7)ਪਰਮ ਪਿਤਾ ਦਾ ਦਿਵਯ ਅਵਤਰਣ
ਸ਼ਿਵ ਦਾ ਅਰਥ ਹੈ “ਕਲਿਆਣ ਕਾਰੀ”। ਪਰਮਾਤਮਾ ਦਾ ਇਹ ਨਾਂ ਇਸ ਲਈ ਹੈ ਕਿ ਉਹ ਧਰਮ-ਗਿਲਾਨੀ ਦੇ ਸਮੇਂ ਜਦੋਂ ਸਾਰੀਆਂ ਮਨੁੱਖ ਆਤਮਾਵਾਂ ਮਾਇਆ (ਪੰਜ ਵਿਕਾਰਾਂ) ਦੇ ਕਾਰਣ ਦੁਖੀ, ਅਸ਼ਾਂਤ, ਪਤਿਤ ਅਤੇ ਭ੍ਰਿਸ਼ਟਾਚਾਰੀ ਬਣ ਜਾਂਦੀਆਂ ਹਨ ਤਦ ਉਨ੍ਹਾਂ ਨੂੰ ਫੇਰ ਪਾਵਨ ਅਤੇ ਸੰਪੂਰਨ ਸੁਖੀ ਬਣਾਉਣ ਦਾ ਕਲਿਆਣ ਕਾਰੀ ਕਰਤਵ ਕਰਦੇ ਹਨ ਅਤੇ ਉਹ ਕਰਮ-ਭ੍ਰਿਸ਼ਟ ਅਤੇ ਧਰਮ-ਭ੍ਰਿਸ਼ਟ ਸੰਸਾਰ ਦਾ ਭਲਾ ਕਰਨ ਲਈ ਬ੍ਰਹਮ ਲੋਕ ਤੋਂ ਆ ਕੇ ਮਨੁੱਖ ਦੇ ਸਰੀਰ ਦਾ ਆਧਾਰ ਲੈਂਦੇ ਹਨ। ਪਰਮਾਤਮਾ ਸ਼ਿਵ ਦੇ ਇਸ ਅਵਤਰਣ ਅਥਵਾ ਦਿਵਯ ਤੇ ਅਲੌਕਿਕ ਜਨਮ ਦੀ ਪਾਵਨ ਸਿਮਰਤੀ ਵਿਚ ਹੀ “ਸ਼ਿਵਰਾਤਰੀ” ਅਰਥਾਤ ਸ਼ਿਵ ਜਯੰਤੀ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਪਰਮਾਤਮਾ ਸ਼ਿਵ ਜਿਹੜੇ ਸਧਾਰਨ ਅਤੇ ਬੁੱਢੇ ਮਨੁੱਖ ਦੇ ਤਨ ਵਿਚ ਅਵਤਰਿਤ ਹੁੰਦੇ ਹਨ, ਉਨ੍ਹਾਂ ਨੂੰ ਉਹ ਮਨੋ ਪਰਿਵਰਤਨ ਤੋਂ ਬਾਅਦ ਪ੍ਰਜਾਪਿਤਾ ਬ੍ਰਹਮਾ ਨਾਂ ਦਿੰਦੇ ਹਨ। ਉਨ੍ਹਾਂ ਦੀ ਯਾਦ ਵਿਚ ਸ਼ਿਵ ਦੀ ਮੂਰਤੀ ਦੇ ਸਾਹਮਣੇ ਹੀ ਉਨ੍ਹਾਂ ਦੀ ਸਵਾਰੀ “ਨੰਦੀ ਗਣ” ਦਿਖਾਇਆ ਜਾਂਦਾ ਹੈ। ਕਿਉਂਕਿ ਪਰਮਾਤਮਾ ਸਾਰੀਆਂ ਆਤਮਾਵਾਂ ਦੇ ਪਿਤਾ ਹਨ, ਇਸ ਲਈ ਉਹ ਕਿਸੇ ਮਾਤਾ ਦੇ ਗਰਭ ਵਿਚੋਂ ਜਨਮ ਨਹੀਂ ਲੈਂਦੇ ਸਗੋਂ ਬ੍ਰਹਮਾ ਦੇ ਤਨ ਵਿਚ ਪ੍ਰਵੇਸ਼ ਹੋਣਾ ਹੀ ਉਨ੍ਹਾਂ ਦਾ ਦਿਵਯ-ਜਨਮ ਅਥਵਾ ਅਵਤਰਣ ਹੈ।
ਅਜੂਨੀ ਪਰਮਾਤਮਾ ਸ਼ਿਵ ਦੇ ਦਿਵਯ ਜਨਮ ਦੀ ਰੀਤ ਨਿਆਰੀ
ਪਰਮਾਤਮਾ ਸ਼ਿਵ ਕਿਸੇ ਪੁਰਖ ਦੇ ਬੀਜ ਤੋਂ ਅਥਵਾ ਕਿਸੇ ਮਾਤਾ ਦੇ ਗਰਭ ਚੋਂ ਜਨਮ ਨਹੀਂ ਲੈਂਦੇ ਕਿਉਂਕਿ ਉਹ ਤਾਂ ਖੁਦ ਸਾਰਿਆਂ ਦੇ ਮਾਤਾ-ਪਿਤਾ ਹਨ, ਮਨੁੱਖ ਸ੍ਰਿਸ਼ਟੀ ਦੇ ਚੇਤਨ ਬੀਜ-ਰੂਪ ਹਨ ਅਤੇ ਜਨਮ-ਮਰਨ ਦੇ ਕਰਮ-ਬੰਧਨ ਤੋਂ ਰਹਿਤ ਹਨ। ਇਸ ਵਾਸਤੇ ਉਹ ਤਾਂ ਇਕ ਸਧਾਰਨ ਮਨੁੱਖ ਦੇ ਬੁੱਢੇ ਸਰੀਰ ਵਿਚ ਪ੍ਰਵੇਸ਼ ਕਰਦੇ ਹਨ। ਇਸ ਨੂੰ ਹੀ ਪਰਮਾਤਮਾ ਸ਼ਿਵ ਦਾ ਦਿਵਯ-ਜਨਮ ਅਥਵਾ “ਅਵਤਰਣ” ਵੀ ਕਿਹਾ ਜਾਂਦਾ ਹੈ ਕਿਉਂਕਿ ਜਿਹੜੇ ਸ਼ਰੀਰ ਵਿਚ ਉਹ ਪ੍ਰਵੇਸ਼ ਕਰਦੇ ਹਨ ਉਹ ਇਕ ਜਨਮ-ਮਰਨ ਦੇ ਕਰਮ-ਬੰਧਨ ਦੇ ਚੱਕਰ ਵਿਚ ਆਉਣ ਵਾਲੀ ਮਨੁੱਖ ਆਤਮਾ ਦਾ ਸ਼ਰੀਰ ਹੀ ਹੁੰਦਾ ਹੈ ਉਹ ਪਰਮਾਤਮਾ ਦਾ ਆਪਣਾ ਸ਼ਰੀਰ ਨਹੀਂ ਹੁੰਦਾ।
ਇਸ ਵਾਸਤੇ ਕਿਹਾ ਗਿਆ ਹੈ ਕਿ ਜਦੋਂ ਸਾਰੀ ਸ੍ਰਿਸ਼ਟੀ ਮਾਇਆ (ਅਰਥਾਤ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਪੰਜ ਵਿਕਾਰਾਂ) ਦੇ ਪੰਜੇ ਵਿਚ ਫਸ ਜਾਂਦੀ ਹੈ ਤਦ ਪਰਮਪਿਤਾ ਪਰਮਾਤਮਾ ਸ਼ਿਵ, ਜਿਹੜੇ ਕਿ ਆਵਾ ਗਵਨ ਦੇ ਚੱਕਰ ਤੋਂ ਮੁਕਤ ਹਨ, ਮਨੁੱਖ ਆਤਮਾਵਾਂ ਨੂੰ ਪਵਿੱਤਰਤਾ, ਸੁਖ ਅਤੇ ਸ਼ਾਂਤੀ ਦਾ ਵਰਦਾਨ ਦੇ ਕੇ ਮਾਇਆ ਦੇ ਪੰਜੇ ਵਿਚੋਂ ਛੁੜਾਉਂਦੇ ਹਨ। ਉਹ ਹੀ ਸਹਿਜ ਗਿਆਨ ਅਤੇ ਰਾਜ ਯੋਗ ਦੀ ਸਿੱਖਿਆ ਦੇਂਦੇ ਹਨ ਅਤੇ ਸਾਰੀਆਂ ਆਤਮਾਵਾਂ ਨੂੰ ਪਰਮ ਧਾਮ ਲੈ ਜਾਂਦੇ ਹਨ ਅਤੇ ਮੁਕਤੀ ਤੇ ਜੀਵਨ ਮੁਕਤੀ ਦਾ ਵਰਦਾਨ ਦੇਂਦੇ ਹਨ।
ਸ਼ਿਵਰਾਤਰੀ ਦਾ ਤਿਉਹਾਰ ਫਗਣ ਮਹੀਨੇ, ਜੋ ਕਿ ਬਿਕਰਮੀ ਸੰਮਤ ਦਾ ਅਖੀਰਲਾ ਮਹੀਨਾ ਹੁੰਦਾ ਹੈ, ਵਿਚ ਆਉਂਦਾ ਹੈ। ਉਸ ਵੇਲੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਹੁੰਦੀ ਹੈ ਅਤੇ ਪੂਰਣ ਅੰਧਕਾਰ ਹੁੰਦਾ ਹੈ। ਉਸ ਦੇ ਬਾਅਦ ਸ਼ੁਕਲ ਪੱਖ ਸ਼ੁਰੂ ਹੁੰਦਾ ਹੈ। ਇਸ ਤਰ੍ਹਾਂ ਰਾਤ ਦੀ ਤਰ੍ਹਾਂ ਫਗਣ ਦੀ ਕ੍ਰਿਸ਼ਨ ਚਤੁਰਦਸ਼ੀ ਵੀ ਆਤਮਾਵਾਂ ਦੇ ਅਗਿਆਨ ਅੰਧਕਾਰ ਵਿਚਕਾਰ ਅਥਵਾ ਆਸੁਰੀ ਲੱਛਣਾਂ ਦਾ ਸੂਚਕ ਹੈ। ਇਸ ਦੇ ਬਾਅਦ ਆਤਮਾਵਾਂ ਦਾ ਸ਼ੁਕਲ ਪੱਖ ਅਥਵਾ ਨਵੇਂ ਕਲਪ ਦੀ ਸ਼ੁਰੂਆਤ ਹੁੰਦੀ ਹੈ, ਅਰਥਾਤ ਅਗਿਆਨ ਅਤੇ ਦੁਖ ਦਾ ਸਮਾਂ ਖਤਮ ਹੋ ਕਿ ਪਵਿੱਤਰ ਅਤੇ ਸੁਖ ਦਾ ਸਮਾਂ ਸ਼ੁਰੂ ਹੁੰਦਾ ਹੈ।
ਪਰਮਾਤਮਾ ਸ਼ਿਵ ਅਵਤਰਿਤ ਹੋ ਕੇ ਆਪਣੇ ਗਿਆਨ, ਯੋਗ ਅਤੇ ਪਵਿੱਤਰਤਾ ਦੁਆਰਾ ਆਤਮਾਵਾਂ ਵਿਚ ਅਧਿਆਤਮਿਕ ਲਹਿਰ ਪੈਦਾ ਕਰਦੇ ਹਨ। ਇਸੇ ਮਹੱਤਵ ਲਈ ਭਗਤ ਲੋਕ ਸ਼ਿਵਰਾਤਰੀ ਨੂੰ ਜਾਗਰਣ ਕਰਦੇ ਹਨ। ਇਸ ਦਿਨ ਮਨੁੱਖ, ਉਪਵਾਸ, ਵਰਤ ਆਦਿ ਵੀ ਰੱਖਦੇ ਹਨ। ਉਪਵਾਸ (ਉਪ-ਨੇੜੇ, ਵਾਸ-ਰਹਿਣਾ) ਦਾ ਅਸਲੀ ਅਰਥ ਹੈ ਹੀ ਪਰਮਾਤਮਾ ਦੇ ਨੇੜੇ ਹੋ ਜਾਣਾ। ਹੁਣ ਪਰਮਾਤਮਾ ਨਾਲ ਯੋਗ-ਯੁਕਤ ਹੋਣ ਲਈ ਪਵਿੱਤਰਤਾ ਦਾ ਵਰਤ ਰੱਖਣਾ ਜ਼ਰੂਰੀ ਹੈ।