ਸਾਡਾ ਚਿੜੀਆਂ ਦਾ ਚੰਬਾ
ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ ਉੱਡ ਜਾਣਾ।
ਸਾਡੀ ਲੰਮੀ ਉਡਾਰੀ ਵੇ, ਬਾਬਲ ਕਿਹੜੇ ਦੇਸ ਜਾਣਾ।
ਤੇਰੇ ਮਹਿਲਾਂ ਦੇ ਵਿਚ ਵਿਚ ਵੇ ਬਾਬਲ ਡੋਲਾ ਨਹੀਂ ਲੰਘਦਾ।
ਇੱਕ ਇੱਟ ਪੁਟਾ ਦੇਵਾਂ, ਧੀਏ ਘਰ ਜਾ ਆਪਣੇ।
ਤੇਰੇ ਬਾਗ਼ਾਂ ਦੇ ਵਿਚ ਵਿਚ ਵੇ, ਬਾਬਲ ਗੁੱਡੀਆਂ ਕੌਣ ਖੇਡੇ?
ਮੇਰੀਆਂ ਖੇਡਣ ਪੋਤਰੀਆਂ, ਧੀਏ ਘਰ ਜਾ ਆਪਣੇ।
ਤੇਰੇ ਮਹਿਲਾਂ ਦੇ ਵਿਚ ਵਿਚ ਵੇ, ਬਾਬਲ ਚਰਖਾ ਕੌਣ ਕੱਤੇ?
ਮੇਰੀਆਂ ਕੱਤਣ ਪੋਤਰੀਆਂ, ਧੀਏ ਘਰ ਜਾ ਆਪਣੇ।
ਮੇਰਾ ਛੁੱਟਾ ਕਸੀਦਾ ਵੇ, ਬਾਬਲ ਦੱਸ ਕੌਣ ਕੱਢੂ?
ਮੇਰੀਆਂ ਕੱਢਣ ਪੋਤਰੀਆਂ, ਧੀਏ ਘਰ ਜਾ ਆਪਣੇ।