ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਸੁੰਦਰਤਾ

ਨਰਿੰਦਰ ਸਿੰਘ ਕਪੂਰ

ਸੁੰਦਰਤਾ ਉਹ ਹੈ ਜਿਸਦੀ ਸੌਕਣ ਵੀ ਸਿਫ਼ਤ ਕਰੇ। ਸੁੰਦਰਤਾ ਪਰਮਾਤਮਾ ਦੀ ਮੁਸਕਰਾਹਟ ਹੈ।

ਖ਼ੂਬਸੂਰਤੀ ਕਿਸੇ ਦੀਆਂ ਅੱਖਾਂ ਜਾਂ ਬੁੱਲ੍ਹਾ ਜਾਂ ਦੰਦਾਂ ਵਿਚ ਨਹੀਂ ਹੁੰਦੀ, ਇਹ ਇਹਨਾਂ ਸਭ ਵਿਚ ਅਤਿਅੰਤ ਉੱਤਮ ਦਰਜੇ ਦਾ ਹੈ ਤੇ ਇਸ ਵਿਚ ਇਕ ਦਾ ਲਾਭ ਦੂਜੇ ਨੂੰ ਪ੍ਰਾਪਤ ਹੁੰਦਾ ਹੈ। ਜਿਵੇਂ ਚੰਦਰਮਾ ਸੂਰਜ ਕਾਰਨ ਖ਼ੂਬਸੂਰਤ ਹੈ, ਤਾਰੇ ਰਾਤ ਕਾਰਨ ਸੋਹਣੇ ਲਗਦੇ ਹਨ, ਇਵੇਂ ਹੀ ਕਿਸੇ ਸੁੰਦਰੀ ਦੇ ਚਿਹਰੇ ਉਤੇ ਬਿੰਦੀ ਇਸ ਕਰਕੇ ਸੁੰਦਰ ਲਗਦੀ ਹੈ ਕਿਉਂਕਿ ਬਿੰਦੀ ਦੇ ਪਿੱਛੇ ਮੱਥਾ ਸੋਹਣਾ ਹੁੰਦਾ ਹੈ। ਸੁੰਦਰਤਾ ਦਾ ਪ੍ਰਭਾਵ ਅੰਸ਼ਾਂ ਵਿਚ ਨਹੀਂ, ਸਮੁੱਚਤਾ ਵਿਚ ਹੁੰਦਾ ਹੈ। ਇਵੇਂ ਅਨੁਪਾਤ-ਸ਼ੀਲਤਾ ਨੂੰ ਸੁੰਦਰਤਾ ਅਤੇ ਅਨੁਪਾਤ ਹੀਣਤਾ ਨੂੰ ਕੋਹਜਾਪਣ ਕਹਿੰਦੇ ਹਨ। ਕਿਸੇ ਵਸਤੂ ਦਾ ਖ਼ੂਬਸੂਰਤ ਹੋਣਾ ਸਾਡੀਆਂ ਅੱਖਾਂ ਉਤੇ ਨਿਰਭਰ ਕਰਦਾ ਹੈ। ਸਾਡੀਆਂ ਅੱਖਾਂ ਕਿਸੇ ਦੀ ਖ਼ੂਬਸੂਰਤੀ ਦਾ ਪਹਿਲਾ ਅਤੇ ਅੰਤਮ ਫੈਸਲਾ ਦਿੰਦੀਆਂ ਹਨ। ਜਿਹੜਾ ਸਾਡੀਆਂ ਅੱਖਾਂ ਨੂੰ ਨਹੀਂ ਜਚਦਾ, ਉਸ ਨਾਲ ਪਿਆਰ ਕਰਨ ਦੀ ਸੰਭਾਵਨਾ ਨਹੀਂ ਹੁੰਦੀ। ਅੱਖਾਂ ਉਪਰੰਤ ਸੁੰਦਰ ਵਸਤਾਂ ਸਾਡੇ ਕੰਨਾਂ ਨੂੰ ਭਾਉਂਦੀ ਹੈ। ਸਰੀਰਕ ਸੁੰਦਰਤਾ ਅਤੇ ਆਵਾਜ਼ ਕਿਸੇ ਦੀ ਸੁੰਦਰਤਾ ਦੇ ਪਹਿਲੇ ਦੋ ਪੜਾਅ ਹਨ। ਇਹ ਦੋਵੇਂ ਪੱਖ ਇਕ ਦੂਜੇ ਦੀ ਘਾਟ ਨੂੰ ਕੱਜ ਲੈਂਦੇ ਹਨ ਪਰ ਜਿਥੇ ਦੋਵੇਂ ਆਪਣੇ ਜੋਬਨ ਉਤੇ ਹੋਣ ਉਥੇ ਪਾਣੀਆਂ ਨੂੰ ਅੱਗ ਲਗ ਜਾਂਦੀ ਹੈ, ਉਥੇ ਸੱਖਣੇ ਭਰੇ ਜਾਂਦੇ ਹਨ, ਉਥੇ ਸਭ ਭੁੱਖਾਂ ਮਿਟ ਜਾਂਦੀਆਂ ਹਨ, ਉਥੇ ਰੂਹ ਰੱਜ ਜਾਂਦੀ ਹੈ, ਉਥੇ ਬੁੱਢੇ ਜਵਾਨ ਹੋ ਜਾਂਦੇ ਹਨ, ਉਥੇ ਸਾਰਾ ਸੰਸਾਰ ਸੋਹਣਾ ਸੋਹਣਾ ਲੱਗਣ ਲੱਗ ਜਾਂਦਾ ਹੈ। ਖ਼ੂਬਸੂਰਤੀ ਉਹ ਨਹੀਂ ਜਿਸ ਦੇ ਸਾਹਮਣੇ ਅਸੀਂ ਹੀਣੇ ਅਨੁਭਵ ਕਰੀਏ ਸਗੋਂ ਖ਼ੂਬਸੂਰਤੀ ਉਹ ਹੈ ਜਿਸ ਦੀ ਹਾਜ਼ਰੀ ਵਿਚ ਸਾਨੂੰ ਆਪਣਾ ਆਪ ਚੰਗਾ ਲੱਗੇ।

ਸੁੰਦਰਤਾ ਜਾਂ ਖ਼ੂਬਸੂਰਤੀ ਉਹ ਹੈ ਕਿ ਜਿਸ ਦੀ ਸੇਵਾ ਵਿਚ ਮਨੁੱਖ ਤਨ, ਮਨ, ਧਨ ਲਗਾ ਦੇਵੇ। ਜ਼ਿੰਦਗੀ ਦੇ ਬਹੁਤੇ ਫੈਸਲੇ ਅਸੀਂ ਸੋਚ ਵਿਚਾਰ ਉਪਰੰਤ ਕਰਦੇ ਹਾਂ, ਪਰ ਖ਼ੂਬਸੂਰਤੀ ਦੇ ਪ੍ਰਭਾਵ ਅਧੀਨ ਕੀਤਾ ਫੈਸਲਾ ਸੋਚ ਵਿਚਾਰ ਉਤੇ ਨਹੀਂ, ਸਾਡੇ ਮਹਿਸੂਸ ਕਰਨ ਦੀ ਯੋਗਤਾ ਉਤੇ ਨਿਰਭਰ ਕਰਦਾ ਹੈ। ਖ਼ੂਬਸੂਰਤੀ ਆਪਣੇ ਆਪ ਵਿਚ ਇਕ ਸਿਫ਼ਾਰਿਸ਼ ਹੈ, ਇਸ ਨੂੰ ਕੋਈ ਵੀ ਕੰਮ ਕਰਵਾਉਣ ਲਈ ਕਿਸੇ ਵੀ ਸਹਿਯੋਗ ਦੀ ਲੋੜ ਨਹੀਂ।

ਖ਼ੂਬਸੂਰਤੀ ਉਹ ਹੈ ਜਿਸ ਦੀ ਇਕ ਨਜ਼ਰ ਦੀ ਪ੍ਰਾਪਤੀ ਲਈ ਪੁਰਸ਼ਾਂ ਵਿਚ ਚੁੱਪ-ਚੁਪੀਤਾ ਸੰਘਰਸ਼ ਛਿੜ ਪਵੇ ਤੇ ਮੁਸਕਰਾਹਟ ਦੀ ਪ੍ਰਾਪਤੀ ਲਈ ਵਿਅਕਤੀ ਬੁੱਤ ਬਣ ਜਾਵੇ।

ਕਹਿੰਦੇ ਹਨ ਸੁੰਦਰ ਲੋਕਾਂ ਨੂੰ ਪੈਸੇ ਜਾਂ ਪਰਸ ਰੱਖਣ ਦੀ ਲੋੜ ਨਹੀਂ, ਕਿਉਂਕਿ ਉਹ ਜਿਥੇ ਵੀ ਜਾਣਗੇ, ਪੈਸੇ ਦੇਣ ਵਾਸਤੇ ਕੋਈ ਨਾ ਕੋਈ ਤਿਆਰ ਹੋਵੇਗਾ।

ਸੁੰਦਰਤਾ ਦਾ ਕੋਈ ਕਾਰਨ ਨਹੀਂ ਹੁੰਦਾ। ਸੁੰਦਰਤਾ ਹਰ ਹਾਲਤ ਵਿਚ ਪ੍ਰਭਾਵਤ ਕਰਦੀ ਹੈ। ਸੁੰਦਰਤਾ ਉਹ ਹੈ ਜਿਹੜੀ ਸਾਨੂੰ ਚੰਗੇਰੇ ਜੀਵਨ ਦੀ ਲਟਕ ਲਾਵੇ ਤੇ ਸਾਡੇ ਲਈ ਚੰਗੇ ਬਣਨਾ ਸੌਖਾ ਕਰ ਦੇਵੇ। ਸੁੰਦਰਤਾ ਇਕ ਅਜਿਹੀ ਖੂਸ਼ਬੂ ਹੈ ਜਿਸ ਦਾ ਕੋਈ ਨਾਂ ਨਹੀਂ। ਸੁੰਦਰ ਚਿਹਰਾ ਉਹ ਹੈ ਜਿਸ ਦੇ ਪ੍ਰਗਟ ਹੋਣ ਨਾਲ ਪੈ ਰਿਹਾ ਸ਼ੋਰ ਬੰਦ ਹੋ ਜਾਵੇ। ਇਵੇਂ ਸੁੰਦਰਤਾ ਵਿਚ ਹੜ੍ਹ ਦੇ ਪਾਣੀਆਂ ਨੂੰ ਦਰਿਆ ਦੇ ਕਿਨਾਰਿਆਂ ਵਿਚ ਲਿਆਉਣ ਦੀ ਸਮਰਥਾ ਹੁੰਦੀ ਹੈ। ਸੁੰਦਰਤਾ ਵਿਚ ਸਥਿਤੀ ਨੂੰ ਬਦਲਣ ਦੀ ਅਥਾਹ ਸ਼ਕਤੀ ਹੁੰਦੀ ਹੈ।

ਸੁੰਦਰਤਾ ਨਾਲ ਸ਼ਾਂਤ ਲੋਕ ਜਜ਼ਬੇ ਭਰੇ ਕੰਮਾਂ ਵਿਚ ਉਛਲਣ ਲਗਦੇ ਹਨ ਤੇ ਭੜਕੀ ਹੋਈ ਭੀੜ ਸ਼ਾਂਤ ਹੋ ਜਾਂਦੀ ਹੈ। ਸੁੰਦਰਤਾ ਵਿਚ ਮੂਰਖ ਨੂੰ ਸਿਆਣਾ ਤੇ ਸਿਆਣੇ ਨੂੰ ਦੀਵਾਨਾ ਬਣਾਉਣ ਦੀ ਸ਼ਕਤੀ ਹੁੰਦੀ ਹੈ।

ਖ਼ੂਬਸੂਰਤੀ ਨੂੰ ਵੇਖਕੇ ਨਿਰਜੋਤ ਅੱਖਾਂ ਵੀ ਜਗਮਗਾਉਣ ਲੱਗਦੀਆਂ ਹਨ, ਕੰਨ ਉਹ ਆਵਾਜ਼ਾਂ ਸੁਣਨ ਲੱਗਦੇ ਹਨ, ਜਿਨ੍ਹਾਂ ਦੀ ਹੋਂਦ ਬਾਰੇ ਵੀ ਅਸੀਂ ਪਹਿਲਾਂ ਸੁਚੇਤ ਨਹੀਂ ਹੁੰਦੇ।

ਸੁੰਦਰਤਾ ਉਹ ਹੈ ਜਿਸ ਵਿਚ ਬਾਂਕੇ ਸਾਧ ਬਣ ਜਾਣ ਤੇ ਜਿਸ ਦੇ ਚਰਖੇ ਦੀ ਘੂਕ ਸੁਣ ਕੇ ਜੋਗੀ ਪਹਾੜੋਂ ਉਤਰ ਆਉਣ।

ਜ਼ਿੰਦਗੀ ਨੂੰ ਜਿਉਣ ਯੋਗ ਬਣਾਉਣ ਲਈ ਸੁੰਦਰਤਾ ਬੜੀ ਜ਼ਰੂਰੀ ਹੈ। ਖ਼ੂਬਸੂਰਤੀ ਦਾ ਉਹੀ ਲਾਭ ਹੈ ਜੋ ਕਿਸੇ ਵੀ ਲਾਭਦਾਇਕ ਵਸਤ ਦਾ ਹੋ ਸਕਦਾ ਹੈ।

ਜ਼ਿੰਦਗੀ ਦਾ ਜਜ਼ਬਾ, ਜੀਵਨ ਦੀ ਲਟਕ ਅਤੇ ਜਿਉਣ ਦਾ ਚਾਅ ਸੁੰਦਰਤਾ ਦੇ ਪ੍ਰਮੁੱਖ ਸੋਮੇ ਹਨ। ਖ਼ੁਦਕੁਸ਼ੀ ਕਰਨ ਵਾਲੇ ਲੋਕ ਕਦੀ ਖ਼ੂਬਸੂਰਤ ਨਹੀਂ ਹੁੰਦੇ। ਲੋਕਾਂ ਦੀ ਬਹੁ-ਗਿਣਤੀ ਉਚੇਚ ਨਾਲ ਆਪਣੇ ਨੱਕ, ਮੂੰਹ, ਕੰਨ ਆਦਿ ਦੀਆਂ ਤਸਵੀਰਾਂ ਖਿਚਵਾਉਣ ਵਿਚ ਮਗਨ ਹੈ।

ਖ਼ੂਬਸੂਰਤੀ ਵਿਚ ਉਚੇਚ ਨਹੀਂ ਹੁੰਦਾ, ਇਸ ਵਿਚ ਕਾਹਲ ਨਹੀਂ ਹੁੰਦੀ, ਇਸ ਨੂੰ ਕਿਸੇ ਸਜਾਵਟ ਦੀ ਲੋੜ ਨਹੀਂ ਹੁੰਦੀ, ਇਸ ਵਿਚ ਦੂਜਿਆਂ ਦਾ ਧਿਆਨ ਖਿੱਚਣ ਦੀ ਲਾਲਸਾ ਨਹੀਂ ਹੁੰਦੀ, ਇਸ ਵਿਚ ਸਾੜਾ ਜਾਂ ਈਰਖਾ ਨਹੀਂ ਹੁੰਦੀ। ਖ਼ੂਬਸੂਰਤੀ ਉਹ ਹੈ ਜਿਸ ਦੀ ਮਹਿਕ ਅਗਰਬੱਤੀ ਜਿਹੀ ਹੋਵੇ, ਜਿਸ ਦੀ ਇਕ ਝਲਕ ਨਾਲ ਸਾਡੀ ਧੁਰ ਆਤਮਾ ਤਕ ਸ਼ਾਂਤੀ ਪਸਰ ਜਾਵੇ ਕਿਉਂਕਿ ਖ਼ੂਬਸੂਰਤੀ ਨੂੰ ਅਸੀਂ ਮੱਥੇ ਦੀਆਂ ਅੱਖਾਂ ਨਾਲ ਨਹੀਂ, ਰੂਹ ਦੀਆਂ ਅੱਖਾਂ ਨਾਲ ਨਿਹਾਰਦੇ ਹਾਂ।

ਆਪਣੇ ਆਪ ਨੂੰ ਪੁੱਛ ਕੇ ਵੇਖੋ, ਤੁਹਾਡੇ ਵਿਚਾਰ ਵਿਚ ਕਿਹੜੀ ਚੀਜ਼ ਖ਼ੂਬਸੂਰਤ ਹੈ? ਸ਼ਾਇਦ ਤੁਸੀਂ ਨਾ ਦੱਸ ਸਕੋ। ਦੱਸਣ ਵਾਲੀਆਂ ਗੱਲਾਂ ਦਿਮਾਗ ਨਾਲ ਸੋਚ ਕੇ ਦੱਸੀਆਂ ਜਾਂਦੀਆਂ ਹਨ, ਪਰ ਖ਼ੂਬਸੂਰਤੀ ਦਾ ਦ੍ਰਿਸ਼ ਤਾਂ ਮਹਿਸੂਸ ਹੀ ਕੀਤਾ ਜਾ ਸਕਦਾ ਹੈ ਦੱਸਿਆ ਨਹੀਂ ਜਾ ਸਕਦਾ। ਪ੍ਰਕ੍ਰਿਤੀ ਵਿਚ ਸਭ ਕੁਝ ਖ਼ੂਬਸੂਰਤ ਹੈ, ਪ੍ਰਕ੍ਰਿਤੀ ਦੇ ਨੇਮਾਂ ਅਨੁਸਾਰ ਜਿਉਣਾ ਖ਼ੂਬਸੂਰਤ ਮਨ ਦੀ ਨਿਸ਼ਾਨੀ ਹੈ। ਲੋਕਾਂ ਦੇ ਚਿਹਰੇ ਜਾਂ ਸਰੀਰ ਖ਼ੂਬਸੂਰਤ ਹੁੰਦੇ ਹਨ ਪਰ ਇਸ ਨਾਲੋਂ ਵੀ ਉਚੇਰੀ ਖ਼ੂਬਸੂਰਤੀ ਮਨ ਦੀ ਖ਼ੂਬਸੂਰਤੀ ਹੈ। ਮਨ ਦੀ ਖ਼ੂਬਸੂਰਤੀ ਵਿਚ ਕੁਦਰਤ ਦੀ ਖ਼ੂਬਸੂਰਤੀ ਦਾ ਵਿਸ਼ੇਸ਼ ਰੋਲ ਹੈ। ਦਰਿਆ ਖ਼ੂਬਸੂਰਤ ਹੁੰਦੇ ਹਨ, ਪਹਾੜ ਖ਼ੂਬਸੂਰਤ ਹੁੰਦੇ ਹਨ। ਸੂਰਜ ਜਾ ਨਿਕਲਣਾ ਤੇ ਡੁੱਬਣਾ ਖ਼ੂਬਸੂਰਤ ਹੁੰਦਾ ਹੈ। ਆਲੇ-ਦੁਆਲੇ ਖ਼ੂਬਸੂਰਤੀ ਹੀ ਖ਼ੂਬਸੂਰਤੀ ਹੈ, ਪਰ ਸਾਡੇ ਕੋਲ ਉਹ ਅੱਖਾਂ ਨਹੀਂ ਜਿਨ੍ਹਾਂ ਨਾਲ ਖ਼ੂਬਸੂਰਤੀ ਮਾਣ ਸਕੀਏ। ਖ਼ੂਬਸੂਰਤੀ ਵਿਚ ਆਤਮਕ ਸ਼ਾਂਤੀ ਦੀ ਸਾਦਗੀ ਹੁੰਦੀ ਹੈ।

ਜਿਹੜੇ ਖ਼ੂਬਸੂਰਤ ਹਨ, ਉਹ ਭਾਵੇਂ ਬੋਰੀ ਪਹਿਨ ਲੈਣ, ਸੁੰਦਰ ਲੱਗਣਗੇ, ਪਰ ਜਿਨ੍ਹਾਂ ਦੇ ਇਰਾਦੇ ਕਰੂਪ ਤੇ ਭ੍ਰਿਸ਼ਟ ਹੋਏ ਹਨ, ਉਹ ਭਾਵੇਂ ਦੁਸ਼ਾਲੇ ਪਾ ਲੈਣ ਜਾਂ ਇਕ ਇਕ ਹੱਥ ਵਿਚ ਚਾਰ ਚਾਰ ਛਾਪਾਂ ਪਾ ਲੈਣ, ਉਹ ਕੋਝੇ ਚਲਿੱਤਰ ਕਰਦੇ ਪ੍ਰਤੀਤ ਹੋਣਗੇ ਅਤੇ ਹੋਛੇ ਲੱਗਣਗੇ।

ਜਿਵੇਂ ਪਹਾੜਾਂ ਵਿਚ ਕੁਦਰਤ ਦੀ ਸ਼ਾਂਤੀ ਸਾਡੇ ਆਰ ਪਾਰ ਹੋ ਜਾਂਦੀ ਹੈ, ਜਿਵੇਂ ਸਮੁੰਦਰ ਦੇ ਕਿਨਾਰੇ ਸਾਗਰ ਦੀ ਵਿਸ਼ਾਲਤਾ ਜੀਵਨ ਦੀਆਂ ਛੋਟੀਆਂ ਗਿਣਤੀ ਮਿਣਤੀਆਂ ਤੋਂ ਉਪਰ ਉਠਣ ਲਈ ਪ੍ਰੇਰਦੀ ਹੈ, ਉਵੇਂ ਖ਼ੂਬਸੂਰਤੀ ਦੇ ਸਨਮੁੱਖ ਹੋਣ ਨਾਲ ਜੀਵਨ ਦੀਆਂ ਚਿੰਤਾਵਾਂ ਇੰਜ ਝੜ ਜਾਂਦੀਆਂ ਹਨ ਜਿਵੇਂ ਪਤਝੜ ਵਿਚ ਪੀਲੇ ਪਏ ਪੱਤੇ।

ਖ਼ੂਬਸੂਰਤ ਹੋਣਾ ਅਤੇ ਖ਼ੂਬਸੂਰਤ ਲੱਗਣਾ ਦੋ ਵੱਖਰੀਆਂ ਸਥਿਤੀਆਂ ਹਨ। ਪੂੰਜੀਵਾਦ ਖ਼ੂਬਸੂਰਤ ਬਣਨ ਦੇ ਸਾਧਨ ਤਾਂ ਪ੍ਰਦਾਨ ਕਰਦਾ ਹੈ ਪਰ ਖ਼ੂਬਸੂਰਤੀ ਸਿਰਜਦਾ ਨਹੀਂ। ਮਿਲਵਰਤਨ, ਸਨੇਹ, ਹਮਦਰਦੀ, ਤਿਆਗ ਅਤੇ ਰਲ ਕੇ ਜਿਉਣ ਦੀ ਭਾਵਨਾ ਵਿਚੋਂ ਜਿਹੜੇ ਨੈਣ ਨਕਸ਼ ਉਭਰਨਗੇ ਉਹ ਸੱਚੇ ਅਰਥਾਂ ਵਿਚ ਖ਼ੂਬਸੂਰਤ ਹੋਣਗੇ। ਸਮਾਜਵਾਦੀ ਸੁੰਦਰਤਾ, ਪੂੰਜੀਵਾਦੀ ਸੁੰਦਰਤਾ ਦੇ ਮੁਕਾਬਲੇ ਵਧੇਰੇ ਡੂੰਘੀ ਵਿਸ਼ਾਲ ਅਤੇ ਹੰਢਣਸਾਰ ਹੋਵੇਗੀ।

ਸਭ ਪ੍ਰਕਾਰ ਦੇ ਭੇਦਭਾਵ ਮਿਟਣ ਦੇ ਬਾਵਜੂਦ ਖ਼ੂਬਸੂਰਤੀ ਦੇ ਆਧਾਰ ਉਤ ਵਖਰੇਵਾਂ ਬਣਿਆ ਰਹੇਗਾ। ਖ਼ੂਬਸੂਰਤੀ ਮਨ ਦੀ ਅਵਸਥਾ ਹੈ, ਇਹ ਰੂਹ ਦੀ ਟਰੇਨਿੰਗ ਹੈ।

ਕਿਸੇ ਚੀਜ਼ ਦੀ ਪਸੰਦ ਉੱਚੀ ਕਰ ਲਵੋ ਤੁਹਾਨੂੰ ਆਪਣੀ ਪਸੰਦ ਤੇ ਪੱਧਰ ਅਨੁਸਾਰ ਚੀਜ਼ਾਂ ਮਿਲਦੀਆਂ ਰਹਿਣਗੀਆਂ। ਲੋੜ ਪੈਸੇ ਦੀ ਨਹੀਂ, ਆਪਣੀ ਪੱਧਰ ਉੱਚੀ ਕਰਨ ਦੀ ਹੈ। ਪੱਧਰ ਉੱਚੀ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਕਿਸੇ ਸ਼ੌਕ ਨੂੰ ਪਾਲੀਏ। ਹਰ ਸ਼ੌਕ ਸਾਡੇ ਮਨ ਨੂੰ ਸਿਧਾਉਂਦਾ ਹੈ ਅਤੇ ਅਨੁਪਾਤ, ਇਕਸੁਰਤਾ ਤੇ ਇਕਸਾਰਤਾ ਦਾ ਗਿਆਨ ਕਰਵਾਉਂਦਾ ਹੈ। ਕਿਸੇ ਵੀ ਸ਼ੌਕ ਦੇ ਪਾਲਣ ਨਾਲ ਸਾਡੀ ਸ਼ਖਸੀਅਤ ਵਿਚ ਟਿਕਾਓ ਆਉਂਦਾ ਹੈ, ਰੂਹ ਵਿਚ ਸ਼ਾਂਤੀ ਪਸਰਦੀ ਹੈ, ਭਟਕਣ ਘਟਦੀ ਹੈ, ਮਿਹਨਤ ਕਰਨ ਦਾ ਉਤਸਾਹ ਮਿਲਦਾ ਹੈ। ਸ਼ੌਕ ਪਾਲਣ ਵਾਲੇ ਲੋਕ ਖ਼ੂਬਸੂਰਤ ਨਹੀਂ ਹੁੰਦੇ, ਸ਼ੌਕ ਪਾਲਦੇ ਹੀ ਖ਼ੂਬਸੂਰਤ ਲੋਕ ਹਨ।

ਲੋਕਾਂ ਦੀ ਬਹੁਗਿਣਤੀ ਖੜਕਦੀ ਹੈ ਜਦੋਂ ਕਿ ਸੱਚੇ ਅਰਥਾਂ ਵਿਚ ਸੋਹਣੇ ਲੋਕਾਂ ਦੀ ਸ਼ਖਸੀਅਤ ਸ਼ਹਿਨਾਈ ਵਾਂਗ ਹੁੰਦੀ ਹੈ।

ਜ਼ਿੰਦਗੀ ਦੇ ਸੁਹਜ ਨਾਲ ਅਮੀਰੀ ਆਉਂਦੀ ਹੈ ਨਾ ਕਿ ਅਮੀਰੀ ਨਾਲ ਸੁਹਜ ਆਉਂਦਾ ਹੈ। ਜਦ ਤਕ ਸਾਡੇ ਦਿਮਾਗਾਂ ਵਿਚ ਰੌਸ਼ਨੀ ਨਹੀਂ ਹੁੰਦੀ ਬਾਹਰ ਦਿਨ ਦਿਹਾੜੇ ਵੀ ਹਨੇਰਾ ਲੱਗੇਗਾ।

ਸੁੰਦਰ ਵਿਅਕਤੀ ਆਪਣੀ ਰੂਹ ਦੀ ਅਮੀਰੀ ਦੇ ਜ਼ੋਰ ਨਾਲ ਸੁੰਦਰ ਪ੍ਰਤੀਤ ਹੁੰਦਾ ਹੈ ਤੇ ਉਸ ਦੀ ਸੁੰਦਰਤਾ ਉਸ ਦੇ ਠੀਕ ਹੋਣ ਦਾ ਪ੍ਰਮਾਣ ਹੁੰਦੀ ਹੈ। ਖ਼ੂਬਸੂਰਤ ਭਾਵੇਂ ਮਹਾਨ ਨਾ ਹੋਣ ਪਰ ਮਹਾਨ ਜ਼ਰੂਰ ਖ਼ੂਬਸੂਰਤ ਹੁੰਦੇ ਹਨ।

ਹਰ ਮਨੁੱਖ ਨੂੰ ਸਦਾ ਹੀ ਖ਼ੂਬਸੂਰਤੀ ਦੀ ਤਲਾਸ਼ ਰਹਿੰਦੀ ਹੈ।

ਸੋਹਣੇ ਮਹਿਮਾਨ ਉਹ ਹੁੰਦੇ ਹਨ ਜਿਨ੍ਹਾਂ ਦੀ ਸੇਵਾ ਲਈ ਅਸੀਂ ਉਹ ਕੁਝ ਅੱਗੇ ਧਰੀਏ ਜੋ ਵਰਤਣ ਲਈ ਅਸੀਂ ਆਪਣੇ ਆਪ ਨੂੰ ਕਦੀ ਯੋਗ ਨਾ ਸਮਝਿਆ ਹੋਵੇ।

ਭੜਕੀਲੀ ਖ਼ੂਬਸੂਰਤੀ ਦੇ ਪ੍ਰੇਮੀ ਤਾਂ ਸਾਰੇ ਬਣਨਾ ਚਾਹੁੰਦੇ ਹਨ ਪਰ ਪਤੀ ਕੋਈ ਨਹੀਂ। ਇਵੇਂ ਹੀ ਖੋਟੇ ਖੂਬਸੂਰਤਾਂ ਸਬੰਧੀ ਅਫਵਾਹਾਂ ਫੈਲਦੀਆਂ ਹਨ ਪਰ ਸੱਚ ਕੋਈ ਨਹੀਂ ਹੁੰਦੀ।

ਸੱਚੇ ਅਰਥਾਂ ਵਿਚ ਖ਼ੂਬਸੂਰਤੀ ਆਪਣੇ ਆਪ ਵਿਚ ਮਗਨ ਹੁੰਦੀ ਹੈ ਅਤੇ ਉਸ ਨੂ ਇਹ ਗਿਆਨ ਨਹੀਂ ਹੁੰਦਾ ਕਿ ਉਹ ਖ਼ੂਬਸੂਰਤ ਹੈ। ਔਰਤਾਂ ਨੂੰ ਆਪਣੀ ਖ਼ੂਬਸੂਰਤੀ ਨਾਲ ਹੀ ਪਿਆਰ ਹੁੰਦਾ ਹੈ, ਉਹ ਕਿਸੇ ਹੋਰ ਨੂੰ ਨਹੀਂ ਪਛਾਣਦੀਆਂ। ਹਰ ਇਕ ਦੀ ਜ਼ਿੰਦਗੀ ਵਿਚ ਖ਼ੂਬਸੂਰਤੀ ਦਾ ਮੌਸਮ ਜ਼ਰੂਰ ਆਉਂਦਾ ਹੈ। ਜਿਹੜੇ ਇਸ ਮੌਸਮ ਵਿਚ ਆਪਣੇ ਆਦਰਸ਼ਾਂ, ਪਸੰਦਗੀਆਂ ਤੇ ਪੱਧਰਾਂ ਨੂੰ ਉਚਿਆ ਲੈਂਦੇ ਹਨ, ਉਹ ਖ਼ੂਬਸੂਰਤੀ ਭਰਿਆ ਜੀਵਨ ਗੁਜ਼ਾਰਦੇ ਹਨ ਪਰ ਜਿਹੜੇ ਭੜਕਦੇ, ਭੜਕਦੇ ਤੇ ਬੁੜ੍ਹਕਦੇ ਹਨ, ਉਹ ਆਪਣੇ ਲਈ ਪਛਤਾਵੇ ਬੀਜਦੇ ਹਨ। ਆਪ ਨਿਰਣਾ ਕਰਕੇ ਵੇਖੋ ਤੁਸੀਂ ਸੰਸਾਰ ਦੀ ਸੁੰਦਰਤਾ ਜਾਂ ਖ਼ੂਬਸੂਰਤੀ ਵਿਚ ਵਾਧਾ ਕੀਤਾ ਹੈ ਜਾਂ ਇਸ ਨੂੰ ਘਟਾਇਆ ਹੈ। ਤੁਹਾਡੀ ਤਸੱਲੀ ਅਤੇ ਜੀਵਨ ਦੀ ਖੁਸ਼ੀ ਇਸੇ ਅਨੁਪਾਤ ਵਿਚ ਹੋਵੇਗੀ।

Loading spinner