ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
  1. ਅਚੇਤ ਮਨ ਰਿਸ਼ਤਿਆਂ ਅਤੇ ਜਿੰਦਗੀ ਤੇ ਕਾਬੂ ਰੱਖ ਸਕਦਾ ਹੈ

ਸਾਡਾ ਮਨ, ਸਾਡੀ ਸੋਚ, ਭਾਵਨਾਵਾਂ ਅਤੇ ਵਤੀਰੇ ਨਾਲ ਪ੍ਰਭਾਵਿਤ ਹੁੰਦਾ ਹੈ। ਇਸ ਦੇ ਪ੍ਰਭਾਵ ਕਾਰਨ ਆਪਸੀ ਸਬੰਧ ਵੀ ਮੁਸ਼ਕਲਾਂ ਵਿਚ ਆ ਜਾਂਦੇ ਹਨ। ਮਾਨਸਿਕ ਵਿਸ਼ੇਸ਼ਗ ਦੱਸਦੇ ਹਨ ਕਿ ਅਸੀਂ ਆਪਣੇ ਦਿਮਾਗ ਨੂੰ ਬਹੁਤ ਥੋੜਾ ਇਸਤੇਮਾਲ ਕਰਦੇ ਹਾਂ। ਹਾਲਾਂਕਿ ਲਗਦਾ ਇੰਜ ਹੈ ਕਿ ਅਸੀਂ ਹਰਵਕਤ ਸਾਰਾ ਦਿਮਾਗ ਵਰਤੋਂ ਵਿਚ ਲਿਆਉਂਦੇ ਰਹਿੰਦੇ ਹਾਂ ਅਤੇ ਸਾਨੂੰ ਪਤਾ ਨਹੀਂ ਲੱਗਦਾ ਕਿਉਂਕਿ ਦਿਮਾਗ ਦੇ ਬਹੁਤੇ ਕਾਰਜ ਸਾਥੋਂ ਲੁਕੇ ਰਹਿੰਦੇ ਹਨ। ਇਹ ਅਚੇਤਨ ਕਾਰਜ ਨੁਕਸਾਨਦਾਈ ਹੁੰਦੇ ਹਨ ਅਤੇ ਦੂਸਰਿਆਂ ਨਾਲ ਸਾਡੇ ਆਪਸੀ ਸਬੰਧ ਖਰਾਬ ਕਰਦੇ ਹਨ।  ਸਾਨੂੰ ਭਾਵਨਾਤਮਕ ਤੌਰ ਤੇ ਚੰਗੀ ਜਿੰਦਗੀ ਨਹੀਂ ਜਿਉਣ ਦਿੰਦੇ। ਸੁਭਾਗਵਸ਼ ਸਾਡਾ ਅਚੇਤਨ ਮਨ ਵੀ ਪਿਆਰ ਦੇ ਸਬੰਧ ਦੇ, ਆਪੋ ਵਿਚ ਜੁੜਨ ਦੇ ਸਾਰੇ ਗੁਣ ਆਪਣੇ ਕੋਲ ਰੱਖਦਾ ਹੈ। ਅਸੀਂ ਇਨ੍ਹਾਂ ਗੁਣਾਂ ਨੂੰ ਆਪਣੀ ਚੇਤਨ ਜਾਗਰੂਕਤਾ ਵਿਚ ਲਿਆ ਕੇ ਆਪਣੇ ਸਬੰਧ ਸੁਧਾਰ ਸਕਦੇ ਹਾਂ।

ਚੇਤਨ ਅਤੇ ਅਰਧਚੇਤਨ ਮਨ ਵਿਚਕਾਰ ਕੋਈ ਵਖਰੇਵਾਂ ਨਹੀਂ ਹੈ ਪਰ ਇਸ ਦੀ ਸਹੀ ਤਰੀਕੇ ਨਾਲ ਵਰਤੋਂ ਲਾਭਦਾਇਕ ਹੈ। ਅਰਧਚੇਤਨ ਸੋਚ ਵਿਚ ਉਹ ਭਾਵਨਾਵਾਂ ਅਤੇ ਤਸਵੀਰਾਂ ਹਨ ਜੋ ਸਾਨੂੰ ਉਨ੍ਹਾਂ ਵੇਲਿਆਂ, ਇਨਸਾਨਾਂ ਜਾਂ ਚੀਜਾਂ ਨਾਲ ਜੋੜਦੀਆਂ ਹਨ ਜੋ ਬੀਤੇ ਸਮੇਂ ਦੀਆਂ ਹਨ। ਇਹ ਸੋਚ ਅਸੀਂ ਆਪਣੇ ਜੀਵਨ ਦੇ ਤਜਰਬਿਆਂ ਤੋਂ ਇਕੱਠੀ ਕੀਤੀ ਹੈ। ਇਨ੍ਹਾਂ ਵਿਚ ਕੁਝ ਪਿਛਲੇ ਜਨਮ ਨਾਲ ਸਬੰਧਤ ਵੀ ਹੋ ਸਕਦੀਆਂ ਹਨ, ਜਿਵੇਂ ਕਿ ਮੌਤ ਦਾ ਡਰ, ਅਸੀਂ ਕੌਣ ਹਾਂ, ਆਧਿਆਤਮ ਗਿਆਨ ਆਦਿ।

ਸਾਡੇ ਅਚੇਤਨ ਮਨ ਦੀ ਮੁਸ਼ਕਲ ਇਹ ਹੈ ਕਿ ਜੋ ਕੁਝ ਵੀ ਸਾਡੀ ਸੋਚ ਵਿਚ ਸੰਚਤ ਹੈ ਭਾਵੇਂ ਸਾਡੀ ਨਜਰ ਤੋਂ ਲੁਕਿਆ ਹੀ ਹੋਵੇ, ਪਰੰਤੂ ਸਾਡੀ ਰੋਜਾਨਾ ਦੀ ਜਿੰਦਗੀ ਤੇ ਅਸਰ ਪਾਉਂਦਾ ਹੈ। ਇਹ ਸਭ ਆਪ-ਮੁਹਾਰੇ ਚੱਲਦਾ ਰਹਿੰਦਾ ਹੈ। ਅਸੀਂ ਹਾਲਾਤ ਅਤੇ ਦੂਜਿਆਂ ਤੇ ਆਪਣੀ ਪ੍ਰਤੀਕਿਰਿਆ ਜਾਹਿਰ ਕਰਦੇ ਰਹਿੰਦੇ ਹਾਂ। ਪਰੰਤੂ ਅਸਲ ਵਿਚ ਅਸੀਂ ਆਪਣੇ ਅੰਦਰ ਵਸੇ ਡਰ ਦੇ ਕਾਰਨ ਇਹੋ ਜਿਹੀ ਪ੍ਰਤੀਕਿਰਿਆ ਕਰਦੇ ਹਾਂ। ਸਾਡੇ ਦਿਲ ਟੁੱਟਣ ਜਾਂ ਹੋਰ ਸਦਮੇ ਤੋਂ ਬਾਅਦ, ਅਜਿਹੇ ਡਰ ਦਾ ਇਕ ਨਾਕਾਰਾਤਮਕ ਵਿਚਾਰ ਬਣਿਆ। ਆਪਣੇ ਡਰ ਨੂੰ ਮਲਹਮ ਲਗਾਉਣ ਦੀ ਬਜਾਇ, ਅਸੀਂ ਇਸ ਨੂੰ ਸਾਂਭ ਲਿਆ ਅਤੇ ਇਸ ਨਾਲ ਸਬੰਧਤ ਨਾਕਾਰਾਤਮਕ ਵਿਸ਼ਵਾਸ ਸੰਚਤ ਕਰ ਲਏ। ਜਦ ਕੋਈ ਇੰਜ ਵਰਤਾਅ ਕਰਦਾ ਹੈ, ਅਸੀਂ ਉਹ ਅਸੁਰੱਖਿਆ ਦੀਆਂ ਭਾਵਨਾਵਾਂ ਜਗਾ ਲੈਂਦੇ ਹਾਂ। ਇਸ ਉਪਰੰਤ ਆਪਣੀ ਨਾਕਾਬਲਿਅਤ ਅਤੇ ਖੁਦ ਨੂੰ ਦੁਰਕਾਰੇ ਜਾਣ ਦਾ ਭਾਵ ਗੁਨਾਹ ਦੇ ਰੂਪ ਵਿਚ ਪੈਦਾ ਹੋ ਗਿਆ।

ਹਾਲਾਤ ਅਨੁਸਾਰ ਅਰਧਚੇਤਨ ਮਨ ਵਿਚ ਆਉਣ ਵਾਲੀਆਂ ਅਸੁਰੱਖਿਆ, ਡਰ ਅਤੇ ਗੁਨਾਹ ਦੀਆਂ ਭਾਵਨਾਵਾਂ ਤੋ ਬਚਨ ਲਈ ਸਾਨੂੰ ਆਪਣੇ ਵਤੀਰੇ ਵਿਚ ਤਬਦੀਲੀ ਲਿਆਉਣੀ ਪਵੇਗੀ। ਇਸ ਲਈ ਸਾਨੂੰ ਆਪਣੀ ਸੋਚ ਤੇ ਇਕਾਗਰ ਕਰਨਾ ਪਵੇਗਾ, ਕਿਉਂਕਿ ਆਮ ਅਵਸਥਾ ਵਿਚ ਸਾਡੀ ਸਾਕਾਰਾਤਮਕ ਉਰਜਾ ਖਿੰਡੀ ਰਹਿੰਦੀ ਹੈ। ਜਿੰਦਗੀ ਵਿਚ ਅਗਾਂਹ ਵਧਣ ਲਈ ਇਕ ਤਰੀਕਾ ਹੈ ਕਿ ਆਪਣੀ ਸੋਚ ਨਾਲ, ਆਪਣੇ ਧੁਰ-ਅੰਦਰ ਚੇਤਨ ਅਤੇ ਅਚੇਤਨ ਮਨ ਦੇ ਵਿਚਾਰਾਂ ਵਿਚ ਤਬਦੀਲੀ ਲਿਆਂਦੀ ਜਾਵੇ। ਅੰਦਰ ਵਸੇ ਨਾਕਾਰਾਤਮਕ ਵਿਸ਼ਵਾਸ਼ ਨੂੰ ਸਾਕਾਰਾਤਮਕ ਵਿਚ ਬਦਲਣਾ, ਇਸ ਤੱਥ ਤੇ ਨਿਰਭਰ ਕਰਦਾ ਹੈ ਕਿ ਅਸੀਂ ਨਾਕਾਰਾਤਮਕ ਭਾਵਨਾਵਾਂ ਦੇ ਹੇਠ ਦਬੀਆਂ ਸਾਕਾਰਾਤਮਕ ਭਾਵਨਾਵਾਂ ਨੂੰ ਉਜਾਗਰ ਕਰੀਏ। ਜਿਵੇਂ ਹੀ ਅਸੀਂ ਰਿਣਾਤਮਕ ਅਤੇ ਦਰਦ ਨੂੰ ਪਿਛਾਂਹ ਸੁੱਟਾਂਗੇ ਅਸੀਂ ਖੁਦ ਆਪਣੀ ਸੱਚੀ ਪਛਾਣ ਕਰ ਲਵਾਂਗੇ।

ਇਸ ਸੋਹਣੇ ਪੱਖ ਨੂੰ ਉਜਾਗਰ ਕਰਨ ਲਈ ਸਾਨੂੰ ਆਪਣੇ ਮਨ ਵਿਚਲੇ ਡਰ ਅਤੇ ਹਨੇਰੇ ਨੂੰ ਫਰੋਲਣ ਦਾ ਹੌਸਲਾ ਕਰਨਾ ਪਵੇਗਾ। ਹਾਲਾਂਕਿ ਇਹ ਤਬਦੀਲੀ ਕਦੇ ਵੀ ਹੋ ਸਕਦੀ ਹੈ, ਥੋੜਾ ਉਪਰਾਲਾ ਵੀ ਕਰਨਾ ਪੈ ਸਕਦਾ, ਪਰੰਤੂ ਕਈ ਵਾਰ ਇਸ ਲਈ ਸਾਰੀ ਜਿੰਦਗੀ ਵੀ ਲੱਗ ਜਾਂਦੀ ਹੈ। ਅਸੀਂ ਇਸ ਕਾਰਜ ਨੂੰ ਹੁਣੇ ਵੀ ਸ਼ੁਰੂ ਕਰ ਸਕਦੇ ਹਾਂ ਅਤੇ ਉਤਸੁਕਤਾ ਨਾਲ ਲੱਭੀਏ, ਸਾਡੇ ਅੰਦਰ ਕੀ ਹੈ ਜੋ ਅਚੇਤਨ ਮਨ ਵਿਚ ਲੁਕਿਆ ਪਿਆ ਹੈ। ਸਾਡਾ ਸਾਕਾਰਾਤਮਕ ਭਾਵਨਾਵਾਂ ਵਿਚ ਰਹਿਣਾ ਅਤੇ ਅਚੇਤਨ ਮਨ ਨੂੰ ਮਹਿਸੂਸ ਕਰਨ ਦੀ ਅਵਸਥਾ ਨੂੰ ਸਭ ਤੋਂ ਉਪਰ ਦੀ ਅਵਸਥਾ ਕਿਹਾ ਜਾਂਦਾ ਹੈ ਜੋ ਸਾਨੂੰ ਆਦਰਸ਼ ਜੀਵਨ ਰਾਹ ਵੱਲ ਪ੍ਰਰਿਤ ਕਰੇਗਾ। ਜੇਕਰ ਅਸੀਂ ਵਿਸ਼ਵਾਸ਼ ਕਰਾਂਗੇ ਅਤੇ ਅਸੀਂ ਕੁਦਰਤ ਨੂੰ ਸਹਾਇਤਾ ਲਈ ਕਹਾਂਗੇ ਤਾਂ ਮਦਦ ਜਰੂਰ ਮਿਲੇਗੀ।

Loading spinner