਨਾ ਕਰੋ। ਦੁੱਖ ਸਰੀਰ ਨੂੰ ਹੁੰਦਾ ਹੈ, ਆਤਮਾ ਨੂੰ ਨਹੀਂ। ਸਰੀਰ ਇਸ ਰਚਨਾ ਦੇ ਹਾਕਮ, ਕਾਲ ਦਾ ਹੈ ਅਤੇ ਸਤਿਗੁਰੂ ਸਰੀਰ ਦੀ ਪਰਵਾਹ ਨਹੀਂ ਕਰਦੇ। ਉਨ੍ਹਾਂ ਦੀ ਆਤਮਾ ਨੂੰ ਕਦੇ ਦੁੱਖ ਨਹੀਂ ਹੁੰਦਾ। ਉਨ੍ਹਾਂ ਦੀ ਆਤਮਾ ਸਦਾ ਆਨੰਦ ਅਤੇ ਖੇੜੇ ਵਿਚ ਰਹਿੰਦੀ ਹੈ। ਸਤਿਗੁਰੂ, ਸਤਸੰਗੀਆਂ ਦੇ ਦੁੱਖ ਆਪਣੇ ਉੱਤੇ ਲੈ ਕੇ ਸਤਸੰਗੀਆਂ ਦੀ ਸਹਾਇਤਾ ਕਰਦੇ ਰਹਿੰਦੇ ਹਨ।