ਬੱਚੇ ਉੱਤੇ ਬੋਲੀ ਦਾ ਅਸਰ
ਡਾ. ਹਰਸ਼ਿੰਦਰ ਕੌਰ
ਜੰਗਲ ਰਾਜ ਦਾ ਇਕ ਦਸਤੂਰ ਹੁੰਦਾ ਹੈ ਕਿ ਉਹੀ ਬਚਦਾ ਹੈ, ਜਿਹੜਾ ਸਭ ਤੋਂ ਵੱਧ ਤਾਕਤਵਰ ਹੋਵੇ ਤੇ ਹਾਲਾਤ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਸਕਣ ਦੀ ਸਮਰੱਥਾ ਰੱਖਦਾ ਹੋਵੇ।
ਬਿਲਕੁਲ ਇਹੀ ਅਸੂਲ ਬੋਲੀ ਉੱਤੇ ਵੀ ਲਾਗੂ ਹੰਦਾ ਹੈ। ਮਾਂ ਦੀ ਗੋਦ ਵਿਚ ਪਏ ਬੱਚੇ ਨੂੰ ਬੋਲੀ ਸਿੱਖਣ ਲਈ ਕਿਸੇ ਸਕੂਲ ਜਾਂ ਮਾਸਟਰ ਦੀ ਲੋੜ ਨਹੀਂ ਪੈਂਦੀ। ਉਸ ਨੇ ਮਾਂ ਦੇ ਬੁੱਲ੍ਹ ਹਿੱਲਦੇ ਵੇਖਣੇ ਹਨ, ਉਸ ਦੇ ਮੂੰਹੋਂ ਉਕਰੇ ਲਫ਼ਜ਼ ਸੁਣਨੇ ਹਨ ਤੇ ਉਸ ਦੇ ਦਿਮਾਗ ਵੱਲ ਜਾਂਦੀਆਂ ਤਰੰਗਾਂ ਨੇ ਉਸ ਨੂੰ ਇਹ ਬੋਲੀ ਦਾ ਗੂੜ੍ਹ ਗਿਆਨ ਆਪੇ ਹੀ ਸਮਝਾ ਦੇਣਾ ਹੈ। ਇਹ ਬੋਲੀ ਬੱਚਾ ਕਿਵੇਂ ਆਪਣੇ ਆਪ ਹੀ ਸਿੱਖਦਾ ਹੈ ਤੇ ਕਿਵੇਂ ਬੋਲਣਾ ਸ਼ੁਰੂ ਕਰ ਦਿੰਦਾ ਹੈ, ਘਰ ਵਿਚ ਕਿਸੇ ਕੋਲ ਇਸ ਬਾਰੇ ਵਿਚਾਰ ਕਰਨ ਦਾ ਵਕਤ ਨਹੀਂ ਹੰਦਾ। ਬੱਚੇ ਨੇ ਮਾਂ-ਬੋਲੀ ਵਿਚ ਹੀ ਪਾਣੀ ਮੰਗਣਾ ਹੁੰਦਾ ਹੈ ਤੇ ਮਾਂ-ਬੋਲੀ ਵਿਚ ਹੀ ਆਪਣੀ ਪੀੜ ਬਾਰੇ ਦੱਸਣਾ ਹੁੰਦਾ ਹੈ। ਇਕ ਤਰ੍ਹਾਂ ਮਾਂ-ਬੋਲੀ ਨੂੰ ਹੱਡੀਂ ਰਚਿਆ ਵੀ ਕਿਹਾ ਜਾ ਸਕਦਾ ਹੈ।
ਵਚਨ, ਬਹੁ-ਵਚਨ, ਨਾਂਵ, ਪੜਨਾਂਵ ਆਦਿ ਕਿਵੇਂ ਪਹਿਲੇ ਦੋ ਤਿੰਨ ਸਾਲ ਦੀ ਉਮਰ ਵਿਚ ਆਪਣੇ ਆਪ ਹੀ ਬਿਨ ਸਿਖਾਏ ਬੱਚਿਆਂ ਦੀ ਸਮਝ ਵਿਚ ਆ ਜਾਂਦੇ ਹਨ, ਜਿਹੜੇ ਵੱਡੀਆਂ ਕਲਾਸਾਂ ਵਿਚ ਰਟਦਿਆਂ ਬੱਚੇ ਫ਼ੇਲ੍ਹ ਹੋ ਜਾਂਦੇ ਹਨ। ਇਸ ਬਾਰੇ ਗ਼ੌਰ ਕਰੀਏ ਤਾਂ ਕੁਝ ਹੋਰ ਨੁਕਤੇ ਵੀ ਵੱਡਿਆਂ ਦੀ ਸਮਝ ਵਿਚ ਆਉਣ ਲੱਗ ਪੈਣਗੇ। ਇਕ ਗੱਲ ਤਾਂ ਸਾਫ਼ ਜ਼ਾਹਿਰ ਹੈ ਕਿ ਬੱਚੇ ਦੀ ਮੁੱਢਲੀ ਸਿੱਖਿਆ ਬੱਚੇ ਨੂੰ ਬਿਨਾਂ ਪੜ੍ਹਾਏ ਹੀ ਆਉਣੀ ਸ਼ੁਰੂ ਹੋ ਜਾਂਦੀ ਹੈ। ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਕੁੜੀ ਨਾਲ ‘ਜਾਂਦੀ’ ਅੱਖਰ ਹੀ ਲੱਗੇਗਾ ਅਤੇ ਮੁੰਡੇ ਨਾਲ ‘ਜਾਂਦਾ’। ਇਹ ਵੀ ਉਹ ਫੱਟ ਸਮਝ ਲੈਂਦਾ ਹੈ ਕਿ ਇਕ ਪੰਛੀ ‘ਉੱਡੇਗਾ’ ਅਤੇ ਬਹੁਤ ਸਾਰੇ ਪੰਛੀ ‘ਉੱਡਣਗੇ’।
ਜਦੋਂ ਬੱਚੇ ਨੂੰ ਸਕੂਲ ਵਿਚ ਪੜ੍ਹਨੇ ਪਾਇਆ ਜਾਂਦਾ ਹੈਂ ਤਾਂ ਜੇ ਅਧਿਆਪਕ ਵੀ ਉਸੇ ਮਾਂ-ਬੋਲੀ ਵਿਚ ਪੜ੍ਹਾ ਰਿਹਾ ਹੋਵੇ ਤਾਂ ਉਹ ਬੋਲੀ ਪਰਪੱਕ ਹੋ ਜਾਂਦੀ ਹੈ ਤੇ ਬੱਚੇ ਨੂੰ ਉਸ ਬੋਲੀ ਵਿਚ ਮੁਹਾਰਤ ਹਾਸਿਲ ਕਰਨ ਵਿਚ ਬਹੁਤਾ ਚਿਰ ਨਹੀਂ ਲੱਗਦਾ। ਉਸ ਤੋਂ ਅਗਲੀ ਪੜ੍ਹਾਈ ਆਪਣੇ ਆਪ ਹੀ ਸੌਖੀ ਹੋ ਜਾਣੀ ਹੋਈ, ਕਿਉਂਕਿ ਹਰ ਨਵੇਂ ਸ਼ਬਦ ਅਤੇ ਨਵੀਂ ਬੋਲੀ ਨੂੰ ਸਮਝਣ ਲਈ ਉਸ ਕੋਲ ਇਕ ਆਧਾਰ ਹੰਦਾ ਹੈ ਤੇ ਉਸ ਸ਼ਬਦ ਦਾ ਆਪਣੀ ਮਾਂ-ਬੋਲੀ ਵਿਚ ਤਰਜਮਾ ਕਰ ਕੇ ਬੱਚਾ ਫੱਟ ਨਵੀਂ ਚੀਜ਼ ਸਿੱਖ ਲੈਂਦਾ ਹੈ। ਇਸ ਤਰ੍ਹਾਂ ਉਸਦੇ ਦਿਮਾਗ ਦੀ ਸਾਫ਼ ਸਲੇਟ ਉੱਤੇ ਉਕਰੇ ਮਾਂ-ਬੋਲੀ ਦੇ ਅੱਖਰ ਉਸ ਨੂੰ ਔਖੀ ਤੋਂ ਔਖੀ ਚੀਜ਼ ਵੀ ਸੌਖੇ ਤਰੀਕੇ ਸਮਝਣ ਵਿਚ ਮਦਦ ਕਰਦੇ ਹਨ।
ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜੇ ਮਾਂ-ਬੋਲੀ ਵਿਚ ਹੀ ਮੁੱਢਲੀ ਪੜ੍ਹਾਈ ਜਾਰੀ ਰਹੇ ਤਾਂ ਬੱਚੇ ਦਾ ਪੜ੍ਹਾਈ ਵਿਚ ਮਨ ਵੀ ਟਿਕਦਾ ਹੈ ਤੇ ਇਹ ਉਸਦੇ ਵੱਧਦੇ ਦਿਮਾਗ ਦੇ ਵਧਣ ਫੁੱਲਣ ਲਈ ਸਹਾਈ ਵੀ ਹੁੰਦਾ ਹੈ। ਬੱਚੇ ਨੂੰ ਸਕੂਲ ਵਿਚ ਵੀ ਮਾਂ-ਬੋਲੀ ਸੁਣ ਕੇ ਅਪਣੱਤ ਜਿਹੀ ਲੱਗਦੀ ਹੈ ਤੇ ਉਹ ਸਕੂਲ ਵੀ ਛੇਤੀ ਹੀ ਬੈਠਣਾ ਸਿੱਖ ਲੈਂਦਾ ਹੈ ਅਤੇ ਆਪਣੀ ਬੋਲੀ ਬੋਲਣ ਵਾਲੇ ਕਿਸੇ ਹਾਣੀ ਨਾਲ ਦੋਸਤੀ ਵੀ ਗੰਢ ਲੈਂਦਾ ਹੈ।
ਇਸ ਤਰ੍ਹਾਂ, ਸਕੂਲ ਦੇ ਮੁੱਢਲੇ ਦਿਨ ਲੰਘਾਉਣੇ ਬੱਚੇ ਲਈ ਅਤੇ ਮਾਪਿਆਂ ਲਈ ਸੁਖਾਲੇ ਹੋ ਜਾਂਦੇ ਹਨ। ਇਹ ਪਹਿਲੇ ਔਖੇ ਪੜਾਅ ਜੇ ਇਸ ਤਰ੍ਹਾਂ ਸੁਖਾਲੇ ਕਰ ਦਿੱਤੇ ਜਾਣ ਤਾਂ ਬੱਚੇ ਅੰਦਰ ਨਵੀਆਂ ਚੀਜ਼ਾਂ ਸਿੱਖਣ ਦਾ ਚਾਅ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਉਹ ਨਵੀਆਂ ਬੋਲੀਆਂ ਵੀ ਧੜਾਧੜ ਦਿਮਾਗੀ ਤੌਰ ‘ਤੇ ਆਪਣੀ ਮਾਂ-ਬੋਲੀ ਵਿਚ ਤਰਜਮਾ ਕਰਕੇ ਸਿੱਖੀ ਤੁਰਿਆ ਜਾਂਦਾ ਹੈ। ਇਸ ਮਾਂ-ਬੋਲੀ ਦਾ ਬੱਚੇ ਦੇ ਵਿਕਾਸ ਉੱਤੇ ਏਨਾ ਡੂੰਘਾ ਅਸਰ ਹੰਦਾ ਹੈ ਕਿ ਜਵਾਨ ਹੋ ਜਾਣ ‘ਤੇ ਵੀ ਇਨਸਾਨ ਆਪਣੀਆਂ ਜੜ੍ਹਾਂ ਨੂੰ ਭੁੱਲਦਾ ਨਹੀਂ ਤੇ ਬੁਢੇਪਾ ਆ ਜਾਣ ‘ਤੇ ਵੀ ਆਪਣੀ ਮਾਂ-ਬੋਲੀ ਤੇ ਆਪਣੇ ਜਨਮ-ਅਸਥਾਨ ਅਤੇ ਉਸ ਮਿੱਟੀ ਨਾਲ ਮੋਹ ਪਾਲੀ ਰੱਖਦਾ ਹੈ। ਉਸ ਨੂੰ ਆਪਣੀ ਮਾਂ-ਬੋਲੀ ਬੋਲਣ ਵਾਲਾ ਹਰ ਇਨਸਾਨ ਵਤਨੋਂ ਪਾਰ ਵੀ ਮਿਲ ਜਾਣ ‘ਤੇ ਆਪਣਾ ਹੀ ਕੋਈ ਰਿਸ਼ਤੇਦਾਰ ਜਾਪਦਾ ਹੈ। ਇਸ ਮਾਂ-ਬੋਲੀ ਸਦਕਾ ਦੇਸ-ਪ੍ਰੇਮ ਦੀ ਭਾਵਨਾ ਅਤੇ ਆਪਣੇ ਪਰਾਏ ਦਾ ਫ਼ਰਕ ਬੱਚੇ ਦੇ ਮਨ ਵਿਚ ਆਪਣੇ ਆਪ ਹੀ ਵੱਸ ਜਾਂਦਾ ਹੈ। ਉਸ ਨੂੰ ਆਪਣੀ ਬੋਲੀ ਦੀਆਂ ਗਾਲ੍ਹਾਂ ਵੀ ਮਿੱਠੀਆਂ ਲੱਗਦੀਆਂ ਹਨ, ਪਰ ਓਪਰੀ ਬੋਲੀ ਵਿਚ ਹਲਕੀ ਤਲਖ਼ ਆਵਾਜ਼ ਵੀ ਚੁੱਭਣ ਲੱਗ ਪੈਂਦੀ ਹੈ।
ਆਓ, ਹੁਣ ਦੂਸਰਾ ਪੱਖ ਵੇਖੀਏ। ਬੱਚੇ ਦੀ ਮਾਂ-ਬੋਲੀ ਦੇ ਉਲਟ ਉਸ ਨੂੰ ਸਕੂਲ ਵਿਚ ਨਵੇਂ ਮਾਹੌਲ ਵਿਚ, ਨਵੇਂ ਹਾਣੀਆਂ ਵਿਚ, ਕਿਸੇ ਐਸੀ ਜ਼ਬਾਨ ਵਿਚ ਬੁਲਾਇਆ ਜਾਏ, ਜਿਸ ਦੀ ਡੂੰਘਿਆਈ ਬਾਰੇ ਬੱਚੇ ਨੂੰ ਪੂਰਾ ਪਤਾ ਨਾ ਹੋਵੇ ਤਾਂ ਬੱਚਾ ਆਪਣੇ ਆਪ ਨੂੰ ਓਪਰਾ ਜਿਹਾ ਮਹਿਸੂਸ ਕਰਨ ਲੱਗ ਪੈਂਦਾ ਹੈ ਤੇ ਛੇਤੀ ਸਕੂਲ ਦੇ ਮਾਹੌਲ ਵਿਚ ਨਹੀਂ ਰਚਦਾ। ਨਤੀਜੇ ਵਜੋਂ, ਰੋਜ਼ ਸਕੂਲ ਰੋ ਪਿੱਟ ਕੇ ਜਾਣਾ ਸ਼ੁਰੂ ਕਰ ਦਿੰਦਾ ਹੈ।
ਜਿਵੇਂ ਹੌਲੀ ਹੌਲੀ ਉਹ ਨਵੀਂ ਬੋਲੀ ਦੇ ਸ਼ਬਦ ਸਿੱਖਦਾ ਹੈ ਤੇ ਉਸ ਜ਼ਬਾਨ ਨੂੰ ਅਪਣਾਉਣ ਲੱਗਦਾ ਹੈ ਤਾਂ ਉਸ ਦੇ ਦਿਮਾਗ ਵਿਚ ਦੁਚਿੱਤੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਘਰ ਅਤੇ ਸਕੂਲ ਦੀ ਬੋਲੀ ਵੱਖਰੀ ਹੋਣੀ ਸ਼ੁਰੂ ਹੋ ਜਾਂਦੀ ਹੈ। ਨਤੀਜੇ ਵਜੋਂ, ਦੋ ਭਾਸ਼ਾਵਾਂ ਦਾ ਮਿਸ਼ਰਣ ਸਾਹਮਣੇ ਆਉਣਾ ਸ਼ੁਰੂ ਹੋ ਜਾਂਦਾ ਹੈ। ਜਿਥੇ ਉਹ ਆਪਣੀ ਪਰਪੱਕ ਮਾਂ-ਬੋਲੀ ਦੇ ਘੱਟ ਵਰਤੋਂ ਵਿਚ ਆਉਣ ਵਾਲੇ ਅੱਖਰ ਹੌਲੀ ਹੌਲੀ ਭੁੱਲਣੇ ਸ਼ੁਰੂ ਹੋ ਜਾਂਦਾ ਹੈ, ਉਥੇ ਨਵੀਂ ਬੋਲੀ ਦੀ ਅੱਧ-ਪਚੱਧ ਜਾਣਕਾਰੀ ਵਾਲੇ ਪੁੱਠੇ-ਸਿੱਧੇ ਸ਼ਬਦ ਮਨ ਵਿਚ ਵਸਾਉਂਦਾ ਤੁਰਿਆ ਜਾਂਦਾ ਹੈ, ਕਿਉਂਕਿ ਨਵੀਂ ਬੋਲੀ ਦੀ ਡੂੰਘਿਆਈ ਵਿਚ ਜਾਣਕਾਰੀ ਨਹੀਂ ਹੁੰਦੀ, ਸੋ ਉਹ ਪੂਰੀ ਤਰ੍ਹਾਂ ਨਵੀਂ ਬੋਲੀ ਨੂੰ ਛੇਤੀ ਅਪਣਾ ਨਹੀਂ ਸਕਦਾ ਤੇ ਉਸ ਨੂੰ ਬੋਲਣ ਲੱਗਿਆਂ ਸ਼ੁਰੂ ਵਿਚ ਘਬਰਾਹਟ ਮਹਿਸੂਸ ਕਰਦਾ ਰਹਿੰਦਾ ਹੈ, ਜੇ ਕਿਤੇ ਉਸ ਦੇ ਬੋਲਣ ‘ਤੇ ਮਜ਼ਾਕ ਉੱਡ ਜਾਵੇ ਤਾਂ ਉਸਦੇ ਆਤਮ-ਵਿਸ਼ਵਾਸ ਨੂੰ ਠੇਸ ਪੁੱਜ ਜਾਂਦੀ ਹੈ ਤੇ ਕਈ ਵਾਰ ਬੱਚਾ ਥਥਲਾਉਣਾ ਸ਼ੁਰੂ ਹੋ ਜਾਂਦਾ ਹੈ ਜਾਂ ਪਜਾਮੀ ਵਿਚ ਪਿਸ਼ਾਬ ਕਰਨ ਲੱਗ ਜਾਂਦਾ ਹੈ ਜਾਂ ਸਕੂਲ ਜਾਣ ਤੋਂ ਕਤਰਾਉਣ ਲੱਗ ਪੈਂਦਾ ਹੈ।
ਇਹ ਸਭ ਬੱਚੇ ਦੇ ਜਵਾਨ ਹੋਣ ਦੀ ਮਨੋ-ਦਸ਼ਾ ‘ਤੇ ਡੂੰਘਾ ਅਸਰ ਪਾਉਂਦਾ ਹੈ, ਕਿਉਂਕਿ ਜਿਸ ਕਿਸੇ ਦੇ ਵੀ ਆਤਮ-ਵਿਸ਼ਵਾਸ ‘ਤੇ ਸੱਟ ਵੱਜ ਜਾਏ, ਉਸ ਦੇ ਮਨੋਬਲ ਦੇ ਡਿੱਗਦੇ ਸਾਰ ਉਹ ਢਹਿੰਦੀ ਕਲਾ ਵਿਚ ਛੇਤੀ ਹੀ ਪਹੁੰਚ ਜਾਂਦਾ ਹੈ। ਜੇ ਮਨੋ-ਵਿਗਿਆਨਕ ਪੱਖੋਂ ਵੇਖੀਏ ਤਾਂ ਬੱਚੇ ਦੇ ਸੰਪੂਰਨ ਦਿਮਾਗੀ ਵਿਕਾਸ ਲਈ ਬੱਚੇ ਦੇ ਸ਼ੁਰੂ ਦੇ ਪੜ੍ਹਾਈ ਦੇ ਸਾਲ ਉਸ ਦੀ ਮਾਂ-ਬੋਲੀ ਵਿਚ ਹੀ ਹੋਣੇ ਚਾਹੀਦੇ ਹਨ। ਕਿਉਂਕਿ ਬਹੁਤੀ ਦੇਰ ਬੱਚੇ ਨੇ ਮਾਂ ਨਾਲ ਹੀ ਲੰਘਾਉਣੀ ਹੁੰਦੀ ਹੈ, ਇਸ ਲਈ ਬੋਲੀ ਨੂੰ ਮਾਂ-ਬੋਲੀ ਹੀ ਕਿਹਾ ਜਾਣ ਲੱਗ ਪਿਆ ਹੈ। ਦੁਨੀਆ ਭਰ ਵਿਚ ਲਗਭਗ 6800 ਬੋਲੀਆਂ ਪ੍ਰਚਲਿਤ ਹਨ, ਜਿਨ੍ਹਾਂ ਵਿੱਚੋਂ ਹਰ ਪੰਦਰੀਂ ਦਿਨੀਂ ਇਕ ਬੋਲੀ ਖ਼ਤਮ ਹੁੰਦੀ ਜਾ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਉਹ ਬੋਲੀ ਬੋਲਣ ਵਾਲੇ ਖ਼ਤਮ ਹੁੰਦੇ ਜਾ ਰਹੇ ਹਨ ਜਾਂ ਉਸ ਕੌਮ ਨੇ ਦੂਜੀ ਬੋਲੀ ਅਪਣਾ ਲਈ ਹੈ।
ਪੰਜਾਬੀ ਬੋਲੀ ਇਸ ਵੇਲੇ ਦੁਨੀਆ ਦੀਆਂ ਪ੍ਰਚਲਿਤ ਬੋਲੀਆਂ ਵਿੱਚੋਂ ਬਾਰ੍ਹਵੇਂ ਜਾਂ ਤੇਰ੍ਹਵੇਂ ਨੰਬਰ ਉਤੇ ਆਉਂਦੀ ਹੈ, ਭਾਵੇਂ ਉਹ ਪਾਕਿਸਤਾਨ ਵਿਚ ਬੋਲੀ ਜਾ ਰਹੀ ਹੋਵੇ, ਹਿੰਦੁਸਤਾਨ ਵਿਚ ਜਾਂ ਇੰਗਲੈਂਡ ਵਿਚ। ਇਸ ਬੋਲੀ ਨੂੰ ਬੋਲਣ ਵਾਲੇ ਪੰਜਾਬੀਆਂ ਵਿਚਲੀ ਸਿੱਖ ਕੌਮ ਸਿਫ਼ਰ 1.9 ਪ੍ਰਤੀਸ਼ਤ ਹੀ ਹੈ। ਪੰਜਾਬ ਵਿਚ ਚੁਫੇਰੇ ਹਰ ਗਲੀ ਗਲੀ ਅੰਗਰੇਜ਼ੀ ਮਾਧਿਅਮ ਵਾਲੇ ਪ੍ਰੈਪਰੇਟਰੀ ਸਕੂਲ ਖੁੱਲ੍ਹ ਚੁੱਕੇ ਹਨ। ਘਰਾਂ ਵਿਚ ਪੰਜਾਬੀ ਬੋਲਦੇ ਬੱਚੇ ਜਦੋਂ ਸਿੱਧਾ ਅੰਗਰੇਜ਼ੀ ਜ਼ਬਾਨ ਸੁਣਨ ਲੱਗਦੇ ਹਨ ਜਾਂ ਉਨ੍ਹਾਂ ਨੂੰ ਅੰਗਰੇਜ਼ੀ ਬੋਲਣ ‘ਤੇ ਮਜਬੂਰ ਕੀਤਾ ਜਾਂਦਾ ਹੈ ਤਾਂ ਉਹ ਉਪਰ ਦੱਸੀਆਂ ਹਾਲਤਾਂ ਅਨੁਸਾਰ ਸ਼ੁਰੂ ਵਿਚ ਸਕੂਲ ਵਿਚ ਜਾਣ ਦੇ ਨਾਂ ਤੋਂ ਹੀ ਰੋਣਾ-ਪਿੱਟਣਾ ਸ਼ੁਰੂ ਕਰ ਦਿੰਦੇ ਹਨ।
ਜਿਉਂ ਜਿਉਂ ਅੰਗਰੇਜ਼ੀ ਦੇ ਰੰਗ ਵਿਚ ਬੱਚੇ ਰੰਗਦੇ ਜਾ ਰਹੇ ਹਨ, ਤਿਉਂ ਤਿਉਂ ਪੰਜਾਬੀ ਬੱਚੇ ਆਪਣੀ ਧਰਤੀ, ਆਪਣੀ ਪਹਿਚਾਣ, ਆਪਣੀ ਮਿੱਠੀ ਮਾਂ-ਬੋਲੀ ਤੋਂ ਹੌਲੀ ਹੌਲੀ ਪਰ੍ਹਾਂ ਹੁੰਦੇ ਜਾ ਰਹੇ ਹਨ। ਇਹ ਪੰਜਾਬੀ ਸਭਿਅਤਾ ਦੇ ਖ਼ਾਤਮੇ ਦੀ ਸ਼ੁਰੂਆਤ ਹੈ। ਜੇ ਇਸੇ ਤਰ੍ਹਾਂ ਅੰਗਰੇਜ਼ੀ ਦੇ ਵਿਛਾਏ ਜਾਲ ਵਿਚ ਸਾਡੇ ਬੱਚੇ ਫਸਦੇ ਰਹੇ ਤਾਂ ਸਹੀ ਅਰਥਾਂ ਵਿਚ ਅੰਗਰੇਜ਼ੀ ਅਤੇ ਅੰਗਰੇਜ਼ੀ ਸਭਿਅਤਾ ਦਾ ਰਾਜ ਇਸ ਧਰਤੀ ਉੱਪਰ ਹੋ ਜਾਣਾ ਹੈ ਤੇ ਹਰ ਪੰਦਰੀਂ ਦਿਨੀਂ ਖ਼ਤਮ ਹੁੰਦੀਆਂ ਬੋਲੀਆਂ ਵਿਚ ਪੰਜਾਬੀ ਬੋਲੀ ਦੀ ਵਾਰੀ ਵੀ ਛੇਤੀ ਹੀ ਆ ਜਾਣੀ ਹੈ।
ਹਾਲਾਤ ਇਹ ਹਨ ਕਿ ਅੱਜ ਦੇ ਦਿਨ ਪੰਜਾਬ ਦੇ ਵਿਚ ਹੀ ਪੰਜਾਬੀ ਬੋਲਣ ਵਾਲੇ ਨੂੰ ਅਨਪੜ੍ਹ ਕਰਾਰ ਦਿੱਤਾ ਜਾਣ ਲੱਗ ਪਿਆ ਹੈ। ਦੂਜੇ ਪਾਸੇ ਟੁੱਟੀ ਫੁੱਟੀ ਅੰਗਰੇਜ਼ੀ ਬੋਲਣ ਵਾਲਾ ਵੀ ਆਪਣੇ ਆਪ ਨੂੰ ਕਿਸੇ ਅੰਗਰੇਜ਼ ਅਫਸਰ ਤੋਂ ਘੱਟ ਨਹੀਂ ਸਮਝਦਾ। ਕਿਸੇ ਸਭਿਆਚਾਰਕ ਸਮਾਗਮ ‘ਤੇ ਜਿਥੇ ਕਾਫ਼ੀ ਵੱਡੇ ਅਫਸਰ ਮੌਜੂਦ ਸਨ, ਮੈਨੂੰ ਕਿਸੇ ਨੇ ਇਕ ਪੰਜਾਬੀ ਆਈ.ਏ.ਐਸ. ਅਫਸਰ ਨਾਲ ਜਾਣ-ਪਛਾਣ ਕਰਵਾਉਂਦਿਆਂ ਮੇਰੇ ਬਾਰੇ ਉਸ ਨੂੰ ਦੱਸਿਆ ਕਿ ਇਹ ਪੰਜਾਬੀ ਵਿਚ ਬੱਚਿਆਂ ਬਾਰੇ ਲਿਖਦੀ ਹੈ। ਉਸ ਅਫਸਰ ਨੇ ਅਜੀਬ ਜਿਹੀਆਂ ਨਜ਼ਰਾਂ ਨਾਲ ਘੂਰ ਕੇ ਮੈਨੂੰ ਪੁੱਛਿਆ, ”ਲੱਗਦੇ ਤਾਂ ਪੜ੍ਹੇ ਲਿਖੇ ਹੋ?” ਜਦੋਂ ਮੈਂ ਉਸ ਨੂੰ ਦੱਸਿਆ ਕਿ ਮੈਂ ਬੱਚਿਆਂ ਦੇ ਰੋਗਾਂ ਦੀ ਸਪੈਸ਼ਲਿਸਟ ਹਾਂ ਤਾਂ ਉਹ ਹੋਰ ਵੀ ਹੈਰਾਨ ਹੋ ਕੇ ਕਹਿਣ ਲੱਗਾ, ”ਮੈਡਮ, ਜੇ ਅੰਗਰੇਜ਼ੀ ਵਿਚ ਲਿਖਦੇ ਤਾਂ ਰਾਤੋ ਰਾਤ ਮਸ਼ਹੂਰ ਹੋ ਜਾਣਾ ਸੀ, ਕਿਉਂਕਿ ਲੋਕ ਆਪਣੇ ਬੱਚਿਆਂ ਬਾਰੇ ਬਹੁਤ ਫਿਕਰਮੰਦ ਹਨ। ਪੰਜਾਬੀ ਵਿਚ ਲਿਖਦੇ ਰਹੇ ਤਾਂ ਸਾਰੀ ਜ਼ਿੰਦਗੀ ਬਰਬਾਦ ਕਰ ਲਵੋਗੇ ਤੇ ਤੁਹਾਨੂੰ ਕੋਈ ਵੀ ਨਹੀਂ ਪਛਾਣਨ ਲੱਗਾ। ਪੰਜਾਬੀ ਵਿਚ ਲਿਖਣ ਵਾਲੇ ਕੰਗਾਲੀ ਅਤੇ ਮੰਦਹਾਲੀ ਵਿਚ ਹੀ ਜ਼ਿੰਦਗੀ ਲੰਘਾਉਂਦੇ ਹਨ ਤੇ ਆਪਣੇ ਘਰ ਤੋਂ ਬਾਹਰ ਉਨ੍ਹਾਂ ਨੂੰ ਕੋਈ ਨਹੀਂ ਪਛਾਣਦਾ।”
ਮੈਂ ਕਿਹਾ, ”ਸਾਡੇ ਪੰਜਾਬ ਦੀ ਬਦਨਸੀਬੀ ਹੈ ਕਿ ਤੁਹਾਡੇ ਵਰਗੇ ਅਫਸਰ ਇਸ ਦੇ ਸਰਪ੍ਰਸਤ ਹਨ। ਵੈਸੇ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਕਿ ਮੈਂ ਅੰਗਰੇਜ਼ੀ ਵਿਚ ਵੀ ਲੇਖ ਲਿਖੇ ਹਨ ਅਤੇ ਉਹ ਅੰਗਰੇਜ਼ੀ ਅਖ਼ਬਾਰਾਂ ਵਿਚ ਅਤੇ ਅੰਗਰੇਜ਼ੀ ਰਸਾਲਿਆਂ ਵਿਚ ਛਪੇ ਵੀ ਹਨ ਅਤੇ ਮੇਰੀ ਡਾਕਟਰੀ ਪੜ੍ਹਾਈ ਵੀ ਅੰਗਰੇਜ਼ੀ ਵਿਚ ਹੈ। ਸਾਡੀਆਂ ਸਾਰੀਆਂ ਖੋਜਾਂ ਅਤੇ ਕਾਨਫਰੰਸਾਂ ਵੀ ਅੰਗਰੇਜ਼ੀ ਵਿਚ ਹੀ ਹੁੰਦੀਆਂ ਹਨ। ਪਰ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਮੇਰਾ ਮੋਹ ਪੰਜਾਬ ਜਾਂ ਪੰਜਾਬੀ ਬੋਲੀ ਨਾਲੋਂ ਟੁੱਟ ਗਿਆ ਹੈ।
”ਮੈਂ ਤਾਂ ਆਪਣੀ ਮਾਂ ਦਾ ਰਿਣ ਉਤਾਰ ਰਹੀ ਹਾਂ ਆਪਣੀ ਮਾਂ-ਬੋਲੀ ਪੰਜਾਬੀ ਵਿਚ ਲਿਖ ਕੇ। ਮੇਰੇ ਪਿਤਾ ਪ੍ਰੋ. ਪ੍ਰੀਤਮ ਸਿੰਘ ਨੇ ਹਾਅ ਦਾ ਨਾਅਰਾ ਮਾਰਿਆ ਸੀ, ਪੰਜਾਬੀ ਬੋਲੀ ਦੀਆਂ ਜੜ੍ਹਾਂ ਵਿਚ ਤੇਲ ਪੈਂਦਾ ਵੇਖ ਕੇ। ਮੈਂ ਤਾਂ ਸਿਰਫ ਉਸੇ ਬੁਲੰਦ ਆਵਾਜ਼ ਦਾ ਵਿਗਿਆਨਕ ਵਿਸ਼ਲੇਸ਼ਣ ਕਰ ਕੇ ਸਮਝਾਉਣਾ ਚਾਹ ਰਹੀ ਹਾਂ ਕਿ ਆਪਣੀ ਬੋਲੀ ਦੇ ਵਿਕਾਸ ਲਈ ਇਸ ਬੋਲੀ ਨੂੰ ਚੰਗੇ ਸਾਹਿਤ ਨਾਲ ਭਰਪੂਰ ਕਰਨਾ ਜ਼ਰੂਰੀ ਹੈ।” ਉਹ ਅਫਸਰ ਥੋੜਾ ਖਿੱਝ ਕੇ ਬੋਲੇ, ”ਇਸ ਦਾ ਮਤਲਬ ਤੁਹਾਡੇ ਪਿਤਾ ਵੀ ਪੰਜਾਬੀ ਵਿਚ ਲਿਖ ਕੇ ਗੁਮਨਾਮੀ ਦੇ ਹਨੇਰੇ ਵਿਚ ਹੀ ਜ਼ਿੰਦਗੀ ਲੰਘਾ ਰਹੇ ਹਨ।” ਮੈਂ ਜਵਾਬ ਦਿੱਤਾ, ”ਉਨ੍ਹਾਂ ਨੂੰ ਪੰਜਾਬੀ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ, ਪਰ ਵੈਸੇ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਕਿ ਉਹ ਹਿੰਦੁਸਤਾਨ ਦੇ ਰਾਸ਼ਟਰਪਤੀ ਤੋਂ ਸਨਮਾਨਿਤ ਤਾਂ ਹੋ ਹੀ ਚੁੱਕੇ ਹਨ ਤੇ ਕੈਲੀਫ਼ੋਰਨੀਆ ਦੀ ਸੈਨਹੋਜ਼ੇ ਯੂਨੀਵਰਸਿਟੀ ਨੇ ਉਨ੍ਹਾਂ ਦੀ ਪੰਜਾਬੀ ਵਿਚ ਪਾਈ ਦੇਣ ਕਾਰਨ ਆਨਰੇਰੀ ਪ੍ਰੋਫ਼ੈਸਰਸ਼ਿਪ ਵੀ ਦੇ ਦਿੱਤੀ ਹੋਈ ਹੈ। ਇਹ ਹੁੰਦਾ ਹੈ ਆਪਣੀ ਮਾਂ-ਬੋਲੀ ਨੂੰ ਪਰਫੁੱਲਤ ਕਰਨ ਵਾਲਿਆਂ ਦਾ ਇਨਾਮ। ਹਰ ਪੰਜਾਬੀ ਜਿਸ ਨੂੰ ਵੀ ਪੰਜਾਬ ਅਤੇ ਪੰਜਾਬੀਆਂ ਨਾਲ ਮੋਹ ਹੈ, ਉਹ ਬਾਖ਼ੂਬੀ ਜਾਣਦਾ ਹੈ ਕਿ ਉਸਦੀ ਪਹਿਚਾਣ ਉਸ ਦੀ ਬੋਲੀ ਅਤੇ ਉਸ ਦੀ ਸਭਿਅਤਾ ਕਾਰਨ ਹੀ ਹੈ। ਜਿਸ ਅੰਗਰੇਜ਼ੀ ਬੋਲੀ ਦੀ ਦੁਹਾਈ ਤੁਸੀਂ ਦੇ ਰਹੇ ਹੋ, ਜ਼ਰਾ ਗਹੁ ਨਾਲ ਸੋਚੋ, ਉਸ ਵਿਚ ਤਾਂ ਰਿਸ਼ਤਿਆਂ ਨੂੰ ਅਹਿਮੀਅਤ ਵੀ ਨਹੀਂ ਦਿੱਤੀ ਜਾਂਦੀ ਤਾਂ ਫੇਰ ਪਿਆਰ ਅਤੇ ਅਪਣੱਤ ਕੀ ਹੋਵੇਗੀ? ਚਾਚੀ, ਮਾਮੀ, ਤਾਈ ਵਾਲੇ ਸਾਰੇ ਰਿਸ਼ਤੇ ਖ਼ਤਮ ਕਰ ਕੇ ਸਿਰਫ ‘ਆਂਟੀ’ ਲਫ਼ਜ਼ ਹੀ ਵਰਤ ਛੱਡਦੇ ਹਨ, ਭਾਵੇਂ ਕੋਈ ਆਪਣਾ ਹੋਵੇ ਜਾਂ ਪਰਾਇਆ। ਤੁਹਾਡੀ ਜਾਣਕਾਰੀ ਵਿਚ ਵਾਧੇ ਲਈ ਮੈਂ ਦੱਸ ਦਿਆਂ ਕਿ ਮੈਨੂੰ ਵੀ ਲਿਖਤਾਂ ਕਾਰਨ ਪੰਜਾਬ ਸਰਕਾਰ ਅਤੇ ਹਰਿਆਣਾ ਦੇ ਗਵਰਨਰ ਸਨਮਾਨਿਤ ਕਰ ਚੁੱਕੇ ਹਨ।”
ਉਸ ਪਾਰਟੀ ਵਿਚ ਇਸ ਮਾਮਲੇ ਨੂੰ ਲੈ ਕੇ ਕਾਫ਼ੀ ਗਰਮਾ ਗਰਮ ਬਹਿਸ ਛਿੜ ਗਈ। ਮੇਰੇ ਵੱਲ ਦੇ ਵੀ ਕਈ ਪੰਜਾਬੀ ਹਿਤੈਸ਼ੀ ਖੜੇ ਹੋ ਗਏ ਸਨ, ਨਹੀਂ ਤਾਂ ਸ਼ਾਇਦ ਮੇਰੀ ਸਰਕਾਰੀ ਨੌਕਰੀ ਖ਼ਤਰੇ ਵਿਚ ਆ ਜਾਂਦੀ। ਅਜਿਹੀ ਬਹਿਸ ਤਾਂ ਹਮੇਸ਼ਾ ਹੀ ਚਲਦੀ ਰਹੇਗੀ, ਜਿਥੇ ਵੀ ਕਿਤੇ ਕੋਈ ਪੰਜਾਬੀ ਬੋਲੀ ਦਾ ਹਿਤੈਸ਼ੀ ਖੜਾ ਹੋਵੇਗਾ, ਪਰ ਸਾਨੂੰ ਤਾਂ ਪਹਿਲ ਆਪਣੇ ਬੱਚਿਆਂ ਦੇ ਮਾਨਸਿਕ ਵਿਕਾਸ ਵੱਲ ਦੇਣੀ ਚਾਹੀਦੀ ਹੈ, ਜਿਸ ਦਾ ਸਿੱਧਾ ਵਾਸਤਾ ਮਾਂ-ਬੋਲੀ ਨਾਲ ਹੈ।
ਜੇ ਅਸੀਂ ਆਪਣੇ ਬੱਚਿਆਂ ਦੀ ਸਿਰਫ ਪਹਿਲੇ ਤਿੰਨ ਸਾਲ ਦੀ ਪੜ੍ਹਾਈ ਮਾਂ- ਬੋਲੀ ਵਿਚ ਕਰਵਾਉਣ ਉਤੇ ਜ਼ੋਰ ਪਾਈਏ ਤਾਂ ਬੱਚੇ ਦੇ ਸੰਪੂਰਨ ਵਿਕਾਸ ਦੇ ਨਾਲ ਨਾਲ ਪੰਜਾਬੀ ਬੋਲੀ ਦੇ ਖ਼ਾਤਮੇ ਵੱਲ ਜਾਂਦੇ ਕਦਮ ਵੀ ਰੁਕ ਜਾਣਗੇ। ਅੰਗਰੇਜ਼ੀ ਇਸ ਵੇਲੇ ਇਕ ਵਿਸ਼ਵ-ਵਿਆਪੀ ਭਾਸ਼ਾ ਹੈ ਤੇ ਸਾਡੇ ਬੱਚਿਆਂ ਨੂੰ ਅੰਗਰੇਜ਼ੀ ਸਿੱਖਣ ਉਤੇ ਕੋਈ ਬੰਦਸ਼ ਨਹੀਂ ਲੱਗੀ ਹੋਈ ਤੇ ਨਾ ਹੀ ਲਾਉਣੀ ਚਾਹੀਦੀ ਹੈ। ਮੇਰਾ ਕਹਿਣਾ ਸਿਰਫ ਇਹ ਹੈ ਕਿ ਅੰਗਰੇਜ਼ੀ ਬੱਚੇ ਦੇ ਪਹਿਲੇ ਤਿੰਨ ਸਾਲਾਂ ਉੱਤੇ ਹਾਵੀ ਨਹੀਂ ਹੋਣੀ ਚਾਹੀਦੀ। ਜਿਵੇਂ ਮੈਂ ਅੱਗੇ ਦੱਸਿਆ ਹੈ ਕਿ ਮੇਰਾ ਵਿਸ਼ਵਾਸ ਹੈ ਅਤੇ ਮਨੋ-ਵਿਗਿਆਨ ਵੀ ਇਹ ਕਹਿੰਦਾ ਹੈ ‘ਕਿ ਜੇ ਮਾਂ-ਬੋਲੀ ਵਿਚ ਬੱਚਾ ਠੀਕ ਤਰ੍ਹਾਂ ਤੁਰਿਆ ਹੋਵੇ ਤਾਂ ਅੰਗਰੇਜ਼ੀ ਭਾਸ਼ਾ ਜਾਂ ਕਿਸੇ ਵੀ ਹੋਰ ਵਿਦੇਸ਼ੀ ਭਾਸ਼ਾ ਨੂੰ ਛੇਤੀ ਅਤੇ ਚੰਗੀ ਤਰ੍ਹਾਂ ਸਿੱਖ ਸਕਦਾ ਹੈ।
ਮੈਂ ਕਦੇ ਵੀ ਨਹੀਂ ਕਿਹਾ ਕਿ ਬੱਚੇ ਨੂੰ ਅੰਗਰੇਜ਼ੀ ਨਾ ਪੜ੍ਹਾਓ, ਪਰ ਮੈਂ ਨਿਤ ਕਹਿੰਦੀ ਹਾਂ ਕਿ ਬੱਚੇ ਨੂੰ ਨਰਸਰੀ ਤੋਂ ਹੀ ਆਪਣੀ ਮਾਂ-ਬੋਲੀ ਤੋਂ ਦੂਰ ਨਾ ਕਰੋ ਤੇ ਕਿਸੇ ਹੋਰ ਬੋਲੀ ਦਾ ਉਸ ਦੇ ਦਿਮਾਗ ‘ਤੇ ਘੱਟੋ ਘੱਟ ਪਹਿਲੇ ਤਿੰਨ ਸਾਲ ਤਾਂ ਬੋਝ ਨਾ ਪਾਓ। ਜੋ ਕੁਝ ਮੈਂ ਬੱਚਿਆਂ ਉਤੇ ਬੋਲੀ ਦੇ ਅਸਰ ਦੇ ਸੰਬੰਧ ਵਿਚ ਦੱਸਿਆ ਹੈ, ਉਹ ਸਿਰਫ ਪੰਜਾਬੀ ਜ਼ਬਾਨ ਉੱਤੇ ਲਾਗੂ ਨਹੀਂ ਹੁੰਦਾ, ਬਲਕਿ ਹਰ ਦੇਸ਼ ਦੇ ਇਲਾਕੇ ਦੀ ਮਾਂ-ਬੋਲੀ ਉਤੇ ਵੀ ਲਾਗੂ ਹੰਦਾ ਹੈ। ਜੇ ਅੰਗਰੇਜ਼ੀ ਵਿਸ਼ਵ-ਵਿਆਪੀ ਭਾਸ਼ਾ ਹੈ ਤਾਂ ਚੀਨ, ਅਰਬ, ਜਰਮਨੀ ਜਾਂ ਫ਼ਰਾਂਸ ਵਾਲੇ ਆਪਣੀ ਮਾਂ-ਬੋਲੀ ਛੱਡ ਕੇ ਬੱਚਿਆਂ ਨੂੰ ਅੰਗਰੇਜ਼ੀ ਜ਼ਬਾਨ ਨਰਸਰੀ ਤੋ ਕਿਉਂ ਨਹੀਂ ਪੜ੍ਹਾਉਣ ਲੱਗ ਪਏ? ਆਪਣੀ ਮਾਂ-ਬੋਲੀ ਨੂੰ ਛੱਡ ਕੇ ਅੰਗਰੇਜ਼ੀ ਨੂੰ ਉਹੀ ਦੇਸ਼ ਤਰਜੀਹ ਦੇ ਰਹੇ ਹਨ, ਜੋ ਆਪਣੀ ਭਾਸ਼ਾ ਅਤੇ ਸਭਿਆਚਾਰ ਦੀ ਮੌਤ ਦੇ ਇੱਛਕ ਹਨ।