ਮੈਂ .. ਵਿਚ…. ਤੂੰ……
ਸੁਤੰਤਰ
ਭੂਮਿਕਾ
ਸਮਾਜ ਵਿਚ ਵਿਚਰਦਿਆਂ ਮਹਿਸੂਸ ਕੀਤਾ ਕਿ ਹਰ ਇਨਸਾਨ, ਹਰ ਵੇਲੇ ਕੁਝ ਪਾਉਣ ਦੀ ਇੱਛਾ ਨਾਲ ਭੱਜ ਨੱਠ ਕਰ ਰਿਹਾ ਹੈ। ਸ਼ਾਇਦ ਹੋਰ ਧਨ ਕਮਾਉਣ ਲਈ ਤਾਂ ਕਿ ਭਵਿੱਖ ਵਿੱਚ ਪਰਿਵਾਰ ਦਾ ਨਿਰਬਾਹ ਵਧੀਆ ਢੰਗ ਨਾਲ ਕੀਤਾ ਜਾ ਸਕੇ ਅਤੇ ਫਿਰ ਇਹ ਇਕੱਠਾ ਕੀਤਾ ਹੋਇਆ ਸਰਮਾਇਆ ਖੁਸ਼ੀਆਂ ਖਰੀਦਣ ਲਈ ਵਰਤਿਆ ਜਾਵੇਗਾ। ਅਜੇਹੇ ਉਦੇਸ਼ ਦੀ ਪ੍ਰਾਪਤੀ ਲਈ ਅਪਣਾਇਆ ਗਿਆ ਕੋਈ ਵੀ ਹਥਕੰਡਾ ਖੁਦ ਨੂੰ ਨਾਜਾਇਜ਼ ਨਹੀਂ ਲਗਦਾ।
ਵੈਸੇ ਤਾਂ ਕੋਈ ਵੀ ਕਰਮ ਕਰਨ ਵੇਲੇ ਹਰ ਇਨਸਾਨ ਦੇ ਅੰਦਰੋਂ ਇਕ ਆਵਾਜ਼ ਆਉਂਦੀ ਹੈ ਜੋ ਉਸਨੂੰ ਇਸ ਕਾਰਜ ਦੇ ਨੇਪਰੇ ਚਾੜ੍ਹਣ ਜਾਂ ਰੋਕਣ ਬਾਰੇ ਬਿਲਕੁਲ ਸਹੀ ਸਲਾਹ ਦਿੰਦੀ ਹੈ, ਪਰੰਤੂ ਮਾਇਆ ਦੇ ਜਾਲ ਵਿਚ ਫਸਿਆ ਇਨਸਾਨ ਉਸ ਆਵਾਜ਼ ਨੂੰ ਸੁਣਦਾ ਹੀ ਨਹੀਂ। ਅਸੀਂ ਸਾਰਿਆਂ ਨੇ ਉਸ ਆਤਮਿਕ ਸੁਭਾ ਵਾਲੇ ਖੁਦ ਜਾਂ ਕਹੋ ਤਾਂ ਫਿਰ ਉਸ ਖੁਦਾ ਨੂੰ ਬਿਲਕੁਲ ਭੁਲਾ ਹੀ ਛੱਡਿਆ ਹੈ, ਇਹ ਵਿਚਾਰ ਅਸਲ ਵਿਚ ਮੈਂ ਆਪਣੇ ਆਪ ਨੂੰ ਯਾਦ ਕਰਵਾਉਣ ਲਈ ਲਿਖ ਰਿਹਾ ਹਾਂ। ਆਖਿਰ ਕੌਣ ਹੈ, ਮੇਰੇ ਅੰਦਰ, ਜੋ ਹਮੇਸ਼ਾ ਸਹੀ ਸਲਾਹ ਦਿੰਦਾ ਹੈ, ਕਈ ਧਾਰਮਿਕ ਗ੍ਰੰਥਾਂ ਨੇ ਇਸ ਨੂੰ ਖੁਦ ਜਾਂ ਖੁਦਾ ਦਾ ਨਾਮ ਦਿੱਤਾ ਹੈ। ਜਦ ਉਸ ਨੂੰ ਖੁਦ ਕਿਹਾ ਤਾਂ ਮਤਲਬ ਮੈਂ ਆਪ ਹੀ ਸਾਂ, ਪਰੰਤੂ ਜਦ ਲੱਗਿਆ ਸ਼ਾਇਦ ਉਹ ਮੇਰੇ ਅੰਦਰ ਨਹੀਂ ਬਾਹਰ ਹੈ, ਪਰ ਮੇਰਾ ਹੀ ਹੈ, ਤਾਂ ਉਹ ਖੁਦਾ ਹੈ, ਅਤੇ ਉਸ ਨੂੰ ਮੈਂ “ਤੂੰ” ਕਹਿ ਕੇ ਸੰਬੋਧਿਤ ਕੀਤਾ।
ਤਾਂਕਿ ਮੈਂ ਆਪਣੇ ਅੰਦਰ ਉਸ ਖੁਦਾ ਦੀ ਹੋਂਦ ਨੂੰ ਮੁੜ ਤੋਂ ਮਹਿਸੂਸ ਕਰ ਸਕਾਂ ਅਤੇ ਇਹ ਵੀ ਹੋ ਸਕਦਾ ਹੈ ਕਿ ਇਹ ਵਿਚਾਰ ਪੁਸਤਕ ਦਾ ਰੂਪ ਧਾਰ ਕੇ ਹੋਰਾਂ ਨੂੰ ਵੀ ਖੁਦਾ ਦਾ ਅਹਿਸਾਸ ਆਪਣੇ ਅੰਦਰ ਮਹਿਸੂਸ ਕਰਵਾਉਣ ਵਿਚ ਕਾਮਯਾਬ ਹੋ ਜਾਣ। ਉਸ ਅਦਿੱਖ ਸ਼ਕਤੀ ਨੇ ਮੇਰੇ ਅਤੇ ਮੇਰੇ ਖੁਦਾ ਵਿਚਲੇ ਫਾਸਲੇ ਨੂੰ ਖਤਮ ਕਰਨ ਲਈ ਕੀਤੇ ਗਏ ਵਿਚਾਰਾਂ ਨੇ ਇਸ ਲਿਖਤ ਨੂੰ ਮੈਂ ਵਿਚ ਤੂੰ ਸਿਰਲੇਖ ਸੁਝਾਇਆ ਹੈ।
ਓਤਸਾਹ ਭਰਪੂਰ ਜਿੰਦਗੀ ਬਸਰ ਕਰਨ ਲਈ ਇਕ ਹਮਸਫਰ ਦੀ ਜਰੂਰਤ ਮਹਿਸੂਸ ਹੁੰਦੀ ਹੈ। ਬਹੁਤੀ ਵੇਰ ਤਾਂ ਹੋਰ ਜੋੜਿਆਂ ਨੂੰ ਵੇਖ ਕੇ ਆਪਣਾ ਮਨ ਵੀ ਇੰਜ ਹੀ ਚਾਹੁੰਦਾ ਹੈ ਕਿ ਕੋਈ ਸਾਥੀ ਹੋਵੇ ਜਿਸ ਨਾਲ ਨੇੜਤਾ ਵਧਾਈ ਜਾਵੇ ਅਤੇ ਆਪਣੀ ਜਿੰਦਗੀ ਦਾ ਹਰ ਪਲ ਸਾਂਝਾ ਕੀਤਾ ਜਾਵੇ । ਫਿਰ ਕਈ ਲੱਖਾਂ ਵਿਚੋਂ ਇਕ ਚਿਹਰਾ ਮਨ ਨੂੰ ਭਾਉਂਦਾ ਹੈ ਅਤੇ ਉਸ ਨੂੰ ਸਾਥੀ ਬਣਾਉਣ ਦੀ ਇੱਛਾ ਤੀਬਰ ਹੋ ਜਾਂਦੀ ਹੈ। ਇੱਕ ਵਾਰ ਮਨ ਵਿੱਚ ਇਸ ਸ਼ਖਸ ਦਾ ਅਕਸ ਉਤਰ ਜਾਣ ਤੇ ਉਸ ਦੇ ਸ਼ੌਕ, ਉਸ ਦੀਆਂ ਆਦਤਾਂ ਮੱਲੋ-ਮੱਲੀ ਪਸੰਦ ਆ ਜਾਂਦੀਆਂ ਹਨ। ਉਸ ਦੇ ਦਿਲ ਵਿਚ ਜਗ੍ਹਾ ਬਨਾਉਣ ਲਈ, ਮਨ ਹਰ ਤਰ੍ਹਾਂ ਦੇ ਉਪਰਾਲੇ ਕਰਦਾ ਹੈ। ਹਰ ਵਕਤ ਖਿਆਲਾਂ ਵਿਚ ਉਹੀ ਅਤੇ ਸਿਰਫ ਉਹੀ………। ਉਸ ਦੇ ਨਾਲ ਹੋਣ ਜਾਂ ਨਾ-ਹੋਣ ਤੇ ਵੀ ਖੁਸ਼ੀ ਅਤੇ ਗ਼ਮ ਦੇ ਪਲਾਂ ਵਿਚ ਸਾਂਝ ਪਾਈ ਜਾਂਦੀ ਹੈ। ਜਵਾਨੀ ਉਮਰੇ ਸਰੀਰਿਕ ਤਬਦੀਲੀਆਂ ਦੇ ਚੱਲਦਿਆਂ ਮਨ ਵਿਚਲੇ ਫੁਰਨੇ ਸਰੀਰਿਕ ਸਾਂਝ ਦੀ ਕਾਮਨਾ ਵੀ ਕਰਦੇ ਹਨ ਅਤੇ ਉਸ ਦੀ ਛੋਹ, ਉਸ ਨੂੰ ਪਾ ਲੈਣ ਦੀ ਤੜਪ ਪਾਗਲਪਨ ਦੀ ਹੱਦ ਤੱਕ ਵੀ ਪਹੁੰਚ ਸਕਦੀ ਹੈ। ਦੋ ਜਿਸਮ ਹੁੰਦਿਆਂ ਹੋਇਆਂ ਵੀ ਉਹ ਸਾਥੀ ਆਪਣੇ ਅੰਦਰ ਸਮਾ ਜਾਂਦਾ ਹੈ। ਅਜਿਹੀ ਹੀ ਸਥਿਤੀ ਵਿਚ ਮਹਿਸੂਸ ਹੁੰਦਾ ਹੈ ਕਿ ਮੈਂ .. ਵਿਚ.. ਤੂੰ.. ਵਸਦਾ ਹੈਂ। ਇਹ ਤੂੰ… ਉਸ ਪਰਮ-ਸ਼ਕਤੀ ਤੋਂ ਵੱਖ ਵਾਲਾ ਤੂੰ ਹੈ, ਜੋ ਕਿ ਸਰੀਰਿਕ ਰੂਪ ਧਾਰ ਕੇ ਮੇਰੇ ਵਾਂਗ ਹੀ ਦੁਨੀਆ ਵਿਚ ਵਿਚਰਦਾ ਹੈ, ਇਹ ਮੇਰੇ ਵਲੋਂ ਚੁਣਿਆ ਗਿਆ ਉਹ ਪ੍ਰੀਤਮ-ਪਿਆਰਾ ਹੈ ਜਿਸ ਨੇ ਥੋੜਾ ਚਿਰ ਮੇਰਾ ਸਾਥ ਨਿਭਾਉਣਾ ਹੈ, ਮੇਰੀਆਂ ਮਾਨਸਿਕ, ਆਰਥਿਕ ਅਤੇ ਸਰੀਰਿਕ ਲੋੜਾਂ ਪੂਰੀਆਂ ਕਰਨੀਆਂ ਹਨ। ਇਸ ਤੂੰ ਦਾ ਜਿਕਰ ਇਸ ਲਈ ਕੀਤਾ ਜਾ ਰਿਹਾ ਹੈ ਕਿ ਅਸਲ ਵਿਚ ਆਪਣੇ ਖੁਦਾ ਨੂੰ ਆਪਣੇ ਅੰਦਰ ਮਹਿਸੂਸ ਕਰਨ ਲਈ ਸਾਨੂੰ ਉਦਾਹਰਨ ਰਾਹੀਂ ਸਮਝਣਾ ਸੁਖਾਲਾ ਲਗਦਾ ਹੈ। ਅਸੀਂ ਇਸ ਪ੍ਰੀਤਮ ਪਿਆਰੇ ਤੇ ਸਭ ਕੁਝ ਨਿਛਾਵਰ ਵੀ ਕਰਦੇ ਹਾਂ, ਸ਼ਾਇਦ ਆਪਣਾ ਖੁਦਾ ਵੀ ਇਸੇ ਨੂੰ ਹੀ ਮੰਨ ਬਹਿੰਦੇ ਹਾਂ।
ਹਮਸਫਰ ਦੇ ਮਿਲ ਜਾਣ ਤੇ ਪੱਕੇ ਬੰਧਨ ਵਿਚ ਬੰਨ੍ਹੇ ਜਾਣ ਮਗਰੋਂ ਕਈ ਵਾਰ ਅਜਿਹਾ ਸਮਾਂ ਆਉਂਦਾ ਹੈ ਕਿ ਕੁਝ ਜੋੜੇ ਆਪਣੇ ਫੈਸਲੇ ਤੇ ਪਛਤਾਉਂਦੇ ਹਨ, ਸਮਾਂ ਬੀਤਣ ਨਾਲ ਪਿਆਰ ਦੀ ਜਗ੍ਹਾ ਤਕਰਾਰ ਨੇ ਲੈ ਲਈ ਹੁੰਦੀ ਹੈ। ਛੋਟੀਆਂ ਛੋਟੀਆਂ ਗੱਲਾਂ ਤੋਂ ਆਪਸੀ ਨਫਰਤ ਉਪਜਦੀ ਹੈ ਜੋ ਕਿ ਜਿੰਦਗੀ ਨੂੰ ਨਰਕ ਬਣਾ ਸਕਦੀ ਹੈ। । ਸਮਝਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਆਖਿਰ ਅਜਿਹੇ ਹਾਲਾਤ ਬਣੇ ਕਿਵੇਂ? ਇਨ੍ਹਾਂ ਦੇ ਕੀ ਕਾਰਨ ਰਹੇ ? ਅਜਿਹੇ ਹੀ ਵਿਸ਼ਿਆਂ ਨਾਲ ਸਬੰਧਤ ਲੇਖ ਹਥਲੀ ਪੁਸਤਕ ਵਿਚ ਦਰਜ ਹਨ। ਸ਼ਾਇਦ ਇਸ ਸਭ ਲਈ ਅਸੀਂ ਖੁਦ ਹੀ ਜਿੰਮੇਵਾਰ ਹੋਈਏ, ਆਪਣੀ ਪੜਚੋਲ ਕਿਉਂ ਨਾ ਕਰੀਏ।
ਇਸ ਲਈ ਕਈ ਜਗ੍ਹਾ ਆਤਮਾ, ਪਰਮਾਤਮਾ ਅਤੇ ਆਧਿਆਤਮ (ਆਤਮ-ਅਧਿਐਨ) ਬਾਰੇ ਮੁੱਢਲੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।
ਸੁਤੰਤਰ
- ਆਤਮ ਅਧਿਐਨ, ਪਿਆਰ ਅਤੇ ਸਬੰਧ
- ਸਬੰਧਾਂ ਵਿਚ ਵਿਸ਼ਵਾਸ਼ ਕਿਵੇਂ ਬਨਾਇਆ ਜਾਵੇ
- ਬਿਨਾ ਸ਼ਰਤ ਦਾ ਪਿਆਰ – ਕਾਮਯਾਬ ਰਿਸ਼ਤਿਆਂ ਦਾ ਜਰੂਰੀ ਗੁਣ
- ਪੁਰਸ਼, ਭਾਵਨਾਵਾਂ ਅਤੇ ਸਬੰਧ
- ਆਪਣੀ ਮਰਜੀ ਅਨੁਸਾਰ ਜਿੰਦਗੀ ਜਿਉਣ ਦੀ ਕਲਾ ਹਾਸਿਲ ਕਰੋ
- ਵਿਛੜੇ ਸਾਥੀ ਨੂੰ ਭੁੱਲ ਜਾਣ ਵਿਚ ਬਿਹਤਰੀ
- ਸਬੰਧਾਂ ਨੂੰ ਬਚਾਉਣ ਲਈ ਖੁਦ ਨੂੰ ਜੁੰਮੇਵਾਰ ਬਣਾਉ
- ਜਰੂਰਤਾਂ ਸਬੰਧਾਂ ਨੂੰ ਖਰਾਬ ਕਰਦੀਆਂ ਹਨ
- ਪਿਆਰ ਇਕ ਪ੍ਰਕ੍ਰਿਤਿਕ ਗੁਣ
- ਰਿਸ਼ਤੇ ਉਦਾਸੀਨ ਕਿਉਂ ਹੋ ਜਾਂਦੇ ਹਨ, ਇਨ੍ਹਾਂ ਨੂੰ ਸਜੀਵ ਕਿਵੇਂ ਬਣਾਈਏ
- ਪਿਆਰ – ਆਪਸੀ ਸਬੰਧ ਦਾ ਭਾਵਨਾਤਮਕ, ਸਰੀਰਿਕ ਅਤੇ ਅਧਿਆਤਮਕ ਪਹਿਲੂ
- ਧੋਖਾ, ਸਬੰਧ ਅਤੇ ਇਨਫਾਈਡੈਲਟੀ – ਕਾਰਨ ਅਤੇ ਹੱਲ
- ਉਦਾਸੀ – ਇਸ ਨੂੰ ਕਿਵੇਂ ਦੂਰ ਕਰੀਏ
- ਸਬੰਧਾਂ ਦੇ ਝਗੜਿਆਂ ਤੋਂ ਕਿਵੇਂ ਬਚਿਆ ਜਾਵੇ
- ਸ਼ਾਂਤੀ ਨਾਲ ਜਿੰਦਗੀ ਜਿਉਣਾ
- ਭਾਵਨਾਤਮਕ ਸਮਝ ਰੋਮਾਂਟਕਿ ਰਿਸ਼ਤਿਆਂ ਬਾਰੇ ਇਹ ਕੀ ਦੱਸਦੀ ਹੈ
- ਇਕ-ਤਰਫਾ ਪਿਆਰ
- ਸਹੀ ਸਾਥੀ ਦੀ ਚੋਣ ਵਿਚ ਗਲਤੀ ਦਾ ਅਸਰ
- ਪਿਆਰ ਦਾ ਪ੍ਰਗਟਾਵਾ – ਜਿੰਦਗੀ ਅਤੇ ਸਬੰਧਾਂ ਦੀ ਚੋਣ
- ਪ੍ਰੇਮ ਰੋਗ – ਕਾਰਨ ਅਤੇ ਇਲਾਜ
- ਆਪਣੇ ਸਬੰਧ ਬਚਾਉਣ ਦੇ ਨੁਕਤੇ
- ਅਸੀਂ ਪਿਆਰ ਤੋਂ ਕਿਉਂ ਡਰਦੇ ਹਾਂ
- ਸਭਨਾਂ ਦੇ ਹਰਮਨਪਿਆਰੇ ਕਿਵੇਂ ਬਣੀਏ
- ਕੀ ਇਹ ਸੰਭਵ ਹੈ ਕਿ ਇਕ ਵੇਲੇ ਇਕ ਤੋਂ ਵੱਧ ਨਾਲ ਪਿਆਰ ਕੀਤਾ ਜਾ ਸਕਦਾ ਹੈ
- ਈਰਖਾ ਅਤੇ ਨਫਰਤ ਜਾਣ ਦਿਓ
- ਸ਼ਾਦੀ, ਵਫਾਦਾਰੀ ਅਤੇ ਪਿਆਰ
- ਅਸਲ ਵਿਚ ਦੇਣਾ – ਕਾਮਯਾਬ ਅਤੇ ਖੁਸ਼ਹਾਲ ਰਿਸ਼ਤਿਆਂ ਦਾ ਰਾਹ
- ਦਯਾ ਮਿਹਰ
- ਇਹ ਕਿਵੇਂ ਸੰਭਵ ਹੈ ਕਿ ਆਜਾਦ ਰਹੀਏ ਅਤੇ ਸਬੰਧ ਵੀ ਕਾਮਯਾਬ ਰਹਿਣ
- ਤੁਹਾਡੀ ਜਿੰਦਗੀ ਦਾ ਅਸਲ ਮਕਸਦ ਕੀ ਹੈ ਅਤੇ ਇਸ ਦਾ ਸਬੰਧਾਂ ਤੇ ਕੀ ਅਸਰ ਪੈਂਦਾ ਹੈ
- ਅਚੇਤ ਮਨ ਰਿਸ਼ਤਿਆਂ ਅਤੇ ਜਿੰਦਗੀ ਤੇ ਕਾਬੂ ਰੱਖ ਸਕਦਾ ਹੈ
- ਉਹ ਗੱਲਾਂ ਜੋ ਅਸੀਂ ਆਪਣੇ ਸਾਥੀ ਨਾਲ ਨਹੀਂ ਸਾਂਝੀਆਂ ਕਰਦੇ ਅਤੇ ਜਿਸ ਨਾਲ ਸਬੰਧ ਵਿਗੜ ਜਾਂਦੇ ਹਨ
- ਟੁੱਟੇ ਦਿਲ ਦਾ ਕੀ ਇਲਾਜ ਕਰੀਏ
- ਪਿਆਰ ਦੀ ਤਲਾਸ਼ ਕਿਵੇਂ ਕਰੀਏ
- ਜੁੜਨਾ – ਇਹ ਤੁਹਾਡੇ ਸਬੰਧ ਅਤੇ ਜਿੰਦਗੀ ਕਿਵੇਂ ਖਰਾਬ ਕਰਦਾ ਹੈ, ਇਸ ਤੋਂ ਕਿਵੇਂ ਬਚੀਏ
- ਅਸੀਂ ਆਪਣੇ ਸਾਥੀ ਦਾ ਵਿਹਾਰ ਕਿਵੇਂ ਬਦਲ ਸਕਦੇ ਹਾਂ
- ਠੁਕਰਾਏ ਜਾਣ ਦੀ ਸਥਿਤੀ ਨਾਲ ਨਜਿੱਠਣਾ
- ਠੁਕਰਾਏ ਜਾਣ ਦੀ ਭਾਵਨਾ ਖੁਦ ਨੂੰ ਨਾਕਾਰਨ ਨਾਲ ਆਉਂਦੀ ਹੈ