ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

 

ਤਾਇਆ ਹਡਿਆਰੀਆ ਜਦੋਂ ਨਾਨਕਿਆਂ ਤੋਂ ਗਿਆ

ਜਤਿੰਦਰ ਸਿੰਘ ਔਲਖ

ਮੈਂ ਉਸਨੂੰ ਇੱਕ ਵਾਰ ਗੁਰਪੁਰਬ ਤੇ ਨਿਕਲੀ ਪਾਲਕੀ ਵਿੱਚ ਕਵਿਤਾ ਪੜ੍ਹਦਿਆਂ ਵੇਖਿਆ ਸੀ ਨੀਲੀ ਪੱਗ ਤੇ ਲੰਮਾ ਕੋਟ ਲੀਡਰਾਂ ਵਾਲੀ ਦਿੱਖ ਸੀ ਤਾਏ ਹਡਿਆਰੀਏ ਦੀ। ਹਡਿਆਰੀਏ ਦਾ ਪੂਰਾ ਨਾਮ ਜੋਗਿੰਦਰ ਸਿੰਘ ਹਡਿਅਰੀਆ ਸੀ ਪਰ ਸਾਰੇ ਉਸਨੂੰ ਹਡਿਅਰੀਆ ਹੀ ਕਹਿੰਦੇ ਸਨ। ਲਾਹੌਰ ਜਿਲ੍ਹੇ ਦੇ ਹਡਿਆਰਾ ਪਿੰਡ ਵਿੱਚ ਮੇਰੇ ਪਿਤਾ ਜੀ ਦੀ ਭੂਆ ਵਿਆਹੀ ਹੋਈ ਸੀ। ਪਾਕਿਸਤਾਨ ਬਣਨ ਵੇਲੇ ਦਾਦਾ ਜੀ ਨੇ ਭੂਆ ਦੇ ਪਰਿਵਾਰ ਨੂੰ ਸੁਰੱਖਿਅਤ ਕੋਹਾਲੀ ਲੈ ਆਂਦਾਂ ਲਾਹੌਰੀਏ ਉਂਝ ਵੀ ਖਾੜਕੂਪੁਣੇ ਲਈ ਬਦਨਾਮ ਸਨ। ਪੰਜ ਭਾਣਜੇ ਤੇ ਅੱਠ ਬਾਪੂ ਦੇ ਭਤੀਜੇ ਤੇ ਕੁਝ ਹੋਰ ਚੇਲੇ-ਬਾਲਕੇ ਪਿੰਡ ਵਿੱਚ ਅੱਤ ਨਹੀਂ ਸੀ ਚੁੱਕਣੀ ਤਾਂ ਹੋਰ ਕੀ ਕਰਨਾਂ ਸੀ? ਜੋਗਿੰਦਰ ਸਿੰਘ ਹਡਿਆਰੀਆ ਵੀ ਮੇਰੇ ਪਿਤਾ ਜੀ ਦੀ ਭੂਆ ਦਾ ਪੁੱਤ ਤੇ ਸਾਡਾ ਤਾਇਆ ਸੀ। ਹਡਿਆਰੀਆ ਸਾਰੇ ਭਰਾਵਾਂ ਨਾਲੋਂ ਲੜਾਕੂ ਸੀ ਤੇ ਸਰੀਰ ਦਾ ਮਜ਼ਬੂਤ ਸੀ। ਉਸਦੀਆਂ ਗੱਲਾਂ ਅਕਸਰ ਪਿੰਡ ਦੇ ਥੜ੍ਹਿਆਂ ਤੇ ਸੱਥਾਂ ਚਲਦੀਆਂ ਰਹਿੰਦੀਆਂ ਹਨ। ਕਹਿੰਦੇ ਹਨ ਕਿ ਹਡਿਆਰੀਆ ਕਦੀ ਪੁਲਿਸ ਕੋਲੋਂ ਫੜ੍ਹਿਆ ਨਹੀਂ ਸੀ ਗਿਆ, ਉਸਨੇ ਜਦੋਂ ਵੀ ਥਾਣਾ ਵੇਖਿਆ ਬਾਪੂਜੀ ਨੇ ਖੁਦ ਪੇਸ਼ ਕਰਾਇਆ ਸੀ। ਜਦੋਂ ਬਾਅਦ ਵਿੱਚ ਹਡਿਆਰੀਆਂ ਨੂੰ ਮਲੋਟ ਲਾਗੇ ਜ਼ਮੀਨ ਅਲਾਟ ਹੋ ਗਈ ਤਾਂ ਪਿੰਡ ਵਾਲਿਆਂ ਨੇ ਸ਼ੁਕਰ ਮਨਾਇਆ ਕਿ ਬਲਾਅ ਟਲੀ। ਪਰ ਹਡਿਆਰੀਆ ਜਿਆਦਾ ਨਾਨਕੇ ਰਹਿ ਕੇ ਹੀ ਖੁਸ਼ ਸੀ। ਉਂਝ ਵੀ ਜਦੋਂ ਉਹ ਸਾਡੇ ਪਿੰਡ ਹੁੰਦਾ ਤਾਂ ਪਿੰਡ ਤੇ ਇਲਾਕੇ ਦੇ ਬਦਮਾਸ਼ ਉਸਨੂੰ ਹੱਥਾਂ ਤੇ ਚੁੱਕ ਲੈਂਦੇ। ਕੋਈ ਵੀ ਉਸ ਨਾਲ ਵਿਗਾੜਨੀ ਨਹੀਂ ਸੀ ਚਾਹੁੰਦਾ। ਬਾਪੂ ਜੀ ਦੇ ਗੁਜ਼ਰ ਜਾਣ ਤੋਂ ਬਾਅਦ ਪਿਤਾ ਜੀ ਦੇ ਕਮਿਉਨਿਸਟ ਖਿਆਲਾਂ ਦੇ ਹੋਣ ਕਾਰਨ ਇਹਨਾਂ ਬਦਮਾਸ਼ਾਂ ਨਾਲ ਲਾਗ-ਡਾਟ ਰਹਿੰਦੀ ਸੀ ਤੇ ਪਿਤਾ ਜੀ ਨੂੰ ਤਾਏ ਹਡਿਆਰੀਏ ਦਾ ਇਹਨਾਂ ਨਾਲ ਬਹਿਣ-ਖਲੋਣ ਗਵਾਰਾ ਨਹੀਂ ਸੀ। ਜਿਸ ਕਾਰਨ ਨਰਾਜ਼ ਹੋ ਕੇ ਉਹ ਜਦੋਂ ਵੀ ਆਉਂਦਾ ਤਾਂ ਸਾਡੇ ਸ਼ਰੀਕੇ ‘ਚੋਂ ਸਕਿਆਂ ਵੱਲ ਹੀ ਰਹਿੰਦਾ, ਜੋ ਖੁਦ ਹਡਿਆਰੀਏ ਵਾਲੀ ਕੈਟਾਗਰੀ ਦੇ ਸਨ। ਕਹਿੰਦੇ ਹਨ ਕਿ ਬਦਮਾਸ਼ੀ ਦੀ ਚੜ੍ਹਤ ਦੇ ਦਿਨਾਂ ਵਿੱਚ ਵੀ ਤਾਏ ਹਡਿਆਰੀਏ ਨੇ ਕਿਸੇ ਧੀ-ਭੈਣ ਵੱਲ ਅੱਖ ਚੁੱਕ ਕੇ ਨਹੀਂ ਸੀ ਵੇਖਿਆ।

ਪਿੰਡ ਦੇ ਚੋਰਾਂ ਵਿੱਚ ਹਡਿਆਰੀਆ ਲੀਡਰ ਮੰਨਿਆਂ ਜਾਂਦਾ ਸੀ। ਅਮ੍ਰਿਤਸਰੋਂ ਚੁਗਾਵੇਂ ਦਾ ਕੱਚਾ ਰਾਹ ਹੋਣ ਕਾਰਨ ਅਗਲੇ ਪਿੰਡਾਂ ਦੇ ਦੁਕਾਨਦਾਰ ਨ੍ਹੇਰੇ-ਸਵੇਰੇ ਰੇਹੜਿਆਂ ਤੇ ਸੌਦਾ-ਪੱਤਾ ਲੈ ਕੇ ਲੰਘਦੇ ਤਾਂ ਹਡਿਆਰੀਆ ਅਕਸਰ ਚੁੰਗੀ ਕੱਟਣ ਲਈ ਰਾਹ ਵਿੱਚ ਖੜ੍ਹਾ ਹੁੰਦਾ। ਸੌਦਾ ਤਾਂ ਜਾਣ ਦੇਂਦੇ ਪਰ ਜੇਬ ਵਿੱਚ ਨਕਦਨਾਮਾ ਅਕਸਰ ਇਹਨਾਂ ਦਾ ਹੀ ਹੁੰਦਾ। ਰੇਹੜਿਆਂ ਵਾਲੇ ਜਿਆਦਾਤਰ ਥੋੜਾ-ਬਹੁਤ ਹੀ ਨਕਦਨਾਮਾ ਜੇਬ ਵਿੱਚ ਰੱਖਦੇ। ਡੰਗਰ-ਵੱਛਾ ਖਿਸਕਾਉਣਾ ਤੇ ਵਾਢੀਆਂ ਦੇ ਦਿਨੀਂ ‘ਭਰੀਆਂ’ ਚੁੱਕਣੀਆਂ ਇਹਨਾਂ ਕੰਮਾਂ ਦਾ ਉਹ ਖਾਸ ਮਾਹਿਰ ਸੀ। ਉਸਦਾ ਵਿਆਹ ਹੋਣ ਤੋਂ ਬਾਅਦ ਤਾਈ ਤੇ ਉਹਨਾਂ ਦੇ ਬੱਚੇ ਤਾਂ ਸਾਡੇ ਘਰ ਹੀ ਰਹਿੰਦੇ ਪਰ ਹਡਿਆਰੀਏ ਨੇ ਮਸੀਤ ਕੋਲ ਮੁਸਲਮਾਨਾਂ ਦਾ ਖਾਲੀ ਕੀਤਾ ਇੱਕ ਕਮਰੇ ਵਾਲਾ ਘਰ ਮੱਲ ਲਿਆ। ਉਸਦੇ ਇਸ ਅੱਡੇ ਤੇ ਇੱਕ-ਦੋ ਟੁੱਟੇ ਜਿਹੇ ਸਾਣ ਦੇ ਮੰਜੇ ਇਕ ਅੰਗੀਠਾ ਤੇ ਕਿੱਲੀ ਨਾਲ ਉਸਦਾ ਅਚਕਨ ਵਰਗਾ ਲੰਮਾ ਕੋਟ ਟੰਗਿਆ ਰਹਿੰਦਾ ਜੋ ਉਸਨੇ ਅਮ੍ਰਿਤਸਰੋਂ ਕਿਸੇ ਤੋਂ ਮਾਂਜਿਆ ਸੀ। ਇੱਕ ਰਾਤ ਉਸਨੇ ਸੜਕ ਤੇ ਆਪਣੇ ਸਾਥੀਆਂ ਨਾਲ ਨਾਕਾ ਲਾਇਆ ਹੋਇਆ ਸੀ। ਪਰ ਉਸ ਦਿਨ ਉਸਦੀ ਕਿਸਮਤ ਖਰਾਬ ਸੀ ਕੋਈ ਰੇਹੜੇ ਵਾਲਾ ਨਾ ਟਕਰਿਆ ਪਰ ਜਦੋਂ ਉਹ ਆਪਣੇ ਅੱਡੇ ਤੇ ਮੁੜਿਆ ਤਾਂ ਕੋਈ ਉਸਦਾ ਕੋਟ ਚੁੱਕ ਕੇ ਲੈ ਗਿਆ ਸੀ। ਹੋਣਾ ਤਾਂ ਉਸਦੇ ਕਿਸੇ ਸੱਜਣ-ਬੇਲੀ ਦਾ ਕੰਮ ਹੋਰ ਕਿਸੇ ਦੀ ਕੀ ਜ਼ੁਅਰਤ ਕਿ ਹਡਿਆਰੀਏ ਦੀ ਕੋਈ ਚੀਜ਼ ਹਿਲਾ ਜਾਂਦਾ। ਪਰ ਚੋਰਾਂ ਨੂੰ ਮੋਰ ਪੈਣ ਵਾਲੀ ਗੱਲ ਹੋ ਗਈ ਸੀ। ਬਾਪੂ ਜੀ ਨੇ ਹਡਿਆਰੀਏ ਨੂੰ ਕਿਹਾ ਕਿ ਮਸੀਤ ਵਿੱਚ ਰੋਜ਼ ਝਾੜੂ ਦਿਆ ਕਰ ਤੇ ਦੀਵਾ ਜਗਾਇਆ ਕਰ। ਇਹ ਵੀ ਰੱਬ ਦਾ ਘਰ ਹੈ। ਮਸੀਤ ਵੱਲ ਪਾਕਿਸਤਾਨ ਬਣਨ ਤੋਂ ਬਾਅਦ ਕੋਈ ਨਹੀਂ ਸੀ ਜਾਂਦਾ ਪਰ ਬਾਪੂ ਜੀ ਮਸੀਤੇ ਚਿਰਾਗ ਜਗਾ ਦਿਆ ਕਰਦੇ ਸਨ, ਗੁਰਬਾਣੀ ਦੇ ਪੂਰੇ ਭਗਤ ਹੋਣ ਦੇ ਬਾਵਜੂਦ ਵੀ ਉਹ ਮਸੀਤ ਦਾ ਵੀ ਗੁਰਦੁਆਰੇ ਵਾਂਗ ਹੀ ਸਤਿਕਾਰ ਕਰਦੇ। ਬਾਪੂ ਹੁਰਾਂ ਨੇ ਕਿਤੇ ਕੰਮ ਜਾਣਾ ਸੀ ਇਸ ਲਈ ਹਡਿਆਰੀਏ ਦੀ ਡਿਊਟੀ ਲਾ ਦਿੱਤੀ। ਹਡਿਆਰੀਏ ਨੇ ਇੱਕ-ਦੋ ਦਿਨ ਸ਼ਾਇਦ ਹੀ ਕਦੇ ਦੀਵਾ ਜਗਾਇਆ। ਇੱਕ ਦਿਨ ਬਾਪੂ ਜੀ ਅਚਾਨਕ ਆ ਗਏ ਜਦੋਂ ਉਹ ਮਸੀਤ ਵੱਲ ਗਏ ਤੇ ਹਡਿਆਰੀਆ ਮਸੀਤ ਵਿੱਚ ਭੱਠੀ ਲਾ ਕੇ ਸ਼ਰਾਬ ਕੱਢ ਰਿਹਾ ਸੀ। ਬਾਪੂ ਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚ ਗਿਆ ਹਡਿਆਰੀਏ ਦੀ ਖੂਬ ‘ਸੇਵਾ’ ਹੋਈ। ਅਗਲੇ ਦਿਨ ਹਡਿਆਰੀਆ ਬਿਮਾਰ ਪੈ ਗਿਆ ਬਾਪੂ ਨੇ ਕਿਹਾ  ‘ਜਾਹ ਜਾ ਕੇ ਮਸੀਤੇ ਨੱਕ ਰਗੜ ਤੇ ਅਗਾਂਹੋਂ ਇਹੋ ਜਿਹੀ ਗਲਤੀ ਨਾ ਕਰੀਂ’ ਮਸੀਤੇ ਮੁਆਫ਼ੀ ਮੰਗਣ ਨਾਲ ਸ਼ਾਇਦ ਹਡਿਆਰੀਏ ਅੰਦਰ ਵਿਸ਼ਵਾਸ ਮੁੜ ਆਇਆ ਤੇ ਉਹ ਠੀਕ ਹੋ ਗਿਆ। ਫਿਰ ਸਾਰੀ ਉਮਰ ਉਹ ਮਸੀਤ ਦਾ ਪੱਕਾ ਭਗਤ ਬਣ ਗਿਆ।

ਪੁਲਸ ਦੇ ਕਦੀ ਕਾਬੂ ਨਾ ਆਉਣ ਵਾਲੀ ਗੱਲ ਇਸ ਲਈ ਸੀ ਕਿ ਉਹ ਤਕੜਾ ਦੌੜਾਕ ਸੀ। ਪੁਲਸ ਦੇ ਕੋਲੋਂ ਉਹ ਇੱਕ ਵਾਰ ਨੱਠ ਗਿਆ ਤਾਂ ਉਸਦੇ ਪਿੱਛੇ ਭੱਜਣਾ ਬੇਕਾਰ ਸਮਝਿਆ ਜਾਂਦਾ ਸੀ। ਸ਼ਾਇਦ ਉਸਨੂੰ ਕੋਈ ਗਾਈਡੈਂਸ ਮਿਲਦੀ ਤਾਂ ਉਹ ਉਲੰਪਿਕ ਵਿੱਚ ਕੁਝ ਕਰ ਵਿਖਾਉਂਦਾ। ਉਦੋਂ ਪੁਲਸ ਸਾਈਕਲਾਂ ਤੇ ਆਉਂਦੀ ਸੀ। ਇੱਕ ਵਾਰ ਹਡਿਆਰੀਏ ਨੂੰ ਫੜ੍ਹ ਲਿਆ ਤੇ ਸਾਈਕਲਾਂ ਤੇ ਬਿਠਾ ਕਿ ਥਾਣਾ ਲੋਪੋਕੇ ਵੱਲ ਲੈ ਤੁਰੇ। ਵਿਚਕਾਰ ਵਾਲੇ ਸਾਈਕਲ ਤੇ ਹਡਿਆਰੀਏ ਨੂੰ ਬਿਠਾਇਆ ਹੋਇਆ ਸੀ, ਇੱਕ ਸਾਈਕਲ ਤੇ ਦੋ ਪੁਲਸ ਮਲਾਜ਼ਿਮ ਅੱਗੇ ਤੇ ਦੋ ਪਿੱਛੇ। ਜਦੋਂ ਸਾਈਕਲ ਸੂਏ ਦੇ ਪੁਲ ਤੋਂ ਹੇਠਾਂ ਉਤਰੇ ਤਾਂ ਹਡਿਆਰੀਆ ਛਾਲ ਮਾਰ ਕੇ ਹੇਠਾਂ ਉੱਤਰ ਗਿਆ ਤੇ ਪੁਲਸ ਨੂੰ ਕਹਿਣ ਲੱਗਾ ‘ਚੰਗਾ ਜਨਾਬ ਜੀ ਸਾਸਰੀ ਕਾਲ’ ਹਡਿਆਰੀਆ ਸੂਆ ਟੱਪ ਕੇ ਦੂਜੇ ਪਾਸੇ ਹੋ ਗਿਆ ਤੇ ਪੁਲਸ ਵਾਲੇ ਮਗਰ ਦੌੜੇ ਪਰ ਹਡਿਆਰੀਆ ਮਜ਼ੇ ਨਾਲ ਤੁਰਿਆ ਜਾ ਰਿਹਾ ਸੀ। ਜਦੋਂ ਉਹ ਕੋਲ ਪਹੁੰਚੇ ਤਾਂ ਉਹ ਦੌੜਨ ਲੱਗ ਜਾਂਦਾ ਜਾਂ ਛਾਲ ਮਾਰ ਕੇ ਸੂਏ ਦੇ ਦੂਜੇ ਪਾਸੇ ਹੋ ਜਾਂਦਾ। ਤੇ ਪੁਲਿਸ ਵਾਲਿਆਂ ਦੀਆਂ ਗਾਹਲਾਂ ਦਾ ਜਵਾਬ ਨਾਲ ਮਖੌਲ ਦੇਂਦਾ। ਹਡਿਆਰੀਆ ਕਹਿਣ ਲੱਗਾ ਜਨਾਬ ਉਹ ਠੋਕਰ ਤੱਕ ਆ ਜਾਉ ਮੈਂ ਉੱਥੇ ਖਲੋਅ ਜਾਵਾਂਗਾ ਨਾਲੇ ਘੜੀ ਛਾਂਵੇ ਬਹਿ ਜਾਵਾਂਗੇ। ਪੁਲਿਸ ਵਾਲੇ ਤਪਦੀ ਗਰਮੀ ਵਿੱਚ ਠੋਕਰ ਤੱਕ ਗਏ ਜੋ ਭਿਟੱਵੱਤ ਵਾਲੇ ਪਾਸੇ ਪਿੰਡੋਂ ਕਾਫੀ ਹਟਵੀਂ ਹੈ। ਪੁਲਿਸ ਵਾਲੇ ਜੋ ਪਹਿਲਾਂ ਹੀ ਕਦੀ ਸੂਏ ਦੇ ਏਸ ਪਾਸੇ ਤੇ ਉਸ ਪਾਸੇ ਜਾ ਕੇ ਦੌੜ ਕੇ ਪ੍ਰੇਸ਼ਾਨ ਸਨ। ਤਪਦੀ ਗਰਮੀ ਵਿੱਚ ਹੋਰ ਪ੍ਰੇਸ਼ਾਨ ਹੋ ਗਏ। ਪਰ ਠੋਕਰ ਕੋਲ ਜਾ ਕੇ ਹਡਿਆਰੀਆ ਭਿੱਟਵੱਤ ਵੱਲ ਹੋ ਗਿਆ। ਤੇ ਪੁਲਿਸ ਵਾਲੇ ਉਸਨੂੰ ਕੋਸਦੇ ਮੁੜ ਗਏ। ਠਾਣੇਦਾਰ ਗੁੱਸੇ ਵਿੱਚ ਆ ਗਿਆ ਤੇ ਉਸਨੇ ਹਡਿਆਰੀਏ ਨੂੰ ਫੜ੍ਹਨਾ ਵਕਾਰ ਦਾ ਸਵਾਲ ਬਣਾ ਲਿਆ।

ਠਾਣੇਦਾਰ ਨੇ ਪੰਜਾਬ ਦੇ ਚੋਟੀ ਦੇ ਦੌੜਾਕ ਮੰਗਵਾ ਲਏ। ਕੁਝ ਦੌੜਾਕ ਪੰਜਾਬ ਪੁਲਿਸ ਦੇ ਐਥਲੀਟ ਸਨ ਤੇ ਦੌੜਾਂ ਦੇ ਟੂਰਨਾਮੈਂਟਾਂ ਵਿੱਚ ਪ੍ਰਾਪਤੀਆਂ ਸਦਕਾ ਪੁਲਿਸ ਵਿੱਚ ਭਰਤੀ ਕੀਤੇ ਗਏ ਸਨ। ਟਾਊਟ ਨੇ ਸੂਚਨਾ ਦਿੱਤੀ ਹਡਿਆਰੀਆ ਮੀਣੀਆਂ ਵਾਲੇ ਖੂਹ ਤੇ ਭੱਠੀ ਲਾ ਕੇ ਸ਼ਰਾਬ ਕੱਢ ਰਿਹਾ ਹੈ। ਪੰਜਾਬ ਪੁਲਿਸ ਦੇ ਮੰਨੇ-ਪ੍ਰਮੰਨੇ ਦੌੜਾਕਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਸੀ। ਜਦੋਂ ਹਡਿਆਰੀਏ ਨੇ ਉਤਾਂਹ ਨੂੰ ਵੇਖਿਆ ਤਾਂ ਚਾਰ-ਚੁਫੇਰਿਓਂ ਘਿਰ ਚੁੱਕਾ ਸੀ। ਪੁਲਿਸ ਕਾਫੀ ਨੇੜੇ ਪਹੁੰਚ ਚੁੱਕੀ ਸੀ। ਹਡਿਆਰੀਏ ਨੇ ਜਿੰਨੀ ਵੀ ਸ਼ਰਾਬ ਨਿਕਲੀ, ਕੈਨ ਚੁੱਕ ਕੇ ਖੁਦ ਹੀ ਪੁਲਿਸ ਵੱਲ ਨੂੰ ਹੋ ਤੁਰਿਆ ਤੇ ਕਿਹਾ ‘ਅੱਜ ਤਾਂ ਮੈਂ ਕਾਬੂ ਆ ਹੀ ਗਿਆ ਹਾਂ ਹੁਣ ਭੱਜਣ ਦਾ ਕੀ ਫਾਇਦਾ’। ਉਹ ਤਾੜ ਗਿਆ ਸੀ ਕਿ ਹੋਰ ਪਾਸੇ ਜਿਆਦਾ ਪੁਲਿਸ ਵਾਲੇ ਸਨ ਪਰ ਇੱਕ ਪਾਸੇ ਸਿਰਫ ਦੋ ਪੁਲਿਸ ਵਾਲੇ ਸਨ। ਜਦੋਂ ਨੇੜੇ ਪਹੁੰਚਿਆ ਤਾਂ ਉਸਨੇ ਇੱਕ ਸਿਪਾਹੀ ਨੂੰ ਧੱਕਾ ਮਾਰ ਕੇ ਸ਼ੂਟ ਵੱਟ ਲਈ। ਖੇਸ ਉਸਨੇ ਲਾਹ ਕੇ ਸੁੱਟ ਦਿੱਤਾ। ਗਿੱਲੀਆਂ ਕਣਕਾਂ ਵਿੱਚ ਹਡਿਆਰੀਆ ਭੱਜਣ ਦਾ ਮਹਿਰ ਸੀ ਪਰ ਟੂਰਨਾਂਮੈਂਟਾਂ ਦੇ ਪੱਧਰੇ ਮੈਦਾਨਾਂ ਤੇ ਦੌੜਾਂ ਲਾਉਣ ਵਾਲੇ ਪੁਲਿਸ ਦੇ ਦੌੜਾਕ ਪੂਰੀ ਵਾਹ ਲਾ ਕੇ ਵੀ ਚੱਲੇ ਕਾਰਤੂਸ ਹੀ ਸਾਬਤ ਹੋਏ। ਕਿਸੇ ਜੱਟ ਦੀ ਘੋੜੀ ਬੱਝੀ ਹੋਈ ਸੀ ਹਡਿਆਰੀਏ ਨੇ ਖੋਲ੍ਹੀ ਤੇ ਫੇਰ ਕਿੱਥੇ ਉਹ ਕਾਬੂ ਆਉਂਦਾ ਸੀ। ਕੁਝ ਦਿਨਾਂ ਬਾਅਦ ਹਡਿਆਰੀਆ ਚੁਗਾਵੇਂ ਚੌਕ ‘ਚੋਂ ਪਿਆਰਾ ਸਿੰਘ ਦੀ ਦੁਕਾਨ ਤੋਂ ਸਾਇਕਲ ਨੂੰ ਪੈਂਚਰ ਲਵਾ ਰਿਹਾ ਸੀ ਥਾਣੇਦਾਰ ਉੱਥੇ ਆ ਗਿਆ। ਪਿਆਰਾ ਸਿੰਘ ਉਦੋਂ ਨਵਾਂ-ਨਵਾਂ ਮੈਂਬਰ ਬਣਿਆ ਸੀ ਜਿਸ ਕਾਰਨ ਥਾਣੇਦਾਰ ਉਸਨੂੰ ਜਾਣਦਾ ਸੀ ਤੇ ਪੁਲਿਸ ਦੇ ਸਾਈਕਲਾਂ ਨੂੰ ਵੀ ਉਹ ਹੀ ਪੈਂਚਰ ਲਾਉਂਦਾ ਸੀ। ਹਡਿਆਰੀਆ ਊਂਧੀ ਜਿਹੀ ਪਾ ਕੇ ਇੱਕ ਨੁੱਕਰੇ ਬੈਠ ਗਿਆ। ਥਾਣੇਦਾਰ ਪਿਆਰਾ ਸਿੰਘ ਨੂੰ ਕਹਿਣ ਲੱਗਾ, ਪਿਆਰਾ ਸਿਹਾਂ, ਤੇਰੇ ਪਿੰਡ ਦਾ ਇੱਕ ਹਡਿਆਰੀਆ ਹੈ ਮੈਂ ਉਸਨੂੰ ਮਿਲਣਾ ਚਾਹੁੰਦਾ ਹਾਂ ਤੂੰ ਮੈਨੂੰ ਉਸ ਨਾਲ ਮਿਲਾ। ਪਿਆਰਾ ਸਿੰਘ ਨਿਮਾ-ਨਿਮਾ ਹੱਸ ਪਿਆ। ਥਾਣੇਦਾਰ ਮੁੜ ਕਹਿਣ ਲੱਗਾ ਮੈਂ ਉਸਨੂੰ ਫੜ੍ਹਨ ਲਈ ਵੱਡੇ-ਵੱਡੇ ਦੌੜਾਕ ਸੱਦੇ ਸਨ ਪਰ ਉਹ ਫਿਰ ਵੀ ਕਾਬੂ ਨਹੀਂ ਆਇਆ। ਮੈਂ ਉਸਨੂੰ ਇੱਕ ਵਾਰ ਜਰੂਰ ਮਿਲਣਾ ਹੈ। ਥਾਣੇਦਾਰ ਦੇ ਜੋਰ ਦੇਣ ਤੇ ਪਿਆਰਾ ਸਿੰਘ ਕਹਿਣ ਲੱਗਾ ਜਨਾਬ ਮਿਲਾ ਤਾਂ ਤੁਹਾਨੂੰ ਅੱਜ ਹੀ ਦੇਈਏ ਪਰ ਤੁਸਾਂ ਕੁੱਟ-ਕੁੱਟ ਕੇ ਮੁੰਡੇ ਨੂੰ ਮਾਰ ਦੇਣਾ ਹੈ। ਥਾਣੇਦਾਰ ਨੇ ਪੱਕਾ ਵਾਅਦਾ ਕੀਤਾ ਕਿ ਅੱਜ ਉਹ ਉਸਨੂੰ ਨਹੀਂ ਫੜ੍ਹੇਗਾ। ਥਾਣੇਦਾਰ ਦੇ ਪੱਕਾ ਵਾਅਦਾ ਕਰਨ ਤੇ ਪਿਆਰਾ ਸਿੰਘ ਕਹਿਣ ਲੱਗਾ ਇਹੋ ਹੀ ਜੇ ਹਡਿਆਰੀਆ ਮਿਲ ਲਉ। ਤੇ ਹਡਿਆਰੀਏ ਹੁਰੀਂ ਸ਼ੂਟ ਵੱਟਣ ਹੀ ਵਾਲੇ ਸਨ ਕਿ ਥਾਣੇਦਾਰ ਨੇ ਹੌਸਲਾ ਦੇ ਕੇ ਰੋਕ ਲਿਆ ਤੇ ਹਡਿਆਰੀਏ ਨੂੰ ਸ਼ਾਥਾਸ਼ੇ ਦੇ ਕੇ ਕਹਿਣ ਲੱਗਾ ਕਿ ‘ਤੇਰੇ ਵਰਗਾ ਜੁਆਨ ਨਹੀਂ ਵੇਖਿਆ। ਤੂੰ ਕਮਾਲ ਦਾ ਦੌੜਾਕ ਏਂ’। ਥਾਣੇਦਾਰ ਨੇ ਪੰਜ ਰੁਪਏ ਉਹਨੀਂ ਦਿਨੀਂ ਹਡਿਆਰੀਏ ਨੂੰ ਇਨਾਮ ਦਿੱਤਾ। ਤੇ ਮਾੜੀਆਂ ਕਰਤੂਤਾਂ ਛੱਡ ਦੇਣ ਦੀ ਹਦਾਇਤ ਵੀ ਕੀਤੀ। ਜਦੋਂ ਸਾਤੇ ਬਾਪੂ ਨੇ ਤਾਏ ਹਡਿਆਰੀਏ ਨੂੰ ਥਾਣੇ ਪੇਸ਼ ਕਰਾਇਆ ਤਾਂ ਉਸਨੇ ਝੰਜੋਟੀ ਦੀ ਛਿੰਝ ਵਿੱਚ ਘੁਲਣ ਦੀ ਆਗਿਆ ਲੈ ਲਈ। ਹਥਕੜੀਆਂ ਲਾ ਕੇ ਝੰਜੋਟੀ ਲਿਜਾਇਆ ਗਿਆ ਤੇ ਘੋਲਾਂ ਵੇਲੇ ਉਸਦੀ ਹਥਕੜੀ ਖੋਲ ਦਿੱਤੀ ਗਈ। ਉਸਦਾ ਘੋਲ ਵੇਖ ਕੇ ਥਾਣੇਦਾਰ ਵੀ ਖੁਸ਼ ਹੋ ਗਿਆ। ਪਹਿਲਾਂ ਵਾਲਾ ਥਾਣੇਦਾਰ ਬਦਲ ਗਿਆ ਸੀ ਉਸਨੇ ਇਨਾਮ ਵਜੋਂ ਮਿਲੇ ਢੇਰ ਸਾਰੇ ਰੁਪਏ ਥਾਣੇਦਾਰ ਨੂੰ ਦੇ ਕੇ ਛੁੱਟ ਗਿਆ। ਇੱਕ ਵਾਰ ਉਸਨੇ ਲਾਹਣ ਵਾਲਾ ਘੜਾ ਫੜਾਉਣ ਵਾਲੇ ਮਾਊ ਕੀ ਪੱਤੀ ਦੇ ਇੱਕ ਬੰਦੇ ਦੀ ਵੱਖੀ ਵਿੱਚ ਬਰਛੀ ਮਾਰ ਦਿੱਤੀ ਜੋ ਮਰਦਾ-ਮਰਦਾ ਬਚ ਗਿਆ।

ਉਸਦਾ ਇੱਕ ਭਰਾ ਲੜਾਈ ਵੇਲੇ ਡਰਦਾ ਬਹਾਨਾ ਬਣਾ ਕੇ ਲੁੱਕ ਜਾਂਦਾ। ਹਡਿਆਰੀਏ ਹੋਰਾਂ ਸੋਚਿਆ ਚਲੋ ਇਸਦਾ ਲੜਨ ਦਾ ਝਾਕਾ ਲਾਹੁੰਦੇ ਹਾਂ। ਸਾਰੇ ਭਰਾਵਾਂ ਨੇ ਉਸਨੂੰ ਡਾਂਗਾਂ-ਸੋਟਿਆਂ ਨਾਲ ਕੁੱਟਿਆ। ਇਸ ਪਿੱਛੋਂ ਉਹ ਕੁਝ ਦਲੇਰ ਹੋ ਗਿਆ ਤੇ ਲੜਾਈਆਂ ਵਿੱਚ ਨਾਲ ਜਾਣ ਲੱਗ ਪਿਆ। ਉਸਨੇ ਸੋਚਿਆ ਲੜਾਈ ਵਿੱਚ ਤੇ ਪਤਾ ਨਹੀਂ ਕੋਈ ਡਾਂਗ ਵਜਣੀ ਵੀ ਹੈ ਕਿ ਨਹੀਂ ਇਹਨਾਂ ਪਰ ਜੇ ਨਾਂ ਗਿਆ ਤਾਂ ਜੱਲਾਦਾਂ ਤੋਂ ਕੌਣ ਬਚਾਊ? ਨਿੱਤ ਦੇ ਪੰਗਿਆਂ ਤੋਂ ਅੱਕ ਕੇ ਬਾਪੂ ਨੇ ਉਸਨੂੰ ਮਾਲਵੇ ਵਿੱਚ ਮਲੋਟ ਲਾਗੇ ਵਾਲੀ ਜ਼ਮੀਨ ਤੇ ਭੇਜ ਦਿੱਤਾ। ਉੱਥੇ ਵੀ ਯਾਰਾਂ ਦੀ ਉਹੋ ਧੁੰਮ ਸੀ। ਉੱਥੇ ਪਹਿਲੀ ਵਾਰ ਬਣਿਆ ਐਮ.ਐਲ.ਏ ਪਿੰਡ ਵਿਚ ਅਇਆ ਤਾਂ ਹਡਿਆਰੀਏ ਨੇ ਭਰਾਵਾਂ ਨੂੰ ਨਾਲ ਲੈ ਕੇ ਐਮ.ਐਲ.ਏ ਸਾਹਿਬ ਦੀ ਡਾਂਗਾਂ ਨਾਲ ਸੇਵਾ ਕਰ ਦਿੱਤੀ। ਇਹ ਐਮ.ਐਲ.ਏ ਸਾਹਿਬ ਪੰਜਾਬ ਦਾ ਮੁੱਖ ਮੰਤਰੀ ਬਣਿਆ। ਜਦੋਂ ਤੱਕ ਹਡਿਆਰੀਆ ਮਾਲਵੇ ਵੱਲ ਗਿਆ ਬਾਪੂ ਹੁਰੀਂ ਦੋ ਕਤਲਾਂ ਤੋਂ ਇਲਾਵਾ ਕਈ ਹੋਰ ਮੁਕੱਦਮੇ ਨਜਿੱਠਣ ਦੇ ਲੇਖੇ ਕਾਫੀ ਜ਼ਮੀਨ ਤੇ ਆਲਾ ਨੰਬਰਦਾਰੀ ਵੀ ਲਾ ਚੁੱਕੇ ਸਨ। 2009 ਵਿੱਚ ਉਹ ਆਖਰੀ ਵਾਰ ਨਾਨਕੇ ਕੋਹਾਲੀ ਆਇਆ। ਤੇ ਉਹ ਸੋਟੀ ਨਾਲ ਤੁਰਨ ਵਾਲਾ ਬਜ਼ੁਰਗ ਸੀ। ਪਰ ਸਾਡੇ ਸ਼ਰੀਕੇ ‘ਚੋਂ ਇੱਕ ਚਾਚੇ ਦੇ ਘਰੋਂ ਲੱਸੀ ਪੀ ਕੇ ਆਉਂਦਾ ਤਾਂ ਉਸਦੇ ਆਉਂਦਿਆਂ ਨੂੰ ਜੱਗ ਲੱਸੀ ਦਾ ਸਾਡੇ ਘਰ ਫਰਿਜ਼ ਵਿੱਚ ਲੱਗਾ ਹੁੰਦਾ। ਜੱਗ ਲੱਸੀ ਦਾ ਪੀਕੇ ਉਹ ਬਾਬੇ ਮਿਹਰ ਦਾਸ ਦੇ ਡੇਰੇ ਜਾਂਦਾ ਤੇ ਉੱਥੇ ਵੀ ਰੱਜ ਕੇ ਲੱਸੀ ਪੀਂਦਾ। ਦੁਪਹਿਰੇ ਉਹ ਰੋਟੀ ਖਾਣ ਵੇਲੇ ਮੁੜ ਘਰ ਆਉਂਦਾ। ਮਸੀਤ ਦਾ ਉਹ ਅਜੇ ਵੀ ਅਨਿੰਨ ਭਗਤ ਸੀ। ਉਹ ਆਪਣੇ ਜਵਾਨੀ ਵੇਲੇ ਦੇ ਕਿੱਸੇ ਮੈਨੂੰ ਸੁਣਾਉਂਦਾ ਪਰ ਜਿਆਦਾਤਰ ਮੈਂ ਪਹਿਲਾਂ ਹੀ ਸੁਣੇ ਹੋਏ ਸਨ। ਲਗਭਗ ਦੋ ਮਹੀਨੇ ਪਿੰਡ ਰਹਿਣ ਪਿੱਛੋਂ ਜਦੋਂ ਉਸਦਾ ਲੜਕਾ ਉਸਨੂੰ ਗੱਡੀ ਤੇ ਲੈਣ ਆਇਆ ਤਾਂ ਉਹ ਨਾਨਕਿਆਂ ਤੋਂ ਜਾਣ ਵੇਲੇ ਕਾਫੀ ਉਦਾਸ ਲੱਗ ਰਿਹਾ ਸੀ। ਭਰੇ ਮਨ ਨਾਲ ਗਿਆ ਸੀ ਉਹ। ਬੋੜੇ ਦਿਨਾਂ ਬਾਅਦ ਉਸਦੀ ਮੌਤ ਦੀ ਖ਼ਬਰ ਆ ਗਈ।

ਉਸਦੀ ਦੇਣ ਸੀ ਕਿ ਪਹਿਲਾਂ ਸਾਡਾ ਪਿੰਡ ‘ਖਵਾਲੀ ਭਲਵਾਨਾਂ’ ਦੀ ਕਰਕੇ ਜਾਣਿਆਂ ਜਾਂਦਾ ਸੀ ਪਰ ਬਾਅਦ ਵਿੱਚ ‘ਖਵਾਲੀ ਚੋਰਾਂ ਦੀ’ ਕਰਕੇ ਜਾਣਿਆਂ ਜਾਣ ਲੱਗਾ। ਪਿਛਲੀਆਂ ਗਰਮੀਆਂ ‘ਚ ਬਦਾਮ ਰਗੜਨ ਵਾਲਾ ਕੂੰਡਾ ਅਚਾਨਕ ਟੁੱਟ ਗਿਆ ਤੇ ਮਾਤਾ ਜੀ ਨੇ ਮੈਨੂੰ ਸੰਦੂਕਾਂ ਤੋਂ ਪੱਥਰ ਦਾ ਭਾਰਾ ਕੂੰਡਾ ਲਾਹ ਦਿੱਤਾ ਤੇ ਦੱਸਿਆ ਕਿ ਇਹਦੇ ਵਿੱਚ ਤੇਰਾ ਦਾਦਾ ਤੇ ਫਿਰ ਤੇਰਾ ਤਾਇਆ ਹਡਿਆਰੀਆ ਬਦਾਮ ਰਗੜ ਕੇ ਪੀਂਦੇ ਹੁੰਦੇ ਸਨ। ਕੂੰਡਾ ਵੇਖ ਕੇ ਮੈਨੂੰ ਤਾਏ ਹਡਿਆਰੀਏ ਦੀ ਜਾਣ ਵੇਲੇ ਦੀ ਉਦਾਸੀ ਯਾਦ ਆ ਰਹੀ ਸੀ। ਜਾਣ ਲੱਗਿਆਂ ਇਨਸਾਨ ਨੂੰ ਪਿੱਛੇ ਰਹਿ ਚੱਲੇ ਦੀ ਬੇਬਸੀ ਕਿੰਨਾ ਸਤਾਉਂਦੀ ਹੈ। ਉਸਨੂੰ ਕੋਹਾਲੀ ਨਾਲ ਏਨਾ ਮੋਹ ਸੀ ਕਿ ਉਸਨੂੰ ਸ਼ਾਇਦ ਦੋ ਵਾਰ ਮਰਨਾ ਪਿਆ ਸੀ ਇੱਕ ਵਾਰ ਕੋਹਾਲੀ ਛੱਤਣ ਵੇਲੇ ਤੇ ਦੂਜੀ ਵਾਰ ਅਸਲੀ ਮੌਤੇ।

ਜਤਿੰਦਰ ਸਿੰਘ ਔਲਖਪਿੰਡ ਤੇ ਡਾਕ ਕੋਹਾਲੀਤਹਿ ਅਜਨਾਲਾ.

ਜਿਲ੍ਹਾ ਅੰਮ੍ਰਿਤਸਰ 9815534653, aulakhkohali@yahoo.com

Loading spinner