ਕੋਟਲਾ ਛਪਾਕੀ
ਸ਼ਾਮ ਦਾ ਵੇਲਾ ਸੀ। ਪਿੰਡ ਦੇ ਦਰਵਾਜ਼ੇ ਅੱਗੇ ਬੱਚੇ ਇਕੱਠੇ ਹੋ ਰਹੇ ਸਨ। ਰੋਜ਼ ਵਾਂਗ ਉਹ ਅੱਜ ਵੀ ਖੇਡਣਾ ਚਾਹੁੰਦੇ ਸਨ।
ਮੁੰਡੇ ਤੇ ਕੁੜੀਆਂ ਹੱਸ-ਹੱਸ ਗੱਲਾਂ ਕਰਨ ਲੱਗ ਪਏ।
ਕੋਈ ਕਹਿਣ ਲੱਗਾ, “ਆਉ ਭੰਡਾ-ਭੰਡਾਰੀਆ ਖੇਡੀਏ।” ਕੋਈ ਕਹਿੰਦਾ, “ਆਉ ਲੁਕਣ-ਮੀਚੀ ਖੇਡੀਏ।”
ਕੁੜੀਆਂ ਕਹਿਣ ਲੱਗੀਆਂ, “ਨਹੀਂ ਨਹੀਂ, ਸਮੁੰਦਰ ਤੇ ਮੱਛੀ।”
ਭੋਲੂ ਕਹਿਣ ਲੱਗਾ, “ਡੂਮਣਾ ਮਖਿਆਲ ਖੇਡ ਲਵੋ।”
ਜੀਤੀ ਸਭ ਨੂੰ ਚੁੱਪ ਕਰਾਉਂਦੀ ਬੋਲੀ, “ਨਹੀਂ ਬਈ, ਅੱਜ ਤਾਂ ਕੋਟਲਾ-ਛਪਾਕੀ ਖੇਡਾਂਗੇ।”
ਸਾਰੇ ਉਸ ਵੱਲ ਵੇਖਣ ਲੱਗ ਪਏ। ਭੋਲੂ, ਦੀਪੀ, ਲੱਖੀ, ਕੁੱਕੀ, ਘੋਲਾ, ਪੰਮੀ ਤੇ ਬਾਕੀ ਸਾਰੇ ਕਹਿਣ ਲੱਗੇ, “ਹਾਂ ਬਈ ਹਾਂ।
ਅੱਜ ਤਾਂ -ਛਪਾਕੀ ਹੀ ਖੇਡਾਂਗੇ।”
ਜੀਤੀ ਖੁਸ਼ ਹੋ ਗਈ ਤੇ ਕਹਿਣ ਲੱਗੀ, “ਆਉ, ਪਹਿਲਾਂ ਦਾਈ ਪੁੱਗ ਲਈਏ।”
ਸਾਰੇ ਜਣੇ ਗੋਲ-ਚੱਕਰ ਬਣਾ ਕੇ ਖੜੋ ਗਏ।
ਜੀਤੀ ਆਪਣੇ ਆਪ ਤੋਂ ਸ਼ੁਰੂ ਕਰਕੇ ਸਾਰਿਆਂ ਨੂੰ ਇੰਞ ਗਿਣਨ ਲੱਗੀ:
“ਈਂਗਣ ਮੀਂਗਣ ਤਲੀ ਤਲੀਂਗਣ ਕਾਲਾ-ਪੀਲਾ ਡੱਕਰਾ।
ਗੁਡ ਖਾਵਾਂ ਵੇਲ ਵਧਾਵਾਂ ਮੂਲੀ ਪੱਤਰਾ।
ਪੱਤਰਾਂ ਵਾਲੇ ਘੋੜੇ ਆਏ ਹੱਥ ਕਨਾਲੀ,
ਪੈਰ ਕਨਾਲੀ। ਨਿੱਕਲ ਬਾਲਿਆ ਤੇਰੀ ਵਾਰੀ।”
ਦਾਈ ਲੱਖੀ ਦੇ ਸਿਰ ਆਈ।
ਜੀਤੀ ਨੇ ਆਪਣੀ ਚੁੰਨੀ ਨੂੰ ਵਟਾ ਦੇ ਕੇ ਕੋਟਲਾ ਬਣਾਇਆ ਤੇ ਲੱਖੀ ਨੂੰ ਦੇ ਦਿੱਤਾ। ਬੱਚੇ ਤਾੜੀਆਂ ਮਾਰਦੇ ਇੱਕ ਗੋਲ-ਘੇਰੇ ਵਿਚ ਧਰਤੀ ਉੱਤੇ ਬੈਠ ਗਏ। ਸਾਰੇ ਖਿਡਾਰੀ ਘੇਰੇ ਦੇ ਅੰਦਰ ਵੱਲ ਮੂੰਹ ਕਰ ਕੇ ਪੈਰਾਂ ਭਾਰ ਬੈਠ ਗਏ।
ਲੱਖੀ ਕੋਟਲਾ ਹੱਥ ਵਿਚ ਫੜ ਕੇ, ਆਪਣੀ ਦਾਈ ਦੇਣ ਲੱਗ ਪਿਆ। ਉਸ ਨੇ ਕੋਟਲਾ ਆਪਣੇ ਝੱਗੇ (ਕਮੀਜ਼) ਥੱਲੇ ਲੁਕਾ ਲਿਆ ਤੇ ਫਿਰ ਉਹ ਘੇਰੇ ਦੇ ਆਲੇ-ਦੁਆਲੇ ਘੁੰਮਣ ਲੱਗਾ।
ਸਾਰੇ ਬੱਚੇ ਪਿੱਠਾਂ ਕਰੀ ਚੁਕੰਨੇ ਹੋਏ ਬੈਠੇ ਸਨ। ਲੱਖੀ ਗੋਲ-ਚੱਕਰ ਦੇ ਚੱਕਰ ਕੱਟਦਾ ਹੋਇਆ ਗਾਉਂਦਾ ਹੈ:
“ਕੋਟਲਾ-ਛਪਾਕੀ ਜੁਮੇਰਾਤ ਆਈ ਏ।”
ਗੋਲ-ਘੇਰੇ ਵਿੱਚ ਬੈਠੇ ਸਾਰੇ ਬੱਚੇ ਅੱਗੋਂ ਉੱਤਰ ਦਿੰਦੇ:
“ਜਿਹੜਾ ਅੱਗੇ-ਪਿੱਛੇ ਦੇਖੇ, ਉਹਦੀ ਸ਼ਾਮਤ ਆਈ ਏ।”
ਲੱਖੀ ਨੇ ਗਾਉਂਦੇ-ਗਾਉਂਦੇ ਕਈ ਚੱਕਰ ਲਾਏ। ਬੈਠੇ ਬੱਚੇ ਘੁਸਰ-ਮੁਸਰ ਕਰਨ ਲੱਗੇ।
ਲੱਖੀ ਨੇ ਅਛੋਪਲੇ ਜਿਹੇ ਕੋਟਲਾ ਪੰਮੀ ਪਿੱਛੇ ਰੱਖ ਦਿੱਤਾ। ਪੰਮੀ ਨੂੰ ਪਤਾ ਨਾ ਲੱਗਾ।
ਲੱਖੀ ਨੇ ਚੱਕਰ ਪੂਰਾ ਕਰਕੇ ਪੰਮੀ ਦੇ ਪਿੱਛੋਂ ਕੋਟਲਾ ਚੁੱਕਿਆ ਤੇ ਉਸ ਦੀ ਪਿੱਠ ਉੱਤੇ ਮਾਰਨਾ ਸ਼ੁਰੂ ਕਰ ਦਿੱਤਾ।
ਪੰਮੀ ਝੱਟ ਉੱਠ ਦੌੜੀ ਤੇ ਘੇਰੇ ਦੇ ਆਲੇ-ਦੁਆਲੇ ਚੱਕਰ ਕੱਟਣ ਲੱਗੀ।
ਸਾਰੇ ਬੱਚੇ ਹੱਸਣ ਲੱਗੇ। ਅੱਗੇ-ਅੱਗੇ ਪੰਮੀ ਤੇ ਪਿੱਛੇ-ਪਿੱਛੇ ਲੱਖੀ। ਪੰਮੀ ਨੂੰ ਕਈ ਕੋਟਲੇ ਖਾਣੇ ਪਏ।
ਆਖ਼ਰ ਉਸ ਨੇ ਆਪਣੀ ਥਾਂ ਮੱਲ ਲਈ। ਲੱਖੀ ਕੋਟਲਾ ਲੈ ਕੇ ਫੇਰ ਦਾਈ ਦੇਣ ਲੱਗਾ ਤੇ ਗਾਉਣ ਲੱਗਾ। ਇਸ ਵਾਰੀ ਉਸ ਨੇ ਕੋਟਲਾ ਭੋਲੂ ਪਿੱਛੇ ਰੱਖ ਦਿੱਤਾ। ਅਜੇ ਲੱਖੀ ਤੇਜ਼ ਦੌੜਨ ਹੀ ਲੱਗਾ ਸੀ ਕਿ ਭੋਲੂ ਨੂੰ ਝੱਟ ਪਤਾ ਲੱਗ ਗਿਆ। ਉਹ ਕੋਟਲਾ ਚੁੱਕ ਕੇ ਲੱਖੀ ਦੇ ਪਿੱਛੇ ਦੌੜ ਪਿਆ। ਦੋ, ਤਿੰਨ ਕੋਟਲੇ ਲੱਖੀ ਦੀ ਪਿੱਠ ਉੱਤੇ ਪਏ। ਸਾਰੇ ਖ਼ੂਬ ਹੱਸ-ਹੱਸ ਰੌਲਾ ਪਾ ਰਹੇ ਸਨ।
ਲੱਖੀ ਨੇ ਚੱਕਰ ਕੱਟ ਕੇ ਭੋਲੂ ਵਾਲੀ ਥਾਂ ਮੱਲ ਲਈ ਤੇ ਨਿਚਲਾ ਹੋ ਕੇ ਬੈਠ ਗਿਆ। ਹੁਣ ਭੋਲੂ ਕੋਟਲਾ ਲੈ ਕੇ ਦਾਈ ਦੇਣ ਲੱਗਾ। ਸਾਰੇ ਚੌਕਸ ਹੋ ਗਏ।
ਹਰ ਕੋਈ ਟੇਢਾ ਵੇਖ ਕੇ ਆਪਣੇ ਪਿੱਛੇ ਕੋਟਲੇ ਦੀ ਦਾਈ ਦੇਣ ਦੀ ਉਡੀਕ ਕਰਨ ਲੱਗਾ।
ਭੋਲੂ ਚੱਕਰ ਲਾ ਰਿਹਾ ਸੀ ਤੇ ਗਾ ਰਿਹਾ ਸੀ,
“ਕੋਟਲਾ ਛਪਾਕੀ ਜੁਮੇਰਾਤ ਆਈ ਏ।”
ਅੱਗੋਂ ਸਾਰੇ ਬੱਚੇ ਉੱਚੀ-ਉੱਚੀ ਬੋਲਦੇ:
“ਜਿਹੜਾ ਅੱਗੇ-ਪਿੱਛੇ ਦੇਖੇ, ਉਹਦੀ ਸ਼ਾਮਤ ਆਈ ਏ।”
ਭੋਲੂ ਚਾਹੁੰਦਾ ਸੀ ਕਿ ਉਹ ਜਿਸ ਪਿੱਛੇ ਕੋਟਲਾ ਰੱਖੇ ਉਸ ਦਾ ਕਿਸੇ ਨੂੰ ਪਤਾ ਨਾ ਲੱਗੇ। ਇੰਞ ਉਸ ਨੇ ਗਾਉਂਦੇ-ਗਾਉਂਦੇ ਕਈ ਚੱਕਰ ਲਾਏ ਤੇ ਖੇਡ ਮਘਦੀ ਰਹੀ।
ਇਸ ਵਾਰੀ ਕੋਟਲਾ ਜੀਤੀ ਪਿੱਛੇ ਪਿਆ ਸੀ। ਜੀਤੀ ਨੂੰ ਝੱਟ ਪਤਾ ਲੱਗ ਗਿਆ। ਉਹ ਕੋਟਲਾ ਚੁੱਕ ਕੇ ਤੇਜ਼ ਦੌੜੀ।
ਅੱਗੇ-ਅੱਗੇ ਭੋਲੂ ਤੇ ਪਿੱਛੇ-ਪਿੱਛੇ ਜੀਤੀ। ਸਾਰੇ ਹੱਸ-ਹੱਸ ਰੌਲਾ ਪਾ ਰਹੇ ਸਨ।
ਕੋਟਲਾ ਖਾਣ ਤੋਂ ਪਹਿਲਾਂ ਹੀ ਭੋਲੂ ਚੱਕਰ ਕੱਟ ਕੇ, ਜੀਤੀ ਦੀ ਥਾਂ ਉੱਤੇ ਆ ਬੈਠਾ।
ਹੁਣ ਜੀਤੀ ਮੁੜ ਦਾਈ ਦੇਣ ਲੱਗੀ ਤੇ ਚੱਕਰ ਲਾਉਣ ਲੱਗੀ।
ਕਦੇ ਹੌਲੀ ਤੇ ਕਦੇ ਤੇਜ਼ ਦੌੜਦੀ ਹੋਈ ਜੀਤੀ ਗਾਉਣ ਲੱਗੀ:
“ਕੋਟਲਾ ਛਪਾਕੀ ਜੁਮੇਰਾਤ ਆਈ ਏ।”
ਅੱਗੋਂ ਸਾਰੇ ਬੱਚੇ ਉੱਚੀ-ਉੱਚੀ ਬੋਲ ਕੇ ਜਵਾਬ ਦਿੰਦੇ:
“ਜਿਹੜਾ ਅੱਗੇ-ਪਿੱਛੇ ਦੇਖੇ, ਉਹਦੀ ਸ਼ਾਮਤ ਆਈ ਏ।”
ਹਰ ਕੋਈ ਆਪਣੀ ਦਾਈ ਦੀ ਤਾਕ ਵਿੱਚ ਸੀ।
ਇੰਞ ਖੇਡ ਚਲਦੀ ਰਹੀ ਤੇ ਬੱਚੇ ਅਨੰਦ ਮਾਣਦੇ ਰਹੇ।