ਵੀਰਪੰਜਾਬ ਡਾਟ ਕਾਮ ਤੇ ਕੀ ਕੁਝ ਹੈ
ਮਾਂ-ਬੋਲੀ ਨੂੰ ਸਮਰਪਿਤ ਵੈਬ-ਸਾਈਟ ਵੀਰਪੰਜਾਬ ਡਾਟ ਕਾਮ ਸਮਾਜ ਦੇ ਸਮੁੱਚੇ ਵਿਕਾਸ ਵਿਚ ਕੰਪਿਊਟਰ ਅਤੇ ਸੂਚਨਾ ਸੰਚਾਰ ਤਕਨਾਲੋਜੀ ਦੀ ਅਹਿਮ ਭੂਮਿਕਾ ਹੈ। ਇੰਟਰਨੈੱਟ ਸਦਕਾ ਲੋੜੀਂਦੀ ਸੂਚਨਾ ਹਰ ਆਮ-ਖ਼ਾਸ ਲਈ ਹਰ ਵੇਲੇ ਉਪਲੱਬਧ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇੰਟਰਨੈੱਟ ਤਕਨਾਲੋਜੀ ਦੀ ਆਮਦ ਨਾਲ ਸਰਕਾਰਾਂ ਇਲੈਕਟ੍ਰਾਨਿਕ-ਇਨੇਬਲਡ ਹੋ ਗਈਆਂ ਹਨ ਅਤੇ ਆਨ-ਲਾਈਨ ਗੌਰਮਿੰਟ (ਇਲੈਕਟ੍ਰਾਨਿਕ ਗਵਰਨੈਂਸ) ਵਿਚ ਤਬਦੀਲ ਹੋ ਗਈਆਂ ਹਨ। ਆਨ-ਲਾਈਨ ਗੌਰਮਿੰਟ ਸੁਵਿਧਾ ਰਾਹੀਂ ਰਾਜ ਸਰਕਾਰਾਂ ਵੱਲੋਂ ਨਾਗਰਿਕਾਂ ਦੀਆਂ ਸੂਚਨਾ ਸਬੰਧੀ ਜ਼ਰੂਰਤਾਂ ਦੀ ਪੂਰਤੀ ਕਰਨ ਲਈ ਹਰ-ਵਕਤ (24 ਘੰਟੇ – 365 ਦਿਨ) ਸੇਵਾਵਾਂ ਦੇਣ ਦੇ ਨਵੇਂ ਤਰੀਕੇ ਉਪਲੱਬਧ ਕਰਵਾਏ ਜਾਂਦੇ ਹਨ। ਤਾਂ ਕਿ ਚੁਣੀ ਹੋਈ ਸਰਕਾਰ ਦੇ ਕਰਿੰਦੇ ਸਰਕਾਰੀ ਸੇਵਾਵਾਂ ਆਮ ਜਨਤਾ ਤੱਕ ਪਹੁੰਚਾਉਣ ਵਿਚ ਕਾਮਯਾਬ ਹੋ ਸਕਣ। ਆਮ ਜਨਤਾ, ਸਰਕਾਰ ਤੋਂ ਆਪਣੇ ਲਈ ਵਿੱਤੀ ਯੋਜਨਾਵਾਂ, ਸਿਹਤ ਸੰਭਾਲ, ਖੁਰਾਕ, ਸਾਫ਼-ਸਫ਼ਾਈ, ਰੁਜ਼ਗਾਰ, ਖਾਦ-ਪਦਾਰਥਾਂ ਦੀਆਂ ਕੀਮਤਾਂ, ਸਿੱਖਿਆ ਅਤੇ ਖੇਤੀਬਾੜੀ ਆਦਿ ਤਕਰੀਬਨ ਹਰ ਇਕ ਖੇਤਰ ਬਾਰੇ ਜਾਣਕਾਰੀ ਲੈਣਾ ਚਾਹੁੰਦੀ ਹੈ ਅਤੇ ਇਹ ਸੂਚਨਾ ਉਪਲੱਬਧ ਕਰਵਾਉਣੀ ਸਰਕਾਰ ਦੀ ਜ਼ਿੰਮੇਵਾਰੀ ਵੀ ਹੈ। ਜੋ ਕਿ ਇੰਟਰਨੈੱਟ (ਕੰਪਿਊਟਰ ਜਾਂ ਮੋਬਾਇਲ ਫੋਨ ਰਾਹੀਂ) ਦੀ ਸਹਾਇਤਾ ਨਾਲ ਆਨ-ਲਾਈਨ ਗੌਰਮਿੰਟ (ਇਲੈਕਟ੍ਰਾਨਿਕ ਗਵਰਨੈਂਸ) ਦੁਆਰਾ ਦਰੁਸਤ ਅਤੇ ਸਮੇਂ ਸਿਰ ਮਿਲਣੀ ਉਪਲੱਬਧ ਕਰਵਾਉਣੀ ਸੰਭਵ ਵੀ ਹੈ, ਤਾਂ ਕਿ ਹਰ ਇਕ ਨਾਗਰਿਕ ਇਹ ਜਾਣਕਾਰੀ ਲਈ ਸਰਕਾਰੀ ਜਾਂ ਅਰਧ-ਸਰਕਾਰੀ ਦਫਤਰਾਂ ਵਿਚ ਨਾ ਭਟਕੇ ਅਤੇ ਇਸ ਤਰ੍ਹਾਂ ਸਰਕਾਰ ਦੀ ਕਾਰ-ਗੁਜ਼ਾਰੀ ਦਾ ਮੁਲਾਂਕਣ ਵੀ ਕਰ ਸਕੇ। ਇਹ ਆਮ ਨਾਗਰਿਕ ਦਾ ਬੁਨਿਆਦੀ ਹੱਕ ਹੈ ਕਿ ਉਹ ਇਹ ਜਾਣ ਸਕੇ ਕਿ ਉਸ ਦੁਆਰਾ ਚੁਣੀ ਗਈ ਸਰਕਾਰ ਉਸ ਦੇ ਭਲੇ ਲਈ ਕੀ ਕਰ ਰਹੀ ਹੈ। ਭਾਰਤ ਸਰਕਾਰ ਨੇ ਬਕਾਇਦਾ ਇਲੈਕਟ੍ਰਾਨਿਕ ਗਵਰਨੈਂਸ ਲਈ ਰਾਜ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਅਤੇ ਇਸ ਖੇਤਰ ਵਿਚ ਕਾਮਯਾਬੀ ਦੇ ਮੁਲਾਂਕਣ ਦੇ ਪੈਮਾਨੇ ਵੀ ਤੈਅ ਕਰ ਛੱਡੇ ਹਨ ਜਿਸ ਦੇ ਆਧਾਰ ਤੇ ਰਾਜ ਸਰਕਾਰਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ।
ਸੂਚਨਾ ਸੰਚਾਰ ਤਕਨਾਲੋਜੀ ਦੇ ਪੁਰਜੇ, ਸੂਚਨਾ ਲਈ ਬਹੁਤੀ ਵਾਰ ਅੰਗਰੇਜ਼ੀ ਮਾਧਿਅਮ ਦੀ ਵਰਤੋਂ ਕਰਦੇ ਹਨ। ਜਿਸ ਕਰਕੇ ਸਮਾਜ ਵਿਚ ਵਰਤੋਂਕਾਰਾਂ ਦੀ ਦੋ ਭਾਗਾਂ ਵਿਚ ਵੰਡ ਹੋ ਗਈ ਹੈ। ਇਕ ਉਹ ਜਿਹੜੇ ਸੂਚਨਾ ਪ੍ਰਾਪਤ ਕਰਕੇ ਵਰਤ ਕਰ ਸਕਦੇ ਹਨ ਅਤੇ ਦੂਜੇ ਉਹ ਜਿਹੜੇ ਇਸ ਸੂਚਨਾ ਨੂੰ ਆਪਣੇ ਭਲੇ ਲਈ ਇਸਤੇਮਾਲ ਕਰਨ ਵਿਚ ਅਸਮਰਥ (ਅੰਗਰੇਜ਼ੀ ਨਾ ਜਾਣਨ ਕਰਕੇ) ਹਨ। ਪੰਜਾਬ ਵਾਸੀਆਂ ਦੀਆਂ ਜ਼ਰੂਰਤਾਂ ਦੀ ਪੂਰਤੀ ਅਤੇ ਮਾਂ-ਬੋਲੀ ਦੀ ਅਹਿਮੀਅਤ ਨੂੰ ਸਮਝਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸਾਹਿਬਾਨ ਦੀ ਰਹਿਨੁਮਾਈ ਹੇਠ, ਪੰਜਾਬ ਸਰਕਾਰ ਮਾਂ-ਬੋਲੀ ਪੰਜਾਬੀ ਨੂੰ ਪ੍ਰਫੁਲਿੱਤ ਕਰਨ ਲਈ ਅਣੱਥਕ ਕੋਸ਼ਿਸ਼ਾਂ ਕਰ ਰਹੀ ਹੈ। ਸਮੇਂ ਸਮੇਂ ਸਿਰ, ਸਰਕਾਰੀ ਅਮਲੇ ਨੂੰ ਸਖ਼ਤੀ ਨਾਲ ਪੰਜਾਬੀ ਭਾਸ਼ਾ ਲਾਗੂ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਇੰਟਰਨੈੱਟ ਰਾਹੀਂ ਵੀ ਸਰਕਾਰੀ ਸੂਚਨਾ ਪੰਜਾਬੀ ਭਾਸ਼ਾ ਵਿਚ ਪ੍ਰਕਾਸ਼ਿਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸਰਕਾਰ ਦੇ ਇਸ ਯਤਨ ਨੂੰ ਕਾਮਯਾਬ ਕਰਨ ਲਈ ਨਿਜੀ ਤੌਰ ਤੇ ਵੀ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਹਨ।
ਖੇਤਰੀ ਭਾਸ਼ਾ ਆਮ ਜਨਤਾ ਦੇ ਵਿਚਾਰ, ਸਭਿਅਤਾ, ਹਾਵ-ਭਾਵਾਂ ਨੂੰ ਵਿਅਕਤ ਕਰਦੀ ਹੈ ਅਤੇ ਨਾਲ ਹੀ ਇਸ ਵਿਚ ਸੂਚਨਾ ਦਾ ਆਦਾਨ-ਪ੍ਰਦਾਨ ਸੁਖਾਲਾ ਵੀ ਹੁੰਦਾ ਹੈ ਬਜਾਏ ਇਸ ਦੇ ਕਿ ਇਹ ਅੰਗ੍ਰੇਜ਼ੀ ਭਾਸ਼ਾ ਵਿਚ ਦਿੱਤੀ ਜਾਵੇ। ਸਮਾਜ ਵਿਚ ਇੰਟਰਨੈੱਟ ਦੀ ਵਰਤੋਂ ਸੁਖਾਲੀ (ਭਾਸ਼ਾ ਦੀ ਮੁਸ਼ਕਿਲ ਦੂਰ ਕਰਕੇ) ਕਰਕੇ ਹਰ ਖੇਤਰੀ ਸਭਿਅਤਾ ਅਤੇ ਖੇਤਰੀ ਭਾਸ਼ਾ ਜੀਵਤ ਰੱਖੀ ਜਾ ਸਕਦੀ ਹੈ। ਯੂਨੀਕੋਡ ਕੰਪਨੀ ਵੱਲੋਂ ਇਕ ਖੇਤਰੀ ਭਾਸ਼ਾ ਦੀ ਇੰਟਰਨੈੱਟ ਕੋਡ ਲਈ ਫੌਂਟ ਉਪਲੱਬਧ ਕਰਵਾਏ ਗਏ ਹਨ ਜਿਨ੍ਹਾਂ ਦੀ ਵਰਤੋਂ ਨਾਲ ਕਿਸੇ ਵੀ ਭਾਸ਼ਾ ਵਿਚ ਸੂਚਨਾ ਪ੍ਰਕਾਸ਼ਿਤ ਕੀਤੀ ਅਤੇ ਪੜ੍ਹੀ ਜਾ ਸਕਦੀ ਹੈ ਉਹ ਵੀ ਬਿਨਾਂ ਕਿਸੇ ਖਾਸ ਫੌਂਟ ਨੂੰ ਆਪਣੇ ਕੰਪਿਊਟਰ ਤੇ ਡਾਉਨਲੋਡ ਕੀਤੇ। ਪਿਛਲੇ ਕੁਝ ਸਾਲਾਂ ਦੀ ਅਣੱਥਕ ਮਿਹਨਤ ਸਦਕਾ ਸਵਤੰਤਰ ਖੁਰਮੀ ਵੱਲੋਂ ਚੈਂਲੇਂਜਰਸ ਸਾਫਟਵੇਅਰ ਟੈਕਨੋਲੋਜੀਜ਼ ਚੰਡੀਗੜ੍ਹ ਦੇ ਸਹਿਯੋਗ ਨਾਲ ਵੀਰਪੰਜਾਬ ਡਾਟ ਕਾਮ ਨਾਮ ਦੀ ਵੈਬ-ਸਾਈਟ (ਕੇਵਲ ਪੰਜਾਬੀ ਭਾਸ਼ਾ ਵਿਚ) ਬਣਾ ਕੇ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਵੈਬ ਸਾਈਟ ਦਾ ਪਸਾਰ ਤੇਜੀ ਨਾਲ ਹੋ ਰਿਹਾ ਹੈ, ਅਤੇ ਇਹ ਸਾਈਟ ਇਕੱਲੇ ਪੰਜਾਬ ਅਤੇ ਭਾਰਤ ਵਿੱਚ ਹੀ ਨਹੀ ਦੁਨੀਆਂ ਭਰ ਵਿੱਚ ਵੱਸੇ ਪੰਜਾਬੀਆਂ ਵਿੱਚ ਤੇਜੀ ਨਾਲ ਮਕਬੂਲ ਹੋ ਰਹੀ ਹੈ। ਇਸ ਵੈਬ ਸਾਈਟ ਦੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਸਾਈਟ ਸੰਪੂਰਨ ਪੰਜਾਬੀ ਵਿੱਚ ਹੈ ਅਤੇ ਬਿਨਾ ਫੌਂਟ ਲੋਡ ਕੀਤਿਆਂ ਹੀ ਵੇਖੀ ਜਾ ਸਕਦੀ ਹੈ।
ਵੀਰਪੰਜਾਬ ਡਾਟ ਕਾਮ ਵਿੱਚ ਪੰਜਾਬ ਰਾਜ ਬਾਰੇ ਸੰਪੂਰਨ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਪੰਜਾਬੀ ਸੂਬੇ ਦੇ ਐਲਾਨ ਤੋਂ ਲੈਕੇ, ਹੁਣ ਤੱਕ ਦੇ ਮੁੱਖ ਮੰਤਰੀ, ਵਿਧਾਨ ਸਭਾ ਦੇ ਸਭਾਪਤੀ, ਖੇਤਰਫਲ, ਜਨ-ਸੰਖਿਆ, ਰਾਜ ਪੰਛੀ, ਰਾਜ ਜਾਨਵਰ, ਸਿੱਕਾ, ਮੌਸਮ, ਮੁੱਖ ਫਸਲਾਂ, ਭੂਗੋਲਿਕ ਸਥਿਤੀ, ਵਿਦਿਅਕ ਸੰਸਥਾਵਾਂ, ਮੁੱਖ ਸਹਿਰਾਂ ਆਦਿ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ। ਦੇਸੀ ਮਹੀਨਿਆਂ ਬਾਰੇ ਜਾਣਕਾਰੀ ਵੀ ਬਾਰਾਂ ਮਾਹ ਮੁਤਾਬਕ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰੁੱਤਾਂ ਬਾਰੇ, ਦਿਨ-ਰੈਣ, ਵਾਰ ਬਾਰੇ ਜੋ ਕੁਝ ਗੁਰਬਾਣੀ ਵਿਚ ਦਰਜ ਹੈ ਵੀਰਪੰਜਾਬ ਡਾਟ ਕਾਮ ਤੇ ਪ੍ਰਕਾਸ਼ਿਤ ਹੈ।
ਵੈਬਸਾਈਟ ਤੇ ਰਾਜ ਸਰਕਾਰ, ਸਿੱਖਿਆ, ਸਿਹਤ, ਸਾਹਿਤ, ਖੇਤੀਬਾੜੀ, ਵਾਤਾਵਰਨ, ਰੁਜ਼ਗਾਰ, ਤਸਵੀਰਾਂ, ਅੰਮ੍ਰਿਤ ਬੋਲ, ਰੇਡੀਓ ਲਿੰਕ, ਮੌਸਮ, ਦੇਸੀ ਮਹੀਨਾ, ਮਨੋਰੰਜਨ, ਜ਼ਰੂਰੀ ਸੇਵਾਵਾਂ, ਦੇਸ-ਵਿਦੇਸ਼, ਰਿਸ਼ਤੇ, ਵਪਾਰ, ਤੁਹਾਡਾ ਖ਼ਤ, ਕਿਸ਼ੋਰ ਸਿੱਖਿਆ, ਡਾਉਨਲੋਡ, ਤੋਂ ਇਲਾਵਾ ਪੰਜਾਬੀ ਵਿਆਕਰਣ, ਭਰੂਣ ਹੱਤਿਆ, ਨਸ਼ਾ-ਮੁਕਤੀ ਆਦਿ ਲਿੰਕ ਦਿੱਤੇ ਗਏ ਹਨ ਜਿਹੜੇ ਕਿ ਸਾਰੇ ਦੇ ਸਾਰੇ ਹੀ ਮਹੱਤਵਪੂਰਨ ਜਾਣਕਾਰੀ ਭਰਪੂਰ ਹਨ।
ਰਾਜ-ਸਰਕਾਰ ਲਿੰਕ ਵਿਚ ਸਰਕਾਰੀ ਛੁੱਟੀਆਂ ਦੀ ਲਿਸਟ, ਕਰਮਚਾਰੀ ਪੰਨੇ ਤੇ ਸਰਕਾਰ ਵੱਲੋਂ ਜਾਰੀ ਕੀਤੇ ਸੇਵਾਰਤ, ਸੇਵਾ-ਮੁਕਤ ਅਤੇ ਸਾਬਕਾ ਫੌਜੀ ਕਰਮਚਾਰੀਆਂ ਲਈ ਸਮੇਂ-ਸਮੇਂ ਸਿਰ ਜਾਰੀ ਕੀਤੇ ਸਰਕੂਲਰ ਪ੍ਰਕਾਸ਼ਿਤ ਹਨ। ਸਰਕਾਰ ਵੱਲੋਂ ਜਾਰੀ ਕੀਤੇ ਸੂਚਨਾ ਅਧਿਕਾਰ ਐਕਟ ਸਬੰਧੀ ਜਾਣਕਾਰੀ, ਟੈਲੀਫ਼ੋਨ ਡਾਇਰੈਕਟਰੀ ਤਹਿਤ ਸਰਕਾਰੀ ਅਮਲੇ ਦੇ ਦਫ਼ਤਰੀ ਟੈਲੀਫ਼ੋਨ ਨੰਬਰਾਂ ਦੀ ਲਿਸਟ ਉਪਲੱਬਧ ਹੈ। ਆਮ ਸੂਚਨਾ ਲਈ ਮਾਨ ਚਿੱਤਰ ਲਿੰਕ ਅਧੀਨ ਸੜਕ-ਮਾਰਗ, ਰੇਲ-ਮਾਰਗ ਅਤੇ ਜਿਲ੍ਹਿਆਂ ਮੁਤਾਬਕ ਮਾਨ ਚਿੱਤਰ ਪ੍ਰਕਾਸ਼ਿਤ ਹਨ। ਇਸੇ ਲਿੰਕ ਅਧੀਨ ਖੇਤਰੀ ਭਾਸ਼ਾਵਾਂ ਅਤੇ ਇਨ੍ਹਾਂ ਦੇ ਇੰਟਰਨੈੱਟ ਪੱਖੋਂ ਮਹੱਤਵ ਬਾਰੇ ਜਾਣਕਾਰੀ ਦਰਜ਼ ਹੈ। ਪੰਜਾਬ ਦੇ ਹੁਣ ਤੱਕ ਰਹਿ ਚੁੱਕੇ ਮੁੱਖ ਮੰਤਰੀਆਂ ਅਤੇ ਸਭਾਪਤੀਆਂ ਦਾ ਵੇਰਵਾ ਕਾਰਜਕਾਲ ਸਮੇਤ ਆਮ ਜਾਣਕਾਰੀ ਲਈ ਪ੍ਰਕਾਸ਼ਿਤ ਹੈ। ਪੰਜਾਬ ਵਿਧਾਨ ਸਭਾ ਦੇ ਮੈਂਬਰ ਅਤੇ ਇਨ੍ਹਾਂ ਦੇ ਮਹਿਕਮਿਆਂ ਬਾਰੇ ਸੂਚਨਾ ਪ੍ਰਕਾਸ਼ਿਤ ਕੀਤੀ ਗਈ ਹੈ। ਇਨ੍ਹਾਂ ਤੋਂ ਇਲਾਵਾ ਰਾਸ਼ਟਰੀ ਝੰਡਾ ਅਤੇ ਰਾਸ਼ਟਰੀ ਗੀਤ ਬਾਰੇ ਜਾਣਕਾਰੀ ਉਪਲੱਬਧ ਹੈ। ਰੋਜ਼ਮਰਾ ਦੇ ਕੰਮ-ਕਾਜ ਲਈ ਕਚਿਹਰੀ ਤੋਂ ਟਾਈਪ ਕਰਵਾ ਕੇ ਸਰਕਾਰੀ ਦਫਤਰਾਂ ਵਿਚ ਪੇਸ਼ ਕੀਤੇ ਜਾਣ ਵਾਲੇ ਹਲਫ਼ੀਆ ਬਿਆਨ ਬਕਾਇਦਾ ਸਰਕਾਰੀ ਇਬਾਰਤ ਵਿਚ ਉਪਲੱਬਧ ਹਨ, ਜਿਨ੍ਹਾਂ ਨੂੰ ਸਿਰਫ ਪ੍ਰਿੰਟ ਕਰਕੇ ਵਿਚ ਲੋੜਵੰਦ ਆਪਣਾ ਨਾਮ ਭਰ ਕੇ ਕਚਿਹਰੀ ਵਿਚ ਹੋਣ ਵਾਲੀ ਖੱਜਲ-ਖੁਆਰੀ ਤੋਂ ਬਚ ਕੇ ਆਪਣਾ ਕੰਮ ਸਮੇਂ ਸਿਰ ਨਿਪਟਾ ਸਕਦਾ ਹੈ।
ਸਿੱਖਿਆ ਲਿੰਕ ਵਿਚ ਪੰਜਾਬ ਦੀਆਂ ਪੰਜਾਬ ਸਕੂਲ ਬੋਰਡ ਅਤੇ ਉੱਚ ਵਿਦਿਅਕ ਸੰਸਥਾਵਾਂ ਦੇ ਲਿੰਕ, ਪੰਜਾਬ ਬੋਰਡ ਦੇ ਸਲੇਬਸ ਅਨੁਸਾਰ ਵਿਦਿਆਰਥੀਆਂ ਦੀ ਸਹੂਲਤ ਲਈ ਵਿਗਿਆਨ ਦਾ ਇਕ ਅਧਿਆਇ, ਪੰਜਾਬੀ ਵਿਆਕਰਣ ਅਤੇ ਲੇਖ-ਚਿੱਠੀ ਪੱਤਰ ਰਚਨਾ ਤੇ ਵਿਸਥਾਰ ਪੂਰਵਕ ਜਾਣਕਾਰੀ ਉਪਲੱਬਧ ਹੈ ਜਿਸ ਵਿਚ ਮੁਹਾਵਰੇ ਅਤੇ ਅਖਾਣ ਸਮੇਤ ਵਾਕ ਪ੍ਰਕਾਸ਼ਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਵਿਆਕਰਣ ਨਾਲ ਸਬੰਧਿਤ ਮਾਹਿਰਾਂ ਦੇ ਲੇਖ ਅਤੇ ਆਮ-ਗਿਆਨ ਸਬੰਧੀ ਜਾਣਕਾਰੀ ਉਪਲੱਬਧ ਹਨ।
ਸਾਹਿਤ ਲਿੰਕ ਤੇ ਕਹਾਣੀਆਂ, ਕਵਿਤਾਵਾਂ, ਲੇਖ, ਖੋਜ-ਪੱਤਰ ਅਤੇ ਐਮ.ਫਿਲ-ਪੀ.ਐਚ.ਡੀ. ਦੇ ਥੀਸਿਸ ਦੀ ਲਿਸਟ ਪ੍ਰਕਾਸ਼ਿਤ ਹੈ। ਬੁਲ੍ਹੇ ਸ਼ਾਹ, ਸਆਦਤ ਹਸਨ ਮੰਟੋ, ਪਾਸ਼, ਬਟਾਲਵੀ, ਨੰਦ ਲਾਲ ਨੂਰਪੁਰੀ, ਅਮ੍ਰਿਤਾ ਪ੍ਰੀਤਮ, ਸੁਰਜੀਤ ਪਾਤਰ, ਸਾਧੂ ਸਿੰਘ ਹਮਦਰਦ, ਧਨੀ ਰਾਮ ਚਾਤ੍ਰਿਕ, ਚਰਨ ਸਿੰਘ ਸ਼ਹੀਦ ਜਿਹੇ ਪ੍ਰਮੁੱਖ ਸ਼ਖਸੀਅਤਾਂ ਦੀਆਂ ਰਚਨਾਵਾਂ ਉਪਲੱਬਧ ਹਨ। ਗਿਆਨੀ ਗੁਰਦਿੱਤ ਸਿੰਘ ਦੀ ਮੇਰੇ ਪਿੰਡ ਦਾ ਜੀਵਨ ਦੁਰਲਭ ਪੁਸਤਕਾਂ ਅਧੀਨ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। ਡਾਉਨਲੋਡ ਲਿੰਕ ਵਿਚ ਭਾਈ ਕਾਨ੍ਹ ਸਿੰਘ ਦਾ ਮਹਾਨ ਸ਼ਬਦ ਕੋਸ਼, ਸ਼ਹੀਦ ਭਗਤ ਸਿੰਘ ਦੀ ਜੇਲ੍ਹ ਡਾਇਰੀ ਉਪਲੱਬਧ ਹੈ। ਕੁਝ ਨਾਮਵਰ ਸ਼ਖਸੀਅਤਾਂ ਦੀਆਂ ਕਵਿਤਾਵਾਂ ਅਤੇ ਗਜ਼ਲਾਂ ਵੀ ਸ਼ਾਮਲ ਹਨ।
ਸਿਹਤ ਲਿੰਕ ਵਿੱਚ ਸਰੀਰ ਦੀ ਜਾਂਚ ਤੇ ਤੰਦਰੁਸਤ ਮਨੁੱਖ ਦੌਰਾਨ ਮਾਪਦੰਡ ਉਪਲੱਬਧ ਕਰਵਾਏ ਗਏ ਹਨ। ਤੰਦਰੁਸਤ ਸਰੀਰ ਲਈ ਆਧੁਨਿਕ ਖੁਰਾਕ ਬਾਰੇ ਜਾਣਕਾਰੀ ਪ੍ਰਕਾਸ਼ਿਤ ਹੈ। ਬੱਚਿਆਂ ਦੇ ਟੀਕਾਕਰਣ ਅਤੇ ਇਸ ਲਈ ਨਿਸ਼ਚਿਤ ਸਮੇਂ ਬਾਰੇ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ। ਬੀਮਾਰੀਆਂ. ਡਾਕਟਰੀ ਰਾਏ, ਸਿਹਤ ਸੰਭਾਲ, ਸੰਕਟ-ਗਰਭਨਿਰੋਧਕ ਦਵਾ ਦੀ ਜਾਣਕਾਰੀ ਤੋਂ ਇਲਾਵਾ ਪਰਿਵਾਰ ਅਤੇ ਸਿਹਤ ਗਿਆਨ. ਤੇ ਹੋਰ ਸੂਚਨਾ ਛੇਤੀ ਹੀ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ।
ਖੇਤੀਬਾੜੀ ਸਬੰਧੀ ਲਿੰਕ ਵਿਚ ਕਿਰਸਾਨ ਵੀਰਾਂ ਲਈ ਬੀਜਾਂ ਬਾਰੇ, ਖਾਦਾਂ ਬਾਰੇ, ਕੀੜੇਮਾਰ ਦਵਾਈਆਂ, ਫਸਲਾਂ ਬਾਰੇ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਜਾਰੀ ਹਿਦਾਇਤਾਂ ਉਪਲੱਬਧ ਹਨ। ਫਲ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਉੱਦਮੀਆਂ ਲਈ, ਡੇਅਰੀ ਅਤੇ ਪੋਲਟਰੀ ਵਿਚ ਇੱਛੁਕ ਕਾਮਿਆਂ ਲਈ ਵਡਮੁੱਲੇ ਸੁਝਾਅ ਪ੍ਰਕਾਸ਼ਿਤ ਹਨ। ਖੇਤੀਬਾੜੀ ਦੇ ਮਾਹਿਰ ਵਿਗਿਆਨੀਆਂ ਨਾਲ ਸੰਪਰਕ ਕਰਨ ਲਈ ਵਿਗਿਆਨਿਕ ਕੇਂਦਰਾਂ ਦੇ ਪਤੇ ਅਤੇ ਟੈਲੀਫ਼ੋਨ ਨੰਬਰ ਆਦਿ ਉਪਲੱਬਧ ਹਨ।
ਵਾਤਾਵਰਨ ਲਿੰਕ ਤੇ ਗਲੋਬਲ ਵਾਰਮਿੰਗ, ਊਰਜਾ ਬਚਾਓ, ਜੰਗਲੀ ਜੀਵਾਂ ਦੀ ਰੱਖਿਆ ਅਤੇ ਵਾਤਾਵਰਨ ਸਬੰਧੀ ਜਾਗਰੂਕਤਾ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਪ੍ਰਕਾਸ਼ਿਤ ਹਨ। ਰੇਡੀਓ ਲਿੰਕ ਤੇ ਕੋਈ 15 ਇੰਟਰਨੈੱਟ ਰੇਡੀਓ ਲਿੰਕ (ਗੀਤ-ਸੰਗੀਤ, ਹਿੰਦੀ ਪੰਜਾਬੀ ਅਤੇ ਕੀਰਤਨ ਆਦਿ ਦੇ) ਉਪਲੱਬਧ ਹਨ ਜਿਨ੍ਹਾਂ ਦਾ 24 ਘੰਟੇ ਪ੍ਰਸਾਰਣ ਹੁੰਦਾ ਰਹਿੰਦਾ ਹੈ।
ਅੰਮ੍ਰਿਤ ਬੋਲ ਸਬੰਧੀ ਪੰਨੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖੁੱਲ੍ਹੇ ਦਰਸ਼ਨ ਲਈ ਲਿੰਕ, ਹਰਿਮੰਦਰ ਸਾਹਿਬ ਦੇ ਤੋਸ਼ਾਖ਼ਾਨੇ ਬਾਰੇ ਜਾਣਕਾਰੀ, ਕੀਰਤਨ ਸੋਹਿਲਾ, ਆਰਤਾ, ਦਿਨ-ਰੈਣਿ, ਲਾਵਾਂ, ਸਾਖੀਆਂ ਪ੍ਰਕਾਸ਼ਿਤ ਹਨ। ਇਸ ਤੋਂ ਇਲਾਵਾ ਸੱਤਵਾਰ ਕਥਾ ਅਤੇ ਆਰਤੀਆਂ ਵੀ ਉਪਲੱਬਧ ਹਨ।
ਦੇਸੀ ਮਹੀਨਾ ਲਿੰਕ ਤੇ ਗੁਰਬਾਣੀ ਦੇ ਬਾਰਾਂ ਮਾਹਾ ਵਿਚੋਂ ਲਈਆਂ ਗਈਆਂ ਤੁਕਾਂ ਦਾ ਵਖਿਆਨ ਹੈ। ਮਨੋਰੰਜਨ ਲਿੰਕ ਅਧੀਨ ਚੁਟਕਲੇ, ਬਾਲਵਾੜੀ, ਨੌਜਵਾਨਾਂ, ਔਰਤਾਂ ਅਤੇ ਬਜ਼ੁਰਗਾਂ ਲਈ ਜਾਣਕਾਰੀ ਭਰਪੂਰ ਲੇਖ ਪ੍ਰਕਾਸ਼ਿਤ ਹਨ। ਜਰੂਰੀ ਸੇਵਾਵਾਂ ਅਧੀਨ, ਪੰਜਾਬ ਦੇ ਡਾਕਘਰ, ਸ਼ਹਿਰਾਂ ਦੇ ਪਿੰਨ ਕੋਡ ਅਤੇ ਐਸ.ਟੀ.ਡੀ. ਕੋਡ ਉਪਲੱਬਧ ਹਨ। ਪੰਜਾਬ ਦੇ ਜਿਲ੍ਹਾ ਕਮਿਸ਼ਨਰ, ਉਪ ਮੰਡਲ ਅਫਸਰ, ਸਿਵਲ ਸਰਜਨ, ਖੇਤੀਬਾੜੀ ਅਫਸਰ, ਆਦਿ ਦੇ ਟੈਲੀਫ਼ੋਨ ਨੰਬਰ, ਟੈਲੀਫ਼ੋਨ ਡਾਇਰੈਕਟਰੀ ਵਿਚ ਪ੍ਰਕਾਸ਼ਿਤ ਹਨ। ਦੇਸ-ਵਿਦੇਸ਼ ਲਿੰਕ ਵਿਚ ਭਾਰਤ ਵਿਚ ਵਿਦੇਸ਼ੀ ਰਾਜਦੂਤ ਘਰਾਂ ਦੇ ਪਤੇ ਅਤੇ ਟੈਲੀਫ਼ੋਨ ਲਿੰਕ ਪ੍ਰਕਾਸ਼ਿਤ ਹਨ। ਵਪਾਰੀ ਵੀਰਾਂ ਅਤੇ ਉਪਭੋਗਤਾਵਾਂ ਲਈ ਵੈਟ-ਸਬੰਧੀ ਜਾਣਕਾਰੀ ਉਪਲੱਬਧ ਹੈ।
ਕਿਸ਼ੋਰ ਸਿੱਖਿਆ ਲਿੰਕ ਅਧੀਨ ਪਰਿਵਾਰ ਅਤੇ ਸਿਹਤ ਗਿਆਨ ਤੇ ਸੂਚਨਾ ਪ੍ਰਕਾਸ਼ਿਤ ਹੈ। ਬਾਲ-ਅਵਸਥਾ ਤੋਂ ਕਿਸ਼ੋਰ-ਅਵਸਥਾ ਵਿਚ ਕਦਮ ਰੱਖ ਰਹੇ ਅਨਭੋਲ ਯੁਵਕਾਂ ਲਈ ਜਿੰਮੇਵਾਰ ਨਾਗਰਿਕ ਬਣਨ ਲਈ ਸਿਹਤ ਸਬੰਧੀ ਜਾਣਕਾਰੀ ਭਰਪੂਰ ਅਧਿਆਇ ਉਪਲੱਬਧ ਹਨ। ਜਿਸ ਵਿਚ ਪਾਰਿਵਾਰਿਕ ਸਾਂਝ, ਆਪਸੀ ਰਿਸ਼ਤੇ, ਆਪਣੇ-ਬਿਗਾਨੇ ਬਾਰੇ, ਆਤਮ ਸਨਮਾਨ, ਸ਼ੋਸ਼ਣ, ਸਰੀਰ ਦੀ ਬਣਤਰ ਆਦਿ ਦੀ ਜਾਣਕਾਰੀ ਮੈਡੀਕਲ ਪੱਖੋਂ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਐਚ.ਆਈ.ਵੀ. ਅਤੇ ਏਡਸ ਬਾਰੇ ਵੀ ਜਾਣਕਾਰੀ ਉਪਲੱਬਧ ਹੈ।