ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

1)ਮੈਂ ਕੌਣ ਹਾਂ ?

ਇੱਕ ਛੋਟਾ ਜਿਹਾ ਸਵਾਲ ਆਮ ਤੌਰ ਤੇ ਹਰ ਇਨਸਾਨ ਨੂੰ ਪਰੇਸ਼ਾਨ ਕਰ ਛੱਡਦੀ ਹੈ ਅਤੇ ਉਹ ਇਹ ਕਿ – “ਮੈਂ ਕੌਣ ਹਾਂ?” ਉਂਜ ਵੇਖਿਆ ਜਾਵੇ ਤਾਂ ਹਰ ਮਨੁੱਖ ਸਾਰੇ ਦਿਨ ਵਿੱਚ ਕਈ ਵਾਰ “ਮੈਂ” ਸ਼ਬਦ ਦੀ ਵਰਤੋਂ ਕਰਦਾ ਹੈ, ਪਰ ਜੇਕਰ ਉਸ ਨੂੰ ਪੁੱਛਿਆ ਜਾਵੇ ਕਿ “ਮੈਂ” ਕਹਿਣ ਵਾਲਾ ਕੌਣ ਹੈ, ਤਾਂ ਉਹ ਕਹੇਗਾ ਕਿ – “ਮੈਂ ਰਾਜ ਹਾਂ ਜਾਂ ਮੈਂ ਕਰਮਜੀਤ ਹਾਂ।” ਅਸਲ ਵਿਚ “ਰਾਜ ਜਾਂ ਕਰਮਜੀਤ” ਤਾਂ ਇਸ ਸਰੀਰ ਦੇ ਨਾਮ ਹੋ ਸਕਦੇ ਹਨ, ਅਤੇ ਮੈਂ ਦਾ ਮਤਲਬ ਇਹ ਕਿ ਸਿਰ ਤੋਂ ਲੈ ਕੇ ਪੈਰ ਤੱਕ “ਮੈਂ” “ਮੇਰਾ ਸਰੀਰ”ਹੀ ਹਾਂ। ਫੇਰ ਅਸੀਂ ਅਕਸਰ ਇਹ ਵੀ ਕਹਿੰਦੇ ਹਾਂ  ਕਿ ਇਹ ਮੇਰਾ ਹੱਥ ਹੈ, ਜਾਂ ਇਹ ਮੇਰਾ ਸਿਰ ਹੈ… ਆਦਿ। ਜੇਕਰ “ਮੈਂ” ਹੀ ਇਸ ਸਰੀਰ ਦਾ ਨਾਂ ਹੁੰਦਾ ਤਾਂ ਅਸੀਂ ਆਪਣੇ ਹੱਥਾਂ ਨੂੰ ਸੰਬੋਧਨ ਕਰਨ ਲੱਗਿਆਂ “ਮੇਰਾ” ਸ਼ਬਦ ਦੀ ਵਰਤੋਂ ਨਾ ਕਰਦੇ ਬਲਕਿ ਇਨ੍ਹਾਂ ਨੂੰ ਵੀ “ਮੈਂ”, ਅਰਥਾਤ “ਇਹ ਮੈਂ ਹਾਂ” ਹੀ ਆਖਦੇ।

ਇਸੇ ਤਰ੍ਹਾਂ ਉਦਾਹਰਣ ਵਜੋਂ ਜੇਕਰ ਅਸੀਂ ਆਖਦੇ ਹਾਂ ਉਹ “ਮੇਰਾ” ਭਰਾ ਹੈ, ਉਹ “ਮੇਰਾ” ਘਰ ਹੈ। ਇਥੇ ਵਰਤਿਆ ਗਿਆ “ਮੇਰਾ” ਸ਼ਬਦ ਉਨ੍ਹਾਂ ਸ਼ੈਆਂ (ਵਸਤਾਂ ਜਾਂ ਹੋਰ ਦੂਸਰੇ ਜੀਵਾਂ) ਨੂੰ ਸੰਬੋਧਨ ਕਰਦਾ ਹੈ ਜੋ ਕਿ ਮੇਰੇ ਇਸ ਸਰੀਰ ਨਾਲੋਂ ਵੱਖ ਹਨ। ਨਤੀਜੇ ਵਜੋਂ “ਮੈਂ” ਅਤੇ “ਮੇਰਾ” ਦੋ ਵੱਖ-ਵੱਖ ਸ਼ਬਦ ਹੋਏ ਅਤੇ ਇਸੇ ਲਈ ਇਨ੍ਹਾਂ ਦੇ ਅਰਥ ਵੀ ਵੱਖ-ਵੱਖ ਹੀ ਹੋਏ। ਫਿਰ ਜਦੋਂ ਅਸੀਂ ਆਪਣੇ ਆਪ (ਇਸ ਸਰੀਰ) ਨੂੰ “ਮੈਂ” ਆਖਦੇ ਹਾਂ, ਤਾਂ ਇਹ “ਮੈਂ” ਹੈ ਕੌਣ ਜਾਂ ਫਿਰ ਉਹ ਹੈ ਕੌਣ ਜੋ ਆਪਣੇ ਆਪ (ਇਸ ਸਰੀਰ) ਨੂੰ ਮੈਂ ਅਖਵਾਉਂਦਾ ਹੈ।

ਬੱਸ ਇਸੇ ਸਵਾਲ ਦਾ ਵਿਹਾਰਕ ਹੱਲ ਨਾ ਜਾਣਨ ਦੇ ਕਾਰਨ, ਅਰਥਾਤ ਆਪਣੇ ਆਪ ਨੂੰ ਨਾ ਜਾਣਨ ਕਰਕੇ ਅੱਜ ਦਾ ਮਨੁੱਖੀ ਜੀਵ “ਮੈਂ” ਅਤੇ “ਮੇਰੇ” ਜਿਹੇ ਸ਼ਬਦਾਂ ਦੇ ਜਾਲ ਵਿਚ ਉਲਝ ਕੇ ਰਹਿ ਗਿਆ ਹੈ। ਮਨੁੱਖ ਇਸ ਨਾਸਵਾਨ ਸਰੀਰ (ਦੇਹ) ਵਿਚ ਰਹਿ ਕੇ ਇਸ ਨੂੰ ਆਪਣਾ ਸਮਝੀ ਬੈਠਾ ਹੈ ਅਤੇ ਇਸ ਨਾਸਵਾਨ ਸਰੀਰ ਦੀ ਤਾਕਤ ਤੇ ਮਾਣ ਕਰ ਕੇ ਦੇਹ-ਹੰਕਾਰੀ ਵੀ ਹੋ ਗਿਆ ਹੈ।  ਮਨੁੱਖ ਘਮੰਡੀ ਵੀ ਹੋ ਗਿਆ ਹੈ ਅਤੇ ਸਮਝਦਾ ਹੈ ਕਿ “ਮੈਂ ਬਲਵਾਨ ਹਾਂ, ਮੈਂ ਮਾਲਕ ਹਾਂ, ਮੈਂ ਅਫਸਰ ਹਾਂ, ਮੈਂ ਅਧਿਆਪਕ ਹਾਂ..” ਪਰੰਤੂ ਉਸ ਵਿਚ ਕਿੰਨੀ ਅਗਿਆਨਤਾ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅੱਜ ਉਹ ਆਪਣੇ ਅਸਲ ਨੂੰ ਤਾਂ ਜਾਣਦਾ ਹੀ ਨਹੀਂ। “ਮੈਂ ਕੌਣ ਹਾਂ ?” ਇਹ ਸ੍ਰਿਸ਼ਟੀ ਰੂਪੀ ਖੇਡ, ਆਦਿ ਤੋਂ ਅਨੰਤ ਤੱਕ, ਕਿਵੇਂ ਬਣਿਆ ਹੋਇਆ ਹੈ ? ਮੈਂ ਕਿੱਥੋਂ ਆਇਆ, ਕਦੋਂ ਆਇਆ, ਸੁਖ-ਸ਼ਾਂਤੀ ਕੀ ਹੁੰਦੇ ਹਨ ਅਤੇ ਪਰਮਾਤਮਾ ਜੋ ਕਿ ਇਸ ਸ੍ਰਿਸ਼ਟੀ ਦਾ ਰਚਣਹਾਰ ਹੈ, “ਕੌਣ ਹੈ ਉਹ ?” ਆਦਿ ਭੇਤਾਂ ਨੂੰ ਨਹੀਂ ਜਾਣਦਾ।

ਜੇਕਰ ਕੋਸ਼ਿਸ਼ ਕਰੀਏ ਤਾਂ ਅਸੀਂ ਜੀਵਨ ਦੀ ਇਸ ਬੁਝਾਰਤ ਦਾ ਹੱਲ ਅਤੇ ਆਤਮ-ਗਿਆਨ ਪਾ ਸਕਦੇ ਹਾਂ ਅਤੇ ਨਤੀਜੇ ਵਜੋਂ ਅਸੀਂ ਆਪਣੇ ਅੰਦਰ ਲੁਕੀਆਂ ਆਤਮਿਕ ਸ਼ਕਤੀਆਂ ਨੂੰ ਵੀ ਪਛਾਣ ਲਵਾਂਗੇ। ਅਤੇ ਸਤਜੁਗ ਸਮੇਂ ਜਿਹਾ ਸੁਖ-ਸ਼ਾਂਤੀ ਅਤੇ ਸੰਪੂਰਨ ਪਵਿੱਤਰਤਾ ਭਰਿਆ ਮਾਹੌਲ ਫਿਰ ਤੋਂ ਸਿਰਜ ਲਵਾਂਗੇ।

 

Loading spinner