ਮੇਰੀ ਮਾਂ-ਬੋਲੀ
ਸਵਤੰਤਰ ਖੁਰਮੀ
ਲੋਕਾਂ ਦੀਆਂ ਬੋਲੀਆਂ ਵੱਖ ਵੱਖ ਹੋ ਸਕਦੀਆਂ ਹਨ, ਸਿਰਫ਼ ਉਹਨਾਂ ਨੂੰ ਦਿਲੋਂ ਇਕ ਹੋਣਾ ਚਾਹੀਦਾ ਹੈ। ਮੈਨੂੰ ਪਤਾ ਹੈ ਕਿ ਮੇਰੇ ਕੁਝ ਦੋਸਤ ਆਪਣੇ ਜੂਹਾਂ, ਪਿੰਡ ਛੱਡ ਕੇ ਸ਼ਹਿਰੀਂ ਜਾਂ ਹੋਰ ਮੁਲਕੀਂ ਜਾ ਵਸੇ ਹਨ। ਮੈਨੂੰ ਇਸ ਵਿਚ ਕੁਝ ਵੀ ਮਾੜਾ ਨਹੀ ਲਗਦਾ। ਬੋਟ ਵੀ ਆਪਣੇ ਆਲ੍ਹਣਿਆਂ ਵਿਚ ਉਦੋਂ ਤੱਕ ਹੀ ਰਹਿੰਦੇ ਹਨ ਜਦੋਂ ਤੱਕ ਉਨ੍ਹਾਂ ਦੇ ਖੰਭ ਨਹੀਂ ਨਿਕਲ ਆਉਂਦੇ। ਪਰ ਮੈਂ ਕੁਝ ਉਹਨਾਂ ਪੰਜਾਬੀ ਦੋਸਤਾਂ ਬਾਰੇ ਕਹਾਂ ਜਿਹੜੇ ਵੱਡੇ ਸ਼ਹਿਰਾਂ ਵਿਚ ਰਹਿੰਦੇ ਤੇ ਦੂਜੀਆਂ ਬੋਲੀਆਂ ਵਿਚ ਬੋਲਦੇ ਅਤੇ ਲਿਖਦੇ ਹਨ। ਸ਼ਾਇਦ ਉਹ ਆਪਣੀ ਮਾਂ-ਬੋਲੀ ਨੂੰ ਗਰੀਬ ਅਤੇ ਮਾਮੂਲੀ ਸਮਝਦੇ ਹੋਣ ਤੇ ਕਿਸੇ ਹੋਰ ਬੋਲੀ ਦੀ ਤਲਾਸ਼ ਵਿਚ ਤੁਰ ਪਏ, ਜੋ ਵਧੇਰੇ ਅਮੀਰ ਤੇ ਮਹੱਤਵਪੂਰਨ ਹੋਵੇ (ਕਿਉਂਕਿ ਉਸਦੇ ਪਾਠਕਾਂ ਦੀ ਗਿਣਤੀ ਵੱਧ ਹੈ)। ਅਜਿਹੇ ਲੋਕ ਆਪਣਿਆਂ ਤੋਂ ਦੂਰ ਚਲੇ ਜਾਂਦੇ ਹਨ। ਤੁਸੀਂ ਬੇਸ਼ੱਕ ਕਿਸੇ ਦੂਸਰੀ ਭਾਸ਼ਾ ਵਿਚ ਲਿਖੋ, ਜੋ ਤੁਸੀਂ ਆਪਣਾ ਮਾਂ-ਬੋਲੀ ਨਾਲੋਂ ਜਿਆਦਾ ਚੰਗੀ ਤਰ੍ਹਾਂ ਜਾਣਦੇ ਹੋ। ਜਾਂ ਫਿਰ ਆਪਣੀ ਮਾਂ-ਬੋਲੀ ਵਿਚ, ਜੇ ਤੁਸੀਂ ਕੋਈ ਦੂਜੀ ਬੋਲੀ ਠੀਕ ਤਰ੍ਹਾਂ ਨਹੀਂ ਜਾਣਦੇ ।
ਆਪਣੀ ਮਾਂ-ਬੋਲੀ ਵਿਚ ਨਾ ਲਿਖਣ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਸੋਚਦੇ ਹੋ ਕਿ ਲਿਖਣ ਨੂੰ ਕੋਈ ਵਿਸ਼ਾ ਨਹੀਂ ਹੈ ਤਾਂ ਘੱਟੋ-ਘੱਟ ਹੋਰ ਭਾਸ਼ਾਵਾਂ ਵਿਚ ਲਿਖੇ ਉੱਚ ਦਰਜ਼ੇ ਦੇ ਸਾਹਿਤ ਦਾ ਆਪਣੀ ਮਾਂ-ਬੋਲੀ ਵਿਚ ਤਰਜ਼ਮਾ ਤਾਂ ਕੀਤਾ ਜਾ ਹੀ ਸਕਦਾ ਹੈ। ਇਹ ਵੀ ਸੱਚ ਹੈ ਕਿ ਹਰ ਬੋਲੀ ਵਿਚ ਸ਼ੁਰੂ ਵਿਚ ਸਿਰਫ ਕੁਝ ਕੁ ਲਫ਼ਜ਼ ਹੀ ਹੁੰਦੇ ਹਨ। ਕਈ ਲੋਕੀ ਇਸ ਨੂੰ ਮਾਂ-ਬੋਲੀ ਵਿਚ ਨਾ ਲਿਖਣ ਲਈ ਦੂਸਰਾ ਕਾਰਨ ਸਮਝਦੇ ਹਨ। ਪਰ ਹੌਲੀ-ਹੌਲੀ ਇਸ ਵਿਚ ਲੋੜ ਮੁਤਾਬਕ ਸ਼ਬਦਾਂ ਦਾ ਭੰਡਾਰ ਆਲੇ-ਦੁਆਲੇ ਦੇ ਮਾਹੌਲ ਜਾਂ ਦੂਜੀਆਂ ਬੋਲੀਆਂ ਦੇ ਅਸਰ ਮੁਤਾਬਕ ਵਧਦਾ ਤੁਰਿਆ ਜਾਂਦਾ ਹੈ। ਇਸ ਤਰ੍ਹਾਂ ਬੋਲੀ ਅਮੀਰ ਹੋ ਜਾਂਦੀ ਹੈ। ਫਿਰ ਮੈਂ ਆਪਣੀ ਮਾਂ-ਬੋਲੀ ਵਿਚ ਜੋ ਕੁਝ ਚਾਹਾਂ ਪ੍ਰਗਟ ਕਰ ਸਕਦਾ ਹਾਂ ਅਤੇ ਮੈਨੂੰ ਆਪਣੀ ਬੋਲੀ ਕਦੇ ਵੀ ਲੰਗੜੀ ਨਹੀਂ ਜਾਪੇਗੀ।
ਆਦਮੀ ਨੂੰ ਉੱਪਰ ਵਾਲੇ ਉਸਦੀਆਂ ਅੱਖਾਂ, ਕੰਨ ਤੇ ਜ਼ਬਾਨ ਕਿਉਂ ਦਿੱਤੀ ਹੈ? ਕਿਉਂ ਆਦਮੀ ਦੀਆਂ ਦੋ ਅੱਖਾਂ, ਦੋ ਕੰਨ ਹਨ ਪਰ ਸਿਰਫ ਇਕ ਜ਼ਬਾਨ ਹੈ ਕਾਰਨ ਜ਼ਰੂਰ ਇਹ ਹੋਵੇਗਾ ਕਿ ਇਸ ਤੋਂ ਪਹਿਲਾਂ ਕਿ ਜ਼ਬਾਨ ਤੋਂ ਨਿਕਲ ਕੇ ਇਕ ਵੀ ਲਫ਼ਜ਼ ਦੁਨੀਆ ਵਿਚ ਜਾਵੇ, ਦੋ ਅੱਖਾਂ ਨੂੰ ਜ਼ਰੂਰ ਕੁਝ ਦੇਖਣ ਦਾ ਤੇ ਦੋ ਕੰਨਾਂ ਨੂੰ ਕੁਝ ਸੁਨਣ ਦਾ ਕੰਮ ਕਰਨਾ ਚਾਹੀਦਾ ਹੈ। ਜ਼ਬਾਨ ਤੋਂ ਨਿਕਲਿਆ ਲਫ਼ਜ਼ ਉਸ ਘੋੜੇ ਵਾਂਗ ਹੈ ਜਿਹੜਾ ਢਾਲਵੇਂ ਤੇ ਤੰਗ ਪਹਾੜੀ ਰਸਤੇ ਤੋਂ ਖੁੱਲ੍ਹੇ ਮੈਦਾਨ ਵਿਚ ਆ ਜਾਂਦਾ ਹੈ ਇਸ ਲਈ ਧਿਆਨ ਰੱਖਿਆ ਜਾਵੇ, ਕਿ ਜਿੰਨਾ ਚਿਰ ਤੱਕ ਕੋਈ ਲਫ਼ਜ਼ ਦਿਲ ਵਿਚੋਂ ਨਹੀਂ ਹੋ ਆਉਂਦਾ, ਉਸਨੂੰ ਦੁਨੀਆ ਵਿਚ ਛੱਡਿਆ ਨਹੀਂ ਜਾ ਸਕਦਾ ਹੈ।
ਵੱਖੋ-ਵੱਖ ਕੌਮਾਂ ਦੀਆਂ ਬੋਲੀਆਂ ਆਕਾਸ਼ ਵਿਚਲੇ ਸਿਤਾਰਿਆਂ ਵਾਂਗ ਹਨ। ਮੈਂ ਨਹੀਂ ਚਾਹੁੰਦਾ ਕਿ ਸਾਰੇ ਸਿਤਾਰੇ ਇਕ ਵੱਡੇ ਸਿਤਾਰੇ ਵਿਚ ਮਿਲ ਕੇ ਇਕ ਹੋ ਜਾਣ (ਆਪਣੀ ਪਛਾਣ ਗੁਆ ਬੈਠਣ) ਜਿਸ ਨੇ ਅੱਧਾ ਆਕਾਸ਼ ਘੇਰਿਆ ਹੋਵੇ। ਇਸ ਕੰਮ ਲਈ ਸੂਰਜ ਹੈ, ਪਰ ਆਕਾਸ਼ ਵਿਚ ਸਿਤਾਰੇ ਵੀ ਚਮਕਣੇ ਚਾਹੀਦੇ ਹਨ। ਹਰ ਕੌਮ ਨੂੰ ਆਪਣਾ ਸਿਤਾਰਾ ਰੱਖਣ ਦਿਓ। ਮੈਨੂੰ ਆਪਣਾ ਸਿਤਾਰਾ ਪਿਆਰਾ ਹੈ- ਮੇਰੀ ਮਾਂ-ਬੋਲੀ ਪੰਜਾਬੀ।
ਮੈਂ ਅਰਦਾਸ ਕਰਦਾ ਹਾਂ ਕਿ ਭਗਵਾਨ ਮੈਨੂੰ ਕਦੇ ਮੇਰੀ ਜ਼ੁਬਾਨ ਤੋਂ ਵਾਂਝਿਆਂ ਨਾ ਕਰੇ। ਮੈਂ ਇਸ ਤਰ੍ਹਾਂ ਲਿਖਣਾ ਚਾਹੁੰਦਾ ਹਾਂ ਕਿ ਮੇਰੀਆਂ ਲਿਖਤਾਂ, ਮੇਰੀ ਮਾਂ-ਭੈਣ ਨੂੰ, ਪੰਜ ਦਰਿਆਵਾਂ ਦੀ ਧਰਤੀ ਨਾਲ ਜੁੜੇ ਹਰ ਇਕ ਬੰਦੇ ਨੂੰ, ਤੇ ਪੜ੍ਹਨ ਵਾਲੇ ਹਰ ਬੰਦੇ ਨੂੰ ਸਮਝ ਆਵੇ ਤੇ ਪਿਆਰੀਆਂ ਲੱਗਣ। ਮੈਂ ਅਕਾਵੇਂਪਣ ਨੂੰ ਜਨਮ ਨਹੀਂ ਦੇਣਾ ਚਾਹੁੰਦਾ। ਮੈਂ ਖੁਸ਼ੀ ਦੇਣਾ ਚਾਹੁੰਦਾ ਹਾਂ।
ਮੈਂ ਇਸ ਵਿਚ ਕੋਈ ਬੁਰਾਈ ਨਹੀਂ ਸਮਝਦਾ ਕਿ ਜੇਕਰ ਮੈਂ ਰਸੂਲ ਹਮਜ਼ਾਤੋਵ (‘ਮੇਰਾ ਦਾਗਿਸਤਾਨ’ ਵਿਚੋਂ) ਵੱਲੋਂ ਲਿਖੀਆਂ ਕੁਝ ਪੰਕਤੀਆਂ ਦੀ ਵਰਤੋਂ ਪੰਜਾਬੀ ਪਿਆਰਿਆਂ ਦੇ ਮਾਂ-ਬੋਲੀ ਪ੍ਰਤੀ ਪ੍ਰੇਮ ਦੀ ਸੌਂ ਚੁੱਕੀ ਭਾਵਨਾ ਨੂੰ ਜਗਾਉਣ ਲਈ ਵਰਤ ਲਵਾਂ। ਮੈਂ ਰਸੂਲ ਹਮਜਾਤੋਵ ਵੱਲੋਂ ਉਸਦੀ ਆਪਣੀ ਮਾਂ-ਬੋਲੀ ਲਈ ਕੀਤੇ ਗਏ ਉਪਰਾਲੇ ਲਈ ਦਿਲੋਂ ਰਿਣੀ ਹਾਂ ਜਿਸ ਸਦਕਾ ਮੇਰਾ ਮੇਰੀ ਆਪਣੀ ਮਾਂ-ਬੋਲੀ ਪ੍ਰਤੀ ਸਤਿਕਾਰ ਹੋਰ ਵੀ ਵਧ ਗਿਆ ਹੈ।
ਸਵਤੰਤਰ ਖੁਰਮੀ 09417086555