ਅਖਾਉਤਾਂ ਜਾਂ ਅਖਾਣ
ਹਰ ਦੇਸ ਵਿਚ ਕਈ ਅਜੇਹੇ ਵਾਕ ਜਾਂ ਟੱਪੇ ਪ੍ਰਚਲਤ ਹੁੰਦੇ ਹਨ ਜਿਨ੍ਹਾਂ ਵਿਚ ਉਥੋਂ ਦੇ ਤਜ਼ਰਬੇ ਤੋਂ ਪ੍ਰਾਪਤ ਹੋਏ ਸਿਧਾਂਤ ਜਾਂ ਸਿੱਟੇ ਭਰੇ ਹੁੰਦੇ ਹਨ। ਲੋਕਾਂ ਦੇ ਮੂੰਹ ਚੜ੍ਹੀ ਹੋਈ ਗੱਲ ਜਾਂ ਵਾਕ ਨੂੰ, ਜੋ ਕਿਸੇ ਪਰਖੀ, ਪਰਤਾਈ ਹੋਈ ਸਚਿਆਈ ਜਾਂ ਸਿਧਾਂਤ ਨੂੰ ਪ੍ਰਗਟ ਕਰੇ, ਅਖਾਉਤ ਜਾਂ ਅਖਾਣ ਆਖਦੇ ਹਨ। ਇਹ ਵਾਕ ਆਮ ਤੌਰ ਤੇ ਛੋਟੇ ਤੇ ਨਿੱਗਰ ਹੁੰਦੇ ਹਨ, ਅਤੇ ਇਹਨਾਂ ਰਾਹੀਂ ਬਹੁਤ ਸਾਰਾ ਭਾਵ ਥੋੜ੍ਹੇ ਸ਼ਬਦਾਂ ਵਿਚ ਪ੍ਰਗਟ ਕੀਤਾ ਹੁੰਦਾ ਹੈ। ਕਈ ਅਖਾਣ ਤੁਕ-ਬੰਦੀ ਦੇ ਰੂਪ ਵਿਚ ਹੁੰਦੇ ਹਨ, ਉਹਨਾਂ ਦੇ ਇੱਕ ਅੰਗ ਦਾ ਦੂਜੇ ਅੰਗ ਨਾਲ ਤੁਕਾਂਤ ਮਿਲਦਾ ਹੈ ਜਿਵੇਂ:-
– ਉਹ ਦਿਨ ਡੁੱਬਾ, ਜਦੋਂ ਘੋੜੀ ਚੜ੍ਹਿਆ ਕੁੱਬਾ,
– ਆਉਣ ਪਰਾਈਆਂ ਜਾਈਆਂ, ਵਿਛੋੜਨ ਸਕਿਆਂ ਭਾਈਆਂ,
– ਘਰ ਵਾਲੇ ਘਰ ਨਹੀ, ਤੇ ਹੋਰ ਕਿਸੇ ਦਾ ਡਰ ਨਹੀਂ।
ਚੋਣਵੇਂ ਅਖਾਣ
(ਅਰਥ ਤੇ ਵਰਤੋਂ ਦੇ ਮੌਕੇ)
(ੳ)
ਉਹ ਕਿਹੜੀ ਗਲੀ, ਜਿੱਥੇ ਭਾਬੋ ਨਹੀਂ ਖਲੀ – ਜਿਹੜਾ ਆਦਮੀ ਹਰ ਥਾਂ ਪੈਂਚ ਬਣ ਬਣ ਬਹਿੰਦਾ ਹੋਵੇ, ਇਹ ਅਖਾਣ ਉਸ ਬਾਰੇ ਵਰਤਦੇ ਹਨ।
ਉਹ ਦਿਨ ਡੁੱਬਾ, ਜਦੋਂ ਘੋੜੀ ਚੜਿਆ ਕੁੱਬਾ – ਇਹ ਦੱਸਣ ਲਈ ਕਿ ਇਸ ਪਾਸੋਂ ਕਿਸੇ ਕੰਮ ਜਾਂ ਸਹਾਇਤਾ ਦੀ ਆਸ ਨਹੀਂ ਰੱਖਣੀ ਚਾਹੀਦੀ, ਇਹਨੇ ਇਹ ਕੰਮ ਨਹੀਂ ਕਰਨਾ, ਇਹ ਅਖਾਣ ਵਰਤਦੇ ਹਨ।
ਉਹ ਨਾਲ ਨਾ ਖੜੇ, ਉਹ ਘੋੜੀ ਤੇ ਚੜ੍ਹੇ – ਬਦੇ ਬਦੀ ਕਿਸੇ ਦਾ ਸੰਗੀ ਜਾਂ ਭਾਈਵਾਲ ਬਣਨ ਦੇ ਜਤਨ ਕਰਨ ਵਾਲੇ ਲਈ ਵਰਤਦੇ ਹਨ।
ਉਹ ਫਿਰੇ ਨੱਥ ਘੜਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ – ਜਦ ਕੋਈ ਬੰਦਾ ਕਿਸੇ ਉੱਪਰ ਵੱਡੀਆਂ ਆਸਾਂ ਬੰਨ੍ਹ ਬੈਠਾ ਹੋਵੇ, ਪਰ ਉਹ ਅੱਗੋਂ ਉਲਟਾ ਨੁਕਸਾਨ ਕਰਨ ਤੇ ਤੁਲਿਆ ਹੋਵੇ, ਤਾਂ ਇਹ ਅਖਾਣ ਵਰਤਦੇ ਹਨ।
ਉੱਖਲੀ ਵਿਚ ਸਿਰ ਦਿੱਤਾ, ਤਾਂ ਮੋਹਲਿਆਂ ਦਾ ਕੀ ਡਰ ? – ਜਦ ਕੋਈ ਜੁੰਮੇਵਾਰੀ ਚੁੱਕ ਲਈ ਜਾਵੇ, ਜਾਂ ਔਖੇ ਕੰਮ ਨੂੰ ਹੱਥ ਪਾ ਲਿਆ ਹੋਵੇ, ਤਾਂ ਉਹਦੀਆਂ ਤਕਲੀਫਾਂ ਤੋਂ ਡਰਨਾ ਨਹੀਂ ਚਾਹੀਦਾ।
ਉਂਗਲੀ ਫੜ ਤੇ ਪਹੁੰਚਾ ਫੜਾ – ਕਿਸੇ ਦੀ ਮਦਦ ਕਰੀਏ, ਤਾਂ ਉਹ ਅੱਗੋਂ ਦੂਣੀ ਚੌਣੀ ਮਦਦ ਕਰਦਾ ਹੈ।
ਉੱਚਾ ਲੰਮਾ ਗੱਭਰੂ, ਪੱਲੇ ਠੀਕਰੀਆਂ – ਜਿਹੜਾ ਵੇਖਣ ਨੂੰ ਬੜਾ ਚੰਗਾ ਜਾਪੇ, ਪਰ ਵਿਚੋਂ ਨਿਕੰਮਾਂ ਹੋਵੇ, ਸ਼ਕਲ ਦਾ ਚੰਗਾ ਪਰ ਗੁਣਾਂ ਕਰਕੇ ਮਾੜਾ, ਉਹਦੇ ਤੇ ਇਹ ਅਖਾਣ ਘਟਾਉਂਦੇ ਹਨ।
ਉਜੜੇ ਬਾਗਾਂ ਦੇ ਗਾਲ੍ਹੜ ਪਟਵਾਰੀ – ਜਦ ਕਿਸੇ ਨਖਸਮੀ ਸ਼ੈ ਦਾ ਕੋਈ ਮਾਮੂਲੀ ਜਿਹਾ ਆਦਮੀ ਬਣ-ਬਣ ਬਹੇ, ਤਾਂ ਕਹਿੰਦੇ ਹਨ।
ਉਜੜੇ ਪਿੰਡ ਭਡੋਲਾ ਮਹਿਲ – ਜਿੱਥੇ ਰੁੱਖ ਨਹੀਂ ਓਥੇ ਹਰਿੰਡ ਪਰਧਾਨ। ਜਦ ਕਿਸੇ ਥਾਂ ਕੋਈ ਚੰਗੀ ਚੀਜ਼ ਨਾ ਲੱਭੇ, ਤਾਂ ਮਾੜੀ ਮੋਟੀ ਨਿਕੰਮੀ ਸ਼ੈ ਦੀ ਹੀ ਕਦਰ ਪੈ ਜਾਂਦੀ ਹੈ।
ਉੱਠ ਨੀ ਨੋਹੇਂ ਨੌ ਨਿੱਸਲ ਹੋ, ਚਰਖਾ ਛੱਡ ਤੇ ਚੱਕੀ ਝੋ – ਜਦ ਕਿਸੇ ਨੂੰ ਕਿਸੇ ਕੰਮ ਤੋਂ ਸਾਹ ਦਿਵਾਉਣ ਦੀ ਥਾਂ ਉਹਨੂੰ ਔਖਿਆਂ ਕਰਨ ਲਈ ਹੋਰ ਵੀ ਔਖੇ ਕੰਮ ਤੇ ਲਾ ਦਿੱਤਾ ਜਾਵੇ, ਤਾਂ ਕਹਿੰਦੇ ਹਨ।
ਉੱਠ ਨਾ ਹੰਗਾਂ ਤੇ ਫਿੱਟੇ ਮੂੰਹ ਗੋਡਿਆਂ ਦਾ ; ਉੱਠਿਆ ਜਾਵੇ ਨਾ ਆਪ ਤੋਂ ਤੇ ਫਿੱਟੇ ਮੂੰਹ ਗੋਡਿਆਂ ਦਾ – ਜਿਹੜਾ ਆਦਮੀ ਕੋਈ ਕੰਮ ਕਰਨ ਦਾ ਚਾਹਵਾਨ ਹੋਵੇ, ਪਰ ਦੋਸ਼ ਹੋਰਨਾਂ ਦੇ ਸਿਰ ਥੱਪੇ, ਉਸ ਬਾਰੇ ਕਹਿੰਦੇ ਹਨ।
ਉਤਾਵਲਾ ਸੋ ਬਾਵਲਾ – ਜਿਹੜਾ ਆਦਮੀ ਕਾਹਲਾ ਪੈ ਜਾਵੇ, ਉਹਦਾ ਦਿਮਾਗ ਸੋਚਣ ਜੋਗਾ ਨਹੀਂ ਰਹਿ ਜਾਂਦਾ, ਇਸੇ ਕਰਕੇ ਉਹ ਪਾਗਲਾਂ ਸ਼ੁਦਾਈਆਂ ਵਾਕੁਰ ਕੰਮ ਵਿਗਾੜ ਬਹਿੰਦਾ ਹੈ।
ਉੱਤੋਂ ਬੀਬੀਆਂ ਦਾੜ੍ਹੀਆਂ ਵਿਚੋਂ ਕਾਲੇ ਕਾਂ – ਜਦੋਂ ਕੋਈ ਬੰਦਾ ਵੇਖਣ ਨੂੰ ਬੜਾ ਸਾਊ ਤੇ ਸ਼ਰੀਫ ਹੋਵੇ, ਪਰ ਅਸਲ ਵਿਚ ਹੋਵੇ ਐਬੀ, ਅਤੇ ਐਬ ਕਰਦਾ ਫੜਿਆ ਜਾਵੇ, ਤਾਂ ਵਰਤਦੇ ਹਨ।
ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਪੋਣ – ਜੀਕੁਰ ਪੱਖਾ ਝੱਲ ਕੇ ਵਗਦੀ ਹਵਾ ਦਾ ਸੁਖ ਲੈ ਲਈਦਾ ਹੈ, ਜੀਕੁਰ ਪੱਖਾ ਪੋਣ ਨੂੰ ਅੱਗੇ ਲਾ ਕੇ ਵਗਾ ਲੈਂਦਾ ਹੈ, ਤਿਵੇਂ ਹੀ ਉੱਦਮ ਕੀਤਿਆਂ ਸਫਲਤਾ ਮਿਲਦੀ ਹੈ, ਦੌਲਤ ਮਿਲਦੀ ਹੈ।
ਊਠ ਅੜਾਉਂਦੇ ਹੀ ਲੱਦੀਦੇ ਹਨ – ਜਦ ਕਿਸੇ ਤੋਂ ਉਹਦੇ ਨਾਂਹ-ਨੁੱਕਰ ਕਰਦਿਆਂ ਹੀ ਕੰਮ ਲੈਣਾ ਹੋਵੇ, ਤਾਂ ਕਹਿੰਦੇ ਹਨ।
ਊਠ ਤੇ ਚੜ੍ਹੀ ਨੂੰ ਕੁੱਤਾ ਵੱਢ ਖਾਊ ? – ਜਿਹੜਾ ਆਦਮੀ ਹਰ ਤਰਾਂ ਦੇ ਖਤਰੇ ਤੋਂ ਲੱਗਦੀ ਵਾਹ ਸੁਰਖਿਅਤ ਹੋਵੇ, ਉਹਨੂੰ ਕਾਹਦਾ ਡਰ ?
ਊਠ ਤੇ ਚੜ੍ਹੀ ਨੂੰ ਦੋ-ਦੋ ਦਿਸਦੇ ਹਨ – ਜਿਹੜਾ ਆਪ ਸੌਖਾ ਤੇ ਸੁਖੀ ਹੋਵੇ, ਉਹਨੂੰ ਹੋਰਨਾਂ ਦੇ ਦੁੱਖਾਂ ਦੀ ਸਾਰ ਨਹੀਂ ਹੁੰਦੀ।
ਊਠ ਤੋਂ ਛਾਣਨੀ ਲਾਹਿਆਂ ਭਾਰ ਹੌਲਾ ਹੋ ਜਾਊ ? – ਜਿਸ ਦੇ ਸਿਰ ਬਹੁਤ ਸਾਰਾ ਕੰਮ ਪਿਆ ਹੋਵੇ, ਉਹਦੇ ਸਿਰੋਂ ਥੋੜ੍ਹਾ ਜਿਹਾ ਨਾਂ ਮਾਤਰ, ਕੰਮ ਘਟਾ ਦੇਣ ਨਾਲ ਉਹਨੂੰ ਕੋਈ ਲਾਭ ਸੁਖਾਲ ਨਹੀਂ ਹੋ ਜਾਂਦਾ।
ਊਠ ਦੇ ਗਲ ਟੱਲੀ – ਜਦੋਂ ਕੋਈ ਨਿੱਕੀ ਜਿਹੀ ਕੁੜੀ ਨੂੰ ਵੱਡੀ ਸਾਰੀ ਉਮਰ ਵਾਲੇ ਮਨੁੱਖ ਨਾਲ ਵਿਆਹ ਦਿੱਤਾ ਜਾਵੇ, ਤਾਂ ਕਹਿੰਦੇ ਹਨ।
ਓੜਕ ਬੱਚਾ ਮੂਲਿਆ, ਤੂੰ ਹੱਟੀ ਬਹਿਣਾ – ਜਦੋਂ ਕੋਈ ਜਣਾ ਥਾਂ-ਥਾਂ ਭਟਕਦਾ ਫਿਰੇ, ਕਿਸੇ ਕੰਮ ਨੂੰ ਹੱਥ ਪਾਵੇ ਤੇ ਕਦੇ ਕਿਸੇ ਨੂੰ, ਪਰ ਸਫਲ ਕਿਸੇ ਵਿਚ ਵੀ ਨਾ ਹੋਵੇ, ਤਾਂ ਅੰਤ ਨੂੰ ਹਾਰ ਕੇ ਉਹਨੂੰ ਉਹੀ ਕੰਮ ਕਰਨਾ ਪੈਂਦਾ ਹੈ ਜਿਸਨੂੰ ਉਹ ਨਖਿਧ ਸਮਝਦਾ ਹੋਵੇ। ਭੌਂ ਰੌਂ ਕੇ ਅੰਤ ਨੂੰ ਉਹਨੂੰ ਉਹੋ ਕਿੱਤਾ ਧਾਰਨਾ ਪੈਂਦਾ ਹੈ ਜਿਹੜਾ ਉਹਦਾ ਪਿਉ ਦਾਦਾ ਕਰਦੇ ਆਏ ਹੋਣ।
(ਅ)
ਅਸ਼ਰਫੀਆਂ ਦੀ ਲੁੱਟ ਤੇ ਕੋਲਿਆਂ ਉਤੇ ਮੁਹਰ – ਘਟੀਆ ਚੀਜ਼ਾਂ ਨੂੰ ਸੰਭਾਲ ਸੰਭਾਲ ਕੇ ਰੱਖਣਾ ਤੇ ਵਧੀਆ ਕੀਮਤੀ ਸ਼ੈਆਂ ਦੀ ਪਰਵਾਹ ਸੰਭਾਲ ਨਾ ਕਰਨੀ।
ਅਕਲ ਦਾ ਅੰਨ੍ਹਾਂ, ਪਰ ਗੰਢ ਦਾ ਪੂਰਾ – ਜਿਹੜਾ ਧਨਾਢ ਹੋਵੇ ਤੇ ਨਾਲ ਹੀ ਮੂਰਖ ਹੋਵੇ, ਉਸ ਬਾਰੇ ਵਰਤਦੇ ਹਨ।
ਅੱਖ ਅੱਡੀ ਹੀ ਰਹਿ ਗਈ, ਕੱਜਲ ਨੂੰ ਇੱਲ ਲੈ ਗਈ – ਦਿਲ ਦੀਆਂ ਤਾਂਘਾਂ ਆਸਾਂ ਵਿੱਚੇ ਹੀ ਰਹਿ ਗਈਆਂ। ਕਿਸੇ ਸ਼ੈ ਦੇ ਮਿਲ ਜਾਣ ਦੀ ਪੱਕੀ ਆਸ ਧਾਰ ਕੇ ਉਹਨੂੰ ਲੈਣ ਵਰਤਣ ਲਈ ਤਿਆਰ ਹੋਏ ਹੋਣਾ, ਪਰ ਉਹ ਅਚਨਚੇਤ ਹੱਥੋਂ ਖੁੱਸ ਜਾਣੀ।
ਅੱਖੀਂ ਡਿੱਠਾ ਭਾਵੇ ਨਾ, ਕੁੱਛੜ ਬਹੇ ਨਿਲੱਜ – ਇਹਨੂੰ ਕੋਈ ਵੇਖਣਾ ਵੀ ਨਹੀਂ ਚਾਹੁੰਦਾ, ਪਰ ਇਹ ਢੀਠ ਨੇੜੇ ਢੁਕ ਢੁਕ ਕੇ ਬਹਿੰਦਾ ਤੇ ਪਿਆਰ ਕਰਨਾ ਪੈਂਦਾ ਹੈ।
ਅੱਗ ਖਾਵੇ, ਅੰਗਿਆਰ ਹੱਗੇ – ਜਿਹੋ ਜਿਹਾ ਕੰਮ ਕੋਈ ਕਰੇਗਾ, ਉਹੋ ਜਿਹਾ ਉਹਦਾ ਸਿੱਟਾ ਨਿਕਲੇਗਾ।
ਅੱਗ ਲੈਣ ਆਈ ਘਰ ਵਾਲੀ ਬਣ ਬੈਠੀ – ਕਿਸੇ ਦੇ ਕਿਸੇ ਹੋਰ ਦੀ ਸ਼ੈ ਉਪਰ ਬਦੋ-ਬਦੀ ਕਬਜ਼ਾ ਕਰ ਬਹਿਣ ਤੇ ਕਹਿੰਦੇ ਹਨ।
ਅੱਡ ਖਾਏ ਸੋ ਡੱਡ ਖਾਏ, ਵੰਡ ਖਾਏ ਸੋ ਖੰਡ ਖਾਏ – ਕੋਈ ਸ਼ੈ ਇੱਕਲਿਆਂ ਹੀ ਵਰਤਣ ਖਾਣ ਦਾ ਥਾਂ ਹੋਰਨਾਂ ਨਾਲ ਵੰਡ ਕੇ ਖਾਣ ਵਰਤਣ ਦੇ ਹੱਕ ਵਿਚ ਉਪਦੇਸ਼ ਦੇਣ ਲਈ ਵਰਤਦੇ ਹਨ।
ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ – ਸੱਚੇ ਆਦਮੀ ਨੂੰ ਡਰ-ਡਰ, ਲੁਕ-ਲੁਕ ਬਹਿਣ ਦੀ ਲੋੜ ਨਹੀਂ।
ਅੰਨ੍ਹਾਂ ਕੁੱਤਾ ਹਰਨਾਂ ਦਾ ਸ਼ਿਕਾਰੀ – ਕਿਸੇ ਦਾ ਅਜੇਹੇ ਕੰਮ ਨੂੰ ਹੱਥ ਪਾ ਬਹਿਣਾ, ਜਾਂ ਕਿਸੇ ਦੇ ਜੁੰਮੇ ਅਜੇਹਾ ਕੰਮ ਲੱਗ ਜਾਣਾ, ਜਿਸ ਨੂੰ ਉਹ ਮੂਲੋਂ ਹੀ ਕਰਨ ਜੋਗਾ ਨਾ ਹੋਵੇ।
ਅੰਨ੍ਹੀ ਕੁਕੜੀ ਖਸ-ਖਸ ਦਾ ਚੋਗਾ – ਅੰਨ੍ਹਾਂ ਕੁੱਤਾ ਹਰਨਾਂ ਦਾ ਸ਼ਿਕਾਰੀ ਵਾਲਾ ਅਰਥ ਹੀ ਢੁਕਦਾ ਹੈ।
ਅਨ੍ਹਾਂ ਕੁੱਥਾ ਵਾ ਨੂੰ ਭੋਂਕੇ – ਕਿਸੇ ਗੱਲ ਦਾ ਪਤਾ, ਥਹੁ ਨਾ, ਪਰ ਏਵੇਂ ਹੀ ਸਿਰ ਡਾਹੀ ਤੇ ਅਗਲੇ ਨੂੰ ਖਪਾਈ ਜਾਣਾ।
ਅੰਨ੍ਹਾਂ ਵੰਡੇ ਸ਼ੀਰਨੀਆਂ, ਮੁੜ ਮੁੜ ਆਪਣਿਆਂ ਨੂੰ – ਆਪਣੇ ਸਕਿਆਂ ਸੋਦਰਿਆਂ ਨੂੰ ਹੀ ਘੜੀ ਮੁੜੀ ਲਾਭ ਪਹੁੰਚਾਈ ਜਾਣਾ ਤੇ ਹੋਰਨਾਂ ਵੱਲ ਧਿਆਨ ਹੀ ਨਾ ਕਰਨਾ।
ਅੰਨ੍ਹੀ ਅੰਨ੍ਹਾ ਰਲਿਆ, ਤਾਂ ਝੁੱਗਾ ਗਲਿਆ – ਜੇ ਵਹੁਟੀ ਤੇ ਘਰ ਵਾਲਾ ਦੋਵੇਂ ਹੀ ਭੈੜੇ ਜਾਂ ਬੇਸਮਝ ਹੋਣ, ਤਾਂ ਘਰ ਦੀ ਮੂੰਹ ਦੂਜੇ ਪਾਸੇ ਲੱਗ ਜਾਂਦਾ ਹੈ।
ਅੰਨ੍ਹੇ ਅੱਗੇ ਰੋਣਾ, ਅੱਖੀਆਂ ਦਾ ਖੌ – ਕਿਸੇ ਅਜੇਹੇ ਬੰਦੇ ਅੱਗੇ ਆਪਣੇ ਰੋਣੇ ਰੋਣੇ ਤੇ ਦੁੱਖ ਫੋਲਣੇ ਜਿਸ ਦੇ ਦਿਲ ਵਿੱਚ ਹਮਦਰਦੀ ਉਪਜੇ ਹੀ ਨਾ, ਜਾਂ ਅਜੇਹੇ ਬੰਦੇ ਨੂੰ ਮੱਤ ਦੇਣ ਹਿਤ ਸਿਰ ਖਪਾਈ ਕਰਨੀ ਜਿਹੜਾ ਕਿਸੇ ਦੀ ਦਿੱਤੀ ਲੈਣ ਨੂੰ ਤਿਆਰ ਹੀ ਨਾ ਹੋਵੇ, ਸਭ ਵਾਧੂ ਦਾ ਖੱਪਾ ਹੈ।
ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਨਹੀਂ ਲਹਿੰਦੀ – ਜਦ ਕੋਈ ਚਾਹਵਾਨ ਤੇ ਲੋੜਵੰਦ ਹੋਵੇ ਕਿਸੇ ਚੰਗੀ ਚੋਖੀ ਵਧੀਆ ਸ਼ੈ ਦਾ, ਤੇ ਉਹਨੂੰ ਉਸੇ ਸ਼ੈ ਵਰਗੀ ਪਰ ਘਟੀਆ ਤੇ ਨਿਕੰਮੀ ਸ਼ੈ ਦੇ ਕੇ ਗਲੋਂ ਲਾਹੁਣ ਦਾ ਜਤਨ ਕੀਤਾ ਜਾਵੇ, ਤਾਂ ਕਹਿੰਦੇ ਹਨ।
ਆਂਡੇ ਹੋਰ ਘਰ, ਕੁੜ ਕੁੜ ਸਾਡੇ ਘਰ – ਸੁਖ ਸਹਾਇਤਾ ਹੋਰਨਾਂ ਨੂੰ ਦੇਣੀ ਤੇ ਖੇਚਲ ਪਾਉਣੀ ਹੋਰਨਾਂ ਨੂੰ।
ਆਪ ਤਾਂ ਕਿਸੇ ਜਿਹੀ ਨਾ, ਨੱਕ ਚਾੜ੍ਹ ਨੇ ਰਹੀ ਨਾ – ਆਪ ਤਾਂ ਭੈੜੇ ਤੇ ਕੋਝੇ ਹੋਣਾ, ਪਰ ਹੋਰਨਾਂ ਨੂੰ ਨਿੰਦਣਾ ਤੇ ਉਹਨਾਂ ਤੇ ਨਫਰਤ ਕਰਨੀ।
ਆਪ ਕੁਚੱਜੀ ਵਿਹੜੇ ਨੂੰ ਦੋਸ਼ – ਕੁਝ ਕਰਨ ਜੋਗੇ ਆਪ ਨਾ ਹੋਣਾ, ਪਰ ਕਹਿਣਾ ਕਿ ਸੰਦ ਨਹੀਂ ਚੰਗੇ, ਥਾਂ ਨਹੀਂ ਚੰਗਾ, ਮੈਂ ਕੰਮ ਕਿਵੇਂ ਕਰਾਂ ? ਆਪਣੀ ਅਯੋਗਤਾ ਕੁਚੱਜ ਨੂੰ ਲੁਕਾਉਣ ਲਈ ਹੋਰਨਾਂ ਦੇ ਸਿਰ ਦੋਸ਼ ਥੱਪਣਾ।
ਆਪ ਨਾ ਜੋਗੀ, ਗੁਆਂਢ ਵਲਾਵੇ – ਹੋਰਨਾਂ ਨੂੰ ਸਹਾਇਤਾ ਦੇ ਲਾਰੇ ਲਾਉਣੇ ਪਰ ਹੋਣਾ ਆਪਣਾ ਕੰਮ ਕਰਨਾ ਜੋਗੇ ਵੀ ਨਾਂ।
ਆਪ ਨਾ ਵੰਝੇ ਸਾਹੁਰੇ, ਹੋਰੀਂ (ਲੋਕਾਂ) ਮੱਤੀਂ ਦੇ – ਆਪ ਕੁਝ ਕਰਨਾ ਨਾ, ਪਰ ਹੋਰਨਾਂ ਨੂੰ ਉਪਦੇਸ਼ ਦੇਣਾ ਕਿ ਇੰਜ ਕਰੋ ਤੇ ਉਂਜ ਕਰੋ।
ਆਪ ਬੁੱਝੇ ਬੱਤੀ ਸੁਲੱਖਣਾ, ਦਿੱਤੀ ਲਵੇ ਤਾਂ ਤੇਤੀ ਸੁਲੱਖਣਾ – ਜਿਹੜਾ ਆਪਣੀ ਮੱਤ ਸਿਆਣਪ ਦੇ ਆਸਰੇ ਕੰਮ ਠੀਕ ਕਰ ਲਵੇ ਉਹ ਬੜਾ ਚੰਗਾ ਹੁੰਦਾ ਹੈ ਪਰ ਜਿਹੜਾ ਕਿਸੇ ਦੀ ਮੱਤ ਸਲਾਹ ਮੰਨ ਕੇ ਕੰਮ ਕਰ ਲਵੇ, ਉਹ ਹੋਰ ਵੀ ਵਧੇਰੇ ਚੰਗਾ ਹੁੰਦਾ ਹੈ। ਅਮੋੜ ਜਾਂ ਆਪਣੀ ਕੁਮੱਤ ਮਗਰ ਲੱਗਣ ਵਾਲਿਆਂ ਲਈ ਉਪਦੇਸ਼ ਹੈ।
ਆਪਣਾ ਘਰ ਤੇ ਹੱਗ ਹੱਗ ਭਰ, ਬਿਗਾਨਾ ਘਰ ਤਾਂ ਥੁੱਕਾਂ ਦਾ ਵੀ ਡਰ – ਆਪਣੀ ਚੀਜ਼ ਨੂੰ ਜਿਵੇਂ ਜੀ ਕਰੇ ਵਰਤ ਸਕੀਦਾ ਹੈ, ਕੋਈ ਡਰ ਮਿਹਣਾ ਨਹੀਂ ਹੁੰਦਾ ਪਰ ਪਰਾਈ ਸ਼ੈ ਵਰਤਣ ਲੱਗਿਆਂ ਸਦਾ ਡਰ ਸਹਿਮ ਰਹਿੰਦਾ ਹੈ ਕਿ ਕਿਤੇ ਖਰਾਬ ਨਾ ਹੋ ਜਾਵੇ ਤੇ ਸ਼ੈ ਵਾਲਾ ਉਲਾਹਮਾ ਨਾ ਦੇਵੇ।
ਆਪਣਾ ਨਾ ਭਰੇ ਦੂਜਿਆਂ ਅੱਗੇ ਕੀ ਧਰੇ ? – ਜਿਹੜਾ ਆਪਣੀਆਂ ਲੋੜਾਂ ਵੀ ਪੂਰੀਆਂ ਕਰਨ ਜੋਗਾ ਨਾ ਹੋਵੇ, ਉਹਨੇ ਹੋਰਨਾਂ ਦੀ ਕੀ ਸਹਾਇਤਾ ਕਰਨੀ ਹੋਈ ?
ਆਪਣਾ ਨੀਂਗਰ ਪਰਾਇਆ ਢੀਂਗਰ – ਘੁਮਿਆਰੀ ਆਪਣਾ ਹੀ ਭਾਂਡਾ ਸਲਾਹੁੰਦੀ ਹੈ, ਹਰ ਕਿਸੇ ਨੂੰ ਆਪਣਾ ਸ਼ੈ ਚੰਗੀ ਲਗਦੀ ਹੈ ਤੇ ਪਰਾਈ ਮੰਦੀ ਤੇ ਨੁਕਸਾਂ ਭਰੀ ਦਿੱਸਦੀ ਹੈ।
ਆਪਣਿਆਂ ਦੇ ਗਿੱਟੇ ਭੰਨਾਂ, ਚੁੰਮਾਂ ਪੈਰ ਪਰਾਇਆਂ ਦੇ – ਆਪਣੇ ਸਾਕਾਂ ਸਨਬੰਧੀਆਂ ਨੂੰ ਨੁਕਸਾਨ ਪਹੁੰਚਾਉਣਾ ਤੇ ਉਹਨਾ ਨਾਲ ਭੈੜੇ ਸਲੂਕ ਕਰਨਾ, ਪਰ ਓਪਰਿਆਂ ਨੂੰ ਚੰਗਾ ਜਾਣਨਾ ਤੇ ਉਹਨਾ ਦਾ ਆਦਰ ਸਤਕਾਰ ਕਰਨਾ।
ਆਪਣੀ ਅਕਲ ਤੇ ਪਰਾਇਆ ਧਨ ਹਰ ਕਿਸੇ ਨੂੰ ਕਈ ਗੁਣਾ ਵੱਧ ਵਿਖਾਈ ਦੇਂਦਾ ਹੈ – ਜਦ ਕੋਈ ਅਗਲਿਆਂ ਦੇ ਨੁਕਸ ਕੱਢੇ ਤੇ ਉਹਨਾਂ ਨੂੰ ਅਕਲਹੀਣ ਆਖੇ, ਜਾਂ ਹੋਰਨਾਂ ਦੇ ਧਨ ਮਾਲ ਦੀ ਗਾਂਜ ਕਰੇ ਤੇ ਆਪਣੇ ਨੂੰ ਲੁਕਾਵੇ ਤੇ ਥੋੜ੍ਹਾ ਦੱਸੇ, ਉਸ ਮੌਕੇ ਤੇ ਇਹ ਕਹਿੰਦੇ ਹਨ।
ਆਪਣੀ ਗਲੀ ਵਿਚ ਕੁੱਤਾ ਵੀ ਸ਼ੇਰ ਹੁੰਦਾ ਹੈ – ਆਪਣੇ ਘਰ ਤੇ ਆਪਣੇ ਹਮਾਇਤੀਆਂ ਵਿਚ ਬੈਠਾ ਤਾਂ ਹਰ ਕੋਈ ਆਕੜ-ਖਾਂ ਬਣ ਬਹਿੰਦਾ ਹੈ, ਜਿੱਥੇ ਕਿਸੇ ਦੇ ਹਮਾਇਤੀ ਸਨਬੰਧੀ ਹੋਣ, ਓਥੇ ਮਾੜਾ ਬੰਦਾ ਵੀ ਲਲਕਾਰੇ ਮਾਰਨ ਲੱਗ ਪੈਂਦਾ ਹੈ।
ਆਪਣੀਆਂ ਜੁੱਤੀਆਂ ਤੇ ਆਪਣਾ ਸਿਰ – ਆਪਣੀ ਹੱਥੀਂ ਆਪਣਾ ਨੁਕਸਾਨ ਕਰਨਾ, ਆਪਣੀਂ ਪੈਰੀਂ ਆਪ ਕੁਹਾੜਾ ਮਾਰਨਾ।
ਆਪਣੀਆਂ ਨਾ ਦੱਸਾਂ, ਤੇ ਪਰਾਈਆਂ ਕਰ ਕਰ ਹੱਸਾਂ – ਆਪਣੀ ਭੁੱਲ ਜਾਂ ਕਮਜ਼ੋਰੀ ਲੁਕਾਉਣੀ ਤੇ ਹੋਰਨਾ ਦੇ ਨੁਕਸ ਕੱਢ ਕੇ, ਭੁੱਲਾਂ ਉਣਤਾਈਆਂ ਨਸ਼ਰ ਕਰ ਕਰ ਕੇ ਖੁਸ਼ ਹੋਣਾ।
ਆਪਣੇ ਘਰ ਪਕਾਈਂ ਨਾ, ਤੇ ਸਾਡੇ ਘਰ ਆਈਂ ਨਾ – ਅਗਲੇ ਨੂੰ ਅਜੇਹੇ ਲਾਰੇ ਲਾਈ ਜਾਣੇ ਕਿ ਨਾ ਉਹਦਾ ਕੰਮ ਆਪ ਕਰਨਾ ਤੇ ਨਾਂ ਹੀ ਉਹਨੂੰ ਆਪ ਕਰ ਲੈਣ ਦੇਣਾ।
ਆਪਣੇ ਘਰ ਲੱਗੇ ਤਾਂ ਅੱਗ, ਦੂਜੇ ਘਰ ਲੱਗੇ ਤਾ ਬਸੰਤਰ – ਜਿਸ ਨੂੰ ਕੋਈ ਦੁੱਖ ਲਗਦਾ ਹੈ ਬਿਪਤਾ ਪੈਂਦੀ ਹੈ, ਪੀੜ ਕਸ਼ਟ ਦਾ ਗਿਆਨ ਵੀ ਉਹਨੂੰ ਹੀ ਹੁੰਦਾ ਹੈ, ਹੋਰਨਾਂ ਦੇ ਦੁੱਖਾਂ ਨੂੰ ਇਨਸਾਨ ਏਵੇਂ ਕੇਵੇਂ ਹੀ ਗਿਣਦਾ ਹੈ, ਸਗੋਂ ਵੇਖ ਕੇ ਖੁਸ਼ ਹੁੰਦਾ ਹੈ। ਆਪਣੇ ਨੁਕਸਾਨ ਤੋਂ ਤਾਂ ਪੀੜ ਮਨਾਉਣ, ਪਰ ਅਗਲੇ ਦੇ ਨੁਕਸਾਨ ਨੂੰ ਟਿੱਚ ਸਮਝਣ ਵਾਲੇ ਬਾਰੇ ਕਹਿੰਦੇ ਹਨ।
(ੲ)
ਇਕ ਅਨਾਰ ਤੇ ਸੌ ਬਿਮਾਰ – ਜਦ ਚੀਜ਼ ਥੋੜ੍ਹੀ ਹੋਵੇ ਤੇ ਉਸ ਦੇ ਲੋੜਵੰਦ ਬਹੁਤ ਵਧੇਰੇ ਹੋਣ ਤਾਂ ਕਹਿੰਦੇ ਹਨ।
ਇਕ ਬਿੰਬੂ ਕੇ ਪਿੰਡ ਭੁੱਸਿਆਂ ਦਾ – ਜਦ ਚੀਜ਼ ਥੋੜ੍ਹੀ ਹੋਵੇ ਤੇ ਉਸ ਦੇ ਲੋੜਵੰਦ ਬਹੁਤ ਵਧੇਰੇ ਹੋਣ ਤਾਂ ਕਹਿੰਦੇ ਹਨ।
ਇਕ ਬੋਟੀ ਤੇ ਸੌ ਕੁੱਤਾ – ਜਦ ਚੀਜ਼ ਥੋੜ੍ਹੀ ਹੋਵੇ ਤੇ ਉਸ ਦੇ ਲੋੜਵੰਦ ਬਹੁਤ ਵਧੇਰੇ ਹੋਣ ਤਾਂ ਕਹਿੰਦੇ ਹਨ।
ਇਕ ਇਕ ਤੇ ਦੋ ਯਾਰਾਂ – ਜਮਾਤ ਕਰਾਮਾਤ, ਏਕੇ ਦੀ ਬਰਕਤ ਦੱਸਣ ਲਈ ਵਰਤਦੇ ਹਨ। ਜਿਸ ਤਰ੍ਹਾਂ ਦੋ ਏਕੇ ਰਲ ਕੇ ਯਾਰਾਂ ਬਣ ਜਾਂਦੇ ਹਨ, ਇਸੇ ਤਰ੍ਹਾਂ ਮਾੜੇ ਬੰਦੇ ਵੀ ਜੇ ਏਕਾ ਕਰ ਲੈਣ ਤਾਂ ਉਹ ਤਕੜਿਆਂ ਨਾਲ ਵਾਰਾ ਲੈ ਸਕਦੇ ਹਨ।
ਇਕ ਸੱਪ ਦੂਜਾ ਉੱਡਣਾ – ਜਦੋਂ ਇਕ ਬੰਦੇ ਵਿਚ ਇਕ ਤੋਂ ਵਧ ਕੇ ਭੈੜੇ ਗੁਣ ਹੋਣ ਤਾਂ ਕਹਿੰਦੇ ਹਨ।
ਇਕ ਚੁੱਪ ਸੌ ਸੁੱਖ – ਕਈ ਮੌਕਿਆਂ ਤੇ ਆਪਣੀ ਰਾਇ ਪ੍ਰਗਟ ਕਰਨ ਨਾਲੋਂ ਚੁੱਪ ਰਹਿਣਾ ਵਧੇਰੇ ਲਾਭਦਾਇਕ ਤੇ ਸੁਖਦਾਈ ਹੁੰਦਾ ਹੈ।
ਇਕ ਨੂੰ ਕੀ ਰੋਨੀ ਏਂ, ਏਥੇ ਊਤ ਗਿਆ ਈ ਆਵਾ – ਜਦ ਕੋਈ ਇਕ ਸ਼ੈ ਦੇ ਖਰਾਬ ਹੋ ਜਾਣ ਤੇ ਅਫਸੋਸ ਕਰਦਾ ਹੋਵੇ, ਤੇ ਉਹਨੂੰ ਦੱਸਣਾ ਹੋਵੇ ਕਿ ਤੇਰੀਆਂ ਤਾਂ ਹੋਰ ਵੀ ਕਈ ਸ਼ੈਆਂ ਖਰਾਬ ਹੋ ਗਈਆਂ ਹਨ, ਜਾਂ ਜਦ ਕੋਈ ਆਪਣੇ ਇਕ ਜਣੇ ਦੇ ਔਗੁਣ ਜਾਂ ਭੈੜੇ ਕਾਰੇ ਵੇਖ-ਵੇਖ ਝੁਰਦਾ ਹੋਵੇ, ਤੇ ਉਹਨੂੰ ਦੱਸਣਾ ਹੋਵੇ ਕਿ ਸਾਰਾ ਲਾਣਾ ਹੀ ਖਰਾਬ ਹੋ ਗਿਆ ਹੈ ਤਾਂ ਇਹ ਅਖਾਣ ਵਰਤਦੇ ਹਨ।
ਇਕ ਬੇਲੇ ਵਿਚ ਦੋ ਸ਼ੇਰ ਨਹੀਂ ਰਹਿ ਸਕਦੇ – ਦੋ ਇਕੋ ਜਿਹੇ ਤਕੜੇ ਡਾਢੇ ਬੰਦੇ ਇਕ ਥਾਂ ਰਲ ਮਿਲ ਕੇ ਗੁਜ਼ਾਰਾ ਨਹੀਂ ਕਰ ਸਕਦੇ।
ਇਕ ਮਿਆਨ ਵਿਚ ਦੋ ਤਲਵਾਰਾਂ – ਦੋ ਇਕੋ ਜਿਹੇ ਤਕੜੇ ਡਾਢੇ ਬੰਦੇ ਇਕ ਥਾਂ ਰਲ ਮਿਲ ਕੇ ਗੁਜ਼ਾਰਾ ਨਹੀਂ ਕਰ ਸਕਦੇ।
ਇਕ ਮੱਛੀ ਸਾਰਾ ਜਲ ਗੰਦਾ ਕਰਦੀ ਹੈ – ਇਕ ਭੈੜਾ ਆਦਮੀ ਸਾਰੇ ਸੰਗੀਆਂ ਸਾਥੀਆਂ ਦਾ ਇਤਬਾਰ ਗੁਆ ਦੇਂਦਾ ਹੈ।
ਇਕੋ ਆਂਡਾ ਉਹ ਵੀ ਗੰਦਾ – ਜਦ ਕਿਸੇ ਨੂੰ ਕਿਸੇ ਇਕ ਸ਼ੈ ਜਾਂ ਜਣੇ ਦਾ ਸਹਾਰਾ ਹੋਵੇ, ਜਾਂ ਜਦ ਕਿਸੇ ਦਾ ਇਕੋ ਇਕ ਪੁੱਤ ਹੋਵੇ ਤੇ ਉਹ ਵੀ ਭੈੜਾ ਨਿਕਲ ਆਵੇ ਤਾਂ ਉਸ ਤੇ ਢੁਕਾਉਂਦੇ ਹਨ।
ਇਨ੍ਹਾਂ ਤਿਲਾਂ ਵਿਚ ਤੇਲ ਨਹੀਂ – ਇਸ ਬੰਦੇ ਪਾਸੋਂ ਜਾਂ ਇਸ ਥਾਂ ਤੋਂ ਕੁਝ ਨਹੀਂ ਮਿਲਨਾ, ਆਸ ਪੂਰੀ ਨਹੀਂ ਹੋਣੀ।
ਇੱਟ ਚੁੱਕਦੇ ਨੂੰ ਪੱਥਰ ਤਿਆਰ – ਜਿਹਾ ਵਰਤੋਗੇ, ਤਿਹਾ ਅਗੋਂ ਕੋਈ ਵਰਤੇਗਾ।
ਇੱਟ ਦੀ ਦੇਣੀ, ਪੱਥਰ ਦੀ ਲੈਣੀ ¬- ਜਿਹਾ ਵਰਤੋਗੇ, ਤਿਹਾ ਅਗੋਂ ਕੋਈ ਵਰਤੇਗਾ।
ਇੱਟ ਦਾ ਜਵਾਬ ਪੱਥਰ – ਜਿਹਾ ਵਰਤੋਗੇ, ਤਿਹਾ ਅਗੋਂ ਕੋਈ ਵਰਤੇਗਾ।
ਇੱਲ ਦਾ ਨਨਾਣਵਈਆ ਕਾਂ – ਜਦ ਕਿਸੇ ਭੈੜੇ ਆਦਮੀ ਦੀ ਹਾਮੀ ਉਹਦੇ ਜਿਹਾ ਹੀ ਭਰਨ ਲੱਗੇ ਤਾਂ ਕਹਿੰਦੇ ਹਨ।
ਇੱਲ ਮੁੰਡਾ ਲੈ ਗਈ, ਜਠੇਰਿਆਂ ਦਾ ਨਾਂ – ਜਦ ਕਿਸੇ ਦਾ ਬਦੋਬਦੀ ਕੋਈ ਨੁਕਸਾਨ ਹੋ ਜਾਵੇ ਤਾਂ ਉਹਦਾ ਇਹਸਾਨ ਹੋਰਨਾਂ ਸਿਰ ਚਾੜ੍ਹਿਆ ਜਾਵੇ ਤਾਂ ਕਹਿੰਦੇ ਹਨ।
ਇੱਲਾਂ ਦੇ ਆਲਣਿਓਂ ਮਾਸ ਦੀਆਂ ਮੁਰਾਦਾਂ – ਜਿਹੜਾ ਆਪ ਹੀ ਕਿਸੇ ਸ਼ੈ ਨਾਲ ਨਾ ਰੱਜੇ ਉਸ ਤੋਂ ਉਸ ਸ਼ੈ ਦੇ ਮਿਲਣ ਦੀ ਆਸ ਕਦੇ ਪੂਰੀ ਨਹੀਂ ਹੋ ਸਕਦੀ।
ਈਦੋਂ ਬਾਦ ਤੂੰਬਾ ਫੂਕਣਾ ਏਂ – ਲੋੜ ਦਾ ਸਮਾਂ ਲੰਘ ਜਾਣ ਮਗਰੋਂ ਕਿਸੇ ਸ਼ੈ ਦੇ ਮਿਲਣ ਦਾ ਕੀ ਫਾਇਦਾ।
(ਸ)
ਸਸਤਾ ਰੋਵੇ ਵਾਰ ਵਾਰ, ਮਹਿੰਗਾ ਰੋਵੇ ਇਕ ਵਾਰ – ਸਸਤੀ ਸ਼ੈ ਛੇਤੀ ਖਰਾਬ ਹੋ ਜਾਂਦੀ ਹੈ ਅਤੇ ਘੜੀ ਮੁੜੀ ਨਵੀਂ ਖਰੀਦਣੀ ਪੈਂਦੀ ਹੈ, ਪਰ ਮਹਿੰਗੀ ਵਧੀਆ ਸ਼ੈ ਇਕ ਵੇਰਾਂ ਦੀ ਖਰੀਦੀ ਹੋਈ ਕਿੰਨਾਂ ਚਿਰ ਲੰਘਾ ਦੇਂਦੀ ਹੈ।
ਸਹੁੰ ਦੇਈਏ ਜੀ ਦੀ, ਨਾ ਪੁੱਤ ਦੀ ਨਾ ਧੀ ਦੀ – ਆਦਮੀ ਆਪਣੇ ਆਪ ਬਾਰੇ ਹੀ ਕਿਸੇ ਗੱਲ ਦਾ ਭਰੋਸਾ ਯਕੀਨ ਦਿਵਾ ਜਾਂ ਜੁੰਮੇਵਾਰੀ ਉਠਾ ਸਕਦਾ ਹੈ, ਹੋਰ ਕਿਸੇ ਦੇ ਮਨ ਦਾ ਕੋਈ ਪਤਾ ਨਹੀਂ ਹੁੰਦਾ।
ਸਹੇ ਦੀ ਨਹੀਂ, ਮੈਨੂੰ ਪਹੇ ਦੀ ਪਈ ਹੈ – ਜਦ ਕੋਈ ਇਕ ਭੁੱਲ ਰਾਹੀਂ ਕਿਸੇ ਨੂੰ ਨੁਕਸਾਨ ਪਹੁੰਚਾਵੇ, ਤੇ ਉਸ ਤੋਂ ਦੂਜੇ ਨੂੰ ਚਿੰਤਾ ਹੋ ਜਾਵੇ ਕਿ ਮਤਾਂ ਇਹ ਲੀਹ ਹੀ ਪੈ ਜਾਵੇ, ਤਦ ਵਰਤਦੇ ਹਨ।
ਸਹੇ ਨੂੰ ਨਹੀਂ ਰੋਂਦੀ, ਪਹੇ ਨੂੰ ਰੋਂਦੀ ਹਾਂ – ਜਦ ਕੋਈ ਇਕ ਭੁੱਲ ਰਾਹੀਂ ਕਿਸੇ ਨੂੰ ਨੁਕਸਾਨ ਪਹੁੰਚਾਵੇ, ਤੇ ਉਸ ਤੋਂ ਦੂਜੇ ਨੂੰ ਚਿੰਤਾ ਹੋ ਜਾਵੇ ਕਿ ਮਤਾਂ ਇਹ ਲੀਹ ਹੀ ਪੈ ਜਾਵੇ, ਤਦ ਵਰਤਦੇ ਹਨ।
ਸ਼ਕਲ ਮੋਮਨਾਂ ਕਰਤੂਤ ਕਾਫ਼ਰਾਂ – ਉੱਤੋਂ ਬੀਬੀਆਂ ਦਾੜ੍ਹੀਆਂ ਵਿਚੋਂ ਕਾਲੇ ਕਾਂ, ਬਾਹਰੋਂ ਨੇਕ ਤੇ ਭਜਨੀਕ ਜਾਪਣਾ, ਪਰ ਕੰਮ ਕਰਨੇ ਭੈੜੇ ਤੇ ਬੇਧਰਮੀਆਂ ਵਾਲੇ।
ਸੱਜਣ ਛੱਡੀਏ ਰੰਗ ਸਿਊ, ਬਹੁੜ ਵੀ ਆਵਣ ਕੰਮ – ਜੇ ਸੱਜਣ ਮਿੱਤਰਾਂ ਤੋਂ ਵਿਛੜਨਾ ਤੇ ਅੱਡ ਹੋਣਾ ਹੀ ਪਵੇ, ਤਾਂ ਰੁੱਸ ਲੜ ਕੇ ਨਹੀਂ, ਸਗੋਂ ਸੁਲ੍ਹਾ-ਸਫਾਈ ਨਾਲ ਜਾਣਾ ਚਾਹੀਦਾ ਹੈ, ਤਾਂ ਜੁ ਫਿਰ ਵੀ ਕਿਤੇ ਕੰਮ ਆ ਸਕਣ
ਸੱਤ ਡਿੱਗਾ ਜਹਾਨ ਡਿੱਗਾ – ਜਦ ਕਿਸੇ ਦਾ ਆਚਰਨ ਜਾਂ ਧਰਮ ਜਾਂਦਾ ਰਹੇ, ਤਾਂ ਸਮਝੋ ਕਿ ਉਹਦਾ ਸਭ ਕੁਝ ਹੀ ਜਾਂਦਾ ਰਿਹਾ, ਧਰਮ ਹੀਣ, ਤਾਂ ਸਭ ਹੀਣ।
ਸੱਦੀ ਨਾ ਪੁੱਛੀ, ਮੈਂ ਲਾੜੇ ਦੀ ਫੁੱਫੀ – ਜਦ ਕੋਈ ਬਦੇ-ਬਦੀ ਅਗਾਂਹ ਚੌਧਰੀ ਬਣਦਾ ਫਿਰੇ, ਕਿਸੇ ਕੰਮ ਵਿਚ ਵਾਧੂ ਦਖਲ ਦੇਵੇ ਤੇ ਬਦੋ-ਬਦੀ ਖੜਪੈਂਚ ਬਣਨ ਦੇ ਜਤਨ ਕਰੇ ਤਾਂ ਵਰਤਦੇ ਹਨ।
ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ – ਜਦ ਕੋਈ ਬਦੇ-ਬਦੀ ਅਗਾਂਹ ਚੌਧਰੀ ਬਣਦਾ ਫਿਰੇ, ਕਿਸੇ ਕੰਮ ਵਿਚ ਵਾਧੂ ਦਖਲ ਦੇਵੇ ਤੇ ਬਦੋ-ਬਦੀ ਖੜਪੈਂਚ ਬਣਨ ਦੇ ਜਤਨ ਕਰੇ ਤਾਂ ਵਰਤਦੇ ਹਨ।
ਸੱਪ ਨੂੰ ਸੱਪ ਲੜੇ, ਤੇ ਵਿਹੁ ਕੀਹਨੂੰ ਚੜ੍ਹੇ ? – ਜਦ ਦੋ ਇਕੋ ਜਿਹੇ ਕੁਪੱਤੇ ਆਦਮੀ ਆਪੋ ਵਿਚ ਲੜਨ ਲੱਗ ਪੈਣ, ਤਾਂ ਆਖਦੇ ਹਨ ਕਿ ਭਈ ਵੇਖੀਏ ਦੋਹਾਂ ਵਿਚੋਂ ਕਿਹਨੂੰ ਨੁਕਸਾਨ ਪਹੁੰਚਦਾ ਹੈ।
ਸੱਭੇ ਭੇਡਾਂ ਮੂੰਹ ਕਾਲੀਆਂ – ਏਥੇ ਸਾਰੇ ਦੇ ਸਾਰੇ ਬੰਦੇ ਹੀ ਭੈੜੇ ਹਨ।
ਸਾਂਝੀ ਹਾਂਡੀ ਚੁਰਾਹੇ ਫੁੱਟੇ – ਜਿਹੜੇ ਕੰਮ ਦੀ ਜੁੰਮੇਵਾਰੀ ਬਹੁਤਿਆਂ ਦੇ ਸਿਰ ਹੋਵੇ, ਉਹ ਕਦੇ ਵੀ ਨੇਪਰੇ ਨਹੀਂ ਚੜ੍ਹਦਾ, ਕੋਈ ਵੀ ਉਹਦੇ ਵੱਲ ਧਿਆਨ ਨਹੀਂ ਕਰਦਾ। ਸਾਂਝੀ ਚੀਜ਼ ਦੀ ਕੋਈ ਸੰਭਾਲ ਨਹੀਂ ਕਰਦਾ।
ਸਾਂਝਾ ਬਾਬਾ ਕੋਈ ਨਾ ਪਿੱਟੇ – ਜਿਹੜੇ ਕੰਮ ਦੀ ਜੁੰਮੇਵਾਰੀ ਬਹੁਤਿਆਂ ਦੇ ਸਿਰ ਹੋਵੇ, ਉਹ ਕਦੇ ਵੀ ਨੇਪਰੇ ਨਹੀਂ ਚੜ੍ਹਦਾ, ਕੋਈ ਵੀ ਉਹਦੇ ਵੱਲ ਧਿਆਨ ਨਹੀਂ ਕਰਦਾ। ਸਾਂਝੀ ਚੀਜ਼ ਦੀ ਕੋਈ ਸੰਭਾਲ ਨਹੀਂ ਕਰਦਾ।
ਸਾਨੂੰ ਸੱਜਣ ਸੌ ਮਿਲੇ ਗਲੀ ਲੱਗੀਆਂ ਬਾਹੀਂ – ਜਦ ਕਿਸੇ ਨੂੰ ਉਹਦੇ ਨਾਲੋਂ ਵੀ ਮਾੜੇ ਜਾਂ ਗਰੀਬ ਸਾਕ ਮਿੱਤਰ ਟੱਕਰ ਪੈਣ, ਤਾਂ ਕਹਿੰਦੇ ਹਨ।
ਸਾਡੇ ਉੱਤੇ ਜੁੱਲੀਆਂ, ਉਹਨਾਂ ਤੇ ਉਹ ਵੀ ਨਾਹੀਂ – ਜਦ ਕਿਸੇ ਨੂੰ ਉਹਦੇ ਨਾਲੋਂ ਵੀ ਮਾੜੇ ਜਾਂ ਗਰੀਬ ਸਾਕ ਮਿੱਤਰ ਟੱਕਰ ਪੈਣ, ਤਾਂ ਕਹਿੰਦੇ ਹਨ।
ਸਾਰਾ ਜਾਂਦਾ ਵੇਖੀਏ ਤਾਂ ਅੱਧਾ ਦੇਈਏ ਲੁਟਾ – ਜਦੋਂ ਬਹੁਤਾ ਨੁਕਸਾਨ ਹੁੰਦਾ ਦਿਸਦਾ ਹੋਵੇ, ਤੇ ਆਪਣੇ ਆਪ ਹੀ ਥੋੜ੍ਹਾ ਜਿਹਾ ਨੁਕਸਾਨ ਝੱਲਿਆਂ ਬਾਕੀ ਦੀ ਰਾਸ ਪੂੰਜੀ ਬਚ ਸਕਦੀ ਹੋਵੇ,ਤਾਂ ਇਹ ਥੋੜ੍ਹਾ ਨੁਕਸਾਨ ਖੁਸ਼ਈ ਨਾਲ ਝੱਲ ਲੈਣਾ ਚਾਹੀਦਾ ਹੈ।
ਸਾਰੀ ਰਾਤ ਭੰਨੀ, ਤੇ ਕੁੜੀ ਜੰਮ ਪਈ ਅੰਨ੍ਹੀ – ਮਿਹਨਤ ਤਕਲੀਫ ਬਹੁਤ ਵਧੇਰੇ ਤੇ ਸਿੱਟਾ ਬਹੁਤ ਘਟੀਆ।
ਸਿਰ ਤੇ ਨਹੀਂ ਕੁੰਡਾ, ਤੇ ਹਾਥੀ ਫਿਰੇ ਲੁੰਡਾ – ਜਦ ਕਿਸੇ ਨੂੰ ਰੋਕਣ ਵਰਜਣ ਵਾਲਾ ਕੋਈ ਨਾ ਹੋਵੇ, ਤੇ ਉਹ ਬੇ-ਲਗਾਮੇ ਘੋੜੇ ਵਾਂਙ ਜਿੱਧਰ ਜੀ ਕਰੇ ਪਿਆ ਫਿਰੇ ਤੇ ਜੋ ਜੀ ਕਰੇ ਕਰਦਾ ਫਿਰੇ, ਤਾਂ ਕਹਿੰਦੇ ਹਨ।
ਸੋਚ ਕਰੇ ਸੋ ਸੁੱਘੜ ਨਰ, ਕਰ ਸੋਚੇ ਅਸਲ ਖਰ – ਕੋਈ ਕੰਮ ਕਰਨੋਂ ਪਹਿਲਾਂ ਉਹਦੇ ਸਿੱਟਿਆਂ ਆਦਿਕ ਬਾਰੇ ਪੂਰੀ ਵਿਚਾਰ ਕਰਨੀ ਸਿਆਣਿਆਂ ਦਾ ਕੰਮ ਹੈ, ਮੂਰਖ ਲੋਕ ਕੰਮ ਕਰਨ ਮਗਰੋਂ ਸੋਚਦੇ ਤੇ ਪਛਤਾਉਂਦੇ ਹਨ, ਪਰ ‘ਜੇ’ ਹੱਥ ਨਹੀਂ ਆਉਂਦੀ।
ਸੌ ਸਿਆਣਿਆਂ ਇਕੋ ਮੱਤ, ਮੂਰਖ ਆਪੋ ਆਪਣੀ – ਸਪਸ਼ਟ ਹੈ।
ਸੌ ਸੁਨਿਆਰ ਦੀ, ਇਕ ਲੁਹਾਰ ਦੀ – ਮਾੜੇ ਆਦਮੀ ਸੌ ਸੱਟਾਂ ਮਾਰ ਕੇ ਉੰਨਾ ਨੁਕਸਾਨ ਨਹੀਂ ਕਰ ਸਕਦੇ, ਜਿੰਨਾ ਤਕੜਾ ਆਦਮੀ ਇਕੋ ਸੱਟ ਨਾਲ ਕਰ ਸਕਦਾ ਹੈ।
ਸੌ ਦਾਰੂ ਇਕ ਘਿਉ, ਸੋ ਚਾਚਾ ਇਕ ਪਿਉ – ਸਪਸ਼ਟ ਹੈ।
ਸੌ ਦਿਨ ਚੋਰ ਦਾ, ਇਕ ਦਿਨ ਸਾਧ ਦਾ – ਚੋਰਾਂ ਉੱਚਕਿਆਂ ਨੂੰ ਸਦਾ ਸਫਲਤਾ ਨਹੀਂ ਹੁੰਦੀ ਰਹਿੰਦੀ, ਕਦੇ ਨ ਕਦੇ ਸਾਧੂਆਂ (ਭਲੇਮਾਨਸਾਂ) ਨੂੰ ਵੀ ਮੌਕਾ ਮਿਲਦਾ ਹੈ, ਉੱਚਕਿਆਂ ਨੂੰ ਨੰਗੇ ਹੋਏ ਅਤੇ ਕੁੱਟੀਦੇ ਵੇਖਣ ਦਾ।
ਸੌਣਾ ਰੂੜੀਆਂ ਤੇ, ਸੁਫਣੇ ਲੈਣੇ ਸ਼ੀਸ਼ ਮਹਿਲਾਂ ਦੇ – ਆਪਣੀ ਵਿਤੋਂ ਵਧ ਕੇ ਆਸਾਂ ਲਾਉਣੀਆਂ ਤੇ ਖਾਹਿਸ਼ਾਂ ਪ੍ਰਗਟ ਕਰਨੀਆਂ।
(ਹ)
ਹੱਸਣੇ ਘਰ ਵੱਸਣੇ – ਹੱਸਦੇ ਖੇਡਦੇ ਦੇ ਖਿੜੇ ਮੱਥੇ ਰਹਿਣ ਵਾਲੇ ਸਦਾ ਸੁਖੀ ਹੁੰਦੇ ਹਨ।
ਹਸਾਏ ਦਾ ਨਾਂ ਨਹੀਂ, ਰੁਆਏ ਦਾ ਨਾਂ – ਜਿਹੜੇ ਸੁੱਖ ਦਿੱਤੇ ਹਨ ਉਹ ਭੁੱਲ ਗਏ, ਅਤੇ ਜੇ ਕਦੀ ਕੋਈ ਤਕਲੀਫ ਦਿੱਤੀ ਗਈ, ਉਹ ਚੇਤੇ ਰਹਿ ਗਈ।
ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ ਹਨ – ਕੰਮ ਵਿਗੜ ਤਾਂ ਸਹਿਜ ਹੀ ਜਾਂਦੇ ਹਨ, ਪਰ ਵਿਗੜੇ ਕੰਮਾਂ ਨੂੰ ਠੀਕ ਕਰਨਾ ਬੜਾ ਔਖਾ ਹੁੰਦਾ ਹੈ।
ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਏ – ਜੇ ਵਿਰੋਧੀਆਂ ਅੱਗੇ ਝੁਕਦੇ ਜਾਈਏ, ਤਾਂ ਉਹ ਅੱਗੋਂ ਹੋਰ ਭੂਹੇ ਆਈ ਜਾਂਦੇ ਹਨ. ਕਰੜਾਈ ਵਰਤਿਆਂ ਹੀ ਉਹ ਸੂਤ ਆਉਂਦੇ ਹਨ।
ਹਮ ਨਾ ਵਿਆਹੇ, ਤਾਂ ਕਾਹਦੇ ਸਾਹੇ ? – ਕਿਸੇ ਸ਼ੈ ਦਾ ਹੋਰਨਾਂ ਨੂੰ ਭਾਵੇਂ ਕਿੰਨਾਂ ਸੁਖ ਲਾਭ ਪਿਆ ਹੋਵੇ, ਜੇ ਸਾਨੂੰ ਉਹ ਸੁਖ, ਲਾਭ ਨਹੀਂ ਨਸੀਬ ਤਾਂ ਉਹ ਸ਼ੈ ਜਿਹੀ ਹੋਈ ਤਿਹੀ ਨਾ ਹੋਈ।
ਹਾਂ ਜੀ, ਹਾਂ ਜੀ ਕਹਿਣਾ ਸਦਾ ਸੁਖੀ ਰਹਿਣਾ – ਨਿਉਂ ਕੇ ਅਗਲੇ ਦਾ ਆਦਰ ਸਤਕਾਰ ਕਰ ਕੇ, ਵਰਤਣਾ ਵਿਚਰਨਾ ਸੁਖੀ ਰਹਿਣ ਦਾ ਸਾਧਨ ਵਸੀਲਾ ਹੈ।
ਹਾਂਡੀ ਉਬਲੇਗੀ, ਤਾਂ ਆਪਣੇ ਹੀ ਕੰਢੇ ਸਾੜੇਗੀ – ਮਾੜੇ ਨਿਤਾਣੇ ਬੰਦੇ ਦਾ ਗੁੱਸਾ ਉਹਨੂੰ ਹੀ ਸਾੜਦਾ ਭੁੰਨਦਾ ਤੇ ਦੁਖੀ ਕਰਦਾ ਹੈ, ਹੋਰ ਕਿਸੇ ਦਾ ਕੁਝ ਨਹੀਂ ਵਿਗਾੜ ਸਕਦਾ।
ਹਾਥੀ ਲੰਘ ਗਿਆ ਤੇ ਪੂਛ ਬਾਕੀ ਰਹਿ ਗਈ – ਬਹੁਤੀ ਗਈ ਵਿਹਾ, ਤੇ ਥੋੜ੍ਹੀ ਗਈ ਆ, ਕੰਮ ਦਾ ਬਹੁਤ ਵਡੇਰਾ ਤੇ ਔਖੇਰਾ ਹਿੱਸਾ ਮੁੱਕ ਗਿਆ, ਏਵੇਂ ਥੋੜ੍ਹਾ ਤੇ ਮਾਮੂਲੀ ਜਿਹਾ ਰਹਿ ਗਿਆ ਹੈ।
ਹੀਲੇ ਰਿਜਕ, ਬਹਾਨੇ ਮੌਤ – ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਪੌਣ, ਹੱਥ ਪੈਰ ਹਿਲਾਇਆਂ ਬਿਨਾਂ ਕੁਝ ਨਹੀਂ ਬਣਦਾ।
ਹੋਰੀ ਨੂੰ ਹੋਰੀ ਦੀ, ਅੰਨ੍ਹੇਂ ਨੂੰ ਡੰਗੋਰੀ ਦੀ – ਜਿਸ ਸ਼ੈ ਦੀ ਕਿਸੇ ਨੂੰ ਲੋੜ ਹੁੰਦੀ ਹੈ, ਉਹਨੂੰ ਉਸੇ ਦਾ ਹੀ ਖਿਆਲ ਫਿਕਰ ਰਹਿੰਦਾ ਹੈ।
(ਕ)
ਕੱਖਾਂ ਦੀ ਕੁੱਲੀ, ਦੰਦ ਖੰਡ ਦਾ ਪਾੜਛਾ – ਜਦੋਂ ਕਿਸੇ ਘਟੀਆ ਸਸਤੀ ਚੀਜ਼ ਦੀ ਸਜਾਵਟ ਬੜੀ ਵਧੀਆ ਕੀਮਤੀ ਸ਼ੈ ਨਾਲ ਕੀਤੀ ਹੋਈ ਹੋਵੇ, ਤਾਂ ਕਹਿੰਦੇ ਹਨ।
ਕੱਖਾਂ ਦੀ ਬੇੜੀ ਤੇ ਬਾਂਦਰ ਮੱਲਾਹ – ਜਦ ਬਹੁਤ ਔਖਾ ਤੇ ਸਿਆਣਿਆਂ ਦੇ ਕਰਨ ਵਾਲਾ ਕੰਮ ਕਿਸੇ ਮੂਰਖ ਤੇ ਅਣਜਾਣ ਬੰਦੇ ਦੇ ਸਪੁਰਦ ਕੀਤਾ ਗਿਆ ਹੋਵੇ, ਤਾਂ ਕਹਿੰਦੇ ਹਨ।
ਕੱਛ ਵਿਚ ਛੁਰੀ, ਤੇ ਮੂੰਹ ਵਿਚ ਰਾਮ-ਰਾਮ – ਸ਼ਕਲ ਮੋਮਨਾਂ ਕਰਤੂਤ ਕਾਫ਼ਰਾਂ।
ਕੰਡੇ ਨਾਲ ਹੀ ਕੰਡਾ ਕੱਢੀਦਾ ਹੈ – ਜਿਹੋ ਜਿਹਾ ਕੋਈ ਹੋਵੇ, ਉਸ ਨਾਲ ਵਾਰਾ ਸਾਰਾ ਕੋਈ ਉਹਦੇ ਵਰਗਾ ਤੇ ਸਾਵਾਂ ਬੰਦਾ ਹੀ ਲੈ ਸਕਦਾ ਹੈ।
ਕਣਕ ਖੇਤ, ਕੁੜੀ ਪੇਟ, ਆ ਜਵਾਈਆ ਮੰਡੇ ਖਾ – ਅਜੇ ਹੱਥ ਪੱਲੇ ਕੁਝ ਵੀ ਨਹੀਂ ਆਇਆ ਹੋਣਾ, ਕੇਵਲ ਆਸਾਂ ਦੇ ਆਸਰੇ ਖਰਚ ਕਰਨ ਅਤੇ ਜੁੰਮੇਵਾਰੀਆ ਚੁੱਕਣ ਲੱਗ ਪੈਣਾ।
ਕਦੇ ਤੋਲਾ, ਕਦੇ ਮਾਸਾ, ਉਹਦੀ ਗੱਲ ਦਾ ਕੀ ਭਰਵਾਸਾ ? – ਜਿਹੜਾ ਆਦਮੀ ਕਦੇ ਕੁਝ ਕਹੇ ਤੇ ਕਦੇ ਕੁਝ, ਕਦੇ ਵੱਡੇ ਇਕਰਾਰ ਕਰੇ ਤੇ ਕਦੇ ਮਨਸੂਬੇ ਬੰਨ੍ਹੇ ਅਤੇ ਕਦੇ ਢੇਰੀ ਢਾਹ ਬੈਠੇ, ਉਹਦੇ ਇਕਰਾਰਾਂ ਉਤੇ ਭਰੋਸਾ ਨਹੀਂ ਕੀਤਾ ਜੀ ਸਕਦਾ।
ਕੰਧ ਨੂੰ ਵੀ ਕੰਨ ਹੁੰਦੇ ਹਨ – ਲੁਕ ਕੇ ਕੀਤੀ ਗੱਲ ਦੇ ਵੀ ਪ੍ਰਗਟ ਹੋ ਜਾਣ ਦਾ ਡਰ ਹੁੰਦਾ ਹੈ।
ਕੰਨਾਂ ਦਾ ਕੱਚਾ, ਕਦੇ ਨਾ ਹੁੰਦਾ ਸੁੱਚਾ – ਲਾਈ ਲੱਗ ਦਾ ਕੋਈ ਇਤਬਾਰ ਨਹੀਂ ਹੋ ਸਕਦਾ, ਉਹ ਤਾਂ ਜਿਸ ਨੇ ਲਾਈ ਗੱਲੀਂ, ਨਾਲ ਉੱਠ ਚੱਲੀ ਵਾਲੀ ਗੱਲ ਕਰਦਾ ਹੈ। ਜਿਹੜਾ ਆਦਮੀ ਹਰ ਕਿਸੇ ਦੀ ਗੱਲ ਉੱਪਰ ਇਤਬਾਰ ਕਰ ਲਵੇ, ਉਹ ਕਿਸੇ ਗੱਲ ਤੇ ਕਾਇਮ ਨਹੀਂ ਰਹਿ ਸਕਦਾ।
ਕੰਮ ਤੇ ਰਹੇ ਤਾਂ ਕਾਜ਼ੀ, ਨਾ ਰਹੇ ਤਾਂ ਪਾਜੀ – ਜਿੰਨਾ ਚਿਰ ਕਿਸੇ ਤੋਂ ਮਤਲਬ ਲੈਣਾ ਹੁੰਦਾ ਹੈ, ਉੱਨਾਂ ਚਿਰ ਉਹਨੂੰ ਸਲਾਹੁਣਾ ਵਡਿਆਉਣਾ, ਤੇ ਮਗਰੋਂ ਉਸੇ ਨੂੰ ਭੰਡਣ ਲੱਗ ਪੈਣਾ।
ਕੰਮ ਦਾ ਨਾ ਕਾਜ ਦਾ, ਵੈਰੀ ਅਨਾਜ਼ ਦਾ – ਵਿਹਲਾ ਬਹਿ ਕੇ ਖਾਣ-ਪੀਣ ਤੇ ਹੀ ਲੱਕ ਬੰਨ੍ਹਿਆ ਹੋਣਾ, ਸ਼ਬਦ ਨਾ ਸਲੋਕ, ਬਾਬਾ ਟਿੱਕੀਆਂ ਦਾ ਠੋਕ।
ਕਰਨੀ ਕੱਖ ਦੀ, ਗੱਲ ਲੱਖ-ਲੱਖ ਦੀ – ਫੜ੍ਹਾਂ ਬਹੁਤ ਵੱਡੀਆਂ ਵੱਡੀਆਂ ਮਾਰਨੀਆਂ ਪਰ ਹੱਥੀਂ ਕੁਝ ਵੀ ਨਾ ਕਰਨਾ।
ਕਰਮ ਹੀਣ ਖੇਤੀ ਕਰੇ, ਸੋਕਾ ਪਵੇ ਜਾਂ ਢੱਗਾ ਮਰੇ – ਭਾਗਾਂ ਬਿਨਾਂ ਉੱਦਮ ਕੀਤੇ ਵੀ ਸਫਲ ਨਹੀਂ ਹੁੰਦੇ, ਤਦਬੀਰ ਨਾਲੋਂ ਤਕਦੀਰ ਵਧੇਰੇ ਜੋਰਾਵਰ ਹੁੰਦੀ ਹੈ।
ਕਰ ਮਜੂਰੀ ਖਾ ਚੂਰੀ – ਸੇਵਾ ਨੂੰ ਮੇਵਾ, ਡੋਲ੍ਹ ਰਤ ਤੇ ਖਾ ਭੱਤ, ਰੱਖ ਦੇਹ ਤੇ ਖਾ ਖੇਹ, ਮਿਹਨਤ ਕੀਤਿਆਂ ਹੀ ਸੁਖ ਭੋਗ ਸਕੀਦਾ ਤੇ ਸੁਖ ਭੋਗਣ ਦੇ ਹੱਕਦਾਰ ਬਣੀਦਾ ਹੈ।
ਕੱਲ ਜੰਮੀ ਗਿੱਦੜੀ ਤੇ ਅੱਜ ਹੋਇਆ ਵਿਆਹ – ਉਮਰ ਦਾ ਕੱਚਾ ਹੈ, ਪਰ ਪੈਰ ਵੱਡਿਆਂ ਵੱਡਿਆਂ ਵਿਚ ਵਧ ਕੇ ਰੱਖਦਾ ਹੈ।
ਕਲ੍ਹਾ ਕਲੰਦਰ ਵੱਸੇ, ਤੇ ਘੜਿਓਂ ਪਾਣੀ ਨੱਸੇ – ਜਿੱਥੇ ਫੁੱਟ ਤੇ ਲੜਾਈ ਹੁੰਦੀ ਰਹੇ, ਉਹ ਟੱਬਰ ਬਰਾਦਰੀ ਕੌਮ ਸਦਾ ਤਬਾਹ ਹੁੰਦੀ ਹੈ।
ਕਾਹਲੀ ਦੀ ਘਾਣੀ, ਅੱਧਾ ਤੇਲ ਅੱਧਾ ਪਾਣੀ – ਕਾਹਲੀ ਵਿਚ ਕੀਤਾ ਹੋਇਆ ਕੰਮ ਕਦੇ ਸੂਤ ਨਹੀਂ ਬਹਿੰਦਾ।
ਕਾਠ ਦੀ ਹਾਂਡੀ ਇੱਕੋ ਵੇਰ ਚੜ੍ਹਦੀ ਹੈ – ਧੋਖੇਬਾਜ ਦਾ ਕੋਈ ਦੂਜੀ ਵੇਰ ਇਤਬਾਰ ਨਹੀਂ ਕਰਦਾ, ਧੋਖਾ ਫਰੇਬ ਕਦੇ ਕਾਮਯਾਬ ਨਹੀਂ ਰਹਿੰਦਾ, ਪਾਜ ਉੱਖੜ ਹੀ ਜਾਂਦਾ ਹੈ।
ਕਾਲ ਦੀ ਬੱਧੀ ਨਾ ਮੰਗਿਆ, ਪਰ ਬਾਲ ਦੀ ਬੱਧੀ ਮੰਗਿਆ – ਜਦ ਆਪ ਔਖੇ ਹੋਈਏ ਤਾਂ ਔਖਿਆਈ ਝੱਲ ਲਈਦੀ ਹੈ, ਕਿਸੇ ਅੱਗੇ ਹੱਥ ਨਹੀਂ ਅੱਡੀਦੇ ਤੇ ਕਿਸੇ ਨੂੰ ਵਗਾਰ ਖੇਚਲ ਨਹੀਂ ਪਾਈਦੀ, ਪਰ ਜਦ ਧੀ-ਪੁੱਤ ਨੂੰ ਲੋੜ ਜਾਂ ਔਖਿਆਈ ਬਣ ਜਾਵੇ, ਤਾਂ ਮਾਪੇ ਢੀਠ ਹੋ ਕੇ ਮੰਗਣ ਨੂੰ ਜਾਂ ਅਗਲੇ ਨੂੰ ਖੇਚਲ ਪਾਉਣ ਲਈ ਮਜ਼ਬੂਰ ਹੋ ਜਾਂਦੇ ਹਨ।
ਕਾਲੇ ਕਦੇ ਨਾ ਹੋਵਣ ਬੱਗੇ, ਭਾਵੇਂ ਸੌ ਮਣ ਸਾਬਣ ਲੱਗੇ – ਪੱਕਿਆ ਹੋਇਆ ਜਾਂ ਜਮਾਂਦਰੂ ਸੁਭਾ ਬਦਲ ਨਹੀਂ ਸਕਦਾ।
ਕਿਥੇ ਰਾਜਾ ਭੋਜ, ਕਿੱਥੇ ਗੰਗਾ ਤੇਲੀ ? – ਮਾੜੇ ਗਰੀਬ ਬੰਦੇ ਤਕੜਿਆਂ ਧਨਾਢਾਂ ਦੀ ਰੀਸ ਨਹੀਂ ਕਰ ਸਕਦੇ।
ਕੀੜੀ ਦੀ ਮੌਤ ਆਉਂਦੀ ਹੈ ਤਾਂ ਉਸਨੂੰ ਖੰਭ ਲੱਗ ਜਾਂਦੇ ਹਨ – ਜਦੋਂ ਕਿਸੇ ਦੇ ਦਿਨ ਭੈੜੇ ਆਉਂਦੇ ਹਨ, ਉਹ ਵਿਤੋਂ ਵਧ ਕੇ ਛਾਲਾਂ ਮਾਰਨ ਤੇ ਔਖੇ-ਔਖੇ ਕੰਮਾਂ ਨੂੰ ਹੱਥ ਪਾਉਣ ਲੱਗ ਪੈਂਦਾ ਹੈ, ਅਤੇ ਨੁਕਸਾਨ ਉਠਾਉਂਦਾ ਹੈ।
ਕੁੱਕੜ ਖੇਹ ਉਡਾਈ, ਆਪਣੇ ਹੀ ਸਿਰ ਪਾਈ – ਖੱਪ ਪਾ ਕੇ ਆਪਣੀ ਬੇ-ਇੱਜਤੀ ਆਪੇ ਕਰਾ ਲਈ।
ਕੁੱਤਾ ਰਾਜ ਬਹਾਲੀਏ, ਊਠ ਚੱਕੀ ਚੱਟੇ – ਜੇ ਮਮੂਲੀ ਸੱਤੇ ਤੇ ਘਟੀਆ ਹੈਸੀਅਤ ਵਾਲੇ ਬੰਦੇ ਨੂੰ ਬਹੁਤ ਉੱਚੀ ਪਦਵੀ ਦਿੱਤੀ ਜਾਵੇ, ਤਾਂ ਉਹ ਆਪਣੀ ਖ਼ਸਲਤ ਮੁਤਾਬਕ ਹੀ ਵਰਤੋਂ ਵਰਤਾਰਾ ਕਰਦਾ ਹੈ।
ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ – ਪੱਕ ਚੁੱਕਿਆ ਜਾਂ ਜੁਮਾਂਦਰੂ ਸੁਭਾ ਤਬਦੀਲ ਨਹੀਂ ਹੁੰਦਾ।
ਕੁੱਤੇ ਦੀ ਪੂਛ ਨੂੰ ਬਾਰਾਂ ਵਰ੍ਹੇ ਵੰਝਲੀ ਵਿਚ ਪਾ ਛੱਡਿਆ, ਉਹ ਫੇਰ ਵੀ ਵਿੰਗੀ ਦੀ ਵਿੰਗੀ – ਪੱਕ ਚੁੱਕਿਆ ਜਾਂ ਜੁਮਾਂਦਰੂ ਸੁਭਾ ਤਬਦੀਲ ਨਹੀਂ ਹੁੰਦਾ।
ਕੁੱਤੇ ਦੀ ਮੌਤ ਆਉਂਦੀ ਹੈ ਤਾਂ ਉਹ ਜਾ ਮਸੀਤੇ ਹੱਗਦਾ ਹੈ – ਜਦ ਕਿਸੇ ਦੇ ਦਿਨ ਭੈੜੇ ਹੋਣ ਤਾਂ ਉਹਦੀ ਮੱਤ ਮਾਰੀ ਜਾਂਦੀ ਹੈ, ਅਤੇ ਉਹ ਅਜੇਹੀ ਕਰਤੂਤ ਕਰਦਾ ਹੈ ਜਿਸ ਤੋਂ ਉਹਨੂੰ ਬਹੁਤ ਨੁਕਸਾਨ ਹੁੰਦਾ ਹੈ।
ਕੁੱਤੇ ਭੋਂਕਣ ਤਾਂ ਚੰਦ ਨੂੰ ਕੀ ? – ਬੰਦੇ ਦਾ ਥੁੱਕਿਆ ਚੰਦ ਤੀਕ ਨਹੀਂ ਅੱਪੜਦਾ, ਸੱਚੇ ਸੁੱਚੇ ਆਦਮੀ ਦੀ ਲੋਕੀਂ ਭਾਵੇਂ ਕਿੰਨੀ ਨਿੰਦਿਆ ਪਏ ਕਰਨ ਉਹ ਉਹਦਾ ਕੁਝ ਨਹੀਂ ਵਿਗਾੜ ਸਕਦੇ।
ਕੋਹ ਨਾ ਤੁਰੀ, ਬਾਬਾ ਤਿਹਾਈ – ਜਿਹੜੀ ਆਦਮੀ ਕੋਈ ਕੰਮ ਕਰਦਿਆਂ ਹੀ ਕਹਿਣ ਲੱਗ ਪਵੇ ਕਿ ਮੈਂ ਥੱਕ ਗਿਆ ਹਾਂ, ਸਾਹ ਲੈ ਲੈਣ ਦਿਓ, ਉਸ ਤੇ ਢੁਕਾਉਂਦੇ ਹਨ।
ਕੋਠੀ ਉੱਸਰਿਆ, ਤਰਖਾਣ ਵਿੱਸਰਿਆ – ਜਦ ਕਿਸੇ ਗੋਚਰਾ ਕੰਮ ਪੂਰਾ ਹੋ ਜਾਵੇ ਤੇ ਉਹਦੀ ਲੋੜ ਨਾ ਰਹਿ ਜਾਵੇ, ਤਾਂ ਉਹਦੀ ਕੋਈ ਪਰਵਾਹ ਨਹੀਂ ਕਰਦਾ।
ਕੋਲਿਆਂ ਦੀ ਦਲਾਲੀ ਵਿਚ ਮੂੰਹ ਕਾਲਾ – ਇਸ ਮਾਮਲੇ ਵਿਚ ਦਖਲ ਦੇਣ ਦਾ ਲਾਭ ਕੁਝ ਨਹੀਂ ਹੋਣਾ, ਵਾਧੂ ਤਕਲੀਫ ਤੇ ਬਦਨਾਮੀ ਹੀ ਮਿਲੇਗੀ।
ਕੌਣ ਕਹੇ ਰਾਣੀਏ ਅੱਗਾ ਢਕ – ਵੱਡੇ ਡਾਢੇ ਲੋਕਾਂ ਦੇ ਔਗੁਣ ਜਾਂ ਭੁੱਲਾਂ ਉਹਨਾਂ ਸਾਹਮਣੇ ਕੋਈ ਨਹੀਂ ਚਿਤਾਰ ਸਕਦਾ।
(ਖ)
ਖੰਡ, ਖੰਡ ਆਖਿਆਂ ਮੂੰਹ ਮਿੱਠਾ ਨਹੀਂ ਹੋ ਜਾਂਦਾ – ਨਿਰੀਆਂ ਪੂਰੀਆਂ ਗੱਲਾਂ ਤੇ ਮੂੰਹ ਜ਼ਬਾਨੀ ਦੇ ਲਾਰਿਆਂ ਨਾਲ ਕਿਸੇ ਦੀ ਨਿਸ਼ਾ ਨਹੀਂ ਹੋ ਸਕਦੀ। ਰੋਟੀ ਰੋਟੀ ਆਖਿਆਂ ਢਿੱਡ ਨਹੀਂ ਭਰਦਾ ਤੇ ਭੁੱਖ ਨਹੀਂ ਲਹਿੰਦੀ।
ਖਾਈ ਭਲੀ ਕਿ ਮਾਈ ? ਖਾਈ ਭਲੀ ਕਿ ਜਾਈ ? – ਜਿਹੜਾ ਖਾਣ-ਪੀਣ ਨੂੰ ਦੇਵੇ ਉਹਨੂੰ ਮਾਂ, ਧੀਆਂ, ਪੁੱਤਾਂ ਆਦਿ ਨਾਲੋਂ ਚੰਗੇਰਾ ਗਿਣਿਆ ਜਾਂਦਾ ਹੈ।
ਖਾਈਏ ਮਨ ਭਾਉਂਦਾ, ਹੰਢਾਈਏ ਜਗ ਭਾਉਂਦਾ – ਖੁਰਾਕ ਆਪਣੀ ਮਰਜ਼ੀ ਲੋੜ ਮੁਤਾਬਕ ਖਾਓ, ਪਰ ਪੁਸ਼ਾਕ ਅਜੇਹੀ ਪਹਿਨੋ ਜਿਸ ਨੂੰ ਲੋਕੀ ਠੀਕ ਸਮਝਣ।
ਖਾਣ ਪੀਣ ਨੂੰ ਗੱਲਾਂ, ਤੇ ਮਾਰ ਖਾਣ ਨੂੰ ਇਕੱਲਾ – ਜਦ ਖਾਣ-ਪੀਣ ਤੇ ਮੌਜ ਬਹਾਰਾਂ ਕਰਨ ਦਾ ਵੇਲਾ ਸੀ, ਤਾਂ ਬਹੁਤ ਜਾਣੇ ਭਾਈਵਾਲ ਸਨ, ਜਦ ਇਸ ਖਾਣ ਪੀਣ ਬਦਲੇ ਦੁੱਖ ਜਾਂ ਜੁੰਮੇਵਾਰੀ ਸਿਰ ਆ ਗਈ, ਤਾਂ ਸਭ ਕੁਝ ਇੱਕਲੇ ਨੂੰ ਹੀ ਝੱਲਣਾ ਪਿਆ।
ਖਾਣ ਪੀਣ ਨੂੰ ਢਾਈ ਮੰਨੀਆਂ, ਕੰਮ ਕਰਨ ਨੂੰ ਬਾਹੀਂ ਭੰਨੀਆਂ – ਜਿਹੜਾ ਆਦਮੀ ਖਾਣ-ਪੀਣ ਨੂੰ ਤਾਂ ਚੌਖਾ ਢਿੱਡ ਭਰਵਾਂ ਮੰਗੇ ਪਰ ਕੰਮ ਦੇ ਵੇਲੇ ਅੱਜ ਪੱਜ ਲਾਵੇ ਤੇ ਕੁਝ ਵੀ ਨਾ ਕਰੇ, ਉਸ ਬਾਰੇ ਕਹਿੰਦੇ ਹਨ।
ਖਾਣ ਪੀਣ ਨੂੰ ਬਾਂਦਰੀ ਤੇ ਫਾਹੇ ਚੜ੍ਹਨ ਨੂੰ ਰਿੱਛ – ਖਾਣ ਪੀਣ ਨੂੰ ਭਾਗ ਭਰੀ ਤੇ ਧੌਣ ਭਨਾਉਣ ਨੂੰ ਜੁੰਮਾ – ਕਮਾਵੇ ਕੋਈ ਤੇ ਖਾਵੇ ਕੋਈ, ਮਿਹਨਤ ਮਜੂਰੀ ਤੇ ਖਪਖਾ ਕੋਈ ਕਰੇ ਪਰ ਫਲ ਕੋਈ ਹੋਰ ਹੀ ਖਾਵੇ।
ਖਾਲੀ ਸੰਖ ਵਜਾਵੇ ਦੀਪਾ – ਜਦ ਕੋਈ ਬੰਦਾ ਫੋਕੀਆਂ ਫੜ੍ਹਾਂ ਮਾਰੇ, ਤਾਂ ਉਸ ਤੇ ਘਟਾਉਂਦੇ ਹਨ।
ਖੁਦਾ ਨੇੜੇ ਕਿ ਘਸੁੰਨ ? – ਡਾਢੇ ਦਾ ਸੱਤੀਂ ਵੀਹੀਂ ਸੌ। ਰੱਬ ਦਾ ਵਾਸਤਾ ਸੁਣ ਕੇ ਉੱਨਾ ਕੰਮ ਨਹੀਂ ਕਰਦੇ ਤੇ ਆਖੇ ਨਹੀਂ ਲੱਗਦੇ ਜਿੰਨਾ ਘਸੁੰਨ ਕੁਟਾਪੇ ਦੇ ਡਰ ਤੋਂ ਕਰਦੇ ਹਨ।
ਖੂਹ ਦੀ ਮਿੱਟੀ ਖੂਹ ਨੂੰ ਹੀ ਲੱਗ ਜਾਂਦੀ ਹੈ – ਏਥੋਂ ਜਿੰਨੀ ਖੱਟੀ ਹੁੰਦੀ ਹੈ ਉੱਨਾ ਹੀ ਏਥੇ ਖਰਚ ਆ ਜਾਂਦਾ ਹੈ।
ਖੂਹ ਪੁੱਟਦੇ ਨੂੰ ਖਾਤਾ ਤਿਆਰ – ਜਿਹੜਾ ਆਦਮੀ ਕਿਸੇ ਦੇ ਰਾਹ ਵਿਚ ਕੰਡੇ ਬੀਜਦਾ ਹੈ, ਉਹਦੇ ਆਪਣੇ ਪੈਰ ਵੀ ਵਿਨ੍ਹੇ ਜਾਂਦੇ ਹਨ। ਕਿਸੇ ਦਾ ਬੁਰਾ ਕਰਨ ਵਾਲੇ ਦਾ ਵੀ ਬੁਰਾ ਹੀ ਹੁੰਦਾ ਹੈ।
ਖੇਤੀ ਖਸਮਾਂ ਸੇਤੀ – ਵਾਹੀ ਜਾਂ ਹੋਰ ਕਾਰ-ਵਿਹਾਰ ਵਿਚ ਤਾਂ ਹੀ ਸਫਲਤਾ ਹੁੰਦੀ ਹੈ ਜੇ ਮਾਲਕ ਸਿਰ ਹੋ ਕੇ ਕੰਮ ਕਰੇ ਕਰਾਵੇ।
ਖੈਰ ਕਲੰਦਰਾਂ, ਹੁੱਝਾਂ ਬਾਂਦਰਾਂ – ਕਮਾਵੇ ਕੋਈ ਤੇ ਖਾਵੇ ਕੋਈ, ਖੇਚਲ ਕੋਈ ਹੋਰ ਕਰੇ ਤੇ ਫਾਇਦਾ ਕੋਈ ਉਠਾਵੇ।
(ਗ)
ਗ਼ਰੀਬ ਦੀ ਜੋਰੂ, ਜਣੇ ਖਣੇ ਦੀ ਭਾਬੀ – ਮਾੜੇ ਮਨੁੱਖ ਦੀ ਚੀਜ਼ ਨੂੰ ਹਰ ਕੋਈ ਧੱਕੇ ਨਾਲ ਵਰਤਣ ਦੀ ਕੋਸ਼ਿਸ਼ ਕਰਦਾ ਹੈ।
ਗ਼ਰੀਬ ਰੱਖੇ ਰੋਜ਼ੇ, ਦਿਨ ਵੱਡੇ ਆਏ – ਜਦ ਕੋਈ ਬੰਦਾ ਅਜੇਹਾ ਕੰਮ ਅਰੰਭ ਕਰੇ ਜਿਹੜਾ ਹੋਰ ਬਥੇਰੇ ਕਰਦੇ ਹੋਣ, ਪਰ ਉਹਨੂੰ ਹੋਰਨਾਂ ਨਾਲੋਂ ਵਧੇਰੇ ਔਖਿਆਈ ਦਾ ਟਾਕਰਾ ਕਰਨੀ ਪਵੇ, ਤਾਂ ਕਹਿੰਦੇ ਹਨ।
ਗੱਲ ਹੋਈ ਪੁਰਾਣੀ, ਬੁਕਲ ਮਾਰ ਬੈਠੀ ਚੁਧਰਾਣੀ – ਜਦੋਂ ਕੋਈ ਬੰਦਾ ਨਮੋਸ਼ੀ ਵਾਲਾ ਕੋਈ ਕੰਮ ਕਰ ਕੇ ਕੁਝ ਚਿਰ ਤਾਂ ਸ਼ਰਮ ਮਹਿਸੂਸ ਕੇ ਪਿਛਾਂਹ ਪਿਛਾਂਹ ਰਹੇ, ਪਰ ਸਮਾਂ ਲੰਘ ਜਾਣ ਤੇ ਬੜਾ ਸਾਊ ਤੇ ਚੌਧਰੀ ਬਣ-ਬਣ ਬਹੇ, ਤਾਂ ਕਹਿੰਦੇ ਹਨ।
ਗੱਲ ਕਹਿੰਦੀ ਹੈ ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਘਰੋਂ ਕਢਾਊਂ – ਮੂੰਹੋਂ ਕੱਢੀ ਗੱਲ ਝੱਟ ਖਿੱਲਰ ਜਾਂਦੀ ਹੈ ਅਤੇ ਉਹ ਅਜੇਹੀ ਹੋਵੇ ਜਿਸ ਤੋਂ ਲੋਕ ਉਹ ਗੱਲ ਕਹਿਣ ਵਾਲੇ ਦੇ ਮਗਰ ਪੈ ਜਾਣ, ਤਾਂ ਉਹਨੂੰ ਔਖਿਆਂ ਹੋਣਾ ਪੈਂਦਾ ਹੈ।
ਗੱਲ ਕਰਾਂ ਗੱਲ ਨਾਲ, ਤੇ ਨੱਕ ਵੱਢਾਂ ਵੱਲ ਨਾਲ, ਗੱਲ ਲਾਈਏ ਗਿੱਟੇ, ਕੋਈ ਰੋਵੇ ਕੋਈ ਪਿੱਟੇ – ਕਿਸੇ ਦੇ ਸਿਰ ਫਾਹ-ਸੋਟਾ ਮਾਰਨ ਦੀ ਥਾਂ ਗੱਲ ਅਜੇਹੇ ਸਿਆਣੇ ਢੰਗ ਨਾਲ ਕਿਸੇ ਨੂੰ ਲਾਉਣੀ ਕਿ ਉੱਤੋਂ ਉੱਤੋਂ ਉਹ ਬੁਰੀ ਨਾ ਲੱਗੇ ਪਰ ਜਦ ਉਹ ਬਹਿ ਕੇ ਸੋਚੋ, ਤਾਂ ਉਹਨੂੰ ਖੂਬ ਮਿਰਚਾਂ ਲੱਗਣ।
ਗਲ ਪਿਆ ਢੋਲ ਵਜਾਉਣਾ ਪੈਂਦਾ ਹੈ – ਜਦ ਕਿਸੇ ਨੂੰ ਕੋਈ ਅਜੇਹਾ ਕੰਮ ਕਰਨਾ ਪੈ ਜਾਵੇ, ਜੋ ਉਹ ਉੱਕਾ ਹੀ ਕਰਨਾ ਨਾ ਚਾਹੁੰਦਾ ਹੋਵੇ ਤਾਂ ਉਹ ਇਹ ਅਖਾਣ ਪਾਉਂਦਾ ਹੈ।
ਗੱਲੀਂ ਬਾਤੀਂ ਮੈਂ ਵੱਡੀ ਕਰਤੂਤੀਂ ਵੱਡੀ ਜਠਾਣੀ – ਜਿਹੜਾ ਬੰਦਾ ਫੋਕੀਆਂ ਫੜ੍ਹਾਂ ਮਾਰਦਾ ਫਿਰੇ ਪਰ ਹੱਥੀਂ ਕੁਝ ਵੀ ਨਾ ਕਰੇ, ਕੰਮ ਜਾਂ ਖਰਚ ਦੇ ਵੇਲੇ ਆਪ ਪਿਛਾਂਹ ਹਟ ਜਾਵੇ ਤੇ ਹੋਰ ਕਿਸੇ ਨੂੰ ਅੱਗੇ ਡਾਹਵੇ, ਤਾਂ ਉਸ ਬਾਰੇ ਕਹਿੰਦੇ ਹਨ।
ਗਿੱਦੜ ਦੇ ਗੂੰਹ ਦੀ ਲੋੜ ਪਈ ਤਾਂ ਆਖੇ ਯਾਰ ਪਹਾਡ਼ੀਂ ਹੱਗਦੇ ਨੇ – ਜਦ ਕਿਸੇ ਮਾਮੂਲੀ ਜਿਹੇ ਆਦਮੀ ਦੀ ਮਾਮੂਲੀ ਜੇਹੀ ਸਹਾਇਤਾ ਦੀ ਲੋੜ ਪਵੇ, ਤੇ ਉਹ ਅੱਗੋਂ ਆਕੜ ਕੇ ਨਾਂਹ ਕਰ ਦੇਵੇ, ਤਾਂ ਕਹਿੰਦੇ ਹਨ।
ਗੂੰਗੇ ਦੀਆਂ ਸੈਨਤਾਂ ਗੂੰਗੇ ਦੀ ਮਾਂ ਹੀ ਜਾਣੇ – ਜਦ ਕੋਈ ਜਣਾ ਕੋਈ ਗੋਲ ਮੋਲ ਜਿਹੀ ਗੱਲ ਕਰੇ ਜਿਸ ਦੀ ਆਮ ਲੋਕਾਂ ਨੂੰ ਸਮਝ ਨਾ ਆਵੇ ਤਾਂ ਇਹ ਅਖਾਣ ਵਰਤਦੇ ਹਨ।
ਗੁੜ ਘਿਉ ਮੈਦਾ ਤੇਰਾ, ਜਲ ਫੂਕ ਬਸੰਤਰ ਮੇਰਾ – ਜਦ ਕੋਈ ਆਦਮੀ ਹਿੱਸਾ ਤਾਂ ਪੂਰਾ ਲੈਣਾ ਚਾਹੇ ਪਰ ਖਰਚ ਦੀ ਵਾਰੀ ਪਿਛਾਂਹ ਹਟੇ, ਤਾਂ ਕਹਿੰਦੇ ਹਨ।
ਗੁੜ ਦਿੱਤਿਆਂ ਮਰੇ ਤਾਂ ਮਹੁਰਾ ਕਿਉਂ ਦੇਈਏ ? – ਜਦ ਕੋਈ ਕੰਮ ਮਿੱਠੇ ਢੰਗ ਨਾਲ ਕੀਤਾ ਜਾ ਸਕਦਾ ਹੋਵੇ, ਤਾਂ ਅਗਲੇ ਨੂੰ ਔਖਿਆਂ ਕਰ ਕੇ ਉਹ ਕੰਮ ਲੈਣ ਦੀ ਕੀ ਲੋੜ ?
ਗੋਲੀ ਕਿਹਦੀ ਤੇ ਗਹਿਣੇ ਕਿਹਦੇ ? – ਅਸੀਂ ਤੁਹਾਡੇ ਹਾਂ ਅਤੇ ਸਾਡਾ ਸਭ ਕੁਝ ਤੁਹਾਡਾ ਹੀ ਹੈ, ਜਿਵੇਂ ਚਾਹੇ ਤਿਵੇਂ ਵਰਤੋ।
ਗੋਲੇ ਹੋ ਕੇ ਕਮਾਈਏ, ਤੇ ਵਿਹਲੇ ਹੋ ਕੇ ਖਾਈਏ – ਕਰ ਮਜੂਰੀ ਤੇ ਖੀ ਚੂਰੀ, ਕੰਮ ਦਿਲ ਲਾ ਕੇ ਕਰੀਏ ਤਾਂ ਹੀ ਫਲ ਸੁਆਦੀ ਲਗਦਾ ਹੈ।
(ਘ)
ਘਰ ਸਭ ਤੋਂ ਭਾਵੇਂ ਪੂਰਬ ਭਾਵੇਂ ਪੱਛਮ – ਜੋ ਸੁਖ ਛੱਜੂ ਦੇ ਚਬਾਰੇ, ਨਾ ਬਲਖ ਨਾ ਬੁਖਾਰੇ, ਜੋ ਸੁਖ, ਅਨੰਦ ਘਰ ਵਿਚ ਮਿਲ ਸਕਦਾ ਹੈ, ਉਹ ਬਾਹਰ ਨਹੀਂ ਮਿਲਦਾ।
ਘਰ ਖਾਣ ਨੂੰ ਨਹੀਂ, ਮਾਂ ਪਰੀਹਣ ਗਈ – ਘਰ ਵਿਚ ਤਾਂ ਆਪਣੇ ਖਾਣ ਜੋਗਾ ਵੀ ਨਹੀਂ ਤੇ ਕਹਿੰਦਾ ਹੈ ਮੇਰੀ ਮਾਂ ਪਿੰਡ ਵਿਚ ਸੀਰਾ ਵੰਡਣ ਗਈ ਹੈ। ਅਸਲੀਅਤ ਦੇ ਵਿਰੁੱਧ ਫੜ੍ਹਾਂ ਮਾਰਨ ਵਾਲੇ ਤਾਂ ਘਟਾਉਂਦੇ ਹਨ।
ਘਰ ਘਰ ਵਾਲੀ ਨਾਲ – ਇਸਤਰੀ ਬਿਨਾਂ ਮਨੁੱਖ ਦਾ ਘਰ ਨਹੀਂ ਵਸਦਾ।
ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ – ਜਦ ਕੋਈ ਆਪਣੇ ਘਰ ਦੇ ਸਿਆਣੇ ਬੰਦਿਆਂ ਨੂੰ ਛੱਡ ਕੇ ਹੋਰਨਾਂ ਕੋਲੋਂ ਸਲਾਹ ਲੈਣ ਜਾਵੇ ਤਾਂ ਕਹਿੰਦੇ ਹਨ।
ਘਰ ਦੀ ਕੁਕੜੀ ਦਾਲ ਬਰਾਬਰ – ਘਰ ਦੀ ਪਲੀ ਹੋਈ ਕੁਕੜੀ ਬਜਾਰੋਂ ਲਿਆਂਦੀ ਦਾਲ ਨਾਲੋਂ ਸਸਤੀ ਪੈਂਦੀ ਹੈ। ਘਰ ਬਣਾਈ ਚੰਗੀ ਸੋਹਣੀ ਚੀਜ਼ ਮੁੱਲ ਦੀ ਮਮੂਲੀ ਚੀਜ਼ ਨਾਲੋਂ ਸਸਤੀ ਹੁੰਦੀ ਹੈ।
ਘਰ ਦਾ ਪਾਟਾ ਰਿਜ਼ਕ ਦਾ ਘਾਟਾ – ਕਲ੍ਹਾ ਕਲੰਦਰ ਵਸੇ ਘੜਿਉਂ ਪਾਣੀ ਨੱਸੇ।
ਘਰ ਵਾਲੇ ਘਰ ਨਹੀਂ, ਹੋਰ ਕਿਸੇ ਦਾ ਡਰ ਨਹੀਂ – ਸਿਰ ਤੇ ਨਹੀਂ ਕੁੰਡਾ ਹਾਥੀ ਫਿਰੇ ਲੁੰਡਾ।
ਘਰੋਂ ਜਾਈਏ ਖਾ ਕੇ, ਤਾਂ ਬਾਹਰੋਂ ਮਿਲਨ ਪਕਾ ਕੇ, ਜਾਈਏ ਭੁੱਖੇ ਤੇ ਅੱਗੋਂ ਕੋਈ ਨਾ ਪੁੱਛੇ – ਰੱਬ ਰੱਜਿਆਂ ਨੂੰ ਹੀ ਰਜਾਉਂਦਾ ਹੈ। ਜਿਹੜਾ ਹੋਰਨਾਂ ਦੀ ਆਸ ਉੱਤੇ ਘਰੋਂ ਤੁਰ ਪੈਂਦਾ ਹੈ ਅਤੇ ਆਪਣੀ ਸਹਾਇਤਾ ਤੇ ਲੋੜ-ਪੂਰਤੀ ਲਈ ਆਪ ਉੱਦਮ ਨਹੀਂ ਕਰਦਾ, ਉਹਨੂੰ ਨਿਰਾਸ ਹੀ ਹੋਣਾ ਪੈਂਦਾ ਹੈ। ਜਿਹੜਾ ਆਪਣੇ ਲਈ ਆਪ ਉੱਦਮ ਕਰੇ, ਉਹਦੀ ਹੋਰ ਵੀ ਸਹਾਇਤਾ ਕਰਦੇ ਹਨ।
ਘੜੀ ਦੇ ਘੁਥਿਆਂ ਸੌ ਕੋਹਾਂ ਤੇ ਜਾ ਪਈਦਾ ਹੈ – ਵੇਲੇ ਤੋਂ ਖੁੰਝ ਜਾਈਏ ਤਾਂ ਬਹੁਤ ਔਖੇ ਹੋਣਾ ਤੇ ਨੁਕਸਾਨ ਝੱਲਣਾ ਪੈਂਦਾ ਹੈ।
ਘੜੇ ਨੂੰ ਹੱਥ ਲਾਇਆ, ਸਾਰਾ ਟੱਬਰ ਤਿਹਾਇਆ – ਜਦ ਕਿਸੇ ਇਕ ਜਣੇ ਨੂੰ ਕੋਈ ਚੀਜ਼ ਦੇਣ ਲੱਗੀਏ ਤੇ ਪਾਸੋਂ ਹੋਰ ਬਹੁਤ ਸਾਰੇ ਉਹ ਸ਼ੈ ਮੰਗਣ ਲੱਗ ਪੈਣ ਤਾਂ ਕਹਿੰਦੇ ਹਨ।
ਘਿਉ ਵਿਚ ਰੰਬਾ ਬੜਾ ਅਚੰਬਾ – ਕਿਸੇ ਸ਼ੈ ਦੀ ਹੱਦੋਂ ਵੱਧ ਵਰਤੋਂ ਕਰਨ ਵਾਲੇ ਉਤੇ ਘਟਾਉਂਦੇ ਹਨ।
ਘੁਮਿਆਰੀ ਆਪਣਾ ਹੀ ਭਾਂਡਾ ਸਲਾਹੁੰਦੀ ਹੈ – ਹਰ ਕਿਸੇ ਨੂੰ ਆਪਣੀ ਸ਼ੈ ਹੀ ਚੰਗੀ ਲੱਗਦੀ ਹੈ, ਆਪਣਾ ਨੀਂਗਰ ਪਰਾਇਆ ਢੀਂਗਰ।
(ਚ)
ਚੱਕੀ ਦਾ ਪੀਠਾ ਚੰਗਾ, ਤੇ ਦੰਦਾਂ ਦਾ ਪੀਠਾ ਮੰਦਾ – ਮਿਹਨਤ ਕਰ ਕੇ ਕਮਾਇਆ ਮੰਗ ਮੰਗ ਕੇ ਲਏ ਨਾਲੋਂ ਚੰਗਾ ਹੈ, ਮੰਗਣ ਨਾਲੋਂ ਮਜੂਰੀ ਚੰਗੀ।
ਚੰਗੀ ਕਰ ਬਹਾਲੀ ਪੇੜੇ ਲਏ ਚੁਰਾ – ਜਦ ਕਿਸੇ ਨੂੰ ਚੰਗਾ ਸਮਝ ਕੇ ਜੁੰਮੇਵਾਰੀ ਵਾਲੇ ਥਾਂ ਬਹਾ ਦੇਈਏ ਅਤੇ ਉਹ ਅੱਗੋਂ ਬੇਈਮਾਨੀ ਕਰ ਕੇ ਆਪਣਾ ਉੱਲੂ ਸਿੱਧਾ ਕਰਨ ਕੇ ਤੇ ਆਪਣੀਆਂ ਨੂੰ ਪਾਲਣ ਲੱਗ ਪਵੇ, ਤਾਂ ਕਹਿੰਦੇ ਹਨ।
ਚੰਦ ਚੜ੍ਹੇ ਗੁੱਝੇ ਨਹੀਂ ਰਹਿੰਦੇ – ਚੰਗੇ ਸ਼ੁਭ ਕੰਮ ਕਰਨ ਵਾਲੇ ਬੰਦੇ ਬਦੋ-ਬਦੀ ਮਸ਼ਹੂਰ ਹੋ ਜਾਂਦੇ ਹਨ।
ਚੰਦ ਤੇ ਥੁੱਕਿਆ ਮੂੰਹ ਤੇ ਪੈਂਦਾ ਹੈ – ਸੱਚੇ ਸੁੱਚੇ ਬੰਦੇ ਦੀ ਨਿੰਦਿਆ ਕੀਤਿਆਂ ਉਸ ਦਾ ਕੁਝ ਨਹੀਂ ਵਿਗੜਦਾ, ਸਗੋਂ ਨਿੰਦਕ ਨੂੰ ਹੀ ਨੁਕਸਾਨ ਹੁੰਦਾ ਹੈ, ਉਹਦੀ ਹੀ ਭੰਡੀ ਹੁੰਦੀ ਹੈ।
ਚਮੜੀ ਜਾਵੇ, ਦਮੜੀ ਨਾ ਜਾਵੇ- ਜੋ ਪੈਸਾ ਹੱਥੋਂ ਨਹੀਂ ਛੱਡਦਾ, ਭਾਵੇਂ ਮੁੱਠ ਹੀ ਵੱਢ ਦਿਓ – ਜਿਹੜਾ ਕੰਜੂਸ ਬੰਦਾ ਵੱਧ ਤੋਂ ਵੱਧ ਔਖਿਆਈ ਝੱਲ ਕੇ ਵੀ ਪੈਸਾ ਬਚਾਉਣ ਦਾ ਜਤਨ ਕਰੇ, ਉਸ ਤੇ ਘਟਾਉਂਦੇ ਹਨ।
ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ – ਆਪਣੀ ਵਿਤੋਂ ਵਧ ਖਰਚ ਨਹੀਂ ਕਰਨਾ, ਚੁੱਕਣਾ ਚਾਹੀਦਾ।
ਚਾਰ ਦਿਨ ਦੀ ਚਾਨਣੀ ਫੇਰ ਉਹੋ ਹਨੇਰੀ ਰਾਤ – ਦੁਨੀਆ ਵਿਚ ਸੁਖ ਥੋੜ੍ਹਾ ਹੈ ਤੇ ਦੁੱਖ ਬਹੁਤਾ। ਥੋੜ੍ਹੇ ਦਿਨ ਸੁਖ ਦੇ ਲੰਘੇ ਫਿਰ ਦੁੱਖ ਨੇ ਡੇਰੇ ਲਾ ਲਏ।
ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ – ਮਾੜੇ ਬੰਦੇ ਦੇ ਸਿਰ ਦੁੱਖ ਆ ਪਵੇ, ਤਾਂ ਮੂਰਖ ਲੋਕ ਦੁੱਖ ਘਟਾਉਣ ਦੀ ਥਾਂ ਹੱਸਦੇ ਤੇ ਖੁਸ਼ ਹੁੰਦੇ ਹਨ, ਤਮਾਸ਼ਾ ਵੇਖਦੇ ਹਨ।
ਚੋਰ ਉੱਚਕਾ ਚੌਧਰੀ, ਗੁੰਡੀ ਰਨ ਪਰਧਾਨ – ਜਦ ਲੁੱਚੇ, ਲੁੰਡੇ ਆਦਮੀ ਕਿਸੇ ਥਾਂ ਦੇ ਚੌਧਰੀ ਬਣ ਜਾਣ ਤੇ ਭਲੇਮਾਣਸਾਂ ਦੀ ਪੁੱਛ ਪਰਤੀਤ ਨਾ ਰਹੇ ਤਾਂ ਕਹਿੰਦੇ ਹਨ।
ਚੋਰ ਨੂੰ ਖਾਂਦੇ ਨਾ ਵੇਖੀਏ, ਕੁੱਟੀਦੇ ਨੂੰ ਵੇਖੀਏ – ਚੋਰ ਨੂੰ ਚੋਰੀ ਦਾ ਮਾਲ ਖਾਂਦੇ ਨੂੰ ਨਾ ਵੇਖੀਏ, ਸਗੋਂ ਮਾਰ ਖਾਂਦੇ ਨੂੰ ਵੇਖੀਏ – ਮਾੜੇ ਕੰਮਾਂ ਤੋਂ ਜੇ ਥੋੜ੍ਹਾ ਲਾਭ ਵੀ ਹੁੰਦਾ ਹੋਵੇ,ਤਾਂ ਵੀ ਉਹਦਾ ਲਾਲਚ ਨਹੀਂ ਕਰਨਾ ਚਾਹੀਦਾ, ਸਗੋਂ ਮੰਦੇ ਕੰਮਾਂ ਦੇ ਮੰਦੇ ਸਿੱਟਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ ਤੇ ਮੰਦੇ ਕੰਮਾਂ ਤੋਂ ਬਚਣਾ ਚਾਹੀਦਾ ਹੈ।
ਚੋਰੀ ਦੇ ਕੱਪੜੇ ਡਾਂਗਾਂ ਦੇ ਗਜ਼ – ਹਰਾਮ ਦੀ ਕਮਾਈ ਭੰਗ ਦੇ ਭਾੜੇ ਜਾਂਦੀ ਹੈ।
ਚੋਰਾਂ ਨੂੰ ਕਹਿਣਾ ਲੱਗੋ, ਸਾਧਾਂ ਨੂੰ ਕਹਿਣਾ ਜਾਗੋ – ਜਿਹੜਾ ਆਦਮੀ ਟਾਕਰੇ ਦੇ ਦੋਹੀਂ ਪਾਸੀਂ ਵਗੇ, ਦੋਹਾਂ ਧਿਰਾਂ ਨੂੰ ਸਲਾਹ ਤੇ ਹੱਲਾਸ਼ੇਰੀ ਦੇਵੇ, ਉਸ ਬਾਰੇ ਵਰਤਦੇ ਹਨ।
ਚੋਰੀ ਲੱਖ ਦੀ ਵੀ ਚੋਰੀ ਕੱਖ ਦੀ ਵੀ – ਚੋਰੀ ਚੋਰੀ ਹੀ ਹੈ, ਮਾੜਾ ਕੰਮ ਹੀ ਹੈ, ਚੁਰਾਈ ਭਾਵੇਂ ਮਾਮੂਲੀ ਚੀਜ਼ ਜਾਵੇ ਭਾਵੇਂ ਕੀਮਤੀ।
(ਛ)
ਛੱਜ ਤਾਂ ਬੋਲੇ ਛਾਣਨੀ ਕੀ ਬੋਲੇ – ਜਦ ਕੋਈ ਐਬਾਂ, ਨੁਕਸਾਂ ਵਾਲਾ ਬੰਦਾ ਆਪਣੇ ਨਾਲੋਂ ਚੰਗੇਰਿਆਂ ਦੇ ਨੁਕਸ ਕੱਢੇ ਤੇ ਐਬ ਫੋਲੇ ਤਾਂ ਕਹਿੰਦੇ ਹਨ।
ਛਿੱਕਾ ਟੁੱਟਾ ਬਿੱਲੀ ਦੀ ਭਾਗੀਂ – ਜਦ ਕਿਸੇ ਧਿਰ ਦਾ ਅਚਨਚੇਤ ਨੁਕਸਾਨ ਹੋ ਜਾਵੇ ਤੇ ਉਸ ਤੋਂ ਕੋਈ ਹੋਰ ਜਣਾ ਲਾਭ ਉਠਾ ਲਵੇ, ਤਾਂ ਕਹਿੰਦੇ ਹਨ।
ਛੋਟਾ ਮੂੰਹ ਤੇ ਵੱਡੀ ਬਾਤ – ਜਦ ਕਿਸੇ ਵੱਡੇ ਪਰਤਾਪੀ ਬੰਦੇ ਦਾ ਕੋਈ ਨੁਕਸ ਦੱਸਣ ਲੱਗਿਆਂ ਆਦਮੀ ਝਕੇ ਕਿ ਮੈਂ ਮਮੂਲੀ ਬੰਦਾ ਹਾਂ ਤੇ ਗੱਲ ਹੈ ਬਹੁਤ ਵੱਡੇ ਆਦਮੀ ਬਾਰੇ ਤੇ ਭੈੜੀ, ਤਾਂ ਕਹਿੰਦੇ ਹਨ।
(ਜ)
ਜਸ ਜੀਉਣਾ, ਅਪਜਸ ਮਰਨਾ – ਬਦਨਾਮੀ ਭਰੀ ਜਿੰਦਗੀ ਨਾਲੋਂ ਮੌਤ ਚੰਗੀ – ਅਸਲੀ ਅਰਥਾਂ ਵਿਚ ਜੀਉਂਦਾ ਉਹੋ ਹੈ ਜਿਸ ਨੂੰ ਲੋਕ ਸਲਾਹੁੰਦੇ ਹੋਣ। ਬਦਨਾਮ ਹੋਇਆ ਬੰਦਾ ਮੋਇਆਂ ਬਰਾਬਰ ਹੈ।
ਜਾਗਦਿਆਂ ਦੀਆਂ ਕੱਟੀਆਂ, ਤੇ ਸੁੱਤਿਆਂ ਦੇ ਕੱਟੇ – ਜਿਹੜੇ ਆਦਮੀ ਹੁਸ਼ਿਆਰ ਤੇ ਸੋਘੇ ਰਹਿੰਦੇ ਹਨ, ਆਪਣੇ ਕਾਰ-ਵਿਹਾਰ ਦਾ ਆਪ ਧਿਆਨ ਰੱਖਦੇ ਹਨ, ਉਹ ਨਫੇ ਵਿਚ ਰਹਿੰਦੇ ਹਨ, ਜਿਹੜੇ ਅਣਗਹਿਲੀ ਕਰਦੇ ਹਨ, ਉਹ ਨੁਕਸਾਨ ਉਠਾਉਂਦੇ ਹਨ।
ਜਾਗਦੇ ਦਾ ਲੱਖ ਤੇ ਸੁੱਤੇ ਦਾ ਕੱਖ – ਜਿਹੜੇ ਆਦਮੀ ਹੁਸ਼ਿਆਰ ਤੇ ਸੋਘੇ ਰਹਿੰਦੇ ਹਨ, ਆਪਣੇ ਕਾਰ-ਵਿਹਾਰ ਦਾ ਆਪ ਧਿਆਨ ਰੱਖਦੇ ਹਨ, ਉਹ ਨਫੇ ਵਿਚ ਰਹਿੰਦੇ ਹਨ, ਜਿਹੜੇ ਅਣਗਹਿਲੀ ਕਰਦੇ ਹਨ, ਉਹ ਨੁਕਸਾਨ ਉਠਾਉਂਦੇ ਹਨ।
ਜਿਸ ਨੂੰ ਚਾਹ, ਉਸ ਨੂੰ ਲੱਭੇ ਰਾਹ – ਜਦ ਕੋਈ ਆਦਮੀ ਕੋਈ ਕੰਮ ਕਰਨ ਦਾ ਦਿਲੋਂ ਚਾਹਵਾਨ ਹੋਵੇ, ਤਾਂ ਉਹ ਉਹਨੂੰ ਕਰਨ ਦਾ ਢੰਗ ਵੀ ਲੱਭ ਲੈਂਦਾ ਹੈ।
ਜਿਥੇ ਚਾਹ, ਓਥੇ ਰਾਹ – ਜਦ ਕੋਈ ਆਦਮੀ ਕੋਈ ਕੰਮ ਕਰਨ ਦਾ ਦਿਲੋਂ ਚਾਹਵਾਨ ਹੋਵੇ, ਤਾਂ ਉਹ ਉਹਨੂੰ ਕਰਨ ਦਾ ਢੰਗ ਵੀ ਲੱਭ ਲੈਂਦਾ ਹੈ।
ਜਿਹੜਾ ਜਾਣੇ ਆਪ ਨੂੰ ਉਹਦੇ ਜਾਣੀਏ ਮਾਂ ਬਾਪ ਨੂੰ – ਜਦ ਕੋਈ ਤੁਹਾਡੇ ਨਾਲ ਨੇਕੀ ਕਰੇ, ਤਾਂ ਉਹਦੇ ਪਿਤਾ ਆਦਿ ਨਾਲ ਨੇਕੀ ਕਰੋ ਤੇ ਉਹਦੀ ਨੇਕੀ ਸਦਾ ਯਾਦ ਰੱਖੋ।
ਜਿਹੜੇ ਗੱਜਦੇ ਹਨ, ਉਹ ਵਰ੍ਹਦੇ ਨਹੀਂ – ਬਹੁਤੀਆਂ ਫੜ੍ਹਾਂ ਸ਼ੇਖੀਆਂ ਮਾਰਨ ਵਾਲੇ ਹੱਥੀਂ ਕੁਝ ਨਹੀਂ ਕਰ ਵਿਖਾਉਂਦੇ। ਬਹੁਤੇ ਡਰਾਵੇ ਧਮਕੀਆਂ ਦੇਣ ਵਾਲੇ ਬੰਦੇ ਕਰਨ ਜੋਗੇ ਕੁਝ ਨਹੀਂ ਹੁੰਦੇ।
ਜਿਹੜੇ ਭੋਂਕਦੇ ਹਨ ਉਹ ਵੱਢਦੇ ਨਹੀਂ – ਬਹੁਤੀਆਂ ਫੜ੍ਹਾਂ ਸ਼ੇਖੀਆਂ ਮਾਰਨ ਵਾਲੇ ਹੱਥੀਂ ਕੁਝ ਨਹੀਂ ਕਰ ਵਿਖਾਉਂਦੇ। ਬਹੁਤੇ ਡਰਾਵੇ ਧਮਕੀਆਂ ਦੇਣ ਵਾਲੇ ਬੰਦੇ ਕਰਨ ਜੋਗੇ ਕੁਝ ਨਹੀਂ ਹੁੰਦੇ।
ਜਿਹਾ ਤੇਰਾ ਅੰਨ ਪਾਣੀ, ਤਿਹਾ ਮੇਰਾ ਕੰਮ ਜਾਣੀ – ਜਿੰਨੀ ਖਾਤਰ ਤੁਸੀਂ ਸਾਡੀ ਕਰੋਗੇ, ਉੱਨਾ ਹੀ ਅਸੀਂ ਤੁਹਾਡਾ ਕੰਮ ਸਵਾਰਾਂਗੇ, ਜਿੰਨਾ ਖਰਚ ਕਰੋਗੇ, ਉੱਨਾ ਹੀ ਚੰਗੇਰਾ ਸਿੱਟਾ ਨਿਕਲੇਗਾ।
ਜਿੰਨਾ ਗੁੜ ਪਾਓਗੇ ਉੱਨਾ ਹੀ ਮਿੱਠਾ ਹੋਵੇਗਾ – ਜਿੰਨੀ ਖਾਤਰ ਤੁਸੀਂ ਸਾਡੀ ਕਰੋਗੇ, ਉੱਨਾ ਹੀ ਅਸੀਂ ਤੁਹਾਡਾ ਕੰਮ ਸਵਾਰਾਂਗੇ, ਜਿੰਨਾ ਖਰਚ ਕਰੋਗੇ, ਉੱਨਾ ਹੀ ਚੰਗੇਰਾ ਸਿੱਟਾ ਨਿਕਲੇਗਾ।
ਜਿਹਾ ਦੁੱਧ ਤੇਹੀ ਬੁੱਧ – ਮਾਂ ਦੇ ਸੁਭਾ ਦੇ ਗੁਣਾਂ ਦਾ ਅਸਰ ਧੀ ਪੁੱਤ ਦੇ ਸੁਭਾ ਦੇ ਗੁਣਾਂ ਉੱਪਰ ਜ਼ਰੂਰ ਪੈਂਦਾ ਹੈ।
ਜਿਹਾ ਮੂੰਹ ਤਿਹੀ ਚਪੇੜ – ਜਿਸ ਸਲੂਕ ਦਾ ਇਹ ਹੱਕਦਾਰ ਸੀ, ਉਹ ਹੀ ਇਸ ਨਾਲ ਹੋਇਆ।
ਜਿਹਾ ਬੀਜਣਾ, ਤਿਹਾ ਵੱਢਣਾ – ਕੀਤੇ ਦਾ ਫਲ ਹਰ ਕਿਸੇ ਨੂੰ ਭੋਗਣਾ ਪੈਂਦਾ ਹੈ, ਚੰਗੇ ਦਾ ਚੰਗਾ, ਮੰਦੇ ਦਾ ਮੰਦਾ।
ਜਿਹੀ ਕਰਨੀ ਤਿਹੀ ਭਰਨੀ – ਕੀਤੇ ਦਾ ਫਲ ਹਰ ਕਿਸੇ ਨੂੰ ਭੋਗਣਾ ਪੈਂਦਾ ਹੈ, ਚੰਗੇ ਦਾ ਚੰਗਾ, ਮੰਦੇ ਦਾ ਮੰਦਾ।
ਜਿਹੀ ਚੋਰਾਂ ਖੜੀ, ਤਿਹੀ ਕਿੱਲੇ ਬੱਧੀ – ਜਦ ਕਿਸੇ ਦੇ ਕੋਲ ਹੋਏ ਦਾ ਸੁਖ, ਲਾਭ ਨਾ ਹੋਵੇ, ਤਾਂ ਕਹਿੰਦੇ ਹਨ।
ਜਿਹੇ ਲਾਲ ਘਰ ਰਹੇ, ਤਿਹੇ ਗਏ ਪਰਦੇਸ – ਜਦ ਕਿਸੇ ਦੇ ਕੋਲ ਹੋਏ ਦਾ ਸੁਖ, ਲਾਭ ਨਾ ਹੋਵੇ, ਤਾਂ ਕਹਿੰਦੇ ਹਨ।
ਜਿੱਥੇ ਜਾਵੇ ਤੱਤ ਭਲੱਤੀ, ਤਾਂਦਲਾ ਵਿਕੇ ਉਸੇ ਹੱਟੀ – ਚੰਦਰਾ ਬੰਦਾ ਜਿੱਥੇ ਵੀ ਜਾਵੇਗਾ, ਓਥੇ ਵੀ ਚੰਦਰੇ ਕੰਮ ਕਰੇਗਾ।
ਜਿੱਥੇ ਰੁੱਖ ਨਹੀਂ, ਓਥੇ ਹਰਿੰਡ ਪਰਧਾਨ – ਜਿੱਥੇ ਚੰਗੇ ਗੁਣੀ ਬੰਦਿਆਂ ਦੀ ਘਾਟ ਹੋਵੇ, ਓਥੇ ਮਮੂਲੀ ਯੋਗਤਾ ਵਾਲੇ ਵੱਡੇ ਬਣ ਬਹਿੰਦੇ ਹਨ।
ਜਿੱਥੇ ਵੇਖਾਂ ਤਵਾ ਤੇ ਪਰਾਤ, ਓਥੇ ਗਾਵਾਂ ਦਿਨ ਰਾਤ – ਜਦੋਂ ਕੋਈ ਜਣਾ ਨਿੱਤ ਉਸ ਆਦਮੀ ਦੇ ਅੱਗੇ ਪਿੱਛੇ ਫਿਰੇ ਤੇ ਹਾਜ਼ਰੀ ਭਰੇ, ਜਿਸ ਪਾਸੋਂ ਉਹਨੂੰ ਖਾਣ-ਪੀਣ ਨੂੰ ਮਿਲੇ, ਤਾਂ ਉਸ ਬਾਰੇ ਕਹਿੰਦੇ ਹਨ।
ਜਿੰਨ੍ਹਾਂ ਖਾਧਾ ਲੱਪ ਗਡ਼ੱਪੀਂ, ਉਹਨਾਂ ਕੀ ਬਣੇ ਉਂਗਲ ਚੱਟੀ – ਬਹੁਤ ਖਾਣ ਹੰਢਾਉਣ ਵਾਲੇ ਨੂੰ ਸੰਗ ਸਰਫੇ ਨਾਲ ਮਿਲੀ ਸ਼ੈ ਖੁਸ਼ ਨਹੀਂ ਕਰ ਸਕਦੀ। ਜਿਸ ਨੇ ਬਗਾਨੇ ਮਾਲ ਜਾਂ ਸਾਂਝੇ ਖਾਤਿਓਂ ਮਨ ਆਏ ਗੱਫੇ ਉਡਾਏ ਹੋਣ, ਉਹਨੂੰ ਗਿਣਵੀਂ ਮਿਣਵੀਂ ਆਮਦਨ ਨਾਲ ਕੁਝ ਨਹੀਂ ਬਣਦਾ।
ਜਿੰਨੇ ਮੂੰਹ ਉੱਨੀਆਂ ਗੱਲਾਂ – ਜਦ ਕਿਸੇ ਗੱਲ ਦੀ ਥਾਂ ਥਾਂ ਚਰਚਾ ਹੋਣ ਲੱਗ ਪਵੇ, ਕੋਈ ਕੁਝ ਆਖੇ ਤੇ ਕੋਈ ਕੁਝ, ਤਾਂ ਕਹਿੰਦੇ ਹਨ।
ਜੀਹਦੀ ਕੋਠੀ ਦਾਣੇ, ਉਹਦੇ ਕਮਲੇ ਵੀ ਸਿਆਣੇ – ਬਖ਼ਤਾਵਰ ਘਰਾਂ ਦੇ ਸਾਧਾਰਨ ਜਿਹੇ ਬੰਦੇ ਵੀ ਗ਼ਰੀਬ ਘਰਾਂ ਦੇ ਚੰਗੀ ਲਿਆਕਤ ਸਿਆਣਪ ਵਾਲਿਆਂ ਨਾਲੋਂ ਚੰਗੇਰੇ ਗਿਣੇ ਜਾਂਦੇ ਹਨ, ਉਹਨਾਂ ਦੀਆਂ ਝੱਲੀਆਂ ਗੱਲਾਂ ਵੀ ਸਿਆਣਪ ਭਰੀਆਂ ਮੰਨੀਆਂ ਜਾਂਦੀਆਂ ਹਨ।
ਜਿਹਦੇ ਹੱਥ ਡੋਈ, ਉਹਦਾ ਸਭ ਕੋਈ – ਜਿਸ ਕੋਲੋਂ ਖਾਣ-ਪੀਣ ਨੂੰ ਮਿਲੇ ਉਹਦੇ ਹਰ ਕੋਈ ਮਗਰ ਲੱਗ ਤੁਰਦਾ ਹੈ।
ਜੂਠਾ ਖਾਈਦਾ ਹੈ ਮਿੱਠੇ ਦੇ ਤਾਣ – ਕਿਸੇ ਲਾਲਚ ਕਰਕੇ ਹੀ ਆਦਮੀ ਕਿਸੇ ਦੀ ਖਾਤਰ ਔਖਾ ਹੁੰਦਾ ਹੈ ਅਤੇ ਮਨ ਨੂੰ ਨਾ-ਭਾਉਂਦੇ ਕੰਮ ਕਰਦਾ ਹੈ।
ਜੇ ਸੁਖੀ ਚਾਹੇਂ ਜੀ, ਤਾਂ ਪਾਣੀ ਮੰਗ ਨਾ ਪੀ – ਆਪਣੀ ਕਮਾਈ ਖਾਣ ਵਰਤਣ ਵਿਚ ਹੀ ਸੁਖ ਹੈ, ਬਿਗਾਨੇ ਆਸਰੇ ਲੱਭਿਆਂ ਸੁਖ ਨਹੀਂ ਮਿਲਦਾ। ਅਣਖੀ ਬੰਦਾ ਮੰਗ ਕੇ ਖਾਣ-ਪੀਣ ਨੂੰ ਬੁਰਾ ਸਮਝਦਾ ਹੈ।
ਜੋਰਾਵਰ ਨਾਲ ਭਿਆਲ਼ੀ, ਉਹ ਮੰਗੇ ਹਿੱਸਾ ਉਹ ਦੇਵੇ ਗਾਲੀ – ਮਾੜੇ ਬੰਦੇ ਦਾ ਡਾਢੇ ਨਾਲ ਭਿਆਲ਼ੀ ਨਹੀਂ ਪੁੱਗਦੀ। ਜਦ ਕੋਈ ਆਪਣਾ ਹੱਕ ਮੰਗੇ ਤੇ ਅਗਲਾ ਅੱਗੋਂ ਗਾਲਾਂ ਦੇਵੇ, ਤਾਂ ਕਹਿੰਦੇ ਹਨ।
(ਝ)
ਝੂਠ ਚਾਹੇ ਭੇਸ, ਸੱਚ ਕਹੇ ਮੈਂ ਨੰਗਾ ਸੱਚ – ਝੂਠੀ ਗੱਲ ਨੂੰ ਕੱਜਣ, ਮਨਾਉਣ ਲਈ ਕਈ ਝੂਠ ਘੜਨੇ ਤੇ ਬਹਾਨੇ ਲੱਭਣੇ ਪੈਂਦੇ ਹਨ, ਸੱਚੀ ਗੱਲ ਆਪਣੇ ਆਪ ਵਿਚ ਹੀ ਇਤਬਾਰ-ਯੋਗ ਹੁੰਦੀ ਹੈ।
ਝੂਠ ਦੇ ਪੈਰ ਨਹੀਂ ਹੁੰਦੇ – ਝੂਠਾ ਬੰਦਾ ਕਦੇ ਕੁਝ ਕਹਿੰਦਾ ਹੈ ਤੇ ਕਦੇ ਕੁਝ, ਉਹ ਸਦਾ ਥਿੜਕਦਾ ਹੀ ਰਹਿੰਦਾ ਹੈ।
(ਟ)
ਟਕੇ ਸਹਿਆ ਮਹਿੰਗਾ, ਤੇ ਰੁਪੱਯੇ ਸਹਿਆ ਸਸਤਾ – ਜਦੋਂ ਕੋਲ ਪੈਸੇ ਹੋਣ ਤਾਂ ਕਿਸੇ ਸ਼ੈ ਦੀ ਬਹੁਤਾ ਮੁੱਲ ਦੇਣਾ ਵੀ ਸੌਖਾ ਹੁੰਦਾ ਹੈ, ਪਰ ਜਦ ਪੱਲੇ ਪੈਸੇ ਨਾ ਹੋਣ ਤਾਂ ਸਸਤੀ ਚੀਜ਼ ਲੈਣੀ ਵੀ ਔਖੀ ਹੁੰਦੀ ਹੈ।
ਟਟੂਆ ਖਾ ਗਿਆ ਬਟੂਆ, ਫੇਰ ਵੀ ਟਟੂਏ ਦਾ ਟਟੂਆ – ਟੱਟੂ ਨੂੰ ਭਾਵੇਂ ਕਿੰਨਾ ਖੁਆ ਦੇਈਏ, ਉਹ ਘੋੜਾ ਨਹੀਂ ਬਣ ਸਕਦਾ। ਭੈੜੇ ਬੰਦੇ ਉੱਪਰ ਭਾਵੇਂ ਕਿੰਨਾ ਖਰਚ ਕਰ ਦੇਈਏ, ਇਹ ਬਦਲਦਾ ਨਹੀਂ।
ਟੱਟੂ ਭਾੜੇ ਕਰਨਾ ਹੈ, ਤਾਂ ਕੁੜਮਾਂ ਦਾ ਹੀ ਕਰਨਾ ਹੈ ? – ਜਦ ਕੋਈ ਸ਼ੈ ਪੈਸੇ ਦੇ ਕੇ ਹੀ ਲੈਣੀ ਹੈ, ਤਾਂ ਸਾਕ ਸਨਬੰਧੀ ਜਾਂ ਮਿੱਤਰਾਂ ਪਾਸੋਂ ਲੈ ਕੇ ਵਾਧੂ ਹਸਾਨ ਕਿਉਂ ਝੱਲੀਏ ?
ਟਿੰਡਾਂ ਪੱਥ ਨਾ ਜਾਣਦਾ ਮੇਰਾ ਮੱਘੀਆਂ ਦਾ ਉਸਤਾਦ – ਮਮੂਲੀ ਸੌਖਾ ਕੰਮ ਕਰਨਾ ਜੋਗੇ ਨਾ ਹੋਣਾ ਤੇ ਹੱਥ ਪਾਉਣਾ ਵੱਡੇ ਵੱਡੇ ਕੰਮ ਨੂੰ।
ਟੁੱਟੇ ਰਾਸ ਨਾ ਆਉਂਦੇ ਗੰਢ ਹੰਢੀਲੇ ਹੋਏ – ਜਦ ਕੋਈ ਚੀਜ਼ ਟੁੱਟ ਜਾਵੇ, ਤਾਂ ਗੰਢ ਲਾਇਆਂ ਹੀ ਉਹ ਪਹਿਲਾਂ ਜਿਹੀ ਸੂਤ ਨਹੀਂ ਬਣਦੀ। ਜੇ ਦੋ ਮਿੱਤਰ ਜਾਂ ਸਾਕ ਆਪੋ ਵਿਚ ਲੜ-ਝਗੜ ਪੈਣ ਤੇ ਇਕ ਵੇਰ ਵਿਗੜ ਜਾਣ, ਫੇਰ ਉਹਨਾਂ ਵਿਚ ਪਹਿਲਾਂ ਜਿਹੀ ਮਿੱਤਰਤਾ ਜਾਂ ਪ੍ਰੇਮ ਗੁੜ੍ਹ ਮੁੜ ਕਾਇਮ ਨਹੀਂ ਹੁੰਦਾ, ਏਵੇਂ ਗਾਂਢਾ-ਸਾਂਢਾ ਹੀ ਰਹਿੰਦਾ ਹੈ।
ਡ)
ਡਾਢਾ ਮਾਰੇ ਤੇ ਰੋਣ ਵੀ ਨਾ ਦੇਵੇ – ਜਦ ਕੋਈ ਸਖਤ ਤੇ ਜ਼ੋਰਾਵਰ ਬੰਦਾ ਕਿਸੇ ਨੂੰ ਦੁੱਖ ਦੇਵੇ ਅਤੇ ਫਰਿਆਦ ਵੀ ਨਾ ਕਰਨ ਦੇਵੇ ਤਾਂ ਕਹਿੰਦੇ ਹਨ।
ਡਾਢੇ ਦਾ ਸੱਤੀਂ ਵੀਹੀਂ ਸੌ – ਜੋਰਾਵਰ ਦਾ ਸੱਤੀਂ ਵੀਂਹ ਸੌ।
ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ ਤੇ – ਤਕਲੀਫ ਮਿਲਣੀ ਕਿਸੇ ਹੋਰ ਪਾਸੋਂ ਤੇ ਗੁੱਸਾ ਕੱਢਣਾ ਕਿਸੇ ਹੋਰ ਉੱਤੇ।
ਡੁੱਬੀ ਤਦ ਜੇ ਸਾਹ ਨਾ ਆਇਆ – ਜਦ ਆਪਣੇ ਯਤਨਾਂ, ਕੋਸ਼ਿਸ਼ਾਂ ਦੇ ਹੁੰਦਿਆਂ ਵੀ ਨੁਕਸਾਨ ਹੋ ਜਾਵੇ, ਤੇ ਅੱਗੋਂ ਕੋਈ ਸਲਾਹ ਦੇਵੇ ਕਿ ਆਹ ਕਰਨਾ ਸੀ ਤੇ ਔਹ ਕਰਨਾ ਸੀ, ਤਾਂ ਕਹਿੰਦੇ ਹਨ।
ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ – ਜਦ ਕੋਈ ਕੰਮ ਕਸੂਤਾ ਹੋ ਜਾਵੇ, ਪਰ ਮਮੂਲੀ ਯਤਨਾਂ ਨਾਲ ਸੂਤ ਹੋ ਸਕਦਾ ਹੋਵੇ, ਤਾਂ ਕਹਿੰਦੇ ਹਨ।
ਡੋਲ੍ਹ ਰੱਤ ਤੇ ਖਾ ਭੱਤ – ਕਰ ਮਜੂਰੀ ਤੇ ਖਾ ਚੂਰੀ।
(ਢ)
ਢੱਕੀ ਰਿੱਝੇ ਕੋਈ ਨਾ ਬੁੱਝੇ – ਜਦ ਕੋਈ ਗੱਲ ਗੁਪਤ ਰੱਖਣੀ ਹੋਵੇ ਜਾਂ ਇਹ ਦੱਸਣਾ ਹੋਵੇ ਕਿ ਫਲਾਨੇ-ਫਲਾਨੇ ਉੱਪਰੋਂ-ਉੱਪਰੋਂ ਰਲੇ ਮਿਲੇ ਜਾਪਦੇ ਹਨ, ਪਰ ਅਸਲ ਵਿਚ ਉਹ ਪੜਦੇ ਅੰਦਰ ਲੜਦੇ ਝਗੜਦੇ ਰਹਿੰਦੇ ਹਨ, ਤਾਂ ਕਹਿੰਦੇ ਹਨ।
ਢੱਗੀ ਨਾਂ ਵੱਛੀ, ਤੇ ਨੀਂਦ ਆਵੇ ਹੱਛੀ – ਜਦ ਕਿਸੇ ਪਾਸ ਕੁਝ ਵੀ ਨਾ ਹੋਵੇ, ਤਾਂ ਉਹ ਹੋਕੇ ਭਰਨ ਦੀ ਥਾਂ ਅਜੇਹੀ ਹਾਲਤ ਦੇ ਸੁਖ ਦੱਸਣ ਲਈ ਇਉਂ ਕਹਿੰਦਾ ਹੈ ਕਿ ਭਈ ਧਨ ਮਾਲ ਨਹੀਂ ਤਾਂ ਮੌਜਾਂ ਹਨ, ਰਾਖੀ ਕਰਨ ਤੋਂ ਬਚੇ ਹੋਏ ਹਾਂ।
ਢਿੱਡ ਭਰਿਆ ਤੇ ਕੰਮ ਸਰਿਆ – ਜਿਹੜੀ ਆਦਮੀ ਮਤਲਬ ਕੱਢ ਕੇ ਪੱਤਰਾ ਵਾਚੇ, ਉਸ ਬਾਰੇ ਕਹਿੰਦੇ ਹਨ। ਕੋਠਾ ਉੱਸਰਿਆ ਤਰਖਾਣ ਵਿੱਸਰਿਆ।
ਢਿੱਡੋਂ ਭੁੱਖੀ ਨੂੰ ਮੇਲੇ ਦੱਖ ਨਾ ਦੇਵੇ – ਪੇਟ ਨਾ ਪਈਆਂ ਰੋਟੀਆਂ, ਸੱਭੇ ਗੱਲਾਂ ਖੋਟੀਆਂ। ਭੁੱਖ ਦੇ ਸਤਾਏ ਹੋਏ ਬੰਦੇ ਨੂੰ ਕੋਈ ਸ਼ੈ ਚੰਗੀ ਨਹੀਂ ਲੱਗਦੀ।
ਢੋਲ ਵੱਜੇ ਢੱਮਕੇ ਵੱਜੇ, ਮੁੜਦੀ ਵਹੁਟੀ ਦੇ ਪੈਰ ਨਾ ਕੱਜੇ – ਜਦ ਕਿਸੇ ਨੂੰ ਕਿਸੇ ਬੁਰੀ ਆਦਤ ਤੋਂ ਹਟਾਉਣ ਲਈ ਸਮਝਾਉਣ ਬੁਝਾਉਣ ਦਾ ਸਾਰਾ ਟਿੱਲ ਲਾ ਲਈਏ, ਪਰ ਉਹਦੇ ਉੱਤੇ ਕੋਈ ਅਸਰ ਨਾ ਹੋਵੇ ਤਾਂ ਕਹਿੰਦੇ ਹਨ।
(ਤ)
ਤਕਦੀਰ ਅੱਗੇ ਕਿ ਤਦਬੀਰ ? – ਜਦ ਕਿਸਮਤ ਵੱਲ ਨਾ ਹੋਵੇ, ਤਾਂ ਸਿਆਣਪ ਕੁਝ ਨਹੀਂ ਸੁਆਰ ਸਕਦੀ।
ਤਰਤ ਦਾਨ ਮਹਾਂ ਪੁੰਨ – ਤੁਰਤ ਦਾਨ ਮਹਾਂ ਕਲਿਆਣ – ਇਹ ਗੱਲ ਸਮਝਾਉਣ ਲਈ ਕਿ ਦਾਨ ਦੇਣ ਲੱਗਿਆਂ ਢਿੱਲ ਨਹੀਂ ਕਰਨੀ ਚਾਹੀਦੀ, ਇਹ ਅਖਾਣ ਵਰਤਦੇ ਹਨ।
ਤੇਹ ਲੱਗਣ ਤੇ ਖੂਹ ਨਹੀਂ ਪੁੱਟੀਦਾ – ਹਰ ਸ਼ੈ ਲਈ ਪਹਿਲਾਂ ਵੇਲੇ ਸਿਰ ਪ੍ਰਬੰਧ ਕਰਨ ਦੀ ਲੋੜ ਹੁੰਦੀ ਹੈ।
ਤੇਲ ਵੇਖੋ ਤੇਲ ਦੀ ਧਾਰ ਵੇਖੋ – ਕਾਹਲੇ ਨਾ ਪਵੋ, ਹੌਂਸਲਾ ਨਾ ਹਾਰੋ, ਵੇਖੋ ਤਾਂ ਸਹੀ ਹਾਲਾਤ ਕੀ ਪਲਟਾ ਖਾਂਦੇ ਹਨ।
ਤੇਲੀ ਵੀ ਕੀਤਾ ਤੇ ਰੁੱਖ ਵੀ ਖਾਧਾ – ਜਦ ਕੋਈ ਜਣਾ ਕਿਸੇ ਘਟੀਆ ਪਾਏ ਦੇ ਬੰਦੇ ਨਾਲ ਕਿਸੇ ਖਾਲ ਲਾਲਚ ਕਰਕੇ ਦੋਸਤੀ ਗੰਢੇ, ਪਰ ਉਹ ਲਾਲਚ ਪੂਰਾ ਨੀ ਹੋਵੇ, ਤਾਂ ਕਹਿੰਦੇ ਹਨ।
ਤੂੰ ਪਾਈ ਤੇ ਮੈਂ ਬੁੱਝੀ, ਕਾਣੀ ਅੱਖ ਨਾ ਰਹਿੰਦੀ ਗੁੱਝੀ – ਜਦ ਕੋਈ ਚਲਾਕੀ ਭਰੀਆਂ ਗੱਲਾਂ ਕਰਦਾ ਹੋਵੇ, ਤੇ ਉਹਨੂੰ ਦੱਸਣਾ ਹੋਵੇ ਕਿ ਤੇਰੀ ਚਲਾਕੀ ਸਮਝ ਗਏ ਹਾਂ, ਤਾਂ ਵਰਤਦੇ ਹਨ।
(ਥ)
ਥੁੱਕੀਂ ਵੜੇ ਨਹੀਂ ਪਕਦੇ – ਖਰਚ, ਖੇਚਲ ਬਿਨਾਂ ਕੋਈ ਕੰਮ ਨਹੀਂ ਹੁੰਦਾ।
ਥੋੜ੍ਹਾ ਜੁੱਸਾ, ਕਰੋਧ ਵਧੀਕ – ਮਾੜੇ ਆਦਮੀ ਨੂੰ ਗੁੱਸਾ ਬਹੁਤ ਆਉਂਦਾ ਹੈ।
ਥੋੜ੍ਹੀ ਛੱਡ ਬਹੁਤੀ ਨੂੰ ਧਾਵੇ, ਅਗਲੀ ਵੀ ਉਸ ਹੱਥੋਂ ਜਾਵੇ – ਸਪਸ਼ਟ ਹੈ।
(ਦ)
ਦਾਨ, ਵਿਤ ਸਮਾਨ – ਪੁੰਨ ਦਾਨ ਆਪਣੀ ਪਾਇਆਂ, ਪਸਲੀ ਮੁਤਾਬਕ ਕਰਨਾ ਚਾਹੀਦਾ ਹੈ।
ਦਾਲ਼ ਅਲੂਣੀ, ਕੱਪੜੇ ਸਬੂਣੀ – ਜਿਹੜਾ ਬੰਦਾ ਵਿਤੋਂ ਵਧ ਡਾਟ ਫਾਟ ਲਾਵੇ, ਉਸ ਬਾਰੇ ਕਹਿੰਦੇ ਹਨ।
ਦਾਲ਼ ਵਿਚ ਕੁਝ ਕਾਲ਼ਾ-ਕਾਲ਼ਾ ਹੈ – ਇਸ ਗੱਲ ਵਿਚ ਕੁਝ ਲੁਕਾ ਜਾਂ ਧੋਖਾ ਜਾਪਦਾ ਹੈ।
ਦਿਲ ਹੋਵੇ ਚੰਗਾ, ਕਟੋਰੇ ਵਿਚ ਗੰਗਾ – ਜਿਸਦਾ ਹਿਰਦਾ ਸਾਫ, ਸ਼ੁੱਧ ਹੋਵੇ, ਉਹਨੂੰ ਤੀਰਥਾਂ ਤੇ ਭਟਕਣ ਦੀ ਲੋੜ ਨਹੀਂ।
ਦੀਵੇ ਥੱਲੇ ਹਨੇਰਾ – ਜਦ ਕਿਸੇ ਅਫਸਰ ਦੇ ਸਾਹਮਣੇ ਹੀ ਕੋਈ ਬੇ-ਈਮਾਨੀ ਕਰੇ ਤੇ ਅਫਸਰ ਨੂੰ ਪਤਾ ਨਾ ਲੱਗੇ, ਤਾਂ ਕਹਿੰਦੇ ਹਨ।
ਦੂਰ ਦੇ ਢੋਲ ਸੁਹਾਵਣੇ – ਜਦ ਕੋਈ ਚੀਜ਼ ਦੂਰੋਂ ਚੰਗੀ ਲੱਗੇ, ਪਰ ਨੇੜੇ ਆਉਣ ਤੇ ਤੰਗ ਕਰੇ ਤੇ ਬੁਰੀ ਲੱਗੇ ਤਾਂ ਕਹਿੰਦੇ ਹਨ।
ਦੇਖਾ-ਦੇਖੀ ਸਾਧਿਆ ਜੋਗ, ਛਿੱਜੀ ਕਾਇਆਂ ਵਧਿਆ ਰੋਗ – ਜਦ ਕੋਈ ਜਣਾ ਹੋਰਨਾਂ ਦੀ ਰੀਸੇ ਕੋਈ ਔਖਾ ਕੰਮ ਅਰੰਭ ਲਵੇ ਤੇ ਮਗਰੋਂ ਉਹਨੂੰ ਨਿਬਾਹ ਨਾ ਸਕੇ, ਸਗੋਂ ਨੁਕਸਾਨ ਉਠਾਵੇ, ਤਾਂ ਕਹਿੰਦੇ ਹਨ।
ਦੇਣਾ ਭਲਾ ਨਾ ਬਾਪ ਦਾ, ਬੇਟੀ ਭਲੀ ਨਾ ਇੱਕ – ਕਰਜ਼ਾ ਪਿਓ ਪਾਸੋਂ ਲਿਆ ਵੀ ਮਾੜਾ ਹੁੰਦਾ ਹੈ। ਧੀ ਇਕ ਵੀ ਮਾਪਿਆਂ ਲਈ ਚਿੰਤਾ ਦੁੱਖ ਦਾ ਕਾਰਨ ਹੁੰਦੀ ਹੈ।
ਦੋਂਹ ਘਰਾਂ ਦਾ ਪਰਾਹੁਣਾ ਭੁੱਖਾ ਰਹਿੰਦਾ ਹੈ – ਦੋਂਹ ਬੇੜੀਆਂ ਵਿਚ ਲੱਤਾਂ ਰੱਖਣ ਵਾਲਾ ਪਾਰ ਨਹੀਂ ਪੁੱਜਦਾ।
(ਧ)
ਧਾਗਾ ਲੰਮਾ, ਕਾਹਦਾ ਗੰਮਾ – ਜਿਸ ਪਾਸ ਧਨ-ਦੌਲਤ ਕਾਫੀ ਹੋਵੇ, ਉਹਨੂੰ ਕਾਹਦਾ ਫਿਕਰ? ਜਾਂ ਵਧੀ ਨੂੰ ਕੋਈ ਡਰ ਨਹੀਂ ਤੇ ਘਟੀ ਦੀ ਕੋਈ ਦਾਰੂ ਨਹੀਂ।
ਧੀਏ ਨੀ ਤੂੰ ਕੰਮ ਕਰ, ਨੋਹੇਂ ਨੀ ਤੂੰ ਕੰਨ ਕਰ – ਜਦ ਕੋਈ ਗੱਲ ਕਿਸੇ ਹੋਰ ਨੂੰ ਕਹੀਏ, ਪਰ ਇਸ ਰਾਹੀਂ ਸਮਝਾਉਣੀ ਕਿਸੇ ਪਾਸ ਬੈਠੇ ਹੋਰ ਨੂੰ ਚਾਹੀਏ, ਤਾਂ ਕਹਿੰਦੇ ਹਨ।
ਧੌਲਾ ਨਾ ਦੇਵੇ, ਧੌਲੀ ਦੇਵੇ – ਜਦ ਕੋਈ ਮੰਗਿਆਂ ਥੋੜ੍ਹੀ ਜਿਹੀ ਵਸਤੂ ਵੀ ਨਾ ਦੇਵੇ, ਪਰ ਮਗਰੋਂ ਅਡ਼ਿੱਕੇ ਵਿਚ ਫਸ ਕੇ ਬਹੁਤ ਸਾਰੀ ਦੇਣ ਲਈ ਮਜ਼ਬੂਰ ਹੋ ਜਾਵੇ, ਤਾਂ ਵਰਤਦੇ ਹਨ।
ਧੋਤੇ ਮੂੰਹ ਚਪੇੜ ਪਈ – ਜਦ ਕੋਈ ਬੰਦਾ ਕਿਸੇ ਸ਼ੈ ਦੀ ਬਹੁਤ ਆਸ ਲਾ ਬੈਠੇ ਤੇ ਉਹਨੂੰ ਲੈਣ ਵਰਤਣ ਦੀ ਤਿਆਰੀ ਕਰ ਬੈਠੇ, ਪਰ ਐਨ ਵੇਲੇ ਤੇ ਉਹਨੂੰ ਨਿਰਾਸ ਹੋਣਾ ਪਵੇ, ਤਾਂ ਕਹਿੰਦੇ ਹਨ।
ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ – ਜਦ ਕੋਈ ਜਣਾ ਕਦੇ ਇਸ ਪਾਸੇ ਹੋਵੇ ਤੇ ਕਦੇ ਉਸ ਪਾਸੇ, ਕਦੇ ਇਕ ਥਾਂ ਜਾਵੇ ਤੇ ਕਦੀ ਦੂਜੇ ਥਾਂ, ਪਰ ਟਿਕੇ ਕਿਤੇ ਵੀ ਨਾ,ਤਾਂ ਉਹ ਦੋਹਾਂ ਪਾਸਿਆਂ ਤੋਂ ਰਹਿ ਜਾਂਦਾ ਹੈ, ਨਾ ਏਧਰ ਜੋਗਾ ਰਹਿੰਦਾ ਹੈ ਨਾ ਓਧਰ ਜੋਗਾ ਹੁੰਦਾ ਹੈ।
ਧੌਲਾ ਝਾਟਾ ਆਟਾ ਖਰਾਬ – ਜਦ ਕੋਈ ਵਡੇਰੀ ਉਮਰ ਦਾ ਬੰਦਾ ਕੋਈ ਨੀਚ ਕੰਮ ਕਰੇ ਤੇ ਉਸ ਕਾਰਨ ਦੁਖੀ ਹੋਵੇ ਤਾਂ ਕਹਿੰਦੇ ਹਨ।
(ਨ)
ਨ੍ਹਾਤੀ ਧੋਤੀ ਰਹਿ ਗਈ, ਮੂੰਹ ਤੇ ਮੱਖੀ ਬਹਿ ਗਈ – ਧੋਤੇ ਮੂੰਹ ਤੇ ਚਪੇੜ ਪਈ।
ਨਹੁੰਆਂ ਨਾਲੋਂ ਮਾਸ ਵੱਖ ਨਹੀਂ ਹੁੰਦਾ – ਭਰਾ-ਭਰਾ ਜਾਂ ਗੂੜ੍ਹੇ ਸਾਕ ਮਿੱਤਰ ਬੇਸ਼ਕ ਕਦੇ ਆਪੋ ਵਿਚ ਲੜ ਪੈਣ, ਤਾਂ ਵੀ ਉਹ ਸਦਾ ਲਈ ਟੁੱਟੇ ਨਹੀਂ ਰਹਿੰਦੇ।
ਨਾਨੀ ਖਸਮ ਕਰੇ, ਤੇ ਦੋਹਤਾ ਚੱਟੀ ਭਰੇ – ਜਦ ਕਸੂਰ ਕੋਈ ਕਰੇ, ਤੇ ਉਹਦਾ ਡੰਨ ਕਿਸੇ ਹੋਰ ਨੂੰ ਭਰਨਾ ਪਵੇ, ਤਾਂ ਕਹਿੰਦੇ ਹਨ।
ਨਾਲੇ ਚੋਪੜੀਆਂ ਨਾਲੇ ਦੋ ਦੋ – ਜਿਹੜਾ ਆਦਮੀ ਹਰ ਪਾਸਿਓਂ ਹੀ ਲਾਭ ਦੀ ਇੱਛਾ ਆਸ ਕਰੇ ਉਸ ਸਬੰਧੀ ਵਰਤਦੇ ਹਨ।
ਨਾਲੇ ਚੋਰ ਨਾਲੇ ਚਤਰ – ਕਸੂਰਵਾਰ ਹੋ ਕੇ ਚਤੁਰਾਈਆਂ ਕਰਨੀਆਂ, ਸਾਊ ਬਣ ਬਣ ਬਹਿਣਾ, ਤੇ ਹੋਰਨਾਂ ਨੂੰ ਕੋਸਣਾ।
ਨਾਲੇ ਮਾਸੀ ਨਾਲੇ ਚੂੰਢੀਆਂ – ਜਦ ਕੋਈ ਜਾਣਾ ਉੱਤੋਂ ਉੱਤੋਂ ਤਾਂ ਪਿਆਰ ਕਰੇ ਤੇ ਹੇਤੂ ਬਣ-ਬਣ ਵਿਖਾਵੇ, ਪਰ ਅੰਦਰੋਂ ਨੁਕਸਾਨ ਕਰੀ ਤੇ ਔਖਿਆਈ ਦੇਈ ਜਾਵੇ, ਤਾਂ ਕਹਿੰਦੇ ਹਨ।
ਨਾਲੇ ਰਾਹ ਵਿਚ ਹੱਗੇ, ਨਾਲੇ ਆਨੇ ਪਿਆ ਟੱਡੇ – ਜਦ ਕੋਈ ਜਣਾ ਕਸੂਰ ਕਰ ਕੇ ਅੱਗੋਂ ਆਕੜੇ ਤਾਂ ਕਹਿੰਦੇ ਹਨ।
ਨੈਂ ਲੰਘੀ, ਖਾਜਾ ਵਿੱਸਰਿਆ – ਕੋਠਾ ਉੱਸਰਿਆ ਤਰਖਾਣ ਵਿੱਸਰਿਆ।
ਨੌਂ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ – ਜਦ ਕੋਈ ਬੰਦਾ ਸਾਰੀ ਉਮਰ ਮਾੜੇ ਕੰਮ ਕਰਦਾ ਤੇ ਪਾਪ ਕਮਾਉਂਦਾ ਰਿਹਾ ਹੋਵੇ, ਤੇ ਮਗਰੋਂ ਬੜਾ ਭਗਤ ਲੋਕ ਤੇ ਨੇਕ ਪੁਰਸ਼ ਬਣ-ਬਣ ਵਿਖਾਵੇ, ਤਾਂ ਕਹਿੰਦੇ ਹਨ।
ਨੌਕਰ ਕੀ ਤੇ ਨਖਰਾ ਕੀ ? – ਨੌਕਰ ਨੂੰ ਆਕੜ ਕਰਨੀ ਨਹੀਂ ਬਣਦੀ।
ਨੌਂ ਕੋਹ ਦਰਿਆ, ਸੁੱਥਣ ਮੋਢੇ ਤੇ, ਨੌਂ ਕੋਹ ਦਰਿਆ, ਤੰਬਾ ਕੱਛ ਵਿਚ – ਕਿਸੇ ਕੰਮ ਦੇ ਕਰਨ ਦਾ ਸਮਾਂ ਆਉਣ ਤੋਂ ਬਹੁਤ ਸਮਾਂ ਪਹਿਲਾਂ ਹੀ ਪੂਰੀ ਤਰ੍ਹਾਂ ਤਿਆਰ ਹੋ ਬਹਿਣਾ।
ਨੌਂਵੀ ਰੂੰ ਤੇ ਤੇਰ੍ਹੀਂ ਕਪਾਹ – ਘਟੀਆ ਚੀਜ਼ ਮਹਿੰਗੀ ਤੇ ਵਧੀਆ ਸ਼ੈ ਸਸਤੀ।
(ਪ)
ਪੰਜੇ ਉਂਗਲਾਂ ਇਕੋ ਜਿਹੀਆਂ (ਬਰਾਬਰ) ਨਹੀਂ ਹੁੰਦੀਆਂ – ਸਾਰੇ ਮਨੁੱਖ ਇਕੋ ਜਿਹੇ ਨਹੀਂ ਹੁੰਦੇ।
ਪੱਤਣ ਮਲਾਹ ਨਾ ਛੇੜੀਏ ਹੱਟੀ ਦੇ ਕਰਾੜ – ਬੰਨੇ ਜੱਟ ਨਾ ਛੇੜੀਏ ਭੰਨ ਛੱਡੇ ਬੁਥਾੜ – ਕਿਸੇ ਨਾਲ ਉਹਦੇ ਆਪਣੇ ਅੱਡੇ, ਟਿਕਾਣੇ ਤੇ ਲੜਨਾ ਨਹੀਂ ਚਾਹੀਦਾ।
ਪਰ-ਹੱਥੀਂ ਵਣਜ ਸੁਨੇਹੀਂ ਖੇਤੀ, ਕਦੇ ਨਾ ਹੁੰਦੇ ਬੱਤੀਆਂ ਦੇ ਤੇਤੀ – ਕਾਰ ਵਿਹਾਰ ਵਿਚ ਸਫਲਤਾ ਤਾਂ ਹੀ ਹੋ ਸਕਦੀ ਹੈ ਜੇ ਬੰਦਾ ਆਪ ਸਿਰ ਹੋ ਕੇ ਕੰਮ ਕਰਾਵੇ।
ਪਰਾਈ ਜੰਝ ਤੇ ਅਹਿਮਕ ਨੱਚੇ – ਮਾਮੇ ਕੰਨੀ ਬੀਰਬਲੀਆਂ ਤੇ ਭਣੇਵਾਂ ਫਿਰੇ ਆਕੜਿਆ, ਕਿਸੇ ਹੋਰ ਦੀ ਵਡਿਆਈ ਦੇ ਕਾਰਨ ਫੁੱਲੇ ਤੇ ਆਕੜੇ ਫਿਰਨ ਵਾਲੇ ਤੇ ਘਟਾਉਂਦੇ ਹਨ।
ਪੜ੍ਹੇ ਨਾ ਲਿਖੇ, ਨਾਂ ਵਿਦਿਆ ਸਾਗਰ – ਜਦ ਕੋਈ ਅਸਲ ਵਿਚ ਮਾੜਾ ਤੇ ਗੁਣਹੀਣ ਹੋਵੇ, ਪਰ ਚੰਗਾ ਤੇ ਗੁਣਵਾਣ ਬਣ-ਬਣ ਬਹੇ ਤੇ ਫੜ੍ਹਾਂ ਮਾਰੇ, ਤਾਂ ਕਹਿੰਦੇ ਹਨ।
ਪਾਣੀ ਵਿਚ ਸੋਟਾ ਮਾਰਿਆਂ ਪਾਣੀ ਦੋ ਨਹੀਂ ਹੋ ਜਾਂਦਾ – ਜਦ ਕਿਸੇ ਟੱਬਰ ਜਾਂ ਕੌਮ ਵਿਚ ਪੂਰਨ ਏਕਤਾ ਹੋਵੇ, ਤਾਂ ਹੋਰਨਾਂ ਦੇ ਜਤਨ ਕਰਨ ਤੇ ਵੀ ਓਥੇ ਫੁੱਟ ਨਹੀਂ ਪੈਂਦੀ, ਨਹੁੰਆਂ ਨਾਲੋਂ ਮਾਸ ਵੱਖ ਨਹੀਂ ਹੁੰਦਾ।
ਪਿੰਡ ਨੂੰ ਅੱਗ ਲੱਗੀ ਤਾਂ ਕੁੱਤਾ ਰੂੜੀ ਤੇ – ਜਿਹੜਾ ਬੰਦਾ ਔਖੇ ਵੇਲੇ ਕੰਮ ਨਾ ਆਵੇ ਤੇ ਪਰ੍ਹਾਂ ਹੋ ਬੈਠੇ, ਉਸ ਤੇ ਘਟਾਉਂਦੇ ਹਨ।
ਪਿੰਡ ਬੱਝਾ ਨਾ, ਉੱਚਕੇ ਅੱਗੋਂ ਹੀ ਤਿਆਰ – ਜਦ ਕੋਈ ਚੀਜ਼ ਬਣ ਕੇ ਅਜੇ ਤਿਆਰ ਨਾ ਹੋਈ ਹੋਵੇ, ਪਰ ਉਹਨੂੰ ਆਪਣੇ ਢੰਗ ਨਾਲ ਵਰਤਣ ਵਾਲੇ ਪਹਿਲਾਂ ਹੀ ਕੱਛਾਂ ਮਾਰਨ ਲੱਗ ਪੈਣ, ਤਾਂ ਕਹਿੰਦੇ ਹਨ।
ਪਿੰਡਾ ਵੇ ਅਗਾਂਹ, ਪੁੱਤਾ ਵੇ ਪਿਛਾਂਹ – ਜਦ ਕੋਈ ਔਖਿਆਈ ਸਮੇਂ ਹੋਰਨਾਂ ਨੂੰ ਵੰਗਾਰ-ਵੰਗਾਰ ਕੇ ਅੱਗੇ ਕਰੇ ਤੇ ਖਤਰੇ ਵਿਚ ਪਾਉਣ ਦਾ ਯਤਨ ਕਰੇ, ਪਰ ਆਪਣਿਆਂ ਨੂੰ ਪਿਛਾਂਹ ਬਚਾ-ਬਚਾ ਕੇ ਰੱਖੇ, ਤਾਂ ਕਹਿੰਦੇ ਹਨ।
ਪੁੱਟਿਆ ਪਹਾੜ ਤੇ ਨਿੱਕਲਿਆ ਚੂਹਾ – ਸਾਰੀ ਰਾਤ ਭੰਨੀ ਤੇ ਕੁੜੀ ਜੰਮ ਪਈ ਅੰਨ੍ਹੀ, ਮਿਹਨਤ ਬਹੁਤ ਸਾਰੀ ਤੇ ਫਲ ਕੁਝ ਵੀ ਨਾ।
ਪੁੱਤ ਕਪੁੱਤ ਹੋ ਜਾਂਦੇ ਹਨ, ਮਾਪੇ ਕੁਮਾਪੇ ਨਹੀਂ ਹੁੰਦੇ – ਪੁੱਤ ਮਾਪਿਆਂ ਸਬੰਧੀ ਆਪਣੇ ਫਰਜ਼ ਭੁੱਲ ਸਕਦੇ ਹਨ, ਪਰ ਮਾਪੇ ਪੁੱਤਾਂ ਸਬੰਧੀ ਆਪਣੇ ਫਰਜ਼ਾਂ ਤੋਂ ਕਦੇ ਪਿਛਾਂਹ ਨਹੀਂ ਹਟਦੇ।
ਪੇਟ ਨਾ ਪਈਆਂ ਰੋਟੀਆਂ, ਸੱਭੇ ਗੱਲਾਂ ਖੋਟੀਆਂ – ਢਿੱਡੋਂ ਭੁੱਖੀ ਨੂੰ ਮੇਲਾ ਦੱਖ ਨਾ ਦੇਵੇ – ਜਦ ਬੰਦਾ ਭੁੱਖਾ ਹੋਵੇ ਤਾਂ ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ।
ਪੈਸਾ ਸੋ ਜੋ ਹੋਵੇ ਗੰਠ, ਵਿੱਦਿਆ ਸੋ ਜੋ ਹੋਵੇ ਕੰਠ – ਸਪਸ਼ਟ ਹੈ।
ਪੈਸਾ ਖੋਟਾ ਆਪਣਾ, ਬਾਣੀਏ ਨੂੰ ਕੀ ਦੋਸ਼ ? – ਜਦ ਆਪਣਾ ਹੀ ਬੰਦਾ ਭੈੜਾ ਹੋਵੇ, ਤੇ ਉਸ ਕਾਰਨ ਆਪਣਾ ਕਾਰਜ ਨਾ ਸਰ ਸਕੇ, ਤਾਂ ਕੰਮ ਨਾ ਸਾਰਨ ਵਾਲਿਆਂ ਨੂੰ ਬੁਰਾ ਕਹਿਣਾ ਠੀਕ ਨਹੀਂ ਹੁੰਦਾ।
ਪੈਂਚਾਂ ਦਾ ਆਖਿਆ ਸਿਰ ਮੱਥੇ, ਪਰਨਾਲਾ ਓਥੇ ਹੀ – ਜਦ ਕੋਈ ਆਦਮੀ ਜਿੱਦ ਨਾ ਛੱਡੇ ਅਤੇ ਹੋਰਨਾਂ ਦੇ ਸਮਝਾਉਣ ਤੇ ਉੱਤੋਂ-ਉੱਤੋਂ ਤਾਂ ਚੰਗਾ ਜੀ ਕਹਿ ਛੱਡੇ, ਪਰ ਰਹੇ ਆਪਣੇ ਹਠ ਉੱਤੇ ਡਟਿਆ, ਤਾਂ ਕਹਿੰਦੇ ਹਨ।
(ਫ)
ਫਸੀ ਤਾਂ ਫਟਕਣ ਕੀ ? – ਉੱਖਲੀ ਵਿਚ ਸਿਰ ਦਿੱਤਾ, ਤਾਂ ਮੌਹਲਿਆਂ ਦਾ ਕੀ ਡਰ।
ਫੱਫੇ ਕੁੱਟਣ ਲੱਗੀ ਲੁੱਟਣ – ਕਿਸੇ ਫਰੇਬੀ ਧੋਖੇਬਾਜ ਨੂੰ ਧੋਖਾ ਠੱਗੀ ਕਰਨ ਦਾ ਯਤਨ ਕਰਦਿਆਂ ਵੇਖ ਕੇ ਕਹਿੰਦੇ ਹਨ।
ਫਾਥੀਆਂ ਨੂੰ ਛੱਡ ਕੇ, ਉੱਡਦੀਆਂ ਮਗਰ ਨਹੀਂ ਪਈਦਾ – ਜਿਹੜਾ ਸ਼ੈ ਹੱਥ ਵਿਚ ਆਈ ਹੋਵੇ, ਉਹਨੂੰ ਛੱਡ ਕੇ ਅਜੇਹੀ ਸ਼ੈ ਦੇ ਮਗਰ ਪੈਣਾ ਜਿਸ ਦੀ ਪਰਾਪਤੀ ਸੌਖੀ ਜਾਂ ਯਕੀਨੀ ਨਾ ਹੋਵੇ, ਮੂਰਖਾਂ ਦਾ ਕੰਮ ਹੈ।
ਫੂਹੀ-ਫੂਹੀ ਤਲਾ ਭਰ ਜਾਂਦਾ ਹੈ – ਜੇ ਥੋੜ੍ਹੀ ਥੋੜ੍ਹੀ ਸ਼ੈ ਲਗਾਤਾਰ ਜੋੜੀ ਜਾਈਏ, ਤਾਂ ਉਹ ਚੋਖੀ ਬਣ ਜਾਂਦੀ ਹੈ।
ਫੋਲਿਆ ਪਹਾੜ ਤੇ ਨਿਕਲਿਆ ਚੂਹਾ – ਪੁੱਟਿਆ ਪਹਾੜ ਤੇ ਨਿਕਲਿਆ ਚੂਹਾ।
(ਬ)
ਬਹੁਤ ਭਲਾ ਨਾ ਬੋਲਣਾ, ਬਹੁਤੀ ਭਲੀ ਨਾ ਚੁੱਪ, ਬਹੁਤਾ ਭਲਾ ਨਾ ਮੇਘਲਾ, ਬਹੁਤੀ ਭਲੀ ਨਾ ਧੁੱਪ – ਬਹੁਤਾ ਬੋਲਣਾ, ਬਹੁਤੀ ਚੁੱਪ, ਬਹੁਤਾ ਮੀਂਹ, ਬਹੁਤੀ ਧੁੱਪ – ਇਹ ਸਭ ਠੀਕ ਨਹੀਂ।
ਬੱਕਰੀ ਆਪਣੀ ਜਾਨੋਂ ਵੀ ਗਈ, ਖਾਣ ਵਾਲੇ ਨੂੰ ਸੁਆਦ ਨਾ ਆਇਆ – ਜਦੋਂ ਇਕ ਜਣਾ ਤਾਂ ਬੜਾ ਔਖਾ ਹੋ ਕੇ, ਬਹੁਤੀ ਸਾਰੀ ਕੁਰਬਾਨੀ ਕਰ ਕੇ, ਦੂਜੇ ਦਾ ਕੰਮ ਸੁਆਰਨ ਦਾ ਯਤਨ ਕਰੇ, ਪਰ ਉਹ ਅੱਗੋਂ ਕੀਤੇ ਦੀ ਕਦਰ ਨਾ ਪਾਵੇ, ਤਾਂ ਕਹਿੰਦੇ ਹਨ।
ਬੱਕਰੀ ਨੇ ਦੁੱਧ ਦਿੱਤਾ, ਪਰ ਮੇਂਙਣਾਂ ਪਾ ਕੇ – ਜਦ ਕੋਈ ਜਣਾ ਕੰਮ ਕਰੇ ਤਾਂ ਸਹੀ, ਪਰ ਕਾਫੀ ਅੜੀ ਤੇ ਨਾਂਹ ਨੁੱਕਰ ਕਰ ਕੇ, ਤਾਂ ਕਹਿੰਦੇ ਹਨ।
ਬੱਦਲ ਵੀ ਨੀਵਾਂ ਹੋ ਕੇ ਵਰ੍ਹਦਾ ਹੈ – ਕਿਸੇ ਦਾ ਹੰਕਾਰ ਵੇਖ ਕੇ ਉਹਨੂੰ ਨਿਮਰਤਾ ਧਾਰਨ ਲਈ ਉਪਦੇਸ਼ ਹਿਤ ਇਹ ਅਖਾਣ ਵਰਤਦੇ ਹਨ।
ਬਾਹਰੋਂ ਆਇਆ ਕੱਤਣਾ ਤੇ ਘਰੋਂ ਪਿਆ ਘੱਤਣਾ – ਨਾਲੇ ਤਾਂ ਕਿਸੇ ਦਾ ਕੰਮ ਕਰਨਾ ਤੇ ਨਾਲੇ ਕੁਝ ਪੱਲਿਓਂ ਭਰਨਾ ਪਿਆ।
ਬਾਂਦਰਾਂ ਨੂੰ ਬਣਾ ਤੀਆਂ ਟੋਪੀਆਂ – ਬਾਂਦਰ ਨੂੰ ਅਦਰਕ ਦਾ ਅਚਾਰ – ਜਦ ਕੋਈ ਘਟੀਆ ਦਰਜੇ ਦਾ ਬੰਦਾ ਵਧੀਆ ਸੈ ਦੀ ਚਾਹ ਕਰੇ ਜਾਂ ਜਦ ਅਜਿਹੇ ਬੰਦੇ ਨੂੰ ਅਜੇਹੀ ਸ਼ੈ ਮਿਲ ਜਾਵੇ ਤੇ ਉਹ ਉਹਦੀ ਕਦਰ ਨਾ ਕਰੇ, ਤਾਂ ਕਹਿੰਦੇ ਹਨ।
ਬਾਲ ਦਾ ਪੱਜ, ਤੇ ਮਾਂ ਦਾ ਰੱਜ – ਜਦ ਕੋਈ ਜਣਾ ਕਿਸੇ ਹੋਰ ਦਾ ਬਹਾਨਾ ਲਾ ਕੇ ਕੋਈ ਸ਼ੈ ਆਪਣੇ ਲਈ ਪਰਾਪਤ ਕਰੇ ਤਾੰ ਕਹਿੰਦੇ ਹਨ।
ਬਾਲ ਦੀ ਨਾ ਮਰੇ ਮਾਂ, ਬੁੱਢੇ ਦੀ ਜੋਰੂ – ਮਾਂ-ਮਹਿੱਟਰ ਬਾਲ ਤੇ ਰੰਡਾ ਬੁੱਢੜਾ ਦੋਵੇਂ ਔਖੇ ਤੇ ਦੁਖੀ ਹੁੰਦੇ ਹਨ।
ਬਿਗ਼ਾਨਾ ਮਹਿਲ ਵੇਖ ਕੇ ਆਪਣੀ ਕੁੱਲੀ ਨਹੀਂ ਸਾੜ ਲਈਦੀ – ਕਿਸੇ ਹੋਰ ਪਾਸ ਚੰਗੀ ਵਧੀਆ ਸ਼ੈ ਵੇਖ ਕੇ ਆਪਣੀਆਂ ਸ਼ੈਆਂ ਬੇਸਿੰਦ ਕਰ ਦੇਣੀਆਂ ਠੀਕ ਨਹੀਂ।
ਬਿਗੀਨੀ ਛਾਹ ਤੇ ਮੁੱਛਾਂ ਨਹੀਂ ਮੁਨਾਈਦੀਆਂ – ਕਿਸੇ ਤੋਂ ਲਾਭ ਪਰਾਪਤ ਕਰਨ ਦੀ ਆਸ ਵਿਚ ਆਪਣਾ ਨੁਕਸਾਨ ਨਹੀਂ ਕਰ ਲੈਣਾ ਚਾਹੀਦਾ।
ਬਿਗਾਨੀ ਦੰਮੀਂ ਸ਼ਾਹੂਕਾਰ – ਜਦ ਕੋਈ ਜਣਾ ਕਿਸੇ ਪਾਸੋਂ ਮੰਗ ਕੇ ਲਈ ਸ਼ੈ ਉਪਰ ਨਖ਼ਰਾ ਮਾਣ ਕਰੇ ਤੇ ਆਕੜ ਵਿਖਾਵੇ, ਤਾਂ ਕਹਿੰਦੇ ਹਨ।
ਬਿਗਾਨੇ ਪੁੱਤ ਚੁੰਮੇ ਲਾਲੀਂ ਭਰਿਆ – ਪਰਾਏ ਭਾਵੇਂ ਆਪਣੇ ਵੀ ਬਣਾ ਲਈਏ, ਉਹ ਪਰਾਏ ਹੀ ਰਹਿੰਦੇ ਹਨ, ਸਗੋਂ ਦੁਖੀ ਕਰਦੇ ਹਨ।
ਬਿਨ ਬੁਲਾਏ ਬੋਲਣਾ ਅਹਿਮਕਾਂ ਦਾ ਕੰਮ – ਜਦ ਕੁਝ ਬੰਦੇ ਆਪੋ ਵਿਚ ਗੱਲਾਂ ਕਰ ਰਹੇ ਹੋਣ, ਤੇ ਲਾਗੋਂ ਇਕ ਜਣਾ ਆਪਣੇ ਆਪ ਹੀ ਆਪਣੀ ਰਾਏ ਜਾਂ ਸਲਾਹ ਦੇਣ ਲੱਗ ਪਵੇ, ਤਾਂ ਕਹਿੰਦੇ ਹਨ।
ਬਿਨਾਂ ਰੋਇਆਂ ਤਾਂ ਮਾਂ ਵੀ ਦੁੱਧ ਨਹੀਂ ਦੇਂਦੀ – ਜਿੰਨਾ ਚਿਰ ਉੱਦਮ, ਉਪਾ ਨਾ ਕਰੀਏ, ਕਿਸੇ ਨੂੰ ਆਪਣੀ ਲੋੜ ਦੱਸੀਏ ਨਾ, ਕੋਈ ਲੋੜ ਪੂਰੀ ਨਹੀਂ ਹੋ ਸਕਦੀ।
ਬਿੱਲੀ ਦੁੱਧ ਦੀ ਰਾਖੀ – ਜਦ ਕਿਸੇ ਨੂੰ ਕਿਸੇ ਸ਼ੈ ਦੀ ਸੌਂਪਨਾ ਕੀਤੀ ਜਾਂ ਰਾਖੀ ਦਿੱਤੀ ਜਾਵੇ ਜਿਸ ਦਾ ਉਹ ਆਪ ਹੀ ਬਹੁਤ ਸ਼ੌਕੀਨ ਤੇ ਲਾਲਚੀ ਹੋਵੇ ਤੇ, ਖਾ-ਪੀ ਛੱਡੇ, ਤਾਂ ਆਖਦੇ ਹਨ।
ਬਿੱਲੀ ਨੂੰ ਚੂਹਿਆਂ ਦੇ ਸੁਫ਼ਨੇ – ਜਦ ਕਿਸੇ ਨੂੰ ਆਪਣੇ ਹੀ ਮਤਲਬ ਦੀ ਗੱਲ ਸੁੱਝੇ, ਤਾਂ ਕਹਿੰਦੇ ਹਨ।
ਬਿੱਲੀ ਨੇ ਸ਼ੀਂਹ ਪੜ੍ਹਾਇਆ ਤੇ ਸ਼ੀਂਹ ਬਿੱਲੀ ਨੂੰ ਖਾਣ ਆਇਆ – ਸਾਡੀ ਬਿੱਲੀ ਸਾਨੂੰ ਹੀ ਮਿਆਉਂ – ਜਦ ਕਿਸੇ ਆਦਮੀ ਨੂੰ ਪਾਲ ਪੋਸ ਕੇ, ਸਿਖਾ-ਪੜ੍ਹਾ ਕੇ ਵੱਡਾ ਕਰੀਏ, ਅਤੇ ਅੱਗੋਂ ਆਪਣਾ ਜ਼ੋਰ ਸਿਆਣਪ ਸਾਡੇ ਵਿਰੁਧ ਹੀ ਵਰਤਣ ਲੱਗ ਪਵੇ, ਤਾਂ ਇਹ ਅਖਾਣ ਵਰਤੀਦਾ ਹੈ।
ਬੀਜਿਆ ਨਾ ਵਾਹਿਆ, ਘਡ਼ੰਮ ਪੱਲਾ ਡਾਹਿਆ – ਜਦ ਕੋਈ ਜਣਾ ਕਿਸੇ ਦੇ ਕੰਮ ਵਿਚ ਤਾਂ ਹਿੱਸਾ ਨਾ ਲਵੇ, ਪਰ ਇਸ ਕੰਨ ਦੇ ਫਲ ਵਿਚੋਂ ਧੱਕੇ ਨਾਲ ਹਿੱਸਾ ਮੰਗੇ, ਤਾਂ ਕਹਿੰਦੇ ਹਨ।
ਬੁੱਢਾ ਚੋਰ ਮਸੀਤੇ ਡੇਰਾ – ਨੌਂ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ।
ਬੂਹੇ ਬੈਠੀ ਜੰਝ,ਤੇ ਵਿੰਨ੍ਹੋ ਕੁੜੀ ਦੇ ਕੰਨ – ਘਰ ਨੂੰ ਲੱਗੀ ਅੱਗ, ਤਾਂ ਖੂਹ ਪੁੱਟਣ ਜਾਓ – ਜਦ ਕੋਈ ਜਣਾ ਆਉਣ ਵਾਲੀ ਲੋੜ ਲਈ ਪਹਿਲਾਂ ਵੇਲੇ ਸਿਰ ਤਿਆਰੀ ਨਾ ਕਰੇ, ਤੇ ਲੋੜ ਸਿਰ ਤੇ ਪੈਣ ਤੇ ਨੱਸਣ-ਭੱਜਣ ਲੱਗ ਪਵੇ ਤਾਂ ਕਹਿੰਦੇ ਹਨ।
ਬੇਕਾਰ ਨਾਲੋਂ ਵਗਾਰ ਚੰਗੀ – ਬਹਿ ਕੇ ਮੱਖੀਆਂ ਮਾਰਨ ਨਾਲੋਂ ਕਿਸੇ ਹੋਰ ਦਾ ਸਖਤ ਕੰਮ ਕਰ ਦੇਣਾ ਚੰਗਾ ਹੈ।
(ਭ)
ਭਜਦਿਆਂ ਨੂੰ ਵਾਹਣ ਇਕੋ ਜਿਹਾ – ਜਦ ਕੋਈ ਕੰਮ ਮੁਕਾਬਲੇ ਤੇ ਕਰਨਾ ਹੋਵੇ, ਤੇ ਸਾਰਿਆਂ ਵਾਕੁਰ ਹੀ ਕਰਨਾ ਹੋਵੇ ਤਾਂ ਕਹਿੰਦੇ ਹਨ।
ਭੱਜੀਆਂ ਬਾਹਾਂ ਗਲ ਨੂੰ ਆਉਂਦੀਆਂ ਹਨ – ਜਦ ਕਿਸੇ ਨੂੰ ਦੁਖ, ਭੀੜ ਆ ਪਵੇ, ਤਾਂ ਉਹ ਆਪਣੇ ਭਰਾਵਾਂ ਜਾਂ ਸੱਜਣਾਂ ਮਿੱਤਰਾਂ ਵੱਲ ਹੀ ਆਸਰੇ ਮਹਾਇਤਾ ਲਈ ਦੌੜਦਾ ਹੈ, ਪਹਿਲਾਂ ਭਾਵੇਂ ਉਹ ਉਨ੍ਹਾਂ ਨਾਲ ਰੁੱਸਿਆ ਹੀ ਰਿਹਾ ਹੋਵੇ।
ਭੱਠ ਪਿਆ ਸੋਨਾ ਜਿਹੜਾ ਕੰਨ ਪਾੜੇ – ਉਹ ਧਨ, ਪਦਾਰਥ ਕਿਸ ਕੰਮ ਜਿਸ ਤੋਂ ਸੁਖ ਦੀ ਥਾਂ ਦੁਖ ਮਿਲੇ ?
ਭੱਠ ਪਿਆ ਦਿੱਤਾ ਜਿਹੜਾ ਸਾੜੇ ਪਿੱਤਾ – ਜਦ ਕੋਈ ਜਣਾ ਪਹਿਲਾਂ ਤਾਂ ਕੋਈ ਸ਼ੈ ਕਿਸੇ ਨੂੰ ਦੇਵੇ , ਪਰ ਮਗਰੋਂ ਮਿਹਣੇ ਮਾਰਨ ਲਗ ਪਵੇ, ਤਾਂ ਕਹਿੰਦੇ ਹਨ।
ਭੰਡਾ ਭੰਡਾਰੀਆ ਕਿਤਨਾ ਕੁ ਭਾਰ ? – ਇਕ ਮੁੱਠੀ ਚੁੱਕ ਲੈ ਦੂਜੀ ਤਿਆਰ – ਦੁਨੀਆ ਦੇ ਧੰਦੇ ਮੁਕਦੇ ਹੀ ਨਹੀਂ, ਇਕ ਨਿਬੜਦਾ ਹੈ, ਤਾਂ ਦੋ ਹੋਰ ਆ ਪੈਂਦੇ ਹਨ।
ਭਰਾ ਭਰਾਵਾਂ ਦੇ, ਚਿੱਚੜ ਕਾਵਾਂ ਦੇ – ਅਖੀਰ ਨੂੰ ਭਰਾ ਭਰਾਵਾਂ ਦੀ ਜ਼ਰੂਰ ਹੀ ਸਹਾਇਤਾ ਕਰਦੇ ਹਨ।
ਭੁੱਖ ਲੱਗੇ ਤਾਂ ਤੰਦੂਰ ਦੀ, ਢਿੱਡ ਭਰੇ ਤਾਂ ਦੂਰ ਕੀ – ਪਹਿਲਾਂ ਪੇਟ ਪੂਜਾ ਫੇਰ ਕੰਮ ਦੂਜਾ – ਭੁੱਖੇ ਆਦਮੀ ਨੂੰ ਜਦ ਤੀਕ ਰੋਟੀ ਨਾ ਮਿਲੇ,ਉਹ ਕਿਸੇ ਕੰਮ ਨੂੰ ਜਾਣਾ ਨਹੀਂ ਚਾਹੁੰਦਾ, ਪੇਟ ਨਾ ਪਈਆਂ ਰੋਟੀਆਂ, ਸੱਭੇ ਗੱਲਾਂ ਖੋਟੀਆਂ।
ਭੁੱਖਾਂ ਭੜਥੂ ਘੱਤਿਆ ਲੱਗਾ ਕਲੇਜੇ ਡੌਂ, ਭੁੱਖਿਆਂ ਨੀਂਦ ਨਾ ਜੇ ਕੋਈ ਆਖੇ ਸੋਂ – ਭੁੱਖਾ ਤਾਂ ਸੋਂ ਵੀ ਨਹੀਂ ਸਕਦਾ, ਉਹਨੇ ਹੋਰ ਕੀ ਕਰਨਾ ਹੋਇਆ?
ਭੁੱਖੇ ਅੱਗੇ ਬਾਤ ਪਾਈ, ਉਹ ਆਖੇ ਟੁੱਕ – ਜਦ ਕੋਈ ਕਿਸੇ ਸ਼ੈ ਲਈ ਅਜੇਹਾ ਬੇਤਾਵਲਾ ਹੋਵੇ ਕਿ ਉਹਦੇ ਨਾਲ ਭਾਵੇਂ ਕੋਈ ਗੱਲ ਕਰੀਏ, ਉਹ ਮੁੜ ਘਿੜ ਉਸੇ ਸ਼ੈ ਦਾ ਝੋਣਾ ਝੋ ਬਹੇ, ਤਾਂ ਕਹਿੰਦੇ ਹਨ।
ਭੁੱਖੇ ਜੱਟ ਕਟੋਰੀ ਲੱਭੀ, ਪਾਣੀ ਪੀ-ਪੀ ਆਫਰਿਆ – ਜਦ ਕਿਸੇ ਗਰੀਬ, ਥੁਡੇ ਹੋਏ ਬੰਦੇ ਨੂੰ ਕੇਈ ਛੋਟੀ ਮੋਟੀ ਚੀਜ਼ ਮਿਲ ਜਾਵੇ, ਤਾਂ ਉਹ ਘੜੀ ਮੁੜੀ ਉਹਨੂੰ ਵਰਤੇ ਤੇ ਵਿਖਾਵੇ ਤਾਂ ਕਹਿੰਦੇ ਹਨ।
ਭੁੱਖੇ ਦੀ ਧੀ ਰੱਜੀ, ਤੇ ਖੇਹ ਉਡਾਉਣ ਲੱਗੀ – ਜਦ ਕੋਈ ਗਰੀਬ ਬੰਦਾ ਧਨ ਵਾਲਾ ਬਣ ਜਾਵੇ ਅਤੇ ਉਹ ਘੁਮੰਡ ਵਿਚ ਆ ਕੇ ਫੁਕਾਰੇ ਮਾਰਦਾ ਫਿਰੇ, ਤਾਂ ਕਹਿੰਦੇ ਹਨ, ਇਹ ਨਵਾਂ ਰੱਜਿਆ ਹੈ, ਇਸ ਤੋਂ ਮਾਇਆ ਪਚਾਈ ਨਹੀਂ ਗਈ।
ਭੁੱਲ ਗਏ ਰਾਗ ਰੰਗ, ਭੁੱਲ ਗਈਆਂ ਜੱਕੜੀਆਂ, ਤਿੰਨੇ ਗੱਲਾਂ ਯਾਦ ਰਹੀਆਂ, ਲੂਣ, ਤੇਲ, ਲੱਕੜੀਆਂ – ਜਦ ਤਕ ਕਿਸੇ ਦੇ ਸਿਰ ਟੱਬਰ ਦੀ ਜੁੰਮੇਵਾਰੀ ਦਾ ਭਾਰ ਨਾ ਪਵੇ, ਉਹ ਮੌਜਾਂ ਬਹਾਰਾਂ ਕਰ ਸਕਦਾ ਹੈ, ਪਰ ਜਦੋਂ ਟੱਬਰ ਗਲ ਪੈ ਜਾਵੇ ਤਾਂ ਉਹਨੂੰ ਘਰ ਦੀਆਂ ਲੋੜਾ ਪੂਰੀਆਂ ਕਰਨ ਵਿਚ ਹੀ ਰੁੱਝੇ ਰਹਿਣਾ ਪੈਂਦਾ ਹੈ।
ਭੁੱਲਾ ਉਹ ਜਾਣੀਏ, ਜੇ ਮੁੜ ਘਰ ਆਵੇ – ਜਿਹੜਾ ਆਦਮੀ ਕੋਈ ਭੁੱਲ ਕਰ ਤਾਂ ਬਹੇ, ਪਰ ਮਗਰੋਂ ਉਹਨੂੰ ਸੋਧ ਲਵੇ, ਉਸ ਸਬੰਧੀ ਵਰਤਦੇ ਹਨ।
ਭੇਡ ਦੇ ਖੂਨ ਪਿੰਡ ਨਹੀਂ ਮਾਰੀਦਾ – ਜਦ ਕੋਈ ਜਣਾ ਨਿੱਕੀ ਜਿਹੀ ਗੱਲੋਂ ਗੁੱਸੇ ਹੋ ਕੇ ਅਗਲੇ ਦਾ ਬਹੁਤ ਵਧੇਰੇ ਨੁਕਸਾਨ ਕਰਨ ਤੇ ਤੁਲ ਪਵੇ, ਤਾਂ ਕਹਿੰਦੇ ਹਨ।
(ਮ)
ਮੰਗੀ ਸੀ ਹੇਠ ਨੂੰ ਮਿਲ ਗਈ ਉੱਤੇ ਨੂੰ – ਜਦ ਜਤਨ ਤਾਂ ਕਰੀਏ ਕੋਈ ਵਰਤਣਯੋਗ ਸ਼ੈ ਲਈ, ਤੇ ਅੱਗੋਂ ਮਿਲ ਜਾਵੇ ਉਹ ਜਿਸ ਦਾ ਉਲਟਾ ਭਾਰ ਚੁੱਕਣਾ ਪਵੇ ਤੇ ਖੇਚਲ ਝੱਲਣੀ ਪਵੇ, ਤਾਂ ਕਹਿੰਦੇ ਹਨ।
ਮੱਝ ਫਿਰੇ ਠੱਕੇ ਦੀ ਮਾਰੀ, ਮਾਹੀ ਕਰੇ ਚੁੰਘਣ ਦੀ ਤਿਆਰੀ – ਜਦ ਕੋਈ ਅਗਲੇ ਦੇ ਦੁਖ, ਪੀੜ ਦੀ ਪਰਵਾਹ ਨਾ ਕਰਦਾ ਹੋਇਆ ਉਹਨੂੰ ਆਪਣੀ ਗਰਜ਼ ਲਈ ਵਰਤਣਾ ਚਾਹੇ, ਤਾਂ ਕਹਿੰਦੇ ਹਨ।
ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋਂ ਗਏ ਲਿੱਦ ਸੁੱਟਣੀ ਪਈ – ਜਦ ਕੋਈ ਆਪਣੇ ਵਲੋਂ ਤਾਂ ਚੰਗਾ ਸੋਦਾ ਕਰੇ, ਪਰ ਉਹ ਨਿੱਕਲੇ ਘਾਟੇ-ਵੰਦਾ, ਤਾਂ ਕਹਿੰਦੇ ਹਨ।
ਮਣਖੱਟੂ ਪੁੱਤ ਨਾ ਜੰਮਦੇ, ਧੀ ਅੰਨ੍ਹੀਂ ਚੰਗੀ – ਵਿਹਲੜ ਤੇ ਘਰ-ਉਜਾਡ਼ੂ ਪੁੱਤ ਤੋਂ ਅੱਕ ਸੜ ਕੇ ਉਹਨੂੰ ਸਮਝਾਉਣ ਲਈ ਇਹ ਅਖਾਣ ਵਰਤਦੇ ਹਨ।
ਮੰਤਰ ਨਾ ਜਾਣੇ ਠੂੰਹੀਆਂ, ਹੱਥ ਸੱਪੀਂ ਪਾਵੇ – ਜਦ ਕੋਈ ਆਪਣੀ ਵਿਤ ਬਾਹਰੇ ਕਿਸੇ ਔਖੇ ਕੰਮ ਨੂੰ ਹੱਥ ਪਾਉਣ ਨੂੰ ਤਿਆਰ ਹੋ ਪਵੇ, ਤੇ ਫੜ੍ਹਾਂ ਮਾਰੇ ਤਾਂ ਕਹਿੰਦੇ ਹਨ।
ਮਨ ਹਰਾਮੀ ਤੇ ਹੁਜੱਤਾਂ ਢੇਰ – ਜਦ ਕੋਈ ਜਣਾ ਕੋਈ ਕੰਮ ਕਰਨਾ ਚਾਹੇ, ਤਾਂ ਉਹ ਕਈ ਬਹਾਨੇ ਘੜ ਲੈਂਦਾ ਹੈ।
ਮਨ ਜੀਤੇ ਜਗ ਜੀਤ – ਜਿਹੜਾ ਆਪਣੇ ਦਿਲ ਨੂੰ, ਦਿਲ ਦੀਆਂ ਖਾਹਿਸ਼ਾਂ ਵਲ-ਵਲਿਆਂ ਨੂੰ, ਆਪਣੇ ਵੱਸ ਵਿਚ ਕਰ ਲਵੇ, ਉਹਦੀ ਹਰ ਮਦਾਨੇ ਜੈ ਹੁੰਦੀ ਹੈ।
ਮਰਦਾ ਕੀ ਨਾ ਕਰਦਾ ? – ਮਜਬੂਰੀ ਵਿਚ ਫਸਿਆ ਆਦਮੀ ਅਣਭਾਉਂਦੇ ਤੇ ਅਣਸੋਭਦੇ ਕੰਮ ਵੀ ਕਰਨ ਨੂੰ ਤਿਆਰ ਹੋ ਪੈਂਦਾ ਹੈ।
ਮਰਦਾਂ ਤੇ ਘੋੜਿਆਂ ਕੰਮ ਪੈਣ ਅਵੱਲੇ – ਜਦ ਕਿਸੇ ਜਣੇ ਨੂੰ ਕੋਈ ਔਖਾ ਕੰਮ ਅਚਨ-ਚੇਤ ਆ ਪਵੇ, ਤਾਂ ਉਹਨੂੰ ਹੱਲਾਸ਼ੇਰੀ ਦੇਣ ਲਈ ਵਰਤਦੇ ਹਨ।
ਮਾਂ ਨਾਲੋਂ ਹੇਜਲੀ, ਉਹ ਫੱਫੇਕੁੱਟਣ – ਜੇ ਕੋਈ ਕਿਸੇ ਨਾਲ ਉਹਦੇ ਘਰਦਿਆਂ ਨਾਲੋਂ ਵੀ ਵਧੇਰੇ ਪਿਆਰ ਹਮਦਰਦੀ ਪ੍ਰਗਟ ਕਰੇ ਤਾਂ ਉਹ ਧੋਖੇਬਾਜ਼ ਹੁੰਦਾ ਹੈ। ਕਿਸੇ ਨੂੰ ਅਜੇਹਾ ਵਰਤਾਉ ਕਰਦਿਆਂ ਵੇਖ ਕੇ ਕਹਿੰਦੇ ਹਨ।
ਮਾਨ ਨਾ ਮਾਨ ਮੈਂ ਤੇਰਾ ਮਹਿਮਾਨ – ਬਦੋ-ਬਦੀ ਦਾ ਪਰਾਹੁਣਾ ਬਨਣ ਤੇ ਪਿਆਰ, ਅਪੱਣਤ ਜਤਾਉਣ ਵਾਲੇ ਸਬੰਧੀ ਵਰਤਦੇ ਹਨ।
ਮਾਂ-ਪੁਰ ਧੀ ਪਿਤਾ ਪੁਰ ਘੋੜਾ, ਬਹੁਤਾ ਨਹੀਂ ਤਾ ਥੋੜ੍ਹਾ ਥੋੜ੍ਹਾ – ਧੀ ਦਾ ਸੁਭਾ ਮਾਂ ਦੇ ਸੁਭਾ ਉਪਰ ਤੇ ਪੁੱਤ ਦਾ ਸੁਭਾ ਪਿਉ ਦੇ ਸੁਭਾ ਵਰਗਾ ਹੁੰਦਾ ਹੈ।
ਮਾਂ ਫਿਰੇ ਫੋਸੀ ਫੋਸੀ ਨੂੰ, ਤੇ ਪੁੱਤ ਗੁਹਾਰੇ ਬਖਸ਼ੇ – ਜਦ ਕੋਈ ਗ਼ਰੀਬ ਆਦਮੀ ਵਿਤੋਂ ਵਧ ਕੇ ਦਾਨ ਜਾਂ ਖਰਚ ਕਰਨ ਲੱਗ ਪਵੇ, ਤਾਂ ਕਹਿੰਦੇ ਹਨ।
ਮਾੜਾ ਢੱਗਾ ਛੱਤੀ ਰੋਗ – ਜਦ ਕਿਸੇ ਮਾੜੇ, ਗ਼ਰੀਬ ਦੇ ਸਿਰ ਕੋਈ ਨਾ ਕੋਈ ਦੁੱਖ, ਮੁਸੀਬਤ ਆਈ ਰਹੇ,ਤਾਂ ਵਰਤਦੇ ਹਨ।
ਮਿਲਦਿਆਂ ਦੇ ਸਾਕ ਤੇ ਵਾਹੁੰਦਿਆਂ ਦੀਆਂ ਭੋਆਂ – ਸਾਕਾਗੀਰੀ ਤਾਂ ਹੀ ਕਾਇਮ ਰਹਿ ਸਕਦੀ ਹੈ, ਸਾਕ ਤਾਂ ਹੀ ਆਪਣੇ ਬਣੇ ਰਹਿ ਸਕਦੇ ਹਨ, ਜੇ ਉਹਨਾਂ ਨੂੰ ਮਿਲਦੇ-ਗਿਲਦੇ ਰਹੀਏ, ਅਤੇ ਜ਼ਮੀਨ ਤਾਂ ਹੀ ਕੰਮ ਦੀ ਤੇ ਆਪਣੀ ਰਹਿ ਸਕਦੀ ਹੈ, ਜੇ ਉਹਨੂੰ ਵਾਹੁੰਦੇ, ਬੀਜਦੇ ਰਹੀਏ।
ਮੀਆਂ ਬੀਵੀ ਰਾਜ਼ੀ, ਤਾਂ ਕੀ ਕਰੂਗਾ ਕਾਜ਼ੀ ? – ਜਦ ਦੋ ਧਿਰਾਂ ਆਪੋ ਵਿਚ ਘਿਉ-ਖਿਚੜੀ ਹੋਣ,ਤਾਂ ਤੀਜੇ ਸੁਲ੍ਹਾ-ਕਰਾਉ ਦੀ ਲੋੜ ਨਹੀਂ ਹੁੰਦੀ,ਤੇ ਨਾ ਹੀ ਕੋਈ ਤੀਜਾ ਵਿਚ ਲੱਤ ਡਾਹ ਸਕਦਾ ਹੈ।
ਮੁੱਦਈ ਸੁਸਤ, ਗਵਾਹ ਚੁਸਤ – ਜਿਸ ਦਾ ਕੰਮ ਹੋਵੇ, ਜਿਸ ਨੂੰ ਗੋਂ ਹੋਵੇ, ਉਹ ਤਾਂ ਢਿੱਲਾ-ਮੱਠਾ ਹੋਵੇ, ਤੇ ਉਹਦੀ ਸਹਾਇਤਾ ਕਰਨ ਵਾਲੇ ਨੱਸਦੇ, ਭੱਜਦੇ ਫਿਰਨ, ਤਾਂ ਕਹਿੰਦੇ ਹਨ।
ਮੂੰਹੋਂ ਨਿਕਲੀ ਤੁਰਤ ਪਰਾਈ – ਭੇਤ ਜਾਂ ਲੁਕਵੀਂ ਗੱਲ, ਉਨਾਂ ਚਿਰ ਹੀ ਲੁਕੀ ਰਹਿ ਸਕਦੀ ਹੈ, ਜਿਚਰ ਉਹ ਕਿਸੇ ਨੂੰ ਦੱਸੀ ਨਾ ਜਾਵੇ।
ਮੂਲ ਨਾਲੋਂ ਬਿਆਜ ਪਿਆਰਾ ਹੁੰਦਾ ਹੈ – ਧੀਆਂ ਪੁੱਤਾਂ ਨਾਲੋਂ ਦੋਹਤੇ-ਪੋਤੇ ਵਧੇਰੇ ਪਿਆਰੇ ਲਗਦੇ ਹਨ।
ਮੈਂ ਵੀ ਰਾਣੀ, ਤੂੰ ਵੀ ਰਾਣੀ, ਤੇ ਕੌਣ ਭਰੇ ਪਾਣੀ ? – ਜਦ ਸੱਭੇ ਆਕੜ ਖਾਂ ਹੋਣ, ਤੇ ਸਾਰਿਆਂ ਲਈ ਜ਼ਰੂਰੀ ਕੰਮ ਕਰਨ ਨੂੰ ਕੋਈ ਵੀ ਤਿਆਰ ਨਾ ਹੋਵੇ, ਤਾਂ ਕਹਿੰਦੇ ਹਨ।
ਮੋਏ ਬਾਬੇ ਦੀਆਂ ਵੱਡੀਆਂ ਅੱਖਾਂ – ਜਦ ਕੋਈ ਕਿਸੇ ਦੀ ਸਲਾਹੁਤ ਉਹਦੇ ਮਰਨ ਪਿੱਛੋਂ ਕਰੇ, ਜੀਉਂਦੇ ਨੂੰ ਭਾਵੇਂ ਭੰਡਦਾ ਹੀ ਰਿਹਾ ਹੋਵੇ, ਤਾਂ ਕਹਿੰਦੇ ਹਨ।
(ਯ)
ਯੱਕਾ ਵੇਖ ਕੇ ਹੀ ਪੈਰ ਭਾਰੇ ਹੁੰਦੇ ਹਨ – ਜਦ ਕੋਈ ਪਹਿਲਾਂ ਤੇ ਕਿਸੇ ਕੰਮ ਨੂੰ ਚੰਗਾ ਭਲਾ ਕਰੀ ਜਾਵੇ, ਪਰ ਕੋਈ ਸਹਾਇਕ ਆਉਂਦਾ ਵੇਖ ਕੇ ਵਿਡ-ਵਿੱਟਰ ਬਹੇ ਤਾਂ ਕਹਿੰਦੇ ਹਨ।
ਯਰਾਨੇ ਲਾਉਣੇ ਊਠਾਂ ਵਾਲਿਆਂ ਨਾਲ, ਤੇ ਬੂਹੇ ਰੱਖਣੇ ਭੀੜੇ – ਜੇ ਕੋਈ ਸਧਾਰਨ ਹੈਸੀਅਤ ਦਾ ਆਦਮੀ ਤਕੜਿਆਂ ਧਨਾਢਾਂ ਨਾਲ ਮਿੱਤਰਤਾ ਗੰਢ ਲਵੇ, ਤਾਂ ਉਹਨੂੰ ਵੱਡੀਆਂ ਵੱਡੀਆਂ ਖੇਚਲਾਂ ਝੱਲਣ ਲਈ ਤਿਆਰ ਰਹਿਣਾ ਚਾਹੀਦਾ ਹੈ। ਜਿਹੜਾ ਆਦਮੀ ਵੱਡੇ ਲੋਕਾਂ ਨਾਲ ਯਰਾਨੇ ਗੰਢ ਲਵੇ, ਪਰ ਉਹਨਾਂ ਦੀ ਸੇਵਾ ਲਈ ਖਰਚ ਖੇਚਲ ਕਰਨੋਂ ਝਿੱਸੀਆਂ ਵੱਟੇ, ਉਸ ਬਾਰੇ ਕਹਿੰਦੇ ਹਨ।
ਯਾਰ ਦੀ ਯਾਰੀ ਵੱਲ ਜਾਈਏ, ਐਬਾਂ ਵੱਲ ਨਾ ਜਾਈਏ – ਮਿੱਤਰਤਾ ਤਾਂ ਹੀ ਬਣੀ ਰਹਿ ਸਕਦੀ ਹੈ, ਜੇ ਮਿੱਤਰ ਦੇ ਐਬਾਂ ਦਾ ਖਿਆਲ ਨਾ ਕਰੀਏ। ਚੰਗੇ ਮਿੱਤਰ ਆਪਣੇ ਮਿੱਤਰਾਂ ਦੇ ਐਬਾਂ ਨੂੰ ਅਣਡਿੱਠਾ ਕਰ ਕੇ ਮਿੱਤਰਤਾ ਨਿਬਾਹੁੰਦੇ ਹਨ।
(ਰ)
ਰੱਸੀ ਸੜ ਗਈ ਪਰ ਵਲ ਨਾ ਗਿਆ – ਜਦ ਕੋਈ ਪਹਿਲਾਂ ਅਮੀਰ ਜਾਂ ਉੱਚੀ ਪਦਵੀ ਵਾਲਾ ਤੇ ਆਕੜ ਖਾਂ ਹੋਵੇ, ਤੇ ਫੇਰ ਗ਼ਰੀਬ ਹੋ ਜਾਵੇ, ਜਾਂ ਪਦਵੀ ਤੋਂ ਲੱਥ ਜਾਵੇ, ਪਰ ਆਕੜ ਨਾ ਛੱਡੇ, ਤਾਂ ਕਹਿੰਦੇ ਹਨ।
ਰੱਖ ਪਤ, ਰਖਾ ਪਤ – ਜੀ ਆਖ ਤੇ ਜੀ ਅਖਵਾ, ਜੇ ਚਾਹੁੰਦੇ ਹੋ ਕਿ ਲੋਕ ਤੁਹਾਡੀ ਇੱਜ਼ਤ ਕਰਨ, ਤਾਂ ਤੁਸੀਂ ਲੋਕਾਂ ਦੀ ਇੱਜ਼ਤ ਕਰੋ।
ਰੰਡਾ ਗਿਆ ਕਰਾਉਣ ਕੁੜਮਾਈ, ਆਪਣੀ ਕਰੇ ਕਿ ਪਰਾਈ ? – ਜਦ ਕਿਸੇ ਨੂੰ ਆਪਨੂੰ ਹੀ ਕਿਸੇ ਸ਼ੈ ਦੀ ਲੋੜ ਹੋਵੇ, ਅਤੇ ਉਹ ਸ਼ੈ ਉਹਦੇ ਹੱਥ ਲੱਗ ਜਾਵੇ, ਤਾਂ ਉਹ ਹੋਰਨਾਂ ਨੂੰ ਕੀਕੁਰ ਦੇ ਸਕਦਾ ਹੈ ? ਉਹ ਤਾਂ ਆਪਣੇ ਪਾਸ ਹੀ ਰੱਖੇਗਾ, ਉਹ ਸ਼ੈ।
ਰੱਬ ਨੇੜੇ ਕਿ ਘਸੁੰਨ ? – ਜੋਰਾਵਰ ਦਾ ਸੱਤੀਂ ਵੀਹੀਂ ਸੌ- ਜੋਰਾਵਰ ਬੰਦਾ ਮਾੜੇ ਨੂੰ ਮਨ-ਆਈ ਮਨਾ ਲੈਂਦਾ ਹੈ, ਰੱਬ ਦੇ ਵਾਸਤੇ ਪਾਉਣ ਤੇ ਤਰਲੇ ਮਿੰਨਤਾਂ ਕਰਨ ਨਾਲੋਂ ਡਾਢੇ ਦਾ ਡਰਾਵਾ ਵਧੇਰੇ ਸਫਲ ਹੁੰਦਾ ਹੈ।
ਰਾਹ ਪਿਆ ਜਾਣੇ, ਜਾਂ ਵਾਹ ਪਿਆ ਜਾਣੇ – ਕੋਈ ਕੰਮ ਕਿੰਨਾ ਕੁ ਔਖਾ ਜਾਂ ਸੌਖਾ ਹੈ, ਇਹ ਤਾਂ ਹੀ ਪਤਾ ਲੱਗਦਾ ਹੈ ਜਦ ਉਹ ਕਰਨਾ ਪਵੇ, ਕੋਈ ਬੰਦਾ ਕਿੰਨਾ ਕੁ ਚੰਗਾ ਜਾਂ ਮੰਦਾ ਹੈ, ਇਹ ਤਾਂ ਹੀ ਪਤਾ ਲੱਗਦਾ ਹੈ ਜਦ ਉਹਦੇ ਨਾਲ ਵਾਹ ਪਵਾ।
ਰਾਕੀ ਨੂੰ ਸੈਨਤ, ਗਧੇ ਨੂੰ ਸੋਟਾ – ਸਿਆਣਾ ਬੰਦਾ ਇਸ਼ਾਰਾ ਹੀ ਸਮਝ ਜਾਂਦਾ ਹੈ ਪਰ ਮੂਰਖ ਨੂੰ ਦੋ ਠੁਕਣ, ਤਾਂ ਹੀ ਸਮਝਦਾ ਹੈ।
ਰਾਜ ਪਿਆਰਾ ਰਾਜਿਆਂ, ਵੀਰ ਦੁਪਿਆਰੇ – ਧਨ ਦੌਲਤ ਦੇ ਲਾਲਚ ਵਿਚ ਲੋਕ ਸਕੇ ਭਰਾਵਾਂ ਨੂ ਵੀ ਛੱਡ ਜਾਂਦੇ ਹਨ।
ਰਾਜੇ ਦੇ ਘਰ ਮੋਤੀਆਂ ਦਾ ਕਾਲ ਹੈ ? – ਜਦ ਇਹ ਦੱਸਣਾ ਹੋਵੇ ਕਿ ਏਥੇ ਕਿਸੇ ਸ਼ੈ ਦੀ ਥੁੜ੍ਹ, ਪਰਵਾਹ ਨਹੀਂ, ਸਭ ਕੁਝ ਮਿਲ ਜਾਵੇਗਾ, ਤਾਂ ਕਹਿੰਦੇ ਹਨ।
ਰਾਮ ਰਲਾਈ ਜੋੜੀ, ਇੱਕ ਅੰਨ੍ਹਾਂ ਇਕ ਕੋਹੜੀ – ਜਦ ਦੋ ਇਕੋ ਜਿਹੇ ਭੈੜੇ ਆਦਮੀਆਂ ਦਾ ਮੇਲ ਹੋ ਜਾਵੇ, ਜਾਂ ਜੋੜ ਬਣ ਜਾਵੇ, ਤਾਂ ਕਹਿੰਦੇ ਹਨ।
ਰਾਮ ਰਾਮ ਜਪਣਾ, ਪਰਾਇਆ ਮਾਲ ਅਪਣਾ – ਮੂੰਹ ਵਿਚ ਰਾਮ ਰਾਮ, ਤੇ ਕੱਛ ਵਿਚ ਛੁਰੀ, ਬਗਲਾ ਭਗਤ ਬਣ ਕੇ ਹੋਰਨਾਂ ਨੂੰ ਠੱਗਣ ਵਾਲੇ ਬਾਬਤ ਕਹਿੰਦੇ ਹਨ।
ਰੀਸੀਂ ਪੁੱਤ ਨਾਂ ਜੰਮਦੇ ਹੋਰ ਸੱਭੇ ਗੱਲਾਂ – ਜਿਹੜਾ ਕਿਸੇ ਦੀ ਰੀਸ ਕਰ ਕੇ ਕੁਝ ਕਰਨਾ ਚਾਹੇ, ਪਰ ਸਫਲ ਨਾ ਹੋ ਸਕੇ, ਉਸ ਤੇ ਘਟਾਉਂਦੇ ਹਨ।
ਰੁਪਏ ਦੀ ਵਡਿਆਈ, ਆ ਬਹੁ ਭਾਈ – ਧਨ ਵਾਲੇ ਦਾ ਹਰ ਕੋਈ ਆਦਰ ਕਰਦਾ ਹੈ।
ਰੋਏ ਬਿਨਾਂ ਤਾਂ ਮਾਂ ਵੀ ਦੁੱਧ ਨਹੀਂ ਦੇਂਦੀ – ਹੀਲਾ ਉੱਦਮ ਕੀਤੇ ਬਿਨਾਂ ਕੁਝ ਪਰਾਪਤ ਨਹੀਂ ਹੁੰਦਾ, ਆਖਣ ਵੇਖਣ ਬਿਨਾ ਕਿਸੇ ਨੂੰ ਕੁਝ ਨਹੀਂ ਮਿਲਦਾ।
ਰੋਗ ਦਾ ਘਰ ਖਾਂਸੀ, ਲੜਾਈ ਦਾ ਘਰ ਹਾਂਸੀ – ਖੰਘ ਤੋਂ ਕਈ ਰੋਗ ਪੈਦਾ ਹੋ ਜਾਂਦੇ ਹਨ, ਤੇ ਹਾਸੇ ਮਖੌਲ ਤੋਂ ਲੜਾਈ।
(ਲ)
ਲੰਮੀ ਜੀਭ ਤੇ ਛੇਤੀ ਮੌਤ – ਜਦ ਕੋਈ ਐਵੇਂ ਵਾਧੂ ਘਾਟੂ ਗੱਲਾਂ ਕਰੀ ਜਾਵੇ ਅਤੇ ਅਜੇਹੇ ਸੁਭਾ ਦੇ ਕਾਰਨ ਦੁਖੀ ਹੋਵੇ ਤਾਂ ਕਹਿੰਦੇ ਹਨ।
ਲੜਦਿਆਂ ਦੇ ਪਿੱਛੇ ਤੇ ਭੱਜਦਿਆਂ ਦੇ ਅੱਗੇ – ਜਦ ਇਹ ਦੱਸਣਾ ਹੋਵੇ ਕਿ ਇਹ ਬੰਦਾ ਬੜਾ ਡਰਾਕਲ ਹੈ, ਖਤਰੇ ਦੇ ਨੇੜੇ ਨਹੀਂ ਜਾਂਦਾ, ਤਾਂ ਕਹਿੰਦੇ ਹਨ।
ਲੜੀ ਘਰਦਿਆਂ ਨਾਲ, ਤੇ ਦਾਦੇ ਪਿੱਟੇ ਗੁਆਂਢੀਆਂ ਦੇ – ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ ਤੇ – ਕੋਠੇ ਤੋਂ ਡਿੱਗ ਪਈ ਤੇ ਵਿਹੜੇ ਨਾਲ ਰੁੱਸ ਪਈ।
ਲਾਗੀਆਂ ਨੇ ਲਾਗ ਲੈਣਾ ਏ, ਭਾਵੇਂ ਜਾਂਦੀ ਹੀ ਰੰਡੀ ਹੋ ਜਾਵੇ – ਜਿਸ ਨੇ ਮਿਹਨਤ ਕਰਕੇ ਕਿਸੇ ਲਈ ਕੋਈ ਸ਼ੈ ਤਿਆਰ ਕੀਤੀ ਜਾਂ ਲਿਆਂਦੀ ਹੋਵੇ, ਉਹਨੇ ਤਾਂ ਆਪਣੀ ਮਜੂਰੀ ਲੈ ਹੀ ਲੈਣੀ ਹੈ, ਉਹ ਚੀਜ਼ ਦੇ ਮਾਲਕ ਦੇ ਭਾਵੇਂ ਕੰਮ ਆਵੇ ਤੇ ਭਾਵੇਂ ਨਾ ਆਵੇ।
ਲਾਜ ਮਰੇਂਦਾ ਅੰਦਰ ਵੜੇ, ਮੂਰਖ ਆਖੇ ਮੈਥੋਂ ਡਰੇ – ਜਦ ਕੋਈ ਕੁੱਪਤਾ ਮੂਰਖ ਆਦਮੀ ਕਿਸੇ ਸਾਊ ਬੰਦੇ ਨੂੰ ਸਤਾਵੇ, ਅਤੇ ਉਹ ਅੱਗੋਂ ਆਪਣੀ ਇੱਜ਼ਤ ਦਾ ਖਿਆਲ ਕਰਕੇ ਚੁੱਪ ਰਹੇ, ਤੇ ਇਹ ਵੇਖ ਕੇ ਮੂਰਖ ਹੋਰ ਵੀ ਮੱਛਰ ਜਾਵੇ, ਤਾਂ ਕਹਿੰਦੇ ਹਨ।
ਲਾਠੀ ਮਾਰਿਆਂ ਪਾਣੀ ਦੋ ਨਹੀਂ ਹੁੰਦੇ – ਨਹੁੰਆਂ ਨਾਲੋਂ ਮਾਸ ਵੱਖ ਨਹੀਂ ਹੁੰਦਾ ।
ਲਿਖੇ ਮੂਸਾ ਪੜ੍ਹੇ ਖੁਦਾ – ਜਦ ਕਿਸੇ ਦੀ ਲਿਖਤ ਭੈੜੀ ਹੋਵੇ ਤੇ ਕਿਸੇ ਤੋਂ ਪੜ੍ਹੀ ਨਾ ਜਾ ਸਕੇ, ਤਾਂ ਕਹਿੰਦੇ ਹਨ।
ਲੇਖਾ ਮਾਵਾਂ ਧੀਆਂ ਦਾ, ਟਕਾ ਲੇਖ ਬਖਸ਼ੀਸ਼ – ਜੌਂ-ਜੌਂ ਦਾ, ਦਾਨ ਸੌ ਸੌ ਦਾ – ਲੇਖਾ ਕਰਨ ਲੱਗੀਏ ਤਾਂ ਪੂਰਾ ਪੂਰਾ ਕਰੀਏ, ਲੇਖੇ ਵਿਚ ਲਿਹਾਜ਼ ਨਹੀ ਕੀਤਾ ਜਾ ਸਕਦਾ, ਉਂਜ ਦਾਨ ਜਾਂ ਛੱਡ ਜਿੰਨੀ ਦਿਲ ਆਵੇ ਕਰ ਦੇਈਏ।
ਲੈਣ ਦਾ ਸ਼ਾਹ, ਦੇਣ ਦਾ ਦਿਵਾਲੀਆ – ਜਦ ਕੋਈ ਹੋਰਨਾਂ ਪਾਸੋਂ ਸ਼ੈਆਂ ਜਾਂ ਪੈਸੇ ਲੈਣ ਵਿਚ ਤਾ ਬੜਾ ਤੁਰਤ ਫੁਰਤ ਤੇ ਦਲੇਰ ਹੋਵੇ, ਪਰ ਲੈ ਕੇ ਵਾਪਸ ਨਾ ਦੇਵੇ, ਜਾਂ ਕਿਸੇ ਨੂੰ ਕੁਝ ਮੰਗਵਾਂ ਨਾ ਦੇਵੇ, ਤਾਂ ਕਹਿੰਦੇ ਹਨ।
ਲੈਣ ਵਿਆਜੀ ਦੇਣ ਹੁਦਾਰੇ, ਉਹਨਾਂ ਦੇ ਕਿਉਂ ਨਾਂ ਰਹਿਣ ਕੁਆਰੇ ? – ਜਿਹੜਾ ਆਪ ਕਰਜ ਲੈ ਕੇ ਹੋਰਨਾਂ ਨੂੰ ਹੁਦਾਰ ਦੇ ਛੱਡੇ, ਉਹ ਗ਼ਰੀਬ ਹੀ ਰਹਿੰਦਾ ਹੈ।
ਲੈਣੀ ਇਕ ਨਾ ਦੇਣੀ ਦੋ – ਸਾਡਾ ਇਸ ਮਾਮਲੇ ਨਾਲ ਉੱਕਾ ਹੀ ਕੋਈ ਵਾਸਤਾ ਨਹੀਂ।
ਲੋਹੇ ਨੂੰ ਲੋਹਾ ਹੀ ਕੱਟਦਾ ਹੈ – ਅਮੀਰ ਦਾ ਟਾਕਰਾ ਅਮੀਰ ਹੀ ਕਰ ਸਕਦਾ ਹੈ। ਐਸੇ ਨਾਲ ਤੈਸਾ ਹੀ ਵਾਰਾ-ਸਾਰਾ ਲੈ ਸਕਦਾ ਹੈ।
ਲੋਕਾਂ ਨੂੰ ਲੋਕਾਂ ਨਾਲ, ਗਗੜੀ ਨੂੰ ਜੋਕਾਂ ਨਾਲ – ਹੋਰੀ ਨੂੰ ਹੋਰੀ ਦੀ, ਅੰਨ੍ਹੇ ਨੂੰ ਡੰਗੋਰੀ ਦੀ – ਜਿਸ ਸ਼ੈ ਦੀ ਕਿਸੇ ਨੂੰ ਗਰਜ਼ ਲੋੜ ਹੁੰਦੀ ਹੈ, ਉਹਨੂੰ ਉਹਦਾ ਹੀ ਖਿਆਲ ਫਿਕਰ ਹੁੰਦਾ ਹੈ।
ਲੋੜ ਵੇਲੇ ਤਾਂ ਖੋਤੇ ਨੂੰ ਵੀ ਪਿਓ ਆਖ ਲਈਦਾ ਹੈ – ਕਈ ਵੇਰ ਆਪਣਾ ਬੁੱਤਾ ਸਾਰਨ (ਮਤਲਬ ਕੱਢਣ) ਲਈ ਭੈੜਿਆਂ ਦੀ ਵੀ ਖੁਸ਼ਾਮਦ ਕਰਨੀ ਪੈਂਦੀ ਹੈ।
(ਵ)
ਵੰਝਲੀ ਦਾ ਕੀ ਵਜਾਉਣਾ, ਮੂੰਹ ਹੀ ਵਿੰਗਾ ਕਰਨਾ ਹੈ – ਜਦ ਕੋਈ ਆਦਮੀ ਕਿਸੇ ਔਖੇ ਕੰਮ ਬਾਰੇ ਆਖੇ ਕਿ ਇਹ ਬੜਾ ਸੌਖਾ ਹੈ, ਉਹਨੂੰ ਮਖੌਲ ਵਜੋਂ ਕਹਿੰਦੇ ਹਨ।
ਵੱਡੀਆਂ ਮੱਛੀਆਂ ਛੋਟੀਆਂ ਨੂੰ ਖਾ ਜਾਂਦੀਆਂ ਹਨ – ਤਕੜੇ ਤੇ ਧਨਾਢ ਆਦਮੀ ਮਾੜੇ ਤੇ ਗ਼ਰੀਬ ਆਦਮੀਆਂ ਨੂੰ ਲੁੱਟ ਕੇ ਖਾ ਜਾਂਦੇ ਹਨ।
ਵਧੀ ਨੂੰ ਕੋਈ ਖਤਰਾ ਨਹੀਂ ਤੇ ਘਟੀ ਦਾ ਕੋਈ ਦਾਰੂ ਨਹੀਂ – ਜਦ ਕੋਈ ਬਿਮਾਰ ਹੋਵੇ, ਤਾਂ ਇਹ ਦੱਸਣ ਲਈ ਕਿ ਜੇ ਇਸ ਦੇ ਭਾਗਾਂ ਵਿਚ ਅਜੇ ਕੁਝ ਹੋਰ ਸਮਾਂ ਜੀਉਣਾ ਲਿਖਿਆ ਹੈ, ਤਾਂ ਇਸ ਨੂੰ ਕੋਈ ਖ਼ਤਰਾ ਨਹੀਂ, ਪਰ ਜੇ ਇਸ ਦੀ ਉਮਰ ਪੁੱਗ ਚੁੱਕੀ ਹੈ, ਤਾੰ ਇਹਨੂੰ ਕੋਈ ਵੀ ਦਵਾਈ ਬਚਾ ਨਹੀਂ ਸਕਦੀ, ਤਾਂ ਇਹ ਅਖਾਣ ਵਰਤਦੇ ਹਨ।
ਵਾਹ ਕਰਮਾਂ ਦਿਆ ਬਲੀਆ, ਰਿੱਧੀ ਖੀਰ ਤੇ ਹੋ ਗਿਆ ਦਲੀਆ – ਜਦ ਕੋਈ ਜਤਨ ਚੰਗੇ ਫਲ ਲਈ ਕਰੇ, ਪਰ ਮਿਲੇ ਉਹਨੂੰ ਘਟੀਆ, ਤਾਂ ਕਹਿੰਦੇ ਹਨ।
ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ – ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ।
ਵਾਹੁੰਦਿਆ ਦੀ ਜੋਗ ਗਈ ਤੇ ਚੋਬਰਾਂ ਦੇ ਜੰਮ ਪਈ – ਜਦ ਕੋਈ ਜਣਾ ਮਿਹਨਤ ਕਰ ਕਰ ਕੇ ਖਪਦਾ ਰਹੇ, ਪਰ ਉਹਨੂੰ ਤਾਂ ਹੱਥ ਕੁਝ ਵੀ ਨਾ ਆਵੇ, ਤੇ ਵਿਹਲੜ ਹੱਥ ਰੰਗ ਬਹਿਣ, ਤਾਂ ਕਹਿੰਦੇ ਹਨ।
ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ – ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ – ਖਾਰੇ ਖੂਹ ਨਾ ਹੁੰਦੇ ਮਿੱਠੇ, ਭਾਵੇਂ ਸੌ ਮਣ ਗੁੜ ਘੱਤੀਏ – ਨਿੰਮ ਨਾ ਮਿੱਠੀ ਹੋਵਂਦੀ ਸ਼ੱਕਰ ਘੀ ਨਾਲ – ਪੱਕੇ ਹੋਏ ਸੁਭਾ ਵਟਾਏ ਬਦਲਾਏ ਨਹੀਂ ਜਾ ਸਕਦੇ।
ਵਿਹਲੀ ਜੱਟੀ ਉੱਨ ਵੇਲੇ – ਵਿਹਲੀ ਰੰਨ ਪਰਾਹੁਣਿਆਂ ਜੋਗੀ – ਜਦ ਕੋਈ ਜਣਾ ਵਿਹਲਾ ਹੋਣ ਕਰਕੇ ਏਵੇਂ ਫਜ਼ੂਲ ਜਿਹੀ ਕੰਮ ਕਰ ਰਿਹਾ ਹੋਵੇ, ਤਾਂ ਕਹਿੰਦੇ ਹਨ।
ਵਿਆਹ ਵਿਚ ਬੀ ਦਾ ਲੇਖਾ – ਜਦ ਕੋਈ ਵੱਡੀ ਜ਼ਰੂਰੀ ਗੱਲ ਹੋ ਰਹੀ ਹੋਵੇ, ਤੇ ਲਾਗੇਂ ਕੋਈ ਜਣਾ ਨਿਕੰਮੀ ਤੇ ਗ਼ੈਰ-ਜ਼ਰੂਰੀ ਜਿਹੀ ਗੱਲ ਛੇੜ ਬੈਠੇ, ਤਾਂ ਕਹਿੰਦੇ ਹਨ।
ਵੇਲਾ ਨਿਕਲ ਜਾਂਦਾ ਹੈ, ਗੱਲ਼ ਚੇਤੇ ਰਹਿ ਜਾਂਦੀ ਹੈ – ਜਦੋਂ ਕਿਸੇ ਗੋਚਰਾ ਕੋਈ ਕੰਮ ਹੋਵੇ ਤੇ ਉਹ ਅੱਗੋਂ ਨਾਂਹ ਕਰ ਦੇਵੇ, ਤਾਂ ਇਹ ਅਖਾਣ ਵਰਤਦੇ ਹਨ। ਇਹ ਗੱਲ ਸਮਝਾਉਣ ਲਈ ਕਿ ਭਾਈ ਵੇਲਾ ਤਾਂ ਔਖੇ ਸੌਖੇ ਟੱਪ ਹੀ ਜਾਵੇਗਾ, ਪਰ ਤੁਹਾਡੀ ਇਹ ਨਾਂਹ ਜ਼ਰੂਰ ਚੇਤੇ ਰਹੇਗੀ।
ਵੇਲਾ ਵਖ਼ਤ ਵਿਹਾਇਆ, ਹੁਣ ਕੀ ਬਣੇ ਪਛਤਾਇਆਂ ? – ਹੁਣ ਪਛਤਾਇਆਂ ਕੀ ਬਣੇ, ਜਦ ਚਿੜੀਆਂ ਚੁਗ ਗਈ ਖੇਤ ?
ਵੇਲੇ ਦੀ ਨਮਾਜ਼, ਕੁਵੇਲੇ ਦੀਆਂ ਟੱਕਰਾਂ – ਕੰਮ ਵੇਲੇ ਸਿਰ ਕੀਤਾ ਜਾਵੇ, ਤਾਂ ਹੀ ਠੀਕ ਰਹਿੰਦਾ ਹੈ, ਜਦ ਕੰਮ ਦਾ ਅਸਲੀ ਵੇਲਾ ਲੰਘ ਜਾਵੇ, ਤਾਂ ਮਗਰੋਂ ਵਾਧੂ ਖੱਪਾ ਹੀ ਹੁੰਦਾ ਹੈ, ਲਾਭ ਨਹੀਂ ਹੁੰਦਾ।