ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
  1. ਬਿਨਾ ਸ਼ਰਤ ਦਾ ਪਿਆਰ ਕਾਮਯਾਬ ਰਿਸ਼ਤਿਆਂ ਦਾ ਜਰੂਰੀ ਗੁਣ

ਸਾਨੂੰ ਹਰਗਿਜ ਇਹ ਅਹਿਸਾਸ ਨਹੀਂ ਹੁੰਦਾ ਕਿ ਅਸੀਂ ਕੀ ਕਰ ਰਹੇ ਹਾਂ, ਪਰੰਤੂ ਅਣਜਾਣੇ ਵਿਚ ਅਸੀਂ ਆਪਣੀਆਂ ਖੁਸ਼ੀਆਂ ਤੇ ਪਾਬੰਦੀ ਲਾ ਦਿੰਦੇ ਹਾਂ। ਅਸੀਂ ਫੈਸਲਾ ਕਰ ਲੈਂਦੇ ਹਾਂ ਕਿ ਅਸੀਂ ਉਦੋਂ ਹੀ ਖੁਸ਼ ਹੋਵਾਂਗੇ ਜਦ ਸਾਡੀ ਜਿੰਦਗੀ ਵਿਚ ਉਹ ਸ਼ਰਤਾਂ ਪੂਰੀਆਂ ਹੋ ਜਾਣਗੀਆਂ ਜਿਵੇਂ ਕਿ ਅਸੀਂ ਕਿਸੇ ਖਾਸ ਇਲਾਕੇ ਵਿਚ ਪਾਏ ਹੋਏ ਮਕਾਨ ਵਿਚ ਰਹਾਂਗੇ ਫਿਰ ਹੀ ਖੁਸ਼ ਅਤੇ ਤਸੱਲੀ ਹੋਵੇਗੀ। ਜਾਂ ਅਜਿਹੇ ਹਾਲਾਤ ਪੈਦਾ ਹੋ ਜਾਣ ਕਿ ਮੇਰੀ ਤਰੱਕੀ ਹੋ ਜਾਵੇ ਤਾਂ ਮੈਂ ਆਪਣਾ ਕੰਮ ਕਰਕੇ ਖੁਸ਼ੀ ਮਹਿਸੂਸ ਕਰ ਸਕਾਂ। ਇਥੇ ਅਸੀਂ ਆਪਣੇ ਸਾਹਮਣੇ ਇਕ ਹੋਰ ਸ਼ਰਤ ਰੱਖ ਦਿੰਦੇ ਹਾਂ ਕਿ ਸਾਨੂੰ ਉਸ ਵੇਲੇ ਖੁਸ਼ੀ ਮਿਲੇਗੀ – ਜੇ ਸਾਨੂੰ ਸਹੀ ਜੀਵਨ ਸਾਥੀ ਮਿਲ ਜਾਵੇ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਦੂਸਰਾ (ਕੋਈ ਖਾਸ) ਇਨਸਾਨ ਹੀ ਜੀਵਨ-ਸਾਥੀ ਦੇ ਰੂਪ ਵਿਚ ਸਾਨੂੰ ਖੁਸ਼ੀ ਦੇਵੇਗਾ।

ਖੁਦ ਤੈਅ ਕੀਤੀਆਂ ਹੋਈਆਂ ਆਪਣੀਆਂ ਸ਼ਰਤਾਂ ਬਾਰੇ ਧਿਆਨ ਨਾਲ ਸੋਚੋ – ਇਨ੍ਹਾਂ ਦੀ ਸੂਚੀ ਤਿਆਰ ਕਰ ਲਵੋ ਅਤੇ ਵੇਖੋ ਕਿ ਅਸੀਂ ਆਪਣੀ ਜਿੰਦਗੀ ਦਾ ਬਹੁਤਾ ਸਮਾਂ ਸਿਰਫ ਇਨ੍ਹਾਂ ਦੇ ਪੂਰਿਆਂ ਹੋਣ ਦੇ ਇੰਤਜਾਰ ਵਿਚ ਹੀ ਗੁਜਾਰ ਦਿੰਦੇ ਹਾਂ। ਜੇਕਰ ਸਾਡੀਆਂ ਇਹ ਸ਼ਰਤਾਂ ਪੂਰੀਆਂ ਹੋ ਵੀ ਜਾਣ ਤਾਂ ਅਸੀਂ ਨਵੀਆਂ ਸ਼ਰਤਾਂ (ਇੱਛਾਵਾਂ) ਘੜ ਲੈਂਦੇ ਹਾਂ। ਇਹਨਾਂ ਸਾਰੀਆਂ ਸ਼ਰਤਾਂ ਵਿਚ ਇਕ ਸਾਂਝ ਹੁੰਦੀ ਹੈ, ਅਤੇ ਬਦਕਿਸਮਤੀ ਨਾਲ ਇਹ ਇਕ ਨੁਕਸ ਹੈ ਜੋ ਸਾਨੂੰ ਸਦੀਵੀ ਖੁਸ਼ੀ ਲੱਭਣ (ਜਾਂ ਪਾਉਣ) ਤੋਂ ਮਨ੍ਹਾਂ ਕਰਦਾ ਹੈ। ਇਹ ਸਾਰੀਆਂ ਸ਼ਰਤਾਂ ਆਪਣੀਆਂ ਜਰੂਰਤਾਂ ਪੂਰੀਆਂ ਕਰਨ ਲਈ ਅਤੇ ਆਪਣੇ ਅੰਦਰ ਦੇ ਖਲਾਅ (ਕਮੀ) ਨੂੰ ਭਰਨ ਲਈ ਬਣਾਈਆਂ ਗਈਆਂ ਹਨ। ਇਹ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ ਅਤੇ ਅਜਿਹੇ ਹਾਲਾਤ ਹੀ ਨਹੀਂ ਬਣਦੇ ਜਦ ਅਸੀਂ ਆਪਣੇ ਅੰਦਰ ਦੇ ਭੈਅ ਜਾਂ ਕਮਜੋਰੀਆਂ ਦਾ ਇਲਾਜ ਕਿਸੇ ਦੀ ਸਹਾਇਤਾ ਨਾਲ ਕਰ ਸਕੀਏ। ਇਹਨਾਂ ਇਲਾਜ ਸਾਨੂੰ ਖੁਦ ਹੀ ਕਰਨਾ ਪਵੇਗਾ।

ਆਪਸੀ ਸਬੰਧਾਂ ਦੇ ਮਾਮਲੇ ਵਿਚ ਅਕਸਰ ਇਹ ਸ਼ਿਕਾਇਤ ਆਮ ਸੁਣੀ ਜਾਂਦੀ ਹੈ ਕਿ ਜੀਵਨ ਸਾਥੀ ਆਖਿਆ ਨਹੀਂ ਮੰਨਦਾ ਜਾਂ ਠੀਕ ਢੰਗ ਨਾਲ ਪੇਸ਼ ਨਹੀਂ ਆਉਂਦਾ। ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਦਾ ਜੀਵਨ-ਸਾਥੀ ਨੂੰ ਹੁਣ ਉਸ ਤਰ੍ਹਾਂ ਪਿਆਰ ਨਹੀਂ ਕਰਦਾ ਜਿਵੇਂ ਕਿ ਉਹ ਇਸ ਸੰਬਧ ਦੇ ਸ਼ੁਰੂ ਵਿਚ ਕਰਦਾ  ਸੀ ਅਤੇ ਉਹ ਹੁਣ ਬਦਲ ਗਿਆ ਹੈ। ਇਸ ਤਰ੍ਹਾਂ ਪਿਆਰ ਸ਼ਰਤਾਂ ਦੇ ਆਧਾਰਿਤ ਹੋ ਰਿਹਾ ਜਾਪਣ ਲੱਗ ਪੈਂਦਾ ਹੈ। ਜਿਵੇਂ ਕਿ ਜੇਕਰ ਤੁਸੀਂ ਮੇਰੇ ਚਾਹੁਣ ਅਨੁਸਾਰ ਵਰਤਾਅ ਕਰਦੇ ਰਹੋਗੇ ਤਾਂ ਮੈਂ ਤੁਹਾਨੂੰ ਪਿਆਰ ਕਰਾਂਗਾ ਜਾਂ ਕਰਦਾ ਰਹਾਂਗਾ। ਇਸ ਤਰਾਂ ਦੂਸਰੇ ਸਾਥੀ ਉਪਰ ਸ਼ਰਤ ਲਾਗੂ ਕੀਤੀ ਜਾਂਦੀ ਹੈ ਅਤੇ ਸ਼ਰਤ ਦੀ ਪਰਖ ਲਈ ਦੂਜੀ ਧਿਰ ਦੇ ਵਰਤਾਅ ਦੀ ਨਿਗਰਾਨੀ ਵੀ ਕੀਤੀ ਜਾਂਦੀ ਹੈ। ਦੂਜੀ ਧਿਰ ਇਸ ਤਰਾਂ ਮਹਿਸੂਸ ਕਰਦੀ ਹੈ ਕਿ ਉਹ ਇਕੱਲੇ ਰਹਿ ਗਏ ਹਨ ਅਤੇ ਪਿਆਰ ਦੇ ਭੁੱਖੇ ਵੀ ਰਹਿਣਗੇ, ਜਦ ਤਕ ਕਿ ਉਹ ਜਿਵੇਂ ਜਰੂਰਤ ਹੈ ਉਵੇਂ ਵਰਤਾਅ ਨਹੀਂ ਕਰਣਗੇ। ਇਹ ਅਸ਼ਚਰਜ ਵਾਲੀ ਗੱਲ ਨਹੀਂ ਹੈ ਇਸ ਤਰਾਂ ਦੀਆਂ ਬੰਦਿਸ਼ਾਂ ਨਾਲ ਆਪਸੀ ਸਬੰਧਾਂ ਵਿਚ ਤਲਖੀ ਹੋਰ ਵਧੇਗੀ।

ਇਸ ਦਾ ਹਲ ਸਿਰਫ ਇਹੀ ਹੈ ਕਿ ਪਿਆਰ ਵਿਚ ਕੋਈ ਸ਼ਰਤ ਨਾ ਹੋਵੇ। ਇਸ ਤਰਾਂ ਦਜੀ ਧਿਰ ਤੋਂ ਪਿਆਰ ਲੈਣ ਦੀ ਸੂਰਤ ਵਿਚ ਪਿਆਰ ਕਿਸੇ ਸ਼ਰਤ ਤੇ ਆਧਾਰਿਤ ਨਹੀਂ ਹੋਵੇਗਾ। ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਪਿਆਰ ਕਰਦੇ ਜਾਵਾਂਗੇ ਅਤੇ ਉਹ ਭਾਵੇਂ ਸਾਡੀ ਨਾਲ ਕਿਵੇਂ ਵੀ ਪੇਸ਼ ਆਵੇ। ਇਸ ਤਰ੍ਹਾਂ ਅਸੀਂ ਇਹ ਮਹਿਸੂਸ ਕਰਾਂਗੇ ਕਿ ਦੂਸਰਾ ਇਨਸਾਨ ਸਾਡੇ ਪਿਆਰ ਦੇ ਕਾਬਿਲ ਹੀ ਨਹੀਂ। ਇਸ ਤਰ੍ਹਾਂ ਦੇ ਵਰਤਾਅ ਤੋਂ ਬਚਣ ਲਈ ਸਾਨੂੰ ਆਪਣੇ ਅੰਦਰ ਝਾਤ ਮਾਰਨੀ ਪਵੇਗੀ ਕਿ ਜੋ ਕੁਝ ਅਸੀਂ ਸ਼ਰਤਾਂ ਦੇ ਰੂਪ ਵਿਚ ਮੰਗ ਰਹੇ ਹਾਂ, ਉਹ ਅਸੀਂ ਖੁਦ ਆਪਣੇ ਉਪਰ ਨਹੀਂ ਲਗਾ ਰਹੇ। ਜਿਵੇਂ ਅਸੀਂ ਕਹੀਏ ਕਿ ਸਾਡੇ ਪਿਆਰ ਦੀ ਇਹ ਸ਼ਰਤ ਹੈ ਕਿ ਸਾਡਾ ਸਾਥੀ ਸਾਡੀ ਗੱਲ ਧਿਆਨ ਨਾਲ ਸੁਣੇ ਅਤੇ ਸਾਨੂੰ ਇਕ ਇਨਸਾਨ ਦੀ ਤਰ੍ਹਾਂ ਸਮਝੇ, ਪਰੰਤੂ ਕੀ ਅਸੀਂ ਖੁਦ ਉਸ ਨੂੰ ਧਿਆਨ ਨਾਲ ਸੁਣਦੇ ਜਾਂ ਸਮਝਦੇ ਹਾਂ। ਸਾਡੇ ਸਾਰੇ ਮਾੜੇ ਵਤੀਰੇ ਸਾਡੀ ਆਪਣੀ ਕਮਜੋਰੀ ਦੀ ਉਪਜ ਹਨ, ਜੇਕਰ ਦੂਜੀ ਧਿਰ ਸਾਡੀ ਸੋਚ ਅਨੁਸਾਰ ਵਰਤਾਅ ਨਹੀਂ ਕਰ ਰਹੀ ਜਿਵੇਂ ਕਿ ਅਸੀਂ ਚਾਹੁੰਦੇ ਹਾਂ, ਤਾਂ ਇਸ ਦਾ ਇਹ ਮਤਲਬ ਹੈ ਕਿ ਅਸੀਂ ਦੂਜੀ ਧਿਰ ਨੂੰ ਚੰਗੀ ਤਰਾਂ ਸਮਝਿਆ ਹੀ ਨਹੀਂ। ਜੇਕਰ ਅਸੀਂ ਦੂਸਰੀ ਧਿਰ ਦੇ ਅੰਦਰੂਨੀ ਦਰਦ ਨੂੰ ਸਮਝ ਲੈਂਦੇ ਤਾਂ ਪਤਾ ਲਗ ਜਾਂਦਾ ਕਿ ਉਹ ਸਾਡੀਆਂ ਸ਼ਰਤਾਂ ਤੇ ਖਰੇ ਕਿਉਂ ਨਹੀਂ ਉਤਰ ਰਹੇ ਅਤੇ ਛੇਤੀ ਹੀ ਪਤਾ ਲਗ ਜਾਂਦਾ ਕਿ ਕਿਸ ਤਰਾਂ ਨਾਲ ਹਲੀਮੀ ਨਾਲ ਵਰਤਾਅ ਕੀਤਾ ਜਾਵੇ।

ਕਿਸੇ ਨੂੰ ਬਿਨਾ ਸ਼ਰਤ ਦੇ ਪਿਆਰ ਕਰਨ ਬਾਰੇ ਸਮਝਣ ਲਈ ਸਾਨੂੰ ਕਿਸੇ ਭੋਲੇ ਜਿਹੇ, ਸੁਘੜ ਇਨਸਾਨ ਦੇ ਸੁਭਾਅ ਨੂੰ ਵੇਖਣਾ ਪਵੇਗਾ ਅਤੇ ਜੇਕਰ ਇਹ ਤੁਹਾਨੂੰ ਔਖਾ ਲਗਦਾ ਹੈ ਤਾਂ ਫਿਰ ਉਸ ਵਕਤ (ਸਮਾਂ, ਹਾਲਾਤ) ਬਾਰੇ ਸੋਚੋ ਜਦ ਤੁਸੀਂ ਉਸ ਇਨਸਾਨ ਨਾਲ ਪਿਆਰ ਦੇ ਬੰਧਨ ਵਿਚ ਬੰਨ੍ਹੇ ਗਏ ਸੀ। ਉਹ ਬਹੁਤ ਹੀ ਹਸੀਨ ਭਾਵਨਾਵਾਂ ਜੋ ਤੁਹਾਡੇ ਮਨ ਵਿਚ ਉਸ ਵੇਲੇ ਆਈਆਂ ਸਨ ਜਦ ਤੁਸੀਂ ਬਿਨਾ ਕਿਸੇ ਸ਼ਰਤ ਦੇ ਉਸ ਨੂੰ ਪਿਆਰ ਕੀਤਾ ਸੀ ਉਸ ਦੇ ਸਾਰੇ ਗੁਣ-ਔਗਣ ਕਬੂਲ ਕਰ ਕੇ। ਇਹ ਤਾਂ ਬਾਅਦ ਦੀ ਗੱਲ ਹੈ ਕਿ ਜਿਵੇਂ ਸਮਾਂ ਬੀਤਦਾ ਗਿਆ ਅਤੇ ਤੁਹਾਨੂੰ ਉਸ ਦੇ ਸੁਭਾਅ ਵਿਚ ਗਲਤੀਆਂ ਦਿੱਖਣ ਲੱਗ ਪਈਆਂ। ਇਸ ਲਈ ਉਸ ਬੀਤੇ ਸਮੇਂ ਬਾਰੇ ਸੋਚੋ ਅਤੇ ਆਪਣੇ ਆਪ ਨੂੰ ਅਹਿਸਾਸ ਕਰਵਾਉ ਉਸ ਵੇਲੇ ਦਾ, ਜਦ ਤੁਸੀਂ ਪਿਆਰ ਵਿਚ ਪੈ ਗਏ ਸੀ। ਉਨ੍ਹਾਂ ਲਮਹਿਆਂ ਨੂੰ ਦੁਬਾਰਾ ਜਿਉਣ ਦੀ ਕੋਸ਼ਿਸ਼ ਕਰੋ ਅਤੇ ਆਪਣੇ ਸਾਥੀ ਨੂੰ ਪੂਰਾ ਸਮਾਂ ਦਿਉ, ਉਸ ਦੀ ਸੁੰਦਰਤਾ ਅਤੇ ਸੁਘੜਤਾ ਬਾਰੇ ਸੋਚੋ ਜਦ ਤੁਸੀਂ ਉਸ ਤੇ ਫਿਦਾ ਹੋ ਗਏ ਸੀ। ਹੋਰ ਚੰਗਾ ਹੋਵੇਗਾ ਜੇਕਰ ਤੁਸੀਂ ਇਹ ਵੀ ਕਰ ਸਕੋ, ਉਸ ਨੂੰ ਦੱਸੋ ਕਿ ਤੁਸੀਂ ਉਸ ਨੂੰ ਕਿੰਨਾ ਪਸੰਦ ਕਰਦੇ ਹੋ ਅਤੇ ਕਿੰਨਾ ਪਿਆਰ ਕਰਦੇ ਹੋ ਉਸ ਨੂੰ ਯਾਦ ਕਰਵਾਓ ਉਹ ਹਸੀਨ ਪਲ, ਜੋ ਤੁਸਾਂ ਇਕੱਠਿਆਂ ਬਿਤਾਏ ਸਨ। ਉਹ ਭਾਵਨਾਵਾਂ ਮੁੜ ਤੋਂ ਜਾਗ ਪੈਣਗੀਆਂ ਜੇਕਰ ਤੁਸੀਂ ਉਨ੍ਹਾਂ (ਜਾਂ ਸਬੰਧਾਂ) ਬਾਰੇ ਅਕ ਤਰਫਾ ਫੈਸਲਾ ਕਰਨਾ ਅਤੇ ਪਿਆਰ ਵਿਚ ਸ਼ਰਤਾਂ ਰੱਖਣੀਆਂ ਛੱਡ ਦਿਉਂਗੇ।

ਸ਼ਰਤਾਂ ਤੇ ਆਧਾਰਿਤ ਪਿਆਰ ਜਹਿਰ ਬਣ ਜਾਵੇਗਾ ਕਿਉਂਕਿ ਜਦ ਅਸੀਂ ਕਿਸੇ ਨੂੰ ਸਜਾ ਦੇ ਬਦਲੇ ਪਿਆਰ ਦੇਣਾ ਬੰਦ ਕਰ ਦਿੰਦੇ ਹਾਂ ਤਾਂ ਸਾਡਾ ਸਾਥੀ ਵੀ ਬਿਲਕੁਲ ਇਸੇ ਤਰ੍ਹਾਂ ਹੀ ਕਰੇਗਾ। ਬਿਨਾ ਸ਼ਰਤ ਦਾ ਪਿਆਰ ਇਸ ਦੇ ਉਲਟ ਅਸਰ ਕਰਦਾ ਹੈ – ਇਹ ਹੋਰ ਗੂੜ੍ਹਾ ਹੋ ਜਾਂਦਾ ਹੈ ਕਿਉਂਕਿ ਮੁਆਫ ਕਰ ਦੇਣਾ ਅਤੇ ਗਲਤੀ ਕਬੂਲ ਕਰ ਲੈਣਾ ਵੀ ਸਾਡੇ ਸਾਥੀ ਦੁਆਰਾ ਪਵਿੱਤਰ ਪਿਆਰ ਦੀ ਤਰ੍ਹਾਂ ਹੀ ਮਹਿਸੂਸ ਕੀਤਾ ਜਾਂਦਾ ਹੈ। ਉਹ ਕੁਦਰਤੀ ਤੌਰ ਤੇ ਸਾਰੀਆਂ ਭਾਵਨਾਵਾਂ ਉਵੇਂ ਹੀ ਵਾਪਿਸ ਵੀ ਕਰ ਦਿੰਦੇ ਹਨ। ਤੁਸੀਂ ਇਸ ਦਾ ਪ੍ਰਯੋਗ ਆਪਣੇ ਸਾਥੀ, ਪਰਿਵਾਰ, ਦੋਸਤ ਅਤੇ ਨਾਲ ਕੰਮ ਕਰਨ ਵਾਲਿਆਂ ਤੇ ਵੀ ਕਰ ਕੇ ਵੇਖ ਸਕਦੇ ਹੋ। ਇਹ ਬਿਨਾ ਸ਼ਰਤ ਦਾ ਪਿਆਰ ਸਦੀਵੀ ਖੁਸ਼ੀ ਦੀ ਕੁੰਜੀ ਹੈ।

Loading spinner