ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
ਸਾਨੂੰ ਭੁੱਖ ਕਿਉਂ ਲਗਦੀ ਹੈ

"ਪਾਪਾ ਭੂਆ ਜੀ ਦੇ ਘਰ ਇੱਕ ਕਾਕਾ ਆਇਆ ਹੈ?"
ਰਿੰਪੀ ਨੇ ਸਕੂਲ ਤੋਂ ਆਉਂਦਿਆਂ ਹੀ ਆਪਣੇ ਪਿਤਾ ਜੀ ਨੂੰ ਪੁੱਛਿਆ
"ਹਾਂ ਪੁੱਤਰ, ਭੂਆ ਜੀ ਦੇ ਘਰ ਇੱਕ ਕਾਕਾ ਆਇਆ ਹੈ, ਬਿਲਕੁਲ ਤੇਰੇ ਵਰਗਾ।"
ਰਿੰਪੀ ਨੇ ਪੁੱਛਿਆ "ਮੇਰੇ ਵਰਗਾ? ਕੀ ਉਹ ਵੀ ਦੂਸਰੀ ਜਮਾਤ ਵਿੱਚ ਪੜ੍ਹਦਾ ਹੈ, ਮੇਰੇ ਵਾਂਗੂ?"
ਪਾਪਾ ਨੇ ਕਿਹਾ - "ਨਹੀਂ ਉਹ ਹਾਲੇ ਬਹੁਤ ਛੋਟਾ ਹੈ, ਸਕੂਲ ਨਹੀਂ ਜਾ ਸਕਦਾ"
ਰਿੰਪੀ ਨੇ ਪੁੱਛਿਆ "ਫਿਰ ਤਾਂ ਉਹ ਬੜੀਆਂ ਗੱਲਾਂ ਕਰਦਾ ਹੋਵੇਗਾ?"
ਰਿੰਪੀ ਦੀ ਮੰਮੀ ਨੇ ਕਿਹਾ - "ਨਹੀਂ ਉਹ ਤਾਂ ਅਜੇ ਬਹੁਤ ਛੋਟਾ ਹੈ, ਗੱਲਾਂ ਨਹੀਂ ਕਰਦਾ"
ਰਿੰਪੀ ਦੀ ਮੰਮੀ ਉਸ ਦੇ ਪਾਪਾ ਲਈ ਰੋਟੀ ਲੈਕੇ ਆਏ ਸਨ।
ਰਿੰਪੀ ਨੇ ਪੁੱਛਿਆ - "ਫਿਰ ਉਹ ਕੀ ਕਰਦਾ ਹੈ?"
ਪਾਪਾ ਨੇ ਜੁਆਬ ਦਿੱਤਾ - "ਉਹ ਤਾਂ ਬੱਸ ਦੁੱਧ ਪੀਂਦਾ ਹੈ, ਸੌਂ ਜਾਂਦਾ ਹੈ, ਜਦੋਂ ਭੁੱਖ ਲੱਗਦੀ ਹੈ ਜਾਗ ਪੈਂਦਾ ਹੈ ਤਾਂ ਫਿਰ ਰੋਣ ਲੱਗ ਪੈਂਦਾ ਹੈ"
ਮੰਮੀ ਨੇ ਕਿਹਾ "ਤੂੰ ਵੀ ਤਾਂ ਇਸੇ ਤਰ੍ਹਾਂ ਹੀ ਕਰਦੀ ਸੀ, ਉੱਚੀ-ਉੱਚੀ ਰੋਂਦੀ ਸੀ, ਜਦੋਂ ਭੁੱਖ ਲੱਗਦੀ ਸੀ।"
ਰਿੰਪੀ ਨੇ ਪੁੱਛਿਆ "ਮੰਮੀ ਕੀ ਸਾਰੇ ਬੱਚੇ ਹੀ ਇੱਦਾਂ ਕਰਦੇ ਨੇ?"
ਮੰਮੀ ਨੇ ਕਿਹਾ - "ਹਾਂ, ਸਾਰੇ ਬੱਚੇ ਜਦੋਂ ਛੋਟੇ ਹੁੰਦੇ ਹਨ ਤਾਂ ਇਵੇਂ ਹੀ ਕਰਦੇ ਹਨ।"
ਰਿੰਪੀ - " ਪਾਪਾ ਭੁੱਖ ਕਿਉਂ ਲੱਗਦੀ ਹੈ?"
ਪਾਪਾ - "ਪੁੱਤਰ, ਜਦੋਂ ਅਸੀਂ ਕੰਮ ਕਰ ਕੇ ਥੱਕ ਜਾਂਦੇ ਹਾਂ ਤਾਂ ਸਾਨੂੰ ਭੁੱਖ ਲੱਗਦੀ ਹੈ।"
ਰਿੰਪੀ - "ਅਸੀਂ ਕੰਮ ਕਰ ਕੇ ਥੱਕ ਕਿਉਂ ਜਾਂਦੇ ਹਾਂ?"
ਪਾਪਾ - "ਇਸ ਲਈ ਕਿ ਹਰ ਕੰਮ ਕਰਨ ਵਿੱਚ ਕੁਝ ਜ਼ੋਰ ਲੱਗਦਾ ਹੈ।"
ਰਿੰਪੀ - "ਇਹ ਜ਼ੋਰ ਕੀ ਹੁੰਦਾ ਹੈ, ਪਾਪਾ?"
ਪਾਪਾ - "ਅੱਛਾ, ਉਹ ਕੁਰਸੀ ਚੁੱਕ ਕੇ ਲਿਆ ਜ਼ਰਾ।"
ਰਿੰਪੀ - "ਪਾਪਾ, ਇਹ ਬੜੀ ਭਾਰੀ ਹੈ, ਮੇਰੇ ਕੋਲੋਂ ਨਹੀਂ ਚੁੱਕ ਹੁੰਦੀ"
ਪਾਪਾ ਨੇ ਕਿਹਾ - "ਜ਼ੋਰ ਲਾਉ, ਜ਼ੋਰ ਨਾਲ ਕੋਸ਼ਿਸ਼ ਕਰ ਕੇ ਦੇਖੋ।"
ਰਿੰਪੀ ਨੇ ਪੂਰਾ ਜ਼ੋਰ ਲਾਇਆ, ਕੁਰਸੀ ਚੁੱਕ ਨਾ ਸਕੀ ਪਰ ਉਹ ਖਿੱਚ ਕੇ ਲੈ ਆਈ। ਇੰਨੇ ਨਾਲ ਉਹ ਸਾਹੋ-ਸਾਹ ਹੋ ਗਈ।
ਪਾਪਾ ਨੇ ਪੁੱਛਿਆ - "ਰਿੰਪੀ ਪੁੱਤਰ ਕੀ ਹੋ ਗਿਆ?"
"ਪਾਪਾ ਥੱਕ ਗਈ ਹਾਂ, ਬੜਾ ਜ਼ੋਰ ਲੱਗ ਗਿਆ" ਰਿੰਪੀ ਨੇ ਕਿਹਾ।
ਪਾਪਾ ਨੇ ਕਿਹਾ - "ਬੱਸ ਇਹੋ ਹੀ ਥਕਾਵਟ ਹੈ। ਕਿਸੇ ਵੀ ਕੰਮ ਕਰਨ ਲਈ ਜਦੋਂ ਜ਼ੋਰ ਲਾਉਂਦੇ ਹਾਂ ਤਾਂ ਥੱਕ ਜਾਂਦੇ ਹਾਂ। 
ਏਸੇ ਲਈ ਭੁੱਖ ਲੱਗਦੀ ਹੈ, ਰੋਟੀ ਖਾਣ ਨਾਲ ਉਹ ਜ਼ੋਰ ਵਾਪਸ ਆ ਜਾਂਦਾ ਹੈ, ਅਤੇ ਅਸੀਂ ਫਿਰ ਕੰਮ ਕਰਨ ਲੱਗਦੇ ਹਾਂ।"
"ਜ਼ੋਰ ਦਾ ਮਤਲਬ ਤਾਕਤ ਹੋਇਆ ਨਾ। ਇਹ ਤਾਂ ਮੈਨੂੰ ਪਤਾ ਹੈ, ਸਾਡੀ ਮੈਡਮ ਨੇ ਦੱਸਿਆ ਹੈ।" ਰਿੰਪੀ ਨੇ ਕਿਹਾ।
ਮੰਮੀ ਨੇ ਕਿਹਾ - "ਜਿਹਦੇ ਕੋਲ ਤਾਕਤ ਹੋਵੇ, ਉਹ ਤਾਕਤਵਰ ਹੁੰਦਾ ਹੈ, ਤੇ ਤਾਕਤ ਆਉਂਦੀ ਹੈ, ਰੋਟੀ ਖਾਣ ਨਾਲ। 
ਚੱਲੋ ਰਿੰਪੀ ਹੁਣ ਹੱਥ ਧੋ ਲਓ, ਅਤੇ ਰੋਟੀ ਖਾਉ।"
"ਹੁਣੇ ਆਈ ਮੰਮੀ" ਕਹਿ ਕੇ ਰਿੰਪੀ ਹੱਥ ਧੋਣ ਚਲੀ ਗਈ।



Loading spinner