ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

 

2)ਆਤਮਾ ਕੀ ਹੈ ਅਤੇ ਮਨ ਕੀ ਹੈ ?

ਮੈਂ ਕੌਣ ਹਾਂ ਪੜ੍ਹਨ ਉਪਰੰਤ ਇਹ ਗੱਲ ਤਾਂ ਸਪਸ਼ਟ ਹੋ ਜਾਂਦੀ ਹੈ ਕਿ “ਮੈਂ” ਅਤੇ “ਮੇਰਾ”, ਦੋ ਵੱਖ-ਵੱਖ ਸ਼ਬਦ ਹਨ ਅਤੇ ਇਨ੍ਹਾਂ ਦੋਵਾਂ ਦੇ ਅਰਥ ਵੀ ਵੱਖ-ਵੱਖ ਹਨ। ਆਪਣੇ ਸਰੀਰ ਨੂੰ ਸੰਬੋਧਨ ਕਰਨ ਲੱਗਿਆਂ ਅਸੀਂ “ਮੈਂ” ਸ਼ਬਦ ਦੀ ਵਰਤੋਂ ਕਰਦੇ ਹਾਂ ਅਤੇ ਫਿਰ ਆਪਣੇ ਅੰਗਾਂ ਨੂੰ ਸੰਬੋਧਨ ਕਰਨ ਲੱਗਿਆਂ “ਮੇਰਾ ਜਾਂ ਮੇਰੇ” ਸ਼ਬਦ ਦੀ ਵਰਤੋਂ ਕਰਦੇ ਹਾਂ। ਇਹ ਸਰੀਰ “ਮੇਰਾ ਆਪਣਾ” ਹੁੰਦਿਆਂ ਹੋਇਆਂ ਵੀ “ਮੈਂ” ਖ਼ੁਦ ਆਪਣੇ ਸਰੀਰ ਦੇ ਅੰਗਾਂ ਨੂੰ ਆਪਣੇ ਆਪ ਨਾਲੋਂ ਵੱਖ ਸਮਝਦਾ ਹਾਂ। ਅਸਲ ਵਿਚ ਮੇਰੇ ਵੱਲੋਂ “ਮੈਂ” ਸ਼ਬਦ ਦਾ ਇਸਤੇਮਾਲ ਇਸ ਸਰੀਰ ਨੂੰ ਸੰਬੋਧਨ ਕਰਨ ਲਈ ਨਹੀਂ ਕੀਤਾ ਜਾ ਰਿਹਾ। ਮੇਰੇ ਅਚੇਤ ਮਨ ਵਿੱਚ ਬਹੁਤ ਦੇਰ ਤੋਂ (ਕਈ ਯੁਗਾਂ ਤੋਂ) ਇਹ ਸੱਚਾਈ ਵਸੀ ਹੋਈ ਹੈ ਕਿ “ਮੈਂ” ਕੋਈ ਇੱਕ ਵੱਖਰੀ ਸ਼ੈ ਹਾਂ। ਪਰ ਸਾਨੂੰ ਇਸ ਦੀ ਪਛਾਣ ਕਿਵੇਂ ਆਵੇ, ਇਹ ਪਤਾ ਨਹੀਂ ਲੱਗ ਰਿਹਾ। ਅਸਲ ਵਿਚ ਇਕ ਜਿਉਂਦੇ ਸਰੀਰ ਵਿੱਚ ਇਕ ਆਤਮਾ ਦਾ ਵੀ ਵਾਸ ਹੁੰਦਾ ਹੈ, ਜਿਸ ਦੀ ਹੋਂਦ ਨੂੰ ਅਸੀਂ ਦੁਨਿਆਵੀ ਕਾਰਜਾਂ ਵਿਚ ਰੁੱਝੇ ਹੋਣ ਕਰਕੇ ਆਮ ਤੌਰ ਤੇ ਭੁੱਲ ਹੀ ਜਾਂਦੇ ਹਾਂ। ਖ਼ੁਦ ਨੂੰ ਅਤੇ ਸਾਰੇ ਜਿਉਂਦੇ ਜੀਵਾਂ ਨੂੰ ਦੇਹ ਧਾਰੀ ਰੂਪ ਵਿਚ ਵੇਖਦੇ ਵੇਖਦੇ ਸਾਨੂੰ ਆਤਮਾ ਬਾਰੇ ਕੋਈ ਅਹਿਸਾਸ ਨਹੀਂ ਰਹਿੰਦਾ। ਪਰ ਕਿਸੇ ਮੁਰਦੇ ਨੂੰ ਵੇਖ ਕੇ ਇਹ ਗੱਲ ਸਮਝ ਆਉਂਦੀ ਹੈ ਕਿ ਜੀਵਤ ਸਰੀਰ ਵਿਚ ਕੁਝ ਵੱਖਰੀ ਸ਼ੈਅ ਸੀ ਜੋ ਹੁਣ ਉਸ ਸਰੀਰ ਵਿਚੋਂ ਨਿਕਲ ਗਈ ਹੈ। ਇਸੇ ਲਈ ਮੁਰਦਾ ਸਰੀਰ ਦਾ ਅੰਤਮ ਸੰਸਕਾਰ ਕਰ ਦਿੱਤਾ ਜਾਂਦਾ ਹੈ।

ਇਸ ਵੱਖਰੀ ਸ਼ੈਅ (ਆਤਮਾ) ਜੋ ਦਿਖਾਈ ਨਹੀਂ ਦਿੰਦੀ ਅਤੇ ਜੋ ਜੀਵਤ ਸਰੀਰ ਵਿਚ ਰਹਿੰਦੀ ਹੈ ਨੂੰ ਹੀ ਅਸੀਂ “ਮੈਂ” ਕਹਿ ਕੇ ਸੰਬੋਧਨ ਜ਼ਰੂਰ ਕਰ ਲੈਂਦੇ ਹਾਂ ਅਤੇ ਇਹੀ ਸੱਚ ਹੈ। ਅਤੇ ਆਤਮਾ ਉਸ ਪਰਮ ਪਿਤਾ ਪਰਮਾਤਮਾ ਦਾ ਅੰਸ਼ ਹੈ ਜਿਸ ਨੇ ਮਨੁੱਖੀ ਸਰੀਰ ਰਾਹੀਂ ਪਰਮਾਤਮਾ ਦੇ ਹੁਕਮ ਅਨੁਸਾਰ ਸੰਸਾਰ ਵਿਚ ਵਿਚਰਨਾ ਹੁੰਦਾ ਹੈ।

ਜਿਸ ਤਰ੍ਹਾਂ ਇਹ ਸਰੀਰ, ਪੰਜ ਤੱਤਾਂ (ਪਾਣੀ, ਹਵਾ, ਅੱਗ, ਆਕਾਸ਼ ਅਤੇ ਧਰਤੀ) ਨੂੰ ਮਿਲਾ ਕੇ ਬਣਿਆ ਹੁੰਦਾ ਹੈ। ਇਸੇ ਤਰ੍ਹਾਂ ਮਨ, ਬੁੱਧੀ ਅਤੇ ਸੰਸਕਾਰ ਆਤਮਾ ਦੇ ਅਨਿੱਖੜਵੇਂ ਅੰਗ ਹਨ। ਇਸੇ ਕਾਰਨ ਆਤਮਾ ਵਿਚ ਵਿਚਾਰ ਕਰਨ ਅਤੇ ਨਿਰਣਾ ਕਰਨ ਦੀ ਤਾਕਤ ਹੁੰਦੀ ਹੈ ਅਤੇ ਇਸ ਲਈ ਬੁੱਧੀ ਦਾ ਸਹਾਰਾ ਵੀ ਲਿਆ ਜਾਂਦਾ ਹੈ।

ਆਤਮਾ ਇਕ ਚੇਤਨ ਅਤੇ ਅਵਿਨਾਸ਼ੀ ਜੋਤੀ-ਬਿੰਦੂ (ਇਕ ਜੋਤ) ਸਮਾਨ ਹੈ। ਜਿਸ ਦਾ ਸਥਾਨ ਮਨੁੱਖੀ ਦੇਹ ਵਿਚ ਮੱਥੇ ਅਤੇ ਅੱਖਾਂ ਦੇ ਵਿਚਕਾਰ ਹੈ। ਰੋਜ਼ਾਨਾ ਕਈ ਵਾਰ ਅਸੀਂ ਡੂੰਘੀ ਗਹਿਰਾਈ ਨਾਲ ਸੋਚਣ ਲੱਗਿਆਂ ਅਚਾਨਕ ਆਪਣਾ ਹੱਥ ਮੱਥੇ ਤੇ ਰੱਖਦੇ ਹਾਂ ਅਸਲ ਵਿਚ ਇਹ ਉਹੀ ਜਗ੍ਹਾ ਹੈ ਜਿਥੇ ਪਵਿੱਤਰ ਆਤਮਾ ਦਾ ਨਿਵਾਸ ਹੈ। ਇਸੇ ਕਾਰਨ ਵਸ਼ ਹਿੰਦੂ ਧਰਮ ਵਿਚ ਵਿਸ਼ਵਾਸ ਰੱਖਣ ਵਾਲੇ ਇਨਸਾਨ ਇਸ ਸਥਾਨ ਤੇ ਤਿਲਕ ਲਗਾਉਂਦੇ ਹਨ।

ਆਤਮਾ ਦਾ ਸਬੰਧ ਸਰੀਰ ਦੇ ਅੰਗ ਦਿਮਾਗ ਨਾਲ ਵੀ ਹੈ ਜਿਸ ਵਿਚ ਬੁੱਧੀ ਦਾ ਵਾਸ ਹੈ ਅਤੇ ਦਿਮਾਗ ਦਾ ਸਬੰਧ ਸਾਰੇ ਸਰੀਰ ਵਿਚ ਫੈਲੇ ਹੋਏ ਤੰਤੂਆਂ ਨਾਲ ਹੈ। ਆਤਮਾ ਵਿਚ ਪਹਿਲਾਂ ਸੰਕਲਪ ਉਠਦਾ ਹੈ, ਫਿਰ ਦਿਮਾਗ ਅਤੇ ਹੋਰ ਤੰਤੂਆਂ ਰਾਹੀਂ ਜ਼ਾਹਿਰ ਹੁੰਦਾ ਹੈ। ਆਤਮਾ ਦੁੱਖ, ਸੁਖ ਦਾ ਅਹਿਸਾਸ ਕਰਦੀ ਹੈ ਅਤੇ ਬੁੱਧੀ ਦੀ ਸਹਾਇਤਾ ਨਾਲ ਕਿਸੇ ਕਾਰਜ ਨੂੰ ਕਰਨ ਜਾਂ  ਨਾ ਕਰਨ ਦਾ ਫੈਸਲਾ ਕਰਨ ਵਿਚ ਸਹਾਇਤਾ ਕਰਦੀ ਹੈ। ਆਤਮਾ ਵਿਚ ਹੀ ਸਾਡੇ ਸੰਸਕਾਰਾਂ ਦਾ ਵੀ ਵਾਸ ਹੈ।

ਇਥੇ, ਇਹ ਵੀ ਦੱਸਣ ਯੋਗ ਹੈ ਕਿ ਕਈ ਵਾਰ ਇਨਸਾਨ ਦਾ ਮਨ – ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੇ ਵਿਕਾਰਾਂ ਦੇ ਰਾਹੀਂ ਬੁੱਧੀ ਉੱਪਰ ਹਾਵੀ ਹੋ ਜਾਂਦਾ ਹੈ। ਇਸ ਤਰ੍ਹਾਂ ਮਨ ਇਨਸਾਨ ਤੋਂ ਅਜਿਹਾ ਸੰਸਾਰਿਕ ਕਾਰਜ ਕਰਵਾ ਲੈਂਦਾ ਜੋ ਕਿ ਉਸ ਦਾ ਮਾੜਾ ਕਰਮ ਬਣ ਜਾਂਦਾ ਹੈ। ਇਸੇ ਤਰ੍ਹਾਂ ਜੇਕਰ ਮਨ ਦੇ ਵਿਕਾਰਾਂ ਦੀ ਬਜਾਏ ਜੇਕਰ ਆਪਣੀ ਅੰਤਰ ਆਤਮਾ ਅਤੇ ਬੁੱਧੀ ਰਾਹੀਂ ਸੰਸਾਰਿਕ ਕਾਰਜ ਕੀਤੇ ਜਾਣ ਤਾਂ ਉਹ ਚੰਗੇ ਕਰਮ ਬਣ ਜਾਂਦੇ ਹਨ। ਕਹਿਣ ਦਾ ਭਾਵ ਇਹ ਹੈ ਕਿ ਇੱਕ ਮਨੁੱਖ ਜੋ ਕਰਮ ਕਰਦਾ ਹੈ, ਉਸੇ ਤਰ੍ਹਾਂ ਉਸ ਦੀ ਆਤਮਾ ਦੇ ਸੰਸਕਾਰ ਵੀ ਬਣਦੇ ਜਾਂਦੇ ਹਨ। ਇਹਨਾਂ ਚੰਗੇ ਜਾਂ ਮੰਦੇ ਸੰਸਕਾਰਾਂ ਮੁਤਾਬਕ ਹੀ ਇਸ ਸਰੀਰ ਰਾਹੀਂ ਆਤਮਾ ਨੂੰ ਦੁਖ-ਸੁਖ ਭੋਗਣੇ ਪੈਂਦੇ ਹਨ।

ਸੰਸਕਾਰ ਤਿੰਨ ਪਰਕਾਰ ਦੇ ਹੁੰਦੇ ਹਨ। ਇਕ ਇਨਸਾਨ ਦੇ ਪਿਛਲੇ ਜਨਮ ਵਿਚ ਕੀਤੇ ਕਰਮਾਂ ਦਾ ਲੇਖਾ-ਜੋਖਾ ਹੀ ਪਹਿਲੇ ਸੰਸਕਾਰ ਬਣਦੇ ਹਨ ਅਤੇ ਫਿਰ ਇਨਸਾਨ ਨੇ ਜਿਸ ਪਰਿਵਾਰ ਵਿਚ ਮੌਜੂਦਾ ਜਨਮ ਲਿਆ ਹੈ ਉਥੋਂ ਦੇ ਮਾਤਾ-ਪਿਤਾ ਅਤੇ ਪਰਿਵਾਰ ਦੇ ਪਾਲਨ-ਪੋਸਣ ਦੌਰਾਨ ਦਿੱਤੇ ਗਏ ਸੰਸਕਾਰ ਦੂਸਰੀ ਪ੍ਰਕਾਰ ਦੇ ਸੰਸਕਾਰ ਬਣਦੇ ਹਨ । ਮੌਜੂਦਾ ਜਨਮ ਵਿਚ ਸੰਸਾਰਿਕ ਕਾਰਜ ਕਰਦੇ ਹੋਏ ਚੰਗੇ – ਮਾੜੇ ਕਰਮ (ਜੋ ਕਿ ਜਾਣੇ-ਅਣਜਾਣੇ ਵੀ ਕੀਤੇ ਗਏ ਹੋ ਸਕਦੇ ਹਨ) ਤੀਸਰੀ ਕਿਸਮ ਦੇ ਸੰਸਕਾਰ ਬਣਦੇ ਹਨ।

ਇਸ ਤਰ੍ਹਾਂ ਮਨ, ਬੁੱਧੀ ਅਤੇ ਸੰਸਕਾਰ, ਆਤਮਾ ਨਾਲੋਂ ਵੱਖ ਨਹੀਂ ਹਨ। ਇਨਸਾਨ ਵੱਲੋਂ ਆਤਮਾ ਦੇ ਸੰਕਲਪ ਮੁਤਾਬਿਕ ਕੀਤੇ ਗਏ ਕਾਰਜ ਬਿਹਤਰ ਇਨਸਾਨ ਅਤੇ ਬਿਹਤਰ ਸਮਾਜ ਦਾ ਨਿਰਮਾਣ ਕਰਦੇ ਹਨ। ਪਰੰਤੂ ਆਤਮਾ ਦੇ ਸੁਝਾਅ ਨੂੰ ਅੱਖੋਂ ਪਰੋਖੇ ਕਰਕੇ ਜਾਂ ਕਹਿ ਲਵੋ ਅੰਤਰ ਆਤਮਾ ਦੀ ਆਵਾਜ਼ ਨਾ ਸੁਣਕੇ ਕੇਵਲ ਮਨ ਮੁਤਾਬਿਕ ਹੀ ਕਾਰਜ ਕਰਕੇ ਇਨਸਾਨ ਦੁੱਖਾਂ ਦਾ ਭਾਗੀ ਬਣਦਾ ਹੈ। ਉਸ ਦਾ ਕਾਰਨ ਅਸਲ ਵਿਚ ਮਨ ਹੀ ਹੈ।

ਹਰ ਆਤਮਾ ਕਿਉਂਕਿ ਪਰਮਾਤਮਾ ਦਾ ਅੰਸ਼ ਹੈ ਇਸ ਲਈ ਹਮੇਸ਼ਾ ਪਵਿੱਤਰ ਹੁੰਦੀ ਹੈ ਪਰੰਤੂ ਅਜੋਕੇ ਸਮੇਂ ਵਿੱਚ ਆਤਮਾ ਆਪਣੇ ਆਪ ਨੂੰ ਭੁੱਲ ਕੇ ਦੇਹ (ਇਸਤਰੀ, ਪੁਰਖ, ਬੁੱਢਾ ਜਵਾਨ ਆਦਿ ਮੰਨ ਬੈਠੀ ਹੈ)। ਇਹ ਦੇਹ ਹੰਕਾਰ ਹੀ ਦੁੱਖਾਂ ਦਾ ਕਾਰਨ ਬਣ ਗਿਆ ਹੈ। ਜਿਹੜੇ ਮਨੁੱਖ ਨੂੰ ਆਪਣੀ ਪਛਾਣ ਨਹੀਂ ਹੈ ਉਹ ਖ਼ੁਦ ਤਾਂ ਦੁਖੀ ਅਤੇ ਅਸ਼ਾਂਤ ਰਹਿੰਦਾ ਹੈ ਅਤੇ ਨਾਲ ਹੀ ਆਪਣੇ ਸੰਪਰਕ ਵਿਚ ਆਉਣ ਵਾਲੇ ਮਿੱਤਰ-ਸਬੰਧੀਆਂ ਨੂੰ ਵੀ ਦੁਖੀ ਅਤੇ ਅਸ਼ਾਂਤ ਕਰੀ ਰੱਖਦਾ ਹੈ। ਇਸ ਲਈ ਸੱਚੇ ਸੁਖ ਅਤੇ ਸੱਚੀ ਸ਼ਾਂਤੀ ਲਈ ਖ਼ੁਦ ਨੂੰ ਪਛਾਣ ਲੈਣਾ ਬਹੁਤ ਜ਼ਰੂਰੀ ਹੈ।

 

Loading spinner