ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
ਸੁੰਦਰਤਾ
ਨਰਿੰਦਰ ਸਿੰਘ ਕਪੂਰ

ਸੁੰਦਰਤਾ ਉਹ ਹੈ ਜਿਸਦੀ ਸੌਕਣ ਵੀ ਸਿਫ਼ਤ ਕਰੇ। ਸੁੰਦਰਤਾ ਪਰਮਾਤਮਾ ਦੀ ਮੁਸਕਰਾਹਟ ਹੈ।
ਖ਼ੂਬਸੂਰਤੀ ਕਿਸੇ ਦੀਆਂ ਅੱਖਾਂ ਜਾਂ ਬੁੱਲ੍ਹਾ ਜਾਂ ਦੰਦਾਂ ਵਿਚ ਨਹੀਂ ਹੁੰਦੀ, ਇਹ ਇਹਨਾਂ ਸਭ ਵਿਚ ਅਤਿਅੰਤ ਉੱਤਮ ਦਰਜੇ ਦਾ ਹੈ ਤੇ ਇਸ ਵਿਚ ਇਕ ਦਾ ਲਾਭ ਦੂਜੇ ਨੂੰ ਪ੍ਰਾਪਤ ਹੁੰਦਾ ਹੈ। ਜਿਵੇਂ ਚੰਦਰਮਾ ਸੂਰਜ ਕਾਰਨ ਖ਼ੂਬਸੂਰਤ ਹੈ, ਤਾਰੇ ਰਾਤ ਕਾਰਨ ਸੋਹਣੇ ਲਗਦੇ ਹਨ, ਇਵੇਂ ਹੀ ਕਿਸੇ ਸੁੰਦਰੀ ਦੇ ਚਿਹਰੇ ਉਤੇ ਬਿੰਦੀ ਇਸ ਕਰਕੇ ਸੁੰਦਰ ਲਗਦੀ ਹੈ ਕਿਉਂਕਿ ਬਿੰਦੀ ਦੇ ਪਿੱਛੇ ਮੱਥਾ ਸੋਹਣਾ ਹੁੰਦਾ ਹੈ। ਸੁੰਦਰਤਾ ਦਾ ਪ੍ਰਭਾਵ ਅੰਸ਼ਾਂ ਵਿਚ ਨਹੀਂ, ਸਮੁੱਚਤਾ ਵਿਚ ਹੁੰਦਾ ਹੈ। ਇਵੇਂ ਅਨੁਪਾਤ-ਸ਼ੀਲਤਾ ਨੂੰ ਸੁੰਦਰਤਾ ਅਤੇ ਅਨੁਪਾਤ ਹੀਣਤਾ ਨੂੰ ਕੋਹਜਾਪਣ ਕਹਿੰਦੇ ਹਨ।
ਕਿਸੇ ਵਸਤੂ ਦਾ ਖ਼ੂਬਸੂਰਤ ਹੋਣਾ ਸਾਡੀਆਂ ਅੱਖਾਂ ਉਤੇ ਨਿਰਭਰ ਕਰਦਾ ਹੈ। ਸਾਡੀਆਂ ਅੱਖਾਂ ਕਿਸੇ ਦੀ ਖ਼ੂਬਸੂਰਤੀ ਦਾ ਪਹਿਲਾ ਅਤੇ ਅੰਤਮ ਫੈਸਲਾ ਦਿੰਦੀਆਂ ਹਨ। ਜਿਹੜਾ ਸਾਡੀਆਂ ਅੱਖਾਂ ਨੂੰ ਨਹੀਂ ਜਚਦਾ, ਉਸ ਨਾਲ ਪਿਆਰ ਕਰਨ ਦੀ ਸੰਭਾਵਨਾ ਨਹੀਂ ਹੁੰਦੀ। ਅੱਖਾਂ ਉਪਰੰਤ ਸੁੰਦਰ ਵਸਤਾਂ ਸਾਡੇ ਕੰਨਾਂ ਨੂੰ ਭਾਉਂਦੀ ਹੈ। ਸਰੀਰਕ ਸੁੰਦਰਤਾ ਅਤੇ ਆਵਾਜ਼ ਕਿਸੇ ਦੀ ਸੁੰਦਰਤਾ ਦੇ ਪਹਿਲੇ ਦੋ ਪੜਾਅ ਹਨ। ਇਹ ਦੋਵੇਂ ਪੱਖ ਇਕ ਦੂਜੇ ਦੀ ਘਾਟ ਨੂੰ ਕੱਜ ਲੈਂਦੇ ਹਨ ਪਰ ਜਿਥੇ ਦੋਵੇਂ ਆਪਣੇ ਜੋਬਨ ਉਤੇ ਹੋਣ ਉਥੇ ਪਾਣੀਆਂ ਨੂੰ ਅੱਗ ਲਗ ਜਾਂਦੀ ਹੈ, ਉਥੇ ਸੱਖਣੇ ਭਰੇ ਜਾਂਦੇ ਹਨ, ਉਥੇ ਸਭ ਭੁੱਖਾਂ ਮਿਟ ਜਾਂਦੀਆਂ ਹਨ, ਉਥੇ ਰੂਹ ਰੱਜ ਜਾਂਦੀ ਹੈ, ਉਥੇ ਬੁੱਢੇ ਜਵਾਨ ਹੋ ਜਾਂਦੇ ਹਨ, ਉਥੇ ਸਾਰਾ ਸੰਸਾਰ ਸੋਹਣਾ ਸੋਹਣਾ ਲੱਗਣ ਲੱਗ ਜਾਂਦਾ ਹੈ।
ਖ਼ੂਬਸੂਰਤੀ ਉਹ ਨਹੀਂ ਜਿਸ ਦੇ ਸਾਹਮਣੇ ਅਸੀਂ ਹੀਣੇ ਅਨੁਭਵ ਕਰੀਏ ਸਗੋਂ ਖ਼ੂਬਸੂਰਤੀ ਉਹ ਹੈ ਜਿਸ ਦੀ ਹਾਜ਼ਰੀ ਵਿਚ ਸਾਨੂੰ ਆਪਣਾ ਆਪ ਚੰਗਾ ਲੱਗੇ।
ਸੁੰਦਰਤਾ ਜਾਂ ਖ਼ੂਬਸੂਰਤੀ ਉਹ ਹੈ ਕਿ ਜਿਸ ਦੀ ਸੇਵਾ ਵਿਚ ਮਨੁੱਖ ਤਨ, ਮਨ, ਧਨ ਲਗਾ ਦੇਵੇ। ਜ਼ਿੰਦਗੀ ਦੇ ਬਹੁਤੇ ਫੈਸਲੇ ਅਸੀਂ ਸੋਚ ਵਿਚਾਰ ਉਪਰੰਤ ਕਰਦੇ ਹਾਂ, ਪਰ ਖ਼ੂਬਸੂਰਤੀ ਦੇ ਪ੍ਰਭਾਵ ਅਧੀਨ ਕੀਤਾ ਫੈਸਲਾ ਸੋਚ ਵਿਚਾਰ ਉਤੇ ਨਹੀਂ, ਸਾਡੇ ਮਹਿਸੂਸ ਕਰਨ ਦੀ ਯੋਗਤਾ ਉਤੇ ਨਿਰਭਰ ਕਰਦਾ ਹੈ।
ਖ਼ੂਬਸੂਰਤੀ ਆਪਣੇ ਆਪ ਵਿਚ ਇਕ ਸਿਫ਼ਾਰਿਸ਼ ਹੈ, ਇਸ ਨੂੰ ਕੋਈ ਵੀ ਕੰਮ ਕਰਵਾਉਣ ਲਈ ਕਿਸੇ ਵੀ ਸਹਿਯੋਗ ਦੀ ਲੋੜ ਨਹੀਂ।
ਖ਼ੂਬਸੂਰਤੀ ਉਹ ਹੈ ਜਿਸ ਦੀ ਇਕ ਨਜ਼ਰ ਦੀ ਪ੍ਰਾਪਤੀ ਲਈ ਪੁਰਸ਼ਾਂ ਵਿਚ ਚੁੱਪ-ਚੁਪੀਤਾ ਸੰਘਰਸ਼ ਛਿੜ ਪਵੇ ਤੇ ਮੁਸਕਰਾਹਟ ਦੀ ਪ੍ਰਾਪਤੀ ਲਈ ਵਿਅਕਤੀ ਬੁੱਤ ਬਣ ਜਾਵੇ।
ਕਹਿੰਦੇ ਹਨ ਸੁੰਦਰ ਲੋਕਾਂ ਨੂੰ ਪੈਸੇ ਜਾਂ ਪਰਸ ਰੱਖਣ ਦੀ ਲੋੜ ਨਹੀਂ, ਕਿਉਂਕਿ ਉਹ ਜਿਥੇ ਵੀ ਜਾਣਗੇ, ਪੈਸੇ ਦੇਣ ਵਾਸਤੇ ਕੋਈ ਨਾ ਕੋਈ ਤਿਆਰ ਹੋਵੇਗਾ।
ਸੁੰਦਰਤਾ ਦਾ ਕੋਈ ਕਾਰਨ ਨਹੀਂ ਹੁੰਦਾ। ਸੁੰਦਰਤਾ ਹਰ ਹਾਲਤ ਵਿਚ ਪ੍ਰਭਾਵਤ ਕਰਦੀ ਹੈ। ਸੁੰਦਰਤਾ ਉਹ ਹੈ ਜਿਹੜੀ ਸਾਨੂੰ ਚੰਗੇਰੇ ਜੀਵਨ ਦੀ ਲਟਕ ਲਾਵੇ ਤੇ ਸਾਡੇ ਲਈ ਚੰਗੇ ਬਣਨਾ ਸੌਖਾ ਕਰ ਦੇਵੇ। ਸੁੰਦਰਤਾ ਇਕ ਅਜਿਹੀ ਖੂਸ਼ਬੂ ਹੈ ਜਿਸ ਦਾ ਕੋਈ ਨਾਂ ਨਹੀਂ। ਸੁੰਦਰ ਚਿਹਰਾ ਉਹ ਹੈ ਜਿਸ ਦੇ ਪ੍ਰਗਟ ਹੋਣ ਨਾਲ ਪੈ ਰਿਹਾ ਸ਼ੋਰ ਬੰਦ ਹੋ ਜਾਵੇ। ਇਵੇਂ ਸੁੰਦਰਤਾ ਵਿਚ ਹੜ੍ਹ ਦੇ ਪਾਣੀਆਂ ਨੂੰ ਦਰਿਆ ਦੇ ਕਿਨਾਰਿਆਂ ਵਿਚ ਲਿਆਉਣ ਦੀ ਸਮਰਥਾ ਹੁੰਦੀ ਹੈ। ਸੁੰਦਰਤਾ ਵਿਚ ਸਥਿਤੀ ਨੂੰ ਬਦਲਣ ਦੀ ਅਥਾਹ ਸ਼ਕਤੀ ਹੁੰਦੀ ਹੈ।
ਸੁੰਦਰਤਾ ਨਾਲ ਸ਼ਾਂਤ ਲੋਕ ਜਜ਼ਬੇ ਭਰੇ ਕੰਮਾਂ ਵਿਚ ਉਛਲਣ ਲਗਦੇ ਹਨ ਤੇ ਭੜਕੀ ਹੋਈ ਭੀੜ ਸ਼ਾਂਤ ਹੋ ਜਾਂਦੀ ਹੈ। ਸੁੰਦਰਤਾ ਵਿਚ ਮੂਰਖ ਨੂੰ ਸਿਆਣਾ ਤੇ ਸਿਆਣੇ ਨੂੰ ਦੀਵਾਨਾ ਬਣਾਉਣ ਦੀ ਸ਼ਕਤੀ ਹੁੰਦੀ ਹੈ। ਖ਼ੂਬਸੂਰਤੀ ਨੂੰ ਵੇਖਕੇ ਨਿਰਜੋਤ ਅੱਖਾਂ ਵੀ ਜਗਮਗਾਉਣ ਲੱਗਦੀਆਂ ਹਨ, ਕੰਨ ਉਹ ਆਵਾਜ਼ਾਂ ਸੁਣਨ ਲੱਗਦੇ ਹਨ, ਜਿਨ੍ਹਾਂ ਦੀ ਹੋਂਦ ਬਾਰੇ ਵੀ ਅਸੀਂ ਪਹਿਲਾਂ ਸੁਚੇਤ ਨਹੀਂ ਹੁੰਦੇ।
ਸੁੰਦਰਤਾ ਉਹ ਹੈ ਜਿਸ ਵਿਚ ਬਾਂਕੇ ਸਾਧ ਬਣ ਜਾਣ ਤੇ ਜਿਸ ਦੇ ਚਰਖੇ ਦੀ ਘੂਕ ਸੁਣ ਕੇ ਜੋਗੀ ਪਹਾੜੋਂ ਉਤਰ ਆਉਣ।
ਜ਼ਿੰਦਗੀ ਨੂੰ ਜਿਉਣ ਯੋਗ ਬਣਾਉਣ ਲਈ ਸੁੰਦਰਤਾ ਬੜੀ ਜ਼ਰੂਰੀ ਹੈ। ਖ਼ੂਬਸੂਰਤੀ ਦਾ ਉਹੀ ਲਾਭ ਹੈ ਜੋ ਕਿਸੇ ਵੀ ਲਾਭਦਾਇਕ ਵਸਤ ਦਾ ਹੋ ਸਕਦਾ ਹੈ।
ਜ਼ਿੰਦਗੀ ਦਾ ਜਜ਼ਬਾ, ਜੀਵਨ ਦੀ ਲਟਕ ਅਤੇ ਜਿਉਣ ਦਾ ਚਾਅ ਸੁੰਦਰਤਾ ਦੇ ਪ੍ਰਮੁੱਖ ਸੋਮੇ ਹਨ। ਖ਼ੁਦਕੁਸ਼ੀ ਕਰਨ ਵਾਲੇ ਲੋਕ ਕਦੀ ਖ਼ੂਬਸੂਰਤ ਨਹੀਂ ਹੁੰਦੇ। ਲੋਕਾਂ ਦੀ ਬਹੁ-ਗਿਣਤੀ ਉਚੇਚ ਨਾਲ ਆਪਣੇ ਨੱਕ, ਮੂੰਹ, ਕੰਨ ਆਦਿ ਦੀਆਂ ਤਸਵੀਰਾਂ ਖਿਚਵਾਉਣ ਵਿਚ ਮਗਨ ਹੈ।
ਖ਼ੂਬਸੂਰਤੀ ਵਿਚ ਉਚੇਚ ਨਹੀਂ ਹੁੰਦਾ, ਇਸ ਵਿਚ ਕਾਹਲ ਨਹੀਂ ਹੁੰਦੀ, ਇਸ ਨੂੰ ਕਿਸੇ ਸਜਾਵਟ ਦੀ ਲੋੜ ਨਹੀਂ ਹੁੰਦੀ, ਇਸ ਵਿਚ ਦੂਜਿਆਂ ਦਾ ਧਿਆਨ ਖਿੱਚਣ ਦੀ ਲਾਲਸਾ ਨਹੀਂ ਹੁੰਦੀ, ਇਸ ਵਿਚ ਸਾੜਾ ਜਾਂ ਈਰਖਾ ਨਹੀਂ ਹੁੰਦੀ। ਖ਼ੂਬਸੂਰਤੀ ਉਹ ਹੈ ਜਿਸ ਦੀ ਮਹਿਕ ਅਗਰਬੱਤੀ ਜਿਹੀ ਹੋਵੇ, ਜਿਸ ਦੀ ਇਕ ਝਲਕ ਨਾਲ ਸਾਡੀ ਧੁਰ ਆਤਮਾ ਤਕ ਸ਼ਾਂਤੀ ਪਸਰ ਜਾਵੇ ਕਿਉਂਕਿ ਖ਼ੂਬਸੂਰਤੀ ਨੂੰ ਅਸੀਂ ਮੱਥੇ ਦੀਆਂ ਅੱਖਾਂ ਨਾਲ ਨਹੀਂ, ਰੂਹ ਦੀਆਂ ਅੱਖਾਂ ਨਾਲ ਨਿਹਾਰਦੇ ਹਾਂ।
ਆਪਣੇ ਆਪ ਨੂੰ ਪੁੱਛ ਕੇ ਵੇਖੋ, ਤੁਹਾਡੇ ਵਿਚਾਰ ਵਿਚ ਕਿਹੜੀ ਚੀਜ਼ ਖ਼ੂਬਸੂਰਤ ਹੈ? ਸ਼ਾਇਦ ਤੁਸੀਂ ਨਾ ਦੱਸ ਸਕੋ। ਦੱਸਣ ਵਾਲੀਆਂ ਗੱਲਾਂ ਦਿਮਾਗ ਨਾਲ ਸੋਚ ਕੇ ਦੱਸੀਆਂ ਜਾਂਦੀਆਂ ਹਨ, ਪਰ ਖ਼ੂਬਸੂਰਤੀ ਦਾ ਦ੍ਰਿਸ਼ ਤਾਂ ਮਹਿਸੂਸ ਹੀ ਕੀਤਾ ਜਾ ਸਕਦਾ ਹੈ ਦੱਸਿਆ ਨਹੀਂ ਜਾ ਸਕਦਾ। ਪ੍ਰਕ੍ਰਿਤੀ ਵਿਚ ਸਭ ਕੁਝ ਖ਼ੂਬਸੂਰਤ ਹੈ, ਪ੍ਰਕ੍ਰਿਤੀ ਦੇ ਨੇਮਾਂ ਅਨੁਸਾਰ ਜਿਉਣਾ ਖ਼ੂਬਸੂਰਤ ਮਨ ਦੀ ਨਿਸ਼ਾਨੀ ਹੈ। ਲੋਕਾਂ ਦੇ ਚਿਹਰੇ ਜਾਂ ਸਰੀਰ ਖ਼ੂਬਸੂਰਤ ਹੁੰਦੇ ਹਨ ਪਰ ਇਸ ਨਾਲੋਂ ਵੀ ਉਚੇਰੀ ਖ਼ੂਬਸੂਰਤੀ ਮਨ ਦੀ ਖ਼ੂਬਸੂਰਤੀ ਹੈ। ਮਨ ਦੀ ਖ਼ੂਬਸੂਰਤੀ ਵਿਚ ਕੁਦਰਤ ਦੀ ਖ਼ੂਬਸੂਰਤੀ ਦਾ ਵਿਸ਼ੇਸ਼ ਰੋਲ ਹੈ। ਦਰਿਆ ਖ਼ੂਬਸੂਰਤ ਹੁੰਦੇ ਹਨ, ਪਹਾੜ ਖ਼ੂਬਸੂਰਤ ਹੁੰਦੇ ਹਨ। ਸੂਰਜ ਜਾ ਨਿਕਲਣਾ ਤੇ ਡੁੱਬਣਾ ਖ਼ੂਬਸੂਰਤ ਹੁੰਦਾ ਹੈ। ਆਲੇ-ਦੁਆਲੇ ਖ਼ੂਬਸੂਰਤੀ ਹੀ ਖ਼ੂਬਸੂਰਤੀ ਹੈ, ਪਰ ਸਾਡੇ ਕੋਲ ਉਹ ਅੱਖਾਂ ਨਹੀਂ ਜਿਨ੍ਹਾਂ ਨਾਲ ਖ਼ੂਬਸੂਰਤੀ ਮਾਣ ਸਕੀਏ। ਖ਼ੂਬਸੂਰਤੀ ਵਿਚ ਆਤਮਕ ਸ਼ਾਂਤੀ ਦੀ ਸਾਦਗੀ ਹੁੰਦੀ ਹੈ।
ਜਿਹੜੇ ਖ਼ੂਬਸੂਰਤ ਹਨ, ਉਹ ਭਾਵੇਂ ਬੋਰੀ ਪਹਿਨ ਲੈਣ, ਸੁੰਦਰ ਲੱਗਣਗੇ, ਪਰ ਜਿਨ੍ਹਾਂ ਦੇ ਇਰਾਦੇ ਕਰੂਪ ਤੇ ਭ੍ਰਿਸ਼ਟ ਹੋਏ ਹਨ, ਉਹ ਭਾਵੇਂ ਦੁਸ਼ਾਲੇ ਪਾ ਲੈਣ ਜਾਂ ਇਕ ਇਕ ਹੱਥ ਵਿਚ ਚਾਰ ਚਾਰ ਛਾਪਾਂ ਪਾ ਲੈਣ, ਉਹ ਕੋਝੇ ਚਲਿੱਤਰ ਕਰਦੇ ਪ੍ਰਤੀਤ ਹੋਣਗੇ ਅਤੇ ਹੋਛੇ ਲੱਗਣਗੇ।
ਜਿਵੇਂ ਪਹਾੜਾਂ ਵਿਚ ਕੁਦਰਤ ਦੀ ਸ਼ਾਂਤੀ ਸਾਡੇ ਆਰ ਪਾਰ ਹੋ ਜਾਂਦੀ ਹੈ, ਜਿਵੇਂ ਸਮੁੰਦਰ ਦੇ ਕਿਨਾਰੇ ਸਾਗਰ ਦੀ ਵਿਸ਼ਾਲਤਾ ਜੀਵਨ ਦੀਆਂ ਛੋਟੀਆਂ ਗਿਣਤੀ ਮਿਣਤੀਆਂ ਤੋਂ ਉਪਰ ਉਠਣ ਲਈ ਪ੍ਰੇਰਦੀ ਹੈ, ਉਵੇਂ ਖ਼ੂਬਸੂਰਤੀ ਦੇ ਸਨਮੁੱਖ ਹੋਣ ਨਾਲ ਜੀਵਨ ਦੀਆਂ ਚਿੰਤਾਵਾਂ ਇੰਜ ਝੜ ਜਾਂਦੀਆਂ ਹਨ ਜਿਵੇਂ ਪਤਝੜ ਵਿਚ ਪੀਲੇ ਪਏ ਪੱਤੇ।
ਖ਼ੂਬਸੂਰਤ ਹੋਣਾ ਅਤੇ ਖ਼ੂਬਸੂਰਤ ਲੱਗਣਾ ਦੋ ਵੱਖਰੀਆਂ ਸਥਿਤੀਆਂ ਹਨ। ਪੂੰਜੀਵਾਦ ਖ਼ੂਬਸੂਰਤ ਬਣਨ ਦੇ ਸਾਧਨ ਤਾਂ ਪ੍ਰਦਾਨ ਕਰਦਾ ਹੈ ਪਰ ਖ਼ੂਬਸੂਰਤੀ ਸਿਰਜਦਾ ਨਹੀਂ। ਮਿਲਵਰਤਨ, ਸਨੇਹ, ਹਮਦਰਦੀ, ਤਿਆਗ ਅਤੇ ਰਲ ਕੇ ਜਿਉਣ ਦੀ ਭਾਵਨਾ ਵਿਚੋਂ ਜਿਹੜੇ ਨੈਣ ਨਕਸ਼ ਉਭਰਨਗੇ ਉਹ ਸੱਚੇ ਅਰਥਾਂ ਵਿਚ ਖ਼ੂਬਸੂਰਤ ਹੋਣਗੇ। ਸਮਾਜਵਾਦੀ ਸੁੰਦਰਤਾ, ਪੂੰਜੀਵਾਦੀ ਸੁੰਦਰਤਾ ਦੇ ਮੁਕਾਬਲੇ ਵਧੇਰੇ ਡੂੰਘੀ ਵਿਸ਼ਾਲ ਅਤੇ ਹੰਢਣਸਾਰ ਹੋਵੇਗੀ।
ਸਭ ਪ੍ਰਕਾਰ ਦੇ ਭੇਦਭਾਵ ਮਿਟਣ ਦੇ ਬਾਵਜੂਦ ਖ਼ੂਬਸੂਰਤੀ ਦੇ ਆਧਾਰ ਉਤ ਵਖਰੇਵਾਂ ਬਣਿਆ ਰਹੇਗਾ। ਖ਼ੂਬਸੂਰਤੀ ਮਨ ਦੀ ਅਵਸਥਾ ਹੈ, ਇਹ ਰੂਹ ਦੀ ਟਰੇਨਿੰਗ ਹੈ।
ਕਿਸੇ ਚੀਜ਼ ਦੀ ਪਸੰਦ ਉੱਚੀ ਕਰ ਲਵੋ ਤੁਹਾਨੂੰ ਆਪਣੀ ਪਸੰਦ ਤੇ ਪੱਧਰ ਅਨੁਸਾਰ ਚੀਜ਼ਾਂ ਮਿਲਦੀਆਂ ਰਹਿਣਗੀਆਂ। ਲੋੜ ਪੈਸੇ ਦੀ ਨਹੀਂ, ਆਪਣੀ ਪੱਧਰ ਉੱਚੀ ਕਰਨ ਦੀ ਹੈ। ਪੱਧਰ ਉੱਚੀ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਕਿਸੇ ਸ਼ੌਕ ਨੂੰ ਪਾਲੀਏ। ਹਰ ਸ਼ੌਕ ਸਾਡੇ ਮਨ ਨੂੰ ਸਿਧਾਉਂਦਾ ਹੈ ਅਤੇ ਅਨੁਪਾਤ, ਇਕਸੁਰਤਾ ਤੇ ਇਕਸਾਰਤਾ ਦਾ ਗਿਆਨ ਕਰਵਾਉਂਦਾ ਹੈ। ਕਿਸੇ ਵੀ ਸ਼ੌਕ ਦੇ ਪਾਲਣ ਨਾਲ ਸਾਡੀ ਸ਼ਖਸੀਅਤ ਵਿਚ ਟਿਕਾਓ ਆਉਂਦਾ ਹੈ, ਰੂਹ ਵਿਚ ਸ਼ਾਂਤੀ ਪਸਰਦੀ ਹੈ, ਭਟਕਣ ਘਟਦੀ ਹੈ, ਮਿਹਨਤ ਕਰਨ ਦਾ ਉਤਸਾਹ ਮਿਲਦਾ ਹੈ। ਸ਼ੌਕ ਪਾਲਣ ਵਾਲੇ ਲੋਕ ਖ਼ੂਬਸੂਰਤ ਨਹੀਂ ਹੁੰਦੇ, ਸ਼ੌਕ ਪਾਲਦੇ ਹੀ ਖ਼ੂਬਸੂਰਤ ਲੋਕ ਹਨ।
ਲੋਕਾਂ ਦੀ ਬਹੁਗਿਣਤੀ ਖੜਕਦੀ ਹੈ ਜਦੋਂ ਕਿ ਸੱਚੇ ਅਰਥਾਂ ਵਿਚ ਸੋਹਣੇ ਲੋਕਾਂ ਦੀ ਸ਼ਖਸੀਅਤ ਸ਼ਹਿਨਾਈ ਵਾਂਗ ਹੁੰਦੀ ਹੈ।
ਜ਼ਿੰਦਗੀ ਦੇ ਸੁਹਜ ਨਾਲ ਅਮੀਰੀ ਆਉਂਦੀ ਹੈ ਨਾ ਕਿ ਅਮੀਰੀ ਨਾਲ ਸੁਹਜ ਆਉਂਦਾ ਹੈ। ਜਦ ਤਕ ਸਾਡੇ ਦਿਮਾਗਾਂ ਵਿਚ ਰੌਸ਼ਨੀ ਨਹੀਂ ਹੁੰਦੀ ਬਾਹਰ ਦਿਨ ਦਿਹਾੜੇ ਵੀ ਹਨੇਰਾ ਲੱਗੇਗਾ।
ਸੁੰਦਰ ਵਿਅਕਤੀ ਆਪਣੀ ਰੂਹ ਦੀ ਅਮੀਰੀ ਦੇ ਜ਼ੋਰ ਨਾਲ ਸੁੰਦਰ ਪ੍ਰਤੀਤ ਹੁੰਦਾ ਹੈ ਤੇ ਉਸ ਦੀ ਸੁੰਦਰਤਾ ਉਸ ਦੇ ਠੀਕ ਹੋਣ ਦਾ ਪ੍ਰਮਾਣ ਹੁੰਦੀ ਹੈ। ਖ਼ੂਬਸੂਰਤ ਭਾਵੇਂ ਮਹਾਨ ਨਾ ਹੋਣ ਪਰ ਮਹਾਨ ਜ਼ਰੂਰ ਖ਼ੂਬਸੂਰਤ ਹੁੰਦੇ ਹਨ।
ਹਰ ਮਨੁੱਖ ਨੂੰ ਸਦਾ ਹੀ ਖ਼ੂਬਸੂਰਤੀ ਦੀ ਤਲਾਸ਼ ਰਹਿੰਦੀ ਹੈ।
ਸੋਹਣੇ ਮਹਿਮਾਨ ਉਹ ਹੁੰਦੇ ਹਨ ਜਿਨ੍ਹਾਂ ਦੀ ਸੇਵਾ ਲਈ ਅਸੀਂ ਉਹ ਕੁਝ ਅੱਗੇ ਧਰੀਏ ਜੋ ਵਰਤਣ ਲਈ ਅਸੀਂ ਆਪਣੇ ਆਪ ਨੂੰ ਕਦੀ ਯੋਗ ਨਾ ਸਮਝਿਆ ਹੋਵੇ।
ਭੜਕੀਲੀ ਖ਼ੂਬਸੂਰਤੀ ਦੇ ਪ੍ਰੇਮੀ ਤਾਂ ਸਾਰੇ ਬਣਨਾ ਚਾਹੁੰਦੇ ਹਨ ਪਰ ਪਤੀ ਕੋਈ ਨਹੀਂ। ਇਵੇਂ ਹੀ ਖੋਟੇ ਖੂਬਸੂਰਤਾਂ ਸਬੰਧੀ ਅਫਵਾਹਾਂ ਫੈਲਦੀਆਂ ਹਨ ਪਰ ਸੱਚ ਕੋਈ ਨਹੀਂ ਹੁੰਦੀ।
ਸੱਚੇ ਅਰਥਾਂ ਵਿਚ ਖ਼ੂਬਸੂਰਤੀ ਆਪਣੇ ਆਪ ਵਿਚ ਮਗਨ ਹੁੰਦੀ ਹੈ ਅਤੇ ਉਸ ਨੂ ਇਹ ਗਿਆਨ ਨਹੀਂ ਹੁੰਦਾ ਕਿ ਉਹ ਖ਼ੂਬਸੂਰਤ ਹੈ। ਔਰਤਾਂ ਨੂੰ ਆਪਣੀ ਖ਼ੂਬਸੂਰਤੀ ਨਾਲ ਹੀ ਪਿਆਰ ਹੁੰਦਾ ਹੈ, ਉਹ ਕਿਸੇ ਹੋਰ ਨੂੰ ਨਹੀਂ ਪਛਾਣਦੀਆਂ। ਹਰ ਇਕ ਦੀ ਜ਼ਿੰਦਗੀ ਵਿਚ ਖ਼ੂਬਸੂਰਤੀ ਦਾ ਮੌਸਮ ਜ਼ਰੂਰ ਆਉਂਦਾ ਹੈ। ਜਿਹੜੇ ਇਸ ਮੌਸਮ ਵਿਚ ਆਪਣੇ ਆਦਰਸ਼ਾਂ, ਪਸੰਦਗੀਆਂ ਤੇ ਪੱਧਰਾਂ ਨੂੰ ਉਚਿਆ ਲੈਂਦੇ ਹਨ, ਉਹ ਖ਼ੂਬਸੂਰਤੀ ਭਰਿਆ ਜੀਵਨ ਗੁਜ਼ਾਰਦੇ ਹਨ ਪਰ ਜਿਹੜੇ ਭੜਕਦੇ, ਭੜਕਦੇ ਤੇ ਬੁੜ੍ਹਕਦੇ ਹਨ, ਉਹ ਆਪਣੇ ਲਈ ਪਛਤਾਵੇ ਬੀਜਦੇ ਹਨ। ਆਪ ਨਿਰਣਾ ਕਰਕੇ ਵੇਖੋ ਤੁਸੀਂ ਸੰਸਾਰ ਦੀ ਸੁੰਦਰਤਾ ਜਾਂ ਖ਼ੂਬਸੂਰਤੀ ਵਿਚ ਵਾਧਾ ਕੀਤਾ ਹੈ ਜਾਂ ਇਸ ਨੂੰ ਘਟਾਇਆ ਹੈ। ਤੁਹਾਡੀ ਤਸੱਲੀ ਅਤੇ ਜੀਵਨ ਦੀ ਖੁਸ਼ੀ ਇਸੇ ਅਨੁਪਾਤ ਵਿਚ ਹੋਵੇਗੀ।


ਦੋਸਤੀ
ਨਰਿੰਦਰ ਸਿੰਘ ਕਪੂਰ
ਦੋਸਤ ਅਤੇ ਦੁਸ਼ਮਣ ਦੋਵੇਂ ਦੁੱਖ ਦਿੰਦੇ ਹਨ, ਦੋਸਤ ਵਿਛੜ ਕੇ ਦੁੱਖ ਦਿੰਦੇ ਹਨ ਅਤੇ ਦੁਸ਼ਮਣ ਮਿਲ ਕੇ ਦੁੱਖ ਦਿੰਦੇ ਹਨ
ਦੋਸਤੀ ਦਾ ਦਾਅਵਾ ਤਾਂ ਸਾਰੇ ਕਰਦੇ ਹਨ ਪਰ ਤਰਬੂਜ਼ ਵਾਂਗ ਕੋਈ ਕੋਈ ਦੋਸਤ ਹੀ ਮਿੱਠਾ ਹੁੰਦਾ ਹੈ। ਸਾਡੀ ਖੁਸ਼ਹਾਲੀ ਦੇ ਦਿਨਾਂ ਵਿਚ ਸਾਨੂੰ ਦੋਸਤ ਮਿਲਦੇ ਹਨ ਤੇ ਮੁਸੀਬਤ ਵੇਲੇ ਪਰਖੇ ਜਾਂਦੇ ਹਨ।
ਆਪਣੇ ਆਪ ਨੂੰ ਪਛਾਣਨ ਲਈ ਦੋਸਤਾਂ ਦੀ ਹੋਂਦ ਜ਼ਰੂਰੀ ਹੈ। ਕਿਸੇ ਵਿਅਕਤੀ ਦੇ ਕਾਹਲੇ ਤੇ ਚਿੜਚਿੜੇ ਸੁਭਾ ਦਾ ਅਸਲ ਕਾਰਨ ਇਹ ਹੁੰਦਾ ਹੈ ਕਿ ਉਸ ਨੂੰ ਦੋਸਤ ਨਹੀਂ ਮਿਲੇ। ਸਾਡੀ ਸ਼ਖਸੀਅਤ ਲਈ ਸਾਡੇ ਦੋਸਤ ਦਾ ਉਹੀ ਰੋਲ ਹੁੰਦਾ ਹੈ ਜੋ ਸਾਡੀ ਬਿਮਾਰੀ ਦੀ ਹਾਲਤ ਵਿਚ ਡਾਕਟਰ ਦਾ। ਸਾਡੇ ਦੋਸਤ ਦਾ ਪਹਿਲਾ ਕੰਮ ਇਹ ਹੈ ਕਿ ਉਹ ਸਾਨੂੰ ਉਲਾਰ ਨਾ ਹੋਣ ਦੇਵੇ। ਇਵੇਂ ਦੋਸਤ ਸਾਡੀ ਹੀ ਤੱਕੜੀ ਦਾ ਦੂਜਾ ਛਾਬਾ ਹੁੰਦਾ ਹੈ।
ਸਾਡੇ ਦੋਸਤ ਸਾਡੇ ਆਪਣੇ ਵਿਚਾਰਾਂ ਦੇ ਪੱਕਣ ਤੇ ਸਾਡੀ ਸ਼ਖਸੀਅਤ ਦੇ ਰਸਣ ਵਿਚ ਮਹੱਤਵਪੂਰਨ ਰੋਲ ਅਦਾ ਕਰਦੇ ਹਨ, ਕਿਉਂਕਿ ਆਪਣੇ ਵਿਚਾਰਾਂ ਦਾ ਸਭ ਤੋਂ ਪਹਿਲਾ ਪ੍ਰਗਟਾਵਾ ਅਸੀਂ ਆਪਣੇ ਦੋਸਤਾਂ ਸਾਹਮਣੇ ਹੀ ਕਰਦੇ ਹਾਂ।
ਦੋਸਤੀ ਵਿਚ ਲੋਕਤੰਤਰਕ ਰਿਸ਼ਤਾ ਹੈ। ਅਸੀਂ ਜੀਵਨ ਵਿਚ ਤਿੰਨ ਪ੍ਰਕਾਰ ਦੇ ਲੋਕਾਂ ਨੂੰ ਮਿਲਦੇ ਹਾਂ, ਆਪਣੇ ਤੋਂ ਉੱਚਿਆਂ ਨੂੰ, ਆਪਣੇ ਵਰਗਿਆਂ ਨੂੰ ਤੇ ਆਪਣੇ ਤੋਂ ਨੀਵਿਆਂ ਨੂੰ। ਦੋਸਤ ਸਾਡੇ ਵਰਗੇ ਹੁੰਦੇ ਹਨ।
ਦੋਸਤ ਸਾਡੀ ਮੈਂ ਦਾ ਹੀ ਇਕ ਹੋਰ ਰੂਪ ਹੁੰਦੇ ਹਨ। ਦੋਸਤ ਇਕ ਹੀ ਦੀਵੇ ਵਿਚੋਂ ਬਲਨ ਵਾਲੀਆਂ ਦੋ ਬੱਤੀਆਂ ਹਨ।
ਇਕ ਦੋਸਤ ਹੀ ਕਾਫੀ ਹੁੰਦਾ ਹੈ, ਦੋ ਦੋਸਤਾਂ ਜਿਹੀ ਕੋਈ ਰੀਸ ਨਹੀਂ, ਤਿੰਨ ਦੋਸਤ ਕਰਮਾਂ ਵਾਲਿਆਂ ਦੇ ਹੁੰਦੇ ਹਨ, ਚਾਰ ਦੋਸਤ ਸੰਭਵ ਨਹੀਂ। ਆਪਣੇ ਆਪ ਸੋਚੋ, ਕੀ ਕੁਝ ਅਜਿਹਾ ਹੈ ਜੋ ਤੁਸੀਂ ਇਸ ਕਰ ਕੇ ਕਰਦੇ ਹੋ, ਕਿਉਂਕਿ ਉਹ ਤੁਹਾਡੇ ਦੋਸਤ ਨੂੰ ਚੰਗਾ ਲਗਦਾ ਹੈ ਜਾਂ ਕੁਝ ਅਜਿਹਾ ਹੈ ਜੋ ਤੁਸੀਂ ਇਸ ਲਈ ਨਹੀਂ ਕਰਦੇ ਕਿਉਂਕਿ ਉਹ ਤੁਹਾਡੇ ਦੋਸਤ ਨੂੰ ਚੰਗਾ ਨਹੀਂ ਲੱਗਦਾ।
ਸਾਡੇ ਸਾਰੇ ਰਿਸ਼ਤੇ ਸਮਾਜ ਜਾਂ ਸਾਡੇ ਮਾਪੇ ਨਿਸ਼ਚਿਤ ਕਰਦੇ ਹਨ, ਦੋਸਤੀ ਸਾਡਾ ਆਪ ਸਿਰਜਿਆ ਹੋਇਆ ਰਿਸ਼ਤਾ ਹੁੰਦੀ ਹੈ। ਅੰਤਮ ਨਿਰਣੇ ਅਨੁਸਾਰ ਸਾਨੂੰ ਓਹੀ ਦੋਸਤ ਮਿਲਦੇ ਹਨ, ਜਿਨ੍ਹਾਂ ਦੇ ਅਸੀਂ ਯੋਗ ਹੁੰਦੇ ਹਾਂ। ਚੜ੍ਹਦੀ ਜਵਾਨੀ ਵਿਚ ਦੋਸਤੀਆਂ ਪੈਂਦੀਆਂ ਹਨ। ਦੋਹਾਂ ਧਿਰਾਂ ਦੇ ਵਿਕਾਸ ਕਰਨ ਨਾਲ ਦੋਸਤੀਆਂ ਵਿਕਾਸ ਕਰਦੀਆਂ ਹਨ। ਜਿਸ ਧਿਰ ਦਾ ਵਿਕਾਸ ਰੁਕ ਜਾਵੇ, ਉਸ ਧਿਰ ਦੇ ਖ਼ਾਰਜ ਹੋਣ ਦੀ ਕਿਰਿਆ ਸ਼ੁਰੂ ਹੋ ਜਾਂਦੀ ਹੈ। ਦੋਸਤੀ ਦੋ ਬਰਾਬਰ ਧਿਰਾਂ ਵਿਚ ਹੀ ਸੰਭਵ ਹੁੰਦੀ ਹੈ। ਜਿਥੇ ਇਕ ਦੋਸਤ ਦੀਆਂ ਕੀਤੀਆਂ ਦਾ ਬਦਲਾ ਚੁਕਾਉਣ ਦੀ ਸਮਰਥਾ ਜਾਂ ਸੰਭਾਵਨਾ ਨਾ ਹੋਏ ਉਥੇ ਦੋਸਤੀ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਦੋਵੇਂ ਧਿਰਾਂ ਉਚੇਚ ਦਾ ਸ਼ਿਕਾਰ ਹੋ ਜਾਂਦੀਆਂ ਹਨ। ਦੋਸਤੀ ਇਕ ਅਜਿਹਾ ਵਾਤਾਵਰਨ ਹੈ, ਜਿਸ ਵਿਚ ਸੰਪੂਰਨ ਸੁਰੱਖਿਆ ਦਾ ਅਨੁਭਵ ਹੋਵੇ ਤੇ ਕਿਸੇ ਵੀ ਹੋਰ ਥਾਂ ਦੇ ਮੁਕਾਬਲੇ ਸਾਹ ਸੌਖਾ ਆਏ।
ਦੋਸਤ ਅਤੇ ਦੁਸ਼ਮਣ ਵਿਚ ਮੁਸਕਰਾਹਟ ਤੇ ਤਿਊੜੀ ਵਾਲਾ ਅੰਤਰ ਹੁੰਦਾ ਹੈ। ਉਚੇਚ ਦਾ ਸ਼ਿਕਾਰ ਹੋਈ ਦੋਸਤੀ ਚ ਸਾਹ ਲੈਣਾ ਔਖਾ ਹੋ ਜਾਂਦਾ ਹੈ। ਦੋਸਤੀ ਨੂੰ ਘੁਣ ਉਦੋਂ ਲਗਦਾ ਹੈ ਜਦੋਂ ਉਸ ਵਿਚ ਅਜਿਹੇ ਛੋਟੇ-ਛੋਟੇ ਦੇਸ਼ ਉਪਜ ਪੈਣ ਕਿ ਉਨ੍ਹਾਂ ਦੀ ਸ਼ਿਕਾਇਤ ਕਰਨੀ ਠੀਕ ਪ੍ਰਤੀਤ ਨਾ ਹੋਏ ਪਰ ਇਹ ਦੇਸ਼ ਇਤਨੇ ਵਧ ਜਾਣ ਕਿ ਉਨ੍ਹਾਂ ਸਬੰਧੀ ਚੁੱਪ ਰਹਿਣਾ ਔਖਾ ਹੋ ਜਾਏ। ਰਾਜਨੀਤਿਕ ਸ਼ਕਤੀ ਵਾਲੇ ਵਿਅਕਤੀਆਂ ਵਿਚ ਦੋਸਤੀ ਸੰਭਵ ਨਹੀਂ ਹੁੰਦੀ ਕਿਉਂਕਿ ਕੁਰਸੀ ਉਤੇ ਬੈਠਾ ਹਾਕਮ ਬਾਕੀ ਸਾਰਿਆਂ ਨੂੰ ਆਪਣੇ ਦੁਸ਼ਮਣ ਮਿਥ ਲੈਂਦਾ ਹੈ ਤੇ ਉਨ੍ਹਾਂ ਨੂੰ ਮਜਬੂਰ ਕਰ ਦਿੰਦਾ ਹੈ ਕਿ ਉਹ ਦੁਸ਼ਮਣਾਂ ਵਾਂਗ ਵਿਚਰਨ। ਜੂਨੀਅਰ ਸੀਜਰ ਤੇ ਬਰੂਟਸ ਦੀ ਉਦਾਹਰਣ ਸਾਡੇ ਸਾਹਮਣੇ ਹੈ।
ਬੇਨੇਮੀ ਮਿਹਰਬਾਨੀ ਵੀ ਦੋਸਤੀ ਨੂੰ ਖਤਮ ਕਰਦੀ ਹੈ। ਸੁਦਾਮਾ ਜਦੋਂ ਆਪਣੇ ਦੋਸਤ ਕ੍ਰਿਸ਼ਨ ਕੋਲ ਗਿਆ ਤਾਂ ਉਸ ਦੀ ਦੋਸਤੀ ਦਾ ਦਾਅਵਾ ਅਸਲ ਵਿਚ ਦੋਸਤੀ ਦਾ ਵਾਸਤਾ ਸੀ। ਦੋਸਤੀ ਦੇ ਜਾਰੀ ਰੱਖਣ ਲਈ ਜ਼ਰੂਰੀ ਹੈ ਕਿ ਦੋਵਾਂ ਧਿਰਾਂ ਦੀ ਆਰਥਿਕ ਤੇ ਮਾਨਸਿਕ ਪੱਧਰ ਇਕ ਹੋਏ ਨਹੀਂ ਤਾਂ ਇਕ ਧਿਰ ਦੂਜੀ ਨੂੰ ਖਿੱਚ ਰਹੀ ਪ੍ਰਤੀਤ ਹੋਵੇਗੀ। ਦੋਸਤ ਨੇੜੇ ਨੇੜੇ ਉੱਗ ਰਹੇ ਦਰਖ਼ਤਾਂ ਵਾਂਗ ਹੁੰਦੇ ਹਨ, ਉਨ੍ਹਾਂ ਦਾ ਬਹੁਤ ਨੇੜੇ ਹੋਣਾ ਉਨ੍ਹਾਂ ਦੇ ਵਿਕਾਸ ਨੂੰ ਰੋਕ ਦੇਵੇਗਾ ਤੇ ਉਨ੍ਹਾਂ ਦਾ ਬਹੁਤ ਦੂਰ ਹੋਣਾ ਉਨ੍ਹਾਂ ਦੀ ਸਾਂਝ ਨੂੰ ਮੁਕਾ ਦੇਵੇਗਾ।
ਦੋਸਤੀ ਉਸ ਵਾਤਾਵਰਨ ਵਿਚ ਪੈਂਦੀ ਹੈ ਜਿਸ ਵਿਚ ਦੋਵੇਂ ਧਿਰਾਂ ਸਾਂਝੇ ਮੁਕਾਬਲੇ ਤੋਂ ਮੁਕਤ ਹੋਣ। ਜਮਾਤੀਆਂ ਦੀ ਦੋਸਤੀ ਜਾਂ ਇਕ ਦਫ਼ਤਰ ਵਿਚ ਕੰਮ ਕਰਦੇ ਕਰਮਚਾਰੀਆਂ ਦੀ ਦੋਸਤੀ ਦੋਸਤੀ ਨਹੀਂ ਹੁੰਦੀ, ਇਹ ਅਸਲ ਵਿਚ ਸਾਂਝੇ ਦੁਸ਼ਮਣ ਵਿਰੋਧੀ ਮੋਰਚੇ ਬੰਦੀ ਹੁੰਦੀ ਹੈ। ਇਕ ਡਾਕਟਰ ਤੇ ਇੰਜੀਨੀਅਰ ਦੋਸਤ ਹੋ ਸਕਦੇ ਹਨ, ਦੋ ਡਾਕਟਰ ਜਾਂ ਦੋ ਇੰਜੀਨੀਅਰ ਨਹੀਂ। ਨਿਕੰਮੇ ਲੋਕ ਦੋਸਤੀ ਨੂੰ ਮਿਲਣ ਵਾਲੇ ਲਾਭਾਂ ਨਾਲ ਮਿਣਦੇ ਹਨ ਜਦੋਂ ਕਿ ਦੋਸਤੀ ਪ੍ਰਾਪਤੀ ਦਾ ਨਹੀਂ ਤਿਆਗ ਦਾ ਰਿਸ਼ਤਾ ਹੈ।
ਦੋਸਤੀ ਦਾ ਸਮੁੱਚਾ ਸੰਕਲਪ ਸਾਮੰਤਵਾਦੀ ਯੁਗ ਦੀ ਦੇਣ ਹੈ। ਪੂੰਜੀਵਾਦ ਨੇ ਹਰ ਖੇਤਰ ਵਿਚ ਤੇ ਹਰ ਵਿਅਕਤੀ ਵਿਚ ਮੁਕਾਬਲੇ ਅਤੇ ਸੁਆਰਥ ਦੀ ਰੁਚੀ ਇਸ ਹੱਦ ਤੱਕ ਬਲਵਾਨ ਕਰ ਦਿੱਤੀ ਹੈ ਕਿ ਦੋਸਤੀ ਜਿਹਾ ਸੁਭਾਵਕ ਰਿਸ਼ਤਾ ਇਕ ਅਜੂਬਾ ਬਣ ਗਿਆ ਹੈ।
ਬਹੁਤ ਸਾਰੀਆਂ ਅਜੋਕੀਆਂ ਮਾਨਸਿਕ ਬਿਮਾਰੀਆਂ ਦਾ ਕਾਰਨ ਇਹ ਹੈ ਕਿ ਆਪਣੇ ਦਿਲ ਦੀ ਵੇਦਨਾ ਦੱਸਣ ਲਈ ਸਾਡਾ ਕੋਈ ਦੋਸਤ ਨਹੀਂ। ਜੋ ਕੁਝ ਇਕ ਦੋਸਤ ਨੂੰ ਦੂਜੇ ਲਈ ਆਪ-ਮੁਹਾਰੇ ਕਰਨਾ ਚਾਹੀਦਾ ਹੈ, ਉਸ ਦੀ ਹੁਣ ਅਖ਼ਬਾਰਾਂ ਵਿਚ ਖ਼ਬਰ ਛਪਦੀ ਹੈ।
ਦੋਸਤਾਂ ਨੂੰ ਦੱਸਿਆਂ ਸਾਡੀਆਂ ਖੁਸ਼ੀਆਂ ਵਧਣੀਆਂ ਚਾਹੀਦੀਆਂ ਹਨ, ਉਨ੍ਹਾਂ ਨਾਲ ਵੰਡਿਆਂ ਸਾਡੇ ਦੁੱਖ ਘਟਣੇ ਚਾਹੀਦੇ ਹਨ। ਪਰ ਸਾਡੀਆਂ ਅਜੋਕੀਆਂ ਨਿਜੀ ਸਮੱਸਿਆਵਾਂ ਬਹੁਤ ਕਰ ਕੇ ਸਾਡੇ ਦੋਸਤਾਂ ਦੀਆਂ ਮਿਹਰਬਾਨੀਆਂ ਸਦਕਾ ਹੀ ਹੁੰਦੀਆਂ ਹਨ।
ਪੱਕੇ ਦੁਸ਼ਮਣ ਬਣ ਹੀ ਉਹ ਸਕਦੇ ਹਨ, ਜੋ ਕਿਸੇ ਸਮੇਂ ਪੱਕੇ ਦੋਸਤ ਰਹੇ ਹੋਣ।
ਪੰਜਵਾਦ ਹਰ ਵਸਤ ਤੇ ਰਿਸ਼ਤੇ ਨੂੰ ਪੈਸੇ ਦੀ ਤੱਕੜੀ ਵਿਚ ਤੋਲਦਾ ਹੈ। ਸੱਚ ਤਾਂ ਇਹ ਹੈ ਕਿ ਅਜੋਕੇ ਯੁਗ ਵਿਚ ਦੋਸਤੀ ਸੰਭਵ ਹੀ ਨਹੀਂ। ਰਾਜਨੀਤੀ ਵੀ ‘ਮੇਰੇ ਦੁਸ਼ਮਣ ਦਾ ਦੁਸ਼ਮਣ ਮੇਰਾ ਦੋਸਤ ਹੈ’ ਦੇ ਅਸੂਲ ਉਤੇ ਉਸਰਦੀ ਜਾ ਰਹੀ ਹੈ। ਸਾਡੇ ਦੁਸ਼ਮਣ ਵਿਚ ਹੀ ਦੋਸਤ ਬਣਨ ਦੀਆਂ ਸੰਭਾਵਨਾਵਾਂ ਸੁੰਗੜ ਰਹੀਆਂ ਹਨ। ਇਸੇ ਕਰਕੇ ਦੁਸ਼ਮਣਾਂ ਵਰਗੇ ਦੋਸਤਾਂ ਤੋਂ ਬਚਣ ਦੇ ਨਵੇਂ ਤੋਂ ਨਵੇਂ ਸੰਕਲਪ ਉਸਰ ਰਹੇ ਹਨ, ਜਿਵੇਂ ਕਹਿੰਦੇ ਹਨ ਕਿ ਦੁਸ਼ਮਣ ਤੇ ਭਾਵੇਂ ਇਤਬਾਰ ਕਰ ਲਵੋ ਪਰ ਆਪਣੇ ਨਾਰਾਜ਼ ਦੋਸਤ ਉਤੇ ਨਹੀਂ। ਇਵੇਂ ਹੀ ਕਹਿੰਦੇ ਹਨ ਕਿ ਦੁਸ਼ਮਣ ਨੂੰ ਇੰਜ ਮਿਲੋ ਜਿਵੇਂ ਉਸ ਨੇ ਇਕ ਦਿਨ ਦੋਸਤ ਬਣ ਜਾਣਾ ਹੋਏ। ਇਹ ਵੀ ਕਿਹਾ ਜਾਂਦਾ ਹੈ ਕਿ ਅਹੁਦੇਦਾਰ ਦੋਸਤ ਤੇ ਕੁਆਰੇ ਦਾ ਵਿਆਹਿਆ ਦੋਸਤ ਦੋਸਤ ਨਹੀਂ ਰਹਿੰਦੇ। ਅਸੀਂ ਆਪਣੇ ਦੁਸ਼ਮਣਾਂ ਨੂੰ ਮਾਫ਼ ਕਰ ਸਕਦੇ ਹਾਂ ਆਪਣੇ ਦੋਸਤਾਂ ਨੂੰ ਨਹੀਂ। ਪੁਰਾਣੇ ਦੋਸਤ ਪੁਰਾਣੇ ਬੂਟਾਂ ਵਾਂਗ ਸੁਖਦਾਈ ਤਾਂ ਹੁੰਦੇ ਹਨ ਪਰ ਪੁਰਾਣੇ ਹੋਣ ਕਰਕੇ ਉਨ੍ਹਾਂ ਦਾ ਤਿਆਗ ਭਾਵੇਂ ਨਾ ਕਰੀਏ, ਪਰ ਉਨ੍ਹਾਂ ਦੀ ਵਰਤੋਂ ਘਟ ਜਾਂਦੀ ਹੈ।
ਮਹਿੰਗਾਈ ਦੇ ਜ਼ਮਾਨੇ ਵਿਚ ਦੋਸਤੀਆਂ ਵੀ ਮਹਿੰਗੀਆਂ ਹੋ ਜਾਂਦੀਆਂ ਹਨ। ਸਾਡਾ ਆਲਾ-ਦੁਆਲਾ ਇਸ ਹੱਦ ਤਕ ਭ੍ਰਿਸ਼ਟ ਗਿਆ ਹੈ ਕਿ ਅਸੀਂ ਸਾਰੇ ਕਿਸੇ ਸੱਚੇ ਮਿੱਤਰ ਨੂੰ ਮਿਲਣ ਲਈ ਸਹਿਕੇ ਹੋਏ ਫਿਰਦੇ ਹਾਂ। ਹੁਣ ਤਾਂ ਆਪਣੇ ਦੋਸਤਾਂ ਦੀਆਂ ਵਧੀਕੀਆਂ ਬਿਆਨ ਕਰਨ ਲਈ ਸਾਨੂੰ ਹੋਰ ਦੋਸਤਾਂ ਦੀ ਲੋੜ ਬਣੀ ਰਹਿੰਦੀ ਹੈ। ਸੱਚ ਤਾਂ ਇਹ ਹੈ ਕਿ ਦੋਸਤੀ ਨੂੰ ਜੀਵਤ ਰੱਖਣ ਲਈ ਬੜੀ ਮਿਹਨਤ ਤੇ ਗੁਣਾਂ ਦੀ ਲੋੜ ਹੈ ਅਤੇ ਦੋਸਤੀ ਦੇ ਵਿਕਾਸ ਤੇ ਵਾਧੇ ਲਈ ਕਈ ਸੰਕਟ ਲੋੜੀਂਦੇ ਹਨ। ਜਿਵੇਂ ਅਸੀਂ ਹੱਕਾਂ ਪ੍ਰਤੀ ਵਧੇਰੇ ਸੁਚੇਤ ਹੋ ਕੇ ਫਰਜ਼ਾਂ ਪ੍ਰਤੀ ਅਵੇਸਲੇ ਹੋ ਗਏ ਹਾਂ ਇਵੇਂ ਹੀ ਅਸੀਂ ਦੋਸਤਾਂ ਦੀਆਂ ਵਧੀਕੀਆਂ ਤਾਂ ਯਾਦ ਰੱਖਦੇ ਹਾਂ ਪਰ ਆਪਣੀਆਂ ਕੀਤੀਆਂ ਭੁੱਲ ਜਾਂਦੇ ਹਾਂ।
ਕਈ ਦੋਸਤੀਆਂ ਵਿਚ ਕੇਵਲ ਮੂਰਖਤਾ ਦੀ ਹੀ ਸਾਂਝ ਹੁੰਦੀ ਹੈ।
ਦੋਸਤੀ ਦੀਆਂ ਉਦਾਹਰਣਾਂ ਦੇਣ ਲਈ ਸਾਨੂੰ ਮਨੁੱਖੀ ਅਨੁਭਵ ਦੇ ਅਤੀਤ ਵਲ ਮੁੜਨਾ ਪੈਂਦਾ ਹੈ। ਇਕ ਵਾਰੀ ਰੋਮ ਵਿਚ ਇਕ ਮੁਜ਼ਰਿਮ ਨੂੰ ਬਾਦਸ਼ਾਹ ਨੇ ਪੁੱਛਿਆ ‘ਤੂੰ ਮੁੜ ਮੁੜ ਆਪਣੀ ਦੋਸਤੀ ਦਾ ਦਾਅਵਾ ਕਰ ਰਿਹਾ ਹੈਂ, ਦਸ ਤੂੰ ਆਪਣੇ ਦੋਸਤ ਵਾਸਤੇ ਕੀ ਕਰਨ ਲਈ ਤਿਆਰ ਹੈਂ?’ ਉੱਤਰ ਮਿਲਿਆ ‘ਸਭ ਕੁਝ’। ‘ਕੀ ਸਭ ਕੁਝ?’ ਫਿਰ ਉੱਤਰ ਮਿਲਿਆ ‘ਸਭ ਕੁਝ’। ਤਾਂ ਬਾਦਸ਼ਾਹ ਨੇ ਕਿਹਾ, ‘ਜੇ ਉਹ ਕਹੇ ਕਿ ਪਵਿੱਤਰ ਮੰਦਰਾਂ ਨੂੰ ਅੱਗ ਲਾ ਦੇ, ਕੀ ਤੂੰ ਇਵੇਂ ਹੀ ਕਰੇਂਗਾ ?’ ਉੱਤਰ ਮਿਲਿਆ, ‘ਮੈਂ ਆਪਣੇ ਦੋਸਤ ਨੂੰ ਜਾਣਦਾ ਹਾਂ, ਉਹ ਕਦੇ ਅਜਿਹਾ ਨਹੀਂ ਕਹੇਗਾ।’ ‘ਪਰ ਜੇ ਉਹ ਅਜਿਹਾ ਕਹੇ ਤਾਂ?’ ਦੋਸਤ ਨੇ ਬੜੇ ਮਾਣ ਨਾਲ ਕਿਹਾ ‘ਹਾਂ, ਉਹ ਦੇ ਕਹਿਆਂ ਮੈਂ ਪਵਿੱਤਰ ਮੰਦਰਾਂ ਨੂੰ ਵੀ ਅੱਗ ਲਾ ਦੇਵਾਂਗਾ।’ ਇਵੇਂ ਹੀ, ਇਕ ਹੀ ਸ਼ਹਿਰ ਵਿਚ ਹੜ੍ਹ ਵਿਚ ਘਿਰੇ ਦੋ ਦੋਸਤਾਂ ਨੇ ਤੀਜੇ ਨੂੰ ਬਹੁੜਨ ਲਈ ਸੁਨੇਹਾ ਭੇਜਿਆ ਤਾਂ ਵਿਚਾਰਾ ਤੀਜਾ ਦੋਸਤ ਇਸ ਦੁਚਿੱਤੀ ਵਿਚ ਹੀ ਪਾਗਲ ਹੋ ਗਿਆ ਕਿ ਪਹਿਲਾਂ ਕਿਸ ਵਲ ਜਾਵਾਂ। ਇਕ ਹੋਰ ਮਿਸਾਲ ਹੈ- ਇਕ ਦੋਸਤ ਨੇ ਮਰਨ ਲੱਗਿਆਂ ਕਿਹਾ, ‘ਆਪਣੀ ਮਾਂ ਦੀ ਦੇਖ-ਭਾਲ ਕਰਨ ਦਾ ਮਾਣ ਮੈਂ ਵੱਡੇ ਦੋਸਤ ਨੂੰ ਦਿੰਦਾ ਹਾਂ ਤੇ ਆਪਣੀ ਧੀ ਦਾ ਵਿਆਹ ਕਰਨ ਦਾ ਮਾਣ ਛੋਟੇ ਦੋਸਤ ਨੂੰ।’ ਇਸ ਮਾਣ ਭਰੇ ਦਾਅਵੇ ਉਤੇ ਲੋਕ ਤਾਂ ਹੱਸੇ ਪਰ ਦੋਸਤ ਖੁਸ਼ ਹੋਏ। ਛੋਟੇ ਦੋਸਤ ਨੇ ਆਪਣੀ ਧੀ ਤੇ ਦੋਸਤ ਦੀ ਧੀ ਦਾ ਇਕ ਹੀ ਦਿਹਾੜੇ ਆਪਣੀ ਅੱਧੀ ਅੱਧੀ ਜਾਇਦਾਦ ਦਾ ਦਾਜ ਦੇ ਕੇ ਵਿਆਹ ਕੀਤਾ। ਇਹਨਾਂ ਮਿਸਾਲਾਂ ਦਾ ਉਦੇਸ਼ ਇਹ ਦੱਸਣਾ ਹੈ ਕਿ ਦੋਸਤੀ ਕੀ ਹੋਇਆ ਕਰਦੀ ਸੀ ਤੇ ਅੱਜ ਕੱਲ੍ਹ ਕੀ ਬਣ ਗਈ ਹੈ।
ਦੋਸਤ ਇਕ ਅਜਿਹਾ ਵਿਅਕਤੀ ਹੁੰਦਾ ਹੈ ਜਿਸ ਦੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਦੋਸਤੀ ਵਿਚ ਮਦਦ ਕਰਨ ਵਾਲੇ ਦਾ ਧੰਨਵਾਦ ਨਹੀਂ ਕੀਤਾ ਜਾਂਦਾ, ਮਦਦ ਕਰਨ ਵਾਲਾ ਮਦਦ ਲੈਣ ਵਾਲੇ ਦਾ ਧੰਨਵਾਦ ਕਰਦਾ ਹੈ। ਇਕ ਵਾਰੀ ਜਦੋਂ ਫ਼ਿਲਾਸਫ਼ਰ ਡਾਇਓਜੀਨੀਸ ਨੂੰ ਮਾਲੀ ਸੰਕਟ ਆਣ ਬਣਿਆ ਤਾਂ ਉਸ ਨੇ ਆਪਣੀ ਪਤਨੀ ਨੂੰ ਕਿਹਾ, ‘ਆਪਣੇ ਦੋਸਤਾਂ ਕੋਲ ਚਲਿਆਂ ਹਾਂ ਉਨ੍ਹਾਂ ਤੋਂ ਆਪਣੇ ਪੈਸੇ ਲੈ ਆਵਾਂ।’
ਇਕ ਵਾਰੀ ਇਕ ਦੋਸਤ ਕੋਲ ਅਜਿਹਾ ਭੇਤ ਸੀ ਜਿਸ ਦੇ ਦੱਸਿਆਂ ਇਕ ਦੋਸਤ ਨੂੰ ਲਾਭ ਹੁੰਦਾ ਸੀ ਤੇ ਦੂਜੇ ਨੂੰ ਨੁਕਸਾਨ। ਅਜਿਹੀਆਂ ਸਥਿਤੀਆਂ ਵਿਚ ਹੀ ਦੋਸਤੀ ਪਰਖੀ ਜਾਂਦੀ ਹੈ।
ਪਿਆਰ ਅਸਲ ਵਿਚ ਖ਼ੂਬਸੂਰਤੀ ਦੀ ਭਾਵਨਾ ਵਿਚੋਂ ਉਪਜੀ ਦੋਸਤੀ ਹੁੰਦੀ ਹੈ। ਅਜੋਕੇ ਯੁਗ ਵਿਚ ਸੱਚਾਈ ਤੇ ਈਮਾਨਦਾਰੀ ਵਾਂਗ ਦੋਸਤੀ ਵੀ ਦੁਰਲਭ ਹੋ ਗਈ ਹੈ। ਉਹ ਦੋਸਤ ਕਿਥੇ ਹਨ ਜਿਹੜੇ ਨਿਪੱਤਿਆਂ ਦੀ ਪਤ ਸਨ, ਨਿਓਟਿਆਂ ਦੀ ਓਟ ਸਨ। ਉਹ ਦੋਸਤ ਕਿਥੇ ਹਨ, ਜਿਨ੍ਹਾਂ ਬਾਰੇ ਅਰਦਾਸ ਵਿਚ ਕਿਹਾ ਜਾਂਦਾ ਹੈ, ‘ਸੋਈ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ।’

ਦੁੱਖ
ਨਰਿੰਦਰ ਸਿੰਘ ਕਪੂਰ
ਜ਼ਿੰਦਗੀ ਦੀਆਂ ਬਹਾਰਾਂ ਵਿਚੋਂ ਗੁਜ਼ਰਦਿਆਂ ਅਚਾਨਕ ਕੋਈ ਅਣਕਿਆਸੀ ਘਟਨਾ ਵਾਪਰਦੀ ਹੈ ਜਿਸ ਨਾਲ ਪੈਰਾਂ ਥੱਲਿਉਂ ਜ਼ਮੀਨ ਨਿਕਲ ਜਾਂਦੀ ਹੈ। ਹਰੇ ਭਰੇ ਬਾਗ਼ ਸ਼ਮਸ਼ਾਨ ਘਾਟ ਦਿਸਣ ਲਗ ਪੈਂਦੇ ਹਨ।
ਦੁੱਖ ਇਕ ਮਾਨਸਿਕ ਸੰਕਲਪ ਹੈ, ਜਿਸ ਨਾਲ ਸਾਡੀ ਬਾਹਰੀ ਜਗਤ ਨੂੰ ਵੇਖਣ ਦੀ ਦ੍ਰਿਸ਼ਟੀ ਹੀ ਬਦਲ ਜਾਂਦੀ ਹੈ। ਸਤਰੰਗੀ ਪੀਂਘ ਉੱਤੇ ਦੌੜਦੇ ਦੌੜਦੇ ਅਸੀਂ ਧਰਤੀ ਉੱਤੇ ਆ ਡਿਗਦੇ ਹਾਂ।
ਭਾਵੇਂ ਕੋਈ ਦੁੱਖ ਅਜਿਹਾ ਨਹੀਂ ਜਿਹੜਾ ਸਮੇਂ ਦੇ ਬੀਤਣ ਨਾਲ ਮਿਟ ਨਹੀਂ ਜਾਂਦਾ, ਪਰ ਕਈ ਦੁੱਖ ਅਜਿਹੇ ਹਨ ਜਿਹੜੇ ਸਾਨੂੰ ਸਦੀਆਂ ਤਕ ਹੰਢਾਉਣੇ ਪੈਂਦੇ ਹਨ। ਸਰਹਿੰਦ ਦੀਆਂ ਕੰਧਾਂ ਵਿਚ ਚਿਣੇ ਹੋਏ ਸਾਹਿਬਜ਼ਾਦਿਆਂ ਦੇ ਮਾਸੂਮ ਚਿਹਰਿਆਂ ਉੱਤੇ ਸੰਜਮ ਅਤੇ ਸੰਤੋਖ ਦੀ ਮਿੱਠੀ ਮਿੱਠੀ ਮੁਸਕਰਾਹਟ ਦੇ ਅਰਥ ਸ਼ਬਦਾਂ ਵਿਚ ਬਿਆਨ ਨਹੀਂ ਕੀਤੇ ਜਾ ਸਕਦੇ, ਉਨ੍ਹਾਂ ਦੀ ਵਿਥਿਆ ਦੱਸਣ ਲਈ ਸਦੀਆਂ ਦਾ ਸਮਾਂ ਚਾਹੀਦਾ ਹੈ। ਉਨ੍ਹਾਂ ਦੇ ਦੁੱਖ ਨੂੰ ਸ਼ਬਦਾਂ ਦਾ ਜਾਮਾ ਪਹਿਨਾਉਣ ਵਾਲਾ ਲੇਖਕ ਅਜੇ ਪੈਦਾ ਨਹੀਂ ਹੋਇਆ।
ਦੁੱਖ ਵਿਚੋਂ ਵਿਰਲਾਪ ਉਪਜਦਾ ਹੈ। ਵਿਰਲਾਪ ਨਾਲ ਸਾਡਾ ਮਨ ਝੁਕਦਾ ਹੈ। ਝੁਕਣ ਨਾਲ ਸਾਡੇ ਵਿਚੋਂ ਹਉਮੈ ਅਤੇ ਆਕੜ ਮਿਟਦੀ ਹੈ।
ਮਹਾਨ ਦੁੱਖ, ਭਰਿਸ਼ਟ ਹੋਈਆਂ ਆਤਮਾਵਾਂ ਨੂੰ ਵੀ ਸਿੱਧੇ ਰਾਹ ਲੈ ਆਉਂਦਾ ਹੈ।
ਦੁੱਖ ਹੀ ਗਿਆਨ ਦਾ ਪ੍ਰਮੁੱਖ ਸਰੋਤ ਹੈ। ਦੁੱਖ ਵਿਚ ਅਸੀਂ ਦੂਜਿਆਂ ਦੇ ਸਾਥ ਲਈ ਭਟਕਦੇ ਹਾਂ। ਇਹੀ ਭਟਕਣ ਹਮਦਰਦੀ ਦੀ ਬੁਨਿਆਦ ਹੈ।
ਮਨੁੱਖੀ ਰਿਸ਼ਤਿਆਂ ਦੇ ਖੇਤਰ ਵਿਚ ਕੀਤੀ ਸਾਡੀ ਕਮਾਈ ਦੁੱਖਾਂ ਸਮੇਂ ਹੀ ਵੇਖਣ ਵਿਚ ਆਉਂਦੀ ਹੈ।
ਜਿਉਂਦੇ ਰਹਿਣ ਲਈ ਸਬਰ, ਸੰਤੋਖ ਅਤੇ ਹੌਸਲਾ ਜ਼ਰੂਰੀ ਹਨ ਪਰ ਇਨ੍ਹਾਂ ਦੀ ਪ੍ਰਾਪਤੀ ਦੁੱਖ ਤੋਂ ਬਿਨਾ ਸੰਭਵ ਨਹੀਂ।
ਸੰਸਾਰ ਵਿਚ ਵੱਡਾ ਯੋਗਦਾਨ ਦੁਖੀ ਵਿਅਕਤੀਆਂ ਨੇ ਹੀ ਦਿੱਤਾ ਹੈ। ਰਾਜਾ ਰਾਮ ਮੋਹਨ ਰਾਏ ਦੀ ਭਰਜਾਈ ਨੂੰ ਜਦੋਂ ਜ਼ਬਰਦਸਤੀ ਸਤੀ ਕੀਤਾ ਗਿਆ ਤਾਂ ਸਤੀ ਦੇ ਵਿਰੁਧ ਅੰਦੋਲਨ ਪੈਦਾ ਹੋਇਆ। ਲੈਨਿਨ ਦੇ ਭਰਾ ਨੂੰ ਜ਼ਾਰਸ਼ਾਹੀ ਨੇ ਮਾਰਿਆ ਤਾਂ ਲੈਨਿਨ ਦੇ ਮਨ ਵਿਚ ਇਨਕਲਾਬ ਨੇ ਅੰਗੜਾਈ ਲਈ। ਗੁਰੂ ਗੋਬਿੰਦ ਸਿੰਘ ਨੇ ਉਸੇ ਦਿਨ ਤਲਵਾਰ ਚੁੱਕ ਲਈ ਸੀ ਜਿਸ ਦਿਨ ਗੁਰੂ ਤੇਗ਼ ਬਹਾਦੁਰ ਨੂੰ ਚਾਂਦਨੀ ਚੌਂਕ ਵਿਚ ਸ਼ਹੀਦ ਕੀਤਾ ਗਿਆ। ਦੁੱਖ ਸਾਡੀ ਪ੍ਰਤਿਭਾ ਨੂੰ ਚਮਕਾਉਣ ਦਾ ਇਕ ਵਸੀਲਾ ਹਨ। ਖੁਸ਼ ਅਤੇ ਸੁਖੀ ਵਿਅਕਤੀਆਂ ਨੇ ਸੰਸਾਰ ਵਿਚ ਅਯਾਸ਼ੀ ਫੈਲਾਈ ਹੈ ਜਦ ਕਿ ਦੁੱਖਾਂ ਨੇ ਮਨੁੱਖਤਾ ਵਿਚ ਮਨੁੱਖੀ ਕਦਰਾਂ ਕੀਮਤਾਂ ਦਾ ਨਿਰਮਾਣ ਕੀਤਾ ਹੈ।
ਦੁੱਖਾਂ ਨੇ ਹੀ ਸੁਖਾਂ ਦੇ ਅਰਥ ਨਿਰਧਾਰਤ ਕੀਤੇ ਹਨ।
ਭੋਜਨ ਹੋਣਾ ਪਰ ਭੁੱਖ ਨਾ ਹੋਣੀ, ਭੁੱਖ ਹੋਣੀ ਪਰ ਭੋਜਨ ਨਾ ਹੋਣਾ ਆਦਿ ਦੁੱਖ ਦੀਆਂ ਸਧਾਰਨ ਉਦਾਹਰਣਾਂ ਹਨ। ਵੱਡੇ ਵਿਅਕਤੀਆਂ ਦੇ ਦੁੱਖ ਵੱਡੇ ਹੁੰਦੇ ਹਨ। ਕੋਈ ਵੀ ਦੁੱਖ ਅਜਿਹਾ ਨਹੀਂ ਜਿਸ ਨੂੰ ਮਨੁੱਖ ਬਰਦਾਸ਼ਤ ਨਾ ਕਰ ਸਕੇ, ਪਰ ਵੇਖਣਾ ਇਹ ਹੈ ਕਿ ਦੁੱਖ ਨਾਲ ਵਿਅਕਤੀ ਡੁੱਬਦਾ ਹੈ ਜਾਂ ਦੁੱਖ ਦੀ ਸਵਾਰੀ ਕਰਦਾ ਹੈ।
ਜੇਕਰ ਅਸੀਂ ਸਾਰੇ ਆਪਣੇ ਦੁੱਖਾਂ ਨੂੰ ਇਕ ਥਾਂ ਇਕੱਠੇ ਕਰ ਦੇਈਏ ਤੇ ਸਭ ਨੂੰ ਬਰਾਬਰ ਵੰਡਣ ਦਾ ਯਤਨ ਕਰੀਏ ਤਾਂ ਲਗਭਗ ਸਾਰੇ ਆਪਣੇ ਆਪਣੇ ਦੁੱਖ ਵਾਪਸ ਲੈ ਕੇ ਖੁਸ਼ ਹੋ ਜਾਣਗੇ।
ਮਨੋਵਿਗਿਆਨਕ ਤੌਰ ਉਤੇ ਦੂਜਿਆਂ ਦੇ ਦੁੱਖ ਸਾਨੂੰ ਆਪਣੇ ਦੁੱਖ ਬਰਦਾਸ਼ਤ ਕਰਨ ਵਿਚ ਸਹਾਈ ਹੁੰਦੇ ਹਨ। ਮਹਾਨ ਦੁੱਖਾਂ ਵਿਚ ਮਹਾਨ ਨਾਇਕ ਸਿਰਜਣ ਦੀ ਸਮਰਥਾ ਹੁੰਦੀ ਹੈ। ਗੁਰੂ ਅਰਜਨ ਦੇਵ ਜੀ ਦੁੱਖ ਮਈ ਸਥਿਤੀਆਂ ਵਿਚੋਂ ਉਪਜੀ ਇਕ ਸ਼ਾਂਤ ਨਾਇਕ-ਆਤਮਾ ਸਨ।
ਡੁੱਬ ਰਹੇ ਬੱਚਿਆਂ ਨੂੰ ਬਚਾਉਂਦਾ ਜਦੋਂ ਇਕ ਸਧਾਰਨ ਵਿਅਕਤੀ ਆਪ ਡੁੱਬ ਜਾਂਦਾ ਹੈ ਤਾਂ ਉਹ ਤਿਆਗ ਅਤੇ ਕੁਰਬਾਨੀ ਦੀਆਂ ਨਵੀਆਂ ਸਿਖਰਾਂ ਛੋਹ ਜਾਂਦਾ ਹੈ।
ਦੁੱਖ ਸਿਰਜਣਾਤਮਕ ਸ਼ਕਤੀ ਦਾ ਸਰੋਤ ਹਨ। ਇਸ ਵਿਚ ਮਨੁੱਖ ਦੀ ਅਸਲੀ ਧਾਤ ਪਛਾਣੀ ਜਾਂਦੀ ਹੈ। ਪੋਰਸ ਵੱਲੋਂ ਸਿਕੰਦਰ ਨੂੰ ਦਿੱਤਾ ਜਵਾਬ ਦੁੱਖ ਦੀ ਕੁੱਖ ਵਿਚੋਂ ਸੂਰਜ ਵਾਂਗ ਉਗਮਿਆ, ਇਕ ਅਜਿਹਾ ਵਾਕ ਸੀ ਜਿਸ ਨੇ ਜਿੱਤੇ ਹੋਏ ਸਿਕੰਦਰ ਦੇ ਮੁਕਾਬਲੇ ਹਾਰੇ ਹੋਏ ਪੋਰਸ ਨੂੰ ਮਹਾਨ ਬਣਾ ਦਿੱਤਾ।
ਦੁੱਖ ਬਰਦਾਸ਼ਤ ਕਰਨ ਨਾਲ ਸਾਡੀ ਦੁੱਖ ਬਰਦਾਸ਼ਤ ਕਰਨ ਦੀ ਸਮਰਥਾ ਵੱਧਦੀ ਹੈ। ਦੁੱਖਾਂ ਦੇ ਬਰਦਾਸ਼ਤ ਕੀਤੇ ਜਾਣ ਨੂੰ ਨੇਮਬਧ ਕਰਨ ਲਈ ਮਨੁੱਖ ਨੇ ਕਈ ਰਸਮਾਂ-ਰੀਤਾਂ ਦਾ ਨਿਰਮਾਣ ਕੀਤਾ ਹੈ। ਕਿਹਾ ਜਾਂਦਾ ਹੈ ਕਿ ਦੁੱਖ ਇਕੱਲੇ ਨਹੀਂ ਆਉਂਦੇ ਪਰ ਇਹ ਵੀ ਕਿਹਾ ਜਾਂਦਾ ਹੈ ਕਿ ਪਤਝੜ ਮਗਰੋਂ ਬਹਾਰ ਨੇ ਆਉਣਾ ਹੀ ਆਉਣਾ ਹੈ ਅਰਥਾਤ ਦੁੱਖ ਸੁਖ ਇਕ ਦੂਜੇ ਨਾਲ ਲੁਕਣ ਮੀਚੀ ਖੇਡਦੇ ਹੀ ਰਹਿੰਦੇ ਹਨ।
ਸਵੈ-ਵਿਰੋਧੀ ਸ਼ਕਤੀਆਂ ਜ਼ਿੰਦਗੀ ਨੂੰ ਚਲਦੇ ਰੱਖਣ ਵਿਚ ਸਹਾਈ ਹੁੰਦੀਆਂ ਹਨ। ਜਿਵੇਂ ਅੰਤਾਂ ਦੀ ਖੁਸ਼ੀ ਸ਼ਬਦਾਂ ਵਿਚ ਨਹੀਂ ਪ੍ਰਗਟਾਈ ਜਾ ਸਕਦੀ, ਇਵੇਂ ਹੀ ਅੰਤਾਂ ਦੇ ਦੁੱਖ ਸਮੇਂ ਸਧਾਰਨ ਬੋਲੀ ਨੂੰ ਆਪਣੇ ਪ੍ਰਗਟਾਵੇ ਦਾ ਸਾਧਨ ਨਹੀਂ ਬਣਾਇਆ ਜਾ ਸਕਦਾ।
ਦੂਜਿਆਂ ਦੇ ਦੁਖੜੇ ਸੁਣ ਕੇ ਸਾਨੂੰ ਇਕ ਵਿਸ਼ੇਸ਼ ਪ੍ਰਕਾਰ ਦੀ ਢਾਰਸ ਮਿਲਦੀ ਹੈ। ਕਿਸੇ ਦਾ ਬੱਚਾ ਡੁੱਬ ਕੇ ਮਰਨ ਦੀ ਖ਼ਬਰ ਨਾਲ ਸਾਨੂੰ ਆਪਣੇ ਬੱਚੇ ਵਧੇਰੇ ਪਿਆਰੇ ਲੱਗਣ ਲੱਗ ਪੈਂਦੇ ਹਨ। ਕਿਸੇ ਵਿਧਵਾ ਨੂੰ ਵੇਖ ਕੇ ਆਪਣਾ ਪਤੀ ਵਧੇਰੇ ਚੰਗਾ ਲੱਗਣ ਲੱਗ ਪੈਂਦਾ ਹੈ। ਕਿਸੇ ਦੀ ਪਤਨੀ ਦੀ ਮੌਤ ਦੀ ਖ਼ਬਰ ਸੁਣ ਕੇ ਸਾਨੂੰ ਆਪਣੀ ਪਤਨੀ ਦੁਬਾਰਾ ਪ੍ਰਾਪਤ ਹੋਈ ਪ੍ਰਤੀਤ ਹੋਣ ਲੱਗ ਪੈਂਦੀ ਹੈ।
ਦੁੱਖ ਨਾਲ ਮਨੁੱਖ ਵਿਚ ਕੰਮ ਕਰਨ ਲਈ ਉਤਸਾਹ ਪੈਦਾ ਹੁੰਦਾ ਹੈ, ਪਰ ਇਹ ਸੰਭਵ ਤਾਂ ਹੈ ਜੇ ਉਸ ਸਾਹਮਣੇ ਕੋਈ ਉਦੇਸ਼ ਹੋਵੇ। ਦੁੱਖ ਨੂੰ ਭੁਲਾਉਣ ਤੇ ਘਟਾਉਣ ਦਾ ਉੱਤਮ ਢੰਗ ਆਪਣੇ ਆਪ ਨੂੰ ਕੰਮ ਵਿਚ ਲਾਉਣਾ ਹੈ ਅਰਥਾਤ ਮਨ ਵਿਚ ਪੈਦਾ ਹੋਏ ਖਾਲੀਪਣ ਨੂੰ ਕੰਮ ਦੀ ਸੰਤੁਸ਼ਟਤਾ ਨਾਲ ਭਰਨਾ ਹੈ।
ਇਕ ਗਰਭਵਤੀ ਔਰਤ ਕਿਸ ਦੀ ਮੌਤ ਉਤੇ ਇਸ ਲਈ ਸਬਰ ਸੰਤੋਖ ਕਰ ਲੈਂਦੀ ਹੈ ਕਿਉਂਕਿ ਉਸ ਨੂੰ ਆਪਣਾ ਆਪ ਭਰਿਆ ਭਰਿਆ ਲਗਦਾ ਹੈ।
ਦੁੱਖ ਸਮੇਂ ਸਾਡਾ ਵਰਤਾਰਾ, ਸਾਡੀ ਸ਼ਖਸੀਅਤ ਦੀ ਕਿਸਮ, ਪੱਧਰ, ਡੂੰਘਾਈ ਤੇ ਵਿਸ਼ਾਲਤਾ ਨੂੰ ਨਿਰਧਾਰਤ ਕਰਦਾ ਹੈ। ਦੁੱਖ ਵਿਚ ਅਚਾਨਕ ਇਕੱਲੇ ਰਹਿ ਜਾਣ ਦਾ ਅਨੁਭਵ ਹੁੰਦਾ ਹੈ। ਇਸ ਸਮੇਂ ਸਾਡੀ ਸ਼ਖਸੀਅਤ ਦੇ ਕਈ ਟੋਏ ਟਿੱਬੇ ਪੱਧਰੇ ਹੋ ਜਾਂਦੇ ਹਨ।
ਦੁੱਖ ਵਿਚ ਅਸੀਂ ਸਾਰੇ ਸਾਊ ਤੇ ਸਭਿਅਕ ਭਾਸ਼ਾ ਬੋਲਦੇ ਹਾਂ ਅਤੇ ਆਪਣੀਆਂ ਪਦਵੀਆਂ ਦੇ ਆਧਾਰ ਉਤੇ ਨਹੀਂ, ਮਨੁੱਖਤਾ ਦੀ ਪੱਧਰ ਉਤੇ ਇਕ ਦੂਜੇ ਨਾਲ ਵਿਚਰਦੇ ਹਾਂ। ਇਨ੍ਹਾਂ ਪਲਾਂ ਵਿਚ ਸਾਨੂੰ ਗਿਆਨ ਹੋ ਜਾਂਦਾ ਹੈ ਕਿ ਮਨੁੱਖ ਦੀ ਹੋਣੀ ਵਿਚ ਅੰਤ ਨੂੰ ਦੁੱਖ ਹੈ। ਦੁੱਖ ਇਕ ਸਦੀਵੀ ਤੇ ਸਰਵ-ਵਿਆਪਕ ਅਨੁਭਵ ਹੈ, ਜਦੋਂ ਕਿ ਸੁਖ ਛਿੰਨ-ਭੰਗਰ ਦਾ ਭੁਲੇਖਾ ਬਣ ਕੇ ਰਹਿ ਜਾਂਦਾ ਹੈ। ਰੋਣ ਨਾਲ ਸਾਡੀ ਰੂਹ ਧੋਤੀ ਜਾਂਦੀ ਹੈ। ਦੁੱਖ ਵਿਚ ਛੋਟੀ ਤੋਂ ਛੋਟੀ ਆਸ ਵੀ ਸੂਰਜ ਦਾ ਦਰਜਾ ਰੱਖਦੀ ਹੈ।
ਗੁੱਸਾ ਦੁੱਖ ਦਾ ਹੋਛਾ ਰੂਪ ਹੁੰਦਾ ਹੈ। ਦੁੱਖ ਸਾਨੂੰ ਦੂਜਿਆਂ ਨਾਲ ਜੋੜਦਾ ਹੈ ਜਦੋਂ ਕਿ ਗੁੱਸਾ ਸਾਨੂੰ ਨਿਖੇੜਦਾ ਹੈ।
ਇਹ ਦੁੱਖ ਦੀ ਪੱਧਰ ਸਾਡੀ ਸ਼ਖਸੀਅਤ ਉਤੇ ਨਿਰਭਰ ਕਰਦਾ ਹੈ ਕਿ ਅਸੀਂ ਦੁਸ਼ਮਣ ਨੂੰ ਤਬਾਹ ਕਰਨ ਦੇ ਮਨਸੂਬੇ ਬਣਾਉਂਦੇ ਹਾਂ ਕਿ ਉਸ ਨੂੰ ਮੁਆਫ਼ ਕਰ ਦਿੰਦੇ ਹਾਂ। ਅਸੀਂ ਸਾਰੇ ਇਸ ਭਰਮ ਦਾ ਸ਼ਿਕਾਰ ਹਾਂ ਕਿ ਸਾਡੇ ਦੁੱਖਾਂ ਜਿਹਾ ਕੋਈ ਦੁੱਖ ਨਹੀਂ। ਸੱਚ ਤਾਂ ਇਹ ਹੈ ਕਿ ਸਾਡੇ ਨੈਣ-ਨਕਸ਼ਾਂ ਵਾਂਗ ਸਾਡੇ ਦੁੱਖਾਂ ਦੀ ਵੀ ਆਪਣੀ ਹੀ ਕਿਸਮ ਹੁੰਦੀ ਹੈ।
ਸਭ ਤੋਂ ਵਧੇਰੇ ਅਸਹਿ ਦੁੱਖ ਅਕ੍ਰਿਤਘਣਤਾਂ ਵਿਚੋਂ ਜਨਮਦੇ ਹਨ।
ਬੇਵਫ਼ਾਈ, ਖ਼ੁਦਕੁਸ਼ੀ, ਤਲਾਕ ਆਦਿ ਅਕ੍ਰਿਤਘਣਤਾ ਦੀਆਂ ਉਦਾਹਰਣਾਂ ਹਨ।
ਦੁਸ਼ਮਣਾਂ ਦੇ ਪੱਥਰ ਅਸੀਂ ਖਿੜੇ ਮੱਥੇ ਬਰਦਾਸ਼ਤ ਕਰ ਲੈਂਦੇ ਹਾਂ ਪਰ ਸੱਜਣਾਂ ਦੇ ਫੁੱਲ ਲੱਗਣ ਨਾਲ ਵੀ ਸਾਡੀ ਰੂਹ ਅੰਬਰਾਂ ਤਕ ਕੁਰਲਾ ਉਠਦੀ ਹੈ।
ਆਪਣੇ ਆਪਣੇ ਦੁੱਖ ਦੀਆਂ ਗੱਲਾਂ ਕਰ ਕੇ ਭਾਵੇਂ ਦੁੱਖ ਕਿਸੇ ਨਾਲ ਵੰਡਾਇਆ ਨਹੀਂ ਜਾ ਸਕਦਾ ਪਰ ਬਹੁਤ ਸਾਰੇ ਵਿਅਕਤੀ ਇਕ ਥਾਂ ਇਕੱਠੇ ਹੋ ਕੇ ਆਪਣੇ ਆਪਣੇ ਦੁਖ ਦੀਆਂ ਗੱਲਾਂ ਕਰਕੇ ਇਹ ਭੁਲੇਖਾ ਉਸਾਰਦੇ ਹਨ ਕਿ ਸਾਰੇ ਹੀ ਦੁਖੀ ਹਨ, ਸੋ ਦੁੱਖ ਨੂੰ ਬਰਦਾਸ਼ਤ ਕਰਨਾ ਚਾਹੀਦਾ ਹੈ।
ਪੁਰਸ਼ਾਂ ਦੇ ਮੁਕਾਬਲੇ ਔਰਤਾਂ ਨੂੰ ਦੁੱਖਮਈ ਸਥਿਤੀਆਂ ਦਾ ਵਧੇਰੇ ਸਾਹਮਣਾ ਕਰਨਾ ਪੈਂਦਾ ਹੈ। ਇਸੇ ਲਈ ਉਹ ਪਿਆਰ, ਸਨੇਹ ਤੇ ਹਮਦਰਦੀ ਦੀਆਂ ਪ੍ਰਤੀਕ ਹਨ।
ਦੁੱਖ ਜੀਵਨ ਦਾ ਇਕ ਸੁਭਾਵਕ ਅਨੁਭਵ ਹੈ। ਇਸ ਤੋਂ ਬਚਣ ਦੀ ਥਾਂ ਇਸ ਨੂੰ ਹੰਢਾਉਣ ਦਾ ਜਿਗਰਾ ਅਤੇ ਹੌਸਲਾ ਉਸਾਰਨਾ ਚਾਹੀਦਾ ਹੈ।


ਰੁੱਸਣਾ
ਨਰਿੰਦਰ ਸਿੰਘ ਕਪੂਰ
ਰੁੱਸਣਾ ਕਿਸੇ ਸਥਿਤੀ ਜਾਂ ਵਿਅਕਤੀ ਪ੍ਰਤੀ ਬੇਮੁਖਤਾ ਦਾ ਪ੍ਰਗਟਾਵਾ ਹੁੰਦਾ ਹੈ।
ਹਰ ਇਕ ਵਿਅਕਤੀ ਜੀਵਨ ਵਿਚ ਅਨੇਕਾਂ ਵਾਰੀ ਰੁੱਸਦਾ ਹੈ। ਕਈ ਰੋਸੇ ਅਜਿਹੇ ਹੁੰਦੇ ਹਨ ਜਿਨ੍ਹਾਂ ਵਿਚ ਅਸੀਂ ਚੁੱਪ ਗੜੁੱਪ
ਹੋ ਜਾਂਦੇ ਹਾਂ ਤੇ ਅੰਦਰੋਂ ਅੰਦਰ ਧੁਖਦੇ ਰਹਿੰਦੇ ਹਾਂ ਅਤੇ ਕਈ ਰੋਸੇ ਅਜਿਹੇ ਹੁੰਦੇ ਹਨ ਜਿਨ੍ਹਾਂ ਕਾਰਨ ਅਸੀਂ ਹਰ ਵੇਲੇ ਆਪਣੇ ਨਾਲ ਹੋਈ ਵਧੀਕੀ ਦੀ ਕਹਾਣੀ ਦੂਜਿਆਂ ਨੂੰ ਸੁਣਾਉਂਦੇ ਰਹਿੰਦੇ ਹਾਂ।
ਰੁੱਸਣਾ ਪਿਆਰ ਦੇ ਖੇਤਰ ਵਿਚਲਾ ਇਕ ਸਧਾਰਨ ਅਤੇ ਸਰਵ-ਵਿਆਪਕ ਅਨੁਭਵ ਹੈ।
ਮਨੁੱਖੀ ਸ਼ਖਸੀਅਤ ਵਿਚ ਰੁੱਸਣ ਦਾ ਵਿਸ਼ੇਸ਼ ਮਹੱਤਵ ਹੈ ਅਤੇ ਸ਼ਖਸੀਅਤ ਨੂੰ ਢਾਲਣ ਵਿਚ ਇਸ ਦਾ ਮਹੱਤਵ-ਪੂਰਨ ਰੋਲ ਹੁੰਦਾ ਹੈ।
ਕਲਾਕਾਰ, ਸਾਹਿਤਕਾਰ (ਵਿਸ਼ੇਸ਼ ਕਰਕੇ ਕਵੀ), ਸਮਾਜ ਸੁਧਾਰਕ ਆਦਿ ਸਮਾਜ ਵਿਚ ਰਹਿਣ ਦੇ ਬਾਵਜੂਦ ਰੁੱਸੇ ਹੋਏ ਵਿਅਕਤੀ ਹੁੰਦੇ ਹਨ। ਕਿਉਂਕਿ ਉਨ੍ਹਾਂ ਦੇ ਰੋਸੇ ਦੀ ਪੱਧਰ ਉੱਚੀ ਹੁੰਦੀ ਹੈ ਅਤੇ ਉਨ੍ਹਾਂ ਦੇ ਅਨੁਭਵ ਦੀ ਸ਼ਿੱਦਤ ਗਹਿਰ-ਗੰਭੀਰ ਹੁੰਦੀ ਹੈ, ਉਹ ਮਹਾਨ ਕਾਰਜ ਕਰ ਜਾਂਦੇ ਹਨ।
ਮਹਾਤਮਾ ਬੁੱਧ ਆਪਣੀ ਐਸ਼-ਇਸ਼ਰਤ ਨਾਲ ਰੁੱਸ ਗਏ ਸਨ। ਗੁਰੂ ਗੋਬਿੰਦ ਸਿੰਘ ਮੁਗ਼ਲ ਹਕੂਮਤ ਨਾਲ ਰੁੱਸ ਗਏ ਸਨ। ਮਹਾਤਮਾ ਗਾਂਧੀ ਅੰਗਰੇਜੀ ਸਮਾਜ ਨਾਲ ਰੁੱਸ ਗਏ ਸਨ। ਇਵੇਂ ਹੋਰ ਅਨੇਕਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਕਾਰਲ ਮਾਰਕਸ, ਲੈਨਿਨ, ਭਗਤ ਸਿੰਘ, ਸੁਭਾਸ਼ ਚੰਦਰ ਬੋਸ ਆਦਿ ਸਾਰੇ ਮਹਾਨ ਪੁਰਸ਼ ਆਪਣੀਆਂ ਆਰਥਿਕ, ਰਾਜਨੀਤਕ, ਸਮਾਜਿਕ ਸਥਿਤੀਆਂ ਨਾਲ ਰੁੱਸੇ ਹੋਏ ਸਨ।
ਨਤੀਜੇ ਵਜੋਂ ਕਿਹਾ ਜਾ ਸਕਦਾ ਹੈ ਕਿ ਜਿੰਨਾ ਵੱਡਾ ਰੋਸਾ, ਉਨੀ ਵੱਡੀ ਪ੍ਰਾਪਤੀ। ਪਰ ਪ੍ਰਾਪਤੀ ਦੀ ਸੰਭਾਵਨਾ ਤੇ ਸਮਰਥਾ ਹੋਣੀ ਜ਼ਰੂਰੀ ਹੈ।
ਆਤਮਘਾਤ ਕਰਨ ਵਾਲਾ ਵਿਅਕਤੀ ਵੀ ਰੁੱਸਿਆ ਹੁੰਦਾ ਹੈ ਪਰ ਉਹ ਕਿਸੇ ਜੀਵਨ ਆਦਰਸ਼ ਦੀ ਪ੍ਰਤੀ ਪ੍ਰੇਰਿਤ ਨਾ ਹੋਣ ਕਰਕੇ ਅਤੇ ਸਥਿਤੀ ਨਾਲ ਸਨਮੁਖ ਹੋਣ ਦੀ ਹਿੰਮਤ ਨਾ ਹੋਣ ਕਰਕੇ ਜੀਵਨ ਪਿੜ ਵਿਚੋਂ ਵਾਕ-ਆਊਟ ਕਰ ਜਾਂਦਾ ਹੈ।
ਗੁੱਸਾ, ਸਾੜਾ, ਈਰਖਾ, ਦੁਸ਼ਮਣੀ ਆਦਿ ਰੁੱਸਣ ਦੇ ਵਿਗੜੇ ਹੋਏ ਰੂਪ ਹਨ। ਜਦੋਂ ਇਹ ਬਹੁਤ ਹੀ ਵਿਗੜ ਜਾਣ ਤਾਂ ਇਹ ਦੁਸ਼ਮਣੀ, ਲੜਾਈ ਤੇ ਹਿੰਸਾ ਵਿਚ ਪ੍ਰਗਟ ਹੁੰਦੇ ਹਨ। ਸਭ ਪ੍ਰਕਾਰ ਦੇ ਅੰਦੋਲਨ ਵੀ ਮਾਨਸਿਕ ਅਤੇ ਸਰੀਰਕ ਰੋਸੇ ਦਾ ਜਥੇਬੰਦਕ ਪ੍ਰਗਟਾਵਾ ਹੁੰਦੇ ਹਨ।
ਰੁੱਸਣ ਦਾ ਆਧਾਰ ਹੀ ਇਹ ਹੈ ਕਿ ਇਸ ਵਿਚ ਘੱਟੋ ਘੱਟ ਦੇ ਧਿਰਾਂ ਹੁੰਦੀਆਂ ਹਨ। ਇਕ ਧਿਰ ਰੁੱਸਦੀ ਹੈ, ਇਸ ਆਸ ਨਾਲ ਕਿ ਦੂਜੀ ਧਿਰ ਉਸ ਨੂੰ ਮਨਾ ਲਵੇਗੀ। ਮਨਾਉਣ ਵਾਲੀ ਧਿਰ ਦਾ ਧਿਆਨ ਖਿੱਚਣ ਲਈ ਰੁੱਸੀ ਹੋਈ ਧਿਰ ਕਈ ਹਰਕਤਾਂ ਅਤੇ ਹੀਲੇ ਕਰਦੀ ਹੈ। ਰੁੱਸਣ ਵਾਲੀ ਧਿਰ ਉਪਰੋਂ ਭਾਵੇਂ ਕੁਝ ਕਹੀ ਅਤੇ ਕਰੀ ਜਾਵੇ ਪਰ ਅੰਦਰੋਂ ਇਸ ਦਾ ਦਿਲ ਕਰ ਰਿਹਾ ਹੁੰਦਾ ਹੈ ਕਿ ਉਸ ਨੂੰ ਕਿਵੇਂ ਨਾ ਕਿਵੇਂ ਮਨਾ ਲਿਆ ਜਾਵੇ। ਭਾਵੇਂ ਇਹ ਕੁਝ ਸ਼ਰਤਾਂ ਉਤੇ ਮੰਨਣਾ ਚਾਹੁੰਦੀ ਹੈ ਪਰ ਇਹ ਸ਼ਰਤਾਂ ਅਸੰਭਵ ਨਹੀਂ ਹੁੰਦੀਆਂ। ਮਨਾਉਣ ਵਾਲੀ ਧਿਰ ਜਦੋਂ ਜਾਣ ਬੁਝ ਕੇ ਅਵੇਸਲੀ ਬਣੀ ਰਹੇ ਤਾਂ ਰੁੱਸਣ ਵਾਲੀ ਧਿਰ ਦਾ ਹੱਠ ਮਜ਼ਬੂਤ ਹੁੰਦਾ ਰਹਿੰਦਾ ਹੈ ਅਤੇ ਉਹ ਆਪਣੇ ਦਿਲ ਵਿਚ ਦੂਜੀ ਧਿਰ ਪ੍ਰਤੀ ਵਿਸ ਘੋਲਦੀ ਰਹਿੰਦੀ ਹੈ ਤੇ ਨਿੱਕੀ ਵੱਡੀ ਵਧੀਕੀ ਨੂੰ ਇਕ ਲੰਮੀ ਲੜੀ ਵਿਚ ਪਰੋਂਦੀ ਰਹਿੰਦੀ ਹੈ। ਇਕ ਹੱਦ ਹੁੰਦੀ ਹੈ ਜਿਥੇ ਤੱਕ ਰੁੱਸਣ ਵਾਲੀ ਧਿਰ ਉਡੀਕ ਸਕਦੀ ਹੈ। ਸਥਿਤੀ ਦੀ ਲੋੜ ਅਨੁਸਾਰ ਇਸ ਹੱਦ ਦੀਆਂ ਸਰਹੱਦਾਂ ਹੋਰ ਪਰ੍ਹੇ ਕੀਤੀਆਂ ਜਾ ਸਕਦੀਆਂ ਹਨ ਪਰ ਜੇ ਰੋਸੇ ਦੀ ਮਿਆਦ ਬਹੁਤ ਲੰਮੀ ਹੋ ਜਾਵੇ ਤਾਂ ਉਸ ਧਿਰ ਨੂੰ ਰੋਸੇ ਵਾਲੀ ਸਥਿਤੀ ਨਾਲ ਹੀ ਮੋਹ ਪੈ ਜਾਂਦਾ ਹੈ ਤੇ ਉਹ ਕਿਸੇ ਵੀ ਕੀਮਤ ਤੇ ਮੰਨਣ ਲਈ ਤਿਆਰ ਨਹੀਂ ਹੁੰਦੀ। ਇਵੇਂ ਬਹੁਤ ਸਾਰੀਆਂ ਦੋਸਤੀਆਂ, ਰਿਸ਼ਤੇਦਾਰੀਆਂ ਆਦਿ ਟੁੱਟ ਜਾਂਦੀਆਂ ਹਨ। ਰਾਜਨੀਤਕ ਪਾਰਟੀਆਂ. ਟਰੇਡ ਯੂਨੀਅਨਾਂ ਆਦਿ ਵਿਚ ਵੀ ਉਪਰੋਕਤ ਢੰਗ ਨਾਲ ਪਾਟ ਪੈ ਜਾਂਦੇ ਹਨ। ਮੁਕਦਮੇਬਾਜ਼ੀ ਦੇ ਆਧਾਰ ਵੀ ਉਪਰੋਕਤ ਕਾਰਨ ਹਨ।
ਪ੍ਰਸ਼ਨ ਪੈਦਾ ਹੁੰਦਾ ਹੈ ਕਿ ਮਨਾਉਣ ਵਾਲੀ ਧਿਰ ਮਨਾਉਂਦੀ ਕਿਉਂ ਨਹੀਂ ? ਪਹਿਲੀ ਗੱਲ ਤਾਂ ਇਹ ਕਿ ਮਨਾਉਣ ਵਾਲੀ ਧਿਰ ਮੰਨਦੀ ਹੀ ਨਹੀਂ ਕਿ ਰੁੱਸਣ ਵਾਲੀ ਧਿਰ ਦੀ ਸ਼ਿਕਾਇਤ ਜਾਇਜ਼ ਹੈ। ਦੂਜੀ ਗੱਲ ਇਹ ਕਿ ਰੁੱਸਣ ਵਾਲੀ ਧਿਰ ਮਨਾਉਣ ਵਾਲੀ ਧਿਰ ਉਤੇ ਅਜਿਹੀਆਂ ਤੋਹਮਤਾਂ ਅਤੇ ਦੋਸ਼ ਲਾ ਚੁੱਕੀ ਹੁੰਦੀ ਹੈ ਕਿ ਮਨਾਉਣ ਵਾਲੀ ਧਿਰ ਰੁੱਸਣ ਵਾਲੀ ਧਿਰ ਨਾਲ ਆਪਣੇ ਤੌਰ ਤੇ ਰੁੱਸ ਜਾਂਦੀ ਹੈ ਅਤੇ ਦੋਵੇਂ ਧਿਰਾਂ ਇਸ ਉਡੀਕ ਵਿਚ ਰਹਿੰਦੀਆਂ ਹਨ ਕਿ ਮਨਾਉਣ ਦਾ ਕੰਮ ਦੂਜੀ ਧਿਰ ਕਰੇ। ਇਸ ਸਮੇਂ ਕਈ ਵਿਚੋਲੇ ਪੈਦਾ ਹੁੰਦੇ ਹਨ ਜਿਹੜੇ ਭਾਵੇਂ ਢੰਡੋਰਾ ਨਿਰਪਖਤਾ ਦਾ ਹੀ ਪਿੱਟਣ ਪਰ ਉਹ ਸੁਆਰਥ ਤੋਂ ਪ੍ਰੇਰਿਤ ਹੁੰਦੇ ਹਨ। ਸਮਝੌਤਾ ਹੋਣ ਦੀ ਸੰਭਾਵਨਾ ਵਿਚੋਲੇ ਦੀ (ਪਿਛੋਕੜ ਉਤੇ ) ਸੁਹਿਰਦਤਾ, ਈਮਾਨਦਾਰੀ ਅਤੇ ਦੋਹਾਂ ਧਿਰਾਂ ਨੂੰ ਖਰੀਆਂ ਖਰੀਆਂ ਸੁਣਾਉਣ ਦੀ ਸਮਰਥਾ ਉਤੇ ਆਧਾਰਤ ਹੁੰਦੀ ਹੈ। ਸਸ-ਨੂੰਹ, ਪਤੀ-ਪਤਨੀ, ਮਜ਼ਦੂਰ-ਮਾਲਕ, ਸਰਕਾਰ-ਵਿਰੋਧੀ ਧਿਰ ਆਦਿ ਉਪਰੋਕਤ ਆਧਾਰਾਂ ਉਤੇ ਹੀ ਮਨਾਏ ਜਾਂਦੇ ਹਨ।
ਕਈ ਵਾਰੀ ਰੋਸੇ ਦਾ ਕਾਰਨ ਮੂਰਖਤਾ ਹੁੰਦੀ ਹੈ। ਅਜਿਹੀ ਸਥਿਤੀ ਵਿਚ ਮਨਾਉਣ ਦੀ ਇੱਛਾ ਦੇ ਬਾਵਜੂਦ ਮਨਾਉਣ ਵਾਲੀ ਧਿਰ ਤਿਆਰ ਨਹੀਂ ਹੁੰਦੀ ਅਤੇ ਰਿਸ਼ਤਾ ਟੁੱਟ ਜਾਂਦਾ ਹੈ।
ਕਈ ਵਾਰੀ ਮਨਾਉਣ ਵਾਲੀ ਧਿਰ ਦੂਜੀ ਧਿਰ ਨੂੰ ਇਸ ਦੇ ਯੋਗ ਹੀ ਨਹੀਂ ਸਮਝਦੀ ਕਿ ਉਸ ਨੂੰ ਮਨਾਇਆ ਜਾਵੇ ਅਤੇ ਨਤੀਜਾ ਇਹ ਹੁੰਦਾ ਹੈ ਕਿ ਦੋਵੇਂ ਧਿਰਾਂ ਤਣ ਜਾਂਦੀਆਂ ਹਨ। ਅਜਿਹੀਆਂ ਸਥਿਤੀਆਂ ਵਿਚੋਂ ਹੀ ਖ਼ਾਨਦਾਨੀ ਦੁਸ਼ਮਣੀਆਂ, ਰਾਜਨੀਤਿਕ ਵੈਰ ਵਿਰੋਧ, ਲੜਾਈਆਂ ਅਤੇ ਜੰਗਾਂ ਜੰਮਦੀਆਂ ਹਨ।
ਜਦੋਂ ਮੰਨਣ ਮਨਾਉਣ ਦੀ ਸੰਭਾਵਨਾ ਮੁੱਕ ਜਾਵੇ ਤਾਂ ਇਕ ਦੂਜੇ ਨੂੰ ਝੁਕਾਉਣ ਦਾ ਯਤਨ ਕੀਤਾ ਜਾਂਦਾ ਹੈ। ਮਨੁੱਖ ਦੀ ਸਮੁੱਚੀ ਹਿੰਸਕ-ਪ੍ਰਵਿਰਤੀ ਇਸ ਸੰਦਰਭ ਵਿਚ ਸਮਝੀ ਜਾ ਸਕਦੀ ਹੈ।
ਰਾਹ ਜਾਂਦੇ ਵਿਅਕਤੀਆਂ ਨਾਲ ਰੁੱਸਿਆ ਨਹੀਂ ਜਾ ਸਕਦਾ। ਉਥੇ ਹੀ ਰੁੱਸਿਆ ਜਾ ਸਕਦਾ ਹੈ ਜਿਥੇ ਪਿਆਰ ਹੋਵੇ। ਪ੍ਰੇਮੀ ਆਮ ਰੁੱਸਦੇ ਹਨ। ਜਦੋਂ ਇਕ ਧਿਰ ਇਹ ਅਨੁਭਵ ਕਰਦੀ ਹੈ ਕਿ ਦੂਜੀ ਧਿਰ ਉਸ ਵੱਲ ਯੋਗ ਧਿਆਨ ਨਹੀਂ ਦੇ ਰਹੀ ਤਾਂ ਪੀੜਤ ਧਿਰ ਰੁੱਸ ਜਾਂਦੀ ਹੈ।
ਖਿੜੇ ਮੱਥੇ ਨਾ ਮਿਲਣਾ, ਜ਼ੁਕਾਮ ਲਗ ਜਾਣਾ, ਬਿਮਾਰ ਪੈ ਜਾਣਾ, ਕੋਈ ਹਾਦਸਾ ਕਰ ਬੈਠਣਾ ਆਦਿ ਮਨਾਉਣ ਵਾਲੀ ਧਿਰ ਦਾ ਧਿਆਨ ਖਿੱਚਣ ਦੇ ਕੁਝ ਢੰਗ ਹਨ।
ਪਿਆਰ ਦੇ ਖੇਤਰ ਵਿਚ ਵੀ ਸ਼ੋਸ਼ਣ ਹੁੰਦਾ ਹੈ। ਤਕੜੀ ਧਿਰ ਕਮਜ਼ੋਰ ਧਿਰ ਨੂੰ ਸਤਾਉਂਦੀ ਹੈ। ਤਕੜੀ ਧਿਰ ਲੜਕੀ ਵੀ ਹੋ ਸਕਦੀ ਹੈ ਤੇ ਲੜਕਾ ਵੀ। ਬੁਲਾਏ ਤੇ ਨਾ ਆਉਣਾ, ਵਕਤ ਦੇ ਕੇ ਨਾ ਮਿਲਣਾ, ਖ਼ਤ ਵਿਚ ਪੁੱਛੀਆਂ ਗੱਲਾਂ ਨੂੰ ਟਾਲਣਾ, ਦੂਜਿਆਂ ਨਾਲ ਉਠਣਾ ਬੈਠਣਾ ਅਤੇ ਅਣਭੋਲ ਹੀ ਬੇਇਜ਼ਤੀ ਕਰ ਦੇਣੀ ਪ੍ਰੇਮੀਆਂ ਦੇ ਰੋੱਸਿਆਂ ਦੇ ਕੁਝ ਆਧਾਰ ਹਨ।
ਕਈ ਵਾਰੀ ਸਹੇਲੀਆਂ ਦੋਸਤ ਵਿਚੋਲੇ ਦਾ ਰੋਲ ਅਦਾ ਕਰਕੇ ਸਮਝੌਤਾ ਵੀ ਕਰਵਾ ਦਿੰਦੇ ਹਨ, ਪਰ ਕਈ ਵਾਰੀ ਇਹੀ ਵਿਚਲੇ ਸੁਆਰਥੀ ਰੁਚੀਆਂ ਕਾਰਨ ਸਮਝੌਤੇ ਵਿਚ ਰੁਕਾਵਟ ਬਣ ਜਾਂਦੇ ਹਨ।
ਮਨੇਵਾਂ ਹਰ ਰੋਸੇ ਦੀ ਹੋਣੀ ਹੈ।
ਹਰ ਰੋਸੇ ਦੀ ਮਿਆਦ ਹੁੰਦੀ ਹੈ। ਇਸ ਮਿਆਦ ਉਪਰੰਤ ਹੀ ਮਨੇਵਾਂ ਸੰਭਵ ਹੁੰਦਾ ਹੈ। ਰੁੱਸੇ ਹੋਏ ਵਿਅਕਤੀ ਦੀ ਮਾਨਸਿਕ ਸਥਿਤੀ ਦੁਚਿੱਤੀ ਵਾਲੀ ਹੁੰਦੀ ਹੈ। ਉਹ ਰੁੱਸਿਆ ਵੀ ਰਹਿਣਾ ਚਾਹੁੰਦਾ ਹੈ ਤਾਂ ਕਿ ਉਸ ਦੀ ਸ਼ਿਕਾਇਤ ਨੂੰ ਪਛਾਣਿਆ ਜਾਵੇ ਪਰ ਉਹ ਇਹ ਵੀ ਚਾਹੁੰਦਾ ਹੈ ਕਿ ਉਸ ਨੂੰ ਮਨਾ ਲਿਆ ਜਾਵੇ।
ਰੁੱਸੇ ਹੋਏ ਵਿਅਕਤੀ ਨੂੰ ਝਟ-ਪਟ ਬੁਲਾਉਣਾ ਉਸ ਨੂੰ ਗੁੱਸਾ ਚੜ੍ਹਾਉਂਦਾ ਹੈ ਕਿਉਂਕਿ ਉਹ ਸਮਝਦਾ ਹੈ ਸ਼ਾਇਦ ਉਹ ਠੀਕ ਤਰ੍ਹਾਂ ਨਾਲ ਰੁੱਸਿਆ ਨਹੀਂ। ਪਤਨੀ ਰੁੱਸ ਕੇ ਰਸੋਈ ਵਿਚ ਅਤੇ ਪਤੀ ਆਪਣੇ ਕਮਰੇ ਵਿਚ ਬੰਦ ਹੋ ਜਾਂਦੇ ਹਨ ਤਾਂ ਜੋ ਦੂਜੀ ਧਿਰ ਦਖ਼ਲ ਨਾ ਦੇ ਸਕੇ ਪਰ ਦੋਹਾਂ ਦੇ ਕੰਨ ਇਕ ਦੂਜੀ ਧਿਰ ਵਲ ਲੱਗੇ ਹੁੰਦੇ ਹਨ। ਰੁੱਸੀ ਹੋਈ ਤੀਵੀਂ ਭਾਂਡੇ ਵਧੇਰੇ ਖੜਕਾਉਂਦੀ ਹੈ ਜਦੋਂ ਕਿ ਪਤੀ ਕਿਸੇ ਵਿਗੜੀ ਚੀਜ਼ ਨੂੰ ਠੀਕ ਕਰਨ ਲੱਗ ਪੈਂਦਾ ਹੈ।
ਰੁੱਸਿਆ ਹੋਇਆ ਵਿਅਕਤੀ ਇਕੱਲਾ ਰਹਿਣਾ ਚਾਹੁੰਦਾ ਹੈ ਤਾਂ ਕਿ ਉਹ ਆਪਣੇ ਆਪ ਨਾਲ ਗੱਲਾਂ ਕਰ ਸਕੇ। ਆਪਣੇ ਆਪ ਨਾਲ ਸਵਾਲ ਜਵਾਬ ਕਰਕੇ ਉਸ ਨੂੰ ਰੁੱਸਣ ਦੇ ਜਾਇਜ਼ ਹੋਣ ਦਾ ਭਰਮ ਉਪਜਦਾ ਹੈ। ਰਾਤ ਨੂੰ ਉਸ ਦੀ ਨੀਂਦਰ ਉਖੜ ਜਾਂਦੀ ਹੈ ਤੇ ਉਹ ਆਪਣੇ ਮਨ ਵਿਚ ਅਨੇਕਾਂ ਪੈਂਤੜੇ ਵਿਚਾਰਦਾ ਹੈ। ਉਹ ਬੜੇ ਪੱਕੇ ਫੈਸਲੇ ਕਰਦਾ ਹੈ ਪਰ ਉਸ ਨੂੰ ਪਤਾ ਹੁੰਦਾ ਹੈ ਕਿ ਦੂਜੀ ਧਿਰ ਦੇ ਸਾਹਮਣੇ ਹੁੰਦਿਆਂ ਹੀ ਇਹ ਉਡਪੁੱਡ ਜਾਣਗੇ।
ਰੁੱਸਣ ਵਾਲਾ ਆਪਣੇ ਮਨ ਵਿਚ ਮਨਾਏ ਜਾਣ ਲਈ ਤਰਲੇ ਲੈਂਦਾ ਹੈ ਪਰ ਉਹ ਇਹ ਵੀ ਚਾਹੁੰਦਾ ਹੈ ਕਿ ਉਸ ਦੀ ਇਜ਼ਤ ਵੀ ਰਹਿ ਜਾਵੇ ਕਿਸੇ ਖੁੱਲ੍ਹੀ ਖ਼ਲਾਸੀ ਘੜੀ, ਕਿਸੇ ਫਿਲਮ, ਕਿਤਾਬ ਆਦਿ ਦੇ ਪ੍ਰਭਾਵ ਅਧੀਨ ਰੁੱਸੀ ਹੋਈ ਧਿਰ ਆਪਣੇ ਰੋਸੇ ਦਾ ਤਿਆਗ ਵੀ ਕਰ ਦਿੰਦੀ ਹੈ ਅਤੇ ਕਈ ਵਾਰੀ ਦੂਜੀ ਧਿਰ ਇਸ ਤਰ੍ਹਾਂ ਪਸੀਜ ਕੇ ਵੇਖਦੀ ਹੈ ਕਿ ਰੁੱਸੇ ਹੋਏ ਵਿਅਕਤੀ ਨੂੰ ਹੋਰ ਰੁੱਸਿਆ ਰਹਿਣਾ ਚੰਗਾ ਨਹੀਂ ਲਗਦਾ।
ਦੋਵੇਂ ਧਿਰਾਂ ਸਹਿਕ ਕੇ ਮਿਲਦੀਆਂ ਹਨ ਅਤੇ ਪਿਆਰ ਅਤੇ ਸਤਿਕਾਰ ਦੇ ਪ੍ਰਗਟਾਵੇ ਵਿਚ ਇਕ ਦੂਜੇ ਤੋਂ ਅੱਗੇ ਲੰਘਣ ਦਾ ਸਿਰਤੋੜ ਯਤਨ ਕਰਦੀਆਂ ਹਨ। ਅਜਿਹੀ ਸਥਿਤੀ ਵਿਚ ਕੱਸਿਆ ਹੋਇਆ ਸਰੀਰ ਢਿੱਲਾ ਹੋ ਜਾਂਦਾ ਹੈ। ਤਣੇ ਹੋਏ ਨੈਣ-ਨਕਸ਼ ਢਿੱਲੇ ਹੋ ਕੇ ਮੁਸਕੁਰਾਹਟਾਂ ਵੰਡਦੇ ਹਨ। ਦੋਹਾਂ ਧਿਰਾਂ ਦੀ ਸ਼ਰਮ ਲਹਿ ਜਾਂਦੀ ਹੈ ਤੇ ਉਨ੍ਹਾਂ ਦੀ ਗੱਲਬਾਤ ਵਿਚ ਵਧੇਰੇ ਅਪਣੱਤ ਆ ਜਾਂਦੀ ਹੈ ਜਿਵੇਂ ਉਹ ਕਹਿ ਰਹੀਆਂ ਹੋਣ, “ਅਸੀਂ ਦੋਵੇਂ ਕਿੰਨੇ ਮੂਰਖ ਸਾਂ, ਇਸ ਛੋਟੀ ਜਿਹੀ ਗੱਲ ਉਤੇ ਅਸੀਂ ਕਿੰਨਾ ਸਮਾਂ ਵਿਅਰਥ ਗੁਆਇਆ ਹੈ, ਹੁਣ ਅਸੀਂ ਸਿਆਣੇ ਹੋ ਗਏ ਹਾਂ, ਹੁਣ ਅੱਗੇ ਤੋਂ ਆਪਾਂ ਕਦੀ ਨਹੀਂ ਰੁੱਸਣਾ... ”
ਜੇ ਜੀਵਨ ਵਿਚ ਰੋਸਾ ਨਾ ਹੋਵੇ ਤਾਂ ਅਸੀਂ ਮਨਾਏ ਜਾਣ ਦੇ ਆਨੰਦ ਤੋਂ ਵਿਰਵੇ ਰਹਿ ਜਾਵਾਂਗੇ।
ਰੁੱਸਣਾ ਤੇ ਮੰਨਣਾ ਗਰਮੀ ਅਤੇ ਸਰਦੀ ਦੀ ਰੁਤ ਵਾਂਗ ਹਨ। ਦੋਹਾਂ ਦਾ ਆਪਣਾ ਮਹੱਤਵ ਹੈ ਤੇ ਦੋਵੇਂ ਇਕ ਦੂਜੇ ਦੇ ਮਹੱਤਵ ਨੂੰ ਵਧਾਉਂਦੇ ਹਨ।
ਜੇ ਤੁਹਾਡੇ ਨਾਲ ਕੋਈ ਰੁੱਸਿਆ ਹੋਇਆ ਹੈ ਤਾਂ ਰੱਬ ਦੇ ਵਾਸਤੇ ਉਸ ਨੂੰ ਮਨਾ ਲਵੋ, ਉਹ ਤੁਹਾਡੇ ਵੱਲੋਂ ਮਨਾਏ ਜਾਣ ਦੀ ਉਡੀਕ ਕਰ ਰਿਹਾ ਹੈ।

ਅਰਦਾਸ
ਨਰਿੰਦਰ ਸਿੰਘ ਕਪੂਰ
ਕੇਵਲ ਮਨੁੱਖ ਹੀ ਅਰਦਾਸ ਕਰਦੇ ਹਨ।
ਅਰਦਾਸ ਕੋਈ ਭਾਸ਼ਨ ਨਹੀਂ, ਇਹ ਅੰਤਾਂ ਦੀ ਸੁਹਿਰਦਤਾ ਵਿਚੋਂ ਉਭਰੀ ਮਨੁੱਖੀ ਆਤਮਾ ਦੀ ਹੂਕ ਹੈ।
ਅਰਦਾਸ ਨਿਆਸਰੇਪਣ ਦੀ ਵਿਆਖਿਆ ਨਹੀਂ, ਇਹ ਨਿਆਸਰੇਪਣ ਦਾ ਡੂੰਘਾ ਅਨੁਭਵ ਹੈ। ਅਰਦਾਸ ਅਲੰਕਾਰਾਂ ਜਾਂ ਵਿਸ਼ੇਸ਼ਣਾਂ ਦਾ ਵੇਰਵਾ ਨਹੀਂ ਇਹ ਆਪਣੀ ਹੀ ਆਤਮਾ ਸਨਮੁੱਖ ਹੋ ਕੇ ਦਿੱਤਾ ਹਲਫ਼ੀਆ ਬਿਆਨ ਹੈ।
ਅਰਦਾਸ ਗੁਆਚ ਜਾਣ ਦਾ ਭੈਅ ਨਹੀਂ, ਇਹ ਲੱਭ ਪੈਣ ਦੀ ਖੁਸ਼ੀ ਹੈ। ਅਰਦਾਸ ਇਕ ਅਜਿਹੀ ਸਥਿਤੀ ਹੈ, ਜਦੋਂ ਸਰੀਰ, ਮਨ ਅਤੇ ਆਤਮਾ ਇਕ ਸੁਰ ਹੋ ਜਾਂਦੇ ਹਨ। ਇਹ ਅੰਤਰ ਮਨ ਦੀਆਂ ਸਾਰੀਆਂ ਸ਼ਕਤੀਆਂ ਨੂੰ ਇਕ ਨੁਕਤੇ ਉਤੇ ਕੇਂਦਰਿਤ ਕਰਨ ਦਾ ਹੁਨਰ ਹੈ।
ਅਰਦਾਸ ਕਰਦੇ ਹੀ ਉਹ ਹਨ ਜਿਨ੍ਹਾਂ ਵਿਚ ਸਬਰ ਹੋਵੇ, ਆਸ ਦੀ ਚਿਣਗ ਹੋਵੇ, ਭਰੋਸੇ ਦੀ ਦੌਲਤ ਹੋਵੇ, ਪਿਆਰ ਦੀ ਛਾਂ ਹੋਵੇ।
ਅਰਦਾਸ ਆਪਣੀ ਇੱਛਾ ਦਾ ਮੁਹਾਣ ਰੱਬ ਵੱਲ ਮੋੜਨ ਦਾ ਹੁਨਰ ਹੈ। ਕਈ ਪਲ ਅਜਿਹੇ ਹੁੰਦੇ ਹਨ ਜਦੋਂ ਸਰੀਰ ਦੀ ਸਥਿਤੀ ਭਾਵੇਂ ਕਿਹੋ ਜਿਹੀ ਹੋਵੇ, ਆਤਮਾ ਆਪ ਮੁਹਾਰੇ ਅਰਦਾਸ ਵਿਚ ਝੁਕ ਜਾਂਦੀ ਹੈ। ਪੈਰ ਫਰਸ਼ ਉਤੇ ਹੁੰਦੇ ਹਨ, ਧਿਆਨ ਅਰਸ਼ ਉਤੇ ਹੁੰਦਾ ਹੈ।
ਇਹ ਇਕ ਅਜਿਹੀ ਅਗਰਬੱਤੀ ਜਗਾਉਣ ਦਾ ਯਤਨ ਹੈ ਜਿਸ ਦੀ ਸੁਗੰਧੀ ਅੰਬਰ ਤਕ ਪਹੁੰਚ ਜਾਂਦੀ ਹੈ। ਆਕਾਸ਼ ਧਰਤੀ ਉਤੇ ਨਹੀਂ ਆ ਸਕਦਾ ਪਰ ਅਰਦਾਸ ਰਾਹੀਂ ਅਸੀਂ ਉਥੇ ਪਹੁੰਚ ਜਾਂਦੇ ਹਾਂ। ਅਰਦਾਸ ਦੀ ਸਥਿਤੀ ਹੌਕੇ ਵਾਲੀ ਜਾਂ ਅੱਥਰੂ ਵਾਲੀ ਹੁੰਦੀ ਹੈ।
ਅਜੇ ਤਕ ਕੋਈ ਅਜਿਹਾ ਵਿਅਕਤੀ ਨਹੀਂ ਹੋਇਆ ਜਿਸ ਨੇ ਸਧੇ ਮਨੋ ਅਰਦਾਸ ਕੀਤੀ ਹੋਵੇ ਤੇ ਉਸ ਦੀ ਆਤਮਾ ਨੇ ਅਨੁਭਵ ਦੀਆਂ ਨਵੀਆਂ ਬੁਲੰਦੀਆਂ ਨਾ ਛੋਹੀਆਂ ਹੋਣ।
ਬਹੁਤੇ ਲੋਕ ਡਰ ਕੇ ਅਰਦਾਸ ਕਰਦੇ ਹਨ ਤੇ ਰੱਬ ਤੋਂ ਉਹ ਚੀਜ਼ਾਂ ਮੰਗਦੇ ਹਨ ਜਿਹੜੀਆਂ ਉਨ੍ਹਾਂ ਦੇ ਘਰ ਦੇ ਨੇੜੇ ਦੁਕਾਨ ਤੋਂ ਵੀ ਮਿਲ ਸਕਦੀਆਂ ਹੁੰਦੀਆਂ ਹਨ।
ਸਧਾਰਨ ਲੋਕ ਅਰਦਾਸ ਨਹੀਂ ਕਰਦੇ, ਆਪਣੀਆਂ ਮੰਗਾਂ ਦੀ ਮਿਸਲ ਪੜ੍ਹਦੇ ਹਨ। ਸਧਾਰਨ ਲੋਕ ਮੁਸ਼ਕਲਾਂ ਸੌਖੀਆਂ ਕਰਨ ਲਈ ਰੱਬ ਅੱਗੇ ਅਰਦਾਸ ਕਰਦੇ ਹਨ ਜਦੋਂ ਕਿ ਅਨੁਭਵੀ ਵਿਅਕਤੀ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਉਚੇਰੀ ਹਿੰਮਤ ਮੰਗਦੇ ਹਨ।
ਪਰਮਾਤਮਾ ਅੱਗੇ ਝੁਕਣਾ ਆਪਣੇ ਆਪ ਵਿਚ ਅੱਧੀ ਕਾਮਯਾਬੀ ਹੈ। ਜਿਨ੍ਹਾਂ ਨੂੰ ਅਰਦਾਸ ਕਰਨ ਦੀ ਜਾਚ ਹੈ, ਕੋਈ ਦੁੱਖ ਜਾਂ ਤਸੀਹਾ ਜਾਂ ਜ਼ੁਲਮ ਉਨ੍ਹਾਂ ਨੂੰ ਡੁਲਾ ਨਹੀਂ ਸਕਦਾ। ਅਜਿਹੇ ਵਿਅਕਤੀ ਹੀ ਅਰਦਾਸ ਕਰਦੇ ਹਨ – “ਹੇ ਵਾਹਿਗੁਰੂ! ਜੋ ਕੁਝ ਬਦਲੇ ਜਾਣ ਯੋਗ ਹੈ, ਉਸ ਨੂੰ ਬਦਲਣ ਦੀ ਸ਼ਕਤੀ ਦੇਹ, ਜੋ ਕੁਝ ਬਦਲਿਆ ਨਹੀਂ ਜਾ ਸਕਦਾ, ਉਸ ਨੂੰ ਸਵੀਕਾਰ ਕਰਨ ਦਾ ਬਲ ਦੇਹ ਅਤੇ ਇਨ੍ਹਾਂ ਵਿਚਲੇ ਅੰਤਰ ਜਾਣਨ ਦੀ ਸੂਝ ਦੇਹ।”
ਅਜਿਹੇ ਵਿਅਕਤੀ ਹੀ ਮੰਗ ਕਰਦੇ ਹਨ – “ਮੈਨੂੰ ਆਪਣੀ ਜਿੱਤ ਵਿਚ ਵਿਸ਼ਵਾਸ ਦੀ ਦਾਤ ਦੇਹ ਤੇ ਜ਼ੁਲਮ ਤੇ ਜ਼ਾਲਮ ਵਿਰੁੱਧ ਇਸ ਨਿਸ਼ਚੇ ਨਾਲ ਟਕਰਾ ਜਾਵਾਂ ਕਿ ਜਿੱਤ ਮੇਰੀ ਹੀ ਹੋਵੇ।” ਸਰੱਬਤ ਦਾ ਭਲਾ ਮੰਗਣ ਵਾਲੇ ਕਹਿੰਦੇ ਹਨ “ਹੇ ਵਾਹਿਗੁਰੂ! ਉਹ ਕੁਝ ਭਾਵੇਂ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ, ਸਗੋਂ ਉਹ ਕੁਝ ਹੋਵੇ ਜੋ ਠੀਕ ਹੈ।” ਅਜਿਹੀ ਅਰਦਾਸ ਵਿਚੋਂ ਤਸੱਲੀ ਮਿਲਦੀ ਹੈ, ਅੰਦਰਲਾ ਰੌਸ਼ਨ ਹੋ ਜਾਂਦਾ ਹੈ ਅਤੇ ਸਬਰ ਸੰਤੋਖ ਵਧ ਜਾਂਦਾ ਹੈ।
ਜਦੋਂ ਅਰਦਾਸ ਕੀਤੀ ਜਾਂਦੀ ਹੈ ਤਾਂ ਗੁਰੂਆਂ, ਪੀਰਾਂ, ਦੇਵੀ, ਦੇਵਤਿਆਂ ਨੂੰ ਧਿਆਇਆ ਜਾਂਦਾ ਹੈ। ਸੁਕਰਾਨਾ ਕੀਤਾ ਜਾਂਦਾ ਹੈ, ਦਾਤਾਂ ਮੰਗੀਆਂ ਜਾਂਦੀਆਂ ਹਨ। ਅਰਦਾਸ ਦਾ ਇਹ ਢੰਗ ਸਭ ਧਰਮਾਂ ਅਤੇ ਫ਼ਿਰਕਿਆਂ ਵਿਚ ਸਾਂਝਾ ਹੈ। ਲਗਭਗ ਸਾਰੇ ਧਰਮਾਂ ਨੇ ਅਰਦਾਸ ਦੀ ਵਿਧੀ, ਭਾਸ਼ਾ ਤੇ ਉਚਾਰਣ ਢੰਗ ਨਿਰਧਾਰਤ ਕੀਤੇ ਹੋਏ ਹਨ। ਅਰਦਾਸ ਵਿਚ ਮੁਢਲਾ ਆਧਾਰ ਪਰਮਾਤਮਾ ਦੀ ਸ਼ਕਤੀ ਵਿਚ ਵਿਸ਼ਵਾਸ ਹੁੰਦਾ ਹੈ। ਇਹ ਮੰਨ ਕੇ ਅਰਦਾਸ ਕੀਤੀ ਜਾਂਦੀ ਹੈ ਕਿ ਉਸ ਨਾਲੋਂ ਉਚੇਰੀ ਕੋਈ ਸ਼ਕਤੀ ਨਹੀਂ ਅਤੇ ਉਸ ਕੋਲ ਸਾਡੀ ਹਰ ਮੁਸ਼ਕਲ ਹੱਲ ਕਰਨ ਦੇ ਸਾਧਨ ਹਨ।
ਅਰਦਾਸ ਦਾ ਅਸਰ ਪਰਮਾਤਮਾ ਵਿਚ ਪ੍ਰਗਟਾਏ ਗਏ ਵਿਸ਼ਵਾਸ ਦੇ ਅਨੁਪਾਤ ਵਿਚ ਹੀ ਹੁੰਦਾ ਹੈ। ਅਰਦਾਸ ਕਿਸੇ ਤਰਕ ਉਤੇ ਆਧਾਰਤ ਨਹੀਂ ਹੁੰਦੀ, ਇਸ ਦੀ ਸਮੁੱਚੀ ਉਸਾਰੀ ਵਿਸ਼ਵਾਸ ਦੀਆਂ ਨੀਹਾਂ ਉਤੇ ਹੁੰਦੀ ਹੈ। ਜਿਥੇ ਸ਼ੰਕਾ ਹੈ ਉਥੇ ਅਰਦਾਸ ਨਹੀਂ ਕੀਤੀ ਜਾਂਦੀ। ਅਰਦਾਸ ਦੀ ਭਾਵਨਾ ਸੰਪੂਰਨ ਵਿਸ਼ਵਾਸ ਦੀ ਭਾਵਨਾ ਵਿਚੋਂ ਜਨਮਦੀ ਹੈ। ਸੱਚੀ ਅਰਦਾਸ, ਅਰਦਾਸ ਦੇ ਸ਼ਬਦ ਬੋਲਣ ਤੋਂ ਪਹਿਲਾਂ ਹੀ ਮੰਨੀ ਜਾ ਚੁੱਕੀ ਹੈ।
ਅਰਦਾਸ ਵਿਚਲੇ ਸ਼ਬਦ ਥੋੜ੍ਹਾ ਜਿਹਾ ਮੂੰਹ ਉੱਚਾ ਕਰਕੇ ਇਸ ਵਿਸ਼ਵਾਸ ਨਾਲ ਉਚਾਰੇ ਜਾਂਦੇ ਹਨ ਜਿਵੇਂ ਉਹ ਰੱਬ ਨੂੰ ਸੁਣਾਈ ਦੇ ਰਹੇ ਹੋਣ। ਅੱਖਾਂ ਬੰਦ ਹੋ ਜਾਂਦੀਆਂ ਹਨ ਤਾਂ ਜੋ ਅਦਿੱਖ ਸ਼ਕਤੀ ਦੇ ਸਨਮੁੱਖ ਹੋਇਆ ਜਾ ਸਕੇ। ਹੱਥ ਅਤੇ ਪੈਰ ਜੁੜ ਜਾਂਦੇ ਹਨ ਤਾਂ ਜੋ ਸਰੀਰ ਵਿਚ ਇਕਾਗਰਤਾ ਆ ਸਕੇ। ਅਰਦਾਸ ਨਾਲ ਰੱਬ ਵਿਚ ਕੋਈ ਤਬਦੀਲੀ ਨਹੀਂ ਆਉਂਦੀ, ਤਬਦੀਲੀ ਤਾਂ ਅਰਦਾਸ ਕਰਨ ਵਾਲੇ ਵਿਚ ਆਉਂਦੀ ਹੈ। ਅਸੀਂ ਅਰਜ਼ੀ ਨਵੀਸਾਂ ਵਾਂਗ ਅਰਦਾਸੀਏ ਪੈਦਾ ਕਰ ਲਏ ਹਨ। ਪਰ ਅਰਦਾਸ ਉਹ ਹੈ ਜਿਹੜੀ ਆਪ ਕੀਤੀ ਜਾਵੇ। ਇਕੱਲਿਆਂ ਇਕਾਂਤ ਵਿਚ ਚੁੱਪ ਚੁਪੀਤੇ ਕੀਤੀ ਅਰਦਾਸ ਨਾਲ ਸਾਡੀ ਸ਼ਖਸੀਅਤ ਰੂਹਾਨੀ ਖੇਡੇ ਵਿਚ ਆ ਜਾਂਦੀ ਹੈ। ਬਹੁਤ ਘੱਟ ਲੋਕ ਹਨ ਜਿਹੜੇ ਠੋਕ ਵਜਾ ਕੇ ਦੁਨੀਆਂ ਨੂੰ ਦੱਸ ਸਕਣ ਕਿ ਉਨ੍ਹਾਂ ਨੇ ਅਰਦਾਸ ਵਿਚ ਕੀ ਕੀ ਮੰਗਿਆ ਹੈ।
ਵਾਲਟੇਅਰ ਨੇ ਅਰਦਾਸ ਕੀਤੀ ਸੀ, “ਹੇ ਪਰਮਾਤਮਾ! ਮੇਰੇ ਦੁਸ਼ਮਣਾਂ ਨੂੰ ਹਾਸੋਹੀਣਾ ਬਣਾ ਦੇ”
ਇਕ ਨਾਸਤਿਕ ਨੇ ਕਿਹਾ ਸੀ, “ਹੇ ਵਾਹਿਗੁਰੂ! ਮੈਨੂੰ ਤੰਗ ਨਾ ਕਰਿਆ ਕਰ।”
ਇਕ ਫ਼ਿਲਾਸਫ਼ਰ ਨੇ ਕਹੀ ਸੀ, “ਹੇ ਖੁਦਾ! ਮੈਂ ਤੇਰਾ ਸ਼ੁਕਰ ਗੁਜ਼ਾਰ ਹਾਂ ਕਿ ਤੂੰ ਮੇਰੀਆਂ ਸਾਰੀਆਂ ਬੇਨਤੀਆਂ ਨਹੀਂ ਮੰਨੀਆਂ।”
ਅਰਦਾਸ ਆਮ ਕਰਕੇ ਉਦੋਂ ਕੀਤੀ ਜਾਂਦੀ ਹੈ ਜਦੋਂ ਅਸੀਂ ਮੁਸ਼ਕਲਾਂ ਵਿਚ ਘਿਰੇ ਹੁੰਦੇ ਹਾਂ। ਅਰਦਾਸ ਨਾਲ ਮੁਸ਼ਕਲਾਂ ਹੱਲ ਨਹੀਂ ਹੁੰਦੀਆਂ, ਮੁਸ਼ਕਲਾਂ ਨਾਲ ਵਧੇਰੇ ਜਾਣ-ਪਛਾਣ ਹੋ ਜਾਂਦੀ ਹੈ। ਅਰਦਾਸ ਨਾਲ ਅਸੀਂ ਆਪਣਾ ਸਬਰ ਵਧਾ ਲੈਂਦੇ ਹਾਂ ਤੇ ਮੁਸ਼ਕਲ ਮੁਸ਼ਕਲ ਪ੍ਰਤੀਤ ਹੋਣੋਂ ਹਟ ਜਾਂਦੀ ਹੈ। ਉਂਜ ਵੀ ਅਰਦਾਸ ਵਿਚ ਗੁਜ਼ਾਰਿਆ ਹੋਇਆ ਸਮਾਂ ਸਮੇਂ ਦੀ ਸਭ ਤੋਂ ਵਧੀਆ ਵਰਤੋਂ ਹੈ।
ਇਸ ਨਿਰਮਾਣਤਾ ਨਾਲ ਅਰਦਾਸ ਕਰਨੀ ਚਾਹੀਦੀ ਹੈ ਜਿਵੇਂ ਸਾਡੇ ਕੋਲ ਕੁਝ ਵੀ ਨਹੀਂ ਅਤੇ ਇਸ ਵਿਸ਼ਵਾਸ ਨਾਲ ਅਰਦਾਸ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੀ ਹਿੰਮਤ ਨਾਲ ਸਭ ਕੁਝ ਕਰ ਲਵਾਂਗੇ।
ਜਿਹੜੇ ਲੋਕ ਅਰਦਾਸ ਉਪਰੰਤ ਅਰਦਾਸੇ ਗਏ ਕਾਰਜ ਵਿਚ ਰੁਝ ਜਾਂਦੇ ਹਨ, ਉਹ ਸਦਾ ਸਫਲ ਹੁੰਦੇ ਹਨ। ਅਰਦਾਸ ਕਰ ਕੇ ਸੌਂ ਜਾਣ ਵਾਲਿਆਂ ਦੀ ਅਰਦਾਸ ਕਦੇ ਲੇਖੇ ਨਹੀਂ ਲਗਦੀ। 
ਅਰਦਾਸ ਨਲ ਹਿੰਮਤ ਨਹੀਂ ਆਉਂਦੀ, ਅਰਦਾਸ ਕਰਕੇ ਹੀ ਹਿੰਮਤ ਵਾਲੇ ਹਨ। ਜਿਨ੍ਹਾਂ ਨੂੰ ਪਿਆਰ ਕਰਨ ਦੀ ਜਾਚ ਹੈ। ਉਹੀ ਅਰਦਾਸ ਕਰਦੇ ਹਨ।
ਅਰਦਾਸ ਦਾ ਤਰਕ ਸਭ ਤਰਕਾਂ ਤੋਂ ਉਪਰਲਾ ਤਰਕ ਹੈ। ਅਰਦਾਸ ਨਾਲ ਅਰਦਾਸ ਕਰਨ ਵਾਲੇ ਦਾ ਆਪਣੇ ਉਤੇ ਕਾਬੂ ਵਧ ਜਾਂਦਾ ਹੈ ਅਤੇ ਇਹ ਕਾਬੂ ਹੀ ਸਭ ਮੁਸ਼ਕਲਾਂ ਦਾ ਰਾਹ ਖੁਲ੍ਹ ਜਾਂਦਾ ਹੈ।
ਬੱਚਿਆਂ ਨੂੰ ਪਰਮਾਤਮਾ ਵਿਚ ਵੱਡਿਆਂ ਦੇ ਮੁਕਾਬਲੇ ਵਧੇਰੇ ਵਿਸ਼ਵਾਸ ਹੁੰਦਾ ਹੈ। ਅਰਦਾਸ ਕਰਨ ਵੇਲੇ ਅਰਦਾਸ ਕਰਨ ਵਾਲੇ ਦੀ ਸਥਿਤੀ ਮਾਸੂਮ ਬੱਚੇ ਦੇ ਮਨ ਵਾਲੀ ਹੁੰਦੀ ਹੈ। ਅਰਦਾਸ ਵਿਚ ਕੋਈ ਚਲਾਕੀ ਜਾਂ ਚਤੁਰਾਈ ਨਹੀਂ ਚਲਦੀ।
ਇਹ ਉਹ ਅਵਸਥਾ ਹੈ ਜਦੋਂ ਸਾਡਾ ਸਰੀਰ ਸੌਂ ਜਾਂਦਾ ਹੈ ਅਤੇ ਆਤਮਾ ਜਾਗ ਪੈਂਦੀ ਹੈ।
ਜਿਥੇ ਜੀਵਨ ਵਧੇਰੇ ਕਠਿਨ ਤੇ ਕਠੋਰ ਹੈ, ਉਥੇ ਅਰਦਾਸ ਕਰਨ ਦੀ ਬਿਰਤੀ ਵਧੇਰੇ ਹੈ। ਤਿੱਬਤ ਵਿਚ ਪ੍ਰਕ੍ਰਿਤਕ ਮੁਸ਼ਕਲਾਂ ਕਾਰਨ ਲਾਮਾ ਲੋਕਾਂ ਦਾ ਸਾਰਾ ਜੀਵਨ ਹੀ ਅਰਦਾਸ ਵਿਚ ਲੰਘਦਾ ਹੈ। ਜਿਥੇ ਭੁਚਾਲ ਜਾਂ ਹੜ੍ਹ ਜਾਂ ਸੋਕਾ ਜਾਂ ਜਵਾਲਾ ਮੁਖੀ ਆਦਿ ਕਾਰਨ ਜੀਵਨ ਮੁਸ਼ਕਿਲ ਹੈ, ਉਥੇ ਲੋਕ ਰਲ ਕੇ ਗਾ ਕੇ ਅਰਦਾਸ ਕਰਦੇ ਹਨ। ਸੁਭਾਵਕ ਹੀ ਅਜਿਹੇ ਲੋਕ ਦਿਮਾਗ ਦੀ ਨਹੀਂ ਦਿਲ ਦੀ ਬੋਲੀ ਬੋਲਦੇ ਹਨ। ਕਈ ਥਾਂਵਾਂ ਉਤੇ ਅਰਦਾਸ ਵੱਖਰੀਆਂ ਵੱਖਰੀਆਂ ਸ਼ਕਤੀਆਂ ਦੇ ਮਾਲਕ ਦੇਵਤਿਆਂ ਸਾਹਮਣੇ ਕੀਤੀ ਜਾਂਦੀ ਹੈ।
ਬੱਚੇ, ਅਨਪੜ੍ਹ ਅਤੇ ਅਲਪ ਬੁੱਧੀ ਵਾਲੇ ਲੋਕ ਪਰਮਾਤਮਾ ਨੂੰ ਆਪਣੇ ਅੰਦਰ ਨਹੀਂ, ਬਾਹਰ ਕਿਸੇ ਉੱਚੀ ਥਾਂ ਖਿਆਲ ਕਰਦੇ ਹਨ ਇਸੇ ਲਈ ਅਰਦਾਸ ਉੱਚੀ ਬੋਲ ਕੇ ਕਰਦੇ ਹਨ।
ਨਾਸਤਿਕ ਲੋਕਾਂ ਦਾ ਅਰਦਾਸ ਵਿਚ ਵਿਸ਼ਵਾਸ ਨਹੀਂ ਕਿਉਂਕਿ ਉਹ ਸਾਰੀ ਪ੍ਰਕ੍ਰਿਤੀ ਨੂੰ ਨੇਮਾਂ ਵਿਚ ਬੱਝਾ ਹੋਇਆ ਵੇਖਦੇ ਹਨ ਅਤੇ ਉਨ੍ਹਾਂ ਦੇ ਮਤ ਅਨੁਸਾਰ ਅਰਦਾਸ ਵਿਚ ਅਸੀਂ ਰੱਬ ਨੂੰ ਉਸ ਦੇ ਆਪਣੇ ਹੀ ਬਣਾਏ ਹੋਏ ਕਾਨੂੰਨ ਤੋੜਨ ਲਈ ਕਹਿੰਦੇ ਹਾਂ। ਜੰਗ ਵਿਚ ਦੋਵੇਂ ਧਿਰਾਂ ਜਿੱਤ ਲਈ ਅਰਦਾਸ ਕਰਦੀਆਂ ਹਨ। ਇਕ ਵਿਅਕਤੀ ਮੀਂਹ ਲਈ ਅਰਦਾਸ ਕਰਦਾ ਹੈ, ਦੂਜਾ ਮੀਂਹ ਨਾਂ ਪੈਣ ਦੀ ਅਰਦਾਸ ਕਰਦਾ ਹੈ। ਜਦੋਂ ਕਿ ਸੱਚ ਇਹ ਹੈ ਕਿ ਮੀਂਹ ਤਾਂ ਪ੍ਰਕ੍ਰਿਤਕ ਨੇਮਾਂ ਅਨੁਸਾਰ ਹੀ ਪੈ ਸਕਦਾ ਹੈ। ਕਿਸੇ ਚਿੱਠੀ ਲਈ ਅਰਦਾਸ ਕੀਤੀ ਜਾਂਦੀ ਹੈ ਪਰ ਚਿੱਠੀ ਰੱਬ ਵੱਲੋਂ ਨਹੀਂ ਡਾਕਖ਼ਾਨੇ ਰਾਹੀਂ ਆ ਸਕਦੀ ਹੈ। ਪ੍ਰਕ੍ਰਿਤਕ ਨੇਮ ਅਟਲ ਹਨ, ਰੱਬ ਵੀ ਉਨ੍ਹਾਂ ਵਿਚ ਦਖ਼ਲ ਨਹੀਂ ਦੇ ਸਕਦਾ। ਨਾਸਤਿਕਾਂ ਅਨੁਸਾਰ ਅਰਦਾਸ ਕਰਨ ਨਾਲ ਮਨੁੱਖ ਕਮਜ਼ੋਰ ਹੋ ਜਾਂਦਾ ਹੈ। ਜੇ ਕਿਸੇ ਵਿਅਕਤੀ ਦਾ ਆਪਣੇ ਆਪ ਵਿਚ ਵਿਸ਼ਵਾਸ ਹੈ ਤਾਂ ਉਸ ਨੂੰ ਅਰਦਾਸ ਦੀ ਲੋੜ ਨਹੀਂ।
ਪਰ ਇਸ ਗੱਲ ਤੋਂ ਨਾਸਤਿਕ ਵੀ ਇਨਕਾਰ ਨਹੀਂ ਕਰਦੇ ਕਿ ਅਰਦਾਸ ਰਾਹੀਂ ਆਤਮਾ ਨਵੀਆਂ ਬੁਲੰਦੀਆਂ ਛੂੰਹਦੀ ਹੈ। ਨਾਸਤਿਕਾਂ ਦਾ ਇਤਰਾਜ਼ ਅਰਦਾਸ ਪ੍ਰਤੀ ਨਹੀਂ, ਉਸ ਸ਼ਕਤੀ ਪ੍ਰਤੀ ਹੈ ਜਿਸ ਅੱਗੇ ਅਰਦਾਸ ਕੀਤੀ ਜਾਂਦੀ ਹੈ।
ਉਹਨਾਂ ਅਨੁਸਾਰ ਮਰੀਜ਼ ਦੀ ਅਰਦਾਸ ਰੱਬ ਪ੍ਰਤੀ ਨਹੀਂ ਡਾਕਟਰ ਪ੍ਰਤੀ ਹੋਣੀ ਚਾਹੀਦੀ ਹੈ। ਉਹ ਮੰਨਦੇ ਹਨ ਕਿ ਅਰਦਾਸ ਨਾਲ ਕਈ ਭਰਮ ਭੁਲੇਖੇ ਦੂਰ ਹੁੰਦੇ ਹਨ ਅਤੇ ਸਮੁਹਿਕ ਯਤਨਾਂ ਨਾਲ ਸਭ ਕੁਝ ਸੰਭਵ ਹੁੰਦਾ ਹੈ। ਇਸ ਗੱਲ ਤੋਂ ਕੋਈ ਵੀ ਇਨਕਾਰ ਨਹੀਂ ਕਰਦਾ ਕਿ ਅਰਦਾਸ ਨਾਲ ਮਾਨਸਿਕ ਸ਼ਾਂਤੀ, ਸਮੁਹਿਕ ਭਾਵਨਾ ਅਤੇ ਵਿਸ਼ਵਾਸ ਵਿਚ ਵਾਧਾ ਹੁੰਦਾ ਹੈ ਅਤੇ ਸਰੱਬਤ ਦੇ ਭਲੇ ਵਲ ਰੁਚਿਤ ਹੋਣ ਦੀ ਪ੍ਰੇਰਨਾ ਮਿਲਦੀ ਹੈ। ਨਿਰਸੰਦੇਹ ਅਰਦਾਸ ਰੱਬ ਨੂੰ ਪਸਮਾਉਣ ਦਾ ਨਹੀਂ ਆਪਣੇ ਆਪ ਨੂੰ ਸਮਝਣ ਦਾ ਯਤਨ ਹੈ।

ਚੰਗੇਰੀ ਯਾਦ ਸ਼ਕਤੀ
ਚਾਲ੍ਹੀਆਂ ਦੀ ਉਮਰੋਂ ਟੱਪੇ ਆਮ, ਤੇ ਕਈ ਕਈ ਜਵਾਨ ਵੀ, ਆਪਣੀ ਯਾਦ ਸ਼ਕਤੀ ਕਮਜ਼ੋਰ ਹੁੰਦੀ ਜਾਣ ਦੀ ਸ਼ਿਕਾਇਤ ਕਰਦੇ ਹਨ। ਪੜ੍ਹਿਆ ਭੁੱਲ ਜਾਂਦਾ ਹੈ, ਚਿਹਰੇ, ਅੰਕੜੇ ਤੇ ਘਟਨਾਵਾਂ ਯਾਦ ਨਹੀਂ ਰਹਿੰਦੇ। ਉਹ ਏਸ ਨੂੰ ਦਿਮਾਗ ਦੀ ਕਮਜ਼ੋਰੀ ਦਾ ਕਾਰਨ ਖਿਆਲ ਕਰਦੇ ਹਨ। ਪਰ ਯਾਦ ਸ਼ਕਤੀ ਦਿਲ ਜਾਂ ਜਿਗਰ ਵਾਂਗ, ਕਿਸੇ ਵੱਖਰੇ ਸਰੀਰਕ ਭਾਗ ਦੀ ਉਪਜ ਨਹੀਂ, ਕਿ ਖੁਰਾਕ ਜਾਂ ਦਵਾਈ ਨਾਲ ਉਸ ਭਾਗ ਨੂੰ ਮਜ਼ਬੂਤ ਕਰ ਲਿਆ ਜਾਏ। ਇਹ ਸ਼ਕਤੀ ਮਨੁੱਖੀ ਦਿਮਾਗ ਦਾ ਕਰਤਵ ਹੈ, ਜਿਹੜਾ ਹਰ ਤਜਰਬੇ, ਹਰ ਝਾਤੀ, ਹਰ ਸੁਪਨੇ, ਹਰ ਖਿਆਲ ਨੂੰ ਸਿਨੇਮੇ ਦੀ ਤਰ੍ਹਾਂ ਆਪਣੀ ਯਾਦ ਤਖ਼ਤੀ ਉਤੇ ਅੰਕਿਤ ਕਰ ਲੈਂਦਾ ਹੈ। ਪਰ ਸਿਨੇਮੇ ਦੇ ਚਿਤ੍ਰ-ਪਟ ਨਾਲੋਂ ਯਾਦ-ਸ਼ਕਤੀ ਦੀ ਸਮਰਥਾ ਬੇਅੰਤ ਗੁਣਾਂ ਵੱਡੀ ਹੁੰਦੀ ਹੈ, ਜਿਹੜਾ ਅਕਸ ਇਹਦੇ ਉਤੇ ਇਕ ਵਾਰੀ ਪੈ ਗਿਆ, ਉਹ ਕਦੇ ਮਿਟਦਾ ਨਹੀਂ, ਸਦਾ ਸਾਂਭਿਆ ਰਹਿੰਦਾ ਹੈ। ਇਹ ਜਾਣੋ ਮਨੁੱਖੀ ਦਿਮਾਗ ਦਾ ਇਕ ਅਮਿੱਟ ਤੇ ਅਭੁੱਲ ਰਿਕਾਰਡ-ਘਰ ਹੈ, ਜਿਦ੍ਹੇ ਵਿਚ ਇਕ ਜਨਮ ਦੀਆਂ ਹੀ ਨਹੀਂ, ਅਣਗਿਣਤ ਨਸਲਾਂ ਦੀਆਂ ਯਾਦਾਂ ਉਕਰੀਆਂ ਰਹਿੰਦੀਆਂ ਹਨ।
ਕਿਸੇ ਵੀ ਮਨੁੱਖ ਦੀ ਯਾਦ ਸ਼ਕਤੀ ਨਾਕਸ ਨਹੀਂ ਹੁੰਦੀ, ਨਾ ਉਮਰ ਨਾਲ ਨਕਾਰੀ ਹੋ ਜਾਂਦੀ ਹੈ। ਤੋੜ ਉਮਰ ਤੱਕ ਇਹ ਆਪਣਾ ਕਰਤਵ ਪੂਰਾ ਕਰਦੀ ਰਹਿੰਦੀ ਹੈ। ਇਹਦਾ ਕਰਤਵ ਇਹ ਹੈ, ਕਿ ਜੋ ਵੀ ਮਨੁੱਖ ਨਾਲ ਵਾਪਰੇ, ਜਾਂ ਉਹਦੀ ਚੇਤਨਾ ਵਿਚ ਆਵੇ, ਉਹ ਹਮੇਸ਼ਾ ਲਈ ਅਮਿੱਟ ਰਹੇ, ਤੇ ਲੋੜ ਸਮੇਂ ਉਹਦੇ ਨਿਰਣਿਆਂ ਉਤੇ ਸੁਚੇਤ ਜਾਂ ਅਚੇਤ ਅਸਰ ਪਾਵੇ, ਤਾਂ ਤੇ ਚੰਗੇਰੀ ਯਾਦਾਸ਼ਤ ਦੇ ਜਾਚਕ ਸਭ ਤੋਂ ਪਹਿਲਾਂ ਇਹ ਭੁਲੇਖਾ ਆਪਣਾ ਦੂਰ ਕਰ ਲੈਣ ਕਿ ਉਹਨਾਂ ਦੀ ਯਾਦ-ਸ਼ਕਤੀ ਵਿਚ ਕੋਈ ਨੁਕਸ ਪੈ ਗਿਆ ਹੈ। ਜਿਹੜਾ ਕੋਈ ਆਪਣੀ ਯਾਦ-ਸ਼ਕਤੀ ਨੂੰ ਕੋਸਦਾ ਰਹੇਗਾ, ਉਹਦੀ ਯਾਦ-ਸ਼ਕਤੀ ਦਿਨੋ-ਦਿਨ ਅਸਮਰਥ ਹੁੰਦੀ ਜਾਏਗੀ, ਬਹੁਤ ਕੁਝ ਭੁੱਲਾ ਭੁੱਲਾ ਜਾਪਣ ਲੱਗ ਪਏਗਾ।
ਯਾਦ-ਸ਼ਕਤੀ ਦੇ ਦੋ ਭਾਗ ਹੁੰਦੇ ਹਨ : ਇਕ ਭਾਗ, ਹਰ ਘਟਨਾ ਤੇ ਹਰ ਫੁਰਨੇ ਨੂੰ ਆਪਣੇ ਪਟ ਉਤੇ ਅੰਕਿਤ ਕਰ ਲੈਂਦਾ ਹੈ। ਦੂਜਾ, ਏਸ ਘਟਨਾ ਜਾਂ ਫੁਰਨੇ ਨੂੰ ਲੋੜ ਪੈਣ ਉਤੇ ਸਾਡੇ ਚੇਤੇ ਵਿਚ ਲਿਆਉਂਦਾ ਹੈ। ਇਹਦੇ ਇਹਨਾਂ ਦੋਹਾਂ ਅਮਲਾਂ ਨੂੰ ਏਸ ਦ੍ਰਿਸ਼ਟਾਂਤ ਨਾਲ ਸਮਝਿਆ ਜਾ ਸਕਦਾ ਹੈ : ਸਾਡੇ ਕੋਲ ਕਈ ਖਾਨਿਆਂ ਵਾਲਾ ਮੇਜ਼ ਹੈ, ਜਿਦ੍ਹੇ ਵਿਚ ਆਪਣੇ ਕਾਰ-ਵਿਹਾਰ ਦੇ ਕਈ ਕਿਸਮਾਂ ਦੇ ਕਾਗਜ ਅਸੀਂ ਤਰਤੀਬਵਾਰ ਜਾਂ ਬੇ-ਤਰਤੀਬਵਾਰ ਸਾਂਭ ਸਕਦੇ ਹਾਂ, ਸਾਡੇ ਵਿਚੋਂ ਕੋਈ ਸੁਚੱਜਾ ਵਖ-ਵਖ ਕਿਸਮਾਂ ਦੇ ਕਾਗਜ਼ਾਂ ਨੂੰ ਨਿਸ਼ਾਨੀਆਂ ਲਾ ਕੇ ਏਡੇ ਧਿਆਨ ਤੇ ਏਡੀ ਪਰਖ ਨਾਲ ਖ਼ਾਨੇ-ਵਾਰ ਸਾਂਭਦਾ ਹੈ ਕਿ ਲੋੜੀਂਦਾ ਕਾਗਜ ਉਹ ਤੁਰਤ ਲੱਭ ਲੈਂਦਾ ਹੈ, ਪਰ ਕਈ ਕੁਚੱਜੇ ਮਨੁੱਖ ਬਿਨਾ ਚੱਜ ਤੇ ਬਿਨਾ ਧਿਆਨ ਕਾਹਲੀ ਕਾਹਲੀ ਜਿਹੜਾ ਖ਼ਾਨਾ ਹੱਥ ਆਇਆ ਓਸੇ ਵਿਚ ਕਾਗਜ ਘਸੋੜ ਛੱਡਦੇ ਹਨ। ਗੁਆਚਦਾ ਭਾਵੇਂ ਇਹਨਾਂ ਦਾ ਵੀ ਕੋਈ ਕਾਗਜ ਨਹੀਂ ਪਰ ਲੋੜ ਪਿਆਂ ਖ਼ਾਨਾ ਖ਼ਾਨਾ ਫਰੋਲਿਆਂ ਵੀ ਉਹਨਾਂ ਨੂੰ ਆਪਣੀ ਲੋੜ ਦਾ ਕਾਗਜ ਨਹੀਂ ਲੱਭਦਾ। ਗੁਆਚੇ ਜਾਂ ਨਾ-ਲੱਭੇ ਵਿਚ ਫਰਕ ਵੀ ਕੋਈ ਬਹੁਤਾ ਨਹੀਂ ਹੁੰਦਾ।
ਇਹੀ ਹਾਲ ਸਾਡੀ ਯਾਦ-ਸ਼ਕਤੀ ਦਾ ਹੈ। ਯਾਦ ਵਿਚ ਸਭੇ ਕੁਝ ਕਾਇਮ ਰਹਿੰਦਾ ਹੈ, ਪਰ ਲੋੜੀਂਦਾ ਖਿਆਲ ਵੇਲੇ ਸਿਰ ਚੇਤੇ ਵਿਚ ਆਉਂਦਾ ਨਹੀਂ, ਕਸੂਰ ਯਾਦ-ਸ਼ਕਤੀ ਵਿਚ ਨਹੀਂ ਹੁੰਦਾ, ਏਸ ਸ਼ਕਤੀ ਨੂੰ ਵਰਤਣ ਦੀ ਜਾਚ ਵਿਚ ਹੁੰਦਾ ਹੈ। ਤੇ ਇਹ ਜਾਚ ਅਨੇਕਾਂ ਹੋਰ ਜਾਚਾਂ ਵਾਂਗ, ਸਿੱਖੀ ਤੇ ਸਵਾਰੀ ਜਾ ਸਕਦੀ ਹੈ ਤੇ ਤੋੜ ਉਮਰ ਤੱਕ ਯਾਦ-ਸ਼ਕਤੀ ਨੂੰ ਸਕਾਰਥੀ ਰੱਖਿਆ ਜਾ ਸਕਦਾ ਹੈ।
ਅਸਲ ਵਿਚ ਇਹੋ ਸ਼ਕਤੀ ਹੀ ਹੁਨਰ, ਕਲਾ, ਈਜਾਦ ਤੇ ਹਰ ਉੱਨਤੀ ਦਾ ਸੋਮਾ ਹੈ। ਹਰ ਮਨੁੱਖ ਦੀ ਸ਼ਖ਼ਸੀ ਯਾਦ-ਸ਼ਕਤੀ ਸਮੁੱਚੀ ਮਨੁੱਖਤਾ ਦੀ ਯਾਦ-ਸ਼ਕਤੀ ਦਾ ਅੰਗ ਹੁੰਦਾ ਹੈ। ਇਹ ਸ਼ਕਤੀ ਅਮੁੱਕ ਤੇ ਅਥਾਹ ਹੈ, ਸ੍ਰਿਸ਼ਟੀ ਦੀ ਖਾਸ ਰਚਨਾ ਹੈ। ਜਦੋਂ ਕਿਸੇ ਹਾਦਸੇ ਜਾਂ ਜਜ਼ਬਾਤੀ ਉਂਝਲਾਂ ਗੁੰਝਲਾਂ ਕਾਰਨ ਕੋਈ ਮਨੁੱਖ ਇਹਦੇ ਤੋਂ ਬੇ-ਲਾਭ ਹੋ ਜਾਂਦਾ ਹੈ, ਓਦੋਂ ਵੀ ਉਹਦੀਆਂ ਸਭ ਯਾਦਾਂ ਓਹਦੇ ਅੰਦਰ ਅਮਿੱਟ ਹੁੰਦੀਆਂ ਹਨ, ਸਿਰਫ ਉਹ ਕਿਸੇ ਵੀ ਯਾਦ ਨੂੰ ਹਥਿਆ ਕੇ ਵਰਤਣੋਂ ਅਸਮਰਥ ਹੋ ਜਾਂਦਾ ਹੈ। ਤੇ ਜੇ ਫੇਰ ਕਦੇ ਉਹਦੀ ਪਹਿਲੀ ਮਾਨਸਿਕ ਅਵਸਥਾ ਮੁੜ ਆਵੇ ਤਾਂ ਯਾਦਾਂ ਦਾ ਸਾਰਾ ਭੰਡਾਰ ਓਸੇ ਤਰ੍ਹਾਂ ਉਹਦੇ ਲਈ ਖੁਲ੍ਹ ਜਾਂਦਾ ਹੈ। ਜੇ ਪਾਗ਼ਲਪੁਣੇ ਦੀ ਹਾਲਤ ਵਿਚ ਉਹ ਕੋਈ ਹੋਰ ਵਿਅਕਤੀ ਬਣਿਆ ਬੈਠਾ ਸੀ. ਤਾਂ ਰਾਜੀ ਹੋਇਆਂ ਉਹ ਮੁੜ ਆਪਣਾ ਆਪ ਬਣ ਜਾਂਦਾ ਹੈ।
ਏਨਾ ਵਿਸਥਾਰ ਸਿਰਫ ਇਹ ਅਸਲੀਅਤ ਉਘਾੜਨ ਲਈ ਕੀਤਾ ਗਿਆ ਹੈ, ਕਿ ਯਾਦ-ਸ਼ਕਤੀ ਸਾਡੀ ਜਮਾਂਦਰੂ ਵਿਰਾਸਤ ਹੈ, ਇਹਦੇ ਵਿਚ ਨਿਰਾ ਸਾਡਾ ਹੀ ਤਜਰਬਾ ਨਹੀਂ, ਸਾਡੀਆਂ ਬੇ-ਸ਼ੁਮਾਰ ਪੀੜ੍ਹੀਆਂ ਦੇ ਤਜਰਬਿਆਂ ਦਾ ਨਚੋੜ ਵੀ ਸਾਡੀ ਰਾਹ-ਨੁਮਾਈ ਲਈ ਸਾਂਭਿਆ ਹੁੰਦਾ ਹੈ। ਇਹ ਵਿਰਸਾ ਸਾਡੇ ਕੋਲੋਂ ਕਦੇ ਖੋਹਿਆ ਨਹੀਂ ਜਾ ਸਕਦਾ। ਇਹਨੂੰ ਕਦੇ ਕੋਸਿਆ ਨਾ ਜਾਏ, ਸਗੋਂ ਇਹਦਾ ਮਾਣ ਕੀਤਾ ਜਾਏ, ਤੇ ਇਹਦੇ ਤੋਂ ਵਧ ਤੋਂ ਵਧ ਲਾਭ ਉਠਾਣ ਦੀ ਅਕਲ ਜਿਥੋਂ ਵੀ ਸਿੱਖੀ ਜਾ ਸਕੇ, ਸਿੱਖੀ ਜਾਵੇ, ਹਰ ਕਾਮਯਾਬੀ ਜੀਵਨ ਦੀ ਕੋਈ ਸੁਚੱਜੀ ਜਾਚ ਹੁੰਦੀ ਹੈ।
ਏਸ ਸ਼ਕਤੀ ਦੇ ਬੜੇ ਸਾਰਥਕ ਕਰਤਵ ਦਾ ਗਿਆਨ ਵੀ ਸਾਡੀ ਜੀਵਨ-ਜਾਚ ਵਿਚ ਸਹਾਈ ਹੋ ਸਕਦਾ ਹੈ। ਇਹ ਕਰਤਵ ਹੈ: ਘਟ ਜ਼ਰੂਰੀ ਯਾਦਾਂ ਨੂੰ ਏਡਾ ਪਿਛਾਂਹ ਕਰ ਕੇ ਰਖ ਦੇਣਾ ਕਿ ਉਹ ਜ਼ਰੂਰੀ ਯਾਦਾਂ ਦਾ ਰਾਹ ਨਾ ਮੱਲਣ। ਉਮਰ ਵੱਡੀ ਹੁੰਦੀ ਜਾਣ ਦੇ ਨਾਲ ਕਈ ਗੱਲਾਂ ਸਾਨੂੰ ਭੁੱਲਣ ਲੱਗ ਪੈਂਦੀਆਂ ਹਨ। ਇਹ ਕੋਈ ਨੁਕਸ ਨਹੀਂ, ਦਿਮਾਗ ਨੂੰ ਜ਼ਰੂਰੀ ਕੰਮਾਂ ਲਈ ਸ਼ਕਤੀਵਾਨ ਤੇ ਸੁਖਾਲਿਆਂ ਰੱਖਣ ਦੀ ਕੁਦਰਤੀ ਵਿਉਂਤ ਹੁੰਦੀ ਹੈ। ਸਾਡਾ ਜੀਵਨ-ਮਨੋਰਥ ਉਮਰ ਨਾਲ ਸਪਸ਼ਟ ਹੋ ਗਿਆ ਹੁੰਦਾ, ਤੇ ਮੰਜ਼ਲ ਨਜ਼ਰੀਂ ਆ ਗਈ ਹੁੰਦੀ ਹੈ, ਏਸ ਲਈ ਕਈ ਬੇ-ਲੋੜੀਆਂ ਗੱਲਾਂ ਭੁੱਲ ਜਾਂਦੀਆਂ ਹਨ, ਦੁਖਾਵੀਂਆਂ ਘਟਨਾਵਾਂ ਤੇ ਨਾ ਚੰਗੀਆਂ ਲੱਗਣ ਵਾਲੀਆਂ ਜਾਂ ਸਾਡੇ ਵਰਤਮਾਨ ਕਰਤਵ ਨਾਲ ਅਣਸਬੰਧਤ ਗੱਲਾਂ ਸਾਨੂੰ ਯਾਦ ਨਹੀਂ ਰਹਿੰਦੀਆਂ ਹਨ। ਇਹ ਘਾਟਾ ਨਹੀਂ ਬਰਕਤ ਹੈ। ਜਦੋਂ ਲਿਖਿਆ ਖ਼ਤ ਚਿੱਠੀ-ਬਕਸ ਵਿਚ ਪਾਣਾ ਭੁੱਲ ਜਾਂਦੇ ਹਾਂ, ਕੋਈ ਸੁਨੇਹਾ ਦੇਣਾ ਵਿਸਰ ਜਾਂਦੇ ਹਾਂ, ਜਾਂ ਕਿਸੇ ਦਾ ਨਾਂ ਮੂੰਹ ਵਿਚ ਫਿਰਦਾ ਬੁਲ੍ਹਾਂ ਉਤੇ ਨਹੀਂ ਲਿਆ ਸਕਦੇ, ਓਦੋਂ ਵੀ ਸਾਡੀ ਯਾਦ-ਸ਼ਕਤੀ ਵਿਚ ਕੋਈ ਕਮਜ਼ੋਰੀ ਨਹੀਂ ਆਈ ਹੁੰਦੀ – ਇਹ ਸਿਰਫ ਸਾਡੇ ਅਚੇਤ ਮਨ ਦੀ ਸੁਖਾਵੀਂ ਕਾਢ ਹੁੰਦੀ ਹੈ, ਜਿਵੇਂ ਸੁਪਨੇ ਸਾਡੀ ਕਿਸੇ ਜਜ਼ਬਾਤੀ ਖਿਚਾਈ ਨੂੰ ਢਿੱਲਿਆਂ ਕਰਦੇ ਹਨ, ਉਵੇਂ ਹੀ ਸਮੇਂ-ਸਮੇਂ ਸਾਡੀਆਂ ਭੁੱਲਾਂ ਸਾਡੇ ਮਨ ਦੇ ਬਚਾਓ-ਵਾਲਵ ਬਣ ਜਾਂਦੀਆਂ ਹਨ।
ਜੇ ਯਾਦ ਸ਼ਕਤੀ ਦੀ ਅਸਲੀਅਤ ਨੂੰ ਤੁਸਾਂ ਸਮਝ ਲਿਆ ਹੈ ਤਾਂ ਏਸ ਸ਼ਕਤੀ ਨੂੰ ਆਪਣੇ ਜੀਵਨ-ਮਨੋਰਥ ਦੀ ਪ੍ਰਾਪਤੀ ਲਈ ਠੀਕ ਤਰ੍ਹਾਂ ਵਰਤਣਾ ਤੁਸੀਂ ਆਪਣੀ ਜੀਵਨ-ਜਾਚ ਵਿਚ ਸ਼ਾਮਿਲ ਕਰਨਾ ਜ਼ਰੂਰ ਚਾਹੋਗੇ। ਇਹਦੀ ਠੀਕ ਵਰਤੋਂ ਦੇ ਸਬੰਧ ਵਿਚ ਕੁਝ ਆਖਣ ਤੋਂ ਪਹਿਲਾਂ ਮੈਂ ਓਸ ਬੇਅੰਤ ਖਾਨਿਆਂ ਵਾਲੇ ਮੇਜ਼ ਦਾ ਚਿੱਤਰ ਤੁਹਾਡੇ ਸਾਹਮਣੇ ਰੱਖਣਾ ਚਾਹਾਂਗਾ। ਏਸ ਮੇਜ਼ ਵਿਚ ਜਿਵੇਂ ਆਏ, ਤਿਵੇਂ ਢੇਰ ਕਰ ਛੱਡੇ ਕਾਗਜ਼ਾਂ ਵਿਚੋਂ ਲੋੜੀਂਦਾ ਕਾਗਜ਼ ਇਤਫ਼ਾਕ ਨਾਲ ਹੀ ਲੱਭ ਸਕਦਾ ਹੈ। ਹਰ ਕਾਗਜ਼ ਦੀ ਰੂਪ ਰੰਗ ਧਿਆਨ ਵਿਚ ਬਿਠਾ ਕੇ, ਕਾਗਜ਼ਾਂ ਤੇ ਖਾਨਿਆਂ ਨੂੰ ਨਿਸ਼ਾਨ ਲਾ ਕੇ ਸੱਜੇ ਖੱਬੇ, ਉਪਰਲੇ ਹੇਠਲੇ ਨੀਯਤ ਖਾਨਿਆਂ ਵਿਚ ਰਖਿਆ, ਤੁਸੀਂ ਤੁਰੰਤ ਲੋੜੀਂਦਾ ਕਾਗਜ਼ ਲੱਭ ਸਕਦੇ ਹੋ।
ਓਸੇ ਹੀ ਤਰ੍ਹਾਂ ਤੁਸੀਂ ਆਪਣੀ ਕਰਾਮਾਤੀ ਯਾਦ-ਸ਼ਕਤੀ ਦੀ ਵਰਤੋਂ ਕਰ ਸਕਦੇ ਹੋ। ਪਹਿਲਾਂ ਏਸ ਸ਼ਕਤੀ ਨੂੰ ਆਪਣੇ ਅਮਲਾਂ, ਖਿਆਲਾਂ, ਰੀਝਾਂ ਤੇ ਸੁਪਨਿਆਂ ਦਾ ਅਭੁੱਲ ਮੋਦੀ ਸਮਝ ਕੇ ਇਹਦਾ ਸਤਿਕਾਰ ਕਰੋ। ਫੇਰ ਜਿਸ ਯਾਦ ਨੂੰ ਆਪਣੇ ਮਨੋਰਥ ਲਈ ਜ਼ਰੂਰੀ ਸਮਝਦੇ ਹੋ, ਉਹਨੂੰ ਗ਼ੌਰ ਨਾਲ ਚਿਤਾਰੋ। ਜਿਹੜੇ ਵਿਦਿਆਰਥੀਆਂ ਨੂੰ ਆਪਣਾ ਯਾਦ ਕੀਤਾ ਸਬਕ ਭੁੱਲ ਜਾਂਦਾ ਹੈ, ਉਹ ਜਾਂ ਤਾਂ ਆਪਣੇ ਸਬਕ ਦੇ ਵਿਸ਼ੇ ਨੂੰ ਨਫ਼ਰਤ ਕਰਦੇ ਹਨ, ਤੇ ਜਾਂ ਉਹਨਾਂ ਨੇ ਆਪਣੇ ਸਬਕ ਨੂੰ ਪੂਰੀ ਦਿਲਚਸਪੀ ਨਾਲ ਯਾਦ ਨਹੀਂ ਕੀਤਾ ਹੁੰਦਾ। ਨਿਰੀ ਰਟਾਈ ਸਿਰਫ ਇਕ ਸਮੇਂ ਲਈ ਯਾਦ ਕਰਾ ਸਕਦੀ ਹੈ, ਯਾਦ-ਤਖ਼ਤੀ ਉਤੇ ਕੋਈ ਗੂੜ੍ਹੀ ਲਕੀਰ ਨਹੀਂ ਖਿੱਚ ਸਕਦੀ, ਤੁਸੀਂ ਕੋਈ ਕਵਿਤਾ, ਕੋਈ ਵਖਿਆਨ ਜਾਂ ਘਟਨਾ ਯਾਦ ਕਰਨਾਂ ਚਾਹੁੰਦੇ ਹੋ, ਬਾਰ-ਬਾਰ ਰਟਨ ਦੀ ਥਾਂ ਉਹਦਾ ਸਮੁੱਚਾ ਚਿੱਤਰ ਅੱਖਾਂ, ਕੰਨਾਂ ਤੇ ਜ਼ਜ਼ਬਿਆਂ ਵਿਚ ਰਚਾਓ, ਫੇਰ ਉਹਨਾਂ ਸਤਰਾਂ ਨੂੰ ਉਸ ਚਿੱਤਰ ਵਿਚ ਧਰਦੇ ਜਾਓ। ਲਫ਼ਜ਼ ਰੂਪ ਧਾਰਦਾ ਜਾਏਗਾ, ਤੇ ਭੁੱਲੇਗਾ ਨਹੀਂ। ਆਪਣੀ ਰਚੀ ਕਵਿਤਾ, ਜਾਂ ਆਪੀਂ ਲਿਖਿਆ ਲੇਖ ਸਾਨੂੰ ਕਿਉਂ ਛੇਤੀ ਯਾਦ ਹੋ ਜਾਂਦਾ ਹੈ? ਉਹਦਾ ਚਿੱਤਰ ਸਾਡੇ ਮਨ ਵਿਚ ਸਮਾਇਆ ਹੁੰਦਾ ਹੈ? ਜੇਡੇ ਧਿਆਨ ਨਾਲ ਤੁਸੀਂ ਕਿਸੇ ਦ੍ਰਿਸ਼ ਨੂੰ ਵੇਖੋਗੇ, ਕਿਸੇ ਸ਼ਖਸ ਦਾ ਨਾਂ ਸੁਣੋਗੇ, ਕਿਸੇ ਦਾ ਚਿਹਰਾ ਤੱਕੋਗੇ, ਓਡਾ ਹੀ ਗੂੜ੍ਹਾ ਉਹਦਾ ਚਿੱਤਰ ਤੁਹਾਡੀ ਯਾਦ-ਸ਼ਕਤੀ ਉਤੇ ਉੱਕਰਿਆ ਜਾਏਗਾ, ਤੇ ਓਡੀ ਹੀ ਆਸਾਨੀ ਨਾਲ ਓਸ ਚਿੱਤਰ ਨੂੰ ਪਛਾਣ ਕੇ ਤੁਸੀਂ ਫੇਰ ਵਰਤ ਸਕੋਗੇ।
ਏਸ ਲਈ ਜੋ ਕੁਝ ਯਾਦ ਰੱਖਣਾ ਤੁਹਾਡੇ ਲਈ ਜ਼ਰੂਰੀ ਹੈ, ਪਹਿਲਾਂ ਉਹਦੀ ਜ਼ਰੂਰਤ ਦਾ ਪੂਰਾ ਅਹਿਸਾਸ ਕਰ ਲਵੋ। ਤੁਸੀਂ ਇੰਜੀਨੀਅਰ ਬਣਨਾ ਚਾਹੁੰਦੇ ਹੋ। ਇੰਜੀਨੀਅਰ ਲਈ ਹਿਸਾਬ ਤੇ ਸਾਇੰਸ ਜ਼ਰੂਰੀ ਹੁੰਦੇ ਹਨ, ਜਿਸ ਕਰਕੇ ਇਹ ਦੋਵੇਂ ਤੁਹਾਡੇ ਮਨੋਰਥ ਦਾ ਭਾਗ ਬਣੇ ਦਿਸ ਪੈਣਗੇ, ਤੇ ਹੌਲੀ ਹੌਲੀ ਤੁਹਾਡੀ ਦਿਲਚਸਪੀ ਬਣਦੇ ਜਾਣਗੇ। ਇਹ ਦਿਲਚਸਪੀ ਓੜਕ ਮੁਹੱਬਤ ਦੀ ਹੱਦ ਤਕ ਪਹੁੰਚ ਜਾਏਗੀ। ਮੈਂ ਹਿਸਾਬ ਦੇ ਇਕ ਪ੍ਰੋਫੈਸਰ ਨੂੰ ਜਾਣਦਾ ਹਾਂ। ਉਹ ਆਪਣੇ ਵਿਸ਼ੇ ਦੇ ਇਸ਼ਕ ਵਿਚ ਦੁਨੀਆ ਨੂੰ ਭੁੱਲ ਗਿਆ ਸੀ। ਉਹ ਇਕ ਯੂਨੀਵਰਸਿਟੀ ਵਿਚ ਹਿਸਾਬ ਦਾ ਸ਼ਰੋਮਣੀ ਪ੍ਰੋਫੈਸਰ ਸੀ, ਪਰ ਉਹਨੂੰ ਆਪਣੀ ਤਨਖਾਹ ਦਾ ਪਤਾ ਨਹੀਂ ਸੀ। ਉਹਦੇ ਘਰ ਦਾ ਇੰਤਜ਼ਾਮ ਯੂਨੀਵਰਸਿਟੀ ਕਰਦੀ, ਉਹਦੀ ਹਰ ਲੋੜ ਦਾ ਧਿਆਨ ਰੱਖਦੀ ਸੀ, ਜਿਵੇਂ ਕੋਈ ਮਾਂ ਆਪਣੇ ਬੱਚੇ ਦਾ ਧਿਆਨ ਰੱਖਦੀ ਹੈ। ਉਹ ਪ੍ਰੋਫੈਸਰ ਦਿਨ ਰਾਤ ਆਪਣੇ ਵਿਸ਼ੇ ਦੇ ਗਿਆਨ-ਭੰਡਾਰ ਵਿਚ ਵਾਧਾ ਕਰੀ ਜਾਂਦਾ ਸੀ।
ਭੁੱਲ ਜਾਣਾ ਮਨ ਦੇ ਇਕਾਗਰ ਨਾ ਰਹਿਣ ਦੀ ਸੂਚਨਾ ਹੈ। ਜੇ ਤੁਸੀਂ ਇਕਾਗਰ ਹੋ ਕੇ ਪੂਰੇ ਧਿਆਨ ਨਾਲ ਪੜ੍ਹਦੇ, ਸੋਚਦੇ ਤੇ ਵੇਖਦੇ ਹੋ, ਤੇ ਆਪਣੇ ਕੰਨਾ, ਅੱਖਾਂ, ਤੇ ਜ਼ਜ਼ਬਿਆਂ, ਸਭ ਦੀ ਮਦਦ ਲੈਂਦੇ ਹੋ, ਤਾਂ ਤੁਹਾਨੂੰ ਕਦੇ ਉਹ ਗੱਲ ਨਹੀਂ ਭੁੱਲੇਗੀ ਜਿਹੜੀ ਤੁਹਾਡੇ ਜੀਵਨ-ਵਿਕਾਸ ਲਈ ਜ਼ਰੂਰੀ ਹੈ। ਜੋ ਤੁਹਾਡੇ ਲਈ ਜ਼ਰੂਰੀ ਹੈ, ਉਹ ਤੁਸੀਂ ਤੋੜ ਉਮਰ ਤਕ ਯਾਦ ਰੱਖ ਸਕਦੇ ਹੋ, ਕਵਿਤਾਵਾਂ ਜ਼ੁਬਾਨੀ ਦੁਹਰਾ ਸਕਦੇ ਹੋ। ਚਿਹਰੇ, ਘਟਨਾਵਾਂ, ਅੰਕੜੇ. ਇਤਲਾਹਾਂ ਨੀਯਤ ਸੂਚੀ ਅਨੁਸਾਰ ਯਾਦ ਵਿਚ ਸਾਂਭਣ ਦੀ ਇਕ ਜਾਚ ਹੈ, ਤੇ ਇਹ ਜਾਚ ਸਿੱਖੀ ਜਾ ਸਕਦੀ ਹੈ।
ਜਦੋਂ ਤੁਹਾਨੂੰ ਜਾਪੇ ਕਿ ਤੁਹਾਡੀ ਯਾਦ-ਸ਼ਕਤੀ ਕਮਜ਼ੋਰ ਹੁੰਦੀ ਜਾ ਰਹੀ ਹੈ, ਓਦੋਂ ਸੁਚੇਤ ਹੋ ਜਾਓ, ਜ਼ਿੰਦਗੀ ਨਾਲ ਆਪਣੀਆਂ ਸਾਂਝਾਂ ਦੀ ਪੜਤਾਲ ਕਰੋ। ਜ਼ਰੂਰ ਆਪਣੇ ਸਾਥੀਆਂ ਤੇ ਆਪਣੇ ਕੰਮਾਂ ਵਿਚ ਤੁਹਾਡੀ ਦਿਲਚਸਪੀ ਘਟਦੀ ਜਾ ਰਹੀ ਹੋਵੇਗੀ। ਜ਼ਿੰਦਗੀ ਓਨਾ ਚਿਰ ਹੀ ਸਾਨੂੰ ਜੀਉਣ ਜੋਗੀ ਜਾਪਦੀ ਰਹੇਗੀ, ਜਿੰਨਾ ਚਿਰ ਵਾਪਰ ਰਹੀਆਂ ਗੱਲਾਂ ਨਾਲ ਸਾਡੀ ਦਿਲਚਸਪੀ ਕਾਇਮ ਰਹਿੰਦੀ ਹੈ। ਦਿਲਚਸਪੀ ਸਾਡੀ ਯਾਦ-ਸ਼ਕਤੀ ਉਤੇ ਗੂੜ੍ਹਾ ਜਾਂ ਫਿੱਕਾ ਚਿੱਤਰ ਉੱਕਰਨ ਵਾਲਾ ਹਥਿਆਰ ਹੈ, ਜਦੋਂ ਉਕਰੇ ਚਿਤਰਾਂ ਦਾ ਕੋਈ ਨਕਸ਼ ਸਾਫ ਨਹੀਂ ਦਿਸਦਾ, ਓਦੋਂ ਜ਼ਿੰਦਗੀ ਜੀਉਣ-ਯੋਗ ਨਹੀਂ ਰਹਿੰਦੀ – ਮੌਤ ਜਾਂ ਆਤਮ-ਹੱਤਿਆ ਵਿਚ ਅੰਤ ਹੋ ਜਾਂਦੀ ਹੈ।
ਏਸ ਲਈ ਜਦੋਂ ਵੀ ਯਾਦ-ਸ਼ਕਤੀ ਸਬੰਧੀ ਤਸੱਲੀ ਘਟ ਜਾਏ, ਤਾਂ ਆਪਣੀ ਜੀਵਨ-ਜਾਚ ਨੂੰ ਪੜਚੋਲੋ, ਆਪਣੇ ਸਾਥੀਆਂ, ਆਪਣੇ ਪਰਿਵਾਰ, ਆਪਣੇ ਦੇਸ਼ ਤੇ ਆਪਣੀ ਦੁਨੀਆ ਨਾਲ ਦਿਲਚਸਪੀ ਦੀ ਗੁਆਚੀ ਤੰਦ ਦਾ ਸਿਰਾ ਢੂੰਡੋ, ਤੇ ਆਪਣੀ ਜੀਵਨ-ਡੋਰ ਨਾਲ ਉਹਦੀ ਗੰਢ ਪਾ ਦਿਓ, ਸਮੇਂ ਦੀਆਂ ਖੁਸ਼ੀਆਂ, ਗ਼ਮੀਆਂ, ਚਾਨਣੀਆਂ ਤੇ ਹਨੇਰੀਆਂ ਘੜੀਆਂ ਦੀ ਪਤੰਗ ਫੇਰ ਗਗਨਾਂ ਵਿਚ ਫਰ-ਫਰ ਕਰਦੀ ਉਤਾਂਹ ਚੜ੍ਹ ਜਾਏਗੀ।
ਯਾਦ-ਤਖਤੀ ਉਤੇ ਪੈਂਦੇ ਅਕਸਾਂ ਨੂੰ ਸਹੀ ਪੜ੍ਹਨ ਦੀਆਂ ਜਾਚਾਂ ਕਈ ਹਨ, ਪਰ ਸਭ ਜਾਚਾਂ ਦੀ ਬੁਨਿਆਦ ਹਰ ਗੱਲ ਨੂੰ ਧਿਆਨ ਨਾਲ ਸੁਣਨਾ ਤੇ ਹਰ ਦ੍ਰਿਸ਼ ਨੂੰ ਧਿਆਨ ਨਾਲ ਵੇਖਣਾ, ਉਹਨਾਂ ਦੇ ਗੂੜ੍ਹੇ ਅਕਸ ਆਪਣੀ ਯਾਦ-ਤਖਤੀ ਉੱਤੇ ਖਿੱਚਣਾ ਹੈ। ਕਈ ਮਨੁੱਖ ਗੱਲ ਕਰਨ ਵਾਲੇ ਨੂੰ ਧਿਆਨ ਨਾਲ ਸੁਣਦੇ ਨਹੀਂ, ਤੇ ਹਰ ਗੱਲ ਦੁਹਰਾਣ ਲਈ ਆਖਦੇ ਹਨ। ਇਹ ਚੰਗੀ ਆਦਤ ਨਹੀਂ। ਜਿਥੋਂ ਤੱਕ ਹੋ ਸਕੇ ਆਪਣੀ ਗੱਲ ਹਰ ਲਫ਼ਜ਼ ਨਿਖੇੜ ਕੇ ਸੁਣੇ ਜਾ ਸਕਣ ਵਾਲੇ ਲਹਿਜੇ ਵਿਚ ਕੀਤੀ ਜਾਏ, ਤੇ ਜੋ ਦੂਜਾ ਆਖੇ ਉਹ ਪੂਰੇ ਗਹੁ ਨਾਲ ਸੁਣਿਆ ਜਾਵੇ – ਦੁਹਰਾਣ ਦਾ ਕਸ਼ਟ ਉਹਨੂੰ ਬਾਰ-ਬਾਰ ਦੇਣਾ ਆਪਣੀ ਅਸਾਵਧਾਨੀਆਂ ਦਾ ਸਬੂਤ ਦੇਣਾ ਹੁੰਦਾ ਹੈ। ਇਹ ਆਦਤ ਦੂਜਿਆਂ ਨੂੰ ਮਾੜੀ ਲਗਦੀ ਹੈ। ਕਈਆਂ ਨੂੰ ਪ੍ਰੀਚੇ ਕਰਾਏ ਨਾਂ ਯਾਦ ਨਹੀਂ ਰਹਿੰਦੇ, ਤੇ ਕਿਸੇ ਵੇਲੇ ਇਹ ਭੁੱਲ ਚੌਖੀ ਪਰੇਸ਼ਾਨੀ ਬਣ ਜਾਂਦੀ ਹੈ। ਥੋੜੀ ਜਿੰਨੀ ਸਾਵਧਾਨੀ ਨਾਲ ਸੁਣੋ ਨਾਂ ਵੇਲੇ ਸਿਰ ਯਾਦ ਆ ਜਾਂਦੇ ਹਨ। ਯਾਦ-ਸ਼ਕਤੀ ਦਾ ਮੂਲ ਗੁਰ ਧਿਆਨ ਹੈ। ਧਿਆਨ ਦਿਲਚਸਪੀ ਪੈਦਾ ਕਰਦਾ ਹੈ, ਤੇ ਦਿਲਚਸਪੀ ਦ੍ਰਿਸ਼ਾਂ ਦੇ ਗੂੜ੍ਹੇ ਚਿੱਤਰ ਉੱਕਰਦੀ ਜਾਂਦੀ ਹੈ। ਇਹਨਾਂ ਚਿਤਰਾਂ ਉਤੇ ਲੋੜ ਪੈਣ ਸਮੇਂ ਉਂਗਲ ਧਰ ਸਕਣ ਦੀਆਂ ਕਈ ਤਰਕੀਬਾਂ ਮਨੁੱਖ ਆਪ ਸੋਚ ਸਕਦਾ ਹੈ। ਇਹ ਸਾਰੀਆਂ ਤਸਵੀਰਾਂ ਇਕੋ ਜੋੜਨ-ਮੇਲਣ ਦੇ ਨੇਮ ਦੇ ਅਧੀਨ ਹੁੰਦੀਆਂ ਹਨ। ਜੋ ਕੁਝ ਯਾਦ ਰੱਖਣਾ ਜ਼ਰੂਰੀ ਹੋਵੇ, ਉਹ ਕਿਸੇ ਚਿੱਤਰ ਨਾਲ ਜੋੜ ਲਿਆ। ਇਕ ਮਿੱਤਰ ਨੇ ਆਪਣਾ ਟੈਲੀਫ਼ੋਨ ਨੰਬਰ 42010 ਰਾਹ ਜਾਂਦੇ ਜਾਂਦੇ ਦੱਸਿਆ, ਨੋਟ ਕਰਨ ਦਾ ਸਮਾਂ ਨਹੀਂ ਸੀ। ਮੈਂ ਚਿੱਤਰ ਬਣਾਇਆ ਇਨ੍ਹਾਂ ਦੇ ਕਲਰਕ ਨੇ 420 ਕੀਤੀ ਤੇ ਉਹਦਾ ਨਾਂ ਪੁਲਿਸ ਦੇ ਦਸ ਨੰਬਰ ਰਜਿਸਟਰ ਵਿਚ ਦਰਜ਼ ਕੀਤਾ ਗਿਆ। ਇਕ ਹੋਰ ਮਿੱਤਰ ਨੇ ਆਪਣਾ ਟੈਲੀਫ਼ੋਨ ਨੰਬਰ 3507 ਦੱਸਿਆ। ਮੈਂ ਚਿੱਤਰ ਬਣਾਇਆ ਪੰਜਾਬੀ ਦੀ ਪੈਂਤੀ ਅੱਖਰੀਂ ਜਦੋਂ ਮੈਂ ਪੜ੍ਹੀ ਉਦੋਂ ਸਤ ਸਤਰਾਂ ਵਿਚ ਲਿਖੀ ਹੁੰਦੀ ਸੀ। ਇਹ ਨੰਬਰ ਮੈਨੂੰ ਕਦੇ ਭੁੱਲੇ ਨਹੀਂ।
ਜੋੜਨ-ਮੇਲਣ ਦੇ ਨੇਮ ਦੀ ਸਾਰਥਕਤਾ ਇਕ ਮਿਸਾਲ ਨਾਲ ਸਮਝਾਣ ਦਾ ਜਤਨ ਕਰਦਾ ਹਾਂ। ਦਸ, ਵੀਹ, ਸੌ ਜਾਂ ਘਟ ਵਧ ਨਾਂ ਤੁਸੀਂ ਕਿਸੇ ਤਰਤੀਬ ਨਾਲ ਯਾਦ ਕਰ ਲਵੋ। 1. ਨੱਕ, 2. ਅੱਖਾਂ, 3. ਤਿਪਾਈ, 4. ਚਾਰਪਾਈ, 5. ਪੰਜ ਉਂਗਲਾਂ ਵਾਲਾ ਹੱਥ, 6. ਛਾਂਗਾ (ਖਜ਼ਾਨ ਸਿੰਘ ਕੋਈ ਛਾਂਗਾ ਸਿੰਘ ਜੋ ਤੁਹਾਡੀ ਜ਼ਿੰਦਗੀ ਵਿਚ ਆਇਆ ਹੋਵੇ), 7. ਸੱਤ ਰਿਖੀ ਤਾਰੇ, 8. ਮਿਡਲ ਸਕੂਲ, 9. ਨੌਂ ਨਿਧਾਂ ਬਾਰਾਂ ਸਿਧਾਂ, 10. ਦਸਾਂ ਨਹੁੰਆਂ ਦੀ ਕਮਾਈ। ਇਹ ਦੱਸੇ ਚਿੱਤਰ ਹਮੇਸ਼ਾ ਲਈ ਯਾਦ ਰੱਖਣੇ ਕੋਈ ਮੁਸ਼ਕਲ ਨਹੀਂ, ਪਰ ਹਰ ਕੋਈ ਆਪਣੀ ਚੋਣ ਦੇ ਚਿੱਤਰ ਯਾਦ ਕਰ ਰੱਖੇ। ਤੁਸੀਂ ਆਪਣੇ ਕਿਸੇ ਮਿੱਤਰ ਨੂੰ ਆਖੋ ਕਿ ਉਹ ਕੋਈ ਦਸ ਚੀਜਾਂ ਨੰਬਰਵਾਰ ਲਿਖ ਲਵੇ। ਫਰਜ਼ ਕਰੋ ਉਹ ਹੇਠ ਲਿਖੇ ਦਸ ਚਿਤਰਾਂ ਦੀ ਫ਼ਹਿਰਿਸਤ ਬਣਾਂਦਾ ਹੈ, ਕਿਤਾਬ, ਨੌਕਰ, ਮੇਜ਼, ਇਸਤ੍ਰੀ, ਦਰਿਆ, ਫੋੜਾ, ਮੰਜੀ, ਕਲਰਕ, ਜਾਪਾਨ, ਹਰਦਵਾਰ।
ਏਸ ਫ਼ਹਿਰਿਸਤ ਵਿਚ ਤੁਹਾਡਾ ਮਿੱਤਰ ਕਿਸੇ ਵੀ ਤਰਤੀਬ ਵਿਚ ਆਪਣੇ ਚਿੱਤਰ ਪੜ੍ਹ ਕੇ ਸੁਣਾਂਦਾ ਜਾਏ। ਜਿਵੇਂ ਅੱਠਵਾਂ ਚਿੱਤਰ – ਕਲਰਕ। ਪੰਜਵਾਂ ਚਿੱਤਰ – ਦਰਿਆ। ਸਤਵਾਂ ਚਿੱਤਰ ਮੰਜੀ, ਛੇਵਾਂ ਚਿੱਤਰ ਫੋੜਾ, ਪਹਿਲਾ ਚਿੱਤਰ ਕਿਤਾਬ ਤੇ ਉਹਨਾਂ ਦਾ ਨੰਬਰ ਦੱਸਦਾ ਜਾਏ। ਜਦੋਂ ਉਹ ਦੱਸੇ, ਤੁਸੀਂ ਓਸੇ ਛਿਨ ਇਕ ਚਿੱਤਰ ਮਨ ਵਿਚ ਬਣਾਓ। ਜਦੋਂ ਉਹ ਅੱਠਵਾਂ ਚਿੱਤਰ ਕਲਰਕ ਆਖੇ, ਤਾਂ ਤੁਸੀਂ ਆਪਣੇ ਅੱਠਵੇਂ ਚਿੱਤਰ, ਮਿਡਲ ਸਕੂਲ ਨਾਲ ਉਹਨੂੰ ਜੋੜ ਲਵੋ – ਕਿ ਫਲਾਣਾ ਮੁੰਡਾ ਮਸਾਂ ਮਿਡਲ ਪਾਸ ਹੀ ਕਰ ਸਕਿਆ, ਏਸ ਲਈ ਉਸਨੂੰ ਮਾੜਾ ਜਿਹਾ ਕਲਰਕ ਹੀ ਬਣਨਾ ਪਿਆ। ਉਹਦੇ ਪੰਜਵੇਂ ਚਿੱਤਰ, ਦਰਿਆ ਨਾਲ ਤੁਸੀਂ ਆਪਣੇ ਪੰਜਵੇਂ ਚਿੱਤਰ, ਹੱਥ ਨੂੰ ਜੋੜੋ – ਦਰਿਆ ਵਿਚ ਮੈਂ ਹੱਥ ਪਾਇਆ, ਪਾਣੀ ਮੈਨੂੰ ਠੰਡਾ ਲੱਗਾ। ਉਹਦੇ ਸਤਵੇਂ ਚਿੱਤਰ ਮੰਜੀ ਨਾਲ ਆਪਣਾ ਸਤਵਾਂ ਚਿੱਤਰ ਸਤ ਰਿਖੀ ਤਾਰੇ ਜੋੜੋ – ਰਾਤੀਂ ਮੰਜੇ ਉਤੇ ਲੰਮਾ ਪਿਆ ਸਾਂ ਸੱਤ ਰਿਖੀ ਚਮਕਦੇ ਦਿਸੇ। ਛੇਵੇਂ ਚਿੱਤਰ, ਫੌੜੇ ਨਾਲ ਅਪਣਾ ਛੇਵਾਂ ਚਿੱਤਰ ਛਾਂਗਾ ਸਿੰਘ ਜੋੜੋ – ਛਾਂਗਾ ਸਿੰਘ ਸਾਡਾ ਨਾਈ ਹੁੰਦਾ ਸੀ, ਉਹ ਫੋੜਿਆਂ ਦੀ ਚੀਰ-ਫਾੜ ਚੰਗੀ ਤਰ੍ਹਾਂ ਕਰਦਾ ਸੀ। ਉਹਦੇ ਪਹਿਲੇ ਚਿੱਤਰ, ਕਿਤਾਬ ਨਾਲ ਆਪਣੇ ਪਹਿਲੇ ਚਿੱਤਰ ਨੱਕ ਨੂੰ ਜੋੜੋ – ਗੁੱਸੇ ਵਿਚ ਆਏ ਫਲਾਣੇ ਮਨੁੱਖ ਨੇ ਹੱਥਲੀ ਕਿਤਾਬ ਮੇਰੇ ਨੱਕ ਉੱਤੇ ਕੱਢ ਮਾਰੀ। ਉਹਦੇ ਚੌਥੇ ਚਿੱਤਰ ਇਸਤ੍ਰੀ ਨਾਲ ਆਪਣਾ ਚੌਥਾ ਚਿੱਤਰ ਚਾਰਪਾਈ ਜੋੜੋ – ਇਕ ਸੋਹਣੀ ਇਸਤ੍ਰੀ ਥੱਕੀ ਹੋਈ ਆਈ, ਮੈਂ ਉਹਨੂੰ ਚਾਰਪਾਈ ਉਤੇ ਬਿਠਾਇਆ।
ਇਹ ਚਿੱਤਰ ਤੁਸੀਂ ਆਪਣੀਆਂ ਅੱਖਾਂ ਵਿਚ ਰਚਾ ਲਵੋ। ਤੁਹਾਡੇ ਮਿੱਤਰ ਨੂੰ ਆਪਣੇ ਚਿਤਰਾਂ ਦੇ ਨੰਬਰ ਯਾਦ ਨਹੀਂ ਰਹਿ ਸਕਦੇ। ਪਰ ਤੁਸੀਂ ਜਿਹੜਾ ਨੰਬਰ ਆਪਣੇ ਉਹ ਪੁੱਛੇ – (ਮੇਰਾ ਚੌਥਾ ਦੱਸੋ) ਉਹਦਾ ਉੱਤਰ ਝੱਟ ਤੁਸੀਂ ਇਸਤ੍ਰੀ ਦੇ ਸਕੋਗੇ।
ਏਸ ਤਰ੍ਹਾਂ ਤੁਸੀਂ ਵੀਹ, ਤੀਹ, ਪੰਜਾਹ ਜਾਂ ਵੱਧ ਚਿੱਤਰ ਵੀ ਯਾਦ ਕਰ ਸਕਦੇ, ਤੇ ਆਪਣੇ ਮਿੱਤਰ ਦੀ ਲਿਸਟ ਦਾ ਠੀਕ ਉੱਤਰ ਦੇ ਕੇ ਉਨ੍ਹਾਂ ਨੂੰ ਹੈਰਾਨ ਕਰ ਸਕਦੇ ਹੋ। ਸਾਲ ਦੋ ਸਾਲਾਂ ਬਾਅਦ ਵੀ ਉਹ ਮਿੱਤਰ ਆਪਣੀ ਸਾਂਭੀ ਹੋਈ ਲਿਸਟ ਵਿਚੋਂ ਤੁਹਾਨੂੰ ਪੁੱਛੇ, ਤਾਂ ਤੁਸੀਂ ਸਹੀ ਜਵਾਬ ਦੇ ਸਕੋਗੇ।
ਯਾਦ-ਸ਼ਕਤੀ ਨੂੰ ਚਮਕਾਈ ਰੱਖਣ ਦੀਆਂ ਕਈ ਤਰਕੀਬਾਂ ਤੁਸੀਂ ਆਪ ਸੋਚ ਸਕਦੇ ਹੋ। ਸਭ ਦਾ ਗੁਰ ਇਕੋ ਹੈ, ਕਿ ਧਿਆਨ ਨਾਲ ਸਭ ਕੁਝ ਵੇਖਣਾ ਤੇ ਸੁਣਨਾ ਤੇ ਹਰ ਯਾਦ ਰੱਖਣ ਯੋਗ ਦ੍ਰਿਸ਼ ਦੇ ਚਿੱਤਰ ਬਣਾ ਕੇ ਉਹਨੂੰ ਦਿਮਾਗ ਵਿਚ ਸਾਂਭ ਰੱਖਣਾ। ਫਾਸਲੇ, ਹਿੰਦਸੇ, ਨਾਂ, ਫਾਰਮੂਲੇ ਏਸੇ ਤਰ੍ਹਾਂ ਯਾਦ ਰੱਖੇ ਜਾ ਸਕਦੇ ਹਨ।
ਯਾਦ-ਸ਼ਕਤੀ ਮਨੁੱਖ ਦੀਆਂ ਅਤਿ ਵੱਡੀਆਂ ਬਰਕਤਾਂ ਵਿਚੋਂ ਹੈ, ਤੇ ਇਹ ਬਰਕਤ ਉਹਦੇ ਕੋਲੋਂ ਕਦੇ ਖੋਹੀ ਨਹੀਂ ਜਾ ਸਕਦੀ।

ਪਿਆਰ
ਪਿਆਰ ਪ੍ਰੇਮੀ ਵੱਲੋਂ ਪ੍ਰੇਮਿਕਾ ਦੇ ਹੁਸਨ ਨੂੰ ਮਾਣਨ ਦੇ ਲਾਲਚ ਦਾ ਨਾਂ ਹੈ।
ਹਰ ਇਕ ਮਨੁੱਖ ਆਪਣੇ ਆਪ ਨੂੰ ਇਕੱਲਾ ਅਨੁਭਵ ਕਰਦਾ ਹੈ ਤੇ ਉਸ ਨੂੰ ਕਿਸੇ ਨਾ ਕਿਸੇ ਸਾਥ ਦੀ ਲੋੜ ਹੁੰਦੀ ਹੈ। ਇਕੱਲ ਦੂਰ ਕਰਨ ਲਈ ਅਜਨਬੀ ਸਾਥੀ ਜਾਣੇ-ਪਛਾਣੇ ਸਾਥੀ ਦੇ ਮੁਕਾਬਲੇ ਵਧੇਰੇ ਸਹਾਈ ਹੁੰਦਾ ਹੈ।
ਸਾਡੀਆਂ ਰਿਸ਼ਤੇਦਾਰੀਆਂ ਜਨਮ ਲੈਂਦੇ ਸਮੇਂ ਹੀ ਸਾਡੇ ਉੱਤੇ ਥੋਪ ਦਿੱਤੀਆਂ ਜਾਂਦੀਆਂ ਹਨ ਪਰ ਪਿਆਰ ਸਾਡੀ ਆਪਣੀ ਸਹੇੜੀ ਹੋਈ ਰਿਸ਼ਤੇਦਾਰੀ ਹੁੰਦੀ ਹੈ। ਪਿਆਰ ਕਰਨੀ ਭਾਵੁਕ ਖੇਤਰ ਵਿਚ ਆਪਣੇ ਪੈਰਾਂ ਉੱਤੇ ਖੜ੍ਹੇ ਹੋਣ ਦਾ ਅਮਲ ਹੈ। ਕਈ ਕਵੀਆਂ ਨੇ ਕਿਹਾ ਹੈ ਕਿ ਪਿਆਰ ਪਾਇਆਂ ਨਹੀਂ ਪੈਂਦਾ ਇਹ ਤਾਂ ਆਪ ਮੁਹਾਰੇ ਪੈ ਜਾਂਦਾ ਹੈ ਪਰ ਜੇਕਰ ਨਿਰਭਾਵਕ ਦ੍ਰਿਸ਼ਟੀਕੋਣ ਤੋਂ ਸੋਚਿਆ ਜਾਵੇ ਤਾਂ ਇਹ ਸੰਕਲਪ ਢਹਿ ਢੇਰੀ ਹੋ ਜਾਵੇਗਾ।
ਪਿਆਰ ਸਾਡੀ ਸਭਿਆਚਾਰਕ, ਪੱਧਰ, ਆਰਥਿਕ ਸਥਿਤੀ, ਵਿਦਿਅਕ ਯੋਗਤਾ, ਖ਼ਾਨਦਾਨੀ ਪਿਛੋਕੜ, ਸਾਡੀ ਡੀਲ ਡੌਲ, ਸਾਡੀ ਚਮੜੀ ਦਾ ਰੰਗ, ਕੱਦ-ਕਾਠ, ਆਵਾਜ਼, ਅੱਖਾਂ, ਸ਼ਬਦਾਵਲੀ, ਜੀਵਨ ਦ੍ਰਿਸ਼ਟੀਕੋਣ, ਧਰਮ, ਭਾਸ਼ਾ, ਇਲਾਕਾ, ਜੀਵਨ ਆਦਰਸ਼ ਆਦਿ ਵਿਭਿੰਨ ਪੱਖ ਅਹਿਮ ਅਤੇ ਫ਼ੈਸਲਾਕੁਨ ਰੋਲ ਅਦਾ ਕਰਦੇ ਹਨ।
ਬਹੁਤੇ ਲੋਕ ਸਰੀਰਕ ਭਖਾਅ ਨੂੰ ਹੀ ਪਿਆਰ ਸਮਝ ਲੈਂਦੇ ਹਨ। ਅਸੀਂ ਰੋਜ਼ ਅਨੇਕਾਂ ਪੁਰਸ਼ਾਂ ਔਰਤਾਂ ਨੂੰ ਮਿਲਦੇ ਹਾਂ ਪਰ ਉਨ੍ਹਾਂ ਨਾਲ ਸਾਡਾ ਪਿਆਰ ਨਹੀਂ ਪੈਂਦਾ। ਜਦੋਂ ਉਪਰੋਕਤ ਬਿਆਨ ਕੀਤੇ ਪੱਖ ਦੋ ਵਿਅਕਤੀਆਂ ਵਿਚ ਇੱਕਸੁਰ ਹੋ ਕੋ ਆਹਮਣੇ-ਸਾਹਮਣੇ ਹੁੰਦੇ ਹਨ ਤਾਂ ਪਿਆਰ ਦੀ ਸੰਭਾਵਨਾ ਉਜਾਗਰ ਹੁੰਦੀ ਹੈ ਪਰ ਤਾਂ ਵੀ ਪਿਆਰ ਪਾਉਣ ਦਾ ਯਤਨ ਜਰੂਰ ਕਰਨਾ ਪੈਂਦਾ ਹੈ। ਇਹ ਵੱਖਰੀ ਗੱਲ ਹੈ ਕਿ ਅਜਿਹਾ ਯਤਨ ਕਰਦਿਆਂ ਅਸੀਂ ਯਤਨ ਸਬੰਧੀ ਸੁਚੇਤ ਨਹੀਂ ਹੁੰਦੇ।
ਪਿਆਰ ਵਿਚ ਸਾਡੇ ਗਿਆਨ-ਇੰਦਰੇ ਨਿਰਣੇ ਦਾ ਕਾਰਜ ਨਿਭਾਉਂਦੇ ਹਨ। ਪ੍ਰੇਮੀ ਦੀਆਂ ਅੱਖਾਂ ਨੂੰ ਪ੍ਰੇਮਿਕਾ ਦਾ ਚੰਗੀ ਲਗਣਾ ਪਹਿਲੀ ਸ਼ਰਤ ਹੈ। ਜਿਹੜਾ ਸਾਡੀਆਂ ਅੱਖਾਂ ਨੂੰ ਹੀ ਨਹੀਂ ਜਚਿਆ ਉਸ ਨਾਲ ਪਿਆਰ ਕਰਨ ਦੀ ਸੰਭਾਵਨਾ ਉਜਾਗਰ ਨਹੀਂ ਹੋ ਸਕਦੀ। ਪਤਨੀਆਂ ਭਾਵੇਂ ਸੋਹਣੀਆਂ ਨਾ ਹੋਣ ਪਰ ਪ੍ਰੇਮਿਕਾਵਾਂ ਦਾ ਸੋਹਣਾ ਹੋਣਾ ਬੜਾ ਜਰੂਰੀ ਹੈ। ਪਹਿਲਾਂ ਅਸੀਂ ਪ੍ਰੇਮਿਕਾ ਨੂੰ ਵੇਖਦੇ ਹਾਂ ਫਿਰ ਉਸ ਨੂੰ ਸੁਣਦੇ ਹਾਂ। ਪਿਆਰ ਵਿਚ ਪੁਰਸ਼ ਵੇਖਣ ਦਾ ਕਾਰਜ ਵਧੇਰੇ ਕਰਦਾ ਹੈ ਜਦੋਂ ਕਿ ਪ੍ਰੇਮਿਕਾ ਸੁਣਨ ਦਾ ਕਾਰਜ ਵਧੇਰੇ ਕਰਦੀ ਹੈ।
ਜਿਸ ਪ੍ਰੇਮਿਕਾ ਦੀ ਸ਼ਬਦ ਚੋਣ ਸਾਨੂੰ ਪਸੰਦ ਨਹੀਂ ਉਹ ਭਾਵੇਂ ਕਿੰਨੀ ਵੀ ਸੋਹਣੀ ਹੋਵੇ ਉਸ ਨਾਲ ਪਿਆਰ ਸੰਭਵ ਨਹੀਂ। ਪ੍ਰੇਮੀ ਪ੍ਰੇਮਿਕਾ ਦੀ ਸੁੰਦਰਤਾ ਦਾ ਗੁਣ-ਗਾਇਨ ਕਰਦਾ ਹੈ ਅਤੇ ਪ੍ਰੇਮਿਕਾ ਸੁਣ ਸੁਣ ਕੇ ਗਦ ਗਦ ਹੋ ਉੱਠਦੀ ਹੈ। ਇਤਨੇ ਵਿਕਾਸ ਉਪਰੰਤ ਪ੍ਰੇਮੀ ਵਿਚ ਪ੍ਰੇਮਿਕਾ ਨੂੰ ਛੁਹਣ ਦੀ ਇੱਛਾ ਤੇ ਪ੍ਰੇਮਿਕਾ ਵਿਚ ਛੁਹੇ ਜਾਣ ਦੀ ਇੱਛਾ ਜਾਗਦੀ ਹੈ। ਛੁਹਣ ਉਪਰੰਤ ਜਾਂ ਇਸ ਦੇ ਨੇੜੇ-ਤੇੜੇ ਪ੍ਰੇਮੀ ਤੇ ਪ੍ਰੇਮਿਕਾ ਕੁਝ ਖਾਂਦੇ ਹਨ ਅਰਥ ਸੁਆਦ ਦਾ ਸਾਂਝਾ ਗਿਆਨ ਪ੍ਰਾਪਤ ਕਰਦੇ ਹਨ। ਇਸ ਉਪਰੰਤ ਇਕ ਦੂਜੇ ਨੂੰ ਸੁੰਘਣ ਦੀ ਇੱਛਾ ਨਾਲ ਉਹ ਚੁੰਮਦੇ ਹਨ ਤੇ ਹੋਰ ਅਜਿਹਾ ਕਾਰਜ ਕਰਦੇ ਹਨ। ਇਹ ਇਕ ਨੀਮ-ਬੇਹੋਸ਼ੀ ਦੀ ਹਾਲਤ ਹੁੰਦੀ ਹੈ। ਮਨੋ-ਵਿਗਿਆਨਕ ਪੱਖ ਤੋਂ ਪ੍ਰੇਮੀ ਤੇ ਪ੍ਰੇਮਿਕਾ ਰੋਗੀ ਬਣ ਜਾਂਦੇ ਹਨ।
ਪਿਆਰ ਇਕ ਰੋਗ ਹੈ ਅਤੇ ਇਸ ਦਾ ਇਲਾਜ ਕੋਈ ਨਹੀਂ, ਕਿਉਂਕਿ ਜਿਸ ਕੋਲ ਇਸ ਦੇ ਇਲਾਜ ਲਈ ਜਾਣ ਦੀ ਸੰਭਾਵਨਾ ਹੁੰਦੀ ਹੈ, ਉਹ ਆਪ ਇਸ ਰੋਗ ਦਾ ਮਰੀਜ਼ ਹੁੰਦਾ ਹੈ ਜਾਂ ਮਰੀਜ਼ ਬਣਨਾ ਚਾਹੁੰਦਾ ਹੈ। ਇਵੇਂ ਪਿਆਰ ਇਕ ਰੋਗ ਹੋਣ ਦੇ ਬਾਵਜੂਦ ਇਕ ਰੋਗ ਪ੍ਰਤੀਤ ਨਹੀਂ ਹੁੰਦਾ। ਪਿਆਰ ਨਾਲ ਸਾਡੇ ਦਿਲ ਦਿਮਾਗ ਦੇ ਅਨੇਕਾਂ ਬਾਰੀਆਂ ਦਰਵਾਜ਼ੇ ਖੁੱਲਦੇ ਹਨ। ਅਸੀਂ ਕਲਪਨਾਸ਼ੀਲ ਹੋ ਜਾਂਦੇ ਹਾਂ ਤੇ ਖਿਲਰੀਆਂ ਹੋਈਆਂ ਵਸਤਾਂ ਵਿਚ ਸਾਨੂੰ ਇਕ ਲੜੀ ਪ੍ਰਤੀਤ ਹੋਣ ਲੱਗ ਪੈਂਦੀ ਹੈ। ਸਾਡੇ ਲਈ ਸੰਸਾਰ ਦੇ ਅਰਥ ਬਦਲ ਜਾਂਦੇ ਹਨ।
ਜੀਵਨ ਦਾ ਕੋਈ ਹੋਰ ਅਨੁਭਵ ਅਜਿਹਾ ਨਹੀਂ ਜਿਸ ਵਿਚ ਸਾਡੇ ਪੰਜੇ ਗਿਆਨ-ਇੰਦਰੇ ਸਕਰਮਕ ਹੋ ਜਾਣ ਇਸੇ ਲਈ ਅਸੀਂ ਪਿਆਰ-ਅਨੁਭਵ ਨੂੰ ਸਭ ਅਨੁਭਵਾਂ ਦਾ ਬਾਦਸ਼ਾਹ ਕਹਿੰਦੇ ਹਾਂ।
ਪਿਆਰ ਕਰਨਾ ਅਸਲ ਵਿਚ ਮਾਪਿਆਂ ਦੇ ਪ੍ਰਭਾਵ ਤੋਂ ਮੁਕਤ ਹੋਣ ਅਤੇ ਉਨ੍ਹਾਂ ਤੋਂ ਸੁਤੰਤਰ ਸੰਸਾਰ ਸਿਰਜਣ ਦੀ ਇਕ ਕਿਰਿਆ ਹੈ। ਇਸੇ ਲਈ ਪ੍ਰੇਮੀ ਆਪਣੇ ਪਿਆਰ ਨੂੰ ਮਾਪਿਆਂ ਤੋਂ ਗੁਪਤ ਰੱਖਦੇ ਹਨ। ਮਾਪਿਆਂ ਦਾ ਪਰਛਾਵਾਂ ਪੈਣ ਨਾਲ ਨਵਾਂ ਸੰਸਾਰ ਗ੍ਰਹਿਣਿਆ ਜਾਂਦਾ ਹੈ। ਸਮਾਜ ਸਾਡੇ ਮਾਪਿਆਂ ਦਾ ਹੀ ਵਿਸਤ੍ਰਿਤ ਰੂਪ ਹੁੰਦਾ ਹੈ।
ਸਾਡੇ ਪਿਆਰ ਦੇ ਸਭ ਤੋਂ ਪਹਿਲੇ ਦੁਸ਼ਮਣ ਸਾਡੇ ਮਾਪੇ ਹੀ ਬਣਦੇ ਹਨ। ਸਮਾਜ ਦੀ ਲੜਾਈ ਵੀ ਘਰ ਵਿਚ ਹੀ ਲੜੀ ਜਾਂਦੀ ਹੈ। ਮਾਪੇ ਅਤੇ ਸਮਾਜ ਪਿਆਰ ਦੇ ਉਸਾਰੂ ਨਹੀਂ ਕੇਵਲ ਮਾਰੂ ਪੱਖਾਂ ਪ੍ਰਤੀ ਹੀ ਸੁਚੇਤ ਹੁੰਦੇ ਹਨ। ਇਥੇ ਪੀੜ੍ਹੀਆਂ ਦਾ ਅੰਤਰ ਭਿੜਦਾ ਹੈ। ਮਾਪੇ ਗਿਆਨ ਅਤੇ ਤਜਰਬੇ ਦੇ ਪ੍ਰਤੀਕ ਬਣ ਜਾਂਦੇ ਹਨ ਜਦੋਂ ਕਿ ਪ੍ਰੇਮੀ ਅਨੁਭਵ ਕਲਪਨਾ ਤੇ ਭਾਵੁਕਤਾ ਦੇ ਹਥਿਆਰਾਂ ਨਾਲ ਆਪਣੀ ਆਜ਼ਾਦੀ ਦੀ ਲੜਾਈ ਲੜਦੇ ਹਨ।
ਸੱਚੇ ਪਿਆਰ ਦਾ ਮਾਰਗ ਕਦੀ ਸਿੱਧਾ ਨਹੀਂ ਹੁੰਦਾ, ਕਿਉਂਕਿ ਪਿਆਰ ਨੂੰ ਸਮਾਜ ਦੇ ਸਥਾਪਤ ਕਾਨੂੰਨਾਂ ਵਿਰੁੱਧ ਬਗਾਵਤ ਸਮਝ ਕੇ ਉਸ ਨੂੰ ਕੁਚਲਣ ਦਾ ਯਤਨ ਕੀਤਾ ਜਾਂਦਾ ਹੈ। ਇਹ ਕਠਿਨਾਈਆਂ ਪਿਆਰ ਨੂੰ ਹੋਰ ਮਨਮੋਹਣਾ ਬਣਾਉਂਦੀਆਂ ਹਨ। ਇਥੇ ਆ ਕੇ ਲਗਭਗ ਸਾਰੇ ਪ੍ਰੇਮੀ ਕਵੀ ਬਣ ਜਾਂਦੇ ਹਨ ਤੇ ਉਨ੍ਹਾਂ ਦੀ ਮੌਲਿਕ ਕਵਿਤਾ ਵਿਚ ਸ਼ਿੰਗਾਰ ਅਤੇ ਕਰੁਨਾ ਰਸ ਤੇ ਅਤਿਕਥਨੀ ਅਲੰਕਾਰ ਦੀ ਵਰਤੋਂ ਵਧ ਜਾਂਦੀ ਹੈ। ਇਹ ਟੱਕਰ ਦੀ ਸਥਿਤੀ ਹੁੰਦੀ ਹੈ ਤੇ ਸਾਰੀ ਕਹਾਣੀ ਨਾਟਕੀ ਰੂਪ ਧਾਰ ਲੈਂਦੀ ਹੈ।
ਪ੍ਰੇਮੀ ਸਾਰੇ ਬ੍ਰਹਿਮੰਡ ਨੂੰ ਸੁੰਗੇੜ ਕੇ ਆਪਣੀ ਪ੍ਰੇਮਿਕਾ ਉੱਤੇ ਕੇਂਦਰਿਤ ਕਰ ਲੈਂਦਾ ਹੈ ਤੇ ਆਪਣੀ ਪ੍ਰੇਮਿਕਾ ਨੂੰ ਫੈਲਾ ਕੇ ਬ੍ਰਹਿਮੰਡ ਬਣਾ ਲੈਂਦਾ ਹੈ। ਦੋਹਾਂ ਲਈ ਬ੍ਰਹਿਮੰਡ ਦੇ ਅਰਥ ਇਕ ਦੂਜੇ ਦੇ ਸੰਦਰਭ ਵਿਚ ਹੀ ਹੁੰਦੇ ਹਨ। ਇਥੇ ਪਹੁੰਚ ਕੇ ਇਕ ਦੂਜੇ ਬਿਨਾਂ ਮਰ ਜਾਣ ਦੀਆਂ ਕਸਮਾਂ ਖਾਧੀਆਂ ਜਾਂਦੀਆਂ ਹਨ। ਪ੍ਰੇਮੀ ਕਦੀ ਗੱਲਾਂ ਕਰਦੇ ਨਹੀਂ ਥੱਕਦੇ, ਕਿਉਂਕਿ ਉਹ ਆਪਣੀ ਹੀ ਮਹਿਮਾ ਗਾ ਰਹੇ ਹੁੰਦੇ ਹਨ। ਇਵੇਂ ਇਕ ਦੂਜੇ ਦੀ ਹਉਮੈ ਦੀ ਮਾਲਸ਼ ਹੋਣ ਲਗਦੀ ਹੈ। ਦੋਵੇਂ ਧਿਰਾਂ ਪੂਰੇ ਜੋਬਨ ਵਿਚ ਆ ਜਾਂਦੀਆਂ ਹਨ।
ਹੁਣ ਪ੍ਰੇਮੀ, ਦੀਵਾਨੇ, ਪਰਵਾਨੇ ਅਰਥਾਤ ਪਾਗਲਪਣ ਦੇ ਖੇਤਰ ਵਿਚ ਦਾਖਲ ਹੁੰਦੇ ਹਨ ਤੇ ਉਨ੍ਹਾਂ ਦੇ ਅਮਲ ਆਲੇ-ਦੁਆਲੇ ਨਾਲ ਕੁਮੇਚ ਹੋ ਜਾਂਦੇ ਹਨ। ਕਿਉਂਕਿ ਸਾਰਾ ਝਗੜਾ ਪ੍ਰੇਮਿਕਾ ਉਤੇ ਕੇਂਦਰਿਤ ਹੁੰਦਾ ਹੈ, ਉਹ ਇਥੇ ਪਹੁੰਚ ਕੇ ਜਾਂ ਗੋਡੇ ਟੇਕ ਦਿੰਦੀ ਹੈ ਜਾਂ ਚੰਡੀ ਦਾ ਰੂਪ ਧਾਰ ਲੈਂਦੀ ਹੈ। ਇਸ ਸਥਿਤੀ ਵਿਚ ਪ੍ਰੇਮੀਆਂ ਲਈ ਕੁਝ ਵੀ ਕਰਨਾ ਅਸੰਭਵ ਨਹੀਂ ਹੁੰਦਾ। ਉਹ ਨਵੀਆਂ ਤੋਂ ਨਵੀਆਂ ਤਰਕੀਬਾਂ ਸੋਚਦੇ ਹਨ ਜਿਹੜੀਆਂ ਸਾਧਾਰਣ ਲੋਕਾਂ ਨੂੰ ਹਾਸੋ-ਹੀਣੀਆਂ ਪ੍ਰਤੀਤ ਹੁੰਦੀਆਂ ਹਨ।
ਪਿਆਰ ਦੀ ਇੱਛਾ ਮੁੱਢਲੇ ਰੂਪ ਵਿਚ ਵਿਆਹ ਦੀ ਤਾਂਘ ਵਿਚੋਂ ਉਪਜਦੀ ਹੈ। ਪ੍ਰੇਮੀ ਇਕ ਦੂਜੇ ਨੂੰ ਬਣਨ ਵਾਲੇ ਪਤੀ-ਪਤਨੀ ਸਮਝ ਕੇ ਆਪਣੇ ਜੀਵਨ ਦੇ ਨਕਸ਼ੇ ਬਣਾਉਂਦੇ ਹਨ ਪਰ ਵਿਆਹ ਦੀ ਦਹਿਲੀਜ਼ ਟਪਦਿਆਂ ਹੀ ਪਿਆਰ ਲੋਪ ਹੋ ਜਾਂਦਾ ਹੈ ਤੇ ਜੇ ਉਹ ਪੰਜ ਸਾਲ ਪ੍ਰੇਮੀ ਰਹੇ ਹੋਣ ਤਾਂ ਉਨ੍ਹਾਂ ਦਾ ਵਿਆਹ ਇਕ ਦਮ ਪੰਜ ਸਾਲ ਪੁਰਾਣਾ ਹੋ ਜਾਂਦਾ ਹੈ ਤੇ ਪੰਜ ਸਾਲ ਦੀ ਥਕਾਵਟ ਉਨ੍ਹਾਂ ਨੂੰ ਆ ਘੇਰਦੀ ਹੈ। ਪ੍ਰੇਮੀਆਂ ਦੇ ਝਗੜੇ ਦਾ ਅੰਤ ਚੁੰਮਣਾਂ ਨਾਲ ਹੁੰਦਾ ਹੈ ਪਰ ਵਿਆਹ ਉਪਰੰਤ ਲਹੂ ਵਿਚ ਤਰੰਗਾਂ ਪੈਦਾ ਕਰਨ ਵਾਲੀ ਚੰਚਲਤਾ ਲੱਭਿਆਂ ਨਹੀਂ ਲੱਭਦੀ ਤੇ ਝਗੜੇ ਉਪਜਦੇ ਹਨ, ਵਿਆਹਿਆਂ ਦੇ ਝਗੜਿਆਂ ਦਾ ਅੰਤ ਨਵੇਂ ਝਗੜੇ ਸਿਰਜਦਾ ਹੈ।
ਕਹਿੰਦੇ ਹਨ ਪਿਆਰ ਅੰਨ੍ਹਾਂ ਹੁੰਦਾ ਹੈ, ਪਰ ਅਸਲੀਅਤ ਇਹ ਹੈ ਕਿ ਜਿਸ ਭਾਅ ਉਤੇ ਪ੍ਰੇਮੀਆਂ ਨੂੰ ਇਕ ਦੂਜੇ ਦਾ ਸਾਥ ਲੱਭਦਾ ਹੈ ਉਸ ਵਿਚ ਨੁਕਸ ਨਜ਼ਰ ਅੰਦਾਜ਼ ਕਰਨੇ ਹੀ ਪੈਂਦੇ ਹਨ।
ਪਿਆਰ ਇਕ ਅਜਿਹਾ ਰੋਜ਼ਗਾਰ ਹੈ, ਜਿਸ ਵਿਚ ਨਾ ਕੋਈ ਛੁੱਟੀ ਮਿਲਦੀ ਹੈ, ਨਾ ਹੀ ਪ੍ਰੇਮੀ ਕੋਈ ਛੁੱਟੀ ਲੈਣੀ ਚਾਹੁੰਦੇ ਹਨ। ਪਿਆਰ ਇਕ ਮਹਿੰਗਾ ਸ਼ੌਕ ਹੈ। ਕਿਸੇ ਨੇ ਅੱਜ ਤੱਕ ਕੰਗਾਲਾਂ ਨਾਲ ਪਿਆਰ ਨਹੀਂ ਕੀਤਾ। ਜਿਨ੍ਹਾਂ ਨੇ ਪਿਆਰ ਨਹੀਂ ਕੀਤਾ ਉਹ ਵੱਡੀਆਂ ਖੁਸ਼ੀਆਂ ਤੋਂ ਵਿਰਵੇ ਰਹਿ ਜਾਂਦੇ ਹਨ ਅਤੇ ਜਿਨ੍ਹਾਂ ਨੇ ਕੀਤਾ ਹੈ ਉਨ੍ਹਾਂ ਨੂੰ ਦੁੱਖਾਂ ਤੋਂ ਸਿਵਾਏ ਕੁਝ ਪ੍ਰਾਪਤ ਹੁੰਦਾ। ਪਿਆਰ ਬੁਖ਼ਾਰ ਦਾ ਮੌਸਮ ਵਾਂਗ ਹੈ, ਇਸ ਵਿਚ ਉਤਰਾਅ-ਚੜ੍ਹਾਅ ਆਉਣੇ ਅਟਲ ਨੇਮ ਹਨ ਪਰ ਅਸਫਲਤਾ ਪਿਆਰ ਦੀ ਹੋਣੀ ਹੈ। ਅਸੀਂ ਪ੍ਰਸਿੱਧ ਪ੍ਰੇਮੀਆਂ ਦੀਆਂ ਕਹਾਣੀਆਂ ਬੜੇ ਚਾਵਾਂ ਨਾਲ ਪੜ੍ਹਦੇ ਹਾਂ ਪਰ ਆਪਣੀ ਪੀੜ੍ਹੀ ਦੇ ਪ੍ਰੇਮੀਆਂ ਨੂੰ ਵੇਖ ਨਹੀਂ ਸੁਖਾਉਂਦੇ। ਇਸ ਦਾ ਅਰਥ ਇਹ ਹੋਇਆ ਕੀ ਅਸੀਂ ਆਪ ਪਿਆਰ ਕਰਨਾ ਚਾਹੁੰਦੇ ਹਾਂ ਪਰ ਦੂਜਿਆਂ ਦੇ ਪਿਆਰ ਦੇ ਦੁਸ਼ਮਣ ਹਾਂ।
ਈਰਖਾ ਪਿਆਰ ਦੀ ਵਾੜ ਹੈ। ਪਿਆਰ ਇਕ ਅਜਿਹੀ ਸਿੱਖਿਆ ਹੈ ਜਿਸ ਵਿਚ ਗੰਵਾਰ ਵੀ ਸਭਿਅਕ ਬਣ ਜਾਂਦੇ ਹਨ।
ਬਹੁਤੇ ਵਿਅਕਤੀ ਕਿਸੇ ਨੂੰ ਪਿਆਰ ਕਰਨ ਦੀ ਥਾਂ ਇਹ ਇੱਛਾ ਰੱਖਦੇ ਹਨ ਕਿ ਕਿਸੇ ਨੂੰ ਉਨ੍ਹਾਂ ਨਾਲ ਪਿਆਰ ਹੋਵੇ।
ਜਦੋਂ ਪ੍ਰੇਮੀ ਖ਼ਾਮੋਸ਼ ਹੁੰਦੇ ਹਨ ਉਦੋਂ ਹੀ ਇਕ ਦੂਜੇ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਪ੍ਰੇਮੀ ਇਕ ਦੂਜੇ ਲਈ ਇੰਜ ਲੁਛਦੇ ਹਨ ਜਿਵੇਂ ਬੇਬਸ ਬੱਚੇ ਮਾਪਿਆਂ ਲਈ। ਹਰ ਇਕ ਵਿਅਕਤੀ ਜੀਵਨ ਵਿਚ ਇਕ ਵਾਰੀ ਪਿਆਰ ਦੇ ਅਖਾੜੇ ਵਿਚ ਉਤਰਦਾ ਹੈ ਤੇ ਇਹ ਅਨੁਭਵ ਕਿਸੇ ਵੀ ਹੋਰ ਅਨੁਭਵ ਦੇ ਮੁਕਾਬਲੇ ਉਸ ਦੀ ਸ਼ਖਸੀਅਤ ਘੜਨ ਵਿਚ ਵਧੇਰੇ ਯੋਗਦਾਨ ਦਿੰਦਾ ਹੈ।
ਪਿਆਰ ਵਿਚ ਅੰਤਾਂ ਦੀ ਬੇਚੈਨੀ ਜਨਮਦੀ ਹੈ। ਇਹ ਬੇਚੈਨੀ ਕਲਾਤਮਕ ਅਤੇ ਸਿਰਜਣਾਤਮਕ ਸੰਭਾਵਨਾਵਾਂ ਵਾਲੀ ਹੁੰਦੀ ਹੈ। ਪਾਗਲ, ਪ੍ਰੇਮੀ, ਕਵੀ ਅਤੇ ਕਲਾਕਾਰ ਆਪਸ ਵਿਚ ਭਰਾ ਹੁੰਦੇ ਹਨ। ਪਿਆਰ ਨਾਲ ਔਰਤ ਦੀ ਕੋਮਲਤਾ ਅਤੇ ਪੁਰਸ਼ ਦੀ ਬਹਾਦਰੀ ਇਕ ਦੂਜੇ ਵਿਚ ਪ੍ਰਵੇਸ਼ ਕਰ ਜਾਂਦੀ ਹੈ ਤੇ ਪ੍ਰੇਮੀ ਇਕ ਦੂਜੇ ਦੀ ਥਾਂ ਲੈ ਲੈਂਦੇ ਹਨ। ਪਿਆਰ ਕਰਨ ਵਾਲੀ ਔਰਤ ਅੰਤਾਂ ਦੀ ਬਹਾਦਰ ਹੋ ਜਾਂਦੀ ਹੈ ਜਦੋਂ ਕਿ ਪੁਰਸ਼ ਵਿਚ ਡਰ ਤੇ ਸਹਿਮ ਪਸਰ ਜਾਂਦਾ ਹੈ। ਜਿਹੜੀ ਔਰਤ ਚੂਹੇ ਤੋਂ ਡਰਦੀ ਹੈ, ਪਿਆਰੇ ਨੂੰ ਮਿਲਣ ਲਈ ਉਹ ਕੰਧਾਂ, ਕੋਠੇ ਟੱਪ ਜਾਂਦੀ ਹੈ।
ਪਿਆਰ ਕਰਦੇ ਵਿਅਕਤੀ ਦੀਆਂ ਅੱਖਾਂ ਲਈ ਹਰ ਵਸਤ ਪਾਰਸ ਪੱਥਰ ਤੇ ਪਰਖਿਆ ਹੋਇਆ ਸੋਨਾ ਬਣ ਜਾਂਦੀ ਹੈ। ਪ੍ਰੇਮੀਆਂ ਦੇ ਰੁਸੇਵੇਂ ਪਿਆਰ ਨੂੰ ਪੀੜਾ ਕਰਦੇ ਹਨ ਤੇ ਰੁੱਸਣਾ ਆਪਣੇ ਸੱਚੇ ਹੋਣ ਦਾ ਐਲਾਨਾਨਾਮਾ ਹੁੰਦਾ ਹੈ ਤੇ ਮਨਾਏ ਜਾਣ ਦਾ ਤਰਲਾ।
ਪ੍ਰੇਮੀਆਂ ਨੂੰ ਇਹ ਭੁਲੇਖਾ ਹੁੰਦਾ ਹੈ ਕਿ ਦੂਜਿਆਂ ਲੋਕਾਂ ਦੀਆਂ ਅੱਖਾਂ ਹੀ ਨਹੀਂ ਜਦੋਂ ਕਿ ਦੂਜੇ ਲੋਕਾਂ ਦੇ ਕੰਨ, ਨੱਕ ਵੀ ਅੱਖਾਂ ਬਣ ਜਾਂਦੇ ਹਨ।
ਪ੍ਰੇਮੀ ਆਜ਼ਾਦੀ ਦੀ ਲੜਾਈ ਲੜਦੇ ਲੜਦੇ ਇਕ ਦੂਜੇ ਦੇ ਗੁਲਾਮ ਬਣ ਜਾਂਦੇ ਹਨ। ਪਿਆਰ ਅੰਤਾਂ ਦਾ ਥਕਾ ਦੇਣ ਵਾਲਾ ਤੇ ਨਿਚੋੜ ਦੇਣ ਵਾਲਾ ਅਨੁਭਵ ਹੁੰਦਾ ਹੈ ਅਤੇ ਇਸ ਖੇਤਰ ਵਿਚ ਹਾਰੀ ਸਾਰੀ ਪੂਰਾ ਨਹੀਂ ਉਤਰ ਸਕਦਾ। ਪਿਆਰ-ਮੰਡਲਾਂ ਵਿਚ ਵਿਚਰਦਿਆਂ ਪ੍ਰੇਮੀਆਂ ਦੇ ਪਰ ਉੱਗ ਆਉਂਦੇ ਹਨ ਪਰ ਵਿਆਹ ਫਾਹੁੜੀਆਂ ਦੇ ਸਹਾਰੇ ਚਲਣ ਵਾਲੀ ਕਿਰਿਆ ਬਣ ਜਾਂਦੀ ਹੈ।
ਭਾਵੇਂ ਕਿਸੇ ਨੂੰ ਸਾਰੀ ਉਮਰ ਕਿਸੇ ਨਾਲ ਪਿਆਰ ਰਿਹਾ ਹੋਵੇ ਪਰ ਮਾਣ ਕਰਨ ਯੋਗ ਕੁਝ ਘੜੀਆਂ ਹੀ ਹੁੰਦੀਆਂ ਹਨ। ਪਿਆਰ ਦਾ ਅਨੁਭਵ ਇਸ ਲਈ ਚੰਗਾ ਲਗਦਾ ਹੈ ਕਿਉਂਕਿ ਆਪਣੇ ਲਈ ਕਿਸੇ ਨੂੰ ਤੜਪਦੇ ਵੇਖਣ ਤੋਂ ਵਧੇਰੇ ਕੋਈ ਦਿਲਕਸ਼ ਦ੍ਰਿਸ਼ ਨਹੀਂ ਹੁੰਦਾ। ਸਭ ਤੋਂ ਵਧੀਆ ਪਿਆਰ ਪ੍ਰੇਮਿਕਾ ਨੂੰ ਕੀਤਾ ਜਾਂਦਾ ਹੈ ਤੇ ਸਭ ਤੋਂ ਲੰਮਾ ਪਿਆਰ ਮਾਂ ਨੂੰ ਕੀਤਾ ਜਾਂਦਾ ਹੈ। ਪਿਆਰ ਨੂੰ ਉਹੀ ਸਮਝ ਸਕਦੇ ਹਨ, ਜਿਨ੍ਹਾਂ ਪਿਆਰ ਕੀਤਾ ਹੋਵੇ।

ਪਿਆਰ ਅਤੇ ਦੀਵਾਨਗੀ
ਪ੍ਰੇਮੀ ਆਪਣੇ ਆਪ ਨੂੰ ਮਾਨਵ ਜਾਤੀ ਦਾ ਡੀਲਕਸ ਮਾਡਲ ਸਮਝਦੇ ਹਨ।
ਉਨ੍ਹਾਂ ਨੂੰ ਆਪਣੇ ਸਫਲ ਹੋਣ ਦਾ ਮਾਣ ਤਾਂ ਹੁੰਦਾ ਹੀ ਹੈ, ਇਸ ਦੇ ਨਾਲ ਹੀ ਉਹ ਇਹ ਵੀ ਅਨੁਭਵ ਕਰਨ ਲੱਗ ਪੈਂਦੇ ਹਨ ਕਿ ਇਸ ਸੰਸਾਰ ਵਿਚ ਕੁਝ ਵੀ ਅਸੰਭਵ ਨਹੀਂ।
ਪ੍ਰੇਮੀਆਂ ਨੂੰ ਆਪਣੇ ਆਪ ਨਾਲ ਗੱਲਾਂ ਕਰਨ ਦੀ ਆਦਤ ਪੈ ਜਾਂਦੀ ਹੈ ਤੇ ਉਹ ਹਰ ਸਮੇਂ ਮਿਲਣ ਮਿਲਾਉਣ ਦੇ ਮਨਸੂਬੇ ਬਣਾਉਣ ਵਿਚ ਰੁੱਝੇ ਰਹਿੰਦੇ ਹਨ। ਪ੍ਰੇਮੀ ਇਹ ਅਨੁਭਵ ਕਰਦੇ ਹਨ ਕਿ ਉਹ ਆਪਣੇ ਪੈਰਾਂ ਉੱਪਰ ਖੜ੍ਹੇ ਹੋਣ ਦੇ ਸਮਰਥ ਹੋ ਗਏ ਹਨ ਅਤੇ ਨਤੀਜੇ ਵਜੋਂ ਭਾਵੁਕ ਖੇਤਰ ਵਿਚ ਮਾਪਿਆਂ ਉੱਤੇ ਉਨ੍ਹਾਂ ਦੀ ਨਿਰਭਰਤਾ ਘਟਣ ਲਗ ਪੈਂਦੀ ਹੈ।
ਅਸਲ ਵਿਚ ਪ੍ਰੇਮ ਕੀਤਾ ਆਪਣੇ ਆਪ ਨੂੰ ਹੀ ਜਾਂਦਾ ਹੈ ਪਰ ਇਹ ਕੀਤਾ ਦੂਜੇ ਰਾਹੀਂ ਜਾਂਦਾ ਹੈ। ਇਕ ਦੂਜੇ ਨੂੰ ਪ੍ਰੇਮੀ ਸ਼ੀਸ਼ੇ ਵਾਂਗ ਆਪਣੇ ਆਪ ਨੂੰ ਵੇਖਣ ਲਈ ਵਰਤਦੇ ਹਨ ਅਤੇ ਦੋਵੇਂ ਇਕ ਦੂਜੇ ਤੋਂ ਆਪਣੀ ਮਹਿਮਾ ਸੁਣਨੀ ਚਾਹੁੰਦੇ ਹਨ।
ਸੱਚ ਤਾਂ ਇਹ ਹੈ ਕਿ ਬਹੁਤੀਆਂ ਹਾਲਤਾਂ ਚ ਪਿਆਰ ਜਿਹੀ ਕੋਈ ਚੀਜ਼ ਨਹੀਂ ਹੁੰਦੀ ਸਗੋਂ ਇਕ ਪ੍ਰਕਾਰ ਦੀ ਦੀਵਾਨਗੀ ਦਾ ਦੌਰਾ ਪੈਂਦਾ ਹੈ ਤੇ ਆਪਣੀ ਸੀਮਤ ਸੂਝ-ਬੂਝ ਕਾਰਨ ਦੋਵੇਂ ਧਿਰਾਂ ਇਸ ਨੀਮ-ਬੇਹੋਸ਼ੀ ਵਾਲੀ ਸਥਿਤੀ ਨੂੰ ਪ੍ਰੇਮ ਜਾਂ ਪਿਆਰ ਜਾਂ ਇਸ਼ਕ ਜਾਂ ਮੁਹੱਬਤ ਦਾ ਨਾਂ ਦੇਣ ਲਗ ਪੈਂਦੇ ਹਨ।
ਦੀਵਾਨਗੀ ਵਿਚ ਦੋਹਾਂ ਧਿਰਾਂ ਚ ਇਕ ਦੂਜੇ ਨੂੰ ਪ੍ਰਾਪਤ ਕਰਨ ਦੇ ਭਾਂਬੜ ਬਲ ਪੈਂਦੇ ਹਨ ਜਦੋਂ ਕਿ ਪਿਆਰ ਵਿਚ ਦੋਸਤੀ ਵਾਲੀ ਮਿਠਾਸ ਤੇ ਸਰਦੀਆਂ ਦੀ ਧੁੱਪ ਵਾਲਾ ਨਿੱਘ ਹੁੰਦਾ ਹੈ ਪਰ ਦੀਵਾਨਗੀ ਵਿਚ ਅਸੁਰੱਖਿਆ ਦੀ ਤਿੱਖੀ ਪੀੜਾ ਹੁੰਦੀ ਹੈ।
ਪ੍ਰੇਮੀ ਦੀਵਾਨਗੀ ਦੀ ਅਵਸਥਾ ਵਿਚ ਜੁਸ਼ੀਲੇ ਜਿਗਿਆਸੂ ਤਾਂ ਹੁੰਦੇ ਹੀ ਹਨ ਪਰ ਉਹ ਪ੍ਰਸੰਨ ਨਹੀਂ ਹੁੰਦੇ। ਦੀਵਾਨੇ ਬਹੁਤ ਸਾਰੇ ਸ਼ੰਕਿਆਂ ਦਾ ਸ਼ਿਕਾਰ ਹੁੰਦੇ ਹਨ, ਉਨ੍ਹਾਂ ਦੇ ਮਨ ਵਿਚ ਦੂਜੀ ਧਿਰ ਸਬੰਧੀ ਕਈ ਪ੍ਰਸ਼ਨ ਉਪਜਦੇ ਹਨ, ਜਿਨ੍ਹਾਂ ਦੇ ਉਨ੍ਹਾਂ ਕੋਲ ਉੱਤਰ ਨਹੀਂ ਹੁੰਦੇ ਤੇ ਖੇਡ ਦੇ ਵਿਗੜ ਜਾਣ ਦੇ ਡਰ ਕਾਰਨ ਦੂਜੀ ਧਿਰ ਤੋਂ ਬਹੁਤੇ ਪ੍ਰਸ਼ਨ ਪੁੱਛਣ ਤੋਂ ਸੰਕੋਚ ਹੀ ਕੀਤਾ ਜਾਂਦਾ ਹੈ।
ਦੂਜੇ ਪਾਸੇ ਸੱਚਾ ਪਿਆਰ ਬਿਨ-ਬੋਲੇ ਇਕ ਦੂਜੇ ਨੂੰ ਸਮਝਣ ਦਾ ਹੁਨਰ ਹੈ ਤੇ ਦੂਜੀ ਧਿਰ ਦੀਆਂ ਘਾਟਾਂ ਨੂੰ ਖਿੜੇ ਮੱਥੇ ਸਵੀਕਾਰ ਕਰਨ ਦਾ ਕਮਾਲ ਹੈ।
ਪਿਆਰ ਵਿਚ ਪ੍ਰਸ਼ਨਾਂ-ਭਰੀ ਗੱਲਬਾਤ ਦੀ ਥਾਂ ਵਿਸ਼ਵਾਸ ਭਰੇ ਵਾਕ ਬੋਲੇ ਜਾਂਦੇ ਹਨ ਜਿਨ੍ਹਾਂ ਕਾਰਨ ਦੋਵੇਂ ਧਿਰਾਂ ਮਜ਼ਬੂਤ ਹੁੰਦੀਆਂ ਜਾਂਦੀਆਂ ਹਨ। ਦੀਵਾਨਗੀ ਵਿਚ ਗੈਰ-ਹਾਜ਼ਰੀ ਦੀ ਸਥਿਤੀ ਵਿਚ ਦੋਵੇਂ ਧਿਰਾਂ ਲੁਛਦੀਆਂ ਤੇ ਵਿਲਕਦੀਆਂ ਹਨ ਪਰ ਪਿਆਰ ਵਿਚ ਦੂਰੀ ਦੇ ਬਾਵਜੂਦ ਇਕ ਦੂਜੇ ਨੂੰ ਨਿੱਘ ਭਰੀ ਧਰਵਾਸ ਹੁੰਦੀ ਹੈ। ਇਕ ਧਿਰ ਕਿਧਰੇ ਵੀ ਹੋਵੇ ਦੂਜੀ ਧਿਰ ਨੂੰ ਵਿਸ਼ਵਾਸ ਹੁੰਦਾ ਹੈ ਕਿ ਉਹ ਮੇਰਾ ਹੈ, ਉਹ ਮੇਰੀ ਹੈ। ਪਿਆਰ ਵਿਚ ਇਹ ਵਿਸ਼ਵਾਸ ਹੁੰਦਾ ਹੈ ਕਿ ਮੇਰੇ ਬਿਨਾਂ ਉਸ ਦਾ ਦਿਲ ਲਗਣਾ ਹੀ ਨਹੀਂ, ਪਰ ਦੀਵਾਨਗੀ ਵਿਚ ਇਹ ਸ਼ੱਕ ਹੁੰਦਾ ਹੈ ਕਿ ‘ਕਿਧਰੇ ਉਹ ਕਿਸੇ ਹੋਰ ਨਾਲ ਤਾਂ ਨਹੀਂ?’ ਪਿਆਰ ਚ ਉਡੀਕ ਕਰਨ ਦੀ ਅਥਾਹ ਸਮਰਥਾ ਹੁੰਦੀ ਹੈ ਜਦੋਂ ਕਿ ਦੀਵਾਨਗੀ ਜਾਂ ਦਿਲ-ਲਗੀ ਵਿਚ ਕਾਹਲ ਹੁੰਦੀ ਹੈ।
ਪਿਆਰ ਵਿਚ ਆਪਣੇ ਆਪ ਨੂੰ ਚੁੱਪ-ਚੁਪੀਤੇ ਲੁਟਾਉਣ ਦਾ ਸ਼ਾਹਾਨਾ ਕਿਰਦਾਰ ਹੁੰਦਾ ਹੈ ਤੇ ਦਿਲ-ਲਗੀ ਵਿਚ ਦੂਜੇ ਨੂੰ ਲੁੱਟ ਲੈਣ ਦੀ ਸਾਜ਼ਸ਼ ਹੁੰਦੀ ਹੈ। ਦਿਲ-ਲਗੀ ਇਕ ਚਲਿੱਤਰ ਭਰੀ ਚਾਲ ਹੁੰਦੀ ਹੈ ਜਦੋਂ ਕਿ ਪਿਆਰ ਸਬਰ, ਸੰਤੋਖ, ਸਿਦਕ, ਸਿਰੜ, ਸਹਿਜ ਅਤੇ ਸੁਭਾਵਕਤਾ ਦੀ ਸ਼ਾਂਤ ਕਵਿਤਾ ਹੈ। ਦੀਵਾਨਿਆਂ ਦੀ ਆਵਾਜ ਵਿਚ ਤੜਪ ਹੁੰਦੀ ਹੈ ਜਦੋਂ ਕਿ ਪ੍ਰੇਮੀਆਂ ਦੀ ਆਵਾਜ ਗੂੰਜ ਭਰੀ ਹੁੰਦੀ ਹੈ।
ਦੀਵਾਨੇ ਭੋਗੀ ਹੁੰਦੇ ਹਨ ਪ੍ਰੇਮੀ ਤਿਆਗੀ ਹੁੰਦੇ ਹਨ। ਦੀਵਾਨਗੀ ਕੱਚੀ ਅੰਬੀ ਦਾ ਸੁਆਦ ਹੈ ਜਦੋਂ ਕਿ ਪ੍ਰੇਮ ਦੋਹਾਂ ਧਿਰਾਂ ਦੇ ਪੱਕਣ ਤੇ ਰਸਣ ਦਾ ਸਹਿਜ-ਸੁਭਾਵਕ ਅਮਲ ਹੈ।
ਪਿਆਰ ਦੋਸਤੀ ਦੇ ਪੱਕਣ ਦਾ ਨਾਂ ਹੈ। ਇਹ ਆਪ-ਮੁਹਾਰੇ ਵਿਆਹ ਵਲ ਵਿਕਾਸ ਕਰਦਾ ਹੈ ਜਦੋਂ ਕਿ ਦੀਵਾਨਗੀ ਫਸਣ ਜਾਂ ਫਸਾਉਣ ਦੀ ਜਿਦ ਹੈ ਅਤੇ ਮੱਲੋਜੋਰੀ ਵਿਆਹ ਵੱਲ ਖਿੱਚਣ ਧਰੂਹਣ ਦੀ ਅੜੀ ਹੈ।
ਪਿਆਰ ਵਿਚ ਦੂਜੀ ਧਿਰ ਦੀਆਂ ਮਜ਼ਬੂਰੀਆਂ ਨੂੰ ਸਮਝਿਆ ਜਾਂਦਾ ਹੈ ਜਦੋਂ ਕਿ ਦੀਵਾਨਗੀ ਵਿਚ ਦੂਜੀ ਧਿਰ ਉਤੇ ਤੋਹਮਤਾਂ ਲਾਈਆਂ ਜਾਂਦੀਆਂ ਹਨ ਜਿਨ੍ਹਾਂ ਕਾਰਨ ਰਿਸ਼ਤਾ ਵਿਗੜਦਾ ਹੈ।
ਦੀਵਾਨਗੀ ਦਾ ਬੁਖ਼ਾਰ ਉਤਰ ਜਾਣ ਪਿੱਛੋਂ ਦੋਵੇਂ ਧਿਰਾਂ ਆਪਣੇ ਕੀਤੇ ਉਤੇ ਪਛਤਾਉਂਦੀਆਂ ਹਨ ਪਰ ਪਿਆਰ ਵਿਚ ਕਦੀ ਪਛਤਾਵਾ ਨਹੀਂ ਹੁੰਦਾ।
ਪਿਆਰ ਵਿਚ ਤਾਂ ਸਾਡੀ ਸੋਚ ਉਡਾਰੀਆਂ ਲਾਉਂਦੀ ਹੈ। ਪ੍ਰੇਮੀ ਉੱਚਾ-ਉੱਚਾ ਸੋਚਦੇ ਹਨ ਮਿੱਠਾ ਮਿੱਠਾ ਬੋਲਦੇ ਹਨ। ਪ੍ਰੇਮੀ ਅਗਰਬੱਤੀ ਦੀ ਸੁਗੰਧ ਵਾਂਗ ਖਿੱਲਰ ਜਾਂਦੇ ਹਨ, ਸ਼ਹਿਨਾਈ ਦੀ ਗੂੰਜ ਬਣ ਜਾਂਦੇ ਹਨ। ਪ੍ਰੇਮੀਆਂ ਬਾਰੇ ਹੀ ਕਿਹਾ ਜਾਂਦਾ ਹੈ, ‘ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ।‘
ਪ੍ਰੇਮੀ ਦੇਖ ਕੇ ਅਣਡਿੱਠ ਕਰਦੇ ਹਨ। ਉਨ੍ਹਾਂ ਦੇ ਹੱਥੀਂ ਕਈਆਂ ਦੀਆਂ ਪਾਟੀਆਂ ਕਿਸਮਤਾਂ ਸੀਤੀਆਂ ਜਾਂਦੀਆਂ ਹਨ, ਕਈਆਂ ਦੇ ਵਿਗੜੇ ਨਸੀਬ ਸੰਵਰਦੇ ਹਨ। ਪਿਆਰ ਨਾਲ ਮਨੁੱਖੀ ਸ਼ਖਸੀਅਤ ਵਿਚੋਂ ਖੋਟ ਨਿਕਲ ਜਾਂਦੀ ਹੈ ਅਤੇ ਸਾਧਾਰਣ ਜਿਹੇ ਮਨੁੱਖ ਵੀ ਪਿਆਰ ਦੀ ਜਾਗ ਨਾਲ ਆਦਰਸ਼-ਮਨੁੱਖ ਬਣ ਜਾਂਦੇ ਹਨ। ਦੀਵਾਨਗੀ ਅੰਨ੍ਹੀ ਹੁੰਦੀ ਹੈ ਜਦੋਂ ਕਿ ਪਿਆਰ ਅੰਨ੍ਹਿਆਂ ਨੂੰ ਵੀ ਸੁਜਾਖਾ ਬਣਾ ਦਿੰਦਾ ਹੈ।
ਸੱਚੇ ਅਰਥਾਂ ਵਿਚ ਖ਼ੁਸ਼ਹਾਲ ਮੁਲਕ ਜਾਂ ਘਰ ਉਹ ਹੁੰਦਾ ਹੈ ਜਿਸ ਬਾਰੇ ਇਤਿਹਾਸਕਾਰਾਂ ਜਾਂ ਗੁਆਂਢੀਆਂ ਕੋਲ ਕਹਿਣ ਲਈ ਕੁਝ ਵੀ ਨਾ ਹੋਵੇ। ਅਜਿਹੀ ਸਥਿਤੀ ਵਿਚ ਅਸੀਂ ਆਪ-ਮੁਹਾਰੇ ਪ੍ਰਸੰਸਾ ਵਾਲੇ ਵਾਕ ਬੋਲਣ ਲੱਗ ਪੈਂਦੇ ਹਾਂ। ਉਪਰੋਕਤ ਪਿਆਰ ਅਤੇ ਦੀਵਾਨਗੀ ਵਿਚਲੇ ਵਖਰੇਵੇਂ ਦੇ ਉਲੇਖ ਦਾ ਉਦੇਸ਼ ਇਹ ਸਿੱਧ ਕਰਨਾ ਹੈ ਕਿ ਬਹੁਤੀਆਂ ਹਾਲਤਾਂ ਵਿਚ ਅਸੀਂ ਦੀਵਾਨਗੀ ਨੂੰ ਹੀ ਪ੍ਰੇਮ ਅਤੇ ਦੀਵਾਨਿਆਂ ਨੂੰ ਹੀ ਪ੍ਰੇਮੀ ਕਹਿਣ ਦਾ ਭੁਲੇਖਾ ਖਾ ਲੈਂਦੇ ਹਾਂ।
ਬਹੁਤੇ ਵਿਅਕਤੀ ਅਨੁਭਵਾਂ ਦੇ ਕਬਾੜੀ ਬਾਜ਼ਾਰ ਵਿਚ ਹੀ ਸਾਰੀ ਉਮਰ ਗੁਜ਼ਾਰ ਦਿੰਦੇ ਹਨ ਤੇ ਉਹ ਸਰੀਰਕ ਭੁੱਖ ਸ਼ਾਂਤ ਕਰਨ ਵਿਚ ਹੀ ਲੱਗੇ ਰਹਿੰਦੇ ਹਨ। ਕਿਉਂਕਿ ਬਹੁਤੇ ਵਿਅਕਤੀਆਂ ਨੂੰ ਪਿਆਰ ਦਾ ਅਨੁਭਵ ਹੀ ਨਹੀਂ ਹੋਇਆ ਹੁੰਦਾ। ਉਹ ਦੀਵਾਨਗੀ ਨੂੰ ਹੀ ਪ੍ਰੇਮ ਸਮਝ ਲੈਂਦੇ ਹਨ। ਅਜਿਹੇ ਦੀਵਾਨੇ-ਪ੍ਰੇਮੀ ਆਮ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ। ਅਸਲੀਅਤ ਇਹ ਹੈ ਕਿ ਅਜਿਹੇ ਪ੍ਰੇਮੀ ਦਿਨ ਵਿਚ ਹੀ ਅੱਧ-ਸੁੱਤੀ ਅਵਸਥਾ ਵਿਚ ਵਿਚਰਦੇ ਹਨ ਅਰਥਾਤ ਉਹ ਰਾਤ ਵਾਲੀ ਨੀਂਦਰ ਨੂੰ ਦਿਨ ਵਿਚ ਪੂਰਿਆਂ ਕਰ ਲੈਂਦੇ ਹਨ। ਅਜਿਹੇ ਪ੍ਰੇਮੀ ਆਪਣੀ ਸਰੀਰਕ ਕਿਰਿਆ ਨੂੰ ਇਸ ਹੱਦ ਤੱਕ ਘਟਾ ਲੈਂਦੇ ਹਨ ਕਿ ਉਨ੍ਹਾਂ ਦੇ ਸਰੀਰ ਨੂੰ ਕਿਸੇ ਪ੍ਰਕਾਰ ਦੀ ਥਕਾਵਟ ਹੋਈ ਹੀ ਨਹੀਂ ਹੁੰਦੀ। ਤੁਸੀਂ ਆਪ ਸੋਚੋ ਕਿ ਕੰਮ ਨਾ ਕਰਨ ਵਾਲੇ ਤੇ ਦਿਨ ਵਿਚ ਹੀ ਸੁੱਤੇ ਰਹਿਣ ਵਾਲੇ ਵਿਹਲੇ ਵਿਅਕਤੀਆਂ ਨੂੰ ਰਾਤ ਨੂੰ ਨੀਂਦਰ ਕਿਵੇਂ ਆ ਸਕਦੀ ਹੈ। ਹੈਰਾਨੀ ਦੀ ਗੱਲ ਨਹੀਂ ਕਿ ਪ੍ਰੇਮੀ ਦਿਨੇ ਹੀ ਸੁਪਨੇ ਵੇਖਦੇ ਰਹਿੰਦੇ ਹਨ।
ਇਵੇਂ ਹੀ ਪ੍ਰੇਮੀਆਂ ਦੀ ਸ਼ਿਕਾਇਤ ਹੁੰਦੀ ਹੈ ਕਿ ਉਨ੍ਹਾਂ ਨੂੰ ਭੁੱਖ ਨਹੀਂ ਲਗਦੀ ਅਸਲੀਅਤ ਇਹ ਹੈ ਕਿ ਉਹ ਕੋਈ ਸਰੀਰਕ ਕਿਰਿਆ ਤਾਂ ਕਰਦੇ ਨਹੀਂ ਤੇ ਨਾ ਹੀ ਉਨ੍ਹਾਂ ਦਾ ਦਿਮਾਗ ਕਿਸੇ ਸਮੱਸਿਆ ਬਾਰੇ ਸੋਚਦਾ ਹੈ। ਸਰੀਰ ਜਾਂ ਦਿਮਾਗ ਥੱਕਦਾ ਨਹੀਂ ਇਸੇ ਕਰਕੇ ਘੱਟ ਖੁਰਾਕ ਨਾਲ ਗੁਜ਼ਾਰਾ ਹੋ ਜਾਂਦਾ ਹੈ। ਸਾਨੂੰ ਭੁੱਖ ਲੱਗੇਗੀ ਹੀ ਤਾਂ ਜੇ ਅਸੀਂ ਕੋਈ ਕੰਮ ਕਰੀਏ। ਦੀਵਾਨੇ-ਪ੍ਰੇਮੀ ਆਪਣੀ ਦੀਵਾਨਗੀ ਦੇ ਪਰਦੇ ਥੱਲੇ ਆਪਣੇ ਵਿਹਲੇਪਣ ਨੂੰ ਛੁਪਾਉਂਦੇ ਹਨ। ਇਵੇਂ ਹੀ ਉਹ ਕਹਿੰਦੇ ਹਨ ਕਿ ਉਨ੍ਹਾਂ ਦਾ ਦਿਲ ਕਿਧਰੇ ਨਹੀਂ ਲਗਦਾ। ਕਾਰਨ ਇਹ ਹੈ ਕਿ ਦੀਵਾਨਗੀ ਇਕ ਮਨੋਵਿਗਿਆਨਕ ਰੋਗ ਹੈ ਤੇ ਰੋਗੀਆਂ ਦੇ ਦਿਲ ਕਿਧਰੇ ਨਹੀਂ ਲਗਦੇ ਹੁੰਦੇ। ਇਸ ਰੋਗ ਕਾਰਨ ਹੀ ਪ੍ਰੇਮੀ ਅੰਤਾਂ ਦੀ ਇਕੱਲਤਾ ਅਨੁਭਵ ਕਰਦੇ ਹਨ। ਪਾਗਲ ਦਾ ਕੋਈ ਸੰਗੀ-ਸਾਥੀ ਨਹੀਂ ਹੋ ਸਕਦਾ। ਕਦੀ ਤੁਸੀਂ ਦੋ ਪਾਗਲਾਂ ਨੂੰ ਇਕੱਠੇ ਜਾਂਦੇ ਵੇਖਿਆ ਹੈ?
ਦੀਵਾਨਗੀ ਨੀਮ-ਪਾਗਲਪੁਣੇ ਦੀ ਅਵਸਥਾ ਹੈ ਜਦੋਂ ਕਿ ਪਿਆਰ ਵਿਚ ਭੁੱਖ ਵੀ ਲਗਦੀ ਹੈ, ਵਧੇਰੇ ਕੰਮ ਕਰਨ ਦਾ ਜੋਸ਼ ਉਪਜਦਾ ਹੈ, ਦੂਜੀ ਧਿਰ ਨੂੰ ਕੁਝ ਕਰ ਕੇ ਦਿਖਾਉਣ ਦੀ ਇੱਛਾ ਉਪਜਦੀ ਹੈ, ਸਾਰਾ ਸੰਸਾਰ ਸੋਹਣਾ ਲਗਦਾ ਹੈ।
ਕਹਿੰਦੇ ਹਨ ਕਿ ਪ੍ਰੇਮੀਆਂ ਨੂੰ ਆਪਣੇ ਆਪ ਨਾਲ ਗੱਲਾਂ ਕਰਨ ਦੀ ਆਦਤ ਪੈ ਜਾਂਦੀ ਹੈ। ਇਸ ਆਦਤ ਦੇ ਵੀ ਕਈ ਕਾਰਨ ਹਨ। ਦੀਵਾਨੇ ਪ੍ਰੇਮੀ ਅਸਲ ਵਿਚ ਆਪਣੇ ਆਪ ਨੂੰ ਹੀ ਪਿਆਰਦੇ ਹਨ ਤੇ ਸਭ ਪ੍ਰਕਾਰ ਦੀ ਵਿਰੋਧਤਾ ਤੋਂ ਡਰਦੇ ਹਨ। ਇਸੇ ਲਈ ਉਹ ਆਪਣੇ ਆਪ ਨਾਲ ਗੱਲਾਂ ਕਰ ਕੇ ਗੱਲਬਾਤ ਵਿਚ ਆਪਣੇ ਜਿੱਤ ਜਾਣ ਦਾ ਭੁਲੇਖਾ ਪਾਉਂਦੇ ਹਨ।
ਪ੍ਰੇਮ ਕਰਨ ਲਈ ਹਰ ਪ੍ਰਕਾਰ ਦੀ ਉਦਾਹਰਣ ਵਿਚ ਦੋ ਧਿਰਾਂ ਦਾ ਹੋਣਾ ਲਾਜ਼ਮੀ ਹੈ ਪਰ ਦੀਵਾਨਗੀ ਵਿਚ ਰਿਸ਼ਤਾ ਉਦੋਂ ਰੋਚਕ ਬਣਦਾ ਹੈ ਜਦੋਂ ਕੋਈ ਤੀਜੀ ਧਿਰ ਵੀ ਉਤਪੰਨ ਹੋ ਜਾਵੇ। ਦੀਵਾਨਗੀ ਵਿਚ ਤੀਜੀ ਧਿਰ ਉਪਜ ਪੈਣਾ ਲਗਭਗ ਲਾਜ਼ਮੀ ਹੈ। ਇਹ ਤੀਜੀ ਧਿਰ ਪਹਿਲੀਆਂ ਦੋ ਧਿਰਾਂ ਵਿਚੋਂ ਕਿਸੇ ਇਕ ਧਿਰ ਵਿਚ ਸਾੜਾ ਜਾਂ ਈਰਖਾ ਉਪਜਾਉਂਦੀ ਹੈ। ਸਾੜੇ ਅਤੇ ਈਰਖਾ ਦੇ ਵੀ ਠੋਸ ਆਧਾਰ ਹੁੰਦੇ ਹਨ। ਜੇ ਪ੍ਰੇਮਿਕਾ ਦਾ ਕਿਸੇ ਹੋਰ ਪੁਰਸ਼ ਵੱਲ ਰੁਝਾਣ ਹੋ ਜਾਵੇ ਤਾਂ ਦੀਵਾਨਾ-ਪ੍ਰੇਮੀ ਕੌਡਾ ਰਾਖਸ਼ ਬਣ ਜਾਂਦਾ ਹੈ।
ਦੀਵਾਨਗੀ ਵਿਚ ਦੋਹਾਂ ਧਿਰਾਂ ਨੇ ਆਪਣੀਆਂ ਯੋਗਤਾਵਾਂ ਨੂੰ ਵਧਾ ਚੜ੍ਹਾ ਕੇ ਦੱਸਿਆ ਹੁੰਦਾ ਹੈ। ਡਰ ਹੁੰਦਾ ਹੈ ਕਿ ਤੀਜੀ ਧਿਰ ਆਪਣੀਆਂ ਯੋਗਤਾਵਾਂ ਨੂੰ ਹੋਰ ਵਧੇਰੇ ਚੜ੍ਹਾ ਕੇ ਦੱਸ ਕੇ ਪ੍ਰੇਮਿਕਾ ਨੂੰ ਭਰਮਾਉਣ ਵਿਚ ਸਫਲ ਹੋ ਜਾਵੇਗੀ। ਇਸ ਦੇ ਨਾਲ ਹੀ ਦੀਵਾਨਗੀ ਵਿਚ ਦੋਵੇਂ ਧਿਰਾਂ ਦੀ ਭਰਮ ਨਵਿਰਤੀ ਵੀ ਹੋਣੀ ਆਰੰਭ ਹੋ ਜਾਂਦੀ ਹੈ। ਦੋਵੇਂ ਧਿਰਾਂ ਹੀਲੇ-ਬਹੀਲੇ ਇਕ ਦੂਜੇ ਨੂੰ ਛੱਡਣ ਤੇ ਕਿਸੇ ਹੋਰ ਨੂੰ ਭਰਮਾਉਣ ਦੇ ਰਾਹ ਲੱਭਣ ਲਗ ਪੈਂਦੀਆਂ ਹਨ। ਜਿਹੜੀ ਧਿਰ ਪਹਿਲਾਂ ਕਾਮਯਾਬ ਹੋ ਜਾਵੇ ਉਸ ਉਤੇ ਬੇਵਫ਼ਾਈ ਦਾ ਇਲਜ਼ਾਮ ਲਗ ਜਾਂਦਾ ਹੈ ਤੇ ਨਾਕਾਮਯਾਬ ਧਿਰ ਆਪਣੇ ਅਯੋਗ ਹੋਣ ਦਾ ਸੋਗ ਮਨਾਉਂਦੀ ਹੈ, ਜਿਸ ਨੂੰ ਆਮ ਕਰਕੇ ਉਦਾਸੀ ਕਿਹਾ ਜਾਂਦਾ ਹੈ। ਇਸ ਅਵਸਥਾ ਵਿਚ ਸਾਧਾਰਣ ਸਾਹ ਹੌਕੇ ਬਣ ਜਾਂਦੇ ਹਨ, ਰੰਗ ਫਿੱਕੇ ਪ੍ਰਤੀਤ ਹੁੰਦੇ ਹਨ, ਗੱਡੀ ਲੰਘਣ ਪਿੱਛੋਂ ਪਲੇਟਫਾਰਮ ਵਾਲੀ ਹਾਲਤ ਹੁੰਦੀ ਹੈ ਤੇ ਸੋਗੀ ਗੀਤ-ਸੰਗੀਤ ਨਾਲ ਮੋਹ ਵਧਦਾ ਹੈ।
ਦੀਵਾਨਗੀ ਵਿਚ ਦੋਵੇਂ ਧਿਰਾਂ ਇਕ ਦੂਜੇ ਨੂੰ ਪਿਆਰ ਦੇਣ ਦੀ ਥਾਂ ਲੈਣ ਦਾ ਦੰਗਲ ਰਚਾਉਂਦੀਆਂ ਹਨ। ਇਹ ਇਕ ਭਾਵੁਕ ਸਾਂਝੇਦਾਰੀ ਹੁੰਦੀ ਹੈ ਤੇ ਇਸ ਦਾ ਟੁੱਟਣਾ ਲਾਜ਼ਮੀ ਹੈ ਕਿਉਂਕਿ ਸਾਂਝੇਦਾਰੀਆਂ ਦੀ ਬੁਨਿਆਦ ਵਿਚ ਸੁਹਿਰਦਤਾ ਦੀ ਥਾਂ ਸੁਆਰਥ ਹੁੰਦਾ ਹੈ।
ਪਿਆਰ ਦਾ ਰਾਹ ਕਦੇ ਵੀ ਸਿੱਧਾ ਨਹੀਂ ਹੁੰਦਾ। ਇਸ ਉੱਤੇ ਚਲਣ ਲਈ ਅੰਤਾਂ ਦੀ ਮਿਹਨਤ ਤੇ ਸਦੀਵੀ ਸਿਰੜ ਦੀ ਲੋੜ ਹੁੰਦੀ ਹੈ। ਪ੍ਰੇਮ ਵਿਚ ਦੋਹਾਂ ਧਿਰਾਂ ਦਾ ਨਿਰੰਤਰ ਵਿਕਾਸ ਪਹਿਲੀ ਲੋੜ ਹੈ। ਇਹ ਵਿਕਾਸ ਬੜੀ ਸਖ਼ਤ ਮਿਹਨਤ ਵਿਚੋਂ ਉਪਜਦਾ ਹੈ। ਜਦੋਂ ਦੋ ਮਿਹਨਤੀ ਤੇ ਸਿਦਕੀ ਪ੍ਰੇਮੀ ਵਿਆਹ ਸਬੰਧਾਂ ਵਿਚ ਬੰਨ੍ਹੇ ਜਾਣ ਤਾਂ ਸਾਰਾ ਸਮਾਜ ਲਾਭ ਉਠਾਉਂਦਾ ਹੈ ਪਰ ਜਦੋਂ ਦੋ ਦੀਵਾਨੇ ਵਿਆਹ ਵਿਚ ਜਕੜੇ ਜਾਣ ਤਾਂ ਉਨ੍ਹਾਂ ਦੀਆਂ ਰਾਤਾਂ ਭਾਵੇਂ ਰੰਗੀਨ ਹੋਣ ਪਰ ਉਨ੍ਹਾਂ ਦੇ ਦਿਨ ਬੜੇ ਫਿੱਕੇ ਹੁੰਦੇ ਹਨ।

ਪਿਆਰ ਅਤੇ ਵਿਆਹ
ਜੇ ਮੰਨ ਲਿਆ ਜਾਵੇ ਕਿ ਕਿਸੇ ਨਾਲ ਪਿਆਰ ਆਪ-ਮੁਹਾਰੇ ਹੋ ਜਾਂਦਾ ਹੈ ਤਾਂ ਇਹ ਵੀ ਮੰਨਣਾ ਪਵੇਗਾ ਕਿ ਇਹ ਟੁੱਟ ਵੀ ਆਪ ਮੁਹਾਰੇ ਜਾਂਦਾ ਹੈ। ਸਮਾਜਿਕ ਅਤੇ ਆਰਥਿਕ ਤਬਦੀਲੀਆਂ ਕਾਰਨ ਪਿਆਰ ਦਾ ਸੰਕਲਪ ਵੀ ਬਦਲ ਗਿਆ ਹੈ।
ਸਾਰੀਆਂ ਪ੍ਰਸਿੱਧ ਕਹਾਣੀਆਂ ਅਸਫਲ ਪਿਆਰ ਦੀਆਂ ਕਹਾਣੀਆਂ ਹਨ। ਜੋ ਹੀਰ ਦਾ ਰਾਂਝੇ ਨਾਲ ਜਾਂ ਸੱਸੀ ਦਾ ਪੁੰਨੂ ਨਾਲ ਜਾਂ ਸੋਹਣੀ ਦਾ ਮਹੀਂਵਾਲ ਨਾਲ ਵਿਆਹ ਹੋ ਜਾਂਦਾ ਜਾਂ ਉਹ ਪਿਆਰ ਵਿਚ ਸਫਲ ਹੋ ਜਾਂਦੇ ਤਾਂ ਅੱਜ ਕੋਈ ਵੀ ਉਨ੍ਹਾਂ ਦੇ ਨਾਂ ਤੋਂ ਵਾਕਫ ਨਾਂ ਹੁੰਦਾ। ਸਪਸ਼ਟ ਹੈ ਕਿ ਅਸਫਲਤਾ ਜਾਂ ਦੁਖਾਂਤ ਪਿਆਰ ਦੀ ਅੰਤਲੀ ਹੋਣੀ ਹੈ।
ਪਿਆਰ ਵਿਚ ਸਫਲ ਹੋਣਾ ਵੀ ਕਿਸੇ ਵੀ ਪੱਖ ਤੋਂ ਸੁਖਦਾਈ ਅਨੁਭਵ ਨਹੀਂ ਹੈ। ਪਿਆਰ ਨੂੰ ਸਦੀਵੀ ਬਣਾਉਣ ਲਈ ਪ੍ਰੇਮੀ ਵਿਆਹ ਲਈ ਤਾਂਘਦੇ ਹਨ, ਪਰ ਵਿਆਹ ਦੀ ਦਹਿਲੀਜ਼ ਟਪਦਿਆਂ ਹੀ ਉਨ੍ਹਾਂ ਦਾ ਯਥਾਰਥ ਨਾਲ ਸਾਹਮਣਾ ਹੁੰਦਾ ਹੈ ਤੇ ਉਨ੍ਹਾਂ ਦਾ ਕਿਆਸਿਆ ਹੋਇਆ ਸੁਪਨ-ਦੇਸ-ਰੇਤ-ਛਲ ਬਣ ਕੇ ਰਹਿ ਜਾਂਦਾ ਹੈ।
ਪ੍ਰੇਮੀ ਅਜਨਬੀ ਹੁੰਦੇ ਹਨ ਤੇ ਅਜਨਬੀ ਸਦਾ ਦਿਲ ਲੁਭਾਉਣੇ ਹੁੰਦੇ ਹਨ ਪਰ ਇਹ ਅਜਨਬੀ ਜਦੋਂ ਪਤੀ-ਪਤਨੀ ਬਣ ਜਾਂਦੇ ਹਨ ਤਾਂ ਉਨ੍ਹਾਂ ਦੀ ਸਮਾਜ ਵਿਰੁੱਧ ਐਲਾਨੀ ਬਗਾਵਤ ਮੁੱਕ ਜਾਂਦੀ ਹੈ, ਅਰਥਾਤ ਸਮਾਜ ਉਨ੍ਹਾਂ ਨੂੰ ਆਪਣੇ ਬੰਧਨਾਂ ਵਿਚ ਜਕੜ ਲੈਂਦਾ ਹੈ। ਇਵੇਂ ਵਿਆਹ ਪਿਆਰ ਦਾ ਅੰਤ ਸਾਬਤ ਹੁੰਦਾ ਹੈ।
ਪਿਆਰ ਇਕ ਲੋਕਤੰਤਰਕ ਅਨੁਭਵ ਹੈ ਜਿਸ ਵਿ ਸਰਦਾਰੀ ਔਰਤ ਦੀ ਹੁੰਦੀ ਹੈ ਪਰ ਵਿਆਹ ਤਾਨਾਸ਼ਾਹੀ ਹੈ, ਜਿਸ ਵਿਚ ਸਰਦਾਰੀ ਪੁਰਸ਼ ਦੀ ਹੁੰਦੀ ਹੈ। ਇਵੇਂ ਪਿਆਰ ਅਤੇ ਵਿਆਹ ਦੋ ਵੱਖਰੇ ਸੰਸਾਰ ਹਨ ਅਤੇ ਇਕ ਦੂਜੇ ਦੇ ਬਿਲਕੁਲ ਉਲਟ। ਇਸੇ ਲਈ ਹੈਰਾਨੀ ਦੀ ਗੱਲ ਨਹੀਂ ਕਿ ਪ੍ਰੇਮ-ਵਿਆਹ ਬੜੀ ਛੇਤੀ ਬੋਰੀਅਤ ਅਤੇ ਥਕਾਵਟ ਦਾ ਸ਼ਿਕਾਰ ਹੋ ਜਾਂਦੇ ਹਨ। ਪਤੀ ਪਤਨੀ ਦੋਹਾਂ ਨੂੰ ਆਪਣੇ ਪਿਆਰ ਉਤੇ ਮਾਣ ਹੋਣ ਦੀ ਥਾਂ ਸ਼ਰਮ ਆਉਣ ਲਗ ਪੈਂਦੀ ਹੈ।
ਚੋਰੀ-ਛਿਪੇ ਕੀਤੇ ਜਾਣ ਵਾਲਾ ਪਿਆਰ ਪੈਂਦਿਆਂ ਵੀ ਪਤਾ ਨਹੀਂ ਲਗਦਾ ਤੇ ਟੁੱਟਦਿਆਂ ਵੀ ਪਤਾ ਨਹੀਂ ਲੱਗਦਾ। ਜਿਸ ਪਿਆਰ ਦੀ ਬੁਨਿਆਦ ਵਿਚ ਝੂਠ ਹੈ ਉਹ ਪਿਆਰ ਬਹੁਤਾ ਚਿਰ ਚਲ ਹੀ ਨਹੀਂ ਸਕਦਾ। ਨੇੜੇ ਦੀ ਰਿਸ਼ਤੇਦਾਰੀ ਵਿਚ ਪਿਆਰ, ਵਿਆਹੇ ਪੁਰਸ਼ ਅਤੇ ਕੁਆਰੀ ਕੁੜੀ ਦਾ ਪਿਆਰ ਜਾਂ ਵਿਆਹੀ ਔਰਤ ਤੇ ਅਣ ਵਿਆਹੇ ਮਰਦ ਦਾ ਪਿਆਰ ਜਾਂ ਵਿਆਹੇ ਪੁਰਸ਼ ਅਤੇ ਵਿਆਹੀ ਔਰਤ ਦਾ ਪਿਆਰ ਲੰਮੀ ਉਮਰ ਵਾਲੇ ਨਹੀਂ ਹੋ ਸਕਦੇ।
ਵਿਆਹ ਉਪਰੰਤ ਔਰਤ ਦਾ ਵਿਹਾਰ ਚੰਚਲਤਾ ਤੇ ਨਖ਼ਰੇ ਦੀ ਥਾਂ ਅਮਲੀ ਹੋ ਜਾਂਦਾ ਹੈ ਜਦ ਕਿ ਪੁਰਸ਼ ਨੂੰ ਉਸ ਦੀ ਚੰਚਲਤਾ ਨਾਲ ਪਿਆਰ ਹੁੰਦਾ ਹੈ। ਇਹ ਇਕ ਕਾਰਨ ਹੈ ਕਿ ਸੋਹਣੀਆਂ ਪਤਨੀਆਂ ਦੇ ਪਤੀ ਵੀ ਕਈ ਵਾਰ ਕੋਝੀਆਂ ਪਰ ਚੰਚਲ ਔਰਤਾਂ ਮਗਰ ਲੱਗ ਜਾਂਦੇ ਹਨ।
ਪਿਆਰ ਦੇ ਮੁੱਕ ਜਾਣ ਦਾ ਇਕ ਕਾਰਨ ਇਹ ਵੀ ਹੁੰਦਾ ਹੈ ਕਿ ਪਤੀ ਨੂੰ ਪਤਨੀ ਨਾਲ ਪਿਆਰ ਸਮੇਂ ਉਸ ਦੀ ਸ਼ਖਸੀਅਤ ਦੇ ਕਿਸੇ ਇਕ ਪੱਖ ਨਾਲ ਪਿਆਰ ਹੁੰਦਾ ਹੈ ਪਰ ਵਿਆਹ ਸਾਰੀ ਸ਼ਖਸੀਅਤ ਨਾਲ ਕਰਨਾ ਪੈਂਦਾ ਹੈ ਤੇ ਨਤੀਜਾ ਇਹ ਹੁੰਦਾ ਹੈ ਕਿ ਦੋਵੇਂ ਧਿਰਾਂ ਜਲਦੀ ਥੱਕ ਜਾਂਦੀਆਂ ਹਨ। ਇਸ ਥਕਾਵਟ ਵਿਚੋਂ ਅਕੇਵਾਂ ਜਨਮਦਾ ਹੈ ਜਿਸ ਕਾਰਨ ਬੜੇ ਖਿੜੇ ਹੋਏ ਚਿਹਰੇ ਵੀ ਥੋੜੇ ਜਿਹੇ ਸਮੇਂ ਵਿਚ ਹੀ ਚਪਟੇ ਲੱਗਣ ਲੱਗ ਪੈਂਦੇ ਹਨ।
ਮਨੋਵਿਗਿਆਨਕ ਤੌਰ ਉਤੇ ਪ੍ਰਾਪਤ ਚੀਜ਼ ਪ੍ਰਤੀ ਅਸੀਂ ਜਲਦੀ ਹੀ ਬੇਮੁੱਖ ਹੋ ਜਾਂਦੇ ਹਾਂ। ਪਿਆਰ ਸਮੇਂ ਪੁਰਸ਼ ਅਤੇ ਔਰਤ ਦੋਵਾਂ ਨੇ ਆਪਣਾ ਆਦਰਸ਼ਕ ਉਸਾਰਿਆ ਹੁੰਦਾ ਹੈ ਜਿਸ ਦੇ ਰੰਗ ਵਿਆਹ ਦੇ ਪਹਿਲੇ ਹੀ ਨਿਚੋੜ ਨਾਲ ਖੁਰ ਜਾਂਦੇ ਹਨ।
ਸਾਰੀਆਂ ਪਿਆਰ ਕਹਾਣੀਆਂ ਵਿਚ ਇਕ ਗੱਲ ਸਾਂਝੀ ਹੈ ਕਿ ਉਹ ਸਾਰੇ ਪ੍ਰੇਮੀ ਪਹਿਲੀ ਵਾਰੀ ਪਿਆਰ ਦੇ ਅਨੁਭਵ ਖੇਤਰ ਵਿਚ ਦਾਖਲ ਹੋਏ ਸਨ। ਇਹ ਉਨ੍ਹਾਂ ਦਾ ਪਹਿਲਾ ਪਿਆਰ ਸੀ ਇਸੇ ਕਰਕੇ ਉਨ੍ਹਾਂ ਦੇ ਪਿਆਰ ਵਿਚ ਅੰਤਾਂ ਦੀ ਸ਼ਿੱਦਤ ਰਹੀ ਹੈ। ਪਰ ਅੱਜਕੱਲ ਜਿਹੜੇ ਪਿਆਰ ਪੈਂਦੇ ਹਨ ਉਨ੍ਹਾਂ ਵਿਚ ਆਮ ਕਰਕੇ ਇਕ ਧਿਰ ਨੂੰ ਪਹਿਲਾਂ ਪਿਆਰ ਦਾ ਅਨੁਭਵ ਹੋ ਚੁੱਕਾ ਹੁੰਦਾ ਹੈ ਤੇ ਇਹ ਅਨੁਭਵ ਅਸਫਲ ਹੋਇਆ ਹੁੰਦਾ ਹੈ। ਪਿਆਰ ਕਰਨਾ ਇਸ ਧਿਰ ਦੀ ਮਜ਼ਬੂਰੀ ਅਤੇ ਲੋੜ ਹੁੰਦਾ ਹੈ। ਇਸ ਤਜ਼ਰਬੇਕਾਰ ਪਰ ਅਸਫਲ ਧਿਰ ਲਈ ਦੂਜਾ ਪਿਆਰ ਆਪਣੀ ਪਹਿਲੀ ਅਸਫਲਤਾ ਉਪਰੰਤ ਮੁੜ-ਸਥਾਪਤੀ ਦਾ ਹੰਭਲਾ ਹੁੰਦਾ ਹੈ। ਸੋ ਪਿਆਰ ਦੀ ਬੁਨਿਆਦ ਵਿਚ ਹੀ ਸੁਆਰਥ ਹੈ। ਪਰ ਦੂਜੀ ਧਿਰ ਅਛੋਹ ਤੇ ਭੋਲੀ ਹੋਣ ਕਾਰਨ ਵਧੇਰੇ ਕੁਰਬਾਨੀਆਂ ਕਰਦੀ ਹੈ। ਸਥਿਤੀ ਵਿਧਵਾ ਦੇ ਕੁਆਰੇ ਪੁਰਸ਼ ਨਾਲ ਜਾਂ ਰੰਡੇ ਦੇ ਕੁਆਰੀ ਕੁੜੀ ਨਾਲ ਵਿਆਹ ਵਾਲੀ ਹੁੰਦੀ ਹੈ।
ਅਸਾਵਾਂਪਣ ਤੇ ਅਸੰਤੁਲਨ ਪਿਆਰ ਦੇ ਅਨੁਭਵ ਨੂੰ ਸੱਚਾ ਤੇ ਸੁੱਚਾ ਨਹੀਂ ਰਹਿਣ ਦਿੰਦੇ। ਇਹ ਰਿਸ਼ਤਾ ਜੋੜੀ ਵਾਲਾ ਨਹੀਂ ਨਰੜਾਂ ਵਾਲਾ ਹੈ। ਉਸ ਸਥਿਤੀ ਦਾ ਅਨੁਮਾਨ ਲਾਓ ਜਦੋਂ ਦੋਵੇਂ ਧਿਰਾਂ ਤਜਰਬਾਕਾਰ ਹੋਣ। ਅਜਿਹੀ ਸਥਿਤੀ ਵਿਚ ਪਿਆਰ ਦੀਆਂ ਗੱਲਾਂ ਘੱਟ ਹੁੰਦੀਆਂ ਹਨ ਤੇ ਸਾਰਾ ਜੋਰ ਸੰਭੋਗ ਉਤੇ ਹੁੰਦਾ ਹੈ। ਇਸ ਰਿਸ਼ਤੇ ਨੂੰ ਪਿਆਰ ਦਾ ਨਾਂ ਦੇਣਾ ਯੋਗ ਨਹੀਂ।
ਪਿਆਰ ਕਬਜ਼ਾ ਨਹੀਂ ਪਹਿਚਾਣ ਹੈ – ਇਕ ਬੜਾ ਚਲਾਕੀ ਭਰਿਆ ਸੰਕਲਪ ਹੈ। ਇਸ ਸੰਕਲਪ ਦਾ ਪ੍ਰਚਾਰਕ ਅਸਲ ਵਿਚ ਵਿਆਹ ਉਪਰੰਤ ਪਿਆਰ ਨੂੰ ਜਾਇਜ਼ ਠਹਿਰਾਉਣ ਦਾ ਯਤਨ ਕਰ ਰਿਹਾ ਹੈ ਅਤੇ ਆਪਣੀ ਪਤਨੀ ਤੋਂ ਇਲਾਵਾ ਦੂਜੀਆਂ ਔਰਤਾਂ ਨਾਲ ਪ੍ਰੇਮ ਸਬੰਧ ਉਸਾਰਨ ਦੀ ਪ੍ਰਵਾਨਗੀ ਮੰਗ ਰਿਹਾ ਹੈ। ਉਹ ਮਨ ਚਾਹਿਆ ਪ੍ਰੇਮ ਵੀ ਕਰਨਾ ਚਾਹੁੰਦਾ ਹੈ ਪਰ ਆਪਣੀ ਪਤਨੀ ਪ੍ਰਤੀ ਵਫ਼ਾਦਾਰ ਹੋਣ ਦਾ ਢੋਂਗ ਵੀ ਰਚਣਾ ਚਾਹੁੰਦਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਹਰ ਵਿਅਕਤੀ ਆਪਣੇ ਪ੍ਰਸੰਗ ਅਨੁਸਾਰ ਹੀ ਆਪਣੇ ਪਿਆਰ-ਫ਼ਲਸਫ਼ੇ ਨੂੰ ਉਸਾਰਦਾ ਹੈ।
ਦੁਵੱਲੇ ਪਿਆਰ ਵਿਚ ਇਕ ਬੜਾ ਉਸਾਰੂ ਅਨੁਭਵ ਹੈ। ਉਹ ਸਥਿਤੀਆਂ ਬੜੀਆਂ ਘੱਟ ਹੁੰਦੀਆਂ ਹਨ ਜਿਥੇ ਦੋਵੇਂ ਧਿਰਾਂ ਇਕ ਦੂਜੇ ਨੂੰ ਪਿਆਰ ਕਰਦੀਆਂ ਹੋਣ। ਆਮ ਕਰਕੇ ਹੁੰਦਾ ਇਹ ਹੈ ਕਿ ਇਕ ਧਿਰ ਪਿਆਰ ਕਰਦੀ ਹੈ ਤੇ ਦੂਜੀ ਧਿਰ ਉਸ ਪਿਆਰ ਨੂੰ ਸਵੀਕਾਰ ਕਰਨ ਦਾ ਕਾਰਜ ਨਿਭਾਉਂਦੀ ਹੈ ਪਰ ਪਿਆਰ ਕਰਨ ਵਿਚ ਬਹੁਤੀ ਤਤਪਰ ਨਹੀਂ ਹੁੰਦੀ।
ਸੋਹਣੀਆਂ ਇਸਤਰੀਆਂ ਦੀ ਗਿਣਤੀ ਘੱਟ ਹੋਣ ਕਾਰਨ ਹਰ ਪੁਰਸ਼ ਉਨ੍ਹਾਂ ਨੂੰ ਪਿਆਰ ਕਰਨ ਲਈ ਤਿਆਰ ਹੁੰਦਾ ਹੈ। ਅਜਿਹੀ ਸਥਿਤੀ ਵਿਚ ਚੋਣ ਇਸਤਰੀ ਦੇ ਹੱਥ ਹੁੰਦੀ ਹੈ। ਉਹ ਆਪ ਘੱਟ ਹੀ ਪਿਆਰ ਕਰਦੀ ਹੈ, ਉਹ ਪੁਰਸ਼ ਨੂੰ ਪਿਆਰ ਕਰਨ ਦੀ ਆਗਿਆ ਦਿੰਦੀ ਹੈ ਅਰਥਾਤ ਦੇਵੀ ਆਪਣੇ ਪੁਜਾਰੀ ਨੂੰ ਚੁਣਦੀ ਹੈ।
ਪ੍ਰਵਾਨਗੀ ਪ੍ਰਾਪਤ ਕਰਦੇ ਰਹਿਣ ਲਈ ਪੁਰਸ਼ ਨੂੰ ਬੜੀ ਮਿਹਨਤ ਕਰਨੀ ਪੈਂਦੀ ਹੈ। ਫੈਸਲਾ ਇਸ ਗੱਲ ਤੇ ਹੁੰਦਾ ਹੈ ਕਿ ਪੁਰਸ਼ ਇਸਤਰੀ ਦੀ ਭਾਵੁਕ ਤੇ ਮਾਨਸਿਕ ਤਸੱਲੀ ਕਿੰਨੀ ਕੁ ਕਰਵਾ ਸਕਦਾ ਹੈ। ਭਾਵੇਂ ਇਹ ਹੈਰਾਨੀ ਭਰੀ ਗੱਲ ਜਾਪੇ ਪਰ ਇਹ ਇਕ ਸੱਚਾਈ ਹੈ ਕਿ ਪਿਆਰ ਦੌਰਾਨ ਇਸਤਰੀ ਸੰਭੋਗ ਦੀ ਇੱਛਕ ਨਹੀਂ ਹੁੰਦੀ। ਸੰਭੋਗ ਦੀ ਸਹਿਮਤੀ ਜਾਂ ਮਨਜ਼ੂਰੀ ਉਹ ਪੁਰਸ਼ ਦੀ ਮੰਗ ਉਪਰੰਤ ਹੀ ਦਿੰਦੀ ਹੈ। ਜਦੋਂ ਸੰਭੋਗ ਦੀ ਕਿਰਿਆ ਸ਼ੁਰੂ ਹੋ ਜਾਵੇ ਤਾਂ ਪਿਆਰ ਫਿੱਕਾ ਪੈਣ ਲੱਗ ਜਾਂਦਾ ਹੈ। ਜੇ ਇਸਤਰੀ ਦਾ ਦੂਜਾ ਪਿਆਰ ਹੋਵੇ ਤਾਂ ਉਹ ਸੰਭੋਗ ਲਈ ਇਸ ਲਈ ਰਜ਼ਾਮੰਦ ਹੋ ਜਾਂਦੀ ਹੈ, ਕਿਉਂਕਿ ਪੁਰਸ਼ ਵੱਲੋਂ ਪ੍ਰਵਾਨ ਕੀਤੇ ਜਾਣ ਦਾ ਇਬ ਇੱਕ ਸੌਖਾ ਅਤੇ ਪੱਕਾ ਰਾਹ ਹੁੰਦਾ ਹੈ। ਕਾਰਨ ਕੋਈ ਵੀ ਹੋਵੇ ਸੰਭੋਗ ਦਾ ਰਿਸ਼ਤਾ ਉਸਰਨ ਉਪਰੰਤ ਪਿਆਰ ਬਹੁਤਾ ਚਿਰ ਜੀਵਤ ਨਹੀਂ ਰਹਿ ਸਕਦਾ। ਪ੍ਰੇਮੀਆਂ ਦਾ ਇਕ ਦੂਜੇ ਸਾਹਮਣੇ ਨਿਰਬਸਤਰ ਹੋ ਜਾਣਾ, ਉਨ੍ਹਾਂ ਦੇ ਆਦਰਸ਼ ਰੂਪ ਨੂੰ ਸਾਧਾਰਣਤਾ ਵਿਚ ਬਦਲ ਦਿੰਦਾ ਹੈ।
ਜਦੋਂ ਬੁਝਾਰਤ ਬੁਝ ਲਈ ਜਾਵੇ ਤਾਂ ਉਸ ਦੀ ਰੋਚਕਤਾ ਮੁੱਕ ਜਾਂਦੀ ਹੈ। ਕਿਸੇ ਵਸਤੂ ਦਾ ਅਪਹੁੰਚ ਹੋਣਾ ਉਸ ਲਈ ਲੰਮੀ ਜੁਸਤਜੂ ਦਾ ਆਧਾਰ ਹੁੰਦਾ ਹੈ। ਪਿਆਰ ਵਿਚ ਆਨੰਦ ਦਾ ਆਧਾਰ ਮਨਇੱਛਤ ਵਿਅਕਤੀ ਦੀ ਪ੍ਰਾਪਤੀ ਨਹੀਂ ਹੁੰਦੀ, ਉਸ ਲਈ ਤਾਂਘ ਹੈ। ਪ੍ਰਾਪਤੀ ਦੇ ਨਾਲ ਹੀ ਤਾਂਘ ਮੁੱਕ ਜਾਂਦੀ ਹੈ ਤੇ ਇਸ ਦੇ ਨਾਲ ਹੀ ਪਿਆਰ ਨੂੰ ਸਿਉਂਕ ਲੱਗ ਜਾਂਦੀ ਹੈ। ਪ੍ਰੇਮੀ ਲਈ ਬ੍ਰਿਹੀ ਹੋਣਾ ਜਰੂਰੀ ਹੈ। ਆਪਣੀ ਚਾਹਿਆ ਪ੍ਰਾਪਤ ਕਰਕੇ ਪ੍ਰੇਮੀ ਭੋਗੀ ਬਣ ਜਾਂਦਾ ਹੈ।
ਪ੍ਰੇਮੀ ਉਦੋਂ ਤੱਕ ਹੀ ਇਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ, ਜਦੋਂ ਤੱਕ ਉਨ੍ਹਾਂ ਦਾ ਨਵੀਨੀਕਰਣ ਹੁੰਦਾ ਰਹੇ। ਦੋਹਾਂ ਵਿਅਕਤੀਆਂ ਵਿਚੋਂ ਜਿਸ ਵਿਚ ਵੀ ਖੜੋਤ ਆ ਗਈ, ਉਸ ਦੇ ਖ਼ਾਰਜ ਹੋਣ ਦੀ ਪ੍ਰਕ੍ਰਿਆ ਆਰੰਭ ਹੋ ਜਾਂਦੀ ਹੈ। ਲਿਖਾਰੀ, ਕਵੀ, ਕਲਾਕਾਰ ਆਦਿ ਆਪਣੇ ਨਿਰੰਤਰ ਵਿਕਾਸ ਸਦਕਾ ਪਿਆਰ ਦੇ ਖੇਤਰ ਵਿਚ ਵਧੇਰੇ ਸਫਲ ਹੁੰਦੇ ਹਨ। ਪ੍ਰੇਮੀਆਂ ਨੂੰ ਨਵੇਂ ਬਣਨ ਲਈ ਬਹੁਤ ਮਿਹਨਤ ਕਰਨੀ ਚਾਹੀਦੀ ਹੈ, ਨਹੀਂ ਤਾਂ ਇਹ ਬੇਹੇ ਹੋ ਕੋ ਇਕ ਦੂਜੇ ਤੋਂ ਅੱਕ ਜਾਣਗੇ।
ਪਿਆਰ ਕਰ ਹੀ ਉਹ ਸਕਦੇ ਹਨ, ਜਿਨ੍ਹਾਂ ਵਿਚ ਅੰਤਾਂ ਦੀ ਮਿਹਨਤ ਕਰਨ ਦੀ ਆਦਤ ਹੋਵੇ ਪਰ ਦੁਰਭਾਗਵਸ ਪਿਆਰ ਉਹ ਕਰਦੇ ਹਨ, ਜਿਹੜੇ ਮਿਹਨਤ ਦੇ ਵੈਰੀ ਹਨ ਅਤੇ ਆਪਣੀ ਇਸ ਅਯੋਗਤਾ ਨੂੰ ਉਹ ਜ਼ਮਾਨੇ ਉਤੇ ਦੋਸ਼ ਲਾ ਕੇ ਛੁਪਾਉਂਦੇ ਹਨ। ਕਲਾਕਾਰ ਪਿਆਰ ਦੇ ਇਵਜ਼ਾਨੇ ਵਿਚ ਵਡਮੁੱਲੀਆਂ ਰਚਨਾਵਾਂ ਦਿੰਦੇ ਹਨ ਪਰ ਵਿਹਲੜ ਤੇ ਸੁਸਤ ਵਿਭਚਾਰ ਹੀ ਫੈਲਾਉਂਦੇ ਹਨ ਤੇ ਨਿਰਾਸ਼ਾਜਨਕ ਉਦਾਹਰਣਾਂ ਉਸਰਦੇ ਹਨ।
ਜੇ ਦੋਵੇਂ ਧਿਰਾਂ ਦਾ ਨਵੀਨੀਕਰਣ ਹੁੰਦੇ ਰਹੇ ਤਾਂ ਬੇਵਫਾਈ ਸੰਭਵ ਨਹੀਂ। ਨਵੀਨੀਕਰਣ ਦੀਆਂ ਸੰਭਾਵਨਾਵਾਂ ਹੰਢਾ ਚੁੱਕੀ ਧਿਰ ਸਹਿਜੇ ਸਹਿਜੇ ਖ਼ਾਰਜ ਹੋ ਜਾਂਦੀ ਹੈ ਤੇ ਆਪਣੇ ਆਪ ਨੂੰ ਕੋਸਣ ਦੀ ਬਜਾਏ ਦੂਜੀ ਧਿਰ ਨੂੰ ਬੇਵਫ਼ਾ ਕਹਿ ਕੇ ਨਫ਼ਰਤ ਕਰਨ ਲਗ ਪੈਂਦੀ ਹੈ।
ਨਫ਼ਰਤ ਅਸਲ ਵਿਚ ਨਾ ਖਤਮ ਹੋਣ ਵਾਲਾ ਗੁੱਸਾ ਹੈ ਤੇ ਇਹ ਪਿਆਰ ਦਾ ਪੁੱਠਾ ਪਾਸਾ ਹੈ। ਜੁਰਮਾਂ, ਅਪਰਾਧਾਂ, ਡਾਕਿਆਂ, ਕਤਲਾਂ ਦਾ ਕਾਰਨ ਉਪਰੋਕਤ ਨਫ਼ਰਤ ਹੀ ਹੈ। ਪਿਆਰ ਮੰਦਰ ਉਸਾਰਦਾ ਹੈ, ਨਫ਼ਰਤ ਮੰਦਰ ਢਾਹੁੰਦੀ ਹੈ, ਗੁੱਸਾ ਮੂਰਤੀਆਂ ਚੋਰੀ ਕਰਦਾ ਹੈ।
ਕਈ ਇਸ ਭੁਲੇਖੇ ਦਾ ਸ਼ਿਕਾਰ ਹਨ ਕਿ ਪਿਆਰ ਨਾਲ ਸਾਰੇ ਝਗੜੇ ਮਿਟਾਏ ਜਾ ਸਕਦੇ ਹਨ, ਪਰ ਉਹ ਭੁੱਲ ਜਾਂਦੇ ਹਨ ਕਿ ਸਾਰੇ ਝਗੜੇ ਪੈਦਾ ਹੀ ਪਿਆਰ ਦੀ ਅਸਫਲਤਾ ਵਿਚੋਂ ਹੁੰਦੇ ਹਨ। ਪਿਆਰ ਨੂੰ ਜੀਵਤ ਰੱਖਣ ਲਈ ਅੰਤਾਂ ਦੀ ਮਿਹਨਤ ਦੀ ਲੋੜ ਹੈ। ਹਰ ਪ੍ਰੇਮੀ ਇਕੱਲਿਆਂ ਹੀ ਦਸ ਆਦਮੀਆਂ ਦੇ ਕੰਮ ਕਰਨ ਦੀਆਂ ਡੀਂਗਾਂ ਮਾਰਦਾ ਹੈ ਪਰ ਸਮਰਥਾ ਇਕ ਆਦਮੀ ਦੇ ਕੰਮ ਦਾ ਦਸਵਾਂ ਹਿੱਸਾ ਕਰਨ ਦੀ ਵੀ ਨਹੀਂ ਹੁੰਦੀ।
ਪ੍ਰਕ੍ਰਿਤੀ ਵਿਚ ਸਾਡੀ ਦਿਲਚਸਪੀ ਦਾ ਆਧਾਰ ਇਹ ਹੈ ਕਿ ਚੰਨ, ਤਾਰੇ, ਸੂਰਜ, ਸਮੁੰਦਰ ਸਭ ਨਿਰੰਤਰ ਕਾਰਜ ਵਿਚ ਰੁੱਝੇ ਹੋਏ ਹਨ। ਜੇ ਪ੍ਰਕ੍ਰਿਤੀ ਵਿਚ ਖੜੋਤ ਆ ਜਾਵੇ, ਲੋਕ ਰੱਬ ਨੂੰ ਗਾਲ੍ਹਾਂ ਕੱਢਣ ਲੱਗ ਜਾਣ।
ਸਪਸ਼ਟ ਹੈ ਕਿ ਪਿਆਰ ਕਰਨਾ ਸੌਖਾ ਨਹੀਂ। ਇਹ ਅੰਗਾਰਿਆਂ ਉੱਤੇ ਨੱਚਣ ਦੀ ਕਿਰਿਆ ਹੈ। ਜਿਹੜੇ ਮਿਹਨਤ ਕਰਦੇ ਹਨ ਉਨ੍ਹਾਂ ਲਈ ਮਹਿਬੂਬ ਦੀਆਂ ਅੱਖਾਂ ਸੁਪਨਿਆਂ ਦੇ ਸਰੋਵਰ ਹੁੰਦੀਆਂ ਹਨ ਪਰ ਕੰਮ-ਚੋਰਾਂ ਲਈ ਇਹ ਖ਼ੁਦਕੁਸ਼ੀ ਦੇ ਖੂਹ ਬਣ ਜਾਂਦੀਆਂ ਹਨ। ਪਿਆਰ ਵਿਚ ਅਸਫਲਤਾ ਲਈ ਅਸਲ ਵਿਚ ਅਸਫਲ ਧਿਰ ਜਿੰਮੇਵਾਰ ਹੁੰਦੀ ਹੈ। ਜਿਹੜੇ ਹੰਝੂਆਂ ਨਾਲ ਔੜਾਂ ਨੂੰ ਬਹਾਰਾਂ ਵਿਚ ਬਦਲਣ ਦਾ ਯਤਨ ਕਰਦੇ ਹਨ ਉਨ੍ਹਾਂ ਦੀਆਂ ਰੀਝਾਂ ਦੇ ਬਾਗ਼ ਝੁਲਸੇ ਜਾਂਦੇ ਹਨ।
ਪਿਆਰ ਉਹੀ ਕਰ ਸਕਦੇ ਹਨ, ਜਿਹੜੇ ਤਲੀ ਤੇ ਸਿਰ ਟਿਕਾ ਸਕਣ, ਇਕੱਲੇ ਹੀ ਪਹਾੜਾਂ ਦੇ ਸੀਨੇ ਵਿਚ ਨਹਿਰ ਪੁੱਟ ਸਕਣ, ਆਪਣਾ ਪੱਟ ਚੀਰ ਸਕਣ ਤੇ ਕੱਚੇ ਘੜੇ ਉਤੇ ਦਰਿਆ ਵਿਚ ਠਿਲ੍ਹ ਸਕਣ। ਅਜੋਕੇ ਯੁਗ ਵਿਚ ਪਿਆਰ ਦਿੱਤਾ ਨਹੀਂ ਜਾਂਦਾ ਲਿਆ ਨਹੀਂ ਜਾਂਦਾ, ਇਹ ਤਾਂ ਖੋਹਿਆ ਜਾਂਦਾ ਹੈ। ਪਿਆਰ ਇਕ ਦੂਜੇ ਦੀ ਪ੍ਰਸੰਸਾ ਵਿਚੋਂ ਸ਼ੁਰੂ ਹੋ ਕੇ ਇਕ ਦੂਜੇ ਉਤੇ ਤੋਹਮਤਾਂ ਲਾਉਣ ਤਕ ਨਿਘਰ ਜਾਂਦਾ ਹੈ। ਜਿਹੜੇ ਲੰਮੀ ਦੌੜ ਨਹੀਂ ਦੌੜ ਸਕਦੇ ਉਹ ਜਲਦੀ ਵਿਆਹ ਕਰਨ ਲਈ ਤਾਂਘਦੇ ਹਨ ਪਰ ਵਿਆਹ ਹੁੰਦਿਆਂ ਹੀ ਉਨ੍ਹਾਂ ਦੇ ਪਿਆਰ ਦੀ ਹਾਲਤ ਉਵੇਂ ਹੀ ਹੋ ਜਾਂਦੀ ਹੈ ਜਿਵੇਂ ਭਾਂਡੇ ਤੋਂ ਕਲੀ ਉਤਰ ਗਈ ਹੋਵੇ।
Loading spinner