ਬਾਲ-ਸਾਹਿਤ ਕਿਹੋ ਜਿਹਾ ਹੋਣਾ ਚਾਹੀਦਾ ਹੈ? ਡਾ. ਹਰਸ਼ਿੰਦਰ ਕੌਰ ਬਾਲ-ਸਾਹਿਤ ਬਾਰੇ ਕੁੱਝ ਕਹਿਣਾ ਮੇਰੇ ਲਈ ਅੰਗਿਆਰ ਉਤੇ ਤੁਰਨ ਜਿਹਾ ਹੈ, ਕਿਉਂਕਿ ਮੇਰੇ ਹਰ ਲਫ਼ਜ਼ ਦੀ ਤੁਲਨਾ ਮੇਰੇ ਪਾਪਾ ਜੀ ਪ੍ਰੋ. ਪ੍ਰੀਤਮ ਸਿੰਘ ਜੀ ਨਾਲ ਕੀਤੀ ਜਾਵੇਗੀ, ਜਿਨ੍ਹਾਂ ਬਾਲ-ਸਾਹਿਤ ਘੜਨ ਲੱਗਿਆਂ ਇਤਿਹਾਸ ਰਚਿਆ ਸੀ। ਇਸੇ ਹੀ ਤਰ੍ਹਾਂ ਬਾਲ-ਸਾਹਿਤ ਦੇ ਅਨੇਕ ਲੇਖਕ ਤੇ ਬੁੱਧੀਜੀਵੀ ਜਿਨ੍ਹਾਂ ਨੂੰ ਵੱਡੇ ਤੋਂ ਵੱਡੇ ਸਨਮਾਨਾਂ ਨਾਲ ਸਤਿਕਾਰਿਆ ਜਾ ਚੁੱਕਾ ਹੈ, ਵੀ ਸ਼ਾਇਦ ਮੈਨੂੰ ਸਿਖਾਂਦਰੂ ਕਹਿ ਕੇ ਮੇਰੇ ਲੇਖ ਨੂੰ ਪੜ੍ਹੇ-ਸੁਣੇ ਬਗ਼ੈਰ ਨਕਾਰ ਦੇਣ। ਪਰ ਫਿਰ ਵੀ ਮੈਂ ਬਾਲ-ਸਾਹਿਤ ਦੇ ਅਥਾਹ ਸਮੁੰਦਰ ਵਿਚ ਤਾਰੀਆਂ ਲਾਉਂਦੇ ਹਰ ਉਸ ਲੇਖਕ ਤੇ ਬੁੱਧੀਜੀਵੀ ਨੂੰ ਡੂੰਘੇ ਸਮੁੰਦਰ ਅੰਦਰਲੀ ਸੀਪ ਵਿਚਲੇ ਮੋਤੀ ਬਾਰੇ ਜ਼ਰੂਰ ਦੱਸਣਾ ਚਾਹਾਂਗੀ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਬੱਚੇ ਕਿਹੋ ਜਿਹਾ ਸਾਹਿਤ ਮੰਗਦੇ ਹਨ? ਛੇ ਹਫ਼ਤਿਆਂ ਦੇ ਬੱਚੇ ਦਾ ਦਿਮਾਗ਼ ਕਿਹੋ ਜਿਹੀ ਕਹਾਣੀ ਸੁਣਨੀ ਚਾਹੁੰਦਾ ਹੈ? ਨੌਂ ਮਹੀਨੇ ਦੇ ਬੱਚੇ ਨੂੰ ਕਿਹੜੀ ਕਹਾਣੀ ਸੁਆਦਲੀ ਲੱਗਦੀ ਹੈ ਤੇ ਉਸ ਦਾ ਦਿਮਾਗ਼ ਕਿਹੜੇ ਲਫ਼ਜ਼ਾਂ ਨੂੰ ਸੌਖੇ ਤਰੀਕੇ ਨਾਲ ਆਪਣੇ ਅੰਦਰ ਵਸਾ ਸਕਦਾ ਹੈ? ਇਸੇ ਹੀ ਤਰ੍ਹਾਂ ਤਿੰਨ ਵਰ੍ਹਿਆਂ ਦੇ ਬੱਚੇ ਦੇ ਵਿਕਾਸਸ਼ੀਲ ਦਿਮਾਗ਼ ਦੀ ਤੁਲਨਾ ਚੌਦਾਂ ਸਾਲ ਦੇ ਬੱਚੇ ਦੇ ਵਿਕਸਿਤ ਦਿਮਾਗ਼ ਨਾਲ ਕੀਤੀ ਹੀ ਨਹੀਂ ਜਾ ਸਕਦੀ। ਭਰੂਣ ਵੀ ਕਹਾਣੀ ਸੁਣਨੀ ਪਸੰਦ ਕਰਦੇ ਹਨ, ਪਰ ਇਹ ਕਹਾਣੀ ਮਾਂ ਹੀ ਵਧੀਆ ਘੜ ਸਕਦੀ ਹੈ ਤੇ ਉਹ ਹੀ ਸੁਆਦਲੇ ਢੰਗ ਨਾਲ ਉਸ ਨੂੰ ਸੁਣਾ ਵੀ ਸਕਦੀ ਹੈ। ਇਹ ਪੱਕੀ ਗੱਲ ਹੈ ਕਿ ਭਰੂਣ ਨੂੰ ਭੂਤ-ਪ੍ਰੇਤਾਂ ਦੀਆਂ ਕਹਾਣੀਆਂ ਜਾਂ ਰਾਮ-ਸ਼ਾਮ ਦੀਆਂ ਕਹਾਣੀਆਂ ਬਿਲਕੁਲ ਨਹੀਂ ਭਾਉਂਦੀਆਂ। ਜੇ ਇਸ ਬਾਰੇ ਡੂੰਘਿਆਈ ਨਾਲ ਸੋਚਿਆ ਜਾਵੇ ਤਾਂ ਪਤਾ ਲੱਗੇਗਾ ਕਿ ਪੰਜਾਬੀ ਬਾਲ-ਸਾਹਿਤ ਬਹੁਤ ਪੱਛੜਿਆ ਪਿਆ ਹੈ, ਕਿਉਂਕਿ ਭਰੂਣ ਲਈ ਤਾਂ ਕਿਸੇ ਨੇ ਕਹਾਣੀ ਘੜੀ ਹੀ ਨਹੀਂ ਤੇ ਨਾ ਹੀ ਨਵ-ਜੰਮੇ ਜਾਂ ਦੋ ਮਹੀਨੇ ਦੇ ਬੱਚੇ ਲਈ। ਇਸੇ ਤਰ੍ਹਾਂ ਨੌਂ ਮਹੀਨੇ ਦੇ ਬੱਚੇ ਦੇ ਲਈ ਤੇ ਦੋ ਸਾਲ ਦੇ ਬੱਚੇ ਲਈ ਕਹਾਣੀ ਬਿਲਕੁਲ ਹੀ ਵੱਖਰੀ ਕਿਸਮ ਦੀ ਹੋਣੀ ਚਾਹੀਦੀ ਹੈ। ਭਰੂਣ ਨਾਲ ਵਾਰਤਾ ਜਦੋਂ ਮਾਂ ਆਰਾਮ ਕਰਨ ਲਈ ਲੇਟਦੀ ਹੈ ਤਾਂ ਭਰੂਣ ਹਿਲਜੁਲ ਕਰ ਕੇ ਆਪਣਾ ਅਹਿਸਾਸ ਕਰਵਾਉਂਦਾ ਹੈ। ਜੇ ਉਸ ਵਕਤ ਹੱਥ ਰੱਖ ਕੇ ਉਸ ਨੂੰ ਸਹਿਲਾਇਆ ਜਾਏ ਤਾਂ ਉਹ ਜ਼ੋਰ ਜ਼ੋਰ ਦੀ ਹਿਲਦਾ ਹੈ ਕਿ ਮੈਨੂੰ ਤੁਹਾਡਾ ਪਿਆਰ ਭਰਿਆ ਸੁਨੇਹਾ ਮਿਲ ਗਿਆ ਹੈ। ਇਸ ਮੌਕੇ ਸੰਗੀਤ ਦੀਆਂ ਧੁਨਾਂ ਨੂੰ ਬੱਚਾ ਬਹੁਤ ਧਿਆਨ ਨਾਲ ਸੁਣਦਾ ਹੈ। ਮੱਧਮ ਤੇ ਸੁਖਾਵਾਂ ਸੰਗੀਤ ਉਸ ਨੂੰ ਭਾਉਂਦਾ ਹੈ ਤੇ ਉਸ ਦੀ ਮਾਨਸਿਕਤਾ 'ਤੇ ਵਧੀਆ ਅਸਰ ਪਾਉਂਦਾ ਹੈ। ਇਸ ਵਕਤ ਜੇ ਉਸ ਨੂੰ ਉਸ ਦਾ ਪਿਓ ਮੂੰਹ ਨੇੜੇ ਕਰਕੇ ਕਹਾਣੀ ਸੁਣਾਉਣਾ ਚਾਹੇ ਤਾਂ ਉਹ ਕਾਫ਼ੀ ਖ਼ੁਸ਼ ਹੁੰਦਾ ਹੈ। ਇਹ ਕਹਾਣੀ ਬਹੁਤ ਛੋਟੀ ਤੇ ਇਕ ਇਕ ਅੱਖਰ ਹੌਲੀ ਹੌਲੀ ਪਿਆਰ ਨਾਲ ਬੋਲ ਕੇ ਦੁਹਰਾਉਣੀ ਹੁੰਦੀ ਹੈ। ਇਸ ਵਿਚ ਭਰੂਣ ਦਾ ਫਰਜ਼ੀ ਨਾਂ ਲੈਣਾ ਜ਼ਰੂਰੀ ਹੁੰਦਾ ਹੈ, ਜਿਸ ਨਾਲ ਉਸ ਨੂੰ ਸੰਬੋਧਨ ਕਰਨਾ ਹੋਵੇ। ਜਿਵੇਂ, ''ਸੋਨੂੰ, ਕੀ ਹਾਲ ਹੈ? ਪਾਪਾ ਬੋਲਦੇ ਨੇ। ਅੱਜ ਬਾਜ਼ਾਰ ਗਏ। ਤੇਰੇ ਲਈ ਬੂਟ ਲਏ।'' ਦੁਬਾਰਾ ਫਿਰ ਇਹੀ ਦੁਹਰਾਉਣਾ। ਜਦੋਂ ਭਰੂਣ ਜਵਾਬੀ ਹੁੰਗਾਰੇ ਵਿਚ ਘਸੁੰਨ ਮਾਰ ਦੇਵੇ ਤਾਂ ਕਹਾਣੀ ਅੱਗੇ ਤੋਰੀ ਜਾ ਸਕਦੀ ਹੈ,'' ਓ ਸੋਨੂੰ, ਬੂਟ ਬਹੁਤ ਸੋਹਣੇ ਨੇ।'' ਕੁੱਝ ਵਕਤ ਲੰਘਣ 'ਤੇ ਫੇਰ ਪੁੱਛਿਆ ਜਾ ਸਕਦਾ ਹੈ, ''ਮੇਰਾ ਸੋਨੂੰ ਇਹ ਬੂਟ ਪਾਏਗਾ?'' ਨਾਲ ਨਾਲ ਚੁੰਮਣ ਦੀ ਆਵਾਜ਼ ਕੱਢਣੀ ਤੇ ਉਸ ਨੂੰ ਸਹਿਲਾਉਣਾ ਵੀ ਜ਼ਰੂਰੀ ਹੈ। ਗ਼ੌਰ-ਤਲਬ ਗੱਲ ਇਹ ਹੈ ਕਿ ਦੋ ਸ਼ਬਦ ਹੀ ਵਾਰ ਵਾਰ ਦੁਹਰਾਏ ਗਏ। 'ਸੋਨੂੰ' ਤੇ 'ਬੂਟ'। ਅਗਲੇ ਦਿਨ ਕਿਸੇ ਹੋਰ ਚੀਜ਼, ਜਿਵੇਂ ਕਮੀਜ਼ ਜਾਂ ਸਵੈਟਰ ਦੀ ਗੱਲ ਛੇੜ ਲਈ, ਪਰ ਨਾਂ 'ਸੋਨੂੰ ਜਾਂ ਕੋਈ ਵੀ ਹੋਰ ਫ਼ਰਜ਼ੀ ਨਾਂ ਉਹੀ ਰਹਿੰਦਾ ਹੈ। ਨਵੇਂ ਜਨਮੇ ਬੱਚੇ ਨਾਲ ਵਾਰਤਾ ਹੁਣ ਗੱਲ ਕਰੀਏ ਨਵ-ਜੰਮੇ ਬੱਚੇ ਦੀ। ਉਹ ਆਪਣੀ ਹਰ ਗੱਲ ਅਲੱਗ ਅਲੱਗ ਕਿਸਮ ਦੇ ਰੋਣ ਨਾਲ ਹੀ ਸਮਝਾਉਂਦਾ ਹੈ ਤੇ ਉਸ ਦਾ ਹੁੰਗਾਰਾ ਉਸੇ ਆਵਾਜ ਨੂੰ ਬਿਹਤਰ ਹੁੰਦਾ ਹੈ, ਜਿਹੜਾ ਉਹ ਜਨਮ ਤੋਂ ਪਹਿਲਾਂ ਤੋਂ ਸੁਣ ਰਿਹਾ ਹੁੰਦਾ ਹੈ। ਮਸਲਨ ਹੁਣ ਉਹ ਕਹਾਣੀ ਕੁੱਝ ਇਸ ਤਰ੍ਹਾਂ ਦੀ ਸੁਣਨਾ ਚਾਹੁੰਦਾ ਹੈ, ''ਸੇਨੂੰ, ਆਹ ਮਾਮਾ। ਆਹ ਪਾਪਾ। ਆਹ ਤੇਰੇ ਬੂਟ। ਸੋਨੂੰ ਨੇ ਨਵੇਂ ਬੂਟ ਪਾਏ। ਹੁਣ ਸੋਨੂੰ ਸੋਹਣਾ ਹੋ ਗਿਆ।'' ਕਹਾਣੀ ਸੁਣਾਉਣ ਦੇ ਨਾਲ ਆਵਾਜ਼ ਵਿਚ ਪਿਆਰ ਝਲਕਣਾ ਜ਼ਰੂਰੀ ਹੁੰਦਾ ਹੈ। ਇਹ ਦਰਅਸਲ ਜਾਣ-ਪਛਾਣ ਦਾ ਦੌਰ ਹੁੰਦਾ ਹੈ, ਜਿਸ ਵਿਚ ਬੱਚੇ ਦਾ ਦਾਇਰਾ ਆਪਣਿਆਂ ਤਕ ਸੀਮਿਤ ਹੰਦਾ ਹੈ ਤੇ ਉਹ ਕਹਾਣੀ ਵਿਚ ਜਾਣੇ-ਪਛਾਣੇ ਲਫ਼ਜ਼ ਸੁਣ ਕੇ ਰੋਂਦਾ ਹੋਇਆ ਵੀ ਚੁੱਪ ਕਰ ਜਾਂਦਾ ਹੈ। ਡੇਢ ਮਹੀਨੇ ਦੇ ਬੱਚੇ ਨਾਲ ਵਾਰਤਾ ਮਾਹਿਰ ਦੱਸਦੇ ਹਨ ਕਿ ਡੇਢ ਮਹੀਨੇ ਦੇ ਬੱਚੇ ਨੂੰ ਕਿਤਾਬ ਵਿੱਚੋਂ ਪੜ੍ਹ ਕੇ ਕਹਾਣੀ ਸੁਣਾਈ ਜਾ ਸਕਦੀ ਹੈ। ਕਿਤਾਬ ਨਾਲ ਬੱਚੇ ਦੀ ਇਹ ਪਹਿਲੀ ਮੁਲਾਕਾਤ ਹੁੰਦੀ ਹੈ। ਬੱਚੇ ਬਹੁਤ ਸਾਰੀਆਂ ਗੱਲਾਂ ਸੁਣਨੀਆਂ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਦਾ ਬਣਦਾ ਹੋਇਆ ਦਿਮਾਗ਼ ਨਵੇਂ ਸ਼ਬਦ ਸਮੇਟਣਾ ਸ਼ੂਰ ਕਰਦਾ ਹੈ ਤਾਂ ਜੋ ਅੱਗੇ ਜਾ ਕੇ ਇਨ੍ਹਾਂ ਸ਼ਬਦਾਂ ਨਾਲ ਦੇਖੀ ਹੋਈ ਚੀਜ਼ ਦੀ ਸਾਂਝ ਬਣਾ ਸਕੇ। ਦਰਅਸਲ ਸ਼ਬਦਾਂ ਦਾ ਤਾਂ ਬੱਚੇ ਨੂੰ ਮਤਲਬ ਪਤਾ ਹੀ ਨਹੀਂ ਹੁੰਦਾ। ਉਹ ਤਾਂ ਸਿਰਫ਼ ਮਾਂ ਜਾਂ ਪਿਓ ਦੇ ਪਿਆਰ ਨਾਲ ਬੋਲਣ ਦੇ ਅੰਦਾਜ਼ 'ਤੇ ਹੀ ਫ਼ਿਦਾ ਹੋ ਜਾਂਦਾ ਹੈ ਤੇ ਸਦੀਵੀ ਸਾਂਝ ਗੰਢ ਲੈਂਦਾ ਹੈ। ਤਿੰਨ ਮਹੀਨੇ ਦੇ ਬੱਚੇ ਨਾਲ ਵਾਰਤਾ ਤਿੰਨ ਮਹੀਨੇ ਦਾ ਬੱਚਾ ਤਾਂ ਮਾਂ ਜਾਂ ਪਿਓ ਦੀ ਆਵਾਜ਼ ਸੁਣ ਕੇ ਉਧਰ ਮੂੰਹ ਵੀ ਘੁਮਾਉਂਦਾ ਹੈ ਤੇ ਹਲਕੀ ਮੁਸਕਰਾਹਟ ਵੀ ਬਿਖੇਰਦਾ ਹੈ। ਇਸ ਉਮਰ 'ਤੇ ਉਹ ਕਹਾਣੀ ਦਾ ਹੁੰਗਾਰਾ ਵੀ ਆਪਣੀ ਪਿਆਰੀ 'ਊ ਊ' ਨਾਲ ਕਰਦਾ ਹੈ। ਇਸ ਉਮਰ ਦੀ ਕਹਾਣੀ ਕੁੱਝ ਇਸ ਤਰ੍ਹਾਂ ਦੀ ਹੋ ਸਕਦੀ ਹੈ, ''ਇਕ ਮਗਰਮੱਛ ਸੀ। ਇਕ ਬਾਂਦਰ ਤੋਂ ਉਸ ਨੇ ਜ਼ਾਮਨ ਮੰਗੇ। ਮਗਰਮੱਛ ਜਾਮੁਨ ਖਾ ਕੇ ਘੁੰਮਣ ਚਲਾ ਗਿਆ।'' ਇਸ ਕਹਾਣੀ ਵਿਚ ਮਾਂ ਵੱਲੋ ਅੱਖਾਂ ਘੁਮਾਉਣੀਆਂ, ਮੂੰਹ ਵੱਡਾ ਛੋਟਾ ਜਾਂ ਗੋਲ ਖੋਲ੍ਹਣਾ ਤੇ ਰੱਜ ਕੇ ਮੁਸਕਰਾਉਣਾ ਜ਼ਰੂਰੀ ਹੈ, ਕਿਉਂਕਿ ਬੱਚੇ ਨੂੰ ਮਗਰਮੱਛ ਜਾਂ ਬਾਂਦਰ ਦੀ ਉ ਸਮਝ ਨਹੀਂ ਹੁੰਦੀ। ਇਸ ਉਮਰ ਵਿਚ ਜੇ ਬੱਚਾ ਹੀ ਕਹਾਣੀ ਸੁਣਨਾ ਚਾਹੇ ਤਾਂ ਆਪਣੀ 'ਊ ਊ' ਕਰਕੇ ਬੁਲਾਉਂਦਾ ਹੈ। ਜੇ ਤਾਂ ਮਾਪੇ ਟੀ.ਵੀ. ਜਾਂ ਅਖ਼ਬਾਰ ਵਿਚ ਮਗਨ ਹਨ ਤੇ ਉਸਦੀ 'ਊ ਊ' ਨਹੀਂ ਸੁਣਦੇ ਤਾਂ ਬੱਚਾ ਆਪੇ ਹੀ ਚੁੱਪ ਹੋ ਜਾਂਦਾ ਹੈ ਜਾਂ ਰੋਣਾ ਸ਼ੁਰੂ ਕਰ ਦਿੰਦਾ ਹੈ। ਕਈ ਵਾਰ ਬੱਚਾ ਆਪਣੀ ਸਾਂਝ ਹੀ ਮਾਪਿਆਂ ਨਾਲ ਘਟਾ ਦਿੰਦਾ ਹੈ। ਜੇ ਮਾਪੇ 'ਊ ਊ' ਦਾ ਜਵਾਬੀ ਹੁੰਗਾਰਾ 'ਊ ਊ' ਜਾਂ 'ਤੂ ਰੂ' ਆਦਿ ਕਹਿ ਕੇ ਹੀ ਸਾਰ ਦੇਣ ਤਾਂ ਬੱਚਾ ਸਮਝ ਲੈਂਦਾ ਹੈ ਕਿ ਮਾਪੇ ਵੀ ਮੇਰੇ ਵਾਂਗ ਗੁੰਗੇ ਹੀ ਹਨ, ਅੱਗੋਂ ਗੱਲ ਕਰਨ ਦਾ ਕੋਈ ਫ਼ਾਇਦਾ ਨਹੀਂ। ਜੇ ਮਾਪੇ ਇਹ ਸੁਨੇਹਾ ਸਮਝ ਕੇ ਕਹਾਣੀ ਸੁਣਾਉਣ ਲੱਗ ਪੈਣ ਤਾਂ ਬੱਚਾ ਜ਼ਿਆਦਾ ਵਾਰ ਜ਼ਿਆਦਾ ਸ਼ਬਦ ਸੁਣਨ ਨਾਲ ਲਾਇਕ ਬਣਨਾ ਸ਼ੁਰੂ ਹੋ ਜਾਂਦਾ ਹੈ। ਚਾਰ ਤੋਂ ਛੇ-ਮਹੀਨੇ ਦੇ ਬੱਚੇ ਨਾਲ ਵਾਰਤਾ ਚਾਰ ਤੋਂ ਛੇ ਮਹੀਨੇ ਦੇ ਬੱਚੇ ਦੀ ਕਹਾਣੀ ਵਿਚ ਆਵਾਜਾਂ ਹੋਣੀਆਂ ਬਹੁਤ ਜ਼ਰੂਰੀ ਹਨ ਤੇ ਇਸ਼ਾਰੇ ਵੀ, ਕਿਉਂਕਿ ਬੱਚਾ 'ਬਾ,' 'ਮਾਂ' ਅੱਖਰ ਆਪ ਵੀ ਬੋਲਣ ਦੀ ਕੋਸ਼ਿਸ਼ ਕਰਦਾ ਹੈ, ਇਸੇ ਲਈ ਕਹਾਣੀ ਵਿਚਲੇ ਬਹੁਤੇ ਅੱਖਰ ਇਨ੍ਹਾਂ ਅੱਖਰਾਂ ਤੋਂ ਸ਼ੁਰੂ ਹੋਣੇ ਚਾਹੀਦੇ ਹਨ। ਕਹਾਣੀ ਕੁੱਝ ਇਸ ਤਰ੍ਹਾਂ ਹੋ ਸਕਦੀ ਹੈ, 'ਬਿੱਲੀ ਬੋਲੀ ਮਿਆਊਂ। ਮੰਮੀ ਵੀ ਬੋਲੀ ਮਿਆਊਂ। ਬਕਰੀ ਬੋਲੀ ਮੇਂ ਮੇਂ।'' ਗਾਣਾ ਸੁਣਨ ਨੂੰ ਵੀ ਬੱਚਾ ਤਰਜੀਹ ਦਿੰਦਾ ਹੈ ਤੇ ਮਾਂ ਵੱਲੋਂ ਸੁਣਾਇਆ ਗਾਣਾ ਜਾਂ ਲੋਰੀ ਵੀ ਖ਼ੁਸ਼ ਹੋ ਕੇ ਸੁਣਦਾ ਹੈ ਤੇ ਗਾਣੇ ਵਿਚ ਹੀ ਆਪਣੀ 'ਕੂ ਕੂ' ਨਾਲ ਰਸ ਭਰ ਦਿੰਦਾ ਹੈ। ਸੱਤ ਮਹੀਨੇ ਤੋਂ ਇਕ ਸਾਲ ਦੇ ਬੱਚੇ ਨਾਲ ਵਾਰਤਾ ਸੱਤ ਮਹੀਨੇ ਤੋਂ ਇਕ ਸਾਲ ਦਾ ਬੱਚਾ ਆਪਣਾ ਨਾਂ ਪਛਾਣਦਾ ਹੈ ਤੇ ਆਮ ਚੀਜ਼ਾਂ ਜਿਵੇਂ ਕੱਪ, ਗਲਾਸ, ਪਾਣੀ ਆਦਿ ਵੀ ਪਛਾਣਨ ਲੱਗ ਪੈਂਦਾ ਹੈ। ਉਹ 'ਆ ਜਾ,' 'ਟਾ ਟਾ' ਤੇ 'ਨਾਂ ਜਾਂ 'ਹਾਂ' ਵਾਚਕ ਅੱਖਰ ਤੇ ਉਨ੍ਹਾਂ ਸ਼ਬਦਾਂ ਦੇ ਮਤਲਬ ਵੀ ਸਮਝਣ ਲੱਗ ਪੈਦਾ ਹੈ। ਬੱਚਾ ਮਾਪਿਆਂ ਵੱਲੋ ਕੱਢੀਆਂ ਆਵਾਜ਼ਾਂ ਦੁਹਰਾਉਂਦਾ ਵੀ ਹੈ। ਇਹ ਭਾਸ਼ਾ-ਵਿਗਿਆਨੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਬੱਚਾ ਛੇ ਮਹੀਨਿਆਂ ਦੀ ਉਮਰ ਤੋਂ ਹੀ ਆਪਣੀ ਮਾਂ-ਬੋਲੀ ਦੀਆਂ ਧੁਨੀਆਂ ਨੂੰ ਬੋਲਣ ਦਾ ਤਰੀਕਾ ਮਾਂ ਦੇ ਹਿਲਦੇ ਬੁੱਲ੍ਹਾਂ ਨਾਲ ਜੋੜ ਕੇ ਸਿੱਖ ਲੈਂਦਾ ਹੈ ਕਿ 'ਆ' ਲਫ਼ਜ਼ ਲਈ ਕਿਵੇਂ ਦਾ ਮੂੰਹ ਖੋਲ੍ਹਣਾ ਹੈ ਤੇ 'ਈ' ਲਫ਼ਜ਼ ਲਈ ਕਿਵੇਂ ਦਾ। ਇਸੇ ਲਈ ਉਹ ਆਪਣਾ ਜਬਾੜਾ, ਬੁੱਲ੍ਹ ਤੇ ਜੀਭ ਨੂੰ ਅਲੱਗ ਅਲੱਗ ਤਰੀਕੇ ਨਾਲ ਤਾਲਮੇਲ ਕਰ ਕੇ ਵੱਖਰੀਆਂ ਵੱਖਰੀਆਂ ਆਵਾਜ਼ਾਂ ਕੱਢਣ ਦੀ ਕੋਸ਼ਿਸ਼ ਕਰਦਾ ਹੈ ਕਿ ਕਿਸ ਤਰ੍ਹਾਂ ਦੇ ਤਾਲਮੇਲ ਨਾਲ ਕਿਹੜੀ ਤਰ੍ਹਾਂ ਦੀ ਆਵਾਜ਼ ਨਿਕਲੇਗੀ। ਨੌਂ ਕੁ ਮਹੀਨਿਆਂ ਦਾ ਬੱਚਾ ਤਾਂ 'ਬਲਾ, ਵਲਾ, ਊ, ਬਾ, ਕੀ' ਆਦਿ ਊਟ- ਪਟਾਂਗ ਆਵਾਜ਼ਾਂ ਕੱਢ ਕੇ ਆਪਣੀ ਪੂਰੀ ਗੱਲ ਸਮਝਾ ਵੀ ਦਿੰਦਾ ਹੈ। ਸੱਤ ਮਹੀਨਿਆਂ ਤੋਂ ਇਕ ਸਾਲ ਦਾ ਬੱਚਾ ਕੁੱਝ ਅਜਿਹੀ ਕਹਾਣੀ ਵਿਚ ਜ਼ਿਆਦਾ ਧਿਆਨ ਦਿੰਦਾ ਹੈ, ਜਿਸ ਵਿਚ ਜਾਣੀਆਂ-ਪਛਾਣੀਆਂ ਚੀਜ਼ਾਂ ਹੋਣ ਤੇ ਆਵਾਜ਼ਾਂ ਦੀ ਖੁੱਲੀ ਵਰਤੋਂ ਕੀਤੀ ਗਈ ਹੋਵੇ। ਇਹ ਜ਼ਰੂਰੀ ਹੈ ਕਿ ਕਹਾਣੀ ਵਿਚਲੀਆਂ ਚੀਜ਼ਾਂ ਨਾਲ ਬੱਚੇ ਦੀ ਜਾਣ-ਪਛਾਣ ਨਾਲ ਦੀ ਨਾਲ ਹੀ ਕੀਤੀ ਜਾਵੇ। ਜਿਵੇਂ ''ਇਕ ਚਿੜੀ ਸੀ, ਔਹ ਵੇਖ ਚਿੜੀ ਬੈਠੀ ਹੈ। ਚਿੜੀ ਕਹਿੰਦੀ ਚੀਂ ਚੀਂ, ਅੱਜ ਮੈਂ ਸੋਨੂੰ ਦੇ ਗਲਾਸ ਵਿੱਚੋਂ ਦੁੱਧ ਪੀ ਲੈਣੈ। ਉਹ ਵੇਖ ਬਿੱਲੀ ਆਈ, ਐਹ ਬਿੱਲੀ ਕਹਿੰਦੀ, ਮਿਆਊਂ ਮਿਆਊਂ, ਮੈਂ ਪੀਵਾਂਗੀ, ਸੋਨੂੰ ਦੇ ਗਲਾਸ ਵਿੱਚੋਂ ਦੁਧੂ। ਫੇਰ ਕੁੱਤਾ ਆ ਗਿਆ। ਓਹ ਰਿਹਾ, ਵਾਊ ਵਾਊ ਕਰਦਾ। ਕੁੱਤਾ ਕਹਿੰਦਾ, ਵਾਊ ਵਾਊ ਮੈਂ ਪੀਵਾਂਗਾ ਸੋਨੂੰ ਦਾ ਦੁੱਧ। ਸੋਨੂੰ ਸਭ ਤੋਂ ਤਗੜਾ ਸੀ। ਸੋਨੂੰ ਨੇ ਫਟਾਫਟ ਗਲਾਸ ਵਿੱਚੋਂ ਦੁੱਧ ਪੀ ਲਿਆ। ਚਿੜੀ ਚੀਂ ਚੀਂ ਕਰ ਕੇ ਉੱਡ ਗਈ। ਕੁੱਤਾ ਵਾਊ ਵਾਊ ਕਰਦਾ ਭੱਜ ਗਿਆ। ਬਿੱਲੀ ਵੀ ਮਿਆਊਂ ਮਿਆਊਂ ਕਰਦੀ ਭੱਜ ਗਈ।'' ਅਜਿਹੀ ਕਹਾਣੀ ਵਿਚ ਬੱਚਾ ਆਪਣੇ ਆਪ ਨੂੰ ਸ਼ਾਮਿਲ ਸਮਝਦਾ ਹੈ ਤੇ ਆਵਾਜਾਂ ਬੋਲਣ ਦੀ ਕੋਸ਼ਿਸ਼ ਵੀ ਕਰਦਾ ਹੈ। ਕਹਾਣੀ ਸਰਲ ਬੋਲੀ ਤੇ ਮਾਂ-ਬੋਲੀ ਵਿਚ ਹੀ ਹੋਣੀ ਚਾਹੀਦੀ ਹੈ ਤਾਂ ਜੋ ਬੱਚੇ ਦੇ ਸਾਫ਼ ਸਲੇਟ ਵਰਗੇ ਦਿਮਾਗ਼ ਦੇ ਕੰਪਿਊਟਰ ਵਿਚ ਠੀਕ ਚੀਜ਼ਾਂ ਭਰੀਆਂ ਜਾ ਸਕਣ। ਇਸ ਤਰ੍ਹਾਂ ਉਹ ਨਵੇਂ ਅੱਖਰ ਛੇਤੀ ਸਿੱਖਦਾ ਹੈ। ਇਸ ਉਮਰ ਦੀ ਕਹਾਣੀ ਵਿਚ ਰੰਗ ਦੀ ਵਰਤੋਂ ਵੀ ਕੀਤੀ ਜਾਣੀ ਚਾਹੀਦੀ ਹੈ। ਜਿਵੇਂ, ''ਸੋਨੂੰ ਦੀ ਲਾਲ ਪੈਂਟ ਤੇ ਪੀਲਾ ਫੁੱਲ ਐ। ਨੀਟੂ ਕਹਿੰਦੀ ਐ ਮੈਂ ਇਹ ਫੁੱਲ ਲੈਣੈ। ਇਸ ਫੁੱਲ ਨਾਲ ਹਰੇ ਪੱਤੇ ਨੇ'', ਆਦਿ। ਕਹਾਣੀਆਂ ਵਿਚ ਗਿਣਤੀ ਵੀ ਸ਼ਾਮਿਲ ਕਰ ਲੈਣੀ ਚਾਹੀਦੀ ਹੈ। ਜਿਵੇਂ ਆਪਣੀ ਇਕ ਉਂਗਲ ਚੁੱਕ ਕੇ ਵਿਖਾਓ ਤੇ ਕਹੋ, ''ਸੋਨੂੰ ਐਹ ਇਕ ਗੇਂਦ।'' ਇਸ ਦੇ ਨਾਲ ਹੀ ਗੇਂਦ ਨੂੰ ਚੁੱਕ ਕੇ ਵਿਖਾ ਵੀ ਦਿਓ। ਫੇਰ ਦੂਜੀ ਉਂਗਲ ਚੱਕ ਕੇ 'ਦੋ' ਬੋਲੋ, ਆਦਿ। ਇਸ ਉਮਰ ਤੋਂ ਹੀ ਬੱਚੇ ਦੇ 'ਊ, ਊ' ਦਾ ਜਵਾਬੀ ਹੁੰਗਾਰਾ ਇਸ ਤਰ੍ਹਾਂ ਹੋਣਾ ਜ਼ਰੂਰੀ ਹੈ, ''ਅੱਛਾ ਫੇਰ ਕੀ ਹੋਇਆ? ਹੋਰ ਸੁਣਾ? ਆ ਹਾ। ਸੱਚੀਂ? ਸੋਨੂੰ ਐਨਾ ਕੁੱਝ ਸੁਣਾ ਰਿਹਾ।'' ਇਸ ਨਾਲ ਬੱਚੇ ਨੂੰ ਹੋਰ ਬੋਲਣ ਦਾ ਉਤਸ਼ਾਹ ਮਿਲਦਾ ਹੈ ਕਿ ਸ਼ਾਇਦ ਉਹ ਵੀ ਕਹਾਣੀ ਸੁਣਾ ਸਕਦਾ ਹੈ। ਇਸ ਤਰ੍ਹਾਂ ਕਈ ਵਾਰ ਬੱਚਾ ਆਪਣੀ ਭੁੱਖ ਵੀ ਭੁੱਲ ਕੇ ਘੰਟਿਆਂ ਬੱਧੀ 'ਊ ਆ' ਕਰਦਾ ਰਹਿੰਦਾ ਹੈ। ਇਸੇ ਉਮਰ ਦੇ ਬੱਚੇ ਨਾਲ ਕਹਾਣੀ ਸੁਣਾਉਂਦਿਆਂ ਹੋਇਆਂ ਤਾੜੀ ਮਾਰਨੀ, ਲੁਕਾ ਭਿਤੀ ਕਰਨੀ ਜਾਂ ਹੱਟ ਮੱਖੀ ਦੌੜ ਜਾ ਮੇਰਾ ਸੋਨੂੰ ਕਹਾਣੀ ਸੁਣਾ ਰਿਹਾ ਹੈ, ਆਦਿ ਕਹਿਣਾ ਚਾਹੀਦਾ ਹੈ, ਕਿਉਂਕਿ ਇਸ ਤਰ੍ਹਾਂ ਕਹਾਣੀ ਸੁਣਾਉਂਦਿਆਂ ਸੁਣਾਉਂਦਿਆਂ ਹੀ ਬੱਚੇ ਨੂੰ ਏਨੇ ਢੇਰ ਸਾਰੇ ਲਫ਼ਜ਼ ਮਿਲ ਜਾਂਦੇ ਹਨ ਕਿ ਉਹ ਲਗਭਗ ਆਪਣੀ ਮਾਂ-ਬੋਲੀ ਦੇ ਹਰ ਪਹਿਲੂ ਤੋਂ ਵਾਕਫ਼ ਹੋਣ ਲੱਗ ਪੈਂਦਾ ਹੈ ਤੇ ਇਹ ਸਭ ਉਸ ਦੇ ਅਚੇਤ ਦਿਮਾਗ਼ ਵਿਚ ਕਦੋਂ ਸਦੀਵੀ ਛਾਪ ਛੱਡ ਦਿੰਦੇ ਹਨ, ਪਤਾ ਹੀ ਨਹੀਂ ਲੱਗਦਾ। ਇਕ ਤੋਂ ਦੋ-ਸਾਲ ਦੇ ਬੱਚੇ ਨਾਲ ਵਾਰਤਾ ਇਕ ਤੋਂ ਦੋ ਸਾਲ ਦਾ ਬੱਚਾ ਨਿੱਕੇ ਨਿੱਕੇ ਚਾਰ ਜਾਂ ਪੰਜ ਅੱਖਰਾਂ ਦੇ ਸੌਖੇ ਗੀਤ ਸਿੱਖਣਾ ਤੇ ਸੁਣਨਾ ਚਾਹੁੰਦਾ ਹੈ, ਜਿਵੇਂ ''ਮੋਟਾ ਸੇਠ, ਸੜਕ ਪਰ ਲੇਟ, ਆ ਗਈ ਮੋਟਰ, ਦਬ ਗਿਆ ਪੇਟ,'' ਆਦਿ। ਇਸ ਉਮਰ ਦੀਆਂ ਕਹਾਣੀਆਂ ਛੋਟੀਆਂ, ਪਰ ਸੌਖੇ ਲਫ਼ਜ਼ਾਂ ਨਾਲ ਭਰਪੂਰ ਹੋਣੀਆਂ ਚਾਹੀਦੀਆਂ ਹਨ। ਵੱਡੇ ਅੱਖਰ ਜਿਵੇਂ ਉਨੀਂਦਰਾ ਉੱਦਮ, ਵਧੀਕੀਆਂ ਆਦਿ ਨਾਲ ਬੱਚੇ ਦਾ ਧਿਆਨ ਕਹਾਣੀ ਵੱਲੋਂ ਟੁੱਟਣ ਲੱਗ ਪੈਂਦਾ ਹੈ, ਕਿਉਂਕਿ ਉਸ ਦਾ ਦਿਮਾਗ਼ ਉਸ ਨਵੇਂ ਲਫ਼ਜ਼ ਦੀ ਕੋਡਿੰਗ, ਅਨ-ਕੋਡਿੰਗ ਵਿਚ ਹੀ ਰੁੱਝਿਆ ਰਹਿ ਜਾਂਦਾ ਹੈ। ਕਹਾਣੀ ਵਿਚ ਹੋਰ ਅਪਣੱਤ ਭਰਨ ਲਈ ਅਤੇ ਬੱਚੇ ਦਾ ਰੁਝਾਨ ਵਧਾਉਣ ਲਈ ਕਹਾਣੀ ਵਿਚ ਰਲਵੇਂ-ਮਿਲਵੇਂ ਲਫ਼ਜ਼ ਭਰਨੇ ਚਾਹੀਦੇ ਹਨ, ਜਿਨ੍ਹਾਂ ਦਾ ਕੋਈ ਮਤਲਬ ਨਿਕਲਦਾ ਹੋਵੇ ਜਾਂ ਨਾ ਯਾਨੀ ਊਲ-ਜਲੂਲ ਅੱਖਰ ਜਿਵੇਂ ਸੋਨੂੰ ਦਾ ਮੋਨੂੰ, ਨਿੱਕੂ ਦਾ ਮਿੱਕੂ ਜਾਂ ਉਹ ਡੱਡੂ ਤਾਂ ਬਿਲਕੁਲ ਟੱਪੂ ਦਾ ਪੱਪੂ ਈ ਐ, ਆਦਿ। ਅਜਿਹੀ ਕਹਾਣੀ ਸੁਣਦੇ ਹੋਏ ਬੱਚੇ ਦਾ ਪੂਰਾ ਧਿਆਨ, ਉਸ ਦੀ ਮੁਸਕਰਾਹਟ ਤੇ ਵਿਚ-ਵਿਚ ਖਿੜਖਿੜਾ ਕੇ ਹੱਸਣਾ ਇਹ ਸਾਬਤ ਕਰ ਦਿੰਦਾ ਹੈ ਕਿ ਅਜਿਹੀ ਕਹਾਣੀ ਉਹ ਸੁਣਨਾ ਚਾਹੁੰਦਾ ਹੈ। ਆਪਣੇ ਹਮ-ਉਮਰ ਬੱਚਿਆਂ ਨਾਲ ਤੇ ਜਾਨਵਰਾਂ ਨਾਲ ਤਾਂ ਏਨਾ ਲਗਾਅ ਹੁੰਦਾ ਹੈ ਇਸ ਉਮਰ ਦੇ ਬੱਚੇ ਜਾਨਵਰਾਂ ਦੀਆਂ ਕਹਾਣੀਆਂ ਸੁਣਨਾ ਜਾਂ ਕਾਰਟੂਨ ਚੈਨਲ ਵੇਖਣਾ ਵੀ ਪਸੰਦ ਕਰਦੇ ਹਨ। ਕਹਾਣੀ ਵਿਚ ਛੋਟੇ ਤੇ ਅੱਛੇ ਜਾਨਵਰ ਦੀ ਵੱਡੇ ਤੇ ਖ਼ੂੰਖਾਰ ਜਾਨਵਰ ਉੱਤੇ ਜਿੱਤ ਹੀ ਦਰਸਾਉਣੀ ਚਾਹੀਦੀ ਹੈ, ਜਿਵੇਂ ਨਿੱਕੇ ਚੂਹੇ ਨੇ ਕਿਵੇਂ ਵੱਡੀ ਤੇ ਖ਼ੂੰਖਾਰ ਬਿੱਲੀ ਤੋਂ ਬਚ ਕੇ ਉਸ ਨੂੰ ਸਬਕ ਸਿਖਾ ਦਿੱਤਾ। ਆਪਣੇ ਸਰੀਰ ਦੇ ਅੰਗਾਂ ਬਾਰੇ ਵੀ ਬੱਚੇ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਕਹਾਣੀ ਵਿਚਲੇ ਪਾਤਰ ਦੇ ਅੰਗਾਂ ਬਾਰੇ ਬੋਲ ਕੇ ਨਾਲ ਦੀ ਨਾਲ ਬੱਚੇ ਦੇ ਅੰਗ ਵੀ ਟੋਹ ਕੇ ਉਸ ਨੂੰ ਦੱਸ ਦੇਣੇ ਚਾਹੀਦੇ ਹਨ। ਜਿਵੇਂ ਚੂਹੇ ਨੇ ਬਾਂਹ ਚੁੱਕ ਕੇ ਆਪਣੇ ਡੌਲੇ ਵਿਖਾਏ, ਆਹ ਵੇਖ ਤੇਰੀ ਬਾਂਹ। ਇਸ ਤਰ੍ਹਾਂ ਬੋਲਣ ਦੇ ਨਾਲ ਬੱਚੇ ਦੀ ਬਾਂਹ ਚੁੱਕ ਕੇ ਉਸ ਦੇ ਡੌਲੇ ਟੋਹ ਕੇ ਵੀ ਵਿਖਾ ਦਿਓ। ਇਸ ਉਮਰ ਦੀਆਂ ਕਵਿਤਾਵਾਂ ਜਾਂ ਗਾਣੇ ਵੀ ਲੈਅ ਵਾਲੇ ਹੋਣੇ ਚਾਹੀਦੇ ਹਨ, ਜਿਸ ਨਾਲ ਬੱਚਾ ਕੁੱਝ ਲੱਤ ਪੈਰ ਹਿਲਾ ਵੀ ਸਕੇ। ਜੇ ਕਿਤੇ ਜੰਮਣ ਤੋਂ ਪਹਿਲਾਂ ਵਾਲਾ ਮਧੁਰ ਸੰਗੀਤ ਲਾ ਦਿੱਤਾ ਜਾਵੇ ਤਾਂ ਬੱਚਾ ਮਸਤ ਹੁੰਦਾ ਵੇਖਿਆ ਜਾ ਸਕਦਾ ਹੈ। ਇੱਥੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਕਾਮ ਭੜਕਾਊ ਗਾਣੇ ਇਸ ਉਮਰ ਵਿਚ ਸੁਣਨ ਨਾਲ ਬੱਚੇ ਦੀ ਮਾਨਸਿਕਤਾ ਹਮੇਸ਼ਾ ਲਈ ਬੀਮਾਰ ਹੋ ਸਕਦੀ ਹੈ। ਕਿਤਾਬ ਵਿੱਚੋਂ ਕਹਾਣੀ ਵਿਚਲੀ ਫ਼ੋਟੋ ਵਿਖਾ ਕੇ ਕਹਾਣੀ ਸੁਣਾਈ ਜਾਏ ਤਾਂ ਕਹਾਣੀ ਵਿਚ ਬੱਚੇ ਦਾ ਰੁਝਾਨ ਹੋਰ ਵੀ ਵੱਧ ਜਾਂਦਾ ਹੈ। ਦੂਜੀ ਵਾਰ ਕਹਾਣੀ ਸੁਣਾਉਣ ਲੱਗਿਆਂ ਬੱਚੇ ਤੋਂ ਤਸਵੀਰ ਉੱਤੇ ਉਂਗਲ ਲਗਵਾਉਣੀ ਚਾਹੀਦੀ ਹੈ। ਫ਼ਰਜ਼ ਕਰੋ ਜੇ ਤਸਵੀਰ ਘੋੜੇ ਦੀ ਹੈ ਤਾਂ ਬੱਚਾ ਘੋੜੇ ਦੀ ਤਸਵੀਰ ਨਾਲ ਘੋੜਾ ਸ਼ਬਦ ਵੀ ਜੋੜ ਲਵੇਗਾ ਤੇ ਨਾਲ ਦੀ ਨਾਲ ਘੋੜੇ ਦੀ ਆਵਾਜ਼ ਵੀ ਸਮਝ ਲਵੇਗਾ। ਇਹ ਉਸ ਦੇ ਵਧਦੇ ਦਿਮਾਗ਼ ਲਈ ਜ਼ਰੂਰੀ ਹੈ। ਇਸ ਨਾਲ ਬੱਚੇ ਦੀ ਯਾਦਦਾਸ਼ਤ ਵੀ ਵਧਦੀ ਹੈ। ਨਹਾਉਣ ਦਾ ਵਕਤ ਤਾਂ ਇਸ ਉਮਰ ਵਿਚ ਆਵਾਜ਼ਾਂ ਭਰਪੂਰ ਹੋਣਾ ਚਾਹੀਦਾ ਹੈ। ਬੱਚੇ ਨੂੰ ਪਾਣੀ ਦੀ ਆਵਾਜ਼, ਬੁਲਬੁਲੇ ਕੱਢਣ ਦੀ ਆਵਾਜ਼, ਘੜੀ ਦੀ ਟਿਕ ਟਿਕ, ਇੰਜਣ, ਹਵਾਈ ਜਹਾਜ਼ ਤੇ ਵੱਖਰੇ ਵੱਖਰੇ ਜਾਨਵਰਾਂ ਦੀਆਂ ਆਵਾਜ਼ਾ, ਪੀੜ੍ਹੀ ਘੜੀਸਣ ਦੀ ਆਵਾਜ਼, ਕੱਪ ਡਿੱਗਣ ਦੀ ਆਵਾਜ਼ ਆਦਿ ਨਾਲ ਵਾਕਫ਼ੀਅਤ ਜ਼ਰੂਰੀ ਹੈ। ਇਸ ਤਰ੍ਹਾਂ ਨਰਸਰੀ ਵਿਚ ਜਦੋਂ ਆਵਾਜ਼ਾਂ ਸਿਖਾਈਆਂ ਜਾਂਦੀਆਂ ਹਨ ਤਾਂ ਬੱਚਾ ਸਕਿੰਟਾਂ ਵਿਚ ਹੀ ਦਿਮਾਗ਼ ਵਿੱਚੋ ਅਨ-ਕੋਡਿੰਗ ਕਰ ਕੇ ਸਿੱਖ ਲੈਂਦਾ ਹੈ। ਬੱਚੇ ਦੇ ਇਕ ਲਫ਼ਜ਼ ਤੋਂ ਅੱਗੇ ਕਹਾਣੀ ਘੜ ਲਈਦੀ ਹੈ। ਜਿਵੇਂ ਬੱਚੇ ਨੇ ਲਫ਼ਜ਼ ਬੋਲਿਆ, ਕਾਰ। ਤਾਂ ਅੱਗੇ ਮਾਂ ਨੂੰ ਚਾਹੀਦਾ ਹੈ ਕਹੇ, ਕਾਰ ਚੱਲੀ, ਸੋਨੂੰ ਨੂੰ ਲੈ ਕੇ ਦੂਰ ਜੰਗਲ ਵਿਚ ਗਈ, ਉੱਥੇ ਸੋਨੂੰ ਨੇ ਹਾਥੀ ਵੇਖਿਆ। ਹਾਥੀ ਨੇ ਜ਼ੋਰ ਦੀ ਚਿੰਘਾੜ ਕੇ ਸੋਨੂੰ ਨੂੰ ਸਤਿ ਸ੍ਰੀ ਅਕਾਲ ਕਹੀ। ਹਾਥੀ ਕਿਵੇਂ ਚਿੰਘਾੜਿਆ- 'ਵੌ ਓ'। ਦੋ ਤੋਂ ਤਿੰਨ ਸਾਲ ਦੇ ਬੱਚੇ ਨਾਲ ਵਾਰਤਾ ਦੋ ਤੋਂ ਤਿੰਨ ਸਾਲ ਦੇ ਬੱਚੇ ਦੀ ਸਮਝ ਕੁੱਝ ਜ਼ਿਆਦਾ ਹੋ ਜਾਂਦੀ ਹੈ। ਉਹ ਦਰਵਾਜ਼ੇ ਦੀ ਘੰਟੀ, ਟੈਲੀਫ਼ੋਨ ਦੀ ਘੰਟੀ, ਉੱਪਰ ਜਾਣਾ, ਥੱਲੇ ਉਤਰਨਾ, ਬਾਰੇ ਪੂਰੀ ਤਰ੍ਹਾਂ ਸਮਝ ਲੈਂਦਾ ਹੈ। ਗੱਲ ਬਾਤ ਵਿਚ ਵੀ ਕਿਰਿਆ ਬਾਰੇ ਸਮਝਣ ਲੱਗ ਪੈਂਦਾ ਹੈ, ਜਿਵੇਂ ''ਗੇਂਦ ਲਿਆ ਕੇ ਮੇਰੇ ਵੱਲ ਸੁੱਟ।'' ਟੈਲੀਵੀਜ਼ਨ ਨਾ ਵੇਖਦੇ ਹੋਏ ਵੀ ਉਹ ਦੂਜੇ ਕਮਰੇ ਵਿੱਚੋਂ ਹੀ ਆਵਾਜ਼ ਸੁਣ ਕੇ ਇਸ਼ਤਿਹਾਰ ਬਾਰੇ ਦੱਸ ਸਕਦਾ ਹੈ। ਚੀਜ਼ਾਂ ਦਾ ਨਾਂ ਲੈ ਕੇ ਬੱਚਾ ਪੁੱਛਣਾ ਵੀ ਸ਼ੁਰੂ ਕਰ ਦਿੰਦਾ ਹੈ, ''ਮੇਰਾ ਬਸਤਾ ਕਿੱਥੇ?'' ਜਾਂ ''ਮੰਮੀ ਕਿੱਥੇ?'' ਇਸ ਵੇਲੇ ਬੱਚੇ ਨੂੰ ਸਿਖਾਉਣ ਦਾ ਤਰੀਕਾ ਵੱਖਰਾ ਹੋ ਜਾਂਦਾ ਹੈ। ਫ਼ਰਜ਼ ਕਰੋ ਬੱਚੇ ਨੇ ਕਿਹਾ, ''ਫੁੱਲ।'' ਮਾਪੇ ਕਹਿਣਗੇ, ''ਹਾਂ, ਸੋਹਣਾ ਫੁੱਲ, ਲਾਲ ਰੰਗ ਦਾ ਐ। ਖ਼ੁਸ਼ਬੂ ਵੀ ਸੋਹਣੀ ਹੈ। ਮੇਰਾ ਸੋਨੂੰ ਸੁੰਘੇਗਾ?'' ਇਸ ਤਰੀਕੇ ਨਾਲ ਫੁੱਲ ਦੀ ਪੂਰੀ ਜਾਣਕਾਰੀ ਬੱਚੇ ਨੂੰ ਮਿਲ ਗਈ। ਇਹੀ ਕੁੱਝ ਕਹਾਣੀ ਦੀ ਕਿਤਾਬ 'ਤੇ ਲਿਖਿਆ ਹੋਣਾ ਚਾਹੀਦਾ ਹੈ। ਜੇ ਭੈਣ ਬਾਰੇ ਕਹਿਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ, ''ਦੀਦੀ- ਕੁੜੀ, ਵੱਡੀ ਹੋ ਕੇ ਮੰਮੀ ਵਾਂਗ ਔਰਤ। ਸੋਨੂੰ ਮੁੰਡਾ- ਵੱਡਾ ਹੋ ਕੇ ਪਾਪਾ ਵਾਂਗ ਆਦਮੀ।'' ਇਸੇ ਹੀ ਤਰ੍ਹਾਂ ਕੋਈ ਚੀਜ਼ ਬਾਲਟੀ ਵਿਚ ਪਾ ਕੇ, ਬੱਚੇ ਤੋਂ ਕਢਵਾ ਕੇ ਉਸ ਚੀਜ਼ ਦਾ ਵਿਸਥਾਰ ਦੱਸਿਆ ਜਾ ਸਕਦਾ ਹੈ। ਕਹਾਣੀ ਦੀ ਕਿਤਾਬ ਚੁੱਕ ਕੇ ਉਸ ਵਿਚਲੇ ਤਰਦੇ ਹੋਏ ਬੱਚੇ ਵੱਲ ਇਸ਼ਾਰਾ ਕਰ ਕੇ ਕਹਾਣੀ ਸੁਣਾਈ ਜਾ ਸਕਦੀ ਹੈ- ''ਕਾਕਾ ਤਰ ਰਿਹਾ ਹੈ, ਪਾਣੀ ਵਿਚ। ਪਾਪਾ ਤਰਦੇ ਨੇ। ਸੋਨੂੰ ਵੀ ਤਰੇਗਾ।'' ਬੱਚੇ ਨੂੰ ਸਵਾਲ ਵੀ ਅਜਿਹੇ ਪੁੱਛਣੇ ਚਾਹੀਦੇ ਹਨ, ਜਿਸ ਦਾ ਉਸ ਨੂੰ ਦੋ ਜਾਂ ਤਿੰਨ ਸ਼ਬਦਾਂ ਵਿਚ ਜਵਾਬ ਦੇਣਾ ਪਵੇ ਨਾ ਕਿ ਸਿਰਫ਼ ਹਾਂ ਜਾਂ ਨਾ ਵਿਚ। ਜਿਵੇਂ ''ਦੁੱਧ ਪੀਣੈ'' ਪੁੱਛਣ ਦੀ ਬਜਾਇ ਪੁੱਛੋ, ''ਮੰਮੀ ਕੀ ਖਾਣ ਲਈ ਲਿਆਏ? ਸੋਨੂੰ ਕੀ ਖਾਏਗਾ?'' ਬੱਚੇ ਲਈ ਲਿਖੀ ਕਹਾਣੀ ਦੀ ਕਿਤਾਬ ਵੀ ਕਹਾਣੀ ਦੇ ਅਖ਼ੀਰ 'ਤੇ ਅਜਿਹੇ ਹੀ ਸਵਾਲਾਂ 'ਤੇ ਖ਼ਤਮ ਹੋਣੀ ਚਾਹੀਦੀ ਹੈ, ''ਸੋਨੂੰ ਵੀ ਹੁਣ ਤਰੇਗਾ, ਕਿੱਥੇ ਤਰੇਗਾ? ਕਦੋਂ ਤਰੇਗਾ? '' ਅਜਿਹੀ ਕਿਤਾਬ ਦੇ ਇਕ ਪਾਸੇ ਖ਼ਾਲੀ ਥਾਂ ਹੋਣੀ ਚਾਹੀਦੀ ਹੈ, ਜਿੱਥੇ ਘਰ ਵਾਲਿਆਂ ਦੀ ਫ਼ੋਟੋ ਲਾਈ ਜਾ ਸਕੇ। ਜਿਵੇਂ ਤਰਨ ਵਾਲੀ ਕਹਾਣੀ ਦੇ ਇਕ ਪਾਸੇ ਬੱਚੇ ਦੀ ਆਪਣੀ ਫ਼ੋਟੋ, ਜਿਸ ਵਿਚ ਬੱਚਾ ਪਾਣੀ ਵਿਚ ਖੇਡ ਰਿਹਾ ਹੋਵੇ ਜਾਂ ਉਸ ਦੇ ਪਾਪਾ ਤਰ ਰਹੇ ਹੋਣ, ਦੀ ਤਸਵੀਰ ਲਾਈ ਜਾ ਸਕੇ। ਇਸ ਉਮਰ ਵਿਚ ਬੱਚਾ 150 ਤੋਂ 900 ਨਵੇਂ ਅੱਖਰਾਂ ਨੂੰ ਸਮਝਣ ਤੇ ਯਾਦ ਰੱਖਣ ਦੀ ਸ਼ਕਤੀ ਰੱਖਦਾ ਹੈ। ਕਹਾਣੀ ਪੱਕਿਆਂ ਕਰਨ ਲਈ ਬੱਚੇ ਨੂੰ ਬਾਅਦ ਵਿਚ ਸਵਾਲ ਪੱਛੇ ਜਾ ਸਕਦੇ ਹਨ; ਜਿਵੇਂ, ''ਪਾਪਾ ਕੀ ਕਰਦੇ ਸੀ? ਕੀ ਕਾਕਾ ਤਰ ਰਿਹਾ ਸੀ? ਕਾਕਾ ਮੁੰਡਾ ਹੈ? ਕੀ ਸੋਨੂੰ ਵੀ ਮੁੰਡਾ ਹੈ? ਸੋਨੂੰ ਦਾ ਨਾਮ ਕੀ ਹੈ? ਕਾਕੇ ਦਾ ਨਾਮ ਕੀ ਸੀ?'' ਆਦਿ। ਤਿੰਨ ਤੋਂ ਚਾਰ ਸਾਲ ਦੇ ਬੱਚੇ ਨਾਲ ਵਾਰਤਾ ਤਿੰਨ ਤੋਂ ਚਾਰ ਸਾਲ ਦਾ ਬੱਚਾ ਤਾਂ ਚਾਰ ਪੰਜ ਲਫ਼ਜ਼ਾਂ ਦੀ ਲਾਈਨ ਵੀ ਬੋਲ ਸਕਦਾ ਹੈ। ਹੁਣ ਤਕ ਦੇ ਸਿੱਖੇ ਹਜ਼ਾਰ ਲਫ਼ਜ਼ਾਂ ਦੇ ਨਾਲ ਨਾਲ ਬੱਚਾ ਹਜ਼ਾਰ ਹੋਰ ਲਫ਼ਜ਼ ਵੀ ਸਿੱਖ ਲੈਂਦਾ ਹੈ ਤੇ ਔਸਤਨ 4 ਤੋਂ 6 ਨਵੇਂ ਲਫ਼ਜ਼ ਰੋਜ਼ ਸਿੱਖ ਸਕਦਾ ਹੈ। ਇਸ ਉਮਰ ਵਿਚ ਬੱਚਾ ਹੱਸਣ ਤੇ ਰੋਣ ਬਾਰੇ ਸਮਝਣਾ ਸ਼ੁਰੂ ਕਰ ਦਿੰਦਾ ਹੈ। ਉਸ ਨੂੰ ਗੁੱਸਾ, ਉਦਾਸੀ ਤੇ ਡਰ ਬਾਰੇ ਵੀ ਸਮਝ ਆਉਣ ਲੱਗ ਪੈਂਦੀ ਹੈ। ਇਸੇ ਲਈ ਇਨ੍ਹਾਂ ਭਾਵਾਂ ਨੂੰ ਕਹਾਣੀ ਵਿਚ ਪਰੋਇਆ ਜਾ ਸਕਦਾ ਹੈ। ਇਸ ਉਮਰ ਵਿਚ ਬੱਚਾ ਕੁੱਝ ਲੰਬੀਆਂ ਕਵਿਤਾਵਾਂ ਤੇ ਕੁੱਝ ਲੰਬੀਆ ਕਹਾਣੀਆਂ ਵੀ ਸੁਣ ਲੈਂਦਾ ਹੈ। ਮਾਪਿਆਂ ਦੇ ਲੰਬੇ ਆਦੇਸ਼ ਵੀ ਉਸਦਾ ਦਿਮਾਗ਼ ਸਮਝਣ ਲੱਗ ਪੈਂਦਾ ਹੈ, ਜਿਵੇਂ- ''ਪੀਲਾ ਤੇ ਨੀਲਾ ਰੰਗ ਮਿਲਾ ਕੇ ਇਕ ਨਵਾਂ ਰੰਗ ਬਣਾਇਆ ਜਾ ਸਕਦਾ ਹੈ।'' ਕਿਤਾਬ ਪੜ੍ਹ ਕੇ ਸੁਣਾਉਂਦਿਆਂ ਹੋਇਆਂ ਵੱਡਾ ਮੂੰਹ ਖੋਲ੍ਹਣਾ ਜਾਂ ਅੱਖਾਂ ਘੁਮਾਉਣੀਆਂ ਤੇ ਉੱਚੀਆਂ ਆਵਾਜ਼ਾਂ ਕੱਢਣ ਦੀ ਲੋੜ ਨਹੀਂ ਪੈਂਦੀ, ਬਲਕਿ ਪੜ੍ਹ ਕੇ ਕਹਾਣੀ ਸੁਣਾਉਂਦਿਆਂ ਆਵਾਜ਼ ਵਿਚ ਹਲਕੇ ਬਦਲਾਵ ਤੋਂ ਹੀ ਬੱਚਾ ਸਮਝ ਸਕਦਾ ਹੈ। ਇਸ ਉਮਰ ਵਿਚ ਦੂਜੀ ਭਾਸ਼ਾ ਦਾ ਕੋਈ ਕੋਈ ਲਫ਼ਜ਼ ਵੀ ਕਹਾਣੀ ਸੁਣਾਉਣ ਜਾਂ ਪੜ੍ਹਨ ਲੱਗਿਆਂ ਵਰਤਿਆ ਜਾ ਸਕਦਾ ਹੈ, ਜਿਸ ਨੂੰ ਬੱਚਾ ਪਹਿਲੇ ਸਿੱਖੇ ਅੱਖਰ ਨਾਲ ਸਾਂਝ ਕੱਢ ਕੇ ਯਾਦ ਰੱਖ ਲੈਂਦਾ ਹੈ। ਜੇ ਬੱਚੇ ਨੂੰ ਲਫ਼ਜ਼ ਬਹੁਤ ਛੇਤੀ ਸਿਖਾ ਦਿੱਤੇ ਜਾਣ ਜਾਂ ਢੇਰ ਸਾਰੇ ਲਫ਼ਜ਼ ਇਕੱਠੇ ਦੱਸੇ ਜਾਣ ਤਾਂ ਕਈ ਵਾਰ ਉਹ ਪਛਾਣਨ ਵੇਲੇ ਗੜਬੜ ਕਰ ਸਕਦਾ ਹੈ। ਜਿਵੇਂ ਘੋੜਾ ਵੇਖਦੇ ਸਾਰ ਬੱਚਾ ਇਕਦਮ ਕਹੇ, ''ਉਹ ਵੇਖੋ ਹਾਥੀ ਆਉਂਦਾ ਪਿਆ।'' ਨਾਂਵ, ਪੜਨਾਂਵ ਆਦਿ ਵਿਚ ਵੀ ਬੱਚਾ ਥੋੜੀ ਬਹੁਤ ਗੜਬੜ ਕਰ ਸਕਦਾ ਹੈ। ਕਈ ਵਾਰ ਅਜਿਹੇ ਮੌਕੇ ਇੰਨੇ ਹਾਸੋ-ਹੀਣੇ ਹੋ ਜਾਂਦੇ ਹਨ ਕਿ ਪੁੱਛੋ ਨਾ। ਜਿਵੇਂ ਇਕ ਬੱਚੇ ਨੇ ਕਿਹਾ, ''ਓ ਵੇਖੋ, ਕਬਰੀਆਂ ਛੂਹਣ ਛੂਹਣ ਖੇਡਦੀਆਂ।'' ਦਰਅਸਲ ਬੱਕਰੀਆਂ ਭੱਜ ਰਹੀਆਂ ਸਨ। ਇਸੇ ਉਮਰ ਵਿਚ ਬੱਚਾ ਆਪਣੇ ਆਪ ਨੂੰ ਕਹਾਣੀ ਵਿਚ ਵੀ ਵੇਖਣਾ ਚਾਹੁੰਦਾ ਹੈ। ਮਸਲਨ, ''ਇਕ ਚਿੜੀ ਤੇ ਕਾਂ ਨੇ ਖਿਚੜੀ ਖਾਣੀ ਸੀ। ਕਾਂ ਨੇ ਕਿਹਾ ਮੈਂ ਚੌਲ ਲਿਆਵਾਂਗਾ, ਤੂੰ ਦਾਲ ਲੈ ਕੇ ਆ। ਚਿੜੀ, ਸੋਨੂੰ ਦੇ ਘਰ ਗਈ, ਦਾਲ ਦਾ ਦਾਣਾ ਲੈ ਕੇ ਆਈ। ਕਾਂ, ਸੋਨੂੰ ਦੇ ਘਰ ਗਿਆ, ਉਹ ਚੌਲ ਦਾ ਦਾਣਾ ਲੈ ਕੇ ਆਇਆ,'' ਆਦਿ। ਇਕ ਹੋਰ ਨਵੀਂ ਚੀਜ਼ ਜੋ ਬੱਚਾ ਇਸੇ ਉਮਰ ਵਿਚ ਸਿੱਖਦਾ ਹੈ, ਉਹ ਹੈ 'ਅਸਮਾਨਤਾ'। ਇੱਕੋ ਜਿਹੀਆਂ ਪੰਜ ਚੀਜ਼ਾਂ ਵਿਚ ਇਕ ਵੱਖਰੀ ਚੀਜ਼ ਪਾ ਕੇ ਬੱਚੇ ਨੂੰ ਇਨ੍ਹਾਂ ਵਿੱਚੋਂ ਅਲੱਗ ਚੀਜ਼ ਨੂੰ ਲੱਭਣ ਲਈ ਕਿਹਾ ਜਾ ਸਕਦਾ ਹੈ। ਮਸਲਨ ਚਾਰ ਜਾਨਵਰਾਂ ਦੀਆਂ ਤਸਵੀਰਾਂ ਤੇ ਇਕ ਚਿੜੀ ਦੀ ਤਸਵੀਰ ਰੱਖ ਕੇ ਇਨ੍ਹਾਂ ਵਿੱਚੋਂ ਵੱਖਰੀ ਚੀਜ਼ ਬੱਚੇ ਨੂੰ ਲੱਭਣ ਲਈ ਕਹੀ ਜਾ ਸਕਦੀ ਹੈ। ਬੱਚੇ ਨੂੰ ਕਹਾਣੀ ਸੁਣਾਉਣ ਤੋਂ ਬਾਅਦ ਉਸ ਤੋਂ ਵਾਪਸ ਕਹਾਣੀ ਵੀ ਸੁਣੀ ਜਾਣੀ ਚਾਹੀਦੀ ਹੈ। ਬੱਚਾ ਸਿਰਫ਼ ਕਹਾਣੀ ਵਿਚਲੇ ਸਭ ਤੋਂ ਮਜ਼ੇਦਾਰ ਹਿੱਸੇ ਨੂੰ ਹੀ ਦੁਹਰਾਉਂਦਾ ਹੈ। ਇਸ ਨਾਲ ਅੰਦਾਜ਼ਾ ਲੱਗ ਸਕਦਾ ਹੈ ਕਿ ਬੱਚੇ ਨੂੰ ਕਹਾਣੀ ਵਿਚ ਕੀ ਪਸੰਦ ਹੈ। ਬੱਚੇ ਨੂੰ ਸਵਾਲ ਵੀ ਪੁੱਛਣ ਦੇਣੇ ਚਾਹੀਦੇ ਹਨ ਤੇ ਮਾਪਿਆਂ ਨੂੰ ਜਾਣ ਬੁੱਝ ਕੇ ਬੇਵਕੂਫ਼ ਬਣ ਜਾਣਾ ਚਾਹੀਦਾ ਹੈ ਤਾਂ ਜੋ ਬੱਚਾ ਰੱਜ ਕੇ ਹੱਸ ਸਕੇ ਤੇ ਕਹਾਣੀ ਵਿਚ ਰੁੱਝਿਆ ਰਹੇ। ਮਸਲਨ, ਜੇ ਬੱਚਾ ਪੁੱਛੇ, ''ਸੋਨੂੰ ਦੇ ਘਰੋਂ ਚਿੜੀ ਕੀ ਲੈ ਕੇ ਗਈ?'' ਤਾਂ ਮਾਪਿਆਂ ਨੂੰ ਜਾਣ ਬੁੱਝ ਕੇ ਪੁੱਠਾ ਜਵਾਬ ਦੇਣਾ ਚਾਹੀਦਾ ਹੈ, ''ਚੌਲ।'' ਇਸ 'ਤੇ ਬੱਚਾ ਖੁੱਲ੍ਹ ਕੇ ਹੱਸੇਗਾ ਤੇ ਕਹੇਗਾ, ''ਓਹੋ, ਏਨਾ ਵੀ ਨਹੀਂ ਪਤਾ ਚਿੜੀ ਦਾਲ ਲੈ ਕੇ ਗਈ ਸੀ।'' ਕਹਾਣੀ ਸੁਣਾਉਣ ਲੱਗਿਆਂ ਮਾਂ ਨੂੰ ਹਲਕੀ ਨਾਟਕੀਅਤਾ ਜ਼ਰੂਰ ਲਿਆਉਣੀ ਚਾਹੀਦੀ ਹੈ। ਮਸਲਨ ਜੇ ਕਹਾਣੀ ਵਿਚ ਲਿਖਿਆ ਹੈ, 'ਸੌਂ ਗਿਆ' ਤਾਂ ਬੱਚੇ ਦਾ ਸਿਰ ਗੋਦ ਵਿਚ ਰੱਖ ਕੇ ਕੋਹ 'ਇੰਝ ਸੌਂ ਗਿਆ' ਜਾਂ ਗੁੱਡੀ ਨੂੰ ਲਿਟਾ ਕੇ ਥਾਪੜ ਕੇ ਦਿਖਾ ਦਿਓ। ਬਿਲਕੁਲ ਇਸੇ ਹੀ ਤਰ੍ਹਾਂ ਜੇ ਕਹਾਣੀ ਵਿਚ ਕੁਕੜੀ ਖਾਣਾ ਬਣਾਉਂਦੇ ਦਿਖਾਈ ਗਈ ਹੈ ਤਾਂ ਆਪ ਖਾਣਾ ਬਣਾਉਂਦੇ ਹੋਏ ਕੁਕੜੀ ਦੀ ਕਹਾਣੀ ਫੇਰ ਛੇੜ ਲਵੋ। ਚਾਰ ਤੋਂ ਪੰਜ ਸਾਲ ਦੇ ਬੱਚੇ ਨਾਲ ਵਾਰਤਾ ਚਾਰ ਤੋਂ ਪੰਜ ਸਾਲ ਦੇ ਬੱਚੇ ਥੋੜੀਆਂ ਲੰਬੀਆਂ ਕਹਾਣੀਆਂ ਵੀ ਸੁਣ ਲੈਂਦੇ ਹਨ। ਲਫ਼ਜ਼ ਏਨੇ ਔਖੇ ਨਹੀਂ ਹੋਣੇ ਚਾਹੀਦੇ ਕਿ ਬੱਚਾ ਦੁਹਰਾ ਨਾ ਸਕੇ। ਜੇ ਕੋਈ ਲਫ਼ਜ਼ ਬਹੁਤ ਔਖਾ ਹੈ, ਜਿਵੇਂ 'ਗਡਰੀਆ' ਤਾਂ ਉਹ ਲਫ਼ਜ਼ ਰੋਜ਼ ਦਿਨ ਵਿਚ ਸੱਤ ਅੱਠ ਵਾਰ ਦੁਹਰਾਓ ਤੇ ਬੱਚੇ ਨੂੰ ਮਤਲਬ ਵੀ ਦੱਸਦੇ ਰਹੋ ਤਾਂ ਬੱਚਾ ਹੌਲੀ ਹੌਲੀ ਯਾਦ ਕਰ ਲੈਂਦਾ ਹੈ। ਇਸ ਉਮਰ ਵਿਚ ਬੱਚਾ ਭਾਰਾ, ਹਲਕਾ, ਖੁਰਦਰਾ, ਨਰਮ ਆਦਿ ਵਿਚ ਫ਼ਰਕ ਮਹਿਸੂਸ ਕਰਨ ਲੱਗ ਪੈਂਦਾ ਹੈ, ਇਸ ਲਈ ਕਹਾਣੀ ਵਿਚ ਇਹ ਸਭ ਸ਼ਾਮਿਲ ਕੀਤਾ ਜਾ ਸਕਦਾ ਹੈ। ਮਸਲਨ, ''ਖ਼ਰਗੋਸ਼ ਜਦੋਂ ਸ਼ੇਰ ਕੋਲ ਗਿਆ ਤਾਂ ਉਸ ਨੇ ਖ਼ਰਗੋਸ਼ ਦੇ ਨਰਮ ਨਰਮ ਵਾਲਾਂ ਉੱਤੇ ਆਪਣਾ ਭਾਰਾ ਤੇ ਖੁਰਦਰਾ ਹੱਥ ਰੱਖ ਦਿੱਤਾ।'' ਇਸ ਉਮਰ ਵਿਚ ਬੱਚੇ ਦੇ ਦਿਮਾਗ਼ ਵਿਚ ਬਹੁਤ ਸਾਰੇ ਸਵਾਲ ਹੁੰਦੇ ਹਨ, ਜਿਹੜੇ ਬੱਚਾ ਕਹਾਣੀ ਦੌਰਾਨ ਪੁੱਛਣਾ ਚਾਹੁੰਦਾ ਹੈ। ਬੱਚੇ ਨੂੰ ਟੋਕਣਾ ਨਹੀਂ ਚਾਹੀਦਾ, ਬਲਕਿ ਉਸਦੇ ਹਰ ਸਵਾਲ ਦਾ ਜਵਾਬ ਕਹਾਣੀ ਰੋਕ ਕੇ ਦੇਣਾ ਚਾਹੀਦਾ ਹੈ। ਇਸ ਉਮਰ ਵਿਚ ਬੱਚੇ ਦੇ ਹੱਥ ਵਿਚ ਦੋ ਗੁੱਡੀਆਂ ਫੜਾ ਕੇ ਕਹਾਣੀ ਉਨ੍ਹਾਂ ਦੇ ਮੂੰਹੋਂ ਬੁਲਵਾਈ ਜਾ ਸਕਦੀ ਹੈ। ਜਿਵੇਂ ਇਕ ਗੁੱਡੀ ਫੜ ਕੇ ਉਸ ਵੱਲੋਂ ਇਕ ਲਾਈਨ ਫ਼ਰਜ਼ੀ ਬੋਲ ਦਿੱਤੀ ਤੇ ਅਗਲੀ ਲਾਈਨ ਦੂਜੀ ਗੁੱਡੀ ਵੱਲੋਂ। ਬੱਚੇ ਨੂੰ ਕਹਾਣੀ ਦੀ ਕਿਤਾਬ ਵਿਚ ਬਣੀਆਂ ਸੌਖੀਆਂ ਤਸਵੀਰਾਂ ਵਾਹੁਣ ਲਈ ਵੀ ਕਿਹਾ ਜਾ ਸਕਦਾ ਹੈ। ਕਹਾਣੀ ਦੀ ਕਿਤਾਬ ਵਿਚ ਖ਼ੂਬਸੂਰਤ ਵੱਡੀਆਂ ਤਸਵੀਰਾਂ, ਹਰ ਸਫ਼ੇ 'ਤੇ ਦੋ ਜਾਂ ਤਿੰਨ ਲਾਈਨਾਂ ਵਿਚ ਵੱਡੇ ਵੱਡੇ ਲਿਖੇ ਅੱਖਰਾਂ ਦੇ ਸ਼ਬਦ ਤੇ ਅੰਤ ਵਿਚ ਕੋਈ ਸਿੱਖਿਆ ਹੋਣੀ ਜ਼ਰੂਰੀ ਹੈ। ਪੰਜ ਸਾਲ ਤਕ ਦੇ ਹੁੰਦੇ ਹੁੰਦੇ ਬੱਚਾ ਇਕ ਸਫ਼ੇ 'ਤੇ ਵੱਡੀ ਤਸਵੀਰ ਨਾਲ ਪੰਜ ਛੇ ਲਾਈਨਾਂ ਦੀ ਕਹਾਣੀ ਤੇ ਦਸ ਕੁ ਸਫ਼ਿਆਂ ਦੀ ਕਿਤਾਬ ਪੂਰੇ ਧਿਆਨ ਨਾਲ ਸੁਣ ਸਕਦਾ ਹੈ, ਪਰ ਢੇਰ ਸਾਰੀਆਂ ਫ਼ੋਟੋਆਂ ਹੋਣੀਆਂ ਜ਼ਰੂਰੀ ਹਨ। ਪੰਜ ਸਾਲ ਤੋਂ ਪਹਿਲਾਂ ਬੱਚਾ ਮੌਤ ਬਾਰੇ ਬਹੁਤਾ ਸਮਝਦਾ ਨਹੀਂ, ਇਸ ਲਈ ਅਫ਼ਸੋਸ ਵਾਲੀਆਂ ਕਹਾਣੀਆਂ ਨਹੀਂ ਸੁਣਾਉਣੀਆਂ ਚਾਹੀਦੀਆਂ। ਬੱਚੇ ਲਈ ਮੌਤ ਇਕ ਮਜ਼ਾਕ ਜਿਹਾ ਹੁੰਦਾ ਹੈ ਕਿ ਹੁਣੇ ਕਹਾਣੀ ਦਾ ਪਾਤਰ ਫੇਰ ਉਠ ਪਵੇਗਾ। ਸੱਤ ਅੱਠ ਸਾਲ ਦੇ ਬੱਚੇ ਨਾਲ ਵਾਰਤਾ ਸੱਤ ਅੱਠ ਸਾਲ ਦੀ ਉਮਰ ਤੋਂ ਬਾਅਦ ਹੌਲੀ ਹੌਲੀ ਬੱਚਾ ਮੌਤ ਤੇ ਜ਼ਿੰਦਗੀ ਦੇ ਸੱਚ ਨੂੰ ਥੋੜਾ ਥੋੜਾ ਸਮਝਣਾ ਸ਼ੁਰੂ ਕਰ ਦਿੰਦਾ ਹੈ ਤੇ ਦੁੱਖ ਭਰੀ ਕਹਾਣੀ ਸੁਣ ਕੇ ਰੋਣ ਵੀ ਲੱਗ ਪੈਂਦਾ ਹੈ। ਅਜਿਹੀ ਕਹਾਣੀ ਜਾਂ ਤਾਂ ਬੱਚਾ ਅੱਧ ਵਿਚ ਹੀ ਸੁਣਨ ਤੋਂ ਨਾਂਹ ਕਰ ਦਿੰਦਾ ਹੈ ਜਾਂ ਦੁਬਾਰਾ ਸੁਣਨੀ ਹੀ ਨਹੀਂ ਚਾਹੁੰਦਾ। ਬੱਚੇ ਨੂੰ ਜਾਦੂਗਰੀ ਦੀਆਂ ਕਹਾਣੀਆਂ ਜਾਂ ਪਰਾ-ਸਰੀਰਕ ਕਹਾਣੀਆਂ ਇਸ ਉਮਰ ਵਿਚ ਬਹੁਤ ਭਾਉਂਦੀਆ ਹਨ। ਕੁੱਝ ਬੱਚੇ ਡਰਾਵਨੀਆ ਕਹਾਣੀਆਂ ਵੇਖਣ ਜਾਂ ਸੁਣਨ ਦਾ ਸ਼ੌਕ ਪਾਲ ਲੈਂਦੇ ਹਨ। ਵੱਡੀ ਪੱਧਰ 'ਤੇ ਹਿੰਸਾ ਅਤੇ ਜਿਸਮਾਨੀ ਸ਼ੋਸ਼ਣ ਦੀਆਂ ਵਾਰਦਾਤਾਂ ਹੁੰਦੀਆਂ ਰਹਿਣ ਕਾਰਨ ਛੋਟੇ ਛੋਟੇ ਬੱਚੇ ਵੀ ਹਿੰਸਾ ਤੇ ਤਾਕਤਵਰਾਂ ਦੀਆਂ ਕਹਾਣੀਆਂ ਪਸੰਦ ਕਰਨ ਲੱਗ ਪਏ ਹਨ। ਇਸ ਨਾਲ ਛੋਟੇ ਬੱਚਿਆਂ ਦੀ ਮਾਨਸਿਕ ਬਣਤਰ ਹਮੇਸ਼ਾ ਲਈ ਖ਼ਰਾਬ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਬਾਲ-ਸਾਹਿਤ ਨੂੰ ਜੇ ਹਰ ਵਰਗ ਦੇ ਬੱਚਿਆਂ ਲਈ ਉਨ੍ਹਾਂ ਦੀ ਲੋੜ ਦੇ ਮੁਤਾਬਿਕ ਮਾਂ-ਬੋਲੀ ਵਿਚ ਸੁਆਦਲੇ ਤਰੀਕੇ ਨਾਲ ਘੜ ਦਿੱਤਾ ਜਾਵੇ ਤਾਂ ਇਕ ਪਾਸੇ ਤਾਂ ਇਹ ਬੱਚਿਆਂ ਲਈ ਵਡਮੁੱਲੀ ਸੌਗ਼ਾਤ ਹੋਵੇਗੀ ਤੇ ਦੂਜੇ ਪਾਸੇ ਬੇਹਤਰ ਸਮਾਜ ਦੀ ਹੋਂਦ ਵਿਚ ਆ ਜਾਣ ਦੀ ਉਮੀਦ, ਕਿਉਂਕਿ ਇਨ੍ਹਾਂ ਬਾਲਾਂ ਨੇ ਹੀ ਸਾਡਾ ਆਉਣ ਵਾਲਾ ਕੱਲ੍ਹ ਸਿਰਜਣਾ ਹੈ। ਇਹ ਤਾਂ ਹੋਈ ਵਿਗਿਆਨਕ ਗੱਲ। ਮੈਂ ਹਰ ਬਾਲ-ਸਾਹਿਤਕਾਰ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਬਾਲਾਂ ਲਈ ਸਾਹਿਤ ਘੜਨ ਵੇਲੇ ਇਹ ਗੱਲਾਂ ਯਾਦ ਰੱਖ ਸਕਣ ਤਾਂ ਉਹ ਬੱਚਿਆਂ ਲਈ ਮਾਂ-ਬੋਲੀ ਨਾਲ ਪਿਆਰ ਵਧਾਉਣ ਵਿਚ ਵੀ ਸਹਾਈ ਸਿੱਧ ਹੋ ਸਕਦੇ ਹਨ। ਮਾਂ-ਬੋਲੀ ਵਿਚਲੇ ਨਿੱਕੇ ਨਿੱਕੇ ਭੇਦ ਤਾਂ ਕਹਾਣੀਆਂ ਰਾਹੀ ਹੀ ਬੱਚਿਆਂ ਦੇ ਦਿਮਾਗ਼ ਵਿਚ ਭਰੇਂ ਜਾ ਸਕਦੇ ਹਨ। ਭਾਸ਼ਾ ਦੀਆਂ ਵੱਖ ਵੱਖ ਕਿਰਿਆਵਾਂ ਬੱਚਿਆਂ ਦੀਆਂ ਕਹਾਣੀਆਂ ਵਿਚ ਭਰਨੀਆਂ ਜ਼ਰੂਰੀ ਹਨ। ਮਸਲਨ, ਬਜਾਇ ਇਹ ਕਹਿਣ ਦੇ ਕਿ ਬੱਚਾ ਖਾਣਾ ਖਾ ਰਿਹਾ ਸੀ, 'ਖਾਣੇ' ਦੀਆਂ ਅਲੱਗ ਅਲੱਗ ਕਿਰਿਆਵਾਂ ਲਈ ਅਲੱਗ ਅਲੱਗ ਸ਼ਬਦ ਵਰਤੇ ਜਾ ਸਕਦੇ ਹਨ, ਜਿਵੇਂ ਪਪੋਲਣਾ, ਹੜੱਪਣਾ, ਚਿੱਥਣਾ, ਨਿਗਲਣਾ, ਚੱਬਣਾ, ਆਦਿ। ਨਿੱਕਾ ਜਿਹਾ ਬੱਚਾ ਜਿਸਦੇ ਦੰਦ ਹੀ ਨਹੀਂ, ਉਹ ਤਾਂ ਪਪੋਲ ਹੀ ਸਕਦਾ ਹੈ ਜਾਂ ਨਿਗਲ ਸਕਦਾ ਹੈ, ਖਾ ਨਹੀਂ ਸਕਦਾ। ਇਸੇ ਲਈ ਕਿਸੇ ਵੀ ਕਿਰਿਆ ਲਈ ਨਿਸ਼ਚਿਤ ਸ਼ਬਦ ਵਰਤਣੇ ਚਾਹੀਦੇ ਹਨ ਤਾਂ ਜੋ ਅਜਿਹੇ ਸ਼ਬਦ ਹੌਲੀ ਹੌਲੀ ਲੋਪ ਹੀ ਨਾ ਹੋ ਜਾਣ। ਬਾਲ-ਸਾਹਿਤ ਦੀ ਕਲਪਨਾ ਕਰਦੇ ਹੋਏ ਮਨੋ-ਵਿਗਿਆਨਕ ਤੇ ਵਿਗਿਆਨਕ ਪੱਖ ਜੇ ਰਲਾ ਲਏ ਜਾਣ ਤਾਂ ਹੋਰ ਵੀ ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਜ਼ਿਆਦਾ ਖ਼ਿਆਲ ਰੱਖਿਆ ਜਾ ਸਕਦਾ ਹੈ। ਬੱਚੇ ਨੂੰ ਆਵਾਜ਼ਾਂ ਬਾਰੇ ਡੂੰਘੀ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਚਿੜੀ ਚੂਕਦੀ ਹੈ, ਕੁੱਤਾ ਭੌਂਕਦਾ ਹੈ, ਸ਼ੇਰ ਗਰਜਦਾ ਹੈ, ਆਦਿ। ਇਸ ਨੂੰ ਕੁੱਤਾ ਬੋਲਿਆ ਜਾਂ ਸ਼ੇਰ ਬੋਲਿਆ ਨਾਲ ਹੀ ਨਹੀਂ ਸਾਰ ਲੈਣਾ ਚਾਹੀਦਾ। ਜੇ ਇਹ ਪੱਖ ਅੱਖੋਂ ਪਰੋਖੇ ਕੀਤੇ ਗਏ ਤਾਂ ਸਾਡੇ ਬੱਚੇ ਮਾਂ-ਬੋਲੀ ਦੇ ਨਿੱਕੇ ਨਿੱਕੇ ਭੇਦਾਂ ਤੋਂ ਤਾਂ ਵਾਂਝੇ ਰਹਿ ਹੀ ਜਾਣਗੇ, ਸਗੋਂ ਅੱਗੇ ਜਾ ਕੇ ਉਨ੍ਹਾਂ ਦੇ ਜ਼ਿਆਦਾ ਲਾਇਕ ਬਣਨ ਦੇ ਆਸਾਰ ਵੀ ਘੱਟ ਜਾਣਗੇ। ਮੰਮੀ, ਪਚਵੰਜਾ ਕੀ ਹੁੰਦੈ? ਡਾ. ਹਰਸ਼ਿੰਦਰ ਕੌਰ ਸਿੱਖ ਜਥੇਬੰਦੀਆਂ ਦੇ ਮੋਢੀਆਂ ਦੇ ਇਕ ਗ਼ੈਰ-ਰਸਮੀ ਇਕੱਠ ਵਿਚ ਮੈਨੂੰ ਖੜੇ ਹੋਣ ਦਾ ਮੌਕਾ ਮਿਲਿਆ। ਪੰਜਾਬ ਵਿਚਲੀਆਂ ਚੋਣਾਂ ਬਾਰੇ ਬੜਾ ਸ਼ੋਰੀਲਾ ਵਿਚਾਰ-ਵਟਾਂਦਰਾ ਹੋ ਰਿਹਾ ਸੀ। ਸਿਆਸੀ ਪਾਰਟੀਆਂ ਦੇ ਨੁਮਾਇੰਦੇ ਚੋਣਾਂ ਵਾਸਤੇ ਪੁੱਟੇ ਠੋਸ ਕਦਮਾਂ ਬਾਰੇ ਚਾਨਣਾ ਪਾ ਰਹੇ ਸਨ। ਚੋਣ ਪ੍ਰਚਾਰ ਵਾਸਤੇ ਲੋਕਾਂ ਦਾ ਜ਼ਮੀਰ ਧਾਰਮਿਕ ਪੱਖੋਂ ਹਲੂਣ ਦੇਣ ਦੀ ਗੱਲ ਕੀਤੀ ਗਈ। ਇਸ ਸਾਰੀ ਬਹਿਸ ਵਿਚ ਕਿਤੇ ਪੰਜਾਬੀ ਜਾ ਪੰਜਾਬੀਅਤ ਬਾਰੇ ਉਕਾ ਹੀ ਕੋਈ ਗੱਲ ਨਹੀਂ ਛਿੜੀ। ਮੈਂ ਇਸ ਪੱਖੋਂ ਤਾਂ ਬਿਲਕੁਲ ਹੀ ਸਪਸ਼ਟ ਹਾਂ ਕਿ ਕਿਸੇ ਸਿਆਸੀ ਮੋਢੀ ਨੂੰ ਇਸ ਬਾਰੇ ਸੋਚਣ ਦੀ ਵਿਹਲ ਨਹੀਂ ਹੈ। ਮੇਰਾ ਤਾਂ ਇੱਕੋ ਮਕਸਦ ਹੈ ਕਿ ਹਰ ਪੰਜਾਬੀ ਨੂੰ ਹਲੂਣ ਸਕਾਂ ਕਿ ਉਸ ਦੀ ਪਛਾਣ ਖ਼ਤਰੇ ਵਿਚ ਹੈ। ਹਰ ਪੰਜਾਬੀ ਦੇ ਸਾਹਮਣੇ ਮੈਂ ਇਹ ਤੱਥ ਰੱਖਣੇ ਚਾਹੁੰਦੀ ਹਾਂ । ਇਹ ਸਾਬਤ ਹੋ ਚੁੱਕਿਆ ਹੈ ਕਿ ਐਸ ਵੇਲੇ ਦੀਆਂ ਪ੍ਰਚਲਿਤ ਭਾਸ਼ਾਵਾਂ ਵਿੱਚੋਂ ਪੰਜਾਬੀ ਬਹੁਤ ਪੁਰਾਣੀ ਭਾਸ਼ਾ ਹੈ।
-
ਪ੍ਰੋ ਪ੍ਰੀਤਮ ਸਿੰਘ ਦੇ ਤੀਜੀ ਵਿਸ਼ਵ ਪੰਜਾਬੀ ਕਾਨਫਰੰਸ ਜਲੰਧਰ ਵਿਚ ਪੜ੍ਹੇ ਕੁੰਜੀਵਤ ਖੋਜ-ਪੱਤਰ ਵਿਚਲੀਆਂ ਇਨ੍ਹਾਂ ਸਤਰਾਂ'ਤੇ ਧਿਆਨ ਦਿੱਤਾ ਜਾਵੇ ਤਾਂ ਸਭ ਨੂੰ ਪਤਾ ਲੱਗ ਗਿਆ ਹੋਣਾ ਹੈ ਕਿ ਅੰਗਰੇਜ਼ੀ ਦੇ ਕਵੀ ਚਾਸਰ ਨੂੰ ਜੇ ਪਹਿਲਾ ਅੰਗਰੇਜ਼ੀ ਦਾ ਸ਼ਾਇਰ ਮੰਨਿਆ ਜਾਵੇ ਤਾਂ ਉਸ ਦਾ ਜਨਮ 1340 ਵਿਚ ਹੋਇਆ ਸੀ, ਜਦ ਕਿ ਬਾਬਾ ਫ਼ਰੀਦ 1178 ਵਿਚ ਜਨਮੇ ਸਨ। ਇਸ ਦਾ ਮਤਲਬ ਇਹ ਹੋਇਆ ਕਿ ਚਾਸਰ ਪੰਜਾਬੀ ਦੇ ਆਦਿ ਕਵੀ ਬਾਬਾ ਫ਼ਰੀਦ ਦੇ ਪੜਪੋਤਰਿਆਂ ਦੀ ਉਮਰ ਦਾ ਹੋਇਆ ਤਾਂ ਪੰਜਾਬੀ ਬੋਲੀ ਆਪੇ ਹੀ ਅੰਗਰੇਜ਼ੀ ਤੋਂ ਪੁਰਾਣੀ ਭਾਸ਼ਾ ਸਾਬਤ ਹੋ ਗਈ।
-
ਸੁਲੇਮਾਨ ਪਰਬਤ ਤੋਂ ਜਮਨਾ ਦੇ ਤੱਟ ਤਕ ਫੈਲੀ ਜ਼ਮੀਨ ਵਿਚ ਇਹ ਭਾਸ਼ਾ ਵਰਤੀ ਜਾਂਦੀ ਸੀ।ਇਸ ਪਸਾਰ ਅਨੁਸਾਰ ਪੰਜਾਬੀ ਭਾਸ਼ਾ ਨੂੰ ਧਰਤੀ ਉੱਤੇ ਇਕ ਬਹੁਤ ਵੱਡੇ ਖੇਤਰ ਵਿਚ ਵਰਤੇ ਜਾਣ ਦਾ ਮਾਣ ਪ੍ਰਾਪਤ ਹੈ।
-
ਐਨਸਾਈਕਲੋਪੀਡੀਆ ਅਨੁਸਾਰ ਹਿੰਦੁਸਤਾਨ ਵਿਚਲੇ ਤਿੰਨ ਕਰੋੜ ਤੇ ਪਾਕਿਸਤਾਨ ਵਿਚਲੇ ਅੱਠ ਕਰੋੜ ਤੋਂ ਇਲਾਵਾ ਇੰਗਲੈਂਡ, ਅਮਰੀਕਾ, ਕੈਨੇਡਾ, ਦੁਬਈ ਸਮੇਤ ਦੁਨੀਆ ਭਰ ਵਿਚਲੇ ਪੰਜਾਬੀ ਬੋਲਣ ਵਾਲੇ ਬੰਦਿਆਂ ਦਾ ਜੋੜ ਐਸ ਵੇਲੇ ਇੱਕੀ ਕਰੋੜ ਤੋਂ ਉੱਪਰ ਹੈ।
-
ਇੰਗਲੈਂਡ ਵਿਚ ਇਸ ਵੇਲੇ ਪੰਜਾਬੀ ਭਾਸ਼ਾ ਆਮ ਬੋਲਣ ਵਾਲੀਆਂ ਭਾਸ਼ਾਵਾਂ ਵਿੱਚੋਂ ਦੂਜੇ ਨੰਬਰ'ਤੇ ਹੈ ਅਤੇ ਕੈਨੇਡਾ ਵਿਚ ਪੰਜਵੇਂ ਨੰਬਰ 'ਤੇ।
-
ਜਰਮਨੀ ਵਿਚ6 ਸਾਲ ਦੇ ਬੱਚੇ ਨੂੰ ਸਕੂਲ ਵਿਚ ਪੜ੍ਹਨੇ ਪਾਇਆ ਜਾਂਦਾ ਹੈ ਤੇ ਤੀਸਰੀ ਜਮਾਤ ਤਕ ਸਿਰਫ਼ ਮਾਂ-ਬੋਲੀ ਯਾਨੀ ਜਰਮਨ ਹੀ ਪੜ੍ਹਾਈ ਜਾਂਦੀ ਹੈ। ਮਾਂ-ਬੋਲੀ ਵਿਚ ਹੀ ਹਿਸਾਬ ਤੇ ਸਾਇੰਸ ਵੀ ਥੋੜੀ ਥੋੜੀ ਨਾਲ ਪੜ੍ਹਾਈ ਜਾਂਦੀ ਹੈ। ਖੇਡਾਂ 'ਤੇ ਪੂਰਾ ਜ਼ੋਰ ਪਾਇਆ ਜਾਂਦਾ ਹੈ ਤਾਂ ਜੋ ਬੱਚੇ ਦੀ ਸੰਪੂਰਨ ਸ਼ਖ਼ਸੀਅਤ ਉਭਰ ਕੇ ਸਾਹਮਣੇ ਆ ਸਕੇ। ਇਸ ਤਰ੍ਹਾਂ ਬੱਚੇ ਆਤਮ ਵਿਸ਼ਵਾਸ ਨਾਲ ਭਰਪੂਰ ਬਣ ਜਾਂਦੇ ਹਨ ਤੇ ਸਰੀਰਕ ਪੱਖੋਂ ਵੀ ਮਜ਼ਬੂਤ।
-
ਫ਼ਰਾਂਸ ਵਿਚ ਵੀ ਅਜਿਹਾ ਹੀ ਹਾਲ ਹੈ।ਅੰਗਰੇਜ਼ੀ ਬੋਲੀ ਨੂੰ ਉਹ ਆਪਣੀ ਬੋਲੀ ਨਾਲੋਂ ਨੀਵੀਂ ਸਮਝਦੇ ਹਨ। ਇਸੇ ਲਈ ਬਹੁਤੀ ਵਾਰ ਆਪਣੇ ਦੇਸ ਅੰਦਰ ਅੰਗਰੇਜ਼ੀ ਵਿਚ ਕੁੱਝ ਪੁੱਛਣ ਵਾਲੇ ਨਾਲ ਗੱਲ ਕਰਨੀ ਹੀ ਪਸੰਦ ਨਹੀਂ ਕਰਦੇ ਤੇ ਉਸ ਦੇ ਸਵਾਲ ਦਾ ਜਵਾਬ ਦਿੱਤੇ ਬਿਨਾਂ ਹੀ ਅਗਾਂਹ ਤੁਰ ਪੈਂਦੇ ਹਨ।
ਦਾਦ ਦੇਣੀ ਚਾਹੀਦੀ ਹੈ ਮੁੱਠੀ ਭਰ ਅੰਗਰੇਜ਼ਾਂ ਨੂੰ, ਜਿਨ੍ਹਾਂ ਨੇ ਭਾਰਤ ਵਰਗੇ ਵਿਸ਼ਾਲ ਦੇਸ ਉੱਤੇ ਰਾਜ ਕਰ ਕੇ ਇੱਥੇ ਅੰਗਰੇਜ਼ੀ ਦਾ ਬੀਜ ਬੋਅ ਦਿੱਤਾ। ਉਨ੍ਹਾਂ ਦੇ ਸਿਆਣੇ ਸਲਾਹਕਾਰਾਂ ਨੂੰ ਪੂਰੀ ਸਮਝ ਸੀ ਕਿ ਦੁਨੀਆ ਭਰ ਵਿਚ ਛਾ ਜਾਣ ਅਤੇ ਆਪਣੇ ਆਪ ਨੂੰ ਸਰਬੋਤਮ ਸਾਬਤ ਕਰਨ ਦਾ ਇਸ ਤੋਂ ਵਧੀਆ ਜ਼ਰੀਆ ਕੋਈ ਨਹੀਂ ਕਿ ਆਪਣੀ ਬੋਲੀ ਨੂੰ ਸਾਰੀ ਦੁਨੀਆ ਵਿਚ ਫੈਲਾ ਦਿੱਤਾ ਜਾਵੇ। ਅੰਗਰੇਜ਼ਾਂ ਨੂੰ ਇਹ ਪੂਰੀ ਤਰ੍ਹਾਂ ਪਤਾ ਸੀ ਕਿ ਜਦੋਂ ਵੀ ਬੱਚੇ ਨੂੰ ਸਕੂਲ ਦੇ ਬੁਨਿਆਦੀ ਸਮੇਂ ਵਿਚ, ਜਿਸ ਵੇਲੇ ਅਜੇ ਬੱਚੇ ਦਾ ਦਿਮਾਗ਼ ਪੂਰੀ ਤਰ੍ਹਾਂ ਤਿਆਰ ਨਹੀਂ ਹੋਇਆ ਹੁੰਦਾ, ਜੇ ਮਾਂ-ਬੋਲੀ ਤੋਂ ਦੂਰ ਕਰ ਕੇ ਅੰਗਰੇਜ਼ੀ ਸਿੱਖਣ ਵੱਲ ਲਾ ਦਿੱਤਾ ਜਾਏ ਤਾਂ ਉਹ ਬੱਚਾ ਕਮਜ਼ੋਰ ਸ਼ਖ਼ਸੀਅਤ ਦਾ ਬਣ ਜਾਂਦਾ ਹੈ। ਬੋਲੀ ਸਿੱਖਣ ਦਾ ਇਹ ਅਸੂਲ ਹਰ ਵਿਕਸਤ ਦੇਸ ਨੂੰ ਪਤਾ ਹੈ ਕਿ ਜੇ ਬੱਚਾ ਸਕੂਲ ਦੇ ਪਹਿਲੇ ਛੇ ਸਾਲ ਸਿਰਫ਼ ਮਾਂ-ਬੋਲੀ ਵਿਚ ਪੜ੍ਹੇ ਤਾਂ ਉਸ ਦੇ ਦਿਮਾਗ਼ ਦਾ ਕੰਪਿਊਟਰ ਏਨਾ ਕੁ ਰਵਾਂ ਹੋ ਜਾਂਦਾ ਹੈ ਕਿ ਉਸ ਤੋਂ ਬਾਅਦ ਕੋਈ ਵੀ ਹੋਰ ਬੋਲੀ ਦਾ ਅੱਖਰ ਉਹ ਆਪਣੇ ਪਹਿਲਾਂ ਦੇ ਸਿੱਖੇ ਅੱਖਰਾਂ ਨਾਲ ਮੇਲ ਕੇ ਫੱਟ ਸਿੱਖ ਲੈਂਦਾ ਹੈ। ਜਿਹੜਾ ਦੂਜਾ ਪੱਖ ਅੱਖੋਂ ਪਰੋਖੇ ਹੋ ਰਿਹਾ ਹੈ, ਉਹ ਇਹ ਹੈ ਕਿ ਬੋਲੀ ਦੀਆਂ ਬਰੀਕੀਆਂ ਸਮਝੇ ਬਗ਼ੈਰ ਆਪਣੀ ਸਭਿਅਤਾ ਨਾਲ ਡੂੰਘਿਆਈ ਨਾਲ ਵਾਕਫ਼ੀਅਤ ਨਹੀਂ ਹੋ ਸਕਦੀ ਤੇ ਬੱਚਾ ਆਪਣੀ ਵੱਖਰੀ ਪਛਾਣ ਕਾਇਮ ਨਹੀਂ ਕਰ ਸਕਦਾ। ਇਸ ਤਰ੍ਹਾਂ ਬੱਚੇ ਦਾ ਦਿਮਾਗ਼ ਦੋ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ। ਨਾ ਤਾਂ ਉਹ ਆਪਣੀ ਸਭਿਅਤਾ ਵਿਚ ਰਚਿਆ ਤੇ ਨਾ ਹੀ ਦੂਜੀ ਸਭਿਅਤਾ ਦਾ ਰੰਗ ਉਸ ਉੱਤੇ ਪੂਰੀ ਤਰ੍ਹਾਂ ਚੜ੍ਹ ਸਕਦਾ ਹੈ। ਕਿਸੇ ਵੀ ਸਭਿਅਤਾ ਦੇ ਰੰਗ ਵਿਚ ਰੰਗੇ ਜਾਣ ਲਈ ਬੋਲੀ ਦੀ ਪਕੜ ਮਜ਼ਬੂਤ ਹੋਣੀ ਜ਼ਰੂਰੀ ਹੈ, ਆਤਮ-ਵਿਸ਼ਵਾਸ ਕੁੱਟ ਕੁੱਟ ਕੇ ਭਰਿਆ ਹੋਣਾ ਚਾਹੀਦਾ ਹੈ ਤੇ ਉਸ ਸਭਿਅਤਾ ਦੇ ਇਤਿਹਾਸ ਦੇ ਹਰ ਪਹਿਲੂ ਤੋਂ ਵਾਕਿਫ਼ ਹੋਣਾ ਜ਼ਰੂਰੀ ਹੈ। ਅੰਗਰੇਜ਼ ਹਾਕਮਾਂ ਦੀ ਬੱਚੇ ਦੀ ਮਾਨਸਿਕਤਾ ਨੂੰ ਏਨੀ ਬਾਰੀਕੀ ਨਾਲ ਸਮਝ ਕੇ ਚੱਲੀ ਚਾਲ ਨੇ ਮੈਨੂੰ ਕਾਇਲ ਕਰ ਛੱਡਿਆ ਹੈ। ਨਤੀਜਾ ਸਾਡੇ ਸਭ ਦੇ ਸਾਹਮਣੇ ਹੈ:
-
ਪੰਜਾਬ ਵਿਚ ਆਪਣੀ ਬੋਲੀ ਨੂੰ ਉਕਾ ਹੀ ਤਰਜੀਹ ਨਹੀਂ ਦਿੱਤੀ ਜਾਂਦੀ।
-
ਪੰਜਾਬ ਦੇ ਵੱਡੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿਚ ਪੰਜਾਬੀ ਬੋਲਣ'ਤੇ ਬੱਚਿਆਂ ਨੂੰ ਜੁਰਮਾਨਾ ਦੇਣਾ ਪੈਂਦਾ ਹੈ ਜਾਂ ਸਜ਼ਾ ਦਿੱਤੀ ਜਾਂਦੀ ਹੈ।
-
ਸਕੂਲ ਵਿਚ ਤੀਜੀ ਜਮਾਤ ਤਕ ਸਿਰਫ਼ ਮਾਂ-ਬੋਲੀ ਪੜ੍ਹਾਈ ਜਾਣ'ਤੇ ਨਾ ਤਾਂ ਹੁਕਮਰਾਨ ਤਿਆਰ ਹਨ ਤੇ ਨਾ ਹੀ ਮਾਪੇ।
-
ਪੰਜਾਬੀ ਮਾਪੇ ਆਪਣੀ ਬੋਲੀ ਉਪਰ ਮਾਣ ਕਰਨ ਦੀ ਬਜਾਇ ਇਸ ਨੂੰ ਅਨਪੜ੍ਹਾਂ ਦੀ ਬੋਲੀ ਕਹਿਣ ਲੱਗ ਪਏ ਹਨ।
ਜੇ ਯਕੀਨ ਨਹੀਂ ਤਾਂ ਇਸ ਵਾਕਿਆ ਨੂੰ ਸੁਣ ਲਵੋ। ਇਕ ਇਕੱਠ ਵਿਚ ਬੋਲੀ ਦੀ ਮਹੱਤਾ ਬਾਰੇ ਜਦੋਂ ਮੈਂ ਦੱਸਣਾ ਸ਼ੁਰੂ ਕੀਤਾ ਤਾਂ ਪੇਂਡੂ ਤੇ ਸ਼ਹਿਰੀ ਮਾਪੇ ਅਗਾਂਹ ਵਧ ਵਧ ਕੇ ਬੋਲ ਰਹੇ ਸਨ, ''ਅੰਗਰੇਜ਼ੀ ਨਾ ਪੜ੍ਹਾ ਕੇ ਕੀ ਬੱਚੇ ਅਨਪੜ੍ਹ ਬਣਾ ਲਈਏ ?'' ਹੁਣ ਦੱਸੋ, ਕੀ ਸਿਰਫ਼ ਉਮਰ ਦੇ ਪਹਿਲੇ ਸੱਤ ਜਾਂ ਅੱਠ ਸਾਲ ਬੱਚੇ ਨੂੰ ਮਾਂ-ਬੋਲੀ ਤੇ ਆਪਣੀ ਸਭਿਅਤਾ ਵਿਚ ਪਰਪੱਕ ਕਰਨ ਨਾਲ ਤੇ ਅੱਗੋਂ ਭਾਵੇਂ ਜ਼ਿੰਦਗੀ ਭਰ ਅੰਗਰੇਜ਼ੀ ਜਾਂ ਕੋਈ ਵੀ ਹੋਰ ਜ਼ੁਬਾਨ ਪੜ੍ਹਨ ਨਾਲ ਬੱਚੇ ਅਨਪੜ੍ਹ ਬਣ ਜਾਣਗੇ ? ਅਸ਼ਕੇ ਅੰਗਰੇਜ਼ਾਂ (ਮੈਕਾਲੇ) ਦੀ ਇਸ ਨੀਤੀ ਦੇ, ਜਿਨ੍ਹਾਂ ਨੇ ਬੋਲੀ ਦੇ ਗੇੜ ਵਿਚ ਪੰਜਾਬੀਆਂ ਨੂੰ ਰੋੜ੍ਹ ਕੇ ਸਦੀਆਂ ਦੀ ਭਾਸ਼ਾਈ ਗ਼ੁਲਾਮੀ ਦੇ ਛੱਡੀ ਹੈ। ਕੀ ਕੋਈ ਪੰਜਾਬੀ ਮੈਨੂੰ ਇਹ ਦੱਸ ਸਕਦਾ ਹੈ ਕਿ ਪਹਿਲੀਆਂ ਤਿੰਨ ਜਾਂ ਚਾਰ ਜਮਾਤਾਂ ਵਿਚ ਆਪਣੀ ਬੋਲੀ ਨਾ ਪੜ੍ਹਨ ਜਾਂ ਨਾ ਬੋਲਣ ਨਾਲ ਕੀ ਉਹ ਪੰਜਾਬੀ ਦੀ ਥਾਂ ਅੰਗਰੇਜ਼ ਬਣ ਜਾਏਗਾ ? ਇਹ ਉਕਾ ਹੀ ਗ਼ਲਤ ਖ਼ਿਆਲ ਹੈ ਕਿ ਬਾਅਦ ਵਿਚ ਬੱਚਾ ਦੂਜੀ ਜ਼ਬਾਨ ਨਹੀਂ ਸਿੱਖ ਸਕਦਾ। ਖੋਜ ਇਹ ਸਾਬਤ ਕਰ ਚੁੱਕੀ ਹੈ ਕਿ ਦੁਭਾਸ਼ੀ ਜਾਂ ਤਿਭਾਸ਼ੀ ਇਨਸਾਨ ਉਹੀ ਕਾਮਯਾਬ ਹਨ, ਜਿਹੜੇ ਆਪਣੀ ਮਾਂ-ਬੋਲੀ ਵਿਚ ਪਹਿਲਾਂ ਪਰਪੱਕ ਹੁੰਦੇ ਹਨ। ਅੰਗਰੇਜ਼ੀ ਭਾਸ਼ਾ ਇਸ ਲਈ ਕਾਮਯਾਬ ਹੈ, ਕਿਉਂਕਿ ਹਰ ਅੰਗਰੇਜ਼ ਵਿਗਿਆਨੀ, ਹਰ ਅੰਗਰੇਜ਼ ਸਾਹਿਤਕਾਰ, ਹਰ ਅੰਗਰੇਜ਼ ਲੇਖਕ ਆਪਣੀ ਬੋਲੀ ਨੂੰ ਵਧੀਆ ਸਾਹਿਤ ਨਾਲ ਭਰਪੂਰ ਕਰਨ ਦਾ ਇੱਛੁਕ ਹੈ। ਜਦ ਕਿ ਹਰ ਪੰਜਾਬੀ ਆਪਣੀ ਬੋਲੀ ਦਾ ਪਿਛੋਕੜ ਜਾਣੇ ਬਗ਼ੈਰ ਆਪਣੇ ਆਪ ਨੂੰ ਨੀਵਾਂ ਮੰਨ ਕੇ ਆਪਣੀ ਬੋਲੀ ਨੂੰ ਦਫ਼ਨ ਕਰਨ ਦੇ ਹੱਕ ਵਿਚ ਹੈ। ਆਪਣੀ ਸਭਿਅਤਾ ਤੇ ਆਪਣੀ ਪਛਾਣ ਨੂੰ ਖ਼ਤਮ ਕਰ ਕੇ ਜਿੱਥੇ ਅਸੀਂ ਆਪਣੀ ਮਾਂ-ਬੋਲੀ ਨਾਲ ਧੱਕਾ ਕਰ ਰਹੇ ਹਾਂ, ਉੱਥੇ ਅਸੀਂ ਪੰਜਾਬੀ ਲੋਕ ਬਿਨਾਂ ਕਾਰਨ ਅੰਗਰੇਜ਼ੀ ਦੇ ਪਿੱਛਲਗ ਬਣਦੇ ਜਾ ਰਹੇ ਹਾਂ। ਸਾਡੇ ਬੱਚੇ ਅੱਧੇ ਪੰਜਾਬੀ ਤੇ ਅੱਧੇ ਅੰਗਰੇਜ਼ ਬਣ ਕੇ ਆਤਮ-ਵਿਸ਼ਵਾਸ ਭਰਪੂਰ ਨਹੀਂ ਬਣ ਸਕਦੇ। ਆਪਣੀ ਪਛਾਣ ਗੁਆ ਕੇ ਪੰਜਾਬੀ ਮਾਪੇ ਆਪਣੇ ਬੱਚਿਆਂ ਨੂੰ ਕੀ ਬਣਾਉਣਾ ਚਾਹੁੰਦੇ ਹਨ ? ਕਿਉਂ ਨਹੀਂ ਪੰਜਾਬੀ ਆਪਣੀ ਬੋਲੀ ਨੂੰ ਏਨਾ ਭਰਪੂਰ ਕਰ ਸਕਦੇ ਕਿ ਅੰਗਰੇਜ਼ ਵੀ ਪੰਜਾਬੀ ਸਿੱਖਣ ਨੂੰ ਤਰਜੀਹ ਦੇਣ ਤੇ ਪੰਜਾਬੀਆਂ ਨੂੰ ਇੱਜ਼ਤ ਨਾਲ ਵੇਖਣ ਤਾਂ ਜੋ ਪੰਜਾਬੀਆਂ ਦਾ ਪੂਰੀ ਦੁਨੀਆ ਵਿਚ ਮਾਣ ਨਾਲ ਸਿਰ ਉੱਚਾ ਹੋ ਸਕੇ। ਮੈਂ ਜ਼ਰੂਰ ਦੱਸਣਾ ਚਾਹਾਂਗੀ ਉਸ ਫ਼ਰਾਂਸੀਸੀ ਵਿਦਵਾਨ ਬਾਰੇ, ਜੋ ਬਾਬਾ ਫ਼ਰੀਦ ਉੱਤੇ ਖੋਜ ਕਰਨ ਪੰਜਾਬ ਆਇਆ ਸੀ। ਉਹ ਦਿੱਲੀ ਵਿਚ ਸਾਨੂੰ ਹਵਾਈ ਅੱਡੇ 'ਤੇ ਮਿਲਿਆ ਤੇ ਜਹਾਜ਼ ਦੀ ਉਡੀਕ ਕਰਦਿਆਂ ਟੁੱਟੀ ਫੁੱਟੀ ਅੰਗਰੇਜ਼ੀ ਵਿਚ ਗੱਲਬਾਤ ਕਰਨ ਲੱਗ ਪਿਆ। ਕਹਿਣ ਲੱਗਾ, ''''ਮੈਂ ਬਹੁਤ ਉਮੀਦ ਨਾਲ ਇੱਥੇ ਆਇਆ ਸੀ। ਮੈਂ ਬਾਬਾ ਫ਼ਰੀਦ ਤੋਂ ਪਹਿਲਾਂ ਦੀ ਪੰਜਾਬੀ ਬਾਰੇ ਖੋਜ ਕਰਨ ਆਇਆ ਸੀ। ਪੂਰੇ ਪੰਜਾਬ ਦੀਆਂ ਯੂਨੀਵਰਸਿਟੀਆਂ, ਬਹੁਤ ਸਾਰੇ ਕਾਲਜਾਂ ਤੇ ਸਕੂਲਾਂ ਵਿਚ ਮੈਂ ਘੁੰਮਿਆ ਪਰ ਇਕ ਵੀ ਬੱਚੇ ਨੂੰ ਉਸ ਬਾਰੇ ਪਤਾ ਨਹੀਂ ਸੀ। ਹੋਰ ਤਾਂ ਹੋਰ ਨੱਬੇ ਪ੍ਰਤੀਸ਼ਤ ਉਸਤਾਦਾਂ ਨੂੰ ਵੀ ਪੂਰਾ ਪਤਾ ਨਹੀਂ ਸੀ। ਜਿਨ੍ਹਾਂ ਉਸਤਾਦਾਂ ਨੂੰ ਪਤਾ ਸੀ, ਉਹ ਵੀ ਏਨਾ ਘੱਟ ਕਿ ਉਨ੍ਹਾਂ ਤੋਂ ਵੱਧ ਮੈਨੂੰ ਉਸ ਬਾਰੇ ਪਤਾ ਹੈ। ਮੈਂ ਆਪਣੇ ਇਕ ਵਿਦਿਆਰਥੀ ਨੂੰ ਲਾਲਾ ਕਿਰਪਾ ਸਾਗਰ ਉੱਤੇ ਖੋਜ ਕਰਨ ਦਾ ਕੰਮ ਦਿੱਤਾ ਹੋਇਆ ਹੈ, ਜਿਸ ਨੇ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖਿਆ ਹੈ। ਬਾਬਾ ਫ਼ਰੀਦ ਤੋਂ ਪਹਿਲਾਂ ਦੀ ਪੰਜਾਬੀ ਤਾਂ ਕਿਤੇ ਰਹੀ, ਲੋਕ ਬਾਬਾ ਫ਼ਰੀਦ ਬਾਰੇ ਹੀ ਪੁਰੀ ਤਰ੍ਹਾਂ ਨਹੀਂ ਜਾਣਦੇ ਤਾਂ ਲਾਲਾ ਕਿਰਪਾ ਸਾਗਰ ਬਾਰੇ ਕੀ ਜਾਣਦੇ ਹੋਣਗੇ? ਤੁਹਾਡੇ ਪੰਜਾਬ ਦੇ ਸਕੂਲਾਂ ਦੇ ਬੱਚਿਆਂ ਵਿਚ ਤਾਂ ਬਹੁਤਿਆਂ ਨੂੰ ਆਪਣੇ ਗੁਰੂਆਂ ਦੇ ਨਾਂ ਵੀ ਨਹੀਂ ਪਤਾ। ਤੁਹਾਡੇ ਧਰਮ ਦਾ ਪਿਛੋਕੜ ਏਨਾ ਤਾਜ਼ਾ ਹੈ, ਫਿਰ ਵੀ ਇਸ ਬਾਰੇ ਪੂਰਾ ਗਿਆਨ ਬੜੇ ਘੱਟ ਲੋਕਾਂ ਨੂੰ ਹੈ। ''ਮੇਰੀ ਚਮੜੀ ਵੇਖ ਕੇ ਪਿੰਡਾਂ ਵਿਚਲੇ ਬਹੁਤੇ ਬੱਚੇ ਮੇਰੇ ਵੱਲ ਭੱਜੇ ਆਉਂਦੇ ਸਨ ਤੇ ਆਉਂਦੇ ਸਾਰ ਮੈਨੂੰ 'ਹੈਲੋ' ਕਹਿੰਦੇ ਸਨ। ਕਮਾਲ ਦੀ ਗੱਲ ਹੈ ਕਿ ਕਿਸੇ ਬੱਚੇ ਨੇ ਮੈਨੂੰ ਹੱਥ ਜੋੜ ਕੇ 'ਸਤਿ ਸ੍ਰੀ ਅਕਾਲ' ਨਹੀਂ ਆਖੀ। ਕਿੰਨੇ ਅਫ਼ਸੋਸ ਦੀ ਗੱਲ ਹੈ ਕਿ ਤੁਸੀਂ ਸਭ ਆਪਣੀ ਸਭਿਅਤਾ ਛੱਡ ਰਹੇ ਹੋ। ਇਸ ਤਰ੍ਹਾਂ ਪੂਰੀ ਦੁਨੀਆ ਵਿਚ ਤੁਸੀਂ ਅਣਗੌਲੇ ਰਹਿ ਜਾਵੋਗੇ। ਤੁਸੀਂ ਆਪਣੀ ਪਛਾਣ ਛੱਡੀ ਨਹੀਂ ਕਿ ਦੁਨੀਆ ਭਰ ਦੇ ਲੋਕ ਤੁਹਾਨੂੰ ਛੱਡ ਦੇਣਗੇ।'' ਏਨੀ ਦੇਰ ਨੂੰ ਹੀ ਇਕ ਹੋਰ ਪੰਜਾਬੀ ਡਾਕਟਰ ਦਾ ਟੱਬਰ ਉੱਥੇ ਪਹੁੰਚ ਗਿਆ। ਉਹ ਵੀ ਸਾਡੇ ਕੋਲ ਹੀ ਆ ਕੇ ਖੜੇ ਹੋ ਗਏ। ਮੈਂ ਉਨ੍ਹਾਂ ਨੂੰ ਕਿਹਾ, ''ਜਹਾਜ਼ ਇਕ ਘੰਟਾ ਪਚਵੰਜਾ ਮਿੰਟ ਲੇਟ ਹੈ।'' ਉਨ੍ਹਾਂ ਦੀ ਬੇਟੀ ਜੋ ਸੱਤਵੀਂ ਜਮਾਤ ਵਿਚ ਪੜ੍ਹਦੀ ਸੀ, ਇਕਦਮ ਬੋਲੀ, ''ਮੰਮੀ, ਪਚਵੰਜਾ ਕੀ ਹੁੰਦੈ?'' ਉਹ ਫ਼ਰਾਂਸੀਸੀ ਮੇਰੇ ਵੱਲ ਵੇਖ ਕੇ ਬੋਲਿਆ, ''ਮੈਡਮ, ਏਨੀ ਕੁ ਪੰਜਾਬੀ ਤਾਂ ਮੈਂ ਪਹਿਲਾਂ ਹੀ ਸਿੱਖ ਕੇ ਆਇਆਂ। ਅੱਜ ਮੈਨੂੰ ਧੱਕਾ ਲੱਗਿਆ ਹੈ। ਤੁਹਾਡੇ ਬੱਚੇ ਤੁਹਾਡੀ ਬੋਲੀ ਤੋਂ ਪੂਰੀ ਤਰ੍ਹਾਂ ਟੁੱਟ ਰਹੇ ਹਨ। ਤੁਹਾਡੇ ਵਿੱਚੋਂ ਕੋਈ ਵੀ ਫਿਕਰਮੰਦ ਨਹੀਂ। ਮੈਂ ਸ਼ਾਇਦ ਹੁਣ ਦੁਬਾਰਾ ਪੰਜਾਬ ਕਦੇ ਨਾ ਆਵਾਂ, ਪਰ ਏਨਾ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਮੇਰੇ ਪੜਪੋਤਰੇ ਵੇਲੇ ਤਕ ਅੱਧੀ ਪੰਜਾਬੀ ਸਭਿਅਤਾ ਦਾ ਖ਼ਾਤਮਾ ਜ਼ਰੂਰ ਹੋ ਚੁੱਕਿਆ ਹੋਵੇਗਾ ਤੇ ਰਹਿੰਦੀ ਦੁਨੀਆ ਤੁਹਾਡਾ ਗਿੱਧਾ ਤੇ ਭੰਗੜਾ ਪਿਛਲੀਆਂ ਰਿਕਾਰਡ ਕੀਤੀਆਂ ਕੈਸਟਾਂ ਵਿਚ ਹੀ ਵੇਖ ਸਕੇਗੀ।'' ਕੀ ਕਿਸੇ ਹੁਕਮਰਾਨ ਤਕ ਇਹ ਆਵਾਜ਼ ਪਹੁੰਚੀ ਹੈ ਜਾਂ ਕਿਸੇ ਪੰਜਾਬੀ ਦੀ ਜ਼ਮੀਰ ਇਸ ਨਾਲ ਕੰਬੀ ਹੈ? ਅਸੀਂ ਆਪਣੀ ਮਾਂ-ਬੇਲੀ ਦਾ ਘੇਰਾ ਸੀਮਿਤ ਕਰ ਕੇ ਹੌਲੀ ਹੌਲੀ ਉਸ ਨੂੰ ਚਾਰ-ਦੀਵਾਰੀ ਅੰਦਰ ਬੰਦ ਕਰ ਕੇ ਰੱਖ ਰਹੇ ਹਾਂ। ਚਾਰ-ਦੀਵਾਰੀ ਵਿਚ ਵੀ ਆਪਣੇ ਬੱਚੇ ਨੂੰ ਬਿਜਲੀ ਦੀ ਥਾਂ 'ਲਾਈਟ' ਕਹਿਣ ਲਈ ਪ੍ਰੇਰਦੇ ਹਾਂ। ਆਪਣੀ ਬੋਲੀ ਤੇ ਆਪਣੀ ਸਭਿਅਤਾ ਵਿਚ ਪਰਪੱਕ ਹੋਣ ਤੋਂ ਬਾਅਦ ਜੇ ਕੋਈ ਪੰਜਾਬੀ ਅਮਰੀਕਾ, ਇੰਗਲੈਂਡ ਜਾ ਕੈਨੇਡਾ ਵਿਚ ਉੱਚੇ ਅਹੁਦੇ 'ਤੇ ਆਪਣੀ ਮਿਹਨਤ ਨਾਲ ਪਹੁੰਚਦਾ ਹੈ ਤਾਂ ਸਾਰੇ ਉਸ ਨੂੰ ਇੱਜ਼ਤ ਦੀ ਨਜ਼ਰ ਨਾਲ ਵੇਖਦੇ ਹਨ ਤੇ ਉਸ ਇਕ ਇਨਸਾਨ ਕਾਰਨ ਪੂਰੇ ਪੰਜਾਬੀਆਂ ਦਾ ਨਾਂ ਰੌਸ਼ਨ ਹੁੰਦਾ ਹੈ ਨਾ ਕਿ ਅਮਰੀਕਨਾਂ ਦਾ। ਯਾਨੀ ਆਪਣੇ ਪਿਛੋਕੜ ਨਾਲ ਬੰਦੇ ਦੀਆਂ ਜੜ੍ਹਾਂ ਤੋੜਨ 'ਤੇ ਵੀ ਟੁੱਟਦੀਆਂ ਨਹੀਂ। ਜੇ ਅਜਿਹਾ ਬੰਦਾ ਆਪਣੀ ਪਛਾਣ ਛੱਡ ਦੇਵੇਗਾ ਤਾਂ ਕਿਸੇ ਜੋਗਾ ਵੀ ਨਹੀਂ ਰਹਿ ਸਕਦਾ। ਉਹ ਵੀ ਭੀੜ ਵਿਚਲਾ ਇਕ ਬੰਦਾ ਹੀ ਬਣ ਕੇ ਰਹਿ ਜਾਵੇਗਾ। ਆਪਣੀ ਬੋਲੀ ਤੇ ਆਪਣੀ ਸਭਿਅਤਾ ਨਾਲ ਮੋਹ ਤਿਆਗ ਕੇ ਪੰਜਾਬੀ ਵੀ ਇਕ ਵੱਡੀ ਭੀੜ ਵਿਚ ਗੁੰਮ ਹੋ ਜਾਣ ਲਈ ਤਿਆਰ ਹੋ ਰਹੇ ਹਨ। ਜੇ ਕਿਸੇ ਪੰਜਾਬੀ ਦੀ ਜ਼ਮੀਰ ਹਲੂਣੀ ਗਈ ਹੋਵੇ ਤਾਂ ਹੁਣ ਵੀ ਵੇਲਾ ਹੈ ਜਾਗਣ ਦਾ ਤੇ ਆਪਣੀ ਬੋਲੀ ਪ੍ਰਤੀ ਧ੍ਰੋਹ ਦਾ, ਖ਼ਾਤਮਾ ਕਰਨ ਦਾ। ਆਓ, ਰਲ ਕੇ ਹੰਭਲਾ ਮਾਰੀਏ ਤੇ ਆਪਣੀ ਬੋਲੀ ਤੇ ਆਪਣੀ ਸਭਿਅਤਾ ਉੱਤੇ ਫ਼ਖ਼ਰ ਕਰੀਏ, ਆਪਣੇ ਬੱਚਿਆਂ ਨੂੰ ਪੰਜਾਬੀ ਅਤੇ ਪੰਜਾਬੀਅਤ ਉੱਤੇ ਮਾਣ ਕਰਨਾ ਸਿਖਾਈਏ ਤੇ ਆਪਣੀ ਬੋਲੀ ਨੂੰ ਵਧੀਆ ਸਾਹਿਤ ਨਾਲ ਭਰਪੂਰ ਕਰੀਏ। ਆਓ, ਪੰਜਾਬੀ ਜ਼ੁਬਾਨ ਦੀ ਇਬਾਦਤ ਕਰਨੀ ਸਿੱਖੀਏ ਤਾਂ ਜੋ ਦੂਸਰੀ ਸਭਿਅਤਾ ਦੇ ਲੋਕ ਵੀ ਇਸ ਬੋਲੀ ਨੂੰ ਸਿੱਖਣ ਦੇ ਚਾਹਵਾਨ ਹੋਣ ਤੇ ਸਾਡੀ ਬੋਲੀ ਦਾ ਘੇਰਾ ਫੇਰ ਵਧਣ ਲੱਗ ਪਵੇ। ਸਾਡੇ ਬੱਚੇ ਜੇ ਤੀਜੀ ਜਮਾਤ ਤੋਂ ਬਾਅਦ ਦੋ ਜਾਂ ਤਿੰਨ ਭਾਸ਼ਾਵਾਂ ਵੀ ਸਿੱਖਦੇ ਹਨ ਤਾਂ ਬਹੁਤ ਵਧੀਆ ਗੱਲ ਹੈ। ਪਰ ਸੋਚੋ ਜੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਹੋਰ ਧਾਰਮਿਕ ਗ੍ਰੰਥਾਂ ਦਾ ਅਰਥ ਸਮਝਣ ਲਈ ਪੰਜਾਬੀ ਦੀ ਥਾਂ ਅੰਗਰੇਜ਼ੀ ਵਿਚ ਕੀਤੇ ਤਰਜਮੇ ਨੂੰ ਪੜ੍ਹਦੇ ਹਨ ਤਾਂ ਕੀ ਇਹ ਠੀਕ ਹੈ? ਆਪਣੇ ਪਿਛੋਕੜ ਬਾਰੇ ਕੀ ਅਸੀਂ ਦੂਜਿਆਂ ਦੀ ਭਾਸ਼ਾ ਰਾਹੀਂ ਸਿੱਖਣਾ ਚਾਹ ਰਹੇ ਹਾਂ? ਕਾਸ਼! ਜਾਗੇ ਕੋਈ ਊਧਮ ਸਿੰਘ ਵਰਗਾ ਵੀਰ ਤੇ ਆਪਣੀ ਮਾਂ-ਬੋਲੀ ਦੇ ਪ੍ਰੇਮ ਦੀ ਗੋਲੀ ਹਰ ਪੰਜਾਬੀ ਦੇ ਸੀਨੇ ਵਿਚ ਦਾਗ਼ ਦੇਵੇ।ਕੋਈ ਤਾਂ ਨਿਤਰੇ ਜਿਹੜਾ ਪੰਜਾਬੀ ਬੱਚਿਆਂ ਨੂੰ ਪੰਜਾਬ ਦੇ ਵਿਚ ਇਹ ਦੱਸ ਸਕੇ ਕਿ ਪਚਵੰਜਾ ਕੀ ਹੁੰਦਾ ਹੈ? ਬੱਚਿਆਂ ਵਿਚ ਕਿਤਾਬਾਂ ਪੜ੍ਹਨ ਦੀ ਰੁਚੀ ਕਿਵੇਂ ਪੈਦਾ ਕੀਤੀ ਜਾਵੇ ? ਡਾ. ਹਰਸ਼ਿੰਦਰ ਕੌਰ ਮੈਂ ਕੋਈ ਸਥਾਪਿਤ ਸਾਹਿਤਕਾਰ ਨਹੀਂ ਹਾਂ, ਨਾ ਹੀ ਸਿੱਖਿਆ-ਸ਼ਾਸਤਰੀ ਹਾਂ। ਕਈ ਵਾਰ ਮੈਂ ਆਪਣੇ ਆਪ ਨੂੰ ਬੜੀ ਅਜੀਬ ਜਿਹੀ ਸਥਿਤੀ ਵਿਚ ਮਹਿਸੂਸ ਕੀਤਾ ਹੈ। ਜਦੋਂ ਡਾਕਟਰਾਂ ਦੇ ਇਕੱਠ ਵਿਚ ਖੜੇ ਹੋਵੋ ਤਾਂ ਬਹੁਤੇ ਕਹਿ ਦਿੰਦੇ ਹਨ, ''ਇਹ ਤਾਂ ਲੇਖਿਕਾਵਾਂ ਵਿਚ ਹੋਣੀ ਚਾਹੀਦੀ ਹੈ।'' ਜਦੋਂ ਲਿਖਾਰੀਆਂ ਵਿਚ ਖੜੇ ਹੋਵੋ ਤਾਂ ਸਾਰੇ ''ਇਹ ਤਾਂ ਡਾਕਟਰ ਹੈ'' ਕਹਿ ਕੇ ਪਾਸੇ ਕਰ ਦਿੰਦੇ ਹਨ। ਕੁੱਝ ਅਜਿਹੀ ਹੀ ਸਥਿਤੀ ਸੋਲ੍ਹਾਂ ਸਤਾਰਾਂ ਵਰ੍ਹਿਆਂ ਦੀ ਉਮਰ ਦੇ ਬੱਚੇ ਵਿਚ ਵੀ ਹੁੰਦੀ ਹੈ। ਨਾ ਉਸ ਉਮਰ ਵਿਚ ਛੋਟੇ ਬੱਚੇ ਉਸ ਨੂੰ ਆਪਣੇ ਨਾਲ ਰਲਾਉਂਦੇ ਹਨ ਤੇ ਨਾ ਹੀ ਜਵਾਨ ਹੋ ਚੁੱਕੇ ਲੋਕ। ਇਸੇ ਲਈ ਬਹੁਤੇ ਬੱਚੇ ਇਸ ਉਮਰ ਵਿਚ ਇਕੱਲੇਪਨ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਭਟਕ ਵੀ ਜਾਂਦੇ ਹਨ। ਇਨ੍ਹਾਂ ਬੱਚਿਆਂ ਨੂੰ ਬੰਨ੍ਹੀ ਰੱਖਣ ਵਾਸਤੇ ਅਤੇ ਟੈਲੀਵਿਜ਼ਨ ਦੇ ਮਾੜੇ ਅਸਰਾਂ ਤੋਂ ਬਚਾਉਣ ਵਾਸਤੇ ਚੰਗਾ ਸਾਹਿਤ ਪੜ੍ਹਨ ਦੀ ਰੁਚੀ ਬਹੁਤ ਸਹਾਈ ਹੋ ਸਕਦੀ ਹੈ। ਦਰਅਸਲ ਹਰ ਉਮਰ ਦੇ ਹਿਸਾਬ ਨਾਲ ਵੱਖਰੀ ਕਿਤਾਬ ਮੁਹੱਈਆ ਹੋਣੀ ਚਾਹੀਦੀ ਹੈ। ਜਦੋਂ ਵੀ ਕਿਤੇ ਕਿਸੇ ਵਿਹਲੇ ਬੈਠੇ ਬੰਦੇ ਨੂੰ ਨੇੜੇ ਤੇੜੇ ਪਈ ਕੋਈ ਪੜ੍ਹਨ ਵਾਲੀ ਕਿਤਾਬ ਜਾਂ ਅਖ਼ਬਾਰ ਮਿਲ ਜਾਏ ਤਾਂ ਉਹ ਚੁੱਕ ਕੇ ਫਰੋਲਣ ਲੱਗ ਪੈਂਦਾ ਹੈ ਅਤੇ ਜੇ ਉਸ ਵਿਚ ਕੁੱਝ ਵਧੀਆ ਪੜ੍ਹਨ ਨੂੰ ਲੱਭ ਜਾਂਦਾ ਹੈ ਤਾਂ ਕਈ ਵਾਰ ਬੰਦਾ ਏਨਾ ਰੁੱਝ ਜਾਂਦਾ ਹੈ ਕਿ ਆਪਣਾ ਅਸਲੀ ਕੰਮ ਉਸ ਨੂੰ ਚੇਤੇ ਹੀ ਨਹੀਂ ਰਹਿੰਦਾ। ਬੱਚਿਆਂ ਵਿਚ ਵੀ ਅਜਿਹਾ ਹੀ ਵਾਪਰਦਾ ਹੈ। ਬਹੁਤ ਛੋਟੇ ਬੱਚੇ ਨੂੰ ਕਿਤਾਬ ਜਾਂ ਕਾਗਜ ਫੜਨ ਦਾ ਸ਼ੌਕ ਹੁੰਦਾ ਹੈ। ਛੇ ਮਹੀਨੇ ਦਾ ਬੱਚਾ ਤਾਂ ਉਸ ਨੂੰ ਫੜ ਕੇ ਮੂੰਹ ਵਿਚ ਚੱਬ ਕੇ ਸੁਆਦ ਚਖਣ ਦਾ ਚਾਹਵਾਨ ਹੁੰਦਾ ਹੈ। ਫੇਰ ਅੱਧਾ ਕੁ ਕਾਗਜ ਅੰਦਰ ਲੰਘਾ ਕੇ ਅੱਧਾ ਕੁ ਆਪਣੀ ਥੁੱਕ ਵਿਚ ਲਬੇੜ ਕੇ ਬਾਹਰ ਸੁੱਟ ਦਿੰਦਾ ਹੈ। ਇਸੇ ਉਮਰ ਤੋਂ ਹੀ ਬੱਚੇ ਨੂੰ ਕਿਤਾਬ ਪੜ੍ਹਨ ਦਾ ਸ਼ੌਕ ਪਾਇਆ ਜਾ ਸਕਦਾ ਹੈ। ਜੇ ਬੱਚੇ ਨੂੰ ਕਿਤਾਬ ਦੇ ਬਾਹਰ ਹੀ ਕਿਸੇ ਖ਼ੂਬਸੂਰਤ ਬੱਚੇ ਨੂੰ ਪਿਆਰ ਕਰਦੀ ਮਾਂ ਦੀ ਤਸਵੀਰ ਜਾਂ ਪਿਆਰਾ ਜਿਹਾ ਖ਼ਰਗੋਸ਼ ਜਾਂ ਗੂੜ੍ਹੇ ਤੇ ਰੰਗ-ਬਿਰੰਗੇ ਰੰਗਾਂ ਵਿਚ ਚਿੜੀ ਬਣੀ ਦਿਸ ਜਾਏ ਤਾਂ ਉਹ ਬਦੋਬਦੀ ਉਸ ਵੱਲ ਖਿੱਚਿਆ ਜਾਂਦਾ ਹੈ। ਕਿਤਾਬ ਅੰਦਰ ਜੇ ਖ਼ੂਬਸੂਰਤ ਰੰਗ-ਬਿਰੰਗੀਆਂ ਤਸਵੀਰਾਂ ਹੋਣ ਤੇ ਪੰਨੇ ਲਿਸ਼ਕਦਾਰ ਹੋਣ ਦੇ ਨਾਲ ਨਾਲ ਕੁੱਝ ਮੋਟੇ ਵੀ ਹੋਣ ਤਾਂ ਛੇਤੀ ਫਟਦੇ ਨਹੀਂ ਤੇ ਬੱਚੇ ਉਸ ਨੂੰ ਆਰਾਮ ਨਾਲ ਸਾਰਾ ਦਿਨ ਘੜੀਸੀ ਫਿਰਦੇ ਹਨ। ਕੁੱਝ ਬੱਚੇ ਤਾਂ ਕਿਤਾਬ ਨਾਲ ਇਸ ਤਰ੍ਹਾਂ ਦਾ ਲਗਾਓ ਪਾਲਦੇ ਹਨ ਕਿ ਨਹਾਉਣ ਲੱਗਿਆਂ ਵੀ ਉਸ ਨੂੰ ਛੱਡਦੇ ਨਹੀਂ। ਇਸੇ ਲਈ ਕਈ ਦੇਸ਼ਾਂ ਵਿਚ ਪਲਾਸਟਿਕ ਦੀਆਂ ਕਿਤਾਬਾਂ ਹੋਂਦ ਵਿਚ ਆ ਚੁੱਕੀਆਂ ਹਨ, ਜਿਨ੍ਹਾਂ ਨੂੰ ਬੱਚੇ ਨਹਾਉਂਦੇ ਹੋਏ ਵੀ ਆਪਣੀ ਬਾਲਟੀ ਵਿਚ ਨਾਲ ਲੈ ਕੇ ਬਹਿ ਜਾਂਦੇ ਹਨ ਤੇ ਵਰਕੇ ਫਰੋਲਦੇ ਰਹਿੰਦੇ ਹਨ। ਇਸ ਤਰ੍ਹਾਂ ਕਰਨ ਨਾਲ ਬੱਚਿਆਂ ਦਾ ਕਿਤਾਬ ਪ੍ਰਤੀ ਮੋਹ ਵਧਦਾ ਰਹਿੰਦਾ ਹੈ। ਇਸ ਦੇ ਉਲਟ ਜੇ ਕਿਤਾਬ ਫਟਣ ਦੇ ਡਰ ਤੋਂ ਬੱਚੇ ਤੋਂ ਪਰ੍ਹਾਂ ਰੱਖ ਲਈ ਜਾਵੇ ਤੇ ਉਸ ਨੂੰ ਵਰਕੇ ਫਰੋਲਣ ਦੀ ਵੀ ਇਜਾਜ਼ਤ ਨਾ ਦਿੱਤੀ ਜਾਵੇ ਤਾਂ ਬੱਚਾ ਹੌਲੀ ਹੌਲੀ ਉਸ ਤੋਂ ਪਰ੍ਹਾਂ ਹੋ ਜਾਂਦਾ ਹੈ। ਮਾਪਿਆਂ ਵੱਲੋਂ ਬੱਚੇ ਤੋਂ ਕਿਤਾਬ ਪਰ੍ਹਾਂ ਖਿੱਚਣ ਦਾ ਵੀ ਕਾਰਨ ਹੁੰਦਾ ਹੈ। ਕਿਤਾਬ ਦੇ ਪੰਨੇ ਪਤਲੇ ਹੋਣ ਕਰਕੇ ਉਨ੍ਹਾਂ ਦੇ ਫਟਣ ਦੇ ਡਰ ਤੋਂ ਕਿਤਾਬ ਪਰ੍ਹਾਂ ਕਰ ਲਈ ਜਾਂਦੀ ਹੈ। ਦੂਸਰੀ ਤੇ ਜ਼ਰੂਰੀ ਗੱਲ ਇਹ ਹੁੰਦੀ ਹੈ ਕਿ ਬਹੁਤੇ ਮਾਪੇ ਆਪ ਹੀ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਨਹੀਂ ਹੁੰਦੇ। ਇਸੇ ਲਈ ਦੁਬਾਰਾ ਕਿਤਾਬ ਖ਼ਰੀਦਣ ਦਾ ਸਵਾਲ ਹੀ ਨਹੀਂ ਉਠਦਾ। ਕੁੱਝ ਮਾਪਿਆਂ ਵੱਲੋਂ ਕਿਤਾਬ ਨਾਲੋਂ ਖਿਡੌਣਿਆਂ ਵਾਸਤੇ ਤਰਜੀਹ ਦਿੱਤੀ ਜਾਂਦੀ ਹੈ, ਕਿਉਂਕਿ ਬਹੁਤੇ ਮਾਪਿਆਂ ਨੂੰ ਇਸ ਬਾਰੇ ਉੱਕਾ ਹੀ ਜਾਣਕਾਰੀ ਨਹੀਂ ਹੁੰਦੀ ਕਿ ਬੱਚੇ ਦੀ ਮਾਨਸਿਕਤਾ ਵਾਸਤੇ ਕਿਤਾਬ ਦੀ ਕੀ ਮਹੱਤਤਾ ਹੈ। ਤੀਜੀ ਜ਼ਰੂਰੀ ਗੱਲ ਇਹ ਹੈ ਕਿ ਕਿਤਾਬਾਂ ਮਹਿੰਗੀਆਂ ਹੋਣ ਕਾਰਨ ਵੀ ਕੁੱਝ ਮਾਪੇ ਦੁਬਾਰਾ ਖ਼ਰੀਦਣ ਦਾ ਹੀਆ ਨਹੀਂ ਕਰਦੇ। ਥੋੜਾ ਵੱਡਾ ਬੱਚਾ ਆਪਣੀ ਇਕ ਉਂਗਲ ਅਤੇ ਅੰਗੂਠੇ ਦੀ ਮਦਦ ਨਾਲ ਕਿਤਾਬ ਦਾ ਇਕੱਲਾ ਇਕੱਲਾ ਵਰਕਾ ਬਦਲਣਾ ਸ਼ੁਰੂ ਕਰਦਾ ਹੈ। ਇਸ ਵੇਲੇ ਉਹ ਤਸਵੀਰਾਂ ਦੇ ਨਾਲ ਉਸ ਵਿਚ ਜੁੜੀ ਕਹਾਣੀ ਵੀ ਸਮਝਣੀ ਚਾਹੁੰਦਾ ਹੈ। ਜੇ ਲਗਾਤਾਰ ਕਹਾਣੀ ਸੁਣਾਉਣ ਦੀ ਆਦਤ ਪਾਈ ਜਾਏ ਤਾਂ ਬੱਚੇ ਨੂੰ ਵੱਡੀ ਉਮਰ ਤਕ ਇਹ ਸ਼ੌਕ ਬਰਕਰਾਰ ਰਹੇਗਾ। ਜੇ ਟੈਲੀਵਿਜ਼ਨ ਜਾਂ ਵੀਡੀਓ ਗੇਮਾਂ ਵੱਲ ਧੱਕ ਦਿੱਤਾ ਜਾਏ ਤਾਂ ਕਿਤਾਬ ਦੀ ਵਕਤੀ ਖਿੱਚ ਬੱਚੇ ਨੂੰ ਹਮੇਸ਼ਾ ਲਈ ਇਸ ਤੋਂ ਪਰ੍ਹਾਂ ਕਰ ਦਿੰਦੀ ਹੈ। ਜਵਾਨੀ ਵਿਚ ਕਦਮ ਧਰਦਾ ਬੱਚਾ ਵੀ ਬਹੁਤੀ ਵਾਰ ਆਪਣੇ ਕਿਤਾਬ ਪੜ੍ਹਨ ਦੇ ਸ਼ੌਕ ਨੂੰ ਲਗਾਤਾਰ ਚਾਲੂ ਨਹੀਂ ਰੱਖ ਸਕਦਾ, ਕਿਉਂਕਿ ਕਈ ਵਾਰ ਕਿਤਾਬ ਹੀ ਬਹੁਤ ਮਹਿੰਗੀ ਹੁੰਦੀ ਹੈ ਤੇ ਬੱਚਾ ਖ਼ਰੀਦ ਹੀ ਨਹੀਂ ਸਕਦਾ ਜਾਂ ਮਾਪੇ ਇਸ ਨੂੰ ਫ਼ਜ਼ੂਲ ਖ਼ਰਚ ਕਹਿ ਕੇ ਛੱਡ ਦਿੰਦੇ ਹਨ। ਕਈ ਵਾਰ ਬੱਚਾ ਦੂਸਰੀ ਜ਼ਬਾਨ ਨੂੰ ਨਾ ਸਮਝਣ ਕਾਰਨ ਕੋਈ ਵਧੀਆ ਕਿਤਾਬ ਨਹੀਂ ਪੜ੍ਹ ਸਕਦਾ ਤੇ ਆਪਣੇ ਆਪ ਨੂੰ ਹੋਰ ਆਹਰੇ ਲਾ ਲੈਂਦਾ ਹੈ। ਬੱਚੇ ਵਿਚ ਕਿਤਾਬਾਂ ਪੜ੍ਹਨ ਦੀ ਰੁਚੀ ਬਰਕਰਾਰ ਰੱਖਣ ਲਈ ਜਿੱਥੇ ਮਾਪਿਆਂ ਦਾ ਵੱਡਾ ਰੋਲ ਹੈ, ਉੱਥੇ ਸਰਕਾਰ ਦਾ ਵੀ ਅਹਿਮ ਰੋਲ ਹੈ। ਸੋਵੀਅਤ ਰੂਸ ਨੇ ਕਈ ਸਾਲ ਪਹਿਲਾਂ ਇਕ ਫ਼ਾਰਮੂਲਾ ਅਜ਼ਮਾਇਆ ਸੀ, ਜਿਹੜਾ ਸਫਲ ਸਿੱਧ ਹੋਇਆ। ਉਨ੍ਹਾਂ ਬਹੁਤ ਵਧੀਆ ਕਿਸਮ ਦੀਆਂ ਬੱਚਿਆਂ ਦੀਆਂ ਕਹਾਣੀਆਂ ਦੀਆਂ ਕਿਤਾਬਾਂ ਬਹੁਤ ਹੀ ਸੋਹਣੇ ਤੇ ਲਿਸ਼ਕਦਾਰ ਪੰਨਿਆਂ ਉੱਤੇ ਛਾਪ ਕੇ ਅਤੇ ਖ਼ੂਬਸੂਰਤ ਤਸਵੀਰਾਂ ਸਮੇਤ ਵਧੀਆ ਦਿੱਖ ਵਾਲੀਆਂ ਬਣਾ ਕੇ ਮਾਰਕੀਟ ਵਿਚ ਲਿਆ ਸੁੱਟੀਆਂ। ਉਨ੍ਹਾਂ ਇਸ ਦੀ ਕੀਮਤ ਬਿਲਕੁਲ ਹੀ ਘੱਟ ਰੱਖੀ ਤੇ ਭਾਰਤ ਦੇ ਅਲੱਗ ਅਲੱਗ ਸ਼ਹਿਰਾਂ ਵਿਚ ਮਾਂ-ਬੋਲੀ ਦੇ ਹਿਸਾਬ ਨਾਲ ਤਰਜਮਾ ਵੀ ਕਰਵਾ ਦਿੱਤਾ। ਨਤੀਜੇ ਵਜੋਂ ਵਿਕਰੀ ਹੋਣੀ ਸ਼ੁਰੂ ਹੋ ਗਈ ਤੇ ਇਕਦਮ ਇੰਜ ਜਾਪਿਆ ਜਿਵੇਂ ਮਾਰਕੀਟ ਵਿਚ ਕਿਤਾਬਾਂ ਦਾ ਹੜ੍ਹ ਹੀ ਆ ਗਿਆ ਹੋਵੇ। ਜਦੋਂ ਇਹ ਪਹਿਲਾ ਤਜਰਬਾ ਸਫਲ ਹੋ ਗਿਆ ਤਾਂ ਉਨ੍ਹਾਂ ਆਪਣੇ ਧਰਮ ਤੇ ਆਪਣੇ ਪਿਛੋਕੜ ਨੂੰ ਘਰ ਘਰ ਪਹੁੰਚਾਉਣ ਦਾ ਵੀ ਇਹ ਜ਼ਰੀਆ ਬਣਾ ਲਿਆ ਤਾਂ ਜੋ ਦੁਨੀਆ ਦੇ ਹਰ ਕੋਨੇ ਵਿਚ ਵੱਸਦੇ ਨਿੱਕੇ ਨਿੱਕੇ ਬੱਚੇ ਬਦੋਬਦੀ ਮਜ਼ੇਦਾਰ ਕਹਾਣੀਆਂ ਰਾਹੀਂ ਉਨ੍ਹਾਂ ਦੇ ਸਭਿਆਚਾਰ ਨਾਲ ਜਾਣ-ਪਛਾਣ ਕਾਇਮ ਕਰ ਲੈਣ। ਘਰ ਘਰ ਪਹੁੰਚੀਆਂ ਸਸਤੀਆਂ ਤੇ ਵਧੀਆ ਕਹਾਣੀਆਂ ਦੀਆਂ ਕਿਤਾਬਾਂ ਨੇ ਸਾਰੀ ਦੁਨੀਆ ਵਿਚ ਸੋਵੀਅਤ ਰੂਸ ਦੀਆਂ ਧੁੰਮਾ ਪਾ ਦਿੱਤੀਆਂ। ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਵਿਚ ਗਿਣਤੀ ਦੇ ਦੋ ਜਾਂ ਤਿੰਨ ਬੱਚਿਆਂ ਦੇ ਰਸਾਲੇ ਹਨ ਤੇ ਬਹੁਤ ਹੀ ਥੋੜੀਆਂ ਬੱਚਿਆਂ ਦੀਆਂ ਅਲੱਗ ਅਲੱਗ ਉਮਰ ਦੇ ਹਿਸਾਬ ਨਾਲ ਲਿਖੀਆਂ ਕਿਤਾਬਾਂ। ਮਨਮੋਹਕ ਤਸਵੀਰਾਂ ਨਾ ਹੋਣ ਕਰਕੇ ਤੇ ਬੱਚਿਆਂ 'ਤੇ ਮਾਨਸਿਕ ਪੱਧਰ ਦੇ ਆਧਾਰ ਤੇ ਹਰ ਉਮਰ ਦੇ ਬੱਚਿਆਂ ਲਈ ਨਾ ਲਿਖੀਆਂ ਗਈਆਂ ਹੋਣ ਕਰਕੇ ਪੰਜਾਬ ਦੇ ਬਹੁਤੇ ਬੱਚੇ ਮਜਬੂਰਨ ਦੂਸਰੀ ਜ਼ਬਾਨ ਵਿਚ ਲਿਖੀਆਂ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਨ ਤੇ ਮਜਬੂਰ ਹਨ। ''ਹੈਰੀ ਪੌਟਰ' ਦੀ ਵਿਕਰੀ ਇਹ ਸਾਬਤ ਕਰ ਚੁੱਕੀ ਹੈ ਕਿ ਬੱਚੇ ਹਾਲੇ ਵੀ ਪੜ੍ਹਨ ਦੀ ਰੁਚੀ ਰੱਖਦੇ ਹਨ, ਬਸ਼ਰਤੇ ਵਧੀਆ ਕਿਤਾਬ ਉਨ੍ਹਾਂ ਦੀ ਮਾਨਸਿਕ ਪੱਧਰ ਦੀ ਮਿਲ ਜਾਏ। ਛੋਟੇ ਬੱਚੇ ਤਾਂ ਕਿਤਾਬ ਵਿਚਲੀਆਂ ਤਸਵੀਰਾਂ ਨਾਲ ਭਾਵੇਂ ਖਿੱਚੇ ਜਾਣ ਪਰ ਵੱਡੇ ਬੱਚੇ ਵਧੀਆ ਕਹਾਣੀ ਲੋਚਦੇ ਹਨ, ਜਿਹੜੀ ਉਨ੍ਹਾਂ ਨੂੰ ਕਿਤਾਬ ਲਗਾਤਾਰ ਪੜ੍ਹੀ ਜਾਣ 'ਤੇ ਮਜਬੂਰ ਕਰ ਦੇਵੇ। ਜੇ ਕਹਾਣੀ ਦੀ ਪਕੜ ਕਮਜ਼ੋਰ ਹੋਵੇ ਤਾਂ ਬੱਚੇ ਜਲਦੀ ਹੀ ਕਿਸੇ ਹੋਰ ਪਾਸੇ ਤੁਰ ਪੈਂਦੇ ਹਨ, ਭਾਵੇਂ ਦੋਸਤਾਂ ਨਾਲ ਖੇਡਣ ਜਾਂ ਟੀ. ਵੀ., ਸੰਗੀਤ ਆਦਿ। ਘਟੀਆ ਸਾਹਿਤ ਜੇ ਘੱਟ ਕੀਮਤ 'ਤੇ ਹਰ ਪਾਸੇ ਮਿਲ ਰਿਹਾ ਹੋਵੇ ਤਾਂ ਬੱਚੇ ਬਦੋਬਦੀ ਉਸ ਵੱਲ ਖਿੱਚੀ ਤੁਰੀ ਜਾਂਦੇ ਹਨ, ਖ਼ਾਸਕਰ ਜੇ ਉਹ ਉਤੇਜਨਾ ਭਰਪੂਰ ਹੋਵੇ। ਇਸ ਤਰ੍ਹਾਂ ਬੱਚੇ ਨੂੰ ਗ਼ਲਤ ਦਿਸ਼ਾ ਵੱਲ ਜਾਣ ਤੋਂ ਰੋਕਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਪੜ੍ਹਾਈ ਤੋਂ ਥੱਕ ਕੇ ਉੱਠੇ ਬੱਚੇ ਨੂੰ ਕਦੇ ਵੀ ਨੀਰਸ ਕਹਾਣੀ ਪੜ੍ਹਨੀ ਚੰਗੀ ਨਹੀਂ ਲੱਗਦੀ। ਇਸੇ ਲਈ ਕਿਤਾਬ ਅਜਿਹੀ ਹੋਣੀ ਚਾਹੀਦੀ ਹੈ, ਜਿਸ ਦੀ ਕਹਾਣੀ ਬੱਚੇ ਨੂੰ ਆਪਣੇ ਨਾਲ ਲੈ ਤੁਰੇ ਤੇ ਬੱਚਾ ਕਹਾਣੀ ਦੀ ਰਵਾਨੀ ਦੇ ਵੇਗ ਵਿਚ ਰੁੜ੍ਹ ਜਾਵੇ ਤੇ ਖਾਣਾ-ਪੀਣਾ ਹੀ ਭੁੱਲ ਜਾਵੇ। ਦੋ ਸਾਲ ਦੇ ਬੱਚੇ ਲਈ ਲੋੜੀਂਦੀ ਕਹਾਣੀ ਵਿਚ ਮਾਰ ਕੁਟਾਈ ਨਾ ਹੋਵੇ ਤਾਂ ਵਧੀਆ ਹੁੰਦਾ ਹੈ ਤੇ ਹਰ ਕਹਾਣੀ ਅੰਤ ਵਿਚ ਇਕ ਚੰਗੀ ਸਿੱਖਿਆ ਦੇ ਜਾਵੇ ਤਾਂ ਕਿਆਂ ਕਹਿਣੇ। ਅੰਤ ਵਿਚ ਬੁਰਾਈ ਉੱਤੇ ਅੱਛਾਈ ਦੀ ਜਿੱਤ ਨਾਲ ਬੱਚੇ ਦਾ ਦਿਮਾਗ਼ ਚੰਗਾ ਤੇ ਹਲਕਾ ਮਹਿਸੂਸ ਕਰਦਾ ਹੈ ਤੇ ਦੁਬਾਰਾ ਕਹਾਣੀ ਪੜ੍ਹਨ ਨੂੰ ਵੀ ਉਸ ਦਾ ਚਿੱਤ ਕਰਦਾ ਰਹਿੰਦਾ ਹੈ। ਜਿੱਥੇ ਬਾਲ ਕਹਾਣੀ ਲੇਖਕਾਂ ਉਤੇ ਬਹੁਤ ਭਾਰੀ ਜ਼ਿੰਮੇਵਾਰੀ ਹੈ ਵਧੀਆ ਕਹਾਣੀ ਲਿਖਣ ਦੀ, ਉੱਥੇ ਸਰਕਾਰ ਉਤੇ ਬਹੁਤ ਜ਼ਿਆਦਾ ਵੱਡੀ ਜ਼ਿੰਮੇਵਾਰੀ ਹੈ, ਅਜਿਹੇ ਵਧੀਆ ਸਾਹਿਤ ਨੂੰ ਬੱਚਿਆਂ ਤਕ ਪਹੁੰਚਾਉਣ ਦੀ ਅਤੇ ਉਨ੍ਹਾਂ ਦੀ ਪੜ੍ਹਨ ਦੀ ਰੁਚੀ ਨੂੰ ਬਰਕਰਾਰ ਰੱਖਣ ਦੀ। ਪਿੰਡ ਪਿੰਡ ਤੇ ਹਰ ਸਕੂਲ ਵਿਚ ਲਾਇਬ੍ਰੇਰੀਆਂ ਖੋਲ੍ਹਣੀਆਂ ਚਾਹੀਦੀਆਂ ਹਨ। ਜਿੱਥੇ ਇਹੋ ਜਿਹੀ ਸੁਵਿਧਾ ਨਾ-ਮੁਮਕਿਨ ਹੋਵੇ, ਉੱਥੇ ਮੋਬਾਇਲ ਲਾਇਬ੍ਰੇਰੀ ਬਣਾਈ ਜਾ ਸਕਦੀ ਹੈ, ਜਿਹੜੀ ਕਿਸੇ ਵੱਡੀ ਬੱਸ ਵਿਚ ਚੁਫੇਰੇ ਸ਼ੀਸ਼ਾ ਲਾ ਕੇ ਆਸਾਨੀ ਨਾਲ ਬਣ ਸਕਦੀ ਹੈ। ਘੱਟ ਕੀਮਤ ਤੇ ਵਧੀਆ ਛਪਾਈ ਵੀ ਤਾਂ ਹੀ ਸੰਭਵ ਹੈ, ਜੇ ਸਰਕਾਰ ਵੱਲੋਂ ਅਜਿਹੇ ਕਾਗਜ ਲਈ ਮਾਲੀ ਸਹਾਇਤਾ ਮਿਲ ਰਹੀ ਹੋਵੇ। ਮਾਂ-ਬੋਲੀ ਨੂੰ ਪ੍ਰਫੁੱਲਿਤ ਕਰਨ ਵਾਸਤੇ ਅਤੇ ਅਜਿਹੇ ਲੇਖਕਾਂ ਨੂੰ ਪ੍ਰੋਤਸਾਹਿਤ ਕਰਨ ਲਈ ਵੀ ਸਰਕਾਰ ਵੱਲੋਂ ਸਨਮਾਨ ਐਲਾਨੇ ਜਾਣੇ ਚਾਹੀਦੇ ਹਨ ਤਾਂ ਜੋ ਬੱਚਿਆਂ ਵਾਸਤੇ ਵਧੀਆ ਸਾਹਿਤ ਹੋਂਦ ਵਿਚ ਆ ਸਕੇ। ਸਕੂਲਾਂ ਵਿਚ ਵੀ ਬੱਚਿਆਂ ਲਈ ਲਾਇਬ੍ਰੇਰੀ ਵਿਚ ਇਕ ਪੀਰੀਅਡ ਲਈ ਬੈਠਣਾ ਲਾਜ਼ਮੀ ਹੋਣਾ ਚਾਹੀਦਾ ਹੈ ਤੇ ਜਿਹੜੀ ਵੀ ਕਿਤਾਬ ਬੱਚਾ ਪੜ੍ਹੇ, ਉਸ ਵਿੱਚੋਂ ਅਖ਼ੀਰ ਤੇ ਬੱਚੇ ਨੂੰ ਆਸਾਨ ਸਵਾਲ ਪੁੱਛਣੇ ਚਾਹੀਦੇ ਹਨ ਤਾਂ ਜੋ ਬੱਚੇ ਦੀ ਪੜ੍ਹਨ ਦੀ ਰੁਚੀ ਬਾਰੇ ਪਤਾ ਲੱਗ ਸਕੇ। ਬੱਚੇ ਤੋਂ ਪੜ੍ਹੀ ਹੋਈ ਕਹਾਣੀ ਸੁਣਨੀ ਤੇ ਬੱਚੇ ਨੂੰ ਆਪਣੇ ਵੱਲੋਂ ਕਹਾਣੀ ਲਿਖਣ ਲਈ ਜੇ ਉਤਸ਼ਾਹਿਤ ਕੀਤਾ ਜਾਵੇ ਤਾਂ ਵੀ ਬੱਚੇ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਪੈ ਸਕਦਾ ਹੈ। ਦੂਸਰੀ ਜ਼ਬਾਨ ਵਿਚਲੀਆਂ ਵਧੀਆ ਕਹਾਣੀਆਂ ਦਾ ਵੀ ਤਰਜਮਾ ਕਰ ਕੇ ਜੇ ਮਾਂ-ਬੋਲੀ ਵਿਚ ਛਾਪ ਦਿੱਤੀਆਂ ਜਾਣ ਤਾਂ ਵੀ ਬੱਚੇ ਅੰਦਰ ਪੜ੍ਹਨ ਦੀ ਰੁਚੀ ਪੈਦਾ ਕੀਤੀ ਜਾ ਸਕਦੀ ਹੈ। ਮੈਂ ਲਗਭਗ ਢਾਈ ਸੌ ਦੇ ਕਰੀਬ ਅਲੱਗ ਅਲੱਗ ਉਮਰ ਦੇ ਬੱਚਿਆਂ ਨੂੰ ਉਨ੍ਹਾਂ ਦੀ ਮਨਪਸੰਦ ਕਹਾਣੀ ਬਾਰੇ ਪੁੱਛਿਆ ਤਾਂ ਉਨ੍ਹਾਂ ਦੇ ਜਵਾਬ ਮੇਰੇ ਲਈ ਵੀ ਚਾਨਣ ਮੁਨਾਰਾ ਸਾਬਤ ਹੋਏ। ਅੰਗਰੇਜ਼ੀ ਮਾਧਿਅਮ ਸਕੂਲਾਂ ਵਿਚ ਪੜ੍ਹ ਰਹੇ ਬਹੁਤੇ ਸ਼ਹਿਰੀ ਬੱਚੇ ਤਾਂ ''ਹੈਰੀ ਪੌਟਰ' ਦੇ ਦੀਵਾਨੇ ਸਨ। ਪੁੱਛਣ 'ਤੇ ਕਹਿਣ ਲੱਗੇ, ''ਉਸ ਵਿਚਲੀਆਂ ਪਰਾ-ਸਰੀਰਕ ਗੱਲਾਂ ਉਨ੍ਹਾਂ ਨੂੰ ਬਹੁਤ ਚੰਗੀਆਂ ਲੱਗਦੀਆਂ ਹਨ ਤੇ ਇਸ ਰਾਹੀਂ ਉਨ੍ਹਾਂ ਨੂੰ ਲੱਗਦਾ ਹੈ ਕਿ ਜੋ ਉਹ ਹਕੀਕਤ ਵਿਚ ਨਹੀਂ ਕਰ ਸਕਦੇ, ਇਸ ਕਹਾਣੀ ਰਾਹੀਂ ਵਾਪਰਿਆ ਪੜ੍ਹ ਸਕਦੇ ਹਨ ਤੇ ਉਸ ਕਹਾਣੀ ਦੇ ਹਰ ਪੰਨੇ 'ਤੇ ਇਕ ਨਵੀਂ ਚੀਜ਼ ਦਾ ਸਾਹਮਣੇ ਆਉਣਾ ਖਿੱਚ ਦਾ ਕਾਰਨ ਬਣ ਰਿਹਾ ਹੈ। ਉਸਦਾ ਨਾਇਕ ਗ਼ਰੀਬ ਹੋਣ ਕਾਰਨ ਬਹੁਤਿਆਂ ਦੀ ਉਸ ਨਾਲ ਹਮਦਰਦੀ ਬਣ ਚੁੱਕੀ ਹੈ ਤੇ ਉਸ ਦੀ ਬੁਰੇ ਬੰਦਿਆਂ ਉੱਤੇ ਜਿੱਤ ਬੱਚਿਆਂ ਨੂੰ ਬਹੁਤ ਭਾਉਂਦੀ ਹੈ। ਕੁੱਝ ਕੁ ਪਿੰਡ ਦੇ ਜਵਾਨ ਬੱਚੇ ਮਸਾਲੇਦਾਰ ਖ਼ਬਰਾਂ ਪੜ੍ਹਨ ਦੇ ਜ਼ਿਆਦਾ ਸ਼ੌਕੀਨ ਸਨ ਜਾਂ ਅਖ਼ਬਾਰਾਂ ਵਿਚਲੀਆਂ ਛਪਦੀਆਂ ਕਹਾਣੀਆਂ ਜਿਨ੍ਹਾਂ ਵਿਚ ਉਨ੍ਹਾਂ ਵਰਗਿਆਂ ਦੀ ਜ਼ਿੰਦਗੀ ਦਾ ਜ਼ਿਕਰ ਹੋਵੇ। ਫੇਰ ਮੈਨੂੰ ਫੁਰਿਆ ਕਿ ਸਾਡੇ ਚੋਟੀ ਦੇ ਪੰਜਾਬੀ ਲੇਖਕਾਂ ਦੇ ਨਾਵਲਾਂ ਅਤੇ ਕਿਤਾਬਾਂ ਬਾਰੇ ਪੁੱਛਾਂ ਕਿ ਕਿੰਨੇ ਕੁ ਬੱਚਿਆਂ ਨੇ ਨਾਨਕ ਸਿੰਘ ਜਾਂ ਅਮ੍ਰਿਤਾ ਪ੍ਰੀਤਮ ਨੂੰ ਪੜ੍ਹਿਆ ਹੈ? ਮੈਨੂੰ ਹੈਰਾਨੀ ਹੋਈ, ਕਿਉਂਕਿ ਮੈਨੂੰ ਉਮੀਦ ਸੀ ਕਿ ਸ਼ਾਇਦ ਮੈਨੂੰ ਕੋਈ ਵੀ ਅਜਿਹਾ ਬੱਚਾ ਨਾ ਲੱਭੇ, ਪਰ ਸਵਾਲ ਪੁੱਛੇ ਜਾਣ ਵਾਲੇ ਬੱਚਿਆਂ ਵਿੱਚੋਂ ਸੱਤ ਕੁ ਪ੍ਰਤੀਸ਼ਤ ਬੱਚੇ ਆਪਣੀ ਮਾਂ-ਬੋਲੀ ਪੰਜਾਬੀ ਵਿਚ ਲਿਖੇ ਨਾਵਲ ਪੜ੍ਹ ਰਹੇ ਸਨ। ਅਫ਼ਸੋਸ ਦੀ ਗੱਲ ਇਹ ਸੀ ਕਿ ਕਾਨਵੈਂਟ ਸਕੂਲਾਂ ਵਿਚ ਪੜ੍ਹ ਰਹੇ ਬੱਚਿਆਂ ਵਿੱਚੋਂ ਇਕ ਨੇ ਵੀ ਹਾਮੀ ਨਹੀਂ ਭਰੀ। ਇਕ ਅੰਗਰੇਜ਼ੀ ਮਾਧਿਅਮ ਸਕੂਲ ਵਿਚ ਨੌਵੀਂ ਵਿਚ ਪੜ੍ਹ ਰਹੇ ਬੱਚੇ ਨੇ ਇੱਥੇ ਤਕ ਕਹਿ ਦਿੱਤਾ, ''ਆਈ ਡੋਂਟ ਰੀਡ ਟਰੈਸ਼। ''ਮੇਰੇ ਵਾਸਤੇ ਇਹ ਅੱਖਰ ਇਸ ਤਰ੍ਹਾਂ ਸਨ, ਜਿਵੇਂ ਕਿਸੇ ਨੇ ਮੇਰੇ ਦਿਲ ਅੰਦਰ ਖੰਜਰ ਖੋਭ ਦਿੱਤਾ ਹੋਵੇ। ਦੁਨੀਆ ਭਰ ਵਿਚ ਆਪਣੀ ਮਾਂ-ਬੋਲੀ 'ਤੇ ਫ਼ਖ਼ਰ ਕੀਤਾ ਜਾਂਦਾ ਹੈ। ਸਾਡੀ ਆਪਣੀ ਸੋਹਣੀ ਪੰਜਾਬ ਦੀ ਧਰਤੀ 'ਤੇ ਇਕ ਪੰਜਾਬੀ ਬੱਚਾ ਆਪਣੀ ਮਾਂ-ਬੋਲੀ ਤੇ ਫ਼ਖ਼ਰ ਕਰਨ ਦੀ ਬਜਾਏ ਉਸ ਨੂੰ 'ਕੂੜ ਕਬਾੜ' ਕਹਿ ਰਿਹਾ ਹੋਵੇ। ਇਹ ਕਿਸਦੀ ਗ਼ਲਤੀ ਹੈ? ਸਾਡੇ ਹੁਕਮਰਾਨ ਕੀ ਇਸ ਖ਼ਤਰੇ ਦੀ ਘੰਟੀ ਨੂੰ ਉਕਾ ਹੀ ਨਹੀ ਸੁਣ ਸਕਦੇ? ਇਹ ਹਰ ਪੰਜਾਬੀ ਦਾ ਆਪਣਾ ਫ਼ਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਤਕ ਆਪਣੇ ਸਭਿਆਚਾਰ ਨੂੰ ਪੁੱਜਦਾ ਕਰੇ ਤਾਂ ਜੋ ਅਸੀਂ ਪ੍ਰਫੁੱਲਿਤ ਹੁੰਦੇ ਰਹੀਏ। ਹਰ ਸਾਹਿਤਕਾਰ ਦਾ ਵੀ ਫ਼ਰਜ਼ ਹੈ ਕਿ ਬਾਲ ਸਾਹਿਤ ਨੂੰ ਵਧੀਆ ਸਾਹਿਤ ਨਾਲ ਭਰਪੂਰ ਕਰੇ ਤਾਂ ਜੋ ਬੱਚੇ ਆਪਣੀ ਮਾਂ-ਬੋਲੀ ਵਿਚ ਵਧੀਆ ਸਾਹਿਤ ਪੜ੍ਹ ਸਕਣ। ਸਾਡੇ ਨਰਸਰੀ ਵਿਚ ਪੜ੍ਹਦੇ ਬੱਚੇ ਅੰਗਰੇਜ਼ੀ ਦੀਆਂ ਤਸਵੀਰਾਂ ਵਾਲੀਆਂ ਕਿਤਾਬਾਂ ਤਾਂ ਜ਼ਰੂਰ ਫਰੋਲਦੇ ਰਹਿੰਦੇ ਹਨ, ਪਰ ਆਪਣੀ ਮਾਂ-ਬੋਲੀ ਵਿਚ ਲਿਖੀਆਂ ਖ਼ੂਬਸੂਰਤ ਤਸਵੀਰਾਂ ਵਾਲੀਆਂ ਕਿਤਾਬਾਂ ਜਿਹੜੀਆਂ ਉਨ੍ਹਾਂ ਦੀ ਮਾਨਸਿਕ ਸਥਿਤੀ ਦੇ ਆਧਾਰ ਤੇ ਛਪੀਆਂ ਹੋਣ, ਲੱਭਣ ਵਿਚ ਅਸਮਰਥ ਹੋ ਜਾਂਦੇ ਹਨ। ਕੀ ਇਸ ਪਾਸੇ ਸਾਨੂੰ ਧਿਆਨ ਦੇਣ ਦੀ ਜ਼ਰੂਰਤ ਨਹੀਂ ਹੈ? ਜੇ ਵੇਲੇ ਸਿਰ ਨਾ ਜਾਗੇ ਤਾਂ ਸਾਡੇ ਪੜਪੋਤਰੇ ਸ਼ਾਇਦ 'ੳ', 'ਅ' ਦਾ ਕਾਇਦਾ ਹੀ ਵੇਖਣ ਨੂੰ ਤਰਸ ਜਾਣ।