ਕੀੜੀ ਤੇ ਹਾਥੀ
ਕੀੜੀ ਦੇ ਘਰ ਹਾਥੀ ਆਇਆ,
ਲੱਡੂਆਂ ਦਾ ਭਰ ਥਾਲ ਲਿਆਇਆ।
ਪੀਲੇ-ਪੀਲੇ ਲੱਡੂ ਮਿੱਠੇ,
ਐਨਕ ਲਾ ਕੇ ਕੀੜੀ ਡਿੱਠੇ।
ਥਾਲ ਨੂੰ ਲੈ ਕੇ ਕੀੜੀ ਨੱਸੀ,
ਕੀੜੀਆਂ ਨੂੰ ਉਸ ਗੱਲ ਜਾ ਦੱਸੀ।
ਕੀੜੀਆਂ ਰਲ ਕੇ, ਖਾਧੇ ਲੱਡੂ,
ਤੱਕਦੇ ਰਹਿ ਗਏ ਬੈਠੇ ਡੱਡੂ।
ਲੱਡੂ ਖਾ ਕੇ ਥਾਲੀ ਮੋੜੀ,
ਕੀੜੀ ਨੇ ਇਕ ਕਵਿਤਾ ਜੋੜੀ।
“ਘਰ ਅਸਾਡੇ ਜਦ ਵੀ ਆਉ,
ਮਿੱਠੇ-ਮਿੱਠੇ ਲੱਡੂ ਲਿਆਓ।”
ਕਵਿਤਾ ਸੁਣ ਕੇ ਹਾਥੀ ਹੱਸੇ,
ਇਧਰ-ਉਧਰ ਕੀੜੀ ਨੱਸੇ।
ਹਾਥੀ ਸੁੰਡ ਹਿਲਾਈ ਜਾਏ,
ਕੀੜੀ ਗਿੱਧਾ ਪਾਈ ਜਾਏ।